ਮੀਸ਼ੇ ਦਾ ਅੰਦਾਜ਼

ਐਸ਼ਐਸ਼ ਮੀਸ਼ਾ-3
ਸ਼ਾਇਰ ਸੋਹਨ ਸਿੰਘ ਮੀਸ਼ਾ ਦਾ ਪੰਜਾਬੀ ਕਾਵਿ-ਜਗਤ ਵਿਚ ਆਪਣਾ ਰੰਗ ਹੈ। ਉਸ ਦੀਆਂ ‘ਚੁਰਸਤਾ’, ‘ਚੀਕ ਬੁਲਬੁਲੀ’ ਅਤੇ ‘ਲੀਕ’ ਵਰਗੀਆਂ ਕਵਿਤਾਵਾਂ ਭੁਲਾਇਆਂ ਵੀ ਨਹੀਂ ਭੁਲਾਈਆਂ ਜਾ ਸਕਦੀਆਂ। ਇਨ੍ਹਾਂ ਕਵਿਤਾਵਾਂ ਵਿਚ ਉਸ ਬੰਦੇ ਦੀ ਬਾਤ ਹੈ ਜਿਹੜਾ ਖੁਦ ਨਾਲ ਬੜੀ ਭਿਅੰਕਰ ਲੜਾਈ ਵਿਚ ਪਿਆ ਹੋਇਆ ਹੈ। ਇਸ ਲੜਾਈ ਦੇ ਨਾਲ ਹੀ ਉਤਰਦੀ ਬੇਵਸੀ ਨੂੰ ਸ਼ਾਇਰ ਨੇ ਬਹੁਤ ਬਾਰੀਕੀ ਨਾਲ ਫੜਿਆ ਹੈ।

ਇੰਨੀ ਹੀ ਸ਼ਿੱਦਤ ਨਾਲ ਇਸ ਸ਼ਾਇਰ ਬਾਰੇ ਸਾਡੇ ਸਹਿਯੋਗੀ ਗੁਰਦਿਆਲ ਸਿੰਘ ਬੱਲ ਨੇ ਇਸ ਲੰਮੇ ਲੇਖ ਵਿਚ ਇਨ੍ਹਾਂ ਕਵਿਤਾਵਾਂ ਅਤੇ ਪਿਛੋਕੜ ਵਿਚ ਕੰਮ ਕਰਦੀ ਸਿਆਸਤ ਬਾਰੇ ਗੁਫਤਗੂ ਰਚਾਈ ਹੈ। ਬੱਲ ਵੱਲੋਂ ਛੇੜੀਆਂ ਰਮਜ਼ਾਂ ਦੇ ਭੇਤ ਜਿਉਂ ਜਿਉਂ ਖੁੱਲ੍ਹਦੇ ਹਨ, ਸੱਚ ਸਿਰ ਭਾਰ ਹੁੰਦਾ ਜਾਪਣ ਲੱਗਦਾ ਹੈ। ਉਹ ਤੱਥਾਂ ਅਤੇ ਤਰਤੀਬਾਂ ਦੀ ਜੁਗਲਬੰਦੀ ਸਿਰਜਦਾ ਹੈ ਜਿਸ ਵਿਚ ਹਾਲਾਤ ਵਿਚ ਫਾਥੇ ਬੰਦੇ ਦੇ ਨਕਸ਼ ਉਘੜਨ ਲਗਦੇ ਹਨ। -ਸੰਪਾਦਕ
ਗੁਰਦਿਆਲ ਸਿੰਘ ਬੱਲ
ਫੋਨ: 647-982-6091
ਸੋਹਣ ਸਿੰਘ ਮੀਸ਼ਾ, ਦਾਸਤੋਵਸਕੀ, ਅਲਬੇਅਰ ਕਾਮੂ, ਬੋਰਿਸ ਪਾਸਤਰਨਾਕ, ਨੰਦੀ ਬੱਲ ਅਤੇ ਐਸ਼ਕੇæ ਨਿਝਾਵਨ ਕਿਸੇ ਇਕ ਕੇਂਦਰੀ ਨੁਕਤੇ ‘ਤੇ ਇਕ ਦੂਜੇ ਦੇ ਰੂਹਾਨੀ ਭਰਾ ਹੀ ਲਗਦੇ ਹਨ। ਇਹ ਸਭ ਇਨਸਾਨੀ ਸਵੈਮਾਣ ਅਤੇ ਹਰ ਹਾਲ ਵਿਚ ਜ਼ਮੀਰ ਦੀ ਸੁਤੰਤਰਤਾ ਦੇ ਅਸੂਲ ਦੇ ਮੁਦਈ ਸਨ। ਇਨ੍ਹਾਂ ਲੋਕਾਂ ਨੇ ਚੜ੍ਹਦੀ ਉਮਰੇ ਰੈਡੀਕਲ ਪਾਲਿਟਿਕਸ ਅਪਣਾਈ, ਪਰ ਜਲਦੀ ਹੀ ਆਪਣੀ ਸੁਹਿਰਦ ਸੰਵੇਦਨਸ਼ੀਲਤਾ ਅਤੇ ਅੰਤਰ-ਦ੍ਰਿਸ਼ਟੀ ਰਾਹੀਂ ਉਚੀ ਸੁਰ ਵਾਲੀ ਹਰ ਸੁਪਨਸਾਜ਼ ਪਾਲਿਟਿਕਸ ਦੇ ਖਤਰਨਾਕ ਸਿੱਟਿਆਂ ਨੂੰ ਬੜੀ ਸਾਫਗੋਈ ਨਾਲ ਅਗਾਊਂ ਵੇਖ ਲਿਆ। ਦਾਸਤੋਵਸਕੀ ਨੇ ਆਪਣੀਆਂ ਰਚਨਾਵਾਂ ਅੰਦਰ ਕਾਦਰ ਦੇ ਸਮਾਨੰਤਰ, ਸ਼ਾਇਦ ਉਸ ਦੇ ਜਗਤ ਨਾਲੋਂ ਵੀ ਦਿਲਚਸਪ ਗਲਪ ਜਗਤ ਦੀ ਸਿਰਜਣਾ ਕੀਤੀ ਹੋਈ ਹੈ। ਨਿੱਕੇ ਵੱਡੇ ਹਰ ਪਾਤਰ ਦੀ ਵਿਲੱਖਣ ਸ਼ਖਸੀਅਤ ਹੈ। ਸਾਰੇ ਪਾਤਰ ਸਿਰੇ ਦੇ ਖੁਦਦਾਰ ਹਨ, ਇਨ੍ਹਾਂ ਅੰਦਰ ਵੱਖ ਵੱਖ ਆਵਾਜ਼ਾਂ ਦੀ ਸ਼ਿੱਦਤ ਵਾਲੀ ਟੱਕਰ ਹੈ; ਇਹ ਲੋਕ ਬਰਬਾਦ ਹੁੰਦੇ ਹਨ, ਗਰਕ ਹੋ ਜਾਂਦੇ ਹਨ, ਪਰ ਕੋਈ ਵੀ ਆਪਣੀਆਂ ਕਦਰਾਂ ਤੋਂ ਝਕਦਾ ਨਹੀਂ।
ਉਂਜ, ਸਿਰੇ ਦਾ ਵਿਰੋਧਾਭਾਸ ਇਹ ਹੈ ਕਿ ਦਾਸਤੋਵਸਕੀ ਖੁਦ ਅਲੈਗਜੈਂਡਰ ਹਰਜ਼ਨ, ਬੈਲਿੰਸਕੀ, ਚਰਨੀਸ਼ੇਵੇਸਕੀ ਅਤੇ ਮਾਈਕਲ ਬਾਕੂਨਿਨ ਨੂੰ ਪੱਛਮ ਦੇ ਪਿਛਲਗ ਦੱਸ ਕੇ ਉਨ੍ਹਾਂ ਖਿਲਾਫ ਬੇਕਿਰਕ ਵਿਚਾਰਧਾਰਕ ਸੰਗਰਾਮ ਕਰਦਿਆਂ ਉਸੇ ਤਰ੍ਹਾਂ ਦੇ ਰਹੱਸਮਈ ਆਭਾ ਵਾਲੇ, ਦਮਘੋਟੂ ਇਕਹਿਰੇ ਤਰਕ ਦੇ ਖ਼ਤਰਨਾਕ ਮੱਕੜ ਜਾਲ ਨੂੰ ਓੜ ਲੈਂਦਾ ਹੈ ਜਿਸ ਤੋਂ ਪਾਰ ਪਾਉਣ ਲਈ ਆਪਣੇ ਸਿਰਜਣਾਤਮਿਕ ਕੰਮ ਵਿਚ ਇਕ ਦੂਜੇ ਨਾਲ ਭਿੜਦੀਆਂ ਅਲੌਕਿਕ ਆਭਾ ਵਾਲੀਆਂ ਅਨੰਤ ਆਵਾਜ਼ਾਂ ਦਾ ਉਸ ਨੇ ਮੇਲਾ ਲਾਇਆ ਹੋਇਆ ਹੈ। ਇਸ ਪੱਖੋਂ ਬਾਬੇ ਦਾ ਬਾਬਾ ਆਦਮ ਨਿਰਾਲਾ ਹੈ। ਉਸ ਦੀ ਲੜਾਈ ਇਕੱਲੇ ਪੱਛਮ ਦੀ ਗਿਆਨਵਾਦੀ ਲਹਿਰ ਦੇ ਚਿੰਤਕਾਂ ਨਾਲ ਹੀ ਨਹੀਂ, ਉਸ ਦਾ ਇਤਕਾਦ ਹੈ ਕਿ ਪੱਛਮੀ ਸਭਿਅਤਾ ਦੇ ਥੇਹ ਹੋਣ ਦਾ ਮੁੱਢ ਪੈਗੰਬਰ ਈਸਾ ਦੇ ਸੰਦੇਸ਼ ਦੀ ਰੋਮਨ ਕੈਥੋਲਿਕ ਪ੍ਰੀਭਾਸ਼ਾ ਅਪਣਾ ਲੈਣ ਨਾਲ ਹੀ ਬਝ ਗਿਆ ਸੀ।
ਦਾਸਤੋਵਸਕੀ ਨੇ ਸਿਰਜਣਾਤਮਿਕ ਖੇਤਰ ਦੇ ਨਾਲ ਨਾਲ 19ਵੀਂ ਸਦੀ ਦੀ ਟਰੈਕਟਨੁਮਾ ਪੱਤਰਕਾਰੀ ਦੇ ਖੇਤਰ ਵਿਚ ਵੀ ਸਰਗਰਮੀ ਨਾਲ ਕੰਮ ਕੀਤਾ। ਉਸ ਦਾ ਵਿਸ਼ਵਾਸ ਸੀ ਕਿ ‘ਨਵੀਂ ਅੰਜ਼ੀਲ’ ਦੀ ਰੂਸੀ ਆਰਥੋਡੌਕਸ ਚਰਚ ਵਾਲੀ ਪੜ੍ਹਤ ਨੂੰ ਅਪਣਾਏ ਬਿਨਾ ਰੂਸੀਆਂ ਦਾ ਤਾਂ ਕੀ, ਪੂਰੀ ਇਨਸਾਨੀਅਤ ਦਾ ਹੀ ਕਲਿਆਣ ਸੰਭਵ ਨਹੀਂ ਸੀ। ਇਨ੍ਹਾਂ ਵਿਰੋਧਾਭਾਸਾਂ ਦੇ ਬਾਵਜੂਦ ਕਾਮੂ, ਨਿਝਾਵਨ, ਐਸ਼ਐਸ਼ ਗਿੱਲ ਅਤੇ ਨੰਦੀ ਬੱਲ, ਸਭਨਾਂ ਦਾ ਵਿਸ਼ਵਾਸ ਸੀ ਕਿ ਦਾਸਤੋਵਸਕੀ ਦੇ ਸਿਰਜਣਾਤਮਿਕ ਕੰਮ ਦਾ ਕੋਈ ਤੋੜ ਨਹੀਂ। ਉਸ ਦੀਆਂ ‘ਜੁਰਮ ਤੇ ਸਜ਼ਾ’ ਅਤੇ ‘ਡੈਵਿਲਜ਼’ ਵਰਗੀਆਂ ਮਹਾਨ ਕਥਾਵਾਂ ਅੰਦਰਲੀਆਂ ਅੰਤਰ-ਦ੍ਰਿਸ਼ਟੀਆਂ ਅਤੇ ਲੁਪਤ ਚਿਤਾਵਨੀਆਂ ਨੂੰ ਨਜ਼ਰਅੰਦਾਜ਼ ਕਰਨਾ ਆਦਮ ਜਾਤ ਲਈ ਖਤਰੇ ਤੋਂ ਖਾਲੀ ਨਹੀਂ ਸੀ।
ਸਭਿਆਚਾਰਕ ਵੰਨ-ਸੁਵੰਨਤਾ ਅਤੇ ਵਿਚਾਰਧਾਰਕ ਵਖਰੇਵੇਂ ਦੀ ਆਜ਼ਾਦੀ ਦੇ ਮੁਦਈ ਉਤਰ-ਆਧੁਨਿਕ ਚਿੰਤਨ ਦਾ ਡੰਕਾ ਤਾਂ ਪੰਜਾਬ ਵਿਚ ਜ਼ਰਾ ਚਿਰੋਕਾ ਵੱਜਿਆ, ਇਨ੍ਹਾਂ ਸੱਜਣਾਂ ਨੇ ਤਾਂ ਉਸ ਸਪਿਰਿਟ ਨੂੰ ਪਹਿਲਾਂ ਹੀ ਤੱਤ ਰੂਪ ਵਿਚ ਆਤਮਸਾਤ ਕੀਤਾ ਹੋਇਆ ਸੀ। ਇਹ ਸੁਲਝੇ ਹੋਏ, ਜ਼ਿੰਮੇਵਾਰ, ਬਰੀਕ ਬੁੱਧ ਲੋਕ ਸਨ ਅਤੇ ਉਸ ਕਿਸਮ ਦੇ ਕੱਚ-ਘਰੜ ਬੇਰੜੇ ਚਿੰਤਨ ਨਾਲ ਇਨ੍ਹਾਂ ਦਾ ਦੂਰ ਦਾ ਵੀ ਸਬੰਧ ਨਹੀਂ ਸੀ ਜਿਸ ਕਿਸਮ ਦਾ ਚਿੰਤਨ ਡਾæ ਗੁਰਭਗਤ ਸਿੰਘ ਹੋਰਾਂ ਨੇ ਐਜ਼ਰਾਪਾਊਂਡ, ਜਾਰਜ ਬਤਾਈ, ਲਿਓਤਾਰ ਜਾਂ ਫੂਕੋ ਦੀ ਸਿੱਖ ਗੁਰੂ ਸਾਹਿਬਾਨ ਦੀ ਬਾਣੀ ਦੀਆਂ ਅੰਤਰ-ਦ੍ਰਿਸ਼ਟੀਆਂ ਨਾਲ ਖਾਹ-ਮਖਾਹ ਕਰਿੰਘੜੀ ਪਵਾ ਕੇ ਪੰਜਾਬੀ ਵਿਚਾਰ ਜਗਤ ਅੰਦਰ ਪ੍ਰਚਲਤ ਕਰਨ ਦਾ ਯਤਨ ਕੀਤਾ। ਇਹ ਸਭ ਸਹੀ ਅਰਥਾਂ ਵਿਚ ਧੀਮੇ ਬੋਲਾਂ ਵਾਲੇ ‘ਸ਼ਾਇਰ’ ਲੋਕ ਸਨ, ਸ਼ਾਇਰਾਨਾ ਤਰਜ਼ੇ-ਜ਼ਿੰਦਗੀ ਦੇ ਤਹਿ ਦਿਲੋਂ ਇਛੁਕ ਸਨ।
ਵੀਹ ਕੁ ਸਾਲ ਪਹਿਲਾਂ ਨੰਦੀ ਬੱਲ ਦੇ ਬੈਚਮੇਟ ਐਸ਼ਐਸ਼ ਗਿੱਲ ਦੇ ਘਰੇ ਉਸ ਦੀ ਲਾਇਬਰੇਰੀ ਵਿਚ ਬੈਠ ਕੇ ਲੰਮੀ ਮੁਲਾਕਾਤ ਦਾ ਮੌਕਾ ਮਿਲਿਆ। ਥੋੜ੍ਹੀ ਹੈਰਾਨੀ ਹੋਈ ਕਿ ਉਹਨੇ ‘ਦਿ ਡੈਵਿਲਜ਼’ ਜਗ੍ਹਾ ਜਗ੍ਹਾ ਲਕੀਰੀ ਹੋਈ ਸੀ ਅਤੇ ਇਹੋ ਹਾਲ ਦਾਸਤੋਵਸਕੀ ਦੀ ‘ਏ ਰਾਈਟਰਜ਼ ਡਾਇਰੀ’ ਦੀਆਂ ਹਜ਼ਾਰ ਹਜ਼ਾਰ ਪੰਨਿਆਂ ਦੀਆਂ ਦੋਹਾਂ ਜਿਲਦਾਂ ਦਾ ਸੀ। ਐਮæਐਨæ ਰਾਏ, ਡਾæ ਅੰਬੇਦਕਰ ਅਤੇ ‘ਜ਼ੋਰਬਾ ਦੀ ਗਰੀਕ’ ਸਮੇਤ ਨਿਕੋਸ ਕਜਾਂਤਜੈਕਿਸ ਦੀਆਂ ਕਈ ਕਿਤਾਬਾਂ ਵੀ ਲਾਇਬਰੇਰੀ ਵਿਚ ਪਈਆਂ ਸਨ। ਮੰਡਲ ਕਮਿਸ਼ਨ ਦੇ ਸਿੱਟੇ ਕੁਝ ਵੀ ਨਿਕਲੇ, ਜਾਤ-ਪਾਤੀ ਦੰਭ ਦੀ ਮਾਰ ਕੁੜਿਕੀ ਵਿਚ ਫਸੇ ਭਾਰਤੀ ਸਮਾਜ ਨੂੰ ਜ਼ਰਾ ਰੈਲਾ ਕਰਨ ਖਾਤਰ ਸਮਾਜਿਕ ਇਨਸਾਫ ਦੀ ਬਹਾਲੀ ਦੇ ਸੱਚੇ ਤਕਾਜ਼ਿਆਂ ਦੇ ਤਹਿਤ ਉਹ ਰਿਪੋਰਟ ਇਕੱਲੇ ਤੌਰ ‘ਤੇ ਐਸ਼ਐਸ਼ ਗਿੱਲ ਨੇ ਹੀ ਬਣਾਈ ਸੀ। ਐਮਰਜੈਂਸੀ ਪਿੱਛੋਂ ਮੰਡਲ ਕਮਿਸ਼ਨ ਦੇ ਸਕੱਤਰ ਉਹੀ ਸਨ।
ਇਸ ਮੁਲਾਕਾਤ ਸਮੇਂ ਭਾਰਤ ਵਿਚ ਨਹਿਰੂ ਖਾਨਦਾਨ ਦੀਆਂ ਹਕੂਮਤਾਂ ਦੇ ਅਲੋਚਨਾਤਮਿਕ ਲੇਖੇ ਜੋਖੇ ਬਾਰੇ ਉਸ ਦੀ ਕਰੀਬ 600 ਪੰਨਿਆਂ ਦੀ ਕਿਤਾਬ ‘ਡਾਇਨਾਸਟੀ’ ਛਪ ਚੁੱਕੀ ਸੀ। ਇੰਦਰਾ ਗਾਂਧੀ ਅਤੇ ਰਾਜੀਵ ਗਾਂਧੀ ਦੀਆਂ ਹਕੂਮਤਾਂ ਨੂੰ ਉਨ੍ਹਾਂ ਬੜੇ ਨੇੜਿਓਂ ਵਾਚਿਆ ਸੀ; ਮਸਲਨ, 1982 ਦੀਆਂ ਏਸ਼ਿਆਈ ਖੇਡਾਂ ਦੇ ਪ੍ਰੋਜੈਕਟ ਦੇ ਤਾਂ ਉਹ ‘ਡਾਇਰੈਕਟਰ’ ਹੀ ਸਨ, ਪਰ ਉਸ ਦੀ ਰਾਏ ਨਹਿਰੂ, ਇੰਦਰਾ ਜਾਂ ਰਾਜੀਵ, ਤਿੰਨਾਂ ਬਾਰੇ ਬਹੁਤੀ ਚੰਗੀ ਨਹੀਂ ਸੀ। ਵੱਡਾ ਗਿਲਾ ਨਹਿਰੂ ‘ਤੇ ਇਹ ਸੀ ਕਿ ਉਹ ਸੁਤੰਤਰਤਾ ਪ੍ਰਾਪਤੀ ਸਮੇਂ ਦੇ ਆਦਰਸ਼ਾਂ ਲਈ ਪ੍ਰਤੀਬਧ ਨਾ ਰਿਹਾ, ਜ਼ਮੀਨੀ ਸੁਧਾਰ ਲਾਗੂ ਨਾ ਕੀਤੇ; ਸਭ ਤੋਂ ਵੱਡਾ ਇਤਰਾਜ਼ ਇਹ ਸੀ ਕਿ ਫਿਰਕਾਪ੍ਰਸਤੀ ਵਿਰੁਧ ਕਦੀ ਡਟ ਕੇ ਸਟੈਂਡ ਨਾ ਲਿਆ! ਓਪਰੇਸ਼ਨ ਬਲਿਊ ਸਟਾਰ ਲਈ ਉਹ ਮੁਖ ਦੋਸ਼ੀ ਇੰਦਰਾ ਗਾਂਧੀ ਨੂੰ ਮੰਨਦਾ ਸੀ। ਰਾਏ ਉਹਦੀ ਮੂਲ ਰੂਪ ਵਿਚ ਖੁਸ਼ਵੰਤ ਸਿੰਘ ਅਤੇ ਪੀæਕੇæ ਨਿਝਾਵਨ ਵਾਲੀ ਹੀ ਸੀ।
ਅਸਲ ਵਿਚ ਨਿਝਾਵਨ ਅਤੇ ਉਨ੍ਹਾਂ ਦੇ ਸਾਥੀ ਦੇਸ਼, ਖਾਸ ਕਰ ਕੇ ਪੰਜਾਬ ਦੀ ਵੰਡ ਤੋਂ ਬੇਹੱਦ ਦੁਖੀ ਸਨ। ਨਿਝਾਵਨ ਨੇ 1980 ਦੇ ਆਸ-ਪਾਸ ਆਪਣੇ ਸਨਾਤਨੀ ਹਿੰਦੂ ਵਿਰਸੇ ਨੂੰ ਨਵੇਂ ਸਿਰਿਓਂ ਪ੍ਰੀਭਾਸ਼ਤ ਕਰਦਿਆਂ ‘ਸੋਲ ਟੂ ਸੋਲ: ਐਨ ਈਸਟ-ਵੈਸਟ ਐਨਕਾਊਂਟਰ’ ਕਿਤਾਬ ਲਿਖੀ, ਉਸ ਵਿਚ ਪੱਛਮ ਦੀ ਆਲੋਚਨਾ ਤਾਂ ਹੈ, ਪਰ ਆਰੀਆ ਸਮਾਜ ਜਾਂ ਸਵਾਮੀ ਦਇਆ ਨੰਦ ਦੇ ਦਿੱਗ-ਵਿਜਈ ਅੰਦਾਜ਼ ਅਤੇ ਆਰæਐਸ਼ਐਸ਼ ਵਾਲੀ ਸੁਰ ਨੂੰ ਉਹਨੇ ਤਿੱਖੀ ਆਲੋਚਨਾ ਦਾ ਬਾਇਸ ਬਣਾਇਆ ਹੋਇਆ ਹੈ। ਉਹਦਾ ਸ਼ਾਹ ਮੁਹੰਮਦ ਦੇ ਜੰਗਨਾਮਾ ‘ਤੇ ਆਧਾਰਤ ਲੰਮਾ ਲੇਖ ਪੜ੍ਹ ਕੇ ਉਸ ਦੇ ਸਿੱਖ ਭਾਈਚਾਰੇ ਅਤੇ ਸਿੱਖ ਗੁਰੂ ਸਹਿਬਾਨ ਪ੍ਰਤੀ ਮੁਹੱਬਤ ਦੀ ਇੰਤਹਾ ‘ਤੇ ਰਸ਼ਕ ਆਉਂਦਾ ਹੈ।
ਇਸ ਲੇਖ ਦਾ ਜ਼ਿਕਰ ਆਉਂਦਿਆਂ ਸਾਡੀ ਸਿਮਰਤੀ ਵਿਚ ਸ਼ ਜਗਜੀਤ ਸਿੰਘ ਦੀ ਲਿਖੀ ਕਿਤਾਬ ‘ਸਿੱਖ ਇਨਕਲਾਬ’ ਦੀਆਂ ਅਨੇਕਾਂ ਸੁਰਾਂ ਉਭਰ ਆਈਆਂ ਹਨ। ਇਸ ਪੁਸਤਕ ਵਿਚ ਮੁਜਾਹਿਦਾਂ ਵਾਲੀ ਭਾਵਨਾ ਨਾਲ ਸਿੱਖ ਗੁਰੂ ਸਹਿਬਾਨ ਦੇ ਸੰਦੇਸ਼ ਦੀ ਕੁਲ ਜਹਾਨ ਦੇ ਅੱਜ ਤਕ ਹੋਏ ਸਭ ਰਹਿਨੁਮਾਵਾਂ ਅਤੇ ਚਿੰਤਕਾਂ ਨਾਲੋਂ ਉਚੀ ਸ੍ਰੇਸ਼ਠਤਾ ਨੂੰ ਪੂਰੇ ਜ਼ੋਰ ਨਾਲ ਦ੍ਰਿੜਾਇਆ ਹੋਇਆ ਹੈ। ਅਜਿਹਾ ਕਰਦਿਆਂ ਲੇਖਕ ਨੇ ਭਾਰਤੀ-ਹਿੰਦੂ ਸਨਾਤਨੀ ਵਿਰਸੇ ਵਿਚ ਜਾਤ-ਪਾਤ ਦੇ ਭਿਆਨਕ ਕੋਹੜ ਦੀ ਨਿਖੇਧੀ ਕੀਤੀ ਹੈ। ਇਸ ਨਾਲ ਕਿਸੇ ਵੀ ਜੀਅ ਦਾ ਭਲਾ ਕੀ ਰੌਲਾ ਹੋ ਸਕਦਾ ਹੈ? ਪਰ ਇਸ ਕੋਹੜ ਲਈ ਜ਼ਿੰਮੇਵਾਰ ਕਾਰਕਾਂ ਦੀ ਨਿਸ਼ਾਨਦੇਹੀ ਕਰਦਿਆਂ ਬਿਰਤਾਂਤ ਅੰਦਰ ਭੋਰਾ ਭਰ ਵੀ ਗਹਿਰਾਈ ਨਹੀਂ ਹੈ; ਜ਼ਿੰਮੇਵਾਰ ਵਿਦਵਤਾ ਜਾਂ ਲੋੜੀਂਦੇ ਅਧਿਐਨ ਦੀ ਗਹਿਰਾਈ ਦਾ ਕਿਧਰੇ ਕੋਈ ਸੰਕੇਤ ਨਹੀਂ ਹੈ। ਉਹ ਦੱਸਦਾ ਹੈ ਕਿ ਬੁੱਧ ਧਰਮ ਦਾ ਭਾਰਤੀ ਉਪ ਮਹਾਂਦੀਪ ਅੰਦਰ ਕਰੀਬ ਹਜ਼ਾਰ ਵਰ੍ਹਾ ਪੂਰਾ ਤਪ ਤੇਜ਼ ਰਿਹਾ ਅਤੇ ਫਿਰ ਮੁਸਲਮਾਨ ਸ਼ਾਸਕ ਆ ਗਏ। ਦਲਿਤਾਂ ਨੂੰ ਦਬੇਲ ਬਣਾਈ ਰੱਖਣ ਲਈ ਬ੍ਰਾਹਮਣੀ ਪ੍ਰੋਹਿਤ ਜਮਾਤ ਦੀ ਰਾਜਪੂਤ-ਕਸ਼ੱਤਰੀ ਧਿਰਾਂ ਨਾਲ ਕਰਿੰਘੜੀ ਕਿਵੇਂ ਪਈ, ਜ਼ਰਾ ਵੀ ਸਪਸ਼ਟ ਨਹੀਂ ਹੁੰਦਾ। ਸਿੱਖ ਗੁਰੂ ਸਾਹਿਬਾਨ ਜਾਤ-ਪਾਤ ਦੀ ਪ੍ਰਥਾ ਨੂੰ ਜੜ੍ਹੋਂ ਪੁੱਟ ਦੇਣਾ ਚਾਹੁੰਦੇ ਸੀ, ਪਰ ਸਵਾਲ ਤਾਂ ਇਹ ਹੈ ਕਿ ਇਸ ‘ਜੜ੍ਹਾਂ ਵਾਲੇ ਫੋੜੇ’ ਦਾ ਸਿੱਖ ਭਾਈਚਾਰੇ ਅੰਦਰ ਵੀ ਇਲਾਜ ਕਿਉਂ ਨਾ ਹੋਇਆ? ਇਸ ਪਹੇਲੀ ਦਾ ਪੁਸਤਕ ਦੀ ਪੜ੍ਹਤ ਵਿਚੋਂ ਕੱਖ ਵੀ ਪਤਾ ਨਹੀਂ ਲਗਦਾ।
ਸਵਾਮੀ ਦਇਆ ਨੰਦ ਨਾਲ ਸਾਡੀ ਕੋਈ ਸਹਿਮਤੀ ਨਹੀਂ, ਪਰ ਉਹ ਵੀ ਸਭ ਤੋਂ ਪਹਿਲਾਂ ਅਤੇ ਵਾਰ ਵਾਰ ਇਹੀ ਕਹਿੰਦਾ ਹੈ ਕਿ ਜਾਤ-ਪਾਤ ਸਿਰੇ ਦੀ ਲਾਅਣਤ ਹੈ; ਇਸ ਨੂੰ ਵੇਦਾਂ ਅੰਦਰ ਉਕਾ ਹੀ ਕੋਈ ਸਵੀਕਿਰਤੀ ਨਹੀਂ ਹੈ। ਔਰਤ-ਮਰਦ ਅਤੇ ਹਰ ਵਰਣ ਦੇ ਲੋਕਾਂ ਦੀ ਜਨਮ ਜਾਤ ਬਰਾਬਰੀ ਦੀ ਗੱਲ, ਨਾਲ ਹੀ ਹਰ ਇਕ ਲਈ ਸਿੱਖਿਆ ਦੇ ਅਧਿਕਾਰ ਦੇ ਸਾਵੇਂ ਮੌਕਿਆਂ ਦੀ ਗੱਲ ਜਜ਼ਬੇ ਦੀ ਜਿਸ ਸ਼ਿਦਤ ਨਾਲ ਉਹ ਕਰਦਾ ਹੈ, ਤਾਂ ਰੂਸੋ ਵੀ ਕੇਰਾਂ ਉਹਦੇ ਮੂਹਰੇ ਫਿੱਕਾ ਲੱਗਦਾ ਹੈ। ਫਿਰ ਬੁੱਤ ਪੂਜਾ ਖਿਲਾਫ ਅਤੇ ਪ੍ਰੋਹਿਤ-ਬ੍ਰਾਹਮਣੀ ਜਮਾਤ ਦੇ ਹਰ ਪਖੰਡ ਖਿਲਾਫ ਉਹਨੇ ਪਰਸਰਾਮ ਵਾਲਾ ਕੁਹਾੜਾ ਚੁਕਿਆ ਹੋਇਆ ਹੈ। ਐਨ ਇਹੋ ਹਾਲ ਵਿਵੇਕਾ ਨੰਦ ਦਾ ਹੈ। ਕੋਈ ਉਸ ਦੀ ਕੋਈ ਇਕ ਵੀ ਲਿਖਤ ਕਦੀ ਪੜ੍ਹ ਕੇ ਤਾਂ ਦੇਖੇ ਕਿ ਪ੍ਰੋਹਿਤ-ਪੁਜਾਰੀ ਧਿਰ ਨੂੰ ਉਹ ਵਾਰ ਵਾਰ ਕਹਿੰਦਾ ਕੀ ਹੈ, ਪੈਂਦਾ ਕਿਵੇਂ ਹੈ! ਵੀਰ ਸਾਵਰਕਰ ਨੂੰ ਹੀ ਲੈ ਲਓ। ਪੂਰੇ 25 ਵਰ੍ਹੇ ਪਹਿਲਾਂ ਧੰਨਜੈ ਕੀਰ ਦੀ ਲਿਖੀ ਉਸ ਦੀ ਜੀਵਨ ਕਹਾਣੀ ਪੜ੍ਹਦਿਆਂ ਉਸ ਦੀ ਹਿੰਦੂਤਵ ਵਾਲੀ ਘਾੜਤ ਤਾਂ ਉਲ-ਜਲੂਲ ਲਗੀ ਸੀ, ਪਰ ਅੰਡੇਮਾਨ ਤੋਂ ਪਰਤ ਕੇ, ਆਪਣੇ ਅਮਰਾਵਤੀ ਜ਼ਿਲ੍ਹੇ ਵਿਚ ਪੂਰੇ 10 ਵਰ੍ਹੇ ਜੂਹਬੰਦ ਵਾਲੇ ਸਮੇਂ ਦੌਰਾਨ ਉਸ ਨੇ ਜਾਤ-ਪਾਤ ਦੀ ਪ੍ਰਥਾ ਖਿਲਾਫ ਜਹਾਦ ਜਿਸ ਇਤਕਾਦ ਨਾਲ ਕੀਤਾ, ਪੜ੍ਹਦਿਆਂ ਬੰਦਾ ਧੰਨ ਧੰਨ ਕਰ ਉਠਦਾ ਹੈ। ਦੂਜੇ ਬੰਨੇ, ਨਿਝਾਵਨ ਸਾਹਿਬ ਆਰੀਆ ਸਮਾਜੀਆਂ ਦੇ ਰਹਿਨੁਮਾਵਾਂ ਦੀ ਮੁਸਲਮਾਨਾਂ ਖਿਲਾਫ ਸੰਕੀਰਨਤਾ ਕਾਰਨ ਸਿਰੇ ਤੋਂ ਵਿਰੁੱਧ ਸਨ। ਵੀਰ ਸਾਵਰਕਰ ਦਾ ਤਾਂ ਉਹ ਨਾਂ ਸੁਣਨ ਨੂੰ ਵੀ ਰਾਜ਼ੀ ਨਹੀਂ ਸਨ।
ਖੈਰ! ਹੁਣ ਜ਼ਰਾ ਮੀਸ਼ੇ ਵੱਲ ਪਰਤਦੇ ਹਾਂ।
000
ਸੋਹਣ ਸਿੰਘ ਮੀਸ਼ਾ ਨਾਲ ਸਾਲ 1971 ਵਿਚ ਕੁਲਬੀਰ ਨਾਲ ਅਤੇ ਉਸ ਤੋਂ ਕਰੀਬ 14 ਵਰ੍ਹੇ ਪਿੱਛੋਂ ਚੰਡੀਗੜ੍ਹ ਮੇਜਰ ਪਿਆਰਾ ਸਿੰਘ ਦੇ ਘਰੇ ਪੀæਕੇæ ਨਿਝਾਵਨ ਦੀ ਸੰਗਤ ‘ਚ ਹੋਈਆਂ ਮੁਲਾਕਾਤਾਂ ਤੋਂ ਬਿਨਾ ਸਾਲ 1977-78 ਵਿਚ ਉਨ੍ਹਾਂ ਦੀ ਲਾਜਵਾਬ ਮਹਿਮਾਨ ਨਿਵਾਜ਼ੀ ਮਾਨਣ ਦਾ ਦੋ-ਤਿੰਨ ਵਾਰ ਮੌਕਾ ਮਿਲਿਆ। ਉਨ੍ਹੀਂ ਦਿਨੀਂ ਉਹ ਆਦਰਸ਼ ਨਗਰ ਲਾਗੇ ਬਰਜਿੰਦਰ ਸਿੰਘ (ਹਮਦਰਦ) ਦੇ ਘਰ ਦੇ ਸਾਹਮਣੇ ਕਿਸੇ ਕੋਠੀ ਵਿਚ ਰਹਿੰਦੇ ਸਨ। ਕੇਰਾਂ ਛੁੱਟੀ ਦਾ ਦਿਨ ਸੀ। ਅਸੀਂ ਆਪਣੇ ਵਡੇਰੀ ਉਮਰ ਦੇ ਮਿੱਤਰ ਅਤੇ ਗਰਾਈਂ ਰਣਜੀਤ ਬੱਲ ਨਾਲ ਸਵੇਰੇ 10-11 ਵਜੇ ਹੀ ਮੀਸ਼ੇ ਨੂੰ ਮਿਲਣ ਜਦੋਂ ਪਹੁੰਚੇ ਤਾਂ ਅਗਾਂਹ ਉਹ ਤੇ ਅਲਬੇਲ ਸਿੰਘ ਵੋਦਕਾ ਦੀ ਬੋਤਲ ਖੋਲ੍ਹੀ ਬੈਠੇ ਸਨ। ਇਹ ਉਹ ਸਮਾਂ ਸੀ ਜਦੋਂ ਪੰਜਾਬ ਵਿਚ ਨਾ ਨਕਸਲੀ ਮਿੱਤਰਾਂ ਦੀ ਦਹਿਸ਼ਤ ਸੀ, ਨਾ ਕੋਈ ਮੋਗਾ ਅੰਦੋਲਨ ਸੀ, ਐਮਰਜੈਂਸੀ ਵੀ ਚੁੱਕੀ ਗਈ ਸੀ ਅਤੇ ਨਿਰੰਕਾਰੀ ਕਾਂਡ ਅਜੇ ਵਾਪਰਿਆ ਨਹੀਂ ਸੀ। ਮੀਸ਼ਾ ਪੂਰਾ ਰੰਗ ਵਿਚ ਸੀ।
ਆਰਥਿਕਤਾ ਅਤੇ ਮਾਨਸਿਕਤਾ, ਦੋਵੇਂ ਠੀਕ-ਠਾਕ ਸਨ। ਕੋਈ ਦਵੰਦ ਜਾਂ ਦੁਬਿਧਾ ਨਹੀਂ ਸੀ ਅਤੇ ਕਿਸੇ ਕਿਸਮ ਦੇ ਇਖਲਾਕੀ ਤਣਾਓ ਤੋਂ ਵੀ ਮੁਕਤ ਉਹ ਨਜ਼ਰ ਆ ਰਹੇ ਸਨ। ਅੱਜ ਵੀ ਯਾਦ ਹੈ, ਮੀਸ਼ੇ ਨੇ ਅਲਬੇਲ ਨੂੰ ਮੁਖਾਤਬ ਹੋ ਕੇ ਮਿਰਜ਼ਾ ਗਾਲਿਬ ਦਾ ਸ਼ਿਅਰ ‘ਫਿਰ ਦੇਖੀਏ ਅੰਦਾਜ਼-ਏ-ਗੁਲ-ਅਫਸ਼ਾਨੀਏ-ਏ-ਗੁਫਤਾਰ, ਰਖ ਦੇ ਕੋਈ ਪਿਆਲਾ/ਪੈਮਾਨਾ-ਏ-ਸਾਹਿਬਾ ਮੇਰੇ ਆਗੇ’ ਸੁਣਾਇਆ ਅਤੇ ਨਾਲ ਹੀ ਟੇਪ ਰਿਕਾਡਰ ਜਾਂ ਰਿਕਾਡਰ ਪਲੇਅਰ ਉਪਰ ਬੇਗਮ ਅਖਤਰ ਦਾ ‘ਯੇ ਨਾ ਥੀ ਹਮਾਰੀ ਕਿਸਮਤ ਕਿ ਵਿਸਾਲੇ ਯਾਰ ਹੋਤਾ’ ਵਾਲਾ ‘ਤਵਾ’ ਚਲਾ ਦਿੱਤਾ। ਇਹ ਗ਼ਜ਼ਲ ਖਤਮ ਅਜੇ ਹੋਈ ਹੀ ਸੀ ਕਿ ਉਨ੍ਹਾਂ ਨੇ ਫਰੀਦਾ ਖ਼ਾਨਮ ਦੀ ਅਵਾਜ਼ ਵਿਚ ‘ਹੈ ਜਹਾਂ ਨਾਮ ਇਸ਼ਕ ਕਾ ਲੇਨਾ, ਆਪਣੇ ਪੀਛੇ ਬਲਾਅ ਲਗਾ ਲੇਨਾ’ ਦੇ ਪੁਰਸੋਜ਼ ਬੋਲਾਂ ਵਾਲੀ ਇਕ ਹੋਰ ਦਿਲਕਸ਼ ਗਜ਼ਲ ਲਗਾ ਦਿੱਤੀ। ਇਸੇ ਦੌਰਾਨ ਮੈਡਮ ਸੁਰਿੰਦਰ ਮੀਸ਼ਾ ਨੇ ਪਿਆਜਾਂ ਅਤੇ ਹਰੀਆਂ ਮਿਰਚਾਂ ਵਾਲੇ ਪਕੌੜੇ ਸਾਨੂੰ ਭਿਜਵਾ ਦਿੱਤੇ। ਬਹੁਤ ਵਿਲਖਣ ਕਿਸਮ ਦੀ ਸਾਦਗੀ ਅਤੇ ਸਹਿਜ ਸੁਰਿੰਦਰ ਮੀਸ਼ਾ ਦੀ ਸ਼ਖਸੀਅਤ ਵਿਚ ਸੀ। ਮੀਸ਼ੇ ਨਾਲੋਂ ਮੂਲੋਂ ਹੀ ਵਖਰੀ ਕਿਸਮ ਦੀ ਕੋਈ ਸੰਤਤਾਈ ਵਿੰਹਦਿਆਂ ਹੀ ਮੈਡਮ ਮੀਸ਼ਾ ਦੇ ਚਿਹਰੇ ਤੋਂ ਝਰਦੀ ਸਾਨੂੰ ਮਹਿਸੂਸ ਹੋਈ। ਮੈਡਮ ਸੁਰਿੰਦਰ ਅਤੇ ਮੀਸ਼ੇ ਦੇ ਇਨ੍ਹਾਂ ਦਿਨਾਂ ਦੇ ਖੁਸ਼ਗਵਾਰ ਮਾਹੌਲ ਦੀ ਗਵਾਹੀ ਲਈ ਕਸ਼ਮੀਰ ਪੰਨੂ ਨੇ ਲੇਖਕਾਂ ਅਤੇ ਕਲਾਕਾਰਾਂ ਦੀਆਂ ਪਤਨੀਆਂ ਦੇ ‘ਨਾਗਮਣੀ’ ਦੇ ਜ਼ਿਕਰ-ਇ-ਖੈਰ ਕਾਲਮ ਲਈ ਲਿਖੇ ਰੇਖਾ ਚਿੱਤਰਾਂ ‘ਤੇ ਆਧਾਰਤ ‘ਇਸ਼ਤਿਹਾਰ ਧੁੱਪ ਛਾਂ ਦੇ’ ਨਾਂ ਦੀ ਆਪਣੀ ਪੁਸਤਕ ਅੰਦਰ ਸ਼ਾਮਲ ‘ਸੁਰਿੰਦਰ ਮੀਸ਼ਾ’ ਸਿਰਲੇਖ ਹੇਠਲੇ ਲੇਖ ਵਿਚ ਜਿਵੇਂ ਪਾਈ ਹੈ, ਉਸ ਦੀ ਸ਼ੁਰੂਆਤ ਜ਼ਰਾ ਵੇਖੋ:
ਕੋਸੀ ਕੋਸੀ ਰੁੱਤ ਵਿਚ ਜਦ ਮੈਂ ਕੋਠੀ ਪੁੱਜਾ ਤਾਂ ਲਾਅਨ ਵਿਚ ਸੁਰਿੰਦਰ ਸਬਜ਼ੀਆਂ ਤੇ ਫੁੱਲਾਂ ਨੂੰ ਸਿੰਜ ਰਹੀ ਸੀ। ਗੱਦੀਦਾਰ ਘਾਹ ‘ਤੇ ਉਸ ਦੇ ਪੈਰਾਂ ਦੇ ਨਿਸ਼ਾਨ ਉਘੜਦੇ ਤੇ ਫਿਰ ਮਿਟ ਜਾਂਦੇ। ਰਾਤ ਰਾਣੀ ਦੇ ਟੁੱਟੇ ਮੁਰਝਾਏ ਫੁੱਲ ਖਿਲਰੇ ਪਏ ਸਨ। ਗਲਦਾਉਦੀ ਤੇ ਗੁਲਾਬ ਦੇ ਅੱਧ ਖਿੜੇ ਫੁੱਲਾਂ ਵਿਚ ਗੁੱਟੇ ਦੇ ਜਵਾਨ ਫੁੱਲ ਧੌਣ ਸੁੱਟੀ ਮਸਤੀ ਵਿਚ ਝੂਮ ਰਹੇ ਸਨ। ਤੁਲਸੀ ਦੀ ਖੁਸ਼ਬੋ ਮਨ ਨੂੰ ਸਕੂਨ ਦੇ ਰਹੀ ਸੀ।
“ਉਂਜ ਕਹਿਣ ਨੂੰ ਤਾਂ ਔਰਤਾਂ ਦਾ ਸਾਲ ਮਨਾਇਆ ਜਾ ਰਿਹਾ। ਵੇਖ ਲਓ, ਘਰੇਲੂ ਜੀਵਨ ਵਿਚ ਸਭ ਕੁਝ ਔਰਤਾਂ ਨੂੰ ਹੀ ਕਰਨਾ ਪੈਂਦਾ- ਮਰਦ ਤਾਂ ਹੱਥ ਹਿਲਾ ਕੇ ਰਾਜ਼ੀ ਨਹੀਂ।” ਰਸਮੀ ਸੁੱਖ-ਸਾਂਦ ਕਹਿੰਦਿਆਂ ਉਹ ਹੱਸ ਪਈ। ਬਰਾਂਡੇ ਵਿਚ ਕੁਰਸੀ ਡਾਹੀ ਮੀਸ਼ਾ ਅਖਬਾਰ ਪੜ੍ਹਨ ਵਿਚ ਮਸਰੂਫ਼ ਸੀ। ਘਰ ਜਾ ਕੇ ਮੈਡਮ ਕੋਲ ਬਹਿੰਦਿਆਂ ਹੀ ਕਸ਼ਮੀਰ ਪੰਨੂ ਮੀਸ਼ੇ ਨਾਲ ਵਿਆਹ ਬਾਰੇ ਪੁੱਛਗਿੱਛ ਸ਼ੁਰੂ ਕਰ ਲੈਂਦਾ ਹੈ ਜਿਸ ਨੂੰ ਸੁਣਦਿਆਂ ਪਰ੍ਹਾਂ ਬੈਠੀ ਉਨ੍ਹਾਂ ਦੀ ਸੱਸ ਕੋਲੇ ਆ ਕੇ ਪੁੱਛਦੀ ਹੈ:
“ਵੇ ਪੁੱਤਰ! ਤੂੰ ਕੀਹਦੀ ਗੱਲ ਕਰ ਰਿਹਾ ਏਂ?”
æææ æææ æææ
“ਸੋਹਣੂ ਦੀ?æææ ਪੁੱਤ ਇਹ ਤਾਂ ਬੜਾ ਅਵੈੜਾ ਸੀ। ਕੀ ਦੱਸਾਂ- ਤਿੰਨ ਮੰਗਾਂ ਛੱਡੀਆਂ, ਤਿੰਨæææ ਬਸ ਮੰਨੇ ਹੀ ਨਾæææ ਆਖੇ, ਮੈਂ ਤਾਂ ਵਿਆਹ ਕਲਮ ਨਾਲ ਕਰਾਇਆ। ਝੱਲਾ ਨਾ ਹੋਵੇ।æææ ਜਦ ਮੇਰੀ ਇਹ ਧੀ ਘਰ ਆਈ ਸੀ, ਤਾਂ ਮੈਂ ਬੂਹੇ ਦੀ ਹਰ ਚੌਗਾਠ ‘ਤੇ ਤੇਲ ਚੋਅ ਅੰਦਰ ਲੰਘਾਇਆ ਸੀ। ਉਦੋਂ ਤੋਂ ਤੀਰ ਆਂਗ ਸਿੱਧਾ ਹੋਇਆ ਪਿਆ।” ਉਸ ਸੁਰਿੰਦਰ ਦੇ ਸਿਰ ‘ਤੇ ਹੱਥ ਫੇਰਦਿਆਂ ਬੜੀ ਅਪਣੱਤ ਨਾਲ ਉਸ ਵੰਨੀ ਵੇਖਿਆ।æææ ਉਹ ਚੁੱਪ-ਚਾਪ ਮੁਸਕਰਾ ਰਹੀ ਸੀ। ਇਸੇ ਦੌਰਾਨ ਮੀਸ਼ਾ ਜੀ ਸਾਨੂੰ ਗੱਲਾਂ ਕਰਨ ਲਈ ਛੱਡ ਕੇ ਅਛੋਪਲੇ ਜਿਹੇ ਘਰੋਂ ਬਾਹਰ ਨਿਕਲ ਜਾਂਦੇ ਹਨ।
ਤੇ ਫਿਰ ਮੈਡਮ ਸੁਰਿੰਦਰ ਅਗਾਂਹ ਦੱਸਦੀ ਹੈ- “(ਬਚਪਨ ਤੇ ਜਵਾਨੀ ਮੱਧ ਪ੍ਰਦੇਸ਼ ਵਿਚ ਗੁਜ਼ਰਨ ਕਰ ਕੇ) ਸ਼ੁਰੂ ਸ਼ੁਰੂ ਵਿਚ ਤਾਂ ਏਧਰ ਦਾ ਮਹੌਲ ਰਾਸ ਨਾ ਆਇਆ, ਸਾਡਾ ਨਵਾਂ ਨਵਾਂ ਵਿਆਹ ਹੋਇਆ ਸੀ। ਇਨ੍ਹਾਂ ਦੇ ਛੜੇ ਛੜਾਂਗ ਦੋਸਤ ਆ ਕੇ ਛਕਦੇ ਛਕਾਉਂਦੇ ਤੇ ‘ਚੀਕ ਬੁਲਬੁਲੀਆਂ’ ਮਾਰਦੇ, ਇਕ ਦੂਜੇ ਨੂੰ ਗਾਲ੍ਹਾਂ ਕੱਢਦੇ, ਕਵਿਤਾ ਸੁਣਾਂਦੇ। ਨਾ ਰੋਟੀ ਨਾ ਪਾਣੀ। ਉਡੀਕ ਉਡੀਕ ਮੈਂ ਰਹਿਰਾਸ ਦਾ ਪਾਠ ਕਰਨ ਲੱਗ ਪੈਂਦੀ। ਮੇਰੇ ਪਾਠ ਦਾ ਤਾਂ ਭੋਗ ਪੈ ਜਾਂਦਾ, ਪਰ ਇਨ੍ਹਾਂ ਦੇ ਕਵਿਤਾ ਪਾਠæææ !”
ਇਸ ਪ੍ਰਥਾਏ ਪੰਨੂ ਵਲੋਂ ਮੀਸ਼ੇ ਦੀ ਇਕ ਨਜ਼ਮ ਦੀਆਂ ਕੁਝ ਸਤਰਾਂ ਦਰਜ ਹਨ:
ਰੋਜ਼ ਤਿਕਾਲੀਂ ਮੇਰੀ ਬੀਵੀ
ਗੋਰੇ ਰੰਗ ਦੀ ਸੰਗਮਰਮਰ ਦੀ
ਮੂਰਤ ਬਣ ਕੇ
ਪੂਜਾ ਪਾਠ ‘ਚ ਗੁੰਮ ਜਾਂਦੀ ਹੈ
ਉਸ ਸਮੇਂ ਉਹ ਰੱਬ ਸੱਚੇ ਦੀ ਪੂਜਾ ਕਰਦੀ
ਮੈਥੋਂ ਦੂਰ ਸੱਤ ਸਮੁੰਦਰ ਤਰਦੀ ਹੈ।
ਸ਼ਰਾਬ ਦੇ ਖੁੱਲ੍ਹੇ ਪ੍ਰਚਲਨ ਦੀ ਗੱਲ ਕਰਨ ਪਿੱਛੋਂ ਮੈਡਮ ਰੇਖਾ ਚਿੱਤਰ ਵਿਚ ਨਾ ਲਿਖਣ ਦੀ ਸ਼ਰਤ ‘ਤੇ ਆਪਣੇ ਪਤੀ ਦੇ ਖੂਬਸੂਰਤ ਤਿਤਲੀਆਂ ਵੇਖਣ ਦੇ ਅਵੱਲੜੇ ਸ਼ੌਂਕ ਬਾਰੇ ਬੜੇ ਹੀ ਧੀਮੇ ਸੁਰ ਵਿਚ ਸੰਕੇਤ ਦਿੰਦੀ ਹੈ। ਅਖੇ- “ਇਨ੍ਹਾਂ ਦੇ ਦੋਸਤ ਤਾਂ ਕਹਿੰਦੇ ਨੇ, ਇਨ੍ਹਾਂ ਨੂੰ ਤਿਤਲੀਆਂ ਮਗਰ ਲਗਣ ਦੀ ਆਦਤ ਸੀ। ਮੈਨੂੰ ਊਈਂ ਇਤਬਾਰ ਜਿਹਾ ਨਹੀਂ ਆਉਂਦਾæææ ਪਰ ਹੁਣ ਵੀ ਮੈਂ ਕਿਹੜਾ ਵੇਖਣ ਜਾਂਦੀ ਹਾਂ। ਜਦ ਉਡਦੀ ਉਡਦੀ ਗੱਲ ਕੰਨੀ ਆ ਪਵੇ ਤਾਂ ਪੁਛਣ ‘ਤੇ ਦੱਸਣਗੇ- ਤੈਨੂੰ ਵਹਿਮ ਏ, ਮੇਰਾ ਕਿੱਤਾ ਹੀ ਇਹੋ ਜਿਹਾ, ਜਿਥੇ ਭਾਂਤ ਭਾਂਤ ਦੇ ਕਲਾਕਾਰਾਂ ਨਾਲ ਵਾਹ ਪੈਂਦਾæææ ਬਸ ਮੈਂ ਚੁੱਪ ਕਰ ਜਾਂਦੀ ਹਾਂ। ਹੋਰ ਕਰ ਵੀ ਕੀ ਸਕਦੀ ਹਾਂ।”
ਏਨੇ ਨੂੰ ਮੀਸ਼ੇ ਨੇ ਬਰਾਂਡੇ ਦੀਆਂ ਪੌੜੀਆਂ ‘ਤੇ ਕਾਲਜੀਏ ਮੁੰਡਿਆਂ ਵਾਂਗ ਸਾਈਕਲ ‘ਤੇ ਚੜ੍ਹੇ ਚੜ੍ਹਾਏ ਪੈਰ ਲਗਾ ਕੇ ਟੱਲੀ ਆ ਖੜਕਾਈ।
“ਅਜੇ ਕਹਿੰਦੇ ਨੇ ਸਕੂਟਰ ਲੈਣਾ। ਫਿਰ ਤਾਂ ਘਰ ਵੜਿਆ ਹੀ ਨਈਂ ਕਰਨਗੇ। ਮੈਨੂੰ ਸਕੂਟਰ ਦੇ ਨਾਂ ਤੋਂ ਹੀ ਡਰ ਲਗਦੈ। ਇਨ੍ਹਾਂ ਖੂਬਸੂਰਤ ਚੀਜ਼ਾਂ ਵੇਖਣ ਤੋਂ ਟਲਣਾ ਨਹੀਂ ਤੇæææ।” ਉਸ ਦੀ ਗੱਲ ਅਧੂਰੀ ਰਹਿ ਗਈ, ਜਦ ਉਨ੍ਹਾਂ ਅੰਦਰ ਆ, ਮੇਰੇ ਨਾਲ ਹੱਥ ਮਿਲਾ, ਅੱਡੀ ਦੇ ਭਾਰ ਥੋੜ੍ਹਾ ਘੁੰਮ ਕੇ ਨਜ਼ਰਾਂ ਬੋਤਲਾਂ ‘ਤੇ ਜਾ ਟਿਕਾਈਆਂ।
ਸਰ੍ਹੋਂ ਦੇ ਸਾਗ ਨਾਲ ਮੱਕੀ ਦੀ ਰੋਟੀ ਖਾਣ ਬਾਅਦ ਮੈਂ ਤੇ ਮੀਸ਼ਾ ਸੈਰ ਨੂੰ ਨਿਕਲ ਗਏ।æææ ਅਗਲਾ ਦਿਨ ਚੜ੍ਹਨ ‘ਚ ਅਜੇ ਦੋ ਘੰਟੇ ਬਾਕੀ ਸਨ। ਉਹ ਦਸ ਰਿਹਾ ਸੀ- “ਮੈਂ ਘਰੇਲੂ ਜੀਵਨ ਵਲੋਂ ਬੜਾ ਸੰਤੁਸ਼ਟ ਹਾਂ- ਲਗਦੈ ਉਸ ਕੁੜੀ ਨਾਲ ਵਿਆਹ ਨਾ ਕਰਾ ਕੇ ਮੈਂ ਗਲਤੀ ਨਹੀਂ ਸੀ ਕੀਤੀ। ਸੁਰਿੰਦਰ ਮੈਨੂੰ ਸਮਝਦੀ ਹੈ ਅਤੇ ਮੈਂ ਉਹਨੂੰ।”
ਵਾਪਸ ਪਰਤੇ ਤਾਂ ਸੁਰਿੰਦਰ ਮਿਆਨੀ ‘ਚ ਬੈਠੀ ਪਾਠ ‘ਚ ਲੀਨ ਸੀ।æææ ਮਿਆਨੀ ਵਿਚ ਗੁਰੂ ਗ੍ਰੰਥ ਸਾਹਿਬ ਦੇ ਨਾਲ ਗੀਤਾ ਤੇ ਕੁਰਾਨ ਵੀ ਪਏ ਸਨ।æææ ਇਹ ਸੀ ਮੀਸ਼ੇ ਦੇ ਘਰ ਦਾ ਉਨ੍ਹਾਂ ਦਿਨਾਂ ਦਾ ਸਵਰਗੀ ਮਾਹੌਲ ਜੋ ਕਸ਼ਮੀਰ ਪੰਨੂ ਨੇ ਉਸ ਦੇ ਪ੍ਰਸ਼ੰਸਕਾਂ ਲਈ ਸਾਦਾ ਅਤੇ ਮੋਹ ਭਰੇ ਅੰਦਾਜ਼ ਵਿਚ ਰਿਕਾਰਡ ਕੀਤਾ ਹੋਇਆ ਹੈ।
1978 ਦੇ ਸ਼ੁਰੂਆਤੀ ਮਹੀਨਿਆਂ ਦੀ ਮੁਕਾਬਲਾਤਨ ਸਹਿਜ ਮਨੋਅਵਸਥਾ ਦੇ ਸਿਗਨੇਚਰ ਵਜੋਂ ਜੋਗਿੰਦਰ ਸ਼ਮਸ਼ੇਰ ਦੇ ਲੇਖ ਵਿਚ ਦਰਜ ਉਸ ਦਾ ਖਤ ਇਸ ਪ੍ਰਕਾਰ ਹੈ:
“ਮੈਂ ਦਿੱਲੀ ਗਿਆ ਸਾਂ, ਛੋਟੀ ਜਿਹੀ ਮੁਲਾਕਾਤ ਸੋਮ ਆਨੰਦ ਨਾਲ ਵੀ ਹੋਈ ਸੀ। ਰੇਡੀਓ ਸਟੇਸ਼ਨ ਉਤੇ ਸੀ। ਜ਼ਫਰ ਪਿਆਮੀ ਬਹੁਤ ਵੱਡਾ ਜਰਨਲਿਸਟ ਹੋ ਗਿਆ ਹੈ। ਉਸ ਦੀ ‘ਪ੍ਰੈਸ ਏਸ਼ੀਆ ਇੰਟਰਨੈਸ਼ਨਲ’ ਪਾਕਿਸਤਾਨ ਅਤੇ ਅਰਬ ਦੇਸ਼ਾਂ ਬਾਰੇ ਬੜੇ ਵਧੀਆ ਲੇਖ ਤਿਆਰ ਕਰਦੀ ਹੈ। ਮਨੋਰਮਾ ਦੀਵਾਨ ਸ਼ਾਇਦ ਉਸ ਦੀ ਡਾਇਰੈਕਟਰ ਹੈ। ਨੰਦੀ ਅੱਜ ਕੱਲ੍ਹ ਦਿੱਲੀ ਹੈ। ਬੰਬੀ ਐਸ਼ਐਸ਼ਪੀæ ਜਬਲਪੁਰ। ਜੀਤ ਭੰਗੋ ਪਿਛਲੇ ਮਹੀਨੇ ਚੰਡੀਗੜ੍ਹ ਆਇਆ ਸੀ। ਉਸ ਦੇ ਚਾਚੇ, ਸੈਸ਼ਨ ਰਿਟਾਇਰਡ, ਕਰਤਾਰ ਸਿੰਘ ਹੋਰਾਂ ਦੇ ਲੜਕੇ ਦਾ ਵਿਆਹ ਸੀ। ਕਰਤਾਰ ਸਿੰਘ ਹੋਰੀਂ ਸਮੇਤ ਸੱਜ ਵਿਆਹੇ ਜੋੜੇ ਦੇ ਅੱਜ ਹੀ ਅੰਮ੍ਰਿਤਸਰ ਗਏ ਹਨ। ਰਾਤੀਂ ਕਪੂਰਥਲੇ ਸਾਡੇ ਕੋਲ ਸਨ।”
ਸੋ 1977 ਦੇ ਸ਼ੁਰੂ ਵਿਚ ਐਮਰਜੈਂਸੀ ਚੁੱਕੀ ਗਈ, ਮਾਹੌਲ ਖੁਲ੍ਹ ਗਿਆ, ਮੀਸ਼ਾ ਚੜ੍ਹਦੀ ਕਲਾ ਵਿਚ ਸੀ। ਸਰਿੰਦਰ ਲਾਇਲਪੁਰ ਖਾਲਸਾ ਕਾਲਜ ਵਿਚ ਪੜ੍ਹਾ ਰਹੀ ਸੀ। ਬੇਟਾ ਅਮਰਦੀਪ ਛੇਵੀਂ ਵਿਚ ਹੋ ਗਿਆ ਸੀ। ਪੜ੍ਹਾਈ ਵਿਚ ਚੁਸਤ ਸੀ, ਜਮਾਤ ਵਿਚ ਅਵਲ ਆਉਂਦਾ ਸੀ।
ਜੋਗਿੰਦਰ ਸ਼ਮਸ਼ੇਰ ਦੱਸਦਾ ਹੈ- 1978 ਵਿਚ ਉਹ ਇੰਗਲੈਂਡ ਆਇਆ। ਦਿੱਲੀ ਵਾਲੀ ਅਜੀਤ ਕੌਰ ਵੀ ਆਈ। ਇੰਗਲੈਂਡ ਦੇ ਸਾਹਿਤਕ ਹਲਕਿਆਂ ਵਿਚ ਬੜੀ ਤੇਜ਼ੀ ਨਾਲ ਹਿਲ-ਜੁਲ ਹੋਈ। ਮੀਸ਼ਾ ਇਕ ਅਤੇ ਚਾਹਵਾਨ ਅਨੇਕਾਂ, ਉਸ ਨੂੰ ਵਿਹਲ ਨਾ ਲਗੇ। ਕਵੈਂਟਰੀ ਵਿਚ ਮੀਸ਼ੇ ਦੇ ਸਬੰਧ ਵਿਚ ਵਿਸ਼ੇਸ਼ ਪੁਸਤਕ ਛਾਪੀ ਗਈ। ਲਾਰਡ ਮੇਅਰ ਕੌਂਸਲਰ ਬੈਨਫੀਲਡ ਨੇ ਮੀਸ਼ੇ ਦਾ ਆਪਣੇ ਪਾਰਲਰ ਵਿਚ ਸੁਆਗਤ ਕੀਤਾ। ਇਥੋਂ ਮੀਸ਼ਾ ਟੋਰਾਂਟੋ ਗਿਆ। 10 ਸਤੰਬਰ ਨੂੰ ਸਾਡੇ ਕੋਲ ਵਾਪਸ ਪਰਤਿਆ ਅਤੇ 12 ਸਤੰਬਰ ਨੂੰ ਉਡੀਕ ਰਹੇ ਆਪਣੇ ਬੱਚਿਆਂ ਨੂੰ ਜਾ ਮਿਲਣ ਲਈ ਵਤਨ ਵਲ ਵਾਪਸ ਉਡਾਰੀ ਮਾਰ ਗਿਆ।æææ
ਜਨਵਰੀ 1979 ਵਿਚ ਜੋਗਿੰਦਰ ਸ਼ਮਸ਼ੇਰ ਨੇ ਭਾਰਤ ਜਾਣਾ ਸੀ। ਮੀਸ਼ਾ ਉਨ੍ਹਾਂ ਨੂੰ ਦਸੰਬਰ ‘ਚ ਆਉਣ ਲਈ ਜ਼ੋਰ ਦੇ ਰਿਹਾ ਸੀ। ਦਰਅਸਲ, ਉਦੋਂ ਹਰਵੱਲਭ ਸੰਗੀਤ ਮੇਲਾ ਹੁੰਦਾ ਹੈ, ਜਲੰਧਰ ਵਿਚ ਭਾਰਤੀ ਕਲਾਸੀਕਲ ਸੰਗੀਤ ਦੇ ਚੋਟੀ ਦੇ ਕਲਾਕਾਰ ਆਉਂਦੇ ਹਨ। ਉਂਜ, ਸਾਨੂੰ ਜਲਦੀ ਹੀ ਪਤਾ ਲੱਗ ਜਾਵੇਗਾ ਕਿ ਇਹ ਅਵਸਥਾ ਜ਼ਿਆਦਾ ਲੰਮਾ ਸਮਾਂ ਰਹਿਣੀ ਨਹੀਂ। ਐਨ ਇਹੋ ਸਮਾਂ ਹੈ ਜਦੋਂ ਉਸ ਦੇ ਅਤਿ ਪਿਆਰੇ ਪੁਰਾਣੇ ਮਿੱਤਰਾਂ ਵਿਚੋਂ ਪਹਿਲਾਂ ਨੰਦੀ ਬੱਲ ਅਤੇ ਫਿਰ ਜੀਤ ਭੰਗੋ, ਦੋਵੇਂ ਹੀ ਅਚਾਨਕ ਦਿਲ ਦੇ ਦੌਰੇ ਦਾ ਸ਼ਿਕਾਰ ਹੋ ਕੇ ਜ਼ਿੰਦਗੀ ਦੇ ਭਰੇ ਮੇਲੇ ਨੂੰ ਅਲਵਿਦਾ ਕਹਿ ਜਾਣੀ ਹੈ।
18 ਦਸੰਬਰ, 1978 ਨੂੰ ਮੀਸ਼ਾ ਜੋਗਿੰਦਰ ਸ਼ਮਸ਼ੇਰ ਨੂੰ ਲਿਖਦਾ ਹੈ: “ਮੈਂ ਇੰਗਲੈਂਡ ਤੋਂ ਵਾਪਸ ਆ ਕੇ ਅਜੇ ਤਕ ਉਖੜਿਆ ਉਖੜਿਆ ਹਾਂ। ਦਫਤਰ, ਘਰ, ਕਿਤੇ ਵੀ ਸਿਲਸਿਲਾ ਠੀਕ ਤਰ੍ਹਾਂ ਸੈੱਟ ਨਹੀਂ ਹੋਇਆ। ਖਾਸ ਕਾਰਨ ਵੀ ਕੋਈ ਨਜ਼ਰ ਨਹੀਂ ਆਉਂਦਾ, ਪਰ ਜੀਅ ਬੇਹੱਦ ਉਦਾਸ ਜਿਹਾ ਹੀ ਰਹਿੰਦਾ ਹੈ। ਨੰਦੀ ਦੀ ਮੌਤ ਦੀ ਦੁਖਦਾਈ ਖਬਰ ਤੈਨੂੰ ਪਹੁੰਚ ਗਈ ਹੋਵੇਗੀ। ਬਹੁਤ ਹੀ ਮਾੜੀ ਗੱਲ ਹੋਈ ਹੈ, ਕੀ ਕਰੀਏ।”
ਖੈਰ! ਜੋਗਿੰਦਰ ਸ਼ਮਸ਼ੇਰ ਆਉਂਦਾ ਹੈ; ਮੀਸ਼ੇ ਕੋਲ ਰਹਿੰਦਾ ਹੈ ਅਤੇ ਪਰਤ ਜਾਂਦਾ ਹੈ। ਅਪਰੈਲ ਦੇ ਪਹਿਲੇ ਹਫਤੇ ਜੀਤ ਭੰਗੋ ਇੰਗਲੈਂਡ ਜੋਗਿੰਦਰ ਸ਼ਮਸ਼ੇਰ ਕੋਲ ਹੈ।æææ ਤੇ ਫਿਰ ਮਹੀਨੇ ਕੁ ਬਾਅਦ ਗੁਰਦਿਆਲ ਮੰਡੇਰ ਦਾ ਫੋਨ ਆ ਜਾਂਦਾ ਹੈ: ‘ਜੀਤ ਸਿੰਘ ਭੰਗੋ ਅੱਜ ਸਵੇਰੇ ਦੌੜ ਲਾ ਕੇ ਆਇਆ ਸੀ। ਦੁੱਧ ਦਾ ਕੱਪ ਲਿਆ। ਚੰਡੀਗੜ੍ਹ ਗਈ ਪਤਨੀ ਦੀ ਫੋਨ ‘ਤੇ ਸੁਖ-ਸਾਂਦ ਪੁੱਛੀ ਤੇ ਸਦਾ ਲਈ ਸਾਡੇ ਕੋਲੋਂ ਚਲਾ ਗਿਆ।’
æææ ਤੇ 23 ਜੁਲਾਈ 1979 ਨੂੰ ਮੀਸ਼ੇ ਦੇ ਜੋਗਿੰਦਰ ਸ਼ਮਸ਼ੇਰ ਵੱਲ ਖਤ ਦੀ ਸਤਰ ਹੈ: ‘ਭੰਗੋ ਦੀ ਅਚਾਨਕ ਦੁਖਦਾਈ ਖਬਰ ਦਾ ਤੁਹਾਨੂੰ ਪਤਾ ਹੀ ਹੈ। ਬਹੁਤ ਹੀ ਮਾੜੀ ਗੱਲ ਹੋਈ, ਪਰ ਆਪਣਾ ਕਿਸੇ ਦਾ ਕੋਈ ਵਸ ਨਹੀਂ।’
ਜੋਗਿੰਦਰ ਅਨੁਸਾਰ, 1981 ਦੇ ਅੱਧ ਵਿਚ ਮੀਸ਼ਾ ਇਕ ਵਾਰ ਮੁੜ ਕਾਫੀ ਖੁਸ਼ ਰੌਂਅ ਵਿਚ ਹਨ। ਲੜਕਾ ਅਮਰਦੀਪ ਡੀæਏæਵੀæ ਕਾਲਜ ਨਾਨ ਮੈਡੀਕਲ ਪ੍ਰੀ-ਯੂਨੀਵਰਸਿਟੀ ਕਾਲਜ ‘ਚ ਅਵਲ ਆਇਆ ਹੈ (ਖੁਸ਼ ਹੋਵੇ ਵੀ ਕਿਉਂ ਨਾ, ਆਖਰ ਪ੍ਰੀ-ਯੂਨੀਵਰਸਿਟੀ ਨਾਨ ਮੈਡੀਕਲ ਨੇ ਹੀ ਤਾਂ ਉਹਦੀ ਪਹਿਲੀ ਵਾਰੀ ਨਾਂਹ ਕਰਵਾਈ ਸੀ)। ਲੜਕੀ ਰੀਨਾ ਸੇਂਟ ਜੋਸਿਫ ਕਾਨਵੈਂਟ ਵਿਖੇ 8ਵੀਂ ਵਿਚ ਹੋ ਗਈ ਹੈ, ਪਰ ਟਾਮਸ ਹਾਰਡੀ ਦਾ ਕਥਨ ਹੈ ਨਾ- ‘ਜ਼ਿੰਦਗੀ ਤਰਾਸਦੀਆਂ ਦਾ ਜਮਘਟਾ ਹੈ, ਸੁਖਾਂਤ ਤਾਂ ਇਥੇ ਕਦੀ ਕਦਾਈਂ, ਐਵੇਂ ਝਲਕਾਰਾ ਜਿਹਾ ਹੀ ਵਿਖਾਉਂਦੇ ਹਨ।’
ਨੰਦੀ ਬੱਲ ਅਤੇ ਜੀਤ ਭੰਗੋ ਵਰਗੇ ਉਨ੍ਹਾਂ ਦੇ ਦਿਲਜਾਨੀਆਂ ਦੇ ਵਿਛੋੜੇ ਤੋਂ ਕੁਝ ਹੀ ਵਰ੍ਹੇ ਬਾਅਦ ਨਿਰੰਤਰ ਦੁਖਾਂਤ ਦੇ ਮਨਹੂਸ ਸਾਏ ਨੇ ਪੰਜਾਬ ਦੀ ਪੂਰੀ ਧਰਤੀ ਤੇ ਫੈਲਣਾ ਸ਼ੁਰੂ ਕਰ ਦੇਣਾ ਹੈ। ਇਸ ਪ੍ਰਥਾਏ ਜੋਗਿੰਦਰ ਹੋਰਾਂ ਦੇ ਨਿਬੰਧ ਵਿਚ ਦਰਜ ਮੀਸ਼ਾ ਜੀ ਦੇ ਖਤ ਦੀਆਂ ਸਤਰਾਂ ਜ਼ਰਾ ਵੇਖੋ:
“ਪੰਜਾਬ ਹੌਲੀ ਹੌਲੀ ਸੰਤਾਪ ਦੀ ਦਿਸ਼ਾ ਵੱਲ ਵੱਧ ਰਿਹਾ ਹੈ। ਇੱਕਾ ਦੁੱਕਾ ਕਤਲ ਸ਼ੁਰੂ ਹੋ ਗਏ ਹਨ। ਕਪੂਰਥਲੇ ਵਿਚ ਇਕ ਵਿਅਕਤੀ ਦੀਵਾਨ ਅਤੇ ਉਸ ਦੇ ਪੁੱਤਰ ਪ੍ਰਹਿਲਾਦ (ਨਿਰੰਕਾਰੀ) ਨੂੰ ਮਾਰ ਦਿੱਤਾ ਗਿਆ ਹੈ। ਉਹ ਆਦਰ ਮਾਣ ਕਰਨ ਵਾਲੇ ਭਲੇ ਪੁਰਸ਼ ਸਨ। ਉਨ੍ਹਾਂ ਦਾ ਸਦਮਾ ਸਾਰੇ ਸ਼ਹਿਰ ਨੇ ਮਹਿਸੂਸ ਕੀਤਾ। ਮੀਸ਼ੇ ਨੇ ਲਿਖਿਆ ਕਿ “ਜਦੋਂ ਵੀ ਮਿਲਦੇ ਸਨ, ਤੁਹਾਡਾ ਹਾਲ ਚਾਲ ਪੁੱਛਿਆ ਕਰਦੇ ਸਨ।”æææ ਤੇ ਫਿਰ ਸਾਲ ਹੀ ਇਕ ਹੋਰ ਵੀ ਮਾੜੀ ਖਬਰ “ਜੀਤ ਭੰਗੋ ਦਾ ਬੇਟਾ ਚੰਡੀਗੜ੍ਹ ਹਾਦਸੇ ਦਾ ਸ਼ਿਕਾਰ ਹੋ ਗਿਆ ਹੈ। ਲੀਨਾ ਵਿਚਾਰੀ ਤਬਾਹ ਹੋ ਗਈ, ਕੀ ਧਰਵਾਸ ਦਈਏ, ਸੋਚ ਕੇ ਕਾਲਜਾ ਕੰਬ ਜਾਂਦਾ ਹੈ।”
ਸਾਲ 1983 ਦੇ ਸ਼ੁਰੂ ਵਿਚ ਉਹਦਾ ਸੰਖੇਪ ਜਿਹਾ ਖਤ ਹੈ: “ਮੈਂ ਨੌਕਰੀ ਤੋਂ ਤੰਗ ਹਾਂ, ਦਮ ਘੁਟਦਾ ਰਹਿੰਦਾ ਹੈ, ਪਰ ਕੋਈ ਚਾਰਾ ਨਹੀਂ।” ਸਾਕਾ ਨੀਲਾ ਤਾਰਾ ਦੀ ਤਰਾਸਦੀ ਤੋਂ ਮਹੀਨਾ ਪਹਿਲਾਂ 5 ਮਈ 1984 ਨੂੰ ਉਹ ਜਗਿੰਦਰ ਸ਼ਮਸ਼ੇਰ ਹੋਰਾਂ ਨੂੰ ਲਿਖਦਾ ਹੈ: “ਪੰਜਾਬ ਦੀ ਹਾਲਤ ਸਚਮੁੱਚ ਦਿਨੋ ਦਿਨ ਵਿਗੜ ਰਹੀ ਹੈ। ਭੜਕਾਹਟ ਦੀ ਕੋਈ ਕਮੀ ਨਹੀਂ ਰਹੀ, ਪਰ ਸ਼ਾਬਾਸ਼ ਲੋਕਾਂ ਦੇ, ਜਿਨ੍ਹਾਂ ਅਜੇ ਤਕ ਆਪਣਾ ਜ਼ਿਹਨੀ ਤਵਾਜ਼ਨ ਕਾਇਮ ਰਖਿਆ ਹੈ।”
ਜੋਗਿੰਦਰ ਇਸੇ ਨਿਬੰਧ ਵਿਚ ਦੱਸਦਾ ਹੈ: ਪੰਜਾਬ ਅਤੇ ਦੇਸ਼ ਦੇ ਹਾਲਾਤ ਸਿਰਫ਼ ਚੁੱਪ ਰਹਿਣ ਦੀ ਮੰਗ ਕਰਦੇ ਸਨ। ਸਿਆਸਤ ਨਿਹਾਇਤ ਘਿਨਾਉਣੀ ਸ਼ਕਲ ਅਖਤਿਆਰ ਕਰ ਚੁੱਕੀ ਸੀ। ਕਾਫਰ ਵੀ ਰੱਬ ਤੋਂ ਮਿਹਰ ਦੀ ਦੁਆ ਮੰਗ ਰਹੇ ਸਨ। ਫੈਜ਼ ਦੇ ਕਹਿਣ ਮੁਤਾਬਕ:
ਆਈਏ ਹਾਥ ਉਠਾਏਂ ਹਮ ਭੀ
ਹਮ ਜਿਨਹੇਂ ਰਸਮੇਂ ਦੁਆ ਯਾਦ ਨਹੀਂ
ਹਮ ਜਿਨਹੇਂ ਸੋਜ਼ੇ ਮੁਹੱਬਤ ਕੇ ਸਿਵਾ
ਕੋਈ ਬੁੱਤ, ਕੋਈ ਖੁਦਾ ਯਾਦ ਨਹੀਂ।
ਮੀਸ਼ੇ ਦੀ ਇਸ ਮਨੋਅਵਸਥਾ ਦਾ ਜ਼ਿਕਰ ਕਰਦਿਆਂ ਉਸ ਦੀ ‘ਫਰਕ’ ਸਿਰਲੇਖ ਹੇਠਲੀ ਪੁਰਾਣੀ, ਲੰਮੀ ਨਜ਼ਮ ਦੀਆਂ ਚੰਦ ਸਤਰਾਂ ਆਪ ਮੁਹਾਰੇ ਹੀ ਯਾਦ ਆ ਗਈਆਂ ਹਨ:
ਸੱਚ ਪੁੱਛੋ ਤਾਂ ਸੱਚ ਆਖਾਂ ਮੈਂ
ਹੁਣ ਉਹ ਗੱਲ ਨਹੀਂ।
ਸੂਰਜ ਉਹ ਹੈ, ਚੰਨ ਵੀ ਉਹ ਹੈ
ਪਰ ਉਹ ਦਿਨ ਨਹੀਂ
ਨਾ ਉਹ ਰਾਤਾਂ
ਭਾਵੇਂ ਜ਼ਿੰਦਗੀ ਮਾਰੂਥਲ ਨਹੀਂ
ਪਰ ਖਿੜ ਕੇ ਹੈ ਮੁਰਝਾ ਜਾਂਦੀ
ਇਹ ਕੋਈ ਨਿੱਤ ਦੀ ਹਰਿਆਵਲ ਨਹੀਂ।

ਹੁਣ ਤਾਂ ਜੇ ਸੱਚ ਪੁੱਛੋ ਪਿਆਰੇ
ਸੱਚ ਆਖਾਂ ਮੈਂ ਸੱਚ ਕਰ ਜਾਣੀ
ਕਦੀ ਕਦਾਈਂ, ਐਵੇਂ ਤਰਸ ਜਿਹਾ ਆ ਜਾਂਦਾ
ਬੁਝ ਚੁਕੇ ਹਨ ਸਭ ਅੰਗਿਆਰੇ
ਹੁਣ ਤੂੰ ਐਵੇਂ ਭੁੱਬਲ ਫੋਲੇਂ
ਚੜ੍ਹ ਕੇ ਲਹਿ ਗਏ ਪ੍ਰੀਤ ਦੇ ਪਾਣੀ
ਐਵੇਂ ਉਮਰ ਬਰੇਤੀ ਉਤੋਂ
ਸਿੱਪੀਆਂ ਘੋਗੇ ਪਿਆ ਵਿਰੋਲੇਂ
ਹੁਣ ਨਹੀਂ ਉਹ ਗੱਲ
ਹੁਣ ਉਹ ਗੱਲ ਨਹੀਂ!
ਪੰਜਾਬ ਦੀ ਸਥਿਤੀ ਅਤੇ ਇਸ ਪ੍ਰਥਾਏ ਮੀਸ਼ੇ ਦੀ ਮਨੋਦਸ਼ਾ ਬਾਰੇ ‘ਮੀਸ਼ੇ ਕਈ ਸਨ: ਸੋਹਣ ਸਿੰਘ ਮੀਸ਼ਾ’ ਸਿਰਲੇਖ ਹੇਠ ਲਿਖੇ ਪ੍ਰੇਮ ਪ੍ਰਕਾਸ਼ ਹੋਰਾਂ ਦੇ ਨਿਬੰਧ ‘ਚ ਗਵਾਹੀ ਜ਼ਰਾ ਵੇਖੋ: “ਉਹ ਰੇਡੀਓ ਸਟੇਸ਼ਨ ਨੂੰ ਜਾਂਦਾ ਆਉਂਦਾ ਮੇਰੇ ਘਰ ਆ ਜਾਂਦਾ। ਪੁੱਛਦਾ- ‘ਪ੍ਰੇਮ ਹੁਣ ਕੀ ਬਣੂੰæææ ਧਰਮਾਂ ਦੀ ਸਿਆਸਤ, ਇਨਸਾਨ ਦੋਸਤੀ ਪਾਲਣ ਦੇ ਵਾਅਦੇ, ਕੀ ਬਚਿਆ ਏ? ਅਸੀਂ 47 ਦੀ ਵੱਢ ਟੁਕ ਤੋਂ ਕੁਝ ਨਹੀਂ ਸਿਖਿਆ। ਕੀ ਖਾਲਿਸਤਾਨ ਬਣ ਜੂ? ਅਸੀਂ ਕਿਥੇ ਜਾਵਾਂਗੇ? ਮੈਂ ਨਹੀਂ ਰਹਿਣਾ ਖਾਲਿਸਤਾਨ ‘ਚæææ।”
ਪੰਜਾਬ ਦੇ ਮਾਹੌਲ ਨੇ ਮੀਸ਼ੇ ਨੂੰ ਬਹੁਤ ਬੇਚੈਨ ਕੀਤਾ ਹੋਇਆ ਸੀ। ਉਹਦਾ ਦਮ ਘੁਟਦਾ ਸੀ। ਉਹ ਢੱਠੇ ਹੋਏ ਅਕਾਲ ਤਖ਼ਤ ਨੂੰ ਵੇਖਣ ਵਾਲੇ ਮੀਡੀਆ ਦੇ ਪਹਿਲੇ ਲੋਕਾਂ ਦੇ ਨਾਲ ਗਿਆ ਸੀ। ਇਸ ਪ੍ਰਥਾਏ ਉਸ ਦੇ ਖਤ ਵਿਚ ਉਸ ਦਾ ਪ੍ਰਤੀਕਰਮ ਖੁਦ ਪੜ੍ਹ ਕੇ ਵੇਖੋ: “ਆਪਾਂ ਕਿਹੋ ਜਿਹਾ ਸਮਾਜ ਉਸਾਰਨ ਦੇ ਸੁਪਨੇ ਲੈਂਦੇ ਹੁੰਦੇ ਸਾਂ। ਇਹ ਕੀ ਹੋਈ ਜਾਂਦਾ ਹੈ।”
ਜੋਗਿੰਦਰ ਲਾਚਾਰੀ ਪ੍ਰਗਟ ਕਰਦਾ ਹੈ: “ਪਰ ਇਨ੍ਹਾਂ ਹਾਲਤਾਂ ਨੂੰ ਬਦਲਣਾ ਨਾ ਮੇਰੇ ਵੱਸ, ਨਾ ਮੀਸ਼ੇ ਦੇ। ਅਗਸਤ 1985 ਵਿਚ ਪ੍ਰੋਗ੍ਰੈਸਿਵ ਰਾਈਟਰਜ਼ ਐਸੋਸੀਏਸ਼ਨ ਦਾ ਗੋਲਡਨ ਜੁਬਲੀ ਸਮਾਗਮ ਸੀ। ਇਸ ਦੇ ਬਹਾਨੇ ਮੈਂ ਮੀਸ਼ੇ ਨੂੰ ਇੰਗਲੈਂਡ ਸੱਦਿਆ ਅਤੇ ਉਹ ਆ ਵੀ ਗਿਆ। ਇੰਗਲੈਂਡ ਆ ਕੇ ਉਹ ਕੁਝ ਦਿਨਾਂ ਲਈ ਯੂਰਪ ਚਲਿਆ ਗਿਆ। ਵਾਪਸ ਆਇਆ ਤਾਂ ਜਲੰਧਰੋਂ ਖਬਰ ਆ ਗਈ ਕਿ ਉਹਦੇ ਭਾਣਜੇ ਨੇ ਮਾਂ ਨਾਲ ਰੁਸ ਕੇ ਆਤਮਘਾਤ ਕਰ ਲਿਆ ਹੈ। ਉਹ ਸਭ ਪ੍ਰੋਗਰਾਮ ਕੈਂਸਲ ਕਰ ਕੇ ਵਾਪਸ ਚਲਿਆ ਗਿਆ।” ਘਰੇ ਪਰਤਣ ‘ਤੇ ਜਲਦੀ ਹੀ ਇਕ ਹੋਰ ਘਟਨਾ ਵਾਪਰ ਗਈ। ਜੋਗਿੰਦਰ ਅਨੁਸਾਰ- “ਮੀਸ਼ਾ ਆਪਣੀ ਮਾਂ ਨੂੰ ਬੇਜੀ ਕਹਿੰਦਾ ਹੁੰਦਾ ਸੀ। ਬੇਜੀ ਦੇ ਕਾਲਵੱਸ ਹੋਣ ‘ਤੇ ਮੈਂ ਉਸ ਨੂੰ ਫੋਨ ਕੀਤਾ, ਖਤ ਵੀ ਲਿਖਿਆ। ਉਸ ਦਾ ਜਵਾਬ ਵੇਖੋ: “ਤੁਹਾਡੇ ਖਤ ਨਾਲ ਮਨ ਨੂੰ ਬੜੀ ਢਾਰਸ ਮਿਲੀ। ਬੇਜੀ ਦੀ ਮੌਤ ਨਾਲ ਘਰ ਦਾ ਸਾਰਾ ਸਿਲਸਿਲਾ ਉਖੜ ਗਿਆ ਹੈ। ਮੈਂ ਅਚਾਨਕ ਬੁੱਢਾ ਹੋ ਗਿਆ ਹਾਂ। ਸਬਰ ਕਰਨਾ ਪਵੇਗਾ, ਕੋਈ ਚਾਰਾ ਨਹੀਂæææ।”
ਪਰ ਹੁਣ ਸਬਰ ਬਾਬਿਆਂ ਕੋਲੋਂ ਹੋਣਾ ਨਹੀਂ ਤੇ ਯਾਰਾਂ ਦੇ ਯਾਰ, ਮਹਿਫਲਾਂ ਦੇ ਸਰਦਾਰ, ਧੀਮੇ ਬੋਲਾਂ ਅਤੇ ਦੰਤ ਕਥਾਈ ਸੰਜਮ ਵਾਲੇ ਸਾਡੇ ਇਸ ਪਿਆਰੇ, ਸੰਤ ਮਨੁੱਖ ਦਾ ਸਾਲ 1986 ਚੜ੍ਹਦਿਆਂ ਹੀ ਮਾਨਸਿਕ ਵਿਚਲਨ ਸ਼ੁਰੂ ਹੋ ਜਾਵੇਗਾ ਜਿਸ ਦੀ ਕਹਾਣੀ ‘ਮੀਸ਼ਾ ਦਾ ਅੰਤਿਮ ਸਪਤਾਹ ਅਤੇ ਪਿਆਰੇ ਮੀਸ਼ਾ ਦੀ ਯਾਦ’ ਸਿਰਲੇਖ ਹੇਠਲੇ ਆਪਣੇ ਨਿਬੰਧਾਂ ਵਿਚ ਗੁਲਜ਼ਾਰ ਸਿੰਘ ਸੰਧੂ ਅਤੇ ਬਰਜਿੰਦਰ ਸਿੰਘ ਨੇ ਬਹੁਤ ਹੀ ਸ਼ਾਇਸਤਾ/ਹਮਦਰਦਾਨਾ ਅੰਦਾਜ਼ ਵਿਚ ਅਤੇ ਪ੍ਰੇਮ ਪ੍ਰਕਾਸ਼ ਸਮੇਤ ਕਈ ਹੋਰਾਂ ਮਿੱਤਰਾਂ ਨੇ ਪੂਰਨ ਨਗਨ ਭਾਸ਼ਾ ਵਿਚ, ਚਟਖਾਰੇ ਲਾ ਲਾ ਕੇ ਸਾਨੂੰ ਬਾਖੂਬੀ ਸੁਣਾਈ ਹੈ।
ਪਹਿਲਾਂ ‘ਮੀਸ਼ੇ ਦਾ ਅੰਤਿਮ ਸਪਤਾਹ’ ਵਿਚ ਗੁਲਜ਼ਾਰ ਸਿੰਘ ਸੰਧੂ ਨੇ ਉਸ ਦੀ ਮਨੋਦਸ਼ਾ ਦੀ ਗਵਾਹੀ ਪਾਈ ਹੋਈ ਹੈ: 13 ਸਤੰਬਰ 1986 ਨੂੰ ਬੇਅਰਿੰਗ ਯੂਨੀਅਨ ਕ੍ਰਿਸਚੀਅਨ ਕਾਲਜ ਬਟਾਲੇ ਬਾਅਦ ਦੁਪਹਿਰ 3 ਵਜੇ, ਪਹੁੰਚਣ ‘ਤੇ ਪ੍ਰਿੰਸੀਪਲ ਦੇ ਕਮਰੇ ‘ਚ ਵੜਦਿਆਂ ਹੀ ਉਹ ਆਪਣੇ ਮਿੱਤਰ ਨਾਲ ‘ਲੜ’ ਰਹੇ ਹਨ। ਲੜਨ ਦਾ ਅਤਿਅੰਤ ਖੂਬਸੂਰਤ ਮੀਸ਼ੀਆਨ ਅੰਦਾਜ਼ ਜ਼ਰਾ ਵੇਖੋ: “ਨਾ ਤੂੰ ਸਮਝਦਾ ਕੀ ਹੈਂ ਆਪਣੇ ਆਪ ਨੂੰ? ਮੈਂ ਤੈਨੂੰ ਕੁਝ ਕਹਿ ਵੀ ਨਹੀਂ ਸਕਦਾ। ਮੈਂ ਕੇਵਲ 5 ਦੋਸਤ ਬਣਾਏ ਸਨ। ਤੂੰ ਉਨ੍ਹਾਂ ਵਿਚੋਂ ਇਕ ਹੈ। ਚੱਢਾ ਮਰ ਗਿਆ ਹੈ। ਨੰਦੀ ਵੀ ਮਰ ਗਿਆ ਹੈ। ਮੈਂ ਵੀ ਥੋੜ੍ਹੇ ਦਿਨ ਹਾਂ। ਮੰਡੇਰ ਵੀ ਪਹਿਲਾਂ ਵਾਂਗ ਨਹੀਂ ਮਿਲਦਾ। ਮੈਂ ਮਰ ਜਾਣਾ ਹੈ। ਤੁਸੀਂ ਬੈਠੇ ਰਹਿਣਾ ਪਿੱਛੋਂ ਅਤੇ ਫਿਰ ਉਚੀ ਉਚੀ ਹੱਸਣ ਲੱਗ ਪਿਆ। ਲਗਾਤਾਰ। ਮੀਸ਼ੇ ਵਾਲਾ ਹਾਸਾ!”
ਮੀਸ਼ੇ ਦੀ ਪਹਿਲੀ ਅਤੇ ਆਖਰੀ ‘ਚੀਕ ਬੁਲਬੁਲੀ’ ਦਾ ਸਮਝਣ ਲਈ ਜੋਗਿੰਦਰ ਸ਼ਮਸ਼ੇਰ ਦੇ ਨਿਬੰਧ ਦੇ ਕੁਝ ਹੋਰ ਵਿਸਥਾਰ ਵੀ ਜਾਣ ਲਾਏ ਜਾਵਣæææ ਉਸ ਅਨੁਸਾਰ, ਉਹਨੇ ਅਪਰੈਲ 1986 ਵਿਚ ਭਾਰਤ ਜਾਣ ਦੀ ਯੋਜਨਾ ਬਣਾਉਣੀ ਸ਼ੁਰੂ ਕੀਤੀ ਜੋ ਸਤੰਬਰ ਵਿਚ ਜਾ ਕੇ ਸਿਰੇ ਚੜ੍ਹੀ। 19 ਸਤੰਬਰ ਨੂੰ ਉਹ ਦਿੱਲੀ ਏਅਰਪੋਰਟ ‘ਤੇ ਉਤਰਿਆ। ਗੁਰਦਿਆਲ ਮੰਡੇਰ ਉਹਨੂੰ ਲੈਣ ਆਇਆ ਹੋਇਆ ਸੀ। ਉਸ ਦੇ ਨਾਲ ਉਹ ਉਸ ਦੇ ਘਰੇ ਚਲੇ ਗਏ। ਰਾਤ ਸੁੱਤੇ। ਸਵੇਰੇ ਉਠਦੇ ਸਾਰ ਆਪਣੇ ਪਿਆਰੇ ਮਿੱਤਰ ਮੀਸ਼ੇ ਨੂੰ ਫੋਨ ਕੀਤਾ ਕਿ ਵੀਜ਼ਾ ਨਾ ਲੱਗਣ ਕਾਰਨ ਐਤਕੀਂ ਉਹਨੇ ਪੰਜਾਬ ਨਹੀਂ ਆਉਣਾ। ਉਨ੍ਹਾਂ ਪਹਿਲਾਂ ਕਸ਼ਮੀਰ ਅਤੇ ਫਿਰ ਰਾਜਸਥਾਨ ਹੋ ਕੇ ਦਿੱਲੀਓਂ ਹੀ ਪਰਤ ਜਾਣਾ ਹੈ।
ਜੋਗਿੰਦਰ ਸ਼ਮਸ਼ੇਰ ਆਵੇ ਅਤੇ ਮੀਸ਼ਾ ਉਹਨੂੰ ਮਿਲੇ ਨਾ; ਇਹ ਕਿੰਝ ਹੋ ਸਕਦੈ!
ਜੋਗਿੰਦਰ ਦੱਸਦਾ ਹੈ: ਮੀਸ਼ੇ ਦਾ ਅੱਗਿਉਂ ਜਵਾਬ ਸੀ ਕਿ ਉਹ 22 ਸਤੰਬਰ ਨੂੰ ਸਵੇਰੇ ਹੀ ਦਿੱਲੀ ਮੰਡੇਰ ਦੇ ਘਰੇ ਪਹੁੰਚ ਰਿਹੈ- ਉਹ ਕੋਈ ਵੀ ਪ੍ਰੋਗਰਾਮ ਉਸ ਨੂੰ ਮਿਲਣ ਤੋਂ ਬਾਅਦ ਹੀ ਬਣਾਉਣ, ਪਰ 21 ਸਤੰਬਰ ਰਾਤ ਸਾਢੇ 10 ਵਜੇ ਮੈਡਮ ਮੀਸ਼ਾ ਦਾ ਮੰਡੇਰ ਨੂੰ ਫੋਨ ਆ ਗਿਆ ਕਿ ਮਹਾਂ ਪੁਰਖ ਕਾਂਜਲੀ ਝੀਲ ‘ਤੇ ਜਾ ਕੇ ਰੁਮਾਂਟਿਕ ਅੰਦਾਜ਼ ਵਿਚ ਪੂਰਨ ਸਜ ਧਜ ਨਾਲ, ਵਰ੍ਹਿਆਂ ਤੋਂ ਆਪਣੇ ਅੰਦਰ ਦਬਾਈ ਲੰਮੀ ‘ਚੀਕ ਬੁਲਬੁਲੀ’ ਮਾਰ ਗਏ ਹਨ।
ਜੋਗਿੰਦਰ ਨੇ ਆਪਣੇ ਯਾਦ ਨਿਬੰਧਾਂ ਵਿਚ ਮੈਡਮ ਮੀਸ਼ਾ ਦਾ 12 ਨਵੰਬਰ 1986 ਨੂੰ ਉਹਨੂੰ ਲਿਖਿਆ ਖਤ ਹੂ-ਬਹੂ ਦਿੱਤਾ ਹੋਇਆ ਹੈ: “ਤੁਸੀਂ ਦਿੱਲੀ 19 ਸਤੰਬਰ ਨੂੰ ਪਹੁੰਚੇ। ਸੋਚਦੀ ਹਾਂ, ਜੇ ਤੁਹਾਡੀ ਮੀਸ਼ਾ ਜੀ ਨਾਲ 20 ਦੀ ਸਵੇਰ ਦੀ ਜਗ੍ਹਾ ਉਥੇ ਉਤਰਦਿਆਂ ਹੀ ਗੱਲ ਹੋ ਜਾਂਦੀ ਕਿ ਪੰਜਾਬ ਦਾ ਵੀਜ਼ਾ ਨਹੀਂ ਮਿਲਿਆ ਤਾਂ ਉਨ੍ਹਾਂ ਨੇ ਉਸੇ ਵਕਤ ਦਿੱਲੀ ਤੁਹਾਨੂੰ ਮਿਲਣ ਰਵਾਨਾ ਹੋ ਜਾਣਾ ਸੀ ਤੇ 21 ਸਤੰਬਰ ਦੀ ਮਨਹੂਸ ਘੜੀ ਟਲ ਜਾਂਦੀ, ਪਰ ਕਿਥੇ! ਮੌਤ ਤਾਂ ਆਪ ਖਿੱਚ ਕੇ ਲੈ ਗਈ ਉਨ੍ਹਾਂ ਨੂੰ। ਘਰੋਂ ਤਾਂ ਕਾਰ ਦਾ ਨੰਬਰ ਲਗਵਾਉਣ ਲਈ ਗਏ ਸਨ ਅਤੇ ਉਥੋਂ ਹੀ ਕਾਂਜਲੀ ਝੀਲ ‘ਤੇ ਪਿਕਨਿਕ ਲਈ ਜਾਣ ਦਾ ਪ੍ਰੋਗਰਾਮ ਬਣ ਗਿਆ ਜੋ ਜਾਨ-ਲੇਵਾ ਸਾਬਤ ਹੋਇਆ। 20 ਸਤੰਬਰ ਦੀ ਰਾਤ ਨੂੰ ਮੈਨੂੰ ਇੰਗਲੈਂਡ ਜਾਣ ਬਾਰੇ ਸਮਝਾਉਂਦੇ ਰਹੇ ਕਿ ਜਾਓਗੇ ਤਾਂ ਕਿਹੜੀਆਂ ਗੱਲਾਂ ਦਾ ਉਥੇ ਧਿਆਨ ਰੱਖਣਾ ਪੈਣਾ। ਕਹਿੰਦੇ ਕਿ ਲੰਡਨ ਜਾ ਕੇ ਥਿਏਟਰ ਵੇਖਣਾ ਨਾ ਭੁੱਲਣਾ, ਪਰ ਇਹ ਪਤਾ ਨਹੀਂ ਸੀ ਕਿ ਸਭ ਕੁਝ ਵਿਚੇ ਹੀ ਰਹਿ ਜਾਣਾ ਸੀ।” (ਚੱਲਦਾ)