ਬਾਦਲਾਂ ਵਾਲੇ ਅਕਾਲੀ ਦਲ ਦੇ ਇੰਨੇ ਮਾੜੇ ਦਿਨ!

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਬਹੁਤ ਮਾੜੇ ਦਿਨ ਆ ਗਏ ਹਨ। ਪਾਰਟੀ ਕੋਲ ਦਫਤਰ ਦਾ ਖਰਚਾ ਵੀ ਨਹੀਂ। ਦਫਤਰ ਦਾ ਖਰਚ ਚੁੱਕਣ ਲਈ ਪਾਰਟੀ ਨੇ ਵਿਧਾਇਕਾਂ ਤੇ ਸੰਸਦ ਮੈਂਬਰਾਂ ਤੋਂ ਹਰ ਮਹੀਨੇ 5 ਹਜ਼ਾਰ ਰੁਪਏ ਉਗਰਾਹੁਣ ਦਾ ਫੈਸਲਾ ਕੀਤਾ ਹੈ। ਮੀਡੀਆ ਰਿਪੋਰਟ ਮੁਤਾਬਕ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਹਦਾਇਤ ਕੀਤੀ ਹੈ ਕਿ ਸਾਰੇ ਸਾਬਕਾ ਤੇ ਮੌਜੂਦਾ ਵਿਧਾਇਕ ਤੇ ਸੰਸਦ ਮੈਂਬਰ ਆਪਣੀ ਤਨਖਾਹ ਤੇ ਪੈਨਸ਼ਨ ਵਿਚੋਂ 5-5 ਹਜ਼ਾਰ ਰੁਪਏ ਪ੍ਰਤੀ ਮਹੀਨਾ ਪਾਰਟੀ ਨੂੰ ਅਦਾ ਕਰਨਗੇ। ਇਹ ਪਹਿਲੀ ਵਾਰੀ ਹੋਇਆ ਹੈ

ਜਦੋਂ ਪਾਰਟੀ ਦਫਤਰ ਦਾ ਖਰਚਾ ਚਲਾਉਣ ਲਈ ਅਕਾਲੀ ਆਗੂਆਂ ਤੋਂ ਵਿੱਤੀ ਇਮਦਾਦ ਦਾ ਸਹਾਰਾ ਲੈਣਾ ਪੈ ਰਿਹਾ ਹੈ।
ਸੂਤਰਾਂ ਮੁਤਾਬਕ ਪਿਛਲੇ 10 ਸਾਲਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਨੂੰ ਵਪਾਰਕ ਘਰਾਣਿਆਂ ਤੋਂ 101 ਕਰੋੜ ਰੁਪਏ ਦੀ ਰਾਸ਼ੀ ਦਾਨ ਵਿਚ ਮਿਲੀ ਹੈ। ਅਕਾਲੀ ਦਲ ਦੇਸ਼ ਦੀਆਂ ਅਮੀਰ ਪਾਰਟੀਆਂ ਵਿਚੋਂ ਇਕ ਮੰਨੀ ਜਾਂਦੀ ਹੈ। ਸ਼੍ਰੋਮਣੀ ਅਕਾਲੀ ਦਲ ਦਾ ਚੰਡੀਗੜ੍ਹ ਦੇ ਸੈਕਟਰ-28 ਵਿਚ ਆਲੀਸ਼ਾਨ ਦਫਤਰ ਹੈ। ਇਸ ਦਫਤਰ ਤੋਂ ਪਾਰਟੀ ਦੀਆਂ ਸਿਆਸੀ ਸਰਗਰਮੀਆਂ ਸਾਲ 2009 ਵਿਚ ਸ਼ੁਰੂ ਹੋਈਆਂ ਸਨ। ਇਸ ਤੋਂ ਪਹਿਲਾਂ ਐਮæਐਲ਼ਏæ ਹੋਸਟਲ ਤੋਂ ਹੀ ਦਫਤਰ ਦਾ ਕੰਮ ਚਲਾਇਆ ਜਾ ਰਿਹਾ ਸੀ।
ਪਾਰਟੀ ਸੂਤਰਾਂ ਮੁਤਾਬਕ ਇਸ ਦਫਤਰ ਨੂੰ ਚਲਾਉਣ ਤੇ ਹੋਰ ਖਰਚਿਆਂ ਲਈ ਤਕਰੀਬਨ 5 ਲੱਖ ਰੁਪਏ ਤੋਂ ਜ਼ਿਆਦਾ ਦੀ ਰਾਸ਼ੀ ਹਰ ਮਹੀਨੇ ਲੋੜੀਂਦੀ ਹੈ। ਦਰਜਨ ਤੋਂ ਵੱਧ ਮੁਲਾਜ਼ਮ ਇਸ ਸਮੇਂ ਦਫ਼ਤਰ ‘ਚ ਕੰਮ ਕਰਦੇ ਹਨ। ਵਿਧਾਨ ਸਭਾ ਚੋਣਾਂ ਦੌਰਾਨ ਪਾਰਟੀ ਦੀ ਨਮੋਸ਼ੀ ਭਰੀ ਹਾਰ ਤੋਂ ਬਾਅਦ ਅਕਾਲੀ ਦਲ ਨੂੰ ਦਫਤਰੀ ਖਰਚਿਆਂ ਦਾ ਭਾਰ ਚੁੱਕਣਾ ਔਖਾ ਹੋਇਆ ਪਿਆ ਹੈ।
____________________________________________
ਸ਼੍ਰੋਮਣੀ ਅਕਾਲੀ ਦਲ ਦਾ ਜਥੇਬੰਦਕ ਢਾਂਚਾ ਭੰਗ
ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਜਥੇਬੰਦਕ ਢਾਂਚੇ ਦਾ ਪੁਨਰ ਗਠਨ ਕਰਨ ਦਾ ਫੈਸਲਾ ਲੈਂਦਿਆਂ ਪਹਿਲਾਂ ਤੋਂ ਮੌਜੂਦ ਸਾਰੇ ਜਥੇਬੰਦਕ ਢਾਂਚੇ ਨੂੰ ਭੰਗ ਕਰ ਦਿੱਤਾ। ਪਾਰਟੀ ਦੇ ਸਕੱਤਰ ਅਤੇ ਬੁਲਾਰੇ ਡਾæ ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਬਾਅਦ ਵੱਖ-ਵੱਖ ਪੱਧਰ ਤੇ ਵਿਚਾਰ ਵਟਾਂਦਰੇ ਮਗਰੋਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮਹਿਸੂਸ ਕੀਤਾ ਹੈ ਕਿ ਆਉਣ ਵਾਲੇ ਸਮੇਂ ਵਿਚ ਪਾਰਟੀ ਨੂੰ ਹੋਰ ਮਜ਼ਬੂਤ ਬਣਾਉਣ ਲਈ ਜਥੇਬੰਦਕ ਢਾਂਚਾ ਨਵੇਂ ਸਿਰੇ ਤੋਂ ਗਠਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਤਬਦੀਲੀ ਦੌਰਾਨ ਇਸ ਗੱਲ ਦਾ ਧਿਆਨ ਰੱਖਿਆ ਜਾਵੇਗਾ ਕਿ ਜਿਥੇ ਪਾਰਟੀ ਦੇ ਟਕਸਾਲੀ ਅਤੇ ਮਿਹਨਤੀ ਵਰਕਰਾਂ ਨੂੰ ਵੱਧ ਸਨਮਾਨ ਮਿਲੇ, ਉਥੇ ਹੀ ਜਿਨ੍ਹਾਂ ਨੌਜਵਾਨਾਂ, ਬੀਬੀਆਂ ਅਤੇ ਵੱਖ-ਵੱਖ ਵਰਗਾਂ ਦੇ ਆਗੂਆਂ ਨੇ ਪਾਰਟੀ ਦੀ ਹਰ ਮੁਹਿੰਮ ਵਿਚ ਵੱਧ ਚੜ੍ਹ ਕੇ ਹਿੱਸਾ ਲਿਆ ਹੈ, ਨੂੰ ਵੀ ਜਥੇਬੰਦੀ ਵਿਚ ਢੁਕਵੀਂ ਥਾਂ ਦਿੱਤੀ ਜਾਵੇਗੀ।