ਜਗਜੀਤ ਸਿੰਘ ਸੇਖੋਂ
ਕੈਨੇਡੀਅਨ ਪੌਪ ਸਟਾਰ ਜਸਟਿਨ ਬੀਬਰ ਨੇ ਆਪਣੇ ਚੌਥੇ ਸੰਸਾਰ ਟੂਰ ਤਹਿਤ ਹੁਣੇ ਹੁਣੇ ਭਾਰਤ ਦਾ ਗੇੜਾ ਕੱਢਿਆ ਹੈ। ਭਾਰਤ ਵਿਚ ਇਹ ਉਸ ਦਾ ਪਹਿਲਾ ਸੰਗੀਤ ਪ੍ਰੋਗਰਾਮ ਸੀ ਜਿਹੜਾ ਭਾਰਤ ਦੀ ਵਪਾਰਕ ਰਾਜਧਾਨੀ ਵਜੋਂ ਮਸ਼ਹੂਰ ਸ਼ਹਿਰ ਮੁੰਬਈ ਵਿਚ ਹੋਇਆ। ਇਸ ਪ੍ਰੋਗਰਾਮ ਲਈ ਉਸ ਦੇ ਚਹੇਤੇ ਸਰੋਤੇ ਹਜ਼ਾਰਾਂ ਰੁਪਏ ਖਰਚ ਕੇ ਉਸ ਨੂੰ ਦੇਖਣ ਅਤੇ ਸੁਣਨ ਗਏ, ਪਰ ਇਹ ਚਹੇਤੇ ਉਸ ਵਕਤ ਹੱਕੇ ਬੱਕੇ ਰਹਿ ਗਏ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਇਹ ਸੰਸਾਰ ਪ੍ਰਸਿਧ ਪੌਪ ਸਟਾਰ ਤਾਂ ਕੁਝ ਗੀਤਾਂ ਉਤੇ ਸਿਰਫ ਬੁੱਲ੍ਹ ਹੀ ਹਿਲਾਉਂਦਾ ਰਿਹਾ; ਸ਼ੋਅ ਦੌਰਾਨ ਆਰਕੈਸਟਰਾ ਚੱਲਦਾ ਰਿਹਾ ਅਤੇ ਉਹ ਬੱਸ ਬੁੱਲ੍ਹ ਹਿਲਾਉਂਦਾ, ਸਟੇਜ ਉਤੇ ਗੇੜੇ ਕੱਢਦਾ ਰਿਹਾ।
23 ਵਰ੍ਹਿਆਂ ਦੇ ਇਸ ਗਾਇਕ ਦੀ ਇਸ ਖੁਨਾਮੀ ਕਾਰਨ ਬਹੁਤ ਦੁਰ ਦੁਰ ਹੋਈ ਹੈ। ਉਸ ਦੇ ਚਾਹੁਣ ਵਾਲਿਆਂ ਨੇ ਸੋਸ਼ਲ ਮੀਡੀਆ ‘ਤੇ ਉਸ ਨੂੰ ਰੱਜ ਕੇ ਭੰਡਿਆ। ਦੂਜੇ ਬੰਨੇ, ਪਹਿਲੀਆਂ ਖਬਰਾਂ ਤਾਂ ਇਹ ਸਨ ਕਿ ਇਸ ਪੌਪ ਸਟਾਰ ਨੇ ਨਵੀਂ ਦਿੱਲੀ, ਜੈਪੁਰ ਅਤੇ ਆਗਰਾ ਦਾ ਦੌਰਾ ਵੀ ਕਰਨਾ ਹੈ, ਪਰ ਉਦੋਂ ਹੀ ਪਤਾ ਲੱਗਾ ਜਦੋਂ ਉਹ ਹਵਾਈ ਜਹਾਜ਼ ਰਾਹੀਂ ਅਗਲੇ ਸਟੇਸ਼ਨ ਲਈ ਉਡਾਰੀ ਮਾਰ ਗਿਆ। ਮੁੰਬਈ ਦੇ ਡੀæਵਾਈæ ਪਾਟਿਲ ਸਟੇਡੀਅਮ ਵਿਚ ਪੌਪ ਸਟਾਰ ਬੀਬਰ ਦੀ ਇਕ ਝਲਕ ਪਾਉਣ ਲਈ ਹਜ਼ਾਰਾਂ ਦੀ ਭੀੜ ਵਿਚ ਸ਼ੁਮਾਰ ਫ਼ਿਲਮਸਾਜ਼ ਅਨੁਰਾਗ ਬਾਸੂ ਜੋ ਬੀਬਰ ਦੀ ਪ੍ਰਸ਼ੰਸਕ ਆਪਣੀ ਧੀ ਨਾਲ ਪੁੱਜਿਆ ਹੋਇਆ ਸੀ, ਨੇ ਬੀਬਰ ਵੱਲੋਂ ਸਿਰਫ ਬੁੱਲ੍ਹ ਹਿਲਾ ਕੇ ਸਾਰ ਦੇਣ ‘ਤੇ ਇਤਰਾਜ਼ ਕੀਤਾ ਅਤੇ ਕਿਹਾ ਕਿ ਜੇ ਅਜਿਹਾ ਹੀ ਕਰਨਾ ਸੀ ਤਾਂ ਦੱਸ ਦੇਣਾ ਚਾਹੀਦਾ ਸੀ। ਲੋਕ ਘਰ ਬੈਠ ਕੇ ਐਲਬਮਾਂ ਰਾਹੀਂ ਉਸ ਦੇ ਗੀਤ ਸੁਣੀ ਹੀ ਜਾਂਦੇ ਸਨ, ਪਰ ਜਦੋਂ ਲਾਈਵ ਪ੍ਰੋਗਰਾਮ ਕਰਨ ਬਾਰੇ ਦਾਅਵਾ ਕੀਤਾ ਗਿਆ ਸੀ, ਤਾਂ ਅਜਿਹਾ ਹਰ ਹਾਲ ਕਰਨਾ ਚਾਹੀਦਾ ਸੀ। ਉਸ ਨੂੰ ਸਾਰੇ ਗੀਤ ਲਾਈਵ ਹੀ ਗਾਉਣੇ ਚਾਹੀਦੇ ਸਨ। ਉਸ ਨੇ ਇਹ ਮੰਨਿਆ ਕਿ ਇਹ ਚੋਟੀ ਦਾ ਗਾਇਕ ਸ਼ਾਇਦ ਤਿਆਰੀ ਤੋਂ ਬਗੈਰ ਹੀ ਭਾਰਤ ਆਣ ਵੜਿਆ ਸੀ। ਇਸ ਮਾਮਲੇ ‘ਤੇ ਉਸ ਨੇ ਪ੍ਰਬੰਧਕਾਂ ਨੂੰ ਵੀ ਕਰਾਰੇ ਹੱਥੀਂ ਲਿਆ ਅਤੇ ਇਸ ਨੂੰ ਨਿਰੀ ਬੇਈਮਾਨੀ ਕਰਾਰ ਦਿੱਤਾ। ਪ੍ਰੋਗਰਾਮ ਦੇਖਣ ਆਏ ਇਕ ਹੋਰ ਚਹੇਤੇ ਨੇ ਕਿਹਾ, “ਮੈਂ ਬੀਬਰ ਦਾ ਕੋਲਡਪਲੇਅ’ਜ਼ ਵਾਲਾ ਪ੍ਰੋਗਰਾਮ ਦੇਖਿਆ ਹੋਇਆ ਹੈ, ਤੇ ਮੇਰਾ ਖਿਆਲ ਹੈ ਕਿ ਉਹ ਇਸ ਪ੍ਰੋਗਰਾਮ ਤੋਂ ਕਿਤੇ ਬਿਹਤਰ ਸੀ।” ਬੀਬਰ ਦੀ ਪੇਸ਼ਕਾਰੀ ਵਿਚ ਊਰਜਾ ਦੀ ਵੀ ਘਾਟ ਮਹਿਸੂਸ ਕੀਤੀ ਗਈ। ਪੁਣੇ ਤੋਂ ਉਚੇਚੇ ਤੌਰ ‘ਤੇ ਪ੍ਰਤੀ ਪਾਸ 36 ਹਜ਼ਾਰ ਰੁਪਏ ਖਰਚ ਕੇ ਆਏ ਇਕ ਜੋੜੇ ਨੇ ਕਿਹਾ ਕਿ ਬੀਬਰ ਨੇ ਖੁਦ ਹੀ ਪ੍ਰੋਗਰਾਮ ਦਾ ਸਾਰਾ ਮਜ਼ਾ ਕਿਰਕਿਰਾ ਕਰ ਦਿੱਤਾ। ਇਸ ਪ੍ਰੋਗਰਾਮ ਬਾਰੇ ਇਕ ਟਵੀਟ ਇਹ ਵੀ ਹੋਇਆ: “ਬੀਬਰ ਦੀ ਪੇਸ਼ਕਾਰੀ ਮਾੜੀ ਸੀ। ਸਟੇਜ ‘ਤੇ ਉਸ ਦੀ ਮੌਜੂਦਗੀ ਖਿਚੜੀ ਵਾਂਗ ਜਾਪ ਰਹੀ ਸੀ। ਖ਼ੁਸ਼ਕਿਸਮਤ ਹਾਂ ਕਿ ਮੇਰੀਆਂ ਟਿਕਟਾਂ ਮੁਫਤ ਵਾਲੀਆਂ ਸਨ।” ਇਸ ਪ੍ਰੋਗਰਾਮ ਦੌਰਾਨ ਬੀਬਰ ਨੇ ਡੇਢ ਘੰਟਿਆਂ ਦੌਰਾਨ ‘ਬੇਬੀ, ‘ਸੌਰੀ’, ‘ਨੋ ਸੈਂਸ’, ‘ਕੰਪਨੀ’, ‘ਨੋ ਪ੍ਰੈਸ਼ਰ’ ਤੇ ‘ਹੋਲਡ ਟਾਈਟ’ ਵਰਗੇ ਆਪਣੇ ਹਿਟ ਗੀਤ ਪੇਸ਼ ਕੀਤੇ। ਪ੍ਰੋਗਰਾਮ ਵਿਚ ਉਸ ਨੂੰ ਦੇਖਣ ਸ੍ਰੀਦੇਵੀ, ਬੋਨੀ ਕਪੂਰ, ਸ਼ਵੇਤ ਬੱਚਨ ਨੰਦਾ, ਮਲਾਇਕਾ ਅਰੋੜਾ, ਅਰਬਾਜ਼ ਖ਼ਾਨ, ਰਵੀਨਾ ਟੰਡਨ ਆਪਣੇ ਬੱਚਿਆਂ ਸਮੇਤ ਪਹੁੰਚੇ ਹੋਏ ਸਨ। ਬੀਬਰ ਦਾ ਜਨਮ ਓਂਟਾਰੀਓ (ਕੈਨਡਾ) ਵਿਚ ਪਹਿਲੀ ਮਾਰਚ 1994 ਨੂੰ ਹੋਇਆ ਸੀ ਅਤੇ ਉਸ ਦਾ ਅਸਲ ਨਾਂ ਜਸਟਿਨ ਡ੍ਰੀਊ ਬੀਬਰ ਹੈ। ਉਹ ਯੂ-ਟਿਊਬ ਉਤੇ ਆਪਣੀਆਂ ਵੀਡੀਓਜ਼ ਪਾਉਂਦਾ ਰਹਿੰਦਾ ਸੀ ਅਤੇ ਉਥੋਂ ਹੀ ਰੇਅਮੰਡ ਬਰੌਨ ਮੀਡੀਆ ਗਰੁੱਪ (ਆਰæਬੀæਐਮæਜੀæ) ਨੇ ਉਸ ਨਾਲ ਸੰਪਰਕ ਸਾਧਿਆ। ਇਹ 2008 ਦੀਆਂ ਗੱਲਾਂ ਹਨ। ਬੀਬਰ ਵੀ ਨਵਾਂ ਨਵਾਂ ਸੰਗੀਤ ਜਗਤ ਵਿਚ ਕੁੱਦਿਆ ਸੀ ਅਤੇ ਆਰæਬੀæਐਮæਜੀæ ਵੀ 2008 ਵਿਚ ਹੀ ਸ਼ੁਰੂ ਹੋਈ ਸੀ। ਅਗਲੇ ਹੀ ਸਾਲ ਦੋਵਾਂ ਨੇ ‘ਮਾਈ ਵਰਲਡ’ ਗੀਤ ਨਾਲ ਆਗਾਜ਼ ਕੀਤਾ। ਇਸ ਤੋਂ ਬਾਅਦ ਉਹ ਪਹਿਲਾ ਅਜਿਹਾ ਕਲਾਕਾਰ ਬਣ ਗਿਆ ਜਿਸ ਦੀ ਪਹਿਲੀ ਹੀ ਆਮਦ ‘ਤੇ ਉਸ ਦੇ ਸੱਤ ਗੀਤ ‘ਬਿਲਬੋਰਡ ਹੌਟ ਹੰਡਰਡ’ ਵਿਚ ਛਾ ਗਏ। ਫਿਰ ਬੀਬਰ ਨੇ 2010 ਵਿਚ ਆਪਣੀ ਮੁਕੰਮਲ ਸਟੂਡੀਓ ਐਲਬਮ ‘ਮਾਈ ਵਰਲਡ 2æ0’ ਰਿਲੀਜ਼ ਕੀਤੀ। ਇਸ ਤੋਂ ਬਾਅਦ ਤਾਂ ਉਸ ਦੀਆਂ ਸੰਸਾਰ ਭਰ ਵਿਚ ਧੁੰਮਾਂ ਪੈ ਗਈਆਂ। ਇਸ ਤੋਂ ਇਲਾਵਾ 2011 ਵਿਚ ਉਸ ਦੀ ਐਲਬਮ ‘ਅੰਡਰ ਦਿ ਮਿਸਟਲਟੋਅ’, 2012 ਵਿਚ ‘ਬਿਲੀਵ’ ਅਤੇ 2015 ਵਿਚ ‘ਪਰਪਜ਼’ ਰਿਲੀਜ਼ ਹੋਈਆਂ। ਹੁਣ ਤੱਕ ਉਹ ਚਾਰ ਸੰਸਾਰ ਦੌਰੇ ਕਰ ਚੁੱਕਿਆ ਹੈ ਅਤੇ ਉਸ ਬਾਰੇ ਤਕਰੀਬਨ 6 ਫਿਲਮਾਂ ਬਣ ਚੁੱਕੀਆਂ ਹਨ। ਉਸ ਦੀਆਂ ਐਲਬਮਾਂ ਦੀਆਂ 10 ਕਰੋੜ ਕਾਪੀਆਂ ਵਿਕ ਚੁਕੀਆਂ ਹਨ। ਉਹ ਸੰਸਾਰ ਦਾ ਸਭ ਤੋਂ ਵੱਧ ਵਿਕਣ ਵਾਲਾ ਗਾਇਕ ਹੈ। ਬੀਬਰ ਆਪਣੇ ਗੀਤ ਆਪ ਹੀ ਲਿਖਦਾ ਹੈ।