ਕਾਂਗਰਸੀ ਵੀ ਅਕਾਲੀਆਂ ਵਾਲੇ ਰਾਹ ਹੋ ਤੁਰੇ

ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਮੀਡੀਆ ਨਾਲ ਆਪਣੇ ਵਾਰਤਾਲਾਪ ਦੌਰਾਨ ਇਹ ਅਕਸਰ ਹੀ ਕਹਿੰਦੇ ਹਨ ਕਿ ਉਹ ਇਤਿਹਾਸ ਤੋਂ ਸਬਕ ਸਿੱਖਣ ਦੇ ਮੁਦਈ ਹਨ। ਮੁੱਖ ਮੰਤਰੀ ਵਜੋਂ ਆਪਣੇ ਪਹਿਲੇ ਕਾਰਜਕਾਲ ਦੌਰਾਨ ਉਨ੍ਹਾਂ ਨੇ ਅਕਾਲੀਆਂ, ਖਾਸ ਕਰ ਕੇ ਬਾਦਲਾਂ ਨੂੰ ਜੇਲ੍ਹਾਂ ਵਿਚ ਡੱਕਣ ਦਾ ਕੰਮ ਕਰ ਕੇ ਉਨ੍ਹਾਂ ਦੇ ਰਾਜਸੀ ਜੀਵਨ ਵਿਚ ਨਵੀਂ ਰੂਹ ਫੂਕ ਦਿੱਤੀ ਸੀ।

ਇਸੇ ਲਈ ਇਸ ਵਾਰ ਉਹ ਅਜਿਹੀ ਗਲਤੀ ਨਹੀਂ ਦੁਹਰਾਉਣਗੇ, ਪਰ ਉਨ੍ਹਾਂ ਦਾ ਪਾਰਟੀ ਕਾਡਰ ਇਸ ਫਲਸਫੇ ਵਿਚ ਯਕੀਨ ਕਰਦਾ ਨਹੀਂ ਜਾਪਦਾ। ਉਹ ਮਲਾਈਦਾਰ ਰੁਤਬੇ ਤੇ ਕਾਰੋਬਾਰ ਹਥਿਆਉਣ ਲਈ ਬੇਲੋੜੀ ਬੇਤਾਬੀ ਦਿਖਾ ਰਿਹਾ ਹੈ। ਇਸੇ ਲਈ ਟਰੱਕ ਯੂਨੀਅਨਾਂ ਉਪਰ ਜਬਰੀ ਕਬਜ਼ੇ ਹੋ ਰਹੇ ਹਨ, ਨਗਰ ਕੌਂਸਲਾਂ ਦੇ ਪ੍ਰਧਾਨਾਂ ਨੂੰ ਅਫ਼ਸਰਸ਼ਾਹੀ ਦੇ ‘ਗਲ ਗੂਠੇ’ ਦੇ ਕੇ ਜਬਰੀ ਹਟਾਇਆ ਜਾ ਰਿਹਾ ਹੈ, ਪਿੰਡ ਪੱਧਰ ਦੇ ਅਕਾਲੀ ਵਰਕਰ ਕੋਹੇ ਜਾ ਰਹੇ ਹਨ ਅਤੇ ਗੁੰਡਾ ਟੈਕਸ ਵਸੂਲੇ ਜਾਣ ਦੇ ਮਾਮਲੇ ਵੀ ਸਾਹਮਣੇ ਆਉਣ ਲੱਗੇ ਹਨ। ਜਿਸ ਕਿਸਮ ਦੀਆਂ ਬੁਰਾਈਆਂ ਅਕਾਲੀਆਂ ਨੇ ਲਗਾਤਾਰ ਦੂਜੀ ਵਾਰ ਸੱਤਾ ਵਿੱਚ ਆਉਣ ਤੋਂ ਬਾਅਦ ਦਿਖਾਉਣੀਆਂ ਸ਼ੁਰੂ ਕੀਤੀਆਂ ਸਨ, ਕਾਂਗਰਸੀਆਂ ਨੇ ਸੱਤਾ ਉਤੇ ਦਸ ਸਾਲਾਂ ਬਾਅਦ ਵਾਪਸੀ ਦੇ ਪਹਿਲੇ ਮਹੀਨੇ ਹੀ ਉਨ੍ਹਾਂ ਦੀ ਨੁਮਾਇਸ਼ ਕਰਨੀ ਸ਼ੁਰੂ ਕਰ ਦਿੱਤੀ ਹੈ – ਉਹ ਵੀ ਮੁੱਖ ਮੰਤਰੀ ਵੱਲੋਂ ਬਾਜ਼ਬਤ ਰਹਿਣ ਅਤੇ ਸਬਰ ਤੇ ਸੰਜਮ ਨਾਲ ਵਿਚਰਨ ਦੀਆਂ ਹਦਾਇਤਾਂ ਦੇ ਬਾਵਜੂਦ। ਜਦੋਂ ਪੁਲਿਸ ਅਤੇ ਪ੍ਰਸ਼ਾਸਨ ਉਪਰ ਨਾਜਾਇਜ਼ ਨੂੰ ਜਾਇਜ਼ ਦਿਖਾਉਣ ਅਤੇ ਜਾਇਜ਼ ਨੂੰ ਨਾਜਾਇਜ਼ ਬਣਾਉਣ ਦਾ ਬੋਝ ਪੈ ਜਾਵੇ ਤਾਂ ਅਪਰਾਧੀ ਅਨਸਰਾਂ ਉਤੇ ਨਜ਼ਰ ਰੱਖਣ ਜਾਂ ਉਨ੍ਹਾਂ ਦੀ ਪੈੜ ਨੱਪਣ ਜਾਂ ਸਾਧਾਰਨ ਪ੍ਰਸ਼ਾਸਨਿਕ ਕਾਰਜ ਸਮੇਂ ਸਿਰ ਨੇਪਰੇ ਚਾੜ੍ਹਨ ਵਰਗੇ ਕੰਮ ਤਰਜੀਹਾਂ ਵਿਚੋਂ ਖਿਸਕ ਜਾਂਦੇ ਹਨ। ਇਹ ਵਰਤਾਰਾ ਸਾਡੇ ਸਾਹਮਣੇ ਵਾਪਰਨਾ ਸ਼ੁਰੂ ਹੋ ਚੁੱਕਾ ਹੈ। ਅਕਾਲੀ-ਭਾਜਪਾ ਗੱਠਜੋੜ ਦੇ ਕਾਰਜਕਾਲ ਦੌਰਾਨ ਪੁਲਿਸ, ਅਪਰਾਧੀਆਂ ਦਾ ਪਿੱਛਾ ਕਰਨ ਦੀ ਥਾਂ ਉਨ੍ਹਾਂ ਦੇ ਸਰਪ੍ਰਸਤਾਂ ਤੇ ਆਕਾਵਾਂ ਦੇ ਹੁਕਮ ਵਜਾਉਣ ਵਿਚ ਜ਼ਿਆਦਾ ਰੁੱਝੀ ਰਹਿੰਦੀ ਸੀ, ਇਹੀ ਕੁਝ ਹੁਣ ਵੀ ਵਾਪਰ ਰਿਹਾ ਹੈ।
ਆਪਣੇ ਪਿਛਲੇ ਕਾਰਜਕਾਲ ਦੇ ਮੁਕਾਬਲੇ ਕੈਪਟਨ ਅਮਰਿੰਦਰ ਸਿੰਘ ਦੀ ਕਾਰਜ-ਸ਼ੈਲੀ ਵਿਚ ਵਿਆਪਕ ਅੰਤਰ ਹੈ। ਪ੍ਰਸ਼ਾਸਨ ਉਤੇ ਉਨ੍ਹਾਂ ਦਾ ਸਪੱਸ਼ਟ ਫੋਕਸ ਹੈ। ਕੁਝ ਹੋਰ ਮੰਤਰੀ ਵੀ ਆਪੋ ਆਪਣੇ ਵਿਭਾਗਾਂ ਦੇ ਕੰਮ ਤੇ ਸਰਕਾਰੀ ਖਜ਼ਾਨੇ ਨੂੰ ਲੀਹ ਉਤੇ ਲਿਆਉਣ ਦੇ ਕਾਰਜ ਉਤੇ ਕੇਂਦ੍ਰਿਤ ਹਨ, ਪਰ ਜ਼ਮੀਨੀ ਪੱਧਰ ਉਤੇ ਜੋ ਕੁਝ ਨਾਖੁਸ਼ਗਵਾਰ ਵਾਪਰ ਰਿਹਾ ਹੈ, ਉਸ ਨੂੰ ਅਣਡਿੱਠ ਕੀਤਾ ਜਾ ਰਿਹਾ ਹੈ।