ਵਾਸ਼ਿੰਗਟਨ: ਅਮਰੀਕੀ ਲੇਖਕ ਡੇਵਿਡ ਜੇ ਗੈਰੋ ਵੱਲੋਂ ਲਿਖੀ ਕਿਤਾਬ ‘ਰਾਈਜਿੰਗ ਸਟਾਰ-‘ਦ ਮੇਕਿੰਗ ਆਫ ਬਰਾਕ ਓਬਾਮਾ’ ਵਿਚ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੀ ਜ਼ਿੰਦਗੀ ਨਾਲ ਜੁੜੇ ਕਈ ਦਿਲਚਸਪ ਪਹਿਲੂ ਪੜ੍ਹਨ ਨੂੰ ਮਿਲਦੇ ਹਨ। ਕਿਤਾਬ ਵਿਚ ਲਿਖਿਆ ਹੈ ਕਿ ਬਰਾਕ ਓਬਾਮਾ ਆਪਣੀ ਪਤਨੀ ਮਿਸ਼ੇਲ ਤੋਂ ਪਹਿਲਾਂ ਕਿਸੇ ਹੋਰ ਔਰਤ ਨੂੰ ਦਿਲ ਦੇ ਬੈਠੇ ਸਨ। ਉਹ ਆਪਣੇ ਰਿਸ਼ਤੇ ਨੂੰ ਲੈ ਕੇ ਕਾਫੀ ਗੰਭੀਰ ਵੀ ਸਨ, ਪਰ ਉਨ੍ਹਾਂ ਦਾ ਇਹ ਪਿਆਰ ਸਿਰੇ ਨਹੀਂ ਚੜ੍ਹ ਸਕਿਆ।
ਡੇਵਿਡ ਨੇ ਲਿਖਿਆ ਹੈ ਕਿ ਓਬਾਮਾ ਇਕ ਗੋਰੀ ਮਹਿਲਾ ਸ਼ੀਲਾ ਮਿਊਸ਼ੀ ਜੈਗਰ ਨੂੰ ਮੁਹੱਬਤ ਕਰਦੇ ਸਨ। ਸ਼ੀਲਾ ਪੇਸ਼ੇ ਤੋਂ ਪ੍ਰੋਫੈਸਰ ਹੈ। ਉਨ੍ਹਾਂ ਨੇ ਦਰਸ਼ਨ ਸ਼ਾਸਤਰ ਵਿਚ ਪੀæਐਚæਡੀæ ਕੀਤੀ ਹੈ। ਇਸ ਸਮੇਂ ਓਹੀਓ ਦੇ ਉਬਰਲਿਨ ਕਾਲਜ ਵਿਚ ਪੜ੍ਹਾਉਂਦੀ ਹੈ।
ਓਬਾਮਾ ਨੇ 1986 ਵਿਚ ਪਹਿਲੀ ਵਾਰ ਸ਼ੀਲਾ ਨੂੰ ਵਿਆਹ ਦੀ ਪੇਸ਼ਕਸ਼ ਕੀਤੀ ਸੀ। ਓਬਾਮਾ ਤੇ ਸ਼ੀਲਾ ਇਕ-ਦੂਜੇ ਦੇ ਮਾਤਾ-ਪਿਤਾ ਨੂੰ ਵੀ ਮਿਲੇ ਸਨ, ਪਰ ਸ਼ੀਲਾ ਦੇ ਮਾਤਾ-ਪਿਤਾ ਦਾ ਮੰਨਣਾ ਸੀ ਕਿ ਉਸ ਦੀ ਉਮਰ ਘੱਟ ਹੈ। ਹਾਲਾਂਕਿ ਉਸ ਸਮੇਂ ਸ਼ੀਲਾ 23 ਸਾਲ ਦੀ ਸੀ ਤੇ ਓਬਾਮਾ ਉਸ ਤੋਂ ਸਿਰਫ ਦੋ ਸਾਲ ਵੱਡੇ ਸਨ। ਦੋਵਾਂ ਦੇ ਪਿਆਰ ਦੀਆਂ ਪੀਂਘਾਂ ਵੀ ਵਧਦੀਆਂ ਰਹੀਆਂ, ਪਰ ਨਾਲ ਹੀ ਓਬਾਮਾ ਨੂੰ ਆਪਣੇ ਸਿਆਸੀ ਕਰੀਅਰ ਦਰਮਿਆਨ ਅੰਦਾਜ਼ਾ ਸੀ ਕਿ ਉਹ ਪਹਿਲੇ ਅਫਰੀਕੀ-ਅਮਰੀਕੀ ਰਾਸ਼ਟਰਪਤੀ ਵੀ ਬਣ ਸਕਦੇ ਹਨ। ਜਦੋਂ ਇਹ ਬਦਲਾਅ ਹੋਇਆ ਤਾਂ ਓਬਾਮਾ ਨੇ ਰਾਸ਼ਟਰਪਤੀ ਬਣਨ ‘ਤੇ ਆਪਣਾ ਪੂਰਾ ਧਿਆਨ ਲਾ ਦਿੱਤਾ ਸੀ।
ਓਬਾਮਾ ਨੇ ਹਾਰਵਰਡ ਲਾਅ ਸਕੂਲ ਜਾਣ ਤੋਂ ਪਹਿਲਾਂ ਮੁੜ ਸ਼ੀਲਾ ਨੂੰ ਵਿਆਹ ਬਾਰੇ ਪੁੱਛਿਆ ਸੀ, ਪਰ ਗੱਲ ਨਹੀਂ ਬਣੀ। ਓਬਾਮਾ ਚਾਹੁੰਦੇ ਸਨ ਕਿ ਸ਼ੀਲਾ ਵੀ ਉਨ੍ਹਾਂ ਨਾਲ ਜਾਵੇ। ਹਾਰਵਰਡ ਵਿਚ ਇਕ ਸਾਲ ਪੜ੍ਹਨ ਤੋਂ ਬਾਅਦ ਓਬਾਮਾ ਇਕ ਸਥਾਨਕ ਕਾਨੂੰਨ ਕੰਪਨੀ ਵਿਚ ਕੰਮ ਕਰਨ ਲਈ ਸ਼ਿਕਾਗੋ ਆਏ, ਜਿਥੇ ਉਹ ਮਿਸ਼ੇਲ ਰੋਬਿਨਸਨ ਨੂੰ ਮਿਲੇ, ਜੋ ਉਨ੍ਹਾਂ ਦੀ ਪਤਨੀ ਬਣੀ। ਮਿਸ਼ੇਲ ਉਸ ਕੰਪਨੀ ‘ਚ ਕਰਮਚਾਰੀ ਸੀ। ਓਬਾਮਾ ਛੇਤੀ ਹੀ ਆਪਣੇ ਰਿਸ਼ਤੇ ਨੂੰ ਲੈ ਕੇ ਗੰਭੀਰ ਹੋ ਗਏ। ਆਖਰਕਾਰ ਓਬਾਮਾ ਤੇ ਮਿਸ਼ੇਲ ਨੇ 1992 ਵਿਚ ਵਿਆਹ ਕਰਵਾ ਲਿਆ।