ਨਿਰਭਯਾ ਗੈਂਗਰੇਪ: ਦੋਸ਼ੀਆਂ ਦੀ ਸਜ਼ਾ-ਏ-ਮੌਤ ਬਰਕਰਾਰ

ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਦਿੱਲੀ ਦੇ ਵਹਿਸ਼ੀ ਸਮੂਹਿਕ ਬਲਾਤਕਾਰ ਤੇ ਕਤਲ ਕੇਸ ਵਿਚ ਚਾਰ ਦੋਸ਼ੀਆਂ ਨੂੰ ਸੁਣਾਈ ਸਜ਼ਾ-ਏ-ਮੌਤ ਨੂੰ ਬਰਕਰਾਰ ਰੱਖਿਆ ਹੈ। ਅਦਾਲਤ ਨੇ ਇਸ ਭਿਆਨਕ ਕਾਰੇ ਨੂੰ ‘ਸਭ ਤੋਂ ਵੱਧ ਨਿਰਦਈ, ਜ਼ਾਲਮਾਨਾ ਤੇ ਸ਼ੈਤਾਨੀ’ ਕਰਾਰ ਦਿੱਤਾ। ਦਿੱਲੀ ਦੀਆਂ ਸੜਕਾਂ ਉਤੇ 16 ਦਸੰਬਰ, 2012 ਨੂੰ ਵਾਪਰੀ ਇਸ ਹੌਲਨਾਕ ਘਟਨਾ ਨੂੰ ‘ਵਿਰਲਿਆਂ ਵਿਚੋਂ ਵਿਰਲੀ’ ਕਰਾਰ ਦਿੰਦਿਆਂ ਸੁਪਰੀਮ ਕੋਰਟ ਦੇ ਤਿੰਨ ਮੈਂਬਰੀ ਬੈਂਚ ਨੇ ਸਰਬਸੰਮਤੀ ਨਾਲ ਦੋਸ਼ੀਆਂ ਨੂੰ ਹੇਠਲੀ ਅਦਾਲਤ ਵੱਲੋਂ ਸੁਣਾਈ ਗਈ ਸਜ਼ਾ ਨੂੰ ਕਾਇਮ ਰੱਖਿਆ।

‘ਨਿਰਭਯਾ’ (ਨਿਡਰ) ਵਜੋਂ ਮਸ਼ਹੂਰ ਹੋਈ ਇਸ ਘਟਨਾ ਦੀ ਪੀੜਤ ਲੜਕੀ, ਜੋ ਪੈਰਾਮੈਡੀਕਲ ਵਿਦਿਆਰਥਣ ਸੀ, ਨੇ ਆਪਣੇ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ 13 ਦਿਨਾਂ ਬਾਅਦ ਸਿੰਗਾਪੁਰ ਦੇ ਇਕ ਹਸਪਤਾਲ ਵਿਚ ਦਮ ਤੋੜ ਦਿੱਤਾ ਸੀ।
ਦੱਸਣਯੋਗ ਹੈ ਕਿ ਇਸ ਘਟਨਾ ਤੋਂ ਬਾਅਦ ਸਾਰੇ ਦੇਸ਼ ਵਿਚ ਬਲਾਤਕਾਰ ਖਿਲਾਫ਼ ਵਿਆਪਕ ਲਹਿਰ ਉਠ ਖੜ੍ਹੀ ਹੋਈ ਸੀ, ਜਿਸ ਸਦਕਾ ਦੇਸ਼ ਦੇ ਬਲਾਤਕਾਰ ਵਿਰੋਧੀ ਕਾਨੂੰਨਾਂ ਨੂੰ ਸਖਤ ਕੀਤਾ ਗਿਆ। ਹੁਣ ਚਾਰੇ ਦੋਸ਼ੀ ਮੁਕੇਸ਼ (29), ਪਵਨ (22), ਵਿਨੇ ਸ਼ਰਮਾ (23) ਤੇ ਅਕਸ਼ੇ ਕੁਮਾਰ ਸਿੰਘ (31) ਸੁਪਰੀਮ ਕੋਰਟ ਵਿਚ ਹੀ ਅਪੀਲ ਕਰ ਸਕਣਗੇ ਤੇ ਉਸ ਤੋਂ ਬਾਅਦ ਰਾਸ਼ਟਰਪਤੀ ਅੱਗੇ ਰਹਿਮ ਦੀ ਅਪੀਲ ਦਾਇਰ ਕਰ ਸਕਣਗੇ। ਮਾਮਲੇ ਦੇ ਪੰਜਵੇਂ ਦੋਸ਼ੀ ਨੇ ਇਥੋਂ ਦੀ ਤਿਹਾੜ ਜੇਲ੍ਹ ਵਿਚ ਮਾਰਚ 2013 ਵਿਚ ਖੁਦਕੁਸ਼ੀ ਕਰ ਲਈ ਸੀ, ਜਦੋਂਕਿ ਛੇਵੇਂ ਦੋਸ਼ੀ ਨੂੰ ਘਟਨਾ ਸਮੇਂ ਨਾਬਾਲਗ ਹੋਣ ਕਾਰਨ ਸੁਧਾਰ ਘਰ ਵਿਚ ਤਿੰਨ ਸਾਲ ਬੰਦ ਰੱਖਣ ਦੀ ਸਜ਼ਾ ਸੁਣਾਈ ਗਈ ਸੀ, ਜੋ ਸਜ਼ਾ ਭੁਗਤ ਕੇ 2015 ਵਿਚ ਰਿਹਾਅ ਹੋ ਗਿਆ ਸੀ। ਇਨ੍ਹਾਂ ਨੇ ਚੱਲਦੀ ਬੱਸ ਵਿਚ ਪੀੜਤਾ ਤੇ ਉਸ ਦੇ ਮਰਦ ਦੋਸਤ ਨੌਜਵਾਨ ਦੀ ਭਾਰੀ ਕੁੱਟ-ਮਾਰ ਕਰਨ ਪਿੱਛੋਂ ਲੜਕੀ ਨਾਲ ਸਮੂਹਿਕ ਬਲਾਤਕਾਰ ਕੀਤਾ ਤੇ ਫਿਰ ਦੋਹਾਂ ਨੂੰ ਹਵਾਈ ਅੱਡੇ ਨੇੜੇ ਸੜਕ ਉਤੇ ਸੁੱਟ ਦਿੱਤਾ ਸੀ। ਲੜਕੀ ਦੀ 29 ਦਸੰਬਰ ਨੂੰ ਮੌਤ ਹੋ ਗਈ ਸੀ।
___________________________________
ਕੌਣ ਸੀ ਨਿਰਭਯਾ
ਨਵੀਂ ਦਿੱਲੀ: ਦਿੱਲੀ ਵਿਚ ਪੈਰਾ ਮੈਡੀਕਲ ਦੀ 23 ਸਾਲਾ ਵਿਦਿਆਰਥਣ ਨਿਰਭੈਆ 16 ਦਸੰਬਰ ਦੀ ਰਾਤ ਆਪਣੇ ਦੋਸਤ ਨਾਲ ਫਿਲਮ ਦੇ ਕੇ ਵਾਪਸ ਆ ਰਹੀ ਸੀ। ਦੋਵੇਂ ਇਕ ਬੱਸ ਵਿਚ ਬੈਠ ਗਏ। ਬੱਸ ਵਿਚ ਮੌਜੂਦ ਸਵਾਰਾਂ ਨੇ ਦੋਵਾਂ ਨੂੰ ਧੋਖੇ ਨਾਲ ਬਿਠਾਇਆ ਸੀ। ਇਸ ਦੌਰਾਨ 6 ਬਦਮਾਸ਼ਾਂ ਨੇ ਨਿਰਭੈਅ ਨਾਲ ਸਮੂਹਿਕ ਬਲਾਤਕਾਰ ਕੀਤਾ ਤੇ ਉਸ ਤੋਂ ਬਾਅਦ ਉਸ ਨੂੰ ਤੇ ਉਸ ਦੇ ਦੋਸਤ ਨੂੰ ਰਸਤੇ ਵਿਚ ਸੁੱਟ ਦਿੱਤਾ। ਘਟਨਾ ਤੋਂ 13 ਦਿਨ ਬਾਅਦ ਇਲਾਜ ਦੌਰਾਨ ਨਿਰਭੈਆ ਦਾ ਸਿੰਗਾਪੁਰ ਵਿਚ ਦੇਹਾਂਤ ਹੋ ਗਿਆ ਸੀ। ਇਸ ਮਾਮਲੇ ਦੇ ਇਕ ਦੋਸ਼ੀ ਰਾਮ ਸਿੰਘ ਨੇ ਪਹਿਲਾਂ ਹੀ ਫਾਂਸੀ ਲਾ ਕੇ ਖੁਦਕੁਸ਼ੀ ਕਰ ਲਈ ਸੀ। ਇਕ ਹੋਰ ਦੋਸ਼ੀ ਨਾਬਾਲਗ ਹੋਣ ਕਾਰਨ ਬਚ ਗਿਆ। ਬਾਲ ਸੁਧਾਰ ਜੇਲ੍ਹ ਵਿਚ ਤਿੰਨ ਸਾਲ ਦੀ ਸਜ਼ਾ ਕੱਟਣ ਤੋਂ ਬਾਅਦ ਉਹ ਪਿਛਲੇ ਸਾਲ ਦਸੰਬਰ ਵਿਚ ਰਿਹਾਅ ਹੋ ਗਿਆ ਸੀ।