ਨਸ਼ਿਆਂ ਦੇ ਮੱਕੜਜਾਲ ਨੂੰ ਤੋੜਨ ਦੇ ਨੇੜੇ-ਤੇੜੇ ਵੀ ਨਹੀਂ ਸਰਕਾਰ

ਚੰਡੀਗੜ੍ਹ: ਕੈਪਟਨ ਸਰਕਾਰ ਵੱਲੋਂ ਰਾਜਸੱਤਾ ‘ਤੇ ਕਾਬਜ਼ ਹੋਣ ਤੋਂ ਪਹਿਲਾਂ ਪੰਜਾਬ ਵਿਚੋਂ ਇਕ ਮਹੀਨੇ ਦੇ ਅੰਦਰ-ਅੰਦਰ ਨਸ਼ਿਆਂ ਦੇ ਖਾਤਮੇ ਦਾ ਦਾਅਵਾ ਸਰਕਾਰ ਲਈ ਨਮੋਸ਼ੀ ਬਣਦਾ ਜਾ ਰਿਹਾ ਹੈ। ਕੈਪਟਨ ਸਰਕਾਰ ਦੀਆਂ ਕੋਸ਼ਿਸ਼ਾਂ ਨਸ਼ਿਆਂ ਦੇ ਇਸ ਮੱਕੜਜਾਲ ਨੂੰ ਤੋੜਨ ਦੇ ਨੇੜੇ ਤੇੜੇ ਵੀ ਨਹੀਂ ਪੁੱਜ ਸਕੀਆਂ।

ਕੈਪਟਨ ਸਰਕਾਰ ਵੱਲੋਂ ਇਸ ਸਬੰਧੀ ਸਪੈਸ਼ਲ ਟਾਸਕ ਫੋਰਸ ਸਥਾਪਤ ਕਰਨਾ, ਸ਼ਰਾਬ ਦੇ ਠੇਕਿਆਂ ਦੀ ਗਿਣਤੀ ਵਿਚ ਕਟੌਤੀ ਕਰਨਾ ਅਤੇ 5 ਸਾਲਾਂ ਵਿਚ ਸ਼ਰਾਬ ਦੇ 50 ਫੀਸਦੀ ਠੇਕੇ ਖਤਮ ਕਰਨਾ ਵਰਗੇ ਫੈਸਲੇ ਇਸ ਸਮੱਸਿਆ ਤੋਂ ਇੰਨੀ ਛੇਤੀ ਛੁਟਕਾਰਾ ਦਿਵਾਉਣ ਵਾਲੇ ਨਹੀਂ ਜਾਪਦੇ। ਸਿਆਸੀ ਵਿਰੋਧੀ ਇਸ ਮੁੱਦੇ ਉਤੇ ਸਰਕਾਰ ਨੂੰ ਘੇਰਨ ਲੱਗੇ ਹਨ। ਅਕਾਲੀ ਦਲ ਸਮੇਤ ਵਿਰੋਧੀ ਧਿਰ ਆਮ ਆਦਮੀ ਪਾਰਟੀ ਸਵਾਲ ਕਰ ਰਹੀ ਹੈ ਕਿ ਸਰਕਾਰ ਬਣੀ ਨੂੰ ਦੋ ਮਹੀਨੇ ਹੋ ਗਏ ਹਨ, ਪਰ ਨਸ਼ਿਆਂ ਦਾ ਦਰਿਆ ਡੱਕਣ ਲਈ ਸਿਰਫ ਕਾਗਜ਼ੀ ਕੋਸ਼ਿਸ਼ਾਂ ਹੀ ਹੋਈਆਂ ਹਨ।
ਦੱਸਣਯੋਗ ਹੈ ਕਿ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਨੇ ਨਸ਼ਿਆਂ ਨੂੰ ਮੁੱਖ ਮੁੱਦਾ ਬਣਾਇਆ ਸੀ। ਦਾਅਵਾ ਕੀਤਾ ਸੀ ਕਿ ਕਾਂਗਰਸ ਸਰਕਾਰ ਆਈ ਤਾਂ ਇਕ ਮਹੀਨੇ ਵਿਚ ਪੰਜਾਬ ਨਸ਼ਾ ਮੁਕਤ ਹੋ ਜਾਵੇਗਾ। ਕਾਂਗਰਸ ਭਾਵੇਂ ਇਸ ਗੰਭੀਰ ਮੁੱਦੇ ਦਾ ਸਿਆਸੀ ਲਾਹਾ ਲੈ ਗਈ, ਪਰ ਹੁਣ ਵਾਅਦਾ ਨਿਭਾਉਣ ਵਿਚ ਨਾਕਾਮ ਨਜ਼ਰ ਆ ਰਹੀ ਹੈ।
2014 ਵਿਚ ਲੋਕ ਸਭਾ ਦੀਆਂ ਚੋਣਾਂ ਸਮੇਂ ਪੰਜਾਬ ਦੀ ਇਹ ਗੰਭੀਰ ਸਮੱਸਿਆ ਉਭਰ ਕੇ ਸਾਹਮਣੇ ਆਈ ਸੀ। ਉਸ ਵੇਲੇ ਰਾਜ ਸਤਾ ‘ਤੇ ਕਾਬਜ ਪਾਰਟੀ ਨੂੰ ਅੰਦਾਜ਼ਨ 12æ5 ਫੀਸਦੀ ਵੋਟ ਬੈਂਕ ਦਾ ਖੋਰਾ ਲੱਗਣ ਕਾਰਨ ਉਨ੍ਹਾਂ ਨੂੰ ਇਸ ਗੰਭੀਰ ਸਮੱਸਿਆ ਨੇ ਝੰਜੋੜਿਆ ਸੀ। ਪ੍ਰਧਾਨ ਮੰਤਰੀ ਨੇ ‘ਮਨ ਕੀ ਬਾਤ’ ਰੇਡੀਓ ਵਾਰਤਾ ਰਾਹੀਂ ਪੰਜਾਬ ਵਿਚ ਨਸ਼ਿਆਂ ਪ੍ਰਤੀ ਚਿੰਤਾ ਪ੍ਰਗਟਾਈ ਸੀ। ਉਸ ਵੇਲੇ ਦੀ ਪੰਜਾਬ ਸਰਕਾਰ ਨੇ ਸਰਹੱਦ ਰਾਹੀਂ ਨਸ਼ਿਆਂ ਦੇ ਦਾਖਲ ਹੋਣ ਦਾ ਦੋਸ਼ ਲਾ ਕੇ ਗੇਂਦ ਕੇਂਦਰ ਸਰਕਾਰ ਦੇ ਪਾਲੇ ਵਿਚ ਸੁੱਟਣ ਤੇ ਆਪਣੀ ਜ਼ਿੰਮੇਵਾਰੀ ਤੋਂ ਬਚਣ ਦੀ ਕੋਸ਼ਿਸ਼ ਕੀਤੀ ਸੀ ਜਿਸ ਦੀ ਬੁੱਧੀਜੀਵੀ ਵਰਗ ਨੇ ਭਰਵੀਂ ਆਲੋਚਨਾ ਕੀਤੀ ਸੀ।
ਲੋਕਾਂ ਦਾ ਭਾਰੀ ਦਬਾਅ ਪੈਣ ਤੇ ਵੋਟ ਬੈਂਕ ਦੇ ਖੋਰੇ ਨੂੰ ਰੋਕਣ ਲਈ ਉਸ ਵੇਲੇ ਪੰਜਾਬ ਸਰਕਾਰ ਨੇ ਨਸ਼ਾ ਵਿਰੋਧੀ ਮੁਹਿੰਮ ਸ਼ੁਰੂ ਕਰ ਕੇ ਇਕ ਪਾਸੇ ਰਾਜ ਦੇ ਸਰਕਾਰੀ ਹਸਪਤਾਲਾਂ ਵਿਚ ਦਵਾਈਆਂ ਦਾ ਡਮਰੂ ਵਜਾਇਆ ਤੇ ਦੂਜੇ ਪਾਸੇ ਨਸ਼ੱਈਆਂ ਨੂੰ ਧੜਾਧੜ ਫੜ ਕੇ ਜੇਲ੍ਹਾਂ ਅੰਦਰ ਸੁੱਟਿਆ ਗਿਆ, ਪਰ ਨਸ਼ੇ ਦੇ ਵੱਡੇ ਮਗਰਮੱਛਾਂ ਨੂੰ ਹੱਥ ਨਹੀਂ ਪਾਇਆ।
________________________________________
ਇੰਨਾ ਸੌਖਾ ਨਹੀਂ ਨਸ਼ਾ ਮੁਕਤ ਪੰਜਾਬ
ਚੰਡੀਗੜ੍ਹ: ਵੱਖ-ਵੱਖ ਸਰਵੇਖਣਾ ਰਾਹੀਂ ਇਹ ਗੱਲ ਸਾਹਮਣੇ ਆਈ ਹੈ ਕਿ ਪਾਕਿਸਤਾਨ ਨਾਲ ਲੱਗਦੀ 553 ਕਿਲੋਮੀਟਰ ਲੰਬੀ ਸਰਹੱਦ ਰਾਹੀਂ ਜਿਹੜੀ ਹੈਰੋਇਨ ਪੰਜਾਬ ਵਿਚ ਦਾਖਲ ਹੁੰਦੀ ਹੈ, ਉਸ ਦੀ ਅੰਦਾਜ਼ਨ 7 ਫੀਸਦੀ ਖਪਤ ਹੀ ਪੰਜਾਬ ਵਿਚ ਹੁੰਦੀ ਹੈ। ਦਰਅਸਲ, ਪੰਜਾਬ ਨੂੰ ਤਸਕਰ ਹੈਰੋਇਨ/ਸਮੈਕ ਦੀ ਸਪਲਾਈ ਲਈ ਅੰਤਰਰਾਸ਼ਟਰੀ ਪੜਾਅ ਵਜੋਂ ਵਰਤ ਰਹੇ ਹਨ। ਪਾਕਿਸਤਾਨ ਤੋਂ ਤਸਕਰ ਅੰਦਾਜ਼ਨ ਇਕ ਲੱਖ ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਹੈਰੋਇਨ ਖਰੀਦਦੇ ਹਨ, ਜਿਸ ਨੂੰ ਪੰਜਾਬ ਵਿਚ ਅੰਦਾਜਨ ਪੰਜ ਲੱਖ ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵੇਚਿਆ ਜਾਂਦਾ ਹੈ। ਦਿੱਲੀ ਪਹੁੰਚ ਕੇ ਇਹ ਹੈਰੋਇਨ ਦਾ ਮੁੱਲ 8-10 ਲੱਖ ਰੁਪਏ ਹੋ ਜਾਂਦਾ ਹੈ। ਮੁੰਬਈ 15 ਤੋਂ 16 ਲੱਖ ਰੁਪਏ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਇਹ ਹੈਰੋਇਨ ਇਕ ਕਰੋੜ ਰੁਪਏ ਤੋਂ ਪੰਜ ਕਰੋੜ ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵੇਚੀ ਜਾਂਦੀ ਹੈ।
ਤਸਕਰ ਬੀæਐਸ਼ਐਫ਼ ਅਤੇ ਹੋਰ ਸੁਰੱਖਿਆ ਏਜੰਸੀਆਂ ਨੂੰ ਧੋਖਾ ਦੇ ਕੇ ਜਾਂ ਕੁਝ ਸੁਰੱਖਿਆ ਕਰਮਚਾਰੀਆਂ ਦੀ ਮਿਲੀਭੁਗਤ ਨਾਲ ਆਪਣਾ ਮਾਲ ਪੰਜਾਬ ਅੰਦਰ ਲੈ ਵੀ ਆਉਂਦੇ ਹਨ ਤਾਂ ਫਿਰ ਅਗਾਂਹ ਪੰਜਾਬ ਦਾ ਸੂਹੀਆ ਤੰਤਰ ਅਤੇ ਪੁਲਿਸ ਵਿਭਾਗ ਇਸ ਨੂੰ ਪੰਜਾਬ ਅੰਦਰ ਦਾਖਲ ਹੋਣ ਤੋਂ ਰੋਕਣ ਲਈ ਕਿੰਨਾ ਕੁ ਯਤਨਸ਼ੀਲ ਹੈ। ਰਾਜਸਥਾਨ ਅਤੇ ਮੱਧ ਪ੍ਰਦੇਸ਼ ਤੋਂ ਭੁੱਕੀ, ਅਫ਼ੀਮ ਅਤੇ ਸਿੰਥੈਟਿਕ ਡਰਗਜ਼ ਪੰਜਾਬ ਵਿਚ ਲੈ ਕੇ ਆਉਣ ਲਈ ਫਾਜ਼ਿਲਕਾ ਰਾਹੀਂ 25 ਲਾਂਘੇ ਹਨ। ਇਨ੍ਹਾਂ 25 ਲਾਂਘਿਆਂ ‘ਤੇ ਸੁਰੱਖਿਆ ਏਜੰਸੀਆਂ ਦੀ ਬਾਜ਼ ਅੱਖ ਰੱਖਣ ਨਾਲ ਭੁੱਕੀ, ਅਫੀਮ ਅਤੇ ਸਿੰਥੈਟਿਕ ਡਰਗਜ਼ ਦੇ ਨਸ਼ੇ ਦੀ ਸਪਲਾਈ ਲਾਇਨ ਦਾ ਲੱਕ ਤੋੜਿਆ ਜਾ ਸਕਦਾ ਹੈ।