ਈਸਾਈ ਰਿਬੇਰੋ

(ਜੂਲੀਅਨ ਰਿਬੇਰੋ ਅੱਸੀਵਿਆਂ ਵਿਚ ਪੰਜਾਬ ਪੁਲਿਸ ਦਾ ਡੀæਜੀæਪੀæ ਰਿਹਾ। ਇਸ ਤੋਂ ਪਹਿਲਾਂ ਉਹ ਬੰਬਈ ਅਤੇ ਗੁਜਰਾਤ ਦਾ। ਰਿਟਾਇਰ ਹੋ ਕੇ ਉਸ ਨੇ ਰੋਮਾਨੀਆ ਦੇ ਰਾਜਦੂਤ ਵਜੋਂ ਡਿਊਟੀ ਨਿਭਾਈ। ਉਸ ਦੀ ਕਿਤਾਬ Ḕਬੁਲਿਟ ਫਾਰ ਬੁਲਿਟḔ ਬਾਰੇ ਮੈਂ ਪੰਜਾਬੀ ਪਾਠਕਾਂ ਨੂੰ ਜਾਣੂ ਕਰਵਾ ਦਿੱਤਾ ਸੀ। ਹੁਣ ਵੀ ਗਾਹੇ ਬਗਾਹੇ ਉਹ ਪੁਰਾਣੇ ਦਿਨਾਂ ਬਾਰੇ ਆਪਣੀ ਟਿੱਪਣੀ ਦਿੰਦਾ ਰਹਿੰਦਾ ਹੈ। ਉਸ ਦੀ ਲਿਖਤ ਅੰਗਰੇਜ਼ੀ ਵਿਚ ਛਪੀ ਪੜ੍ਹੀ ਤਾਂ ਇਸ ਦਾ ਤਰਜਮਾ ਕਰਨ ਦਾ ਮਨ ਇਸ ਲਈ ਕੀਤਾ ਕਿ ਸਟੇਟ ਦੇ ਨਿਸ਼ਕਾਮ ਸੇਵਕ ਜੇ ਘੱਟ ਗਿਣਤੀ ਕੌਮ ਵਿਚੋਂ ਹਨ, ਉਹ ਕੀ ਸੋਚਦੇ ਹਨ।

-ਅਨੁਵਾਦਕ)

ਡਾæ ਹਰਪਾਲ ਸਿੰਘ ਪੰਨੂ
ਫੋਨ: 91-94642-51454

ḔḔਬਹੁਤਾ ਲੰਮਾ ਅਰਸਾ ਨਹੀਂ ਹੋਇਆ, ਤੀਹ ਕੁ ਸਾਲ ਪਹਿਲਾਂ ਪ੍ਰਧਾਨ ਮੰਤਰੀ ਨੇ ਪੰਜਾਬ ਵਿਚ ਖਾੜਕੂਆਂ ਵਿਰੁਧ ਲੜਨ ਲਈ ਇਕ ਈਸਾਈ ਦੀ ਚੋਣ ਕੀਤੀ। ਇਸ ਨੂੰ ਉਹ ਵੱਖਵਾਦੀਆਂ ਵਿਰੁਧ ਜੰਗ ਕਿਹਾ ਕਰਦਾ ਸੀ। ਮੈਂ ਉਦੋਂ ਕੇਂਦਰੀ ਗ੍ਰਹਿ ਮੰਤਰਾਲੇ ਵਿਚ ਸਕੱਤਰ ਸਾਂ। ਸਕੱਤਰ ਦੀ ਪਦਵੀ ਡੀæਜੀæਪੀæ ਦੀ ਆਸਾਮੀ ਤੋਂ ਸੀਨੀਅਰ ਹੁੰਦੀ ਹੈ। ਇਉਂ ਸਮਝੋ ਕਿ ਮੈਨੂੰ ਡਿਮੋਟ ਕਰਕੇ ਪੰਜਾਬ ਭੇਜਿਆ ਗਿਆ। ਇਹ ਬੇਨਤੀ ਕਿਉਂਕਿ ਪ੍ਰਧਾਨ ਮੰਤਰੀ ਦੀ ਨਿਜੀ ਸੀ, ਇਸ ਕਰਕੇ ਮੈਂ ਨਾਂਹ ਨਾ ਕੀਤੀ।
ਉਦੋਂ ਦੇ ਹੋਮ ਸਕੱਤਰ ਰਾਮ ਪ੍ਰਧਾਨ ਅਤੇ ਮੇਰੇ ਮਿੱਤਰ ਬੀæਡੀæ ਦੇਸ਼ਮੁਖ ਮਹਾਂਰਾਸ਼ਟਰ ਦੇ ਚੀਫ ਸਕੱਤਰ ਸਨ, ਦੋਵੇਂ ਨਾਰਾਜ਼ ਹੋਏ ਤੇ ਮੈਨੂੰ ਪੁਛਿਆ, ਤੂੰ ਹਾਂ ਕੀਤੀ ਹੀ ਕਿਉਂ? ਗਿਆਨੀ ਜ਼ੈਲ ਸਿੰਘ ਦਾ ਰਾਸ਼ਟਰਪਤੀ ਭਵਨ ਵਿਚੋਂ ਫੋਨ ਆਇਆ, ਉਨ੍ਹਾਂ ਦਾ ਵੀ ਸਵਾਲ ਇਹੋ ਸੀ! ਕੇਂਦਰੀ ਮੰਤਰੀ ਅਰਜਨ ਸਿੰਘ ਜਹਾਜ਼ ਵਿਚ ਮੈਨੂੰ ਪੰਜਾਬ ਛੱਡਣ ਵਾਸਤੇ ਆਪ ਆਇਆ ਸੀ, ਉਸ ਨੇ ਰਸਤੇ ਵਿਚ ਕਿਹਾ, ਕੱਲ੍ਹ ਨੂੰ ਜਦੋਂ ਤੁਹਾਡੀ ਨਿਯੁਕਤੀ ਦਾ ਐਲਾਨ ਹੋਏਗਾ, ਪੰਜਾਬ ਦੇ ਹਿੰਦੂ ਸੁਖ ਦਾ ਸਾਹ ਲੈਣਗੇ, ਖੁਸ਼ ਹੋਣਗੇ। ਮੈਂ ਸੋਚਿਆ ਹਿੰਦੂਆਂ ਵਿਚ ਆਰæਐਸ਼ਐਸ਼ ਦੇ ਵਰਕਰ ਵੀ ਹੋਣਗੇ ਜਿਨ੍ਹਾਂ ਨੂੰ ਖਾੜਕੂਆਂ ਨੇ ਖੂੰਜੇ ਵਿਚ ਤੁੰਨ ਦਿੱਤਾ ਸੀ।
ਇਕ ਸਵੇਰ ਪਰੇਡ ਕਰਦਿਆਂ 25 ਆਰæਐਸ਼ਐਸ਼ ਵਰਕਰ ਖਾੜਕੂਆਂ ਨੇ ਗੋਲੀਆਂ ਨਾਲ ਭੁੰਨ ਦਿਤੇ। ਪੰਜਾਬ ਦੇ ਗਵਰਨਰ ਐਸ਼ਐਸ਼ ਰੇਅ ਨਾਲ ਮ੍ਰਿਤਕਾਂ ਦੇ ਦੁਖੀ ਪਰਿਵਾਰਾਂ ਨੂੰ ਧਰਵਾਸ ਦੇਣ ਮੈਂ ਵੀ ਗਿਆ। ਗਵਰਨਰ ਬਾਰਾਂ ਘਰਾਂ ਵਿਚ ਗਿਆ, ਮੈਂ ਤੇਰਾਂ ਵਿਚ। ਗਵਰਨਰ ਦਾ ਅਨੁਭਵ ਮੈਥੋਂ ਵੱਖਰਾ ਸੀ। ਉਸ ਨੂੰ ਫਿਟ ਲਾਹਨਤਾਂ ਪਈਆਂ, ਗਾਲ੍ਹਾਂ ਪਈਆਂ। ਮੈਨੂੰ ਲੋਕ ਠਰਮੇ ਨਾਲ ਮਿਲੇ।
ਅੱਜ ਮੈਂ 86 ਸਾਲਾਂ ਦਾ ਹੋ ਗਿਆ ਹਾਂ, ਮੈਂ ਖੌਫਜ਼ਦਾ ਹਾਂ, ਜਿਸ ਦੀ ਦੇਸ ਨੂੰ ਹੁਣ ਕੋਈ ਲੋੜ ਨਹੀਂ, ਆਪਣੇ ਮੁਲਕ ਵਿਚ ਅਜਨਬੀ ਹਾਂ। ਭਾਰਤੀ ਨਾਗਰਿਕਾਂ ਦਾ ਉਹੋ ਹਿੱਸਾ ਜਿਸ ਨੂੰ ਮੈਂ ਸਖਤ ਖਤਰੇ ਵਿਚੋਂ ਬਾਹਰ ਕੱਢਿਆ, ਹੁਣ ਮੇਰੀ ਆਲੋਚਨਾ ਕਰ ਰਿਹਾ ਹੈ ਕਿਉਂਕਿ ਮੇਰਾ ਧਰਮ ਹੋਰ ਹੈ, ਉਨ੍ਹਾਂ ਦਾ ਹੋਰ। ਹੁਣ ਮੈਂ ਭਾਰਤੀ ਨਹੀਂ ਰਿਹਾ, ਘੱਟੋ ਘੱਟ ਹਿੰਦੂ ਰਾਸ਼ਟਰ ਦੇ ਮੁੱਦਈਆਂ ਲਈ ਤਾਂ ਬਿਲਕੁਲ ਨਹੀਂ।
ਇਹ ਸੁਤੇ ਸਿਧ ਹੋ ਗਿਆ ਕਿ ਕੋਈ ਸੋਚੀ ਸਮਝੀ ਵਿਉਂਤ ਹੈ ਕਿ ਕਿਸੇ ਅਮਨ ਪਸੰਦ ਘੱਟ ਗਿਣਤੀ ਨੂੰ ਨਰਿੰਦਰ ਮੋਦੀ ਦੀ ਬੀæਜੇæਪੀæ ਸਰਕਾਰ ਬਣਨ ਬਾਅਦ ਹਮਲਿਆਂ ਦਾ ਨਿਸ਼ਾਨਾ ਬਣਾ ਲਿਆ ਜਾਵੇ? ਉਨ੍ਹਾਂ ਇਕ ਨਾਹਰਾ ਘੜ ਲਿਆ ਹੈ-ਘਰ ਵਾਪਸੀ। ਕ੍ਰਿਸਮਸ ਦੇ ਦਿਨ ਦਿੱਲੀ ਵਿਚ ਉਨ੍ਹਾਂ ਨੇ ਈਸਾਈ ਚਰਚਾਂ ਅਤੇ ਸਕੂਲਾਂ ਉਪਰ ਹਮਲੇ ਕਰਕੇ Ḕਸ਼ਾਨਦਾਰ ਪ੍ਰਸ਼ਾਸਨ ਦਿਵਸḔ ਮਨਾਇਆ। ਅਮਨ ਪਸੰਦ ਈਸਾਈਆਂ ਨੂੰ ਘਿਰ ਜਾਣ ਦਾ ਅਹਿਸਾਸ ਹੋ ਗਿਆ ਹੈ।
ਬਹੁਤ ਘੱਟਗਿਣਤੀ ਹੋਣ ਦੇ ਬਾਵਜੂਦ ਈਸਾਈਆਂ ਨੇ ਮਿਹਨਤ ਕੀਤੀ ਤੇ ਉਚੇ ਮਰਤਬੇ ਹਾਸਲ ਕੀਤੇ। ਪਾਰਸੀਆਂ ਜਿੰਨੀ ਤਰੱਕੀ ਤਾਂ ਨਹੀਂ ਕਹਿ ਸਕਦੇ ਫਿਰ ਵੀ ਚੜ੍ਹਤ ਵਿਚ ਦਿਸਦੇ ਜ਼ਰੂਰ ਹਨ। ਈਸਾਈਆਂ ਨੇ ਵਿਦਿਆ ਵਲ ਵਿਸ਼ੇਸ਼ ਧਿਆਨ ਦਿੱਤਾ। ਬਹੁਤ ਸਾਰੇ ਸਕੂਲਾਂ, ਕਾਲਜਾਂ ਅਤੇ ਹੋਰ ਸੰਸਥਾਵਾਂ ਵਿਚ ਈਸਾਈਆਂ ਨੇ ਖੂਬ ਕੁਸ਼ਲਤਾ ਦਿਖਾਈ ਹੈ। ਈਸਾਈ ਅਧਿਆਪਕਾਂ ਪਾਸੋਂ ਗੈਰ ਈਸਾਈ ਵਿਦਿਆਰਥੀਆਂ ਨੇ ਸ਼ਾਨਦਾਰ ਵਿਦਿਆ ਪ੍ਰਾਪਤ ਕੀਤੀ। ਇਨ੍ਹਾਂ ਦੇ ਸਕੂਲਾਂ/ਕਾਲਜਾਂ ਵਿਚ ਦਾਖਲਾ ਮੁਸ਼ਕਿਲ ਨਾਲ ਮਿਲਦਾ ਹੈ। ਕੱਟੜ ਹਿੰਦੂ ਆਪਣੇ ਬੱਚੇ ਈਸਾਈ ਵਿਦਿਆਲਿਆਂ ਵਿਚ ਪੜ੍ਹਾ ਕੇ ਈਸਾਈ ਅਧਿਆਪਕਾਂ ਦੀ ਲਿਆਕਤ ਦਾ ਲਾਹਾ ਲੈਂਦੇ ਹਨ। ਮੈਨੂੰ ਨਹੀਂ ਲਗਦਾ ਈਸਾਈ ਸਕੂਲ ਵਿਚ ਪੜ੍ਹ ਕੇ ਕੋਈ ਹਿੰਦੂ ਬੱਚਾ ਈਸਾਈ ਹੋਇਆ ਹੋਵੇ। ਕਈਆਂ ਨੇ ਉਚੀਆਂ ਈਸਾਈ ਕਦਰਾਂ ਕੀਮਤਾਂ ਜਰੂਰ ਸਿਖੀਆਂ ਤੇ ਫਰਜ਼ੀ ਧਰਮ ਨਿਰਪੇਖ ਵੀ ਬਣੇ।
ਈਸਾਈ ਧਰਮੀ ਮੱਠਾਂ ਨੇ ਹਸਪਤਾਲ, ਨਰਸਿੰਗ ਹੋਮ ਅਤੇ ਕੈਂਸਰ ਪੀੜਤਾਂ ਲਈ ਸੁਖ-ਆਰਾਮ ਬਣਾਏ ਜਿਨ੍ਹਾਂ ਵਿਚ ਅਨਪੜ੍ਹ ਈਸਾਈ ਸੇਵਕ ਸੇਵਾ ਕਰਨੀ ਪੁੰਨ ਸਮਝਦੇ ਹਨ। ਇਨ੍ਹਾਂ ਈਸਾਈ ਨਿਸ਼ਕਾਮ ਸੇਵਕਾਂ ਨੂੰ ਕੀ ਇਸ ਡਰੋਂ ਆਪਣੀ ਸੇਵਾ ਬੰਦ ਕਰ ਦੇਣੀ ਚਾਹੀਦੀ ਹੈ ਕਿ ਉਨ੍ਹਾਂ ਦੀ ਨੇਕੀ ਵਲ ਦੇਖ ਕੇ ਕੋਈ ਹਿੰਦੂ ਈਸਾਈ ਨਾ ਹੋ ਜਾਵੇ? ਦੁਖੀਆਂ ਦਾ ਦਰਦ ਵੰਡਾਉਣ ਦਾ ਹੱਕ ਕੀ ਕੇਵਲ ਹਿੰਦੂਆਂ ਨੂੰ ਹੈ?
ਭਾਰਤੀ ਥਲ ਸੈਨਾ ਦਾ ਚੀਫ ਈਸਾਈ ਰਿਹਾ। ਨੇਵੀ ਅਤੇ ਏਅਰ ਫੋਰਸ ਦੇ ਚੀਫ ਤਾਂ ਕਈ ਵਾਰ ਈਸਾਈ ਬਣੇ। ਦੇਸ਼ ਦੀਆਂ ਸੈਨਾਵਾਂ ਵਿਚ ਅਨੇਕ ਈਸਾਈ ਮਰਦ-ਔਰਤਾਂ ਵਰਦੀਧਾਰੀ ਹਨ। ਸੰਘ ਪਰਿਵਾਰ ਦੇ ਸਿਰ ਫਿਰੇ ਲੀਡਰ ਹਿੰਦੂ ਰਾਸ਼ਟਰ ਦੀ ਸਥਾਪਨਾ ਵਾਸਤੇ ਈਸਾਈਆਂ ਨੂੰ ਗੈਰ ਭਾਰਤੀ ਕਿਵੇਂ ਐਲਾਨ ਸਕਦੇ ਹਨ?
ਇਨ੍ਹਾਂ ਅਤਿਵਾਦੀਆਂ ਦੇ ਹੌਸਲੇ ਹੱਦ ਟੱਪ ਗਏ ਹਨ। ਘ੍ਰਿਣਾ ਅਤੇ ਬੇਵਿਸ਼ਵਾਸੀ ਦਾ ਮਾਹੌਲ ਸਿਰਜਿਆ ਜਾ ਰਿਹਾ ਹੈ। ਕੁੱਲ ਵਸੋਂ ਵਿਚੋਂ ਈਸਾਈ ਭਾਰਤ ਵਿਚ ਕੇਵਲ ਦੋ ਪ੍ਰਤੀਸ਼ਤ ਹਨ ਜਿਨ੍ਹਾਂ ਉਤੇ ਵਿਉਂਤਬੰਦ ਹਿੰਸਕ ਹਮਲੇ ਹੋ ਰਹੇ ਹਨ। ਬਾਅਦ ਵਿਚ ਇਹੋ ਅਤਿਵਾਦੀ ਜੇ ਮੁਸਲਮਾਨਾਂ ਨੂੰ ਆਪਣੇ ਨਿਸ਼ਾਨੇ ‘ਤੇ ਲੈ ਆਏ, ਜੋ ਕਿ ਸੰਭਵ ਲਗਦਾ ਹੈ, ਤਦ ਖੌਫਨਾਕ ਨਤੀਜੇ ਹੋਣਗੇ।
ਮੈਂ ਸੁੱਖ ਦਾ ਸਾਹ ਲਿਆ ਜਦੋਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਿੱਲੀ ਈਸਾਈ ਸਕਲ ਦੇ ਇਕ ਸਮਾਗਮ ਵਿਚ ਭਾਸ਼ਣ ਦੇ ਕੇ ਆਇਆ। ਪਰ ਉਸ ਪਿਛੋਂ ਮੋਹਨ ਭਾਗਵਤ ਨੇ ਨਿਰਵਿਵਾਦਿਤ ਪ੍ਰਸਿੱਧ ਸੰਤ ਮਦਰ ਟੇਰੇਸਾ ਵਿਰੁਧ ਆਪਣੀ ਭੜਾਸ ਕੱਢੀ। ਮੈਨੂੰ ਲੱਗਾ, ਜਿਵੇਂ ਮੈਂ ਮੁੜ ਹਿੱਟ ਲਿਸਟ ਉਤੇ ਆ ਗਿਆ ਹੋਵਾਂ। ਉਦੋਂ ਤਾਂ ਹੱਦ ਹੀ ਹੋ ਗਈ ਜਦੋਂ ਮੀਨਾਕਸ਼ੀ ਲੇਖੀ ਵਰਗੇ ਭਾਜਪਾ ਲੀਡਰਾਂ ਨੇ ਆਪਣੇ ਚੀਫ ਮੋਹਨ ਭਾਗਵਤ ਦੇ ਖਿਆਲਾਂ ਦੀ ਹਮਾਇਤ ਕੀਤੀ।
ਮੈਂ ਕੀ ਕਰਾਂ? ਆਪਣੇ ਵਿਚ ਮੁੜ ਆਤਮ ਵਿਸ਼ਵਾਸ ਕਾਇਮ ਕਰਨ ਲਈ ਮੈਨੂੰ ਕੀ ਕਰਨਾ ਚਾਹੀਦਾ ਹੈ? ਇਸੇ ਦੇਸ਼ ਵਿਚ ਜੰਮਿਆ ਹਾਂ ਮੈਂ। ਪੰਜ ਹਜ਼ਾਰ ਸਾਲ ਜਾਂ ਉਸ ਤੋਂ ਵੀ ਪਹਿਲਾਂ ਮੇਰੇ ਪੁਰਖੇ ਇਥੋਂ ਦੇ ਹੀ ਬਾਸ਼ਿੰਦੇ ਸਨ। ਮੇਰਾ ਡੀæਐਨæਏæ ਟੈਸਟ ਕਰਕੇ ਪਰਖੋ, ਯਕੀਨਨ ਇਹ ਮੋਹਨ ਭਾਗਵਤ ਨਾਲੋਂ ਵੱਖਰਾ ਨਹੀਂ ਨਿਕਲੇਗਾ। ਦੇਸ਼ ਦੇ ਰੱਖਿਆ ਮੰਤਰੀ ਦਾ ਡੀæਐਨæਏæ ਵੀ ਸਾਡੇ ਨਾਲ ਮਿਲਦਾ ਹੈ ਕਿਉਂਕਿ ਸਾਡੇ ਵਡੇਰੇ ਸੰਤ ਪਰਸੂਰਾਮ ਨਾਲ ਗੋਆ ਵਿਚ ਆ ਕੇ ਉਤਰੇ ਸਨ। ਮੈਨੂੰ ਲਗਦਾ ਹੈ, ਇਸ ਕੁਰਸੀਨਾਮੇ ਵਿਚ ਸਾਡਾ ਸਭ ਦਾ ਪ੍ਰਾਚੀਨ ਵਡੇਰਾ ਇਕੋ ਹੈ। ਇਤਿਹਾਸ ਵਿਚ ਇਹ ਘਟਨਾ ਵਾਪਰ ਗਈ ਕਿ ਸਾਡੇ ਵਿਚੋਂ ਕੁਝ ਈਸਾਈ ਹੋ ਗਏ, ਕੁਝ ਨਹੀਂ ਹੋਏ। ਇਹ ਕਿਉਂ ਤੇ ਕਿਵੇਂ ਹੋਇਆ, ਮੈਨੂੰ ਪਤਾ ਨਹੀਂ, ਨਾ ਕਦੀ ਪਤਾ ਲੱਗ ਸਕੇਗਾ।
ਇਨ੍ਹਾਂ ਟਿਮਟਿਮਾਉਂਦੇ ਸਾਲਾਂ ਦੌਰਾਨ ਜਿਸ ਚੀਜ਼ ਨੇ ਮੈਨੂੰ ਧਰਵਾਸ ਦਿੱਤਾ, ਉਹ ਹੈ ਕਿ ਬਹੁਗਿਣਤੀ ਹਿੰਦੂ ਵਰਗ ਵਿਚ ਅਜੇ ਅਜਿਹੇ ਵੀ ਹਨ ਜਿਨ੍ਹਾਂ ਨੂੰ ਯਾਦ ਹੈ ਕਿ ਮੈਂ ਆਪਣੀ ਮਾਤ ਭੂਮੀ ਦੇ ਭਲੇ ਹਿਤ ਕੁਝ ਕੀਤਾ ਸੀ। ਬੰਬੇ ਮਦਰਜ਼ ਐਂਡ ਚਿਲਡਰਨ ਸੁਸਾਇਟੀ ਨੇ ਜ਼ਿਲ੍ਹਾ ਪੂਨਾ ਦਾ ਇਕ ਪਿੰਡ ਰਾਜਗੁਰੂ ਗੋਦ ਲਿਆ ਹੈ। ਮੈਨੂੰ ਉਥੇ ਇਕ ਸਮਾਰੋਹ ਵਿਚ ਜਾਣ ਦਾ ਸੱਦਾ ਮਿਲਿਆ। ਰਸਤੇ ਵਿਚ ਲੋਨਾਵਲਾ ਕਸਬੇ ਵਿਚ ਮੈਂ ਚਾਹ ਪਾਣੀ ਪੀਣ, ਇਡਲੀ ਖਾਣ ਲਈ ਰੁਕਿਆ। ਮੈਥੋਂ ਅਗਲੇ ਮੇਜ਼ ਦੁਆਲੇ ਬੈਠੇ ਅਧਖੜ ਉਮਰ ਦੇ ਮਰਾਠਿਆਂ ਨੇ ਮੈਨੂੰ ਪਛਾਣ ਲਿਆ। ਮੈਨੂੰ ਨਮਸਕਾਰ ਕਰਨ ਤੇ ਹਾਲਚਾਲ ਪੁਛਣ ਮੇਰੇ ਲਾਗੇ ਆ ਗਏ। ਇਕ ਬ੍ਰਾਹਮਣ ਪਤੀ-ਪਤਨੀ ਜੋੜਾ ਕੁਵੈਤ ਤੋਂ ਪਰਤਿਆ ਸੀ, ਉਨ੍ਹਾਂ ਨੇ ਮੈਨੂੰ ਪੁੱਛਿਆ, ਤੁਸੀਂ ਉਹੋ ਹੋ ਨਾ ਜਿਨ੍ਹਾਂ ਨੂੰ ਅਸੀਂ ਜਾਣਦੇ ਹਾਂ? ਮੇਰੇ ਨਾਲ ਫੋਟੋਆਂ ਖਿਚਵਾਈਆਂ।
ਮੈਂ ਡੂੰਘਾ ਹਉਕਾ ਲਿਆ, ਸਾਰੀ ਉਲਝਣ, ਤਣਾਉ ਖਤਮ। ਅਜਿਹੇ ਆਮ ਹਿੰਦੂ ਵੀ ਹਨ ਜਿਨ੍ਹਾਂ ਨੂੰ ਮੈਂ ਨਹੀਂ ਜਾਣਦਾ ਪਰ ਰਿਟਾਇਰਮੈਂਟ ਤੋਂ 25 ਸਾਲ ਬਾਅਦ ਵੀ ਮੈਨੂੰ ਨਿਘ ਨਾਲ ਮਿਲ ਰਹੇ ਹਨ, ਦੋਸਤੀ ਕਰਨ ਦੇ ਇਛੁਕ ਹਨ ਭਾਵੇਂ ਕਿ ਉਨ੍ਹਾਂ ਦਾ ਨਿਜੀ ਫਾਇਦਾ ਮੈਂ ਕੋਈ ਨਹੀਂ ਕੀਤਾ। ਕੱਟੜਪੰਥੀਆਂ ਤੋਂ ਗੁਮਰਾਹ ਹੋ ਕੇ ਨਫਰਤ ਦੀ, ਹਿੰਸਾ ਦੀ ਵਿਚਾਰਧਾਰਾ ਤੋਂ ਆਮ ਹਿੰਦੂ ਮਰਦ-ਔਰਤਾਂ ਪ੍ਰਭਾਵਿਤ ਨਹੀਂ ਹੋਣਗੇ, ਮੇਰੀ ਕਾਮਨਾ ਹੈ।