ਪੰਜਾਬ ਕਾਂਗਰਸ ਦੀ ਕਮਾਨ ਸੁਨੀਲ ਜਾਖੜ ਹੱਥ

ਚੰਡੀਗੜ੍ਹ: ਕਾਂਗਰਸ ਹਾਈਕਮਾਂਡ ਨੇ ਸੁਨੀਲ ਜਾਖੜ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਥਾਪਿਆ ਹੈ। ਉਨ੍ਹਾਂ ਨੂੰ ਕੈਪਟਨ ਅਮਰਿੰਦਰ ਸਿੰਘ ਦੀ ਥਾਂ ‘ਤੇ ਪ੍ਰਧਾਨ ਬਣਾਇਆ ਗਿਆ ਹੈ ਜੋ ਹੁਣ ਪੰਜਾਬ ਦੇ ਮੁੱਖ ਮੰਤਰੀ ਹਨ। ਕਾਂਗਰਸ ਹਾਈਕਮਾਂਡ ਨੇ ਇਸ ਨਿਯੁਕਤੀ ਨਾਲ ਸੂਬੇ ਵਿਚ ਸਮਾਜਿਕ ਸੰਤੁਲਨ ਕਾਇਮ ਕਰਨ ਦਾ ਯਤਨ ਕੀਤਾ ਹੈ।

ਭਾਵੇਂ ਸੂਬੇ ‘ਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਦੀ ਸਰਕਾਰ ਹੈ, ਪਰ ਉਨ੍ਹਾਂ ਨੂੰ ਢੇਰ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ।
ਪੰਜਾਬ ਵਿਚ ਕਾਂਗਰਸ ਪਾਰਟੀ ਦੇ ਸੱਤਾ ਵਿਚ ਆਉਣ ਤੋਂ ਬਾਅਦ ਨਵੇਂ ਸੂਬਾਈ ਪ੍ਰਧਾਨ ਦੀ ਨਿਯੁਕਤੀ ਬਾਰੇ ਅਟਕਲਾਂ ਦਾ ਦੌਰ ਸ਼ੁਰੂ ਹੋ ਗਿਆ ਸੀ। ਉਂਜ ਸ੍ਰੀ ਜਾਖੜ ਦਾ ਪ੍ਰਧਾਨ ਬਣਨਾ ਲਗਭਗ ਤੈਅ ਹੋ ਗਿਆ ਸੀ ਕਿਉਂਕਿ ਉਨ੍ਹਾਂ ਨੂੰ ਕੈਪਟਨ ਅਮਰਿੰਦਰ ਸਿੰਘ ਦੀ ਪੂਰਨ ਹਮਾਇਤ ਹਾਸਲ ਸੀ। ਕੈਪਟਨ ਨੇ ਜਨਤਕ ਤੌਰ ‘ਤੇ ਵੀ ਉਨ੍ਹਾਂ ਦੀ ਹਮਾਇਤ ਕੀਤੀ ਸੀ ਅਤੇ ਪਿਛਲੇ ਦਿਨੀਂ ਜਦੋਂ ਉਹ ਪਾਰਟੀ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਨੂੰ ਨਵੀਂ ਦਿੱਲੀ ਵਿਚ ਮਿਲੇ ਸਨ ਤਾਂ ਉਸ ਵੇਲੇ ਵੀ ਉਨ੍ਹਾਂ ਸ੍ਰੀ ਜਾਖੜ ਨੂੰ ਪ੍ਰਧਾਨ ਬਣਾਉਣ ਦੀ ਸਿਫਾਰਸ਼ ਕੀਤੀ ਸੀ। ਉਨ੍ਹਾਂ ਪ੍ਰਧਾਨਗੀ ਦਾ ਅਹੁਦਾ ਛੱਡਣ ਦੀ ਖਾਹਿਸ਼ ਜ਼ਾਹਿਰ ਕਰ ਕੇ ਇਹ ਜ਼ਿੰਮੇਵਾਰੀ ਕਿਸੇ ਹੋਰ ਆਗੂ ਨੂੰ ਸੌਂਪ ਦੇਣ ਲਈ ਕਿਹਾ ਸੀ। ਸੂਤਰਾਂ ਮੁਤਾਬਕ ਸੂਬੇ ਦੇ ਕੁਝ ਕਾਂਗਰਸ ਆਗੂ ਚਾਹੁੰਦੇ ਸਨ ਕਿ ਪ੍ਰਧਾਨਗੀ ਦੇ ਮਸਲੇ ਨੂੰ ਇਕ ਸਾਲ ਲਈ ਟਾਲ ਦਿੱਤਾ ਜਾਵੇ ਕਿਉਂਕਿ ਉਨ੍ਹਾਂ ਸੱਤਾ ਦਾ ਸਮਾਨੰਤਰ ਕੇਂਦਰ ਬਣਨ ਦਾ ਖਦਸ਼ਾ ਜ਼ਾਹਿਰ ਕੀਤਾ ਸੀ।
ਸ੍ਰੀ ਜਾਖੜ ਸੂਬੇ ਦੇ ਟਕਸਾਲੀ ਕਾਂਗਰਸ ਪਰਿਵਾਰ ਨਾਲ ਸਬੰਧ ਰੱਖਦੇ ਹਨ ਤੇ ਉਨ੍ਹਾਂ ਦੇ ਮਰਹੂਮ ਪਿਤਾ ਬਲਰਾਮ ਜਾਖੜ ਕਾਂਗਰਸ ਸਰਕਾਰਾਂ ਵਿਚ ਉਚ ਅਹੁਦਿਆਂ ‘ਤੇ ਰਹੇ ਸਨ। ਥੋੜ੍ਹੇ ਦਿਨ ਪਹਿਲਾਂ ਉਨ੍ਹਾਂ ਦੇ ਭਤੀਜੇ ਅਜੇਵੀਰ ਜਾਖੜ ਨੂੰ ਪੰਜਾਬ ਫਾਰਮਰਜ਼ ਕਮਿਸ਼ਨ ਦਾ ਚੇਅਰਮੈਨ ਲਾਇਆ ਗਿਆ ਸੀ।
ਸ੍ਰੀ ਜਾਖੜ ਇਸ ਵਾਰ ਅਬੋਹਰ ਤੋਂ ਵਿਧਾਨ ਸਭਾ ਦੀ ਚੋਣ ਹਾਰ ਗਏ ਸਨ। ਜੇਕਰ ਉਹ ਚੋਣ ਜਿੱਤ ਜਾਂਦੇ ਤਾਂ ਉਨ੍ਹਾਂ ਨੇ ਕੈਪਟਨ ਵਜ਼ਾਰਤ ਦੇ ਸੀਨੀਅਰ ਮੰਤਰੀਆਂ ਵਿਚ ਸ਼ੁਮਾਰ ਹੋਣਾ ਸੀ। ਪਿਛਲੀ ਪੰਜਾਬ ਵਿਧਾਨ ਸਭਾ ਵਿਚ ਉਹ ਕੁਝ ਸਮਾਂ ਕਾਂਗਰਸ ਵਿਧਾਇਕ ਦਲ ਅਤੇ ਵਿਰੋਧੀ ਧਿਰ ਦੇ ਨੇਤਾ ਵੀ ਰਹੇ ਸਨ। ਭਾਵੇਂ ਕਿ ਪ੍ਰਧਾਨਗੀ ਦੀ ਦੌੜ ਵਿਚ ਸੂਬੇ ਦੇ ਕੁਝ ਹੋਰ ਆਗੂ ਵੀ ਸ਼ਾਮਲ ਸਨ, ਪਰ ਪੰਜਾਬ ਪ੍ਰਦੇਸ਼ ਕਾਂਗਰਸ ਦੇ ਸੀਨੀਅਰ ਮੀਤ ਪ੍ਰਧਾਨ ਲਾਲ ਸਿੰਘ ਨੂੰ ਪੰਜਾਬ ਮੰਡੀ ਬੋਰਡ ਦਾ ਚੇਅਰਮੈਨ ਬਣਾਏ ਜਾਣ ਨਾਲ ਉਨ੍ਹਾਂ ਦਾ ਰਾਹ ਪੱਧਰਾ ਹੋ ਗਿਆ ਸੀ।