ਮਰਜ਼ ਬੜਤਾ ਗਯਾ ਜਿਉਂ ਜਿਉਂ ਦਵਾ ਕੀ…

ਚੰਡੀਗੜ੍ਹ (ਗੁਰਵਿੰਦਰ ਸਿੰਘ ਵਿਰਕ): ਆਮ ਆਦਮੀ ਪਾਰਟੀ ਨੂੰ ਨਿੱਤ ਨਵੇਂ ਵਿਵਾਦ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਭਾਰੀ ਵਿਰੋਧ ਦੇ ਬਾਵਜੂਦ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੂੰ ਪੰਜਾਬ ਇਕਾਈ ਦਾ ਮੁਖੀ ਥਾਪਣ ਪਿੱਛੋਂ ਪਾਰਟੀ ਵਿਚ ਬਾਗੀ ਸੁਰਾਂ ਤਿੱਖੀਆਂ ਹੋ ਗਈਆਂ ਹਨ। ਇਹ ਵੀ ਖੁਲਾਸਾ ਹੋਇਆ ਹੈ ਕਿ ਕੇਜਰੀਵਾਲ ਭਗਵੰਤ ਮਾਨ ਨੂੰ ਕਮਾਨ ਸੌਂਪਣ ਦਾ ਮਨ ਪਹਿਲਾਂ ਹੀ ਬਣਾ ਚੁੱਕੇ ਸਨ ਅਤੇ ਮੀਟਿੰਗ ਤਾਂ ਸਿਰਫ ਰਸਮੀ ਕਾਰਵਾਈ ਹੀ ਸੀ।

ਗੌਰਤਲਬ ਹੈ ਕਿ ਭਗਵੰਤ ਮਾਨ ਉਹ ਸ਼ਖਸ ਹੈ ਜਿਸ ਦਾ ਹਮੇਸ਼ਾ ਵਿਵਾਦਾਂ ਨਾਲ ਵਾਹ-ਵਾਸਤਾ ਰਿਹਾ ਹੈ। ਅਜੇ ਪਿਛਲੇ ਹਫਤੇ ਹੀ ਉਸ ਦੀ ਕਾਂਗਰਸ ਨਾਲ ਰਲਣ ਦੀ ਚਰਚਾ ਚੱਲ ਪਈ ਸੀ। ਉਸ ਦੀਆਂ ਕੁਝ ਕਾਂਗਰਸੀ ਆਗੂਆਂ ਨਾਲ ਮੀਟਿੰਗਾਂ ਬਾਰੇ ਵੀ ਪਤਾ ਲੱਗਾ ਸੀ। ਪੰਜਾਬ ਵਿਧਾਨ ਸਭਾ ਚੋਣਾਂ ਵਿਚ ਹਾਰ ਪਿੱਛੋਂ ਉਸ ਨੇ ਕੇਜਰੀਵਾਲ ਨੂੰ ਖੁੱਲ੍ਹ ਕੇ ਨਿਸ਼ਾਨਾ ਬਣਾਇਆ ਸੀ। ਇਸ ਤੋਂ ਇਲਾਵਾ ਆਪ ਨਾਲ ਜੁੜੇ ਵੱਡੀ ਗਿਣਤੀ ਪਰਵਾਸੀ ਪੰਜਾਬੀਆਂ ਨੇ ਕੇਜਰੀਵਾਲ ਨੂੰ ਪੱਤਰ ਲਿਖ ਕੇ ਭਗਵੰਤ ਮਾਨ ਨੂੰ ਪੰਜਾਬ ਇਕਾਈ ਦਾ ਪ੍ਰਧਾਨ ਬਣਾਉਣ ਦਾ ਵਿਰੋਧ ਕੀਤਾ ਸੀ। ਇਨ੍ਹਾਂ ਆਗੂਆਂ ਦਾ ਤਰਕ ਸੀ ਕਿ ਪੰਜਾਬ ਚੋਣਾਂ ਦੌਰਾਨ ਮਾਨ ਸਟਾਰ ਪ੍ਰਚਾਰਕ ਸਨ ਤੇ ਲੋਕ ਫਤਵਾ ਉਨ੍ਹਾਂ ਦੇ ਖਿਲਾਫ ਭੁਗਤਿਆ ਹੈ। ਪੰਜਾਬ ਚੋਣਾਂ ਤੋਂ ਪਹਿਲਾਂ ਤਾਕਤਵਰ ਤੀਜੀ ਧਿਰ ਵਜੋਭ ਉਭਰਨ ਦੇ ਬਾਵਜੂਦ ਆਮ ਆਦਮੀ ਪਾਰਟੀ ਨੂੰ ਕੁੱਲ 117 ਸੀਟਾਂ ਵਿਚੋਂ ਸਿਰਫ 20 ਸੀਟਾਂ ਪ੍ਰਾਪਤ ਹੋਈਆਂ ਸਨ। ਦੋ ਸੀਟਾਂ ਇਸ ਦੀ ਭਾਈਵਾਲ ਲੋਕ ਇਨਸਾਫ ਪਾਰਟੀ ਨੇ ਜਿੱਤੀ ਸਨ।
ਭਗਵੰਤ ਮਾਨ ਉਤੇ ਕੁਝ ਸੀਨੀਅਰ ਆਗੂਆਂ ਦੀਆਂ ਲੱਤਾਂ ਖਿੱਚਣ ਅਤੇ ਆਪਣੇ ਆਪ ਨੂੰ ਮੁੱਖ ਮੰਤਰੀ ਵਜੋਂ ਪੇਸ਼ ਕਰਨ ਬਾਰੇ ਵੀ ਸਵਾਲ ਉਠੇ ਸਨ। ਉਨ੍ਹਾਂ ਉਤੇ ਸ਼ਰਾਬ ਪੀ ਕੇ ਸੰਸਦ ਅਤੇ ਜਨਤਕ ਸਮਾਗਮਾਂ ਵਿਚ ਜਾਣ ਦੇ ਦੋਸ਼ ਅਕਸਰ ਲੱਗਦੇ ਰਹੇ ਹਨ, ਪਰ ਇਸ ਦੇ ਬਾਵਜੂਦ ਕੇਜਰੀਵਾਲ ਵੱਲੋਂ ਕਿਸੇ ਦੀ ਪ੍ਰਵਾਹ ਕੀਤੇ ਬਿਨਾਂ ਭਗਵੰਤ ਮਾਨ ਨੂੰ ਪੰਜਾਬ ਇਕਾਈ ਦਾ ਮੁਖੀ ਥਾਪ ਦਿੱਤਾ ਗਿਆ। ਇਸ ਐਲਾਨ ਤੋਂ ਤੁਰੰਤ ਬਾਅਦ ਪੰਜਾਬ ਵਿਧਾਨ ਸਭਾ ਦਲ ਦੇ ਮੁੱਖ ਵ੍ਹਿਪ ਸੁਖਪਾਲ ਸਿੰਘ ਖਹਿਰਾ ਨੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ‘ਆਪ’ ਪੰਜਾਬ ਦੇ ਕਨਵੀਨਰ ਗੁਰਪ੍ਰੀਤ ਸਿੰਘ ਘੁੱਗੀ ਨੇ ਵੀ ਬਾਗੀ ਤੇਵਰ ਦਿਖਾਏ ਹਨ। ਉਸ ਦਾ ਕਹਿਣਾ ਹੈ ਕਿ ਪਾਰਟੀ ਨੇ ਉਸ ਨਾਲ ਵੀ ‘ਵਰਤੋ ਅਤੇ ਸੁੱਟੋ’ ਵਾਲੀ ਗੱਲ ਹੀ ਕੀਤੀ ਹੈ। ਦੱਸਣਯੋਗ ਹੈ ਕਿ ਪੰਜਾਬ ਅਤੇ ਗੋਆ ਵਿਧਾਨ ਸਭਾ ਚੋਣਾਂ ਤੋਂ ਬਾਅਦ ਦਿੱਲੀ ਨਗਰ ਨਿਗਮ ਚੋਣਾਂ ‘ਚ ਵੀ ਉਮੀਦਾਂ ਤੋਂ ਕਿਤੇ ਘੱਟ ਪ੍ਰਦਰਸ਼ਨ ਕਰਨ ਉਤੇ ਭਗਵੰਤ ਮਾਨ ਤੋਂ ਇਲਾਵਾ ਸੁਖਪਾਲ ਖਹਿਰਾ ਤੇ ਗੁਰਪ੍ਰੀਤ ਸਿੰਘ ਘੁੱਗੀ ਨੇ ਵੀ ਹਾਈਕਮਾਨ ਨੂੰ ਨਿਸ਼ਾਨਾ ਬਣਾਇਆ ਸੀ। ਅਸਲ ਵਿਚ ਭਗਵੰਤ ਮਾਨ ਸ਼ੁਰੂ ਤੋਂ ਹੀ ਕੇਜਰੀਵਾਲ ਦੇ ਚਹੇਤਿਆਂ ਵਿਚ ਰਿਹਾ ਹੈ। ਇਹ ਵੀ ਮੰਨਿਆ ਜਾਂਦਾ ਹੈ ਕਿ ਉਸ ਦੇ ਆਖੇ ਲੱਗ ਕੇ ਹੀ ਪੰਜਾਬ ਦੇ ਕਈ ਸੀਨੀਅਰ ਆਗੂਆਂ ਦੀ ਬਲੀ ਦੇ ਦਿੱਤੀ ਗਈ। ਮਾਨ ਦੀਆਂ ਕਈ ਵੱਡੀਆਂ ਗਲਤੀਆਂ ਨੂੰ ਵੀ ਨਜ਼ਰ ਅੰਦਾਜ਼ ਕਰ ਦਿੱਤਾ ਗਿਆ, ਜਦ ਕਿ ਪੰਜਾਬ ਦੇ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਸਮੇਤ ਪਟਿਆਲੇ ਤੋਂ ਸੰਸਦ ਮੈਂਬਰ ਧਰਮਿੰਦਰ ਗਾਂਧੀ ਅਤੇ ਫਤਹਿਗੜ੍ਹ ਸਾਹਿਬ ਤੋਂ ਸੰਸਦ ਮੈਂਬਰ ਹਰਿੰਦਰ ਸਿੰਘ ਖਾਲਸਾ ਨੂੰ ਲਾਂਭੇ ਕਰਨ ਵਿਚ ਦੇਰ ਨਹੀਂ ਸੀ ਲਾਈ ਗਈ। ਹਕੀਕਤ ਇਹ ਹੈ ਕਿ ਮਾਨ ਨੇ ਪਾਰਟੀ ਦੀ ਹੋਂਦ ਤੋਂ ਲੈ ਕੇ ਅੱਜ ਤੱਕ ਆਪਣੇ ਬਰਾਬਰ ਪੰਜਾਬ ਵਿਚ ਕਿਸੇ ਨੂੰ ਖੜ੍ਹਨ ਨਹੀਂ ਦਿੱਤਾ। ਇਥੋਂ ਤੱਕ ਕਿ ਸੀਨੀਅਰ ਆਗੂ ਐਚæਐਸ਼ ਫੂਲਕਾ ਬਾਰੇ ਉਨ੍ਹਾਂ ਬੜੀਆਂ ਗੰਭੀਰ ਟਿੱਪਣੀਆਂ ਕੀਤੀਆਂ ਸਨ। ਇਹੀ ਕਾਰਨ ਹੈ ਕਿ ਪੰਜਾਬ ਦੀ ਕਮਾਨ ਬਾਹਰੀ ਆਗੂਆਂ ਹੱਥ ਵਧੇਰੇ ਰਹੀ। ਪਾਰਟੀ ਦੀ ਪੰਜਾਬ ਇਕਾਈ ਦੇ ਇੰਚਾਰਜ ਸੰਜੈ ਸਿੰਘ ਅਤੇ ਸਮੁੱਚੇ ਜਥੇਬੰਦਕ ਢਾਂਚੇ ਦੇ ਮੁਖੀ ਦੁਰਗੇਸ਼ ਪਾਠਕ ਹੀ ਪਾਰਟੀ ਦੀ ਪੰਜਾਬ ਇਕਾਈ ਨੂੰ ਚਲਾ ਰਹੇ ਸਨ। ਪੰਜਾਬ ਚੋਣਾਂ ਸਮੇਂ ਮੀਡੀਆ ‘ਚ ਸੰਜੈ ਸਿੰਘ ਤੇ ਦੁਰਗੇਸ਼ ਪਾਠਕ ਉਤੇ ਲੱਗੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੇ ਆਧਾਰ ‘ਤੇ ਵੀ ਕੇਜਰੀਵਾਲ ਨੇ ਕੋਈ ਕਾਰਵਾਈ ਨਹੀਂ ਕੀਤੀ। ਬੱਸ ਪੰਜਾਬ ਦੇ ਆਗੂਆਂ ਦੇ ਮੂੰਹ ਬੰਦ ਕਰਨ ਲਈ ਚੋਣਾਂ ਤੋਂ ਕੁਝ ਦਿਨ ਪਹਿਲਾਂ ਦਿੱਲੀ ਦੀ ਟੀਮ ਨੇ ਵੋਟ ਰਾਜਨੀਤੀ ਤਹਿਤ ਨਾਰਾਜ਼ ਆਗੂਆਂ ਨੂੰ ਥੋਕ ਵਿਚ ਅਹੁਦੇਦਾਰੀਆਂ ਵੰਡ ਦਿੱਤੀਆਂ ਸਨ।
ਪੰਜਾਬ ਵਿਚ ‘ਆਪ’ ਦੀ ਕਾਰਗੁਜ਼ਾਰੀ ਚੋਣਾਂ ਦਰਮਿਆਨ ਇੰਨੀ ਮਾੜੀ ਹੋ ਗਈ ਸੀ ਕਿ ਸਾਲ ਪਹਿਲਾਂ ਜਿਹੜੀ ਪਾਰਟੀ 100 ਸੀਟਾਂ ਲੈਣ ਦੇ ਦਾਅਵੇ ਕਰ ਰਹੀ ਸੀ, ਉਹ ਉਪਰੋਕਤ ਕਾਰਨਾਂ ਕਰ ਕੇ 20 ਸੀਟਾਂ ‘ਤੇ ਸਿਮਟ ਗਈ। ‘ਆਪ’ ਦੀਆਂ ਗਲਤ ਨੀਤੀਆਂ ਨੇ ਵਿਦੇਸ਼ਾਂ ‘ਚ ਬੈਠੇ ਲੱਖਾਂ ਐਨæਆਰæਆਈæ ਪੰਜਾਬੀਆਂ ਦਾ ਦਿਲ ਵੀ ਤੋੜ ਸੁੱਟਿਆ।
____________________________________________
ਭਗਵੰਤ ਮਾਨ ਦੀ ਸ਼ਰਾਬਬੰਦੀ ਬਾਰੇ ਚਰਚਾ
ਨਵੀਂ ਦਿੱਲੀ: ਅਰਵਿੰਦ ਕੇਜਰੀਵਾਲ ਦੇ ਘਰ ਰੱਖੀ ਸਾਂਝੀ ਮੀਟਿੰਗ ‘ਚ ਭਗਵੰਤ ਮਾਨ ਦੀ ਸ਼ਰਾਬ ਪੀਣ ਦੀ ਆਦਤ ਬਾਰੇ ਵੀ ਜ਼ਿਕਰ ਕੀਤਾ ਗਿਆ। ਕੇਜਰੀਵਾਲ ਨੇ ਮੀਟਿੰਗ ਵਿਚ ਮੌਜੂਦ ਸਾਰੇ ਅਹੁਦੇਦਾਰਾਂ ਨੂੰ ਭਰੋਸਾ ਦਿਵਾਇਆ ਕਿ ਭਗਵੰਤ ਮਾਨ ਅੱਗੇ ਤੋਂ ਸ਼ਰਾਬ ਨਹੀਂ ਪੀਣਗੇ, ਜੇ ਪੀਣਗੇ ਤਾਂ ਉਨ੍ਹਾਂ ਖਿਲਾਫ ਕਾਰਵਾਈ ਵੀ ਕੀਤੀ ਜਾ ਸਕਦੀ ਹੈ। ਦੱਸ ਦਈਏ ਕਿ ਪਾਰਟੀ ਦੇ ਸਟਾਰ ਪ੍ਰਚਾਰਕ ਵਜੋਂ ਜਾਣੇ ਜਾਂਦੇ ਭਗਵੰਤ ਮਾਨ ਦੀਆਂ ਕਈ ਅਜਿਹੀਆਂ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੀਆਂ ਰਹੀਆਂ ਹਨ ਜਿਨ੍ਹਾਂ ਵਿਚ ਉਹ ਨਸ਼ੇ ‘ਚ ਟੱਲੀ ਨਜ਼ਰ ਆ ਰਹੇ ਹਨ।