ਪ੍ਰੋæ ਬਲਕਾਰ ਸਿੰਘ ਨੇ ਪੰਜਾਬ ਤੇ ਪੰਥ, ਸਿੱਖ ਤੇ ਸਿੱਖੀ ਅਤੇ ਵਰਤਮਾਨ ਤੇ ਭਵਿੱਖ ਨੂੰ ਧਿਆਨ ਵਿਚ ਰੱਖ ਕੇ ਇਸ ਲੇਖ ਵਿਚ ਕੁਝ ਨੁਕਤੇ ਉਭਾਰੇ ਹਨ। ਸਿਆਸੀ ਤੱਦੀਆਂ ਨੇ ਪੰਜਾਬ ਨੂੰ ਲੀਹੋਂ ਲਾਹ ਛੱਡਿਆ ਹੈ, ਇਸ ਪ੍ਰਸੰਗ ਵਿਚ ਲਿਖਾਰੀ ਇਸ ਧੁੰਧਲਕੇ ਵਿਚੋਂ ਕੋਈ ਰਾਹ ਲੱਭਦਾ ਪ੍ਰਤੀਤ ਹੁੰਦਾ ਹੈ। ਇਹ ਅਸਲ ਵਿਚ ਬੌਧਿਕ ਬੁਲੰਦੀ ਵੱਲ ਖੁੱਲ੍ਹਦਾ ਰਾਹ ਹੈ ਜਿਸ ਤੋਂ ਬਗੈਰ ਤੱਦੀਆਂ ਵਾਲੀ ਸਿਆਸਤ ਤੋਂ ਨਿਜਾਤ ਪਾ ਸਕਣੀ ਸੰਭਵ ਨਹੀਂ ਜਾਪਦੀ।
-ਸੰਪਾਦਕ
ਬਲਕਾਰ ਸਿੰਘ (ਪ੍ਰੋæ)
ਫੋਨ: 91-93163-01328
ਪੰਜਾਬ ਦੇ ਏਜੰਡੇ ਦੀ ਚਰਚਾ ਕਰਦਿਆਂ ਇਸ ਦੀ ਸਿਆਸਤ ਕਰਨ ਤੋਂ ਗੁਰੇਜ਼ ਕਰਨਾ ਪਵੇਗਾ ਕਿਉਂਕਿ ਸਿਆਸੀ ਪੈਂਤੜੇ ਦੀ ਲੋੜ, ਲਾਲਚ ਅਤੇ ਉਦਰੇਵੇਂ ਨਾਲ ਜੁੜੀਆਂ ਲੋਕ ਵਿਰੋਧੀ ਅਤੇ ਲੋਕ ਪੱਖੀ ਧਾਰਨਾਵਾਂ, ਪੰਜਾਬ ਦੇ ਏਜੰਡੇ ਨੂੰ ਸਮਝਣ ਵਾਸਤੇ ਨਹੀਂ ਵਰਤੀਆਂ ਜਾ ਸਕਦੀਆਂ। ਸਿਆਸਤ ਤੋਂ ਮਹਿਰੂਮ ਸਮਕਾਲ ਬੇਸ਼ੱਕ ਨਹੀਂ ਹੁੰਦਾ, ਪਰ ਸਿਧਾਂਤ ਅਤੇ ਸਿਧਾਂਤ ਦੀ ਸਿਆਸਤ ਵਿਚ ਪਾੜੇ ਦੀਆਂ ਸੰਭਾਵਨਾਵਾਂ ਤੋਂ ਵੀ ਤਾਂ ਇਨਕਾਰ ਨਹੀਂ ਕੀਤਾ ਜਾ ਸਕਦਾ। ਇਸ ਨੂੰ ਸੱਚ ਅਤੇ ਸੱਚ ‘ਤੇ ਅਮਲ ਦੇ ਸੁਭਾਵਿਕ ਪਾੜੇ ਵਾਂਗ ਸਮਝਿਆ ਜਾ ਸਕਦਾ ਹੈ। ਇਸ ਕਰ ਕੇ ਕਿਸੇ ਨਿਜੀ ਧਾਰਨਾ ਜਾਂ ਗਰੁਪ ਧਾਰਨਾ ਨੂੰ ਸੱਚ ਦੇ ਕਵਚ ਵਾਂਗ ਵਿਰੋਧੀਆਂ ਦੀ ਕੁੱਟ-ਕਟਾਈ ਵਾਸਤੇ ਨਹੀਂ ਵਰਤਣਾ ਚਾਹੀਦਾ।
ਵਰਤਮਾਨ ਪੰਜਾਬ ਸਥਾਪਤ ਵਾਸਤਵਿਕਤਾ ਹੈ, ਕਿਉਂਕਿ ਪੰਜਾਬ ਤਾਂ ਗੁਰੂ ਸਾਹਿਬਾਨ ਤੋਂ ਪਹਿਲਾਂ ਵੀ ਸੀ ਅਤੇ ਅਗਾਂਹ ਵੀ ਰਹਿਣਾ ਹੈ। ਫਿਰ ਤਾਂ ਪੰਜਾਬ ਦੇ ਏਜੰਡੇ ਨੂੰ ਕਿਸੇ ਵੀ ਸਮਕਾਲ ਦੇ ਏਜੰਡੇ ਵਾਂਗ ਹੀ ਲੈਣਾ ਚਾਹੀਦਾ ਹੈ। ਅਜਿਹਾ ਧਾਰਨਾ ਮਾਡਲ ਦੀ ਗ੍ਰਿਫਤ ਤੋਂ ਮੁਕਤ ਹੋ ਕੇ ਹੀ ਕੀਤਾ ਜਾ ਸਕਦਾ ਹੈ। ਧਾਰਨਾਵਾਂ ਦੇ ਜੰਗਲ ਨੂੰ ਸਮਕਾਲੀ ਪੰਜਾਬ ਦੀ ਸਿਆਸਤ ਕਹਿ ਰਿਹਾ ਹਾਂ। ਇਸ ਕਰ ਕੇ ਸਭ ਤੋਂ ਪਹਿਲਾਂ ਪੰਜਾਬ ਦੀ ਸਿਆਸਤ ਨੂੰ ਵਰਤਮਾਨ ਪੰਜਾਬ (ਪੰਜਾਬੀ ਸੂਬਾ) ਦੀ ਸਿਆਸਤ ਵਜੋਂ ਸਮਝੇ ਜਾਣ ਦੀ ਲੋੜ ਹੈ।
ਅਕਾਲੀ ਬਿਨਾ ਸਮਝੇ ਇਸ ਤਰ੍ਹਾਂ ਦੀ ਸਮਝ ਦੇ ਨੇੜੇ ਰਹਿੰਦੇ ਹਨ ਅਤੇ ਪੰਜਾਬ ਦੀਆਂ ਬਾਕੀ ਸਿਆਸੀ ਪਾਰਟੀਆਂ ਸਮਝ ਕੇ ਵੀ ਇਸ ਤਰ੍ਹਾਂ ਦੀ ਸਮਝ ਨੂੰ ਅਪਨਾਉਣ ਲਈ ਤਿਆਰ ਨਹੀਂ ਲੱਗਦੀਆਂ। ਭਾਰਤੀ ਆਮ ਕਰ ਕੇ ਅਤੇ ਪੰਜਾਬੀ ਖਾਸ ਕਰ ਕੇ, ਧਰਮ ਨੂੰ ਜ਼ਿੰਦਗੀ ਵਿਚੋਂ ਮੁਕੰਮਲ ਮਨਫੀ ਨਹੀਂ ਕਰ ਸਕਦੇ। ਇਸੇ ਕਰ ਕੇ ਧਰਮ ਦਾ ਦਖਲ ਧਰਮ ਨਿਰਪੇਖਤਾ ਵਿਚੋਂ ਵੀ ਖਤਮ ਨਹੀਂ ਹੋ ਸਕਿਆ। ਖਤਮ ਕਰਨ ਅਤੇ ਖਤਮ ਨਾ ਹੋਣ ਦੀ ਪ੍ਰਾਪਤ ਦੋਹਰੇਪਨ ਦੀ ਸਿਆਸਤ ਨੇ ਧਰਮ ਤੇ ਸਭਿਆਚਾਰ ਨੂੰ ਟਕਰਾਉ ਵਿਚ ਲੈ ਆਂਦਾ ਹੈ। ਇਸ ਨਾਲ ਪੈਦਾ ਹੋ ਗਈਆਂ ਸਮੱਸਿਆਵਾਂ ਨੂੰ ਪੰਜਾਬ ਏਜੰਡੇ ਵਿਚ ਸ਼ਾਮਲ ਕਰਨਾ ਪਵੇਗਾ।
ਪੰਜਾਬ ਨੂੰ ਸਦਾ ਹੀ ਇਸ ਦੇ ਵਿਰਾਸਤੀ ਸਰੋਕਾਰ ਊਰਜਿਤ ਕਰਦੇ ਰਹੇ ਹਨ ਅਤੇ ਇਸੇ ਭਾਵਨਾ ਨਾਲ ਜੁੜੀ ਹੋਈ ਹੈ, ਪ੍ਰੋæ ਪੂਰਨ ਸਿੰਘ ਦੀ ਟਿੱਪਣੀ, “ਪੰਜਾਬ ਸਾਰਾ ਜੀਂਦਾ ਗੁਰੂ ਦੇ ਨਾਮ ‘ਤੇ।” ਇਸ ਟਿੱਪਣੀ ਦੀ ਨੀਂਹ ‘ਤੇ ਪੰਜਾਬ ਏਜੰਡਾ ਉਸਾਰਿਆ ਜਾ ਸਕਦਾ ਹੈ, ਕਿਉਂਕਿ ਇਸ ਵਿਚ ਤਾਸੀਰੀ ਵਿਜ਼ਨ ਵੀ ਨਿਹਿਤ ਹੈ। ਇਸ ਵਿਜ਼ਨ ਦਾ ਰਾਹ ਵਰਤਮਾਨ ਪੰਜਾਬ ਵਿਚ ਰੁਕ ਗਿਆ ਹੈ ਕਿਉਂਕਿ ਪੰਜਾਬੀ ਸੂਬਾ, ਕਲਪਿਤ ਸਿੱਖ ਸਟੇਟ ਹੋ ਗਿਆ ਹੈ। ਜਿਸ ਸਿੱਖ ਬਹੁਸੰਮਤੀ ਵਾਲੇ ਖਿੱਤੇ ਦੀ ਸਿਆਸੀ ਰੀਝ, ਸਿੱਖ ਸਿਆਸਤਦਾਨ ਪਾਲਦੇ ਰਹੇ ਹਨ, ਉਹ ਭਾਰਤੀ ਵਿਧਾਨ ਤਹਿਤ ਸੰਭਵ ਹੱਦ ਤੱਕ ਪੂਰੀ ਹੋ ਗਈ ਹੈ। ਇਸ ਨਾਲ ਸਿਆਸੀ ਅਤੇ ਧਾਰਮਿਕ ਰੀਝਾਂ ਟਕਰਾਉ ਵਿਚ ਆ ਗਈਆਂ ਹਨ, ਜਿਵੇਂ ਡੇਰਾ ਬੱਲਾਂ ਅਤੇ ਸਹਿਜਧਾਰੀਆਂ ਦੀ ਸਮੱਸਿਆ ਸਾਂਝ ਵਿਚੋਂ ਨਿਕਲ ਕੇ ਸਮਾਨੰਤਰਤਾ ਵਿਚ ਵੀ ਤੁਰ ਪਈ ਹੈ। ਅਜਿਹੇ ਹੀ ਹਨ ਪੰਜਾਬ ਦੀਆਂ ਧਾਰਮਿਕ ਡੇਰੇਦਾਰੀਆਂ ਦੇ ਮਸਲੇ। ਪੰਜਾਬੀ ਚੇਤਨਾ ਦੀ ਇਹ ਵਿਲੱਖਣਤਾ ਰਹੀ ਹੈ ਕਿ ਉਹ ਕਿਸੇ ਵੀ ਨਵੀਂ ਲਹਿਰ ਤੋਂ ਪ੍ਰਭਾਵਿਤ ਹੋਣ ਵਿਚ ਭਾਰਤ ਦੇ ਸਾਰੇ ਸੂਬਿਆਂ ਨਾਲੋਂ ਮੋਹਰੀ ਰਹੀ ਹੈ। ਪੰਜਾਬੀਆਂ ਦੀ ਇਸ ਮੋਹਰੀ ਭੂਮਿਕਾ ਵਿਚ ਸਿੱਖ ਊਰਜਾ ਕਿਸੇ ਨਾ ਕਿਸੇ ਰੂਪ ਵਿਚ ਕੰਮ ਕਰਦੀ ਰਹੀ ਹੈ। ਇਸ ਸੁਭਾ ਕਰ ਕੇ ਪੰਜਾਬ ਕੇਂਦਰਤ ਸਰੋਕਾਰ ਸਮੱਸਿਆ ਵੀ ਹੁੰਦੇ ਜਾ ਰਹੇ ਹਨ। ਇਸ ਦੀ ਸ਼ੁਰੂਆਤ ਇਸ ਭਾਵਨਾ ਤੋਂ ਹੁੰਦੀ ਰਹੀ ਹੈ ਕਿ ਪੰਜਾਬੀ ਸੂਬੇ ਵਿਚ ਵੀ ਪੰਥਕ ਸਰੋਕਾਰ ਸੁਰੱਖਿਅਤ ਨਹੀਂ ਹਨ। ਇਸ ਤੋਂ ਪ੍ਰੇਰਤ ਸਿੱਖੀ ਵੱਲ ਪਰਤ ਰਹੇ ਬੁਧੀਜੀਵੀਆਂ, ਸਿੱਖੀ ਦੇ ਇਜਾਰੇਦਾਰ ਬੁਧੀਜੀਵੀਆਂ ਅਤੇ ਪੰਜਾਬੀ ਸੁਜੱਗਤਾ ਦਾ ਦਮ ਭਰਦੇ ਬੁਧੀਜੀਵੀਆਂ ਨੂੰ ਸਿੱਖ ਪਛਾਣ ਦੀ ਸਿਆਸਤ ਦੀ ਥਾਂ ਪੰਜਾਬ ਦੇ ਭਵਿਖ ਬਾਰੇ ਸੋਚਣਾ ਚਾਹੀਦਾ ਹੈ। ਇਸ ਵਾਸਤੇ ਲੋੜ ਪਵੇਗੀ ਗ੍ਰੰਥ ਅਤੇ ਪੰਥ ਦੇ ਸਿੱਖ ਪ੍ਰਸੰਗ ਨੂੰ ਸਮਝਣ ਦੀ, ਕਿਉਂਕਿ ਇਸ ਨੂੰ ਸਮਝੇ ਬਿਨਾ ਪੰਜਾਬ ਏਜੰਡੇ ਬਾਰੇ ਨਹੀਂ ਸੋਚਿਆ ਜਾ ਸਕਦਾ।
ਗ੍ਰੰਥ ਸਿਰਜਤ ਸਰੋਕਾਰਾਂ (ਧਰਮ) ਅਤੇ ਪੰਥ ਸਿਰਜਤ ਸਰੋਕਾਰਾਂ (ਇਤਿਹਾਸ) ਨੂੰ ਇਕ ਦੂਜੇ ਦੇ ਬਦਲ ਵਿਚੋਂ ਕੱਢ ਕੇ ਇਕ ਦੂਜੇ ਦੀ ਪੂਰਕਤਾ ਵਿਚ ਸਥਾਪਤ ਕਰਨਾ ਪੰਜਾਬ ਏਜੰਡੇ ਦਾ ਹਿੱਸਾ ਹੋਣਾ ਚਾਹੀਦਾ ਹੈ। ਅਜਿਹਾ ਪ੍ਰਾਪਤ ਅੰਤਰ-ਦ੍ਰਿਸ਼ਟੀਆਂ ਨੂੰ ਵਰਤ ਕੇ ਹੋਵੇ ਤਾਂ ਹੋਰ ਵੀ ਚੰਗੀ ਗੱਲ ਹੋਵੇਗੀ, ਪਰ ਜੇ ਪ੍ਰਾਪਤ ਅੰਤਰ-ਦ੍ਰਿਸ਼ਟੀਆਂ ਦੇ ਮਗਰ ਲੱਗ ਕੇ ਅਜਿਹਾ ਕਰਾਂਗੇ ਤਾਂ ਮੁਸ਼ਕਿਲ ਹੋਵੇਗੀ, ਕਿਉਂਕਿ ਪ੍ਰਾਪਤ ਅੰਤਰ-ਦ੍ਰਿਸ਼ਟੀਆਂ ਨੂੰ ਵਰਤਣ ਅਤੇ ਇਨ੍ਹਾਂ ਵਲੋਂ ਵਰਤੇ ਜਾਣ ਵਿਚ ਬਹੁਤ ਫਰਕ ਹੈ।
ਸਿੱਖੀ ਵਿਚ ਹਰ ਕਿਸਮ ਦੇ ਸਰੋਕਾਰ ਨੂੰ ਨਾਲ ਲੈ ਕੇ ਤੁਰਨ (ਕੋਇ ਨ ਦਿਸੈ ਬਾਹਰਾ ਜੀਓæææ) ਦੀ ਆਗਿਆ ਹੈ ਅਤੇ ਇਸ ਸੁਰ ਵਿਚ ਸਿਆਸਤ ਨੂੰ ਵੀ ਨਾਲ ਲੈ ਕੇ ਤੁਰਿਆ ਜਾ ਸਕਦਾ ਹੈ, ਪਰ ਸਿਆਸਤ ਦੇ ਮਗਰ ਲੱਗ ਕੇ ਤੁਰਨ ਦੀ ਆਗਿਆ ਸਿੱਖ ਧਰਮ ਵਿਚ ਨਹੀਂ ਹੈ, ਭਾਵੇਂ ਸਿੱਖ ਸਿਆਸਤਦਾਨਾਂ ਨੇ ਮੀਰੀ-ਪੀਰੀ ਦੀ ਆੜ ਵਿਚ ਸਿਆਸਤ ਨੂੰ ਕੇਂਦਰ ਵਿਚ ਲਿਆਉਣ ਲਈ ਧਰਮ ਨੂੰ ਹਾਸ਼ੀਏ ‘ਤੇ ਧੱਕ ਦਿੱਤਾ ਹੈ। ਸਿੱਖੀ ਬੰਧਨਮੁਕਤੀ ਦਾ ਗਾਡੀ-ਰਾਹ ਹੈ ਅਤੇ ਸਿੱਖ ਪਛਾਣ ਦੀ ਸਿਆਸਤ ਕਿਸੇ ਵੀ ਤਰ੍ਹਾਂ ਬੰਧਨਮੁਕਤੀ ਵੱਲ ਨਹੀਂ ਜਾਂਦੀ। ਫਿਰ ਵੀ ਪੰਜਾਬ ਸਿਆਸੀ ਹੋਣੀ, ਅਰਥਾਤ ‘ਸਾਕਾਰ ਹੋ ਚੁਕੀ ਵਾਸਤਵਿਕਤਾ’ ਦਾ ਸ਼ਿਕਾਰ ਹੋ ਚੁਕਾ ਹੈ। ਪੰਜਾਬ ਏਜੰਡੇ ਵਾਸਤੇ ਇਸ ਸਥਿਤੀ ਨੂੰ ਮੁਖਾਤਿਬ ਹੋਣਾ ਜ਼ਰੂਰੀ ਹੋ ਗਿਆ ਹੈ।
ਇਕ ਵੰਗਾਰ ਇਹ ਵੀ ਹੈ ਕਿ ਵਰਤਮਾਨ ਪੰਜਾਬ ਵਿਚ ਪੈਦਾ ਹੋ ਗਈ ਸਿਆਸੀ ਸਪੇਸ ਦੇ ਅਪਹਰਣ ਵਾਸਤੇ ਤਰਲੋਮੱਛੀ ਹੋ ਰਹੇ ਹਰ ਰੰਗ ਦੇ ਸਿੱਖ ਸਿਆਸਤਦਾਨ, ਪੰਜਾਬ ਏਜੰਡੇ ਦੀ ਗੱਲ ਕਿਉਂ ਨਹੀਂ ਕਰਦੇ? ਜਿਸ ਸਥਿਤੀ ਵਿਚੋਂ ਨਿਕਲਣ ਵਾਸਤੇ ਪੰਜਾਬ ਏਜੰਡੇ ਦੀ ਗੱਲ ਕੀਤੀ ਜਾ ਰਹੀ ਹੈ, ਇਹ ਸਥਿਤੀ ਸਿਆਸਤਦਾਨਾਂ ਦੀ ਪੈਦਾਇਸ਼ ਹੈ। ਮਿਸਾਲ ਵਜੋਂ ‘ਨੇਸ਼ਨ ਸਟੇਟ’ ਦਾ ਮਸਲਾ ਸਬੰਧਤ ਦੇਸ਼ ਨਾਲ ਜੁੜਿਆ ਰਹਿਣਾ ਹੈ। ਪੰਜਾਬ ਤਾਂ ਸਿੱਖ ਰਾਜ ਵੇਲੇ ਵੀ ਦੇਸ਼ ਨਹੀਂ ਸੀ, ਬਲਕਿ ਦੇਸ਼ ਦਾ ਹਿੱਸਾ ਹੀ ਸੀ। ਸਿੱਖਾਂ ਅਤੇ ਅੰਗਰੇਜ਼ਾਂ ਦੀ ਲੜਾਈ ਵੇਲੇ ਸਾਰਾ ਦੇਸ਼ ਪੰਜਾਬ ਵਿਰੁਧ ਜੇ ਲੜ ਵੀ ਰਿਹਾ ਸੀ (ਜੰਗ ਹਿੰਦ ਪੰਜਾਬ ਦਾ ਹੋਣ ਲੱਗਾ, ਪਾਤਸ਼ਾਹੀ ਫੌਜਾਂ ਦੋਵੇਂ ਭਾਰੀਆਂ ਨੇ -ਸ਼ਾਹ ਮੁਹੰਮਦ) ਤਾਂ ਵੀ ਪੰਜਾਬ ਦੇਸ਼ ਦਾ ਹਿੱਸਾ ਹੀ ਸੀ।
ਸੂਬੇ ਦਾ ਰਾਜਾ ਹੋਣਾ ਜਾਂ ਦੇਸ਼ ਦਾ ਹਾਕਮ ਹੋਣਾ, ਦੇਸ਼ ਹੋ ਜਾਣਾ ਕਿਵੇਂ ਹੋਇਆ? ਅਹੁਦੇ ਦੀ ਨੈਤਿਕਤਾ ਦੀ ਥਾਂ ਅਹੁਦੇ ਨਾਲ ਮਾਲਕੀ ਦਾ ਹੱਕ ਕਦੋਂ ਅਤੇ ਕਿਵੇਂ ਸਿੱਖੀ ਵਿਚ ਪਰਵੇਸ਼ ਕਰ ਗਿਆ, ਵੱਖਰਾ ਮਸਲਾ ਹੈ। ਪੰਜਾਬ ਏਜੰਡਾ ਦੇਸ਼ ਦੇ ਪ੍ਰਸੰਗ ਵਿਚ ਸੂਬੇ ਵਜੋਂ ਹੀ ਤੈਅ ਹੋਣਾ ਹੈ। ਸੋਚਣਾ ਪਵੇਗਾ ਕਿ ਇਸ ਸਮੱਸਿਆ ਨਾਲ ਪੰਜਾਬ ਏਜੰਡੇ ਵਿਚ ਕਿਵੇਂ ਨਜਿੱਠਿਆ ਜਾਵੇ? ਕਿਸੇ ਨੂੰ ਮੰਤਵ ਸਿੱਧੀ ਲਈ ਦਲਿਤ ਵਿਰੋਧੀ ਕਹਿਣਾ ਤਾਂ ਸਿਆਸਤ ਦੀ ਸਿਆਸਤ ਹੋਵੇਗੀ ਅਤੇ ਇਸ ਦੀਆਂ ਪੈੜਾਂ ਪੰਜਾਬ ਏਜੰਡੇ ਦੀ ਫਿਕਰਮੰਦੀ ਵੱਲ ਨਹੀਂ ਜਾਂਦੀਆਂ। ਕਾਂਗਰਸੀਆਂ, ਕਾਮਰੇਡਾਂ ਅਤੇ ਸਿੱਖਾਂ ਨੂੰ ਦਲਿਤ ਵਿਰੋਧੀ ਹੋਣ ਦੀ ਸਿਧਾਂਤਕ ਆਗਿਆ, ਉਸ ਤਰ੍ਹਾਂ ਨਹੀਂ ਹੈ ਜਿਵੇਂ ਹਿੰਦੂ ਚਿੰਤਨ ਵਿਚ ਅੱਜ ਵੀ ਪ੍ਰਾਪਤ ਹੈ।
“ਗੁਰੂ ਦੇ ਨਾਮ ‘ਤੇ” ਜਿਊਣ ਵਾਲੇ ਪੰਜਾਬ ਦੀ ਸਮੱਸਿਆ ਕਦੇ ਦਲਿਤ ਸਮੱਸਿਆ ਸੀ ਹੀ ਨਹੀਂ, ਕਿਉਂਕਿ ਗੁਰੂ ਚਿੰਤਨ ਵਿਚ ਇਸ ਵਾਸਤੇ ਕੋਈ ਸਪੇਸ ਹੀ ਨਹੀਂ ਹੈ। ਇਸ ਕਰ ਕੇ ਕਿਸੇ ਵੀ ਕਿਸਮ ਦੀ ਸਿਆਸਤ ਨੂੰ ਠੀਕ ਬੈਠਦੀ ਇਜਾਰੇਦਾਰੀ ਜਾਂ ਸ਼ਰੀਕੇਬਾਜ਼ੀ ਤੋਂ ਪਾਸੇ ਰੱਖ ਕੇ ਹੀ ਪੰਜਾਬ ਏਜੰਡੇ ਬਾਰੇ ਸੋਚਣਾ ਚਾਹੀਦਾ ਹੈ। ਬਿਬੇਕੀ ਪਹੁੰਚ ਨਾਲ ਸਾਂਝੀ ਸਮਝ ਬਣਾਉਣ ਦੇ ਵਿਜ਼ਨ ਦਾ ਨਿਰਮਾਣ ਪੰਜਾਬ ਏਜੰਡੇ ਵਿਚ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ। ਇਸ ਦੀ ਸ਼ੁਰੂਆਤ ਇਥੋਂ ਕੀਤੀ ਜਾ ਸਕਦੀ ਹੈ ਕਿ ਕਿਹੜੀਆਂ ਗੱਲਾਂ ਨੂੰ ਕੇਂਦਰ ਵਿਚ ਰੱਖਣਾ ਹੈ ਅਤੇ ਕਿਨ੍ਹਾਂ ਨੂੰ ਹਾਸ਼ੀਏ ‘ਤੇ ਰੱਖਣਾ ਹੈ।
ਭਾਈ ਸੰਤੋਖ ਸਿੰਘ ਨੂੰ ਜਿਵੇਂ “ਅਕਾਲੀਆਂ ਦਾ ਸਿਆਸੀ ਪ੍ਰੇਰਣਾ ਸ੍ਰੋਤ” ਦੱਸਿਆ ਜਾਣ ਲੱਗ ਪਿਆ ਹੈ, ਇਹ ਗਦਰੀ ਬਿੰਬ ਦਾ ਕਾਮਰੇਡੀ ਸ਼ੈਲੀ ਵਿਚ ਅਪਹਰਣ ਹੈ। ਇਸ ਦੀ ਸ਼ਾਹਦੀ ਮਾਸਟਰ ਤਾਰਾ ਸਿੰਘ ਦੇ ਇਹ ਸ਼ਬਦ ਭਰ ਦਿੰਦੇ ਹਨ, “ਪਰਜਾ ਭਗਤੀ ਮਜ਼ਲੂਮਾਂ ਦੇ ਹੱਕ ਵਿਚ ਜੰਗੇ ਮੈਦਾਨ ਵਿਚ ਨਿਤਰਨਾ ਹੈ ਜਿਸ ਦੀ ਪਹਿਲਕਦਮੀ ਗੁਰੂ ਗੋਬਿੰਦ ਸਿੰਘ ਨੇ ਕੀਤੀ ਸੀ।” ਮਾਸਟਰ ਤਾਰਾ ਸਿੰਘ ਦੀ ਸਿਆਸਤ ਦੀ ਪ੍ਰਧਾਨ ਸੁਰ ਸੀ, “ਜੋ ਪੰਥਕ ਨਹੀਂ ਹੈ, ਉਹ ਮੇਰੀ ਸਿਆਸਤ ਦਾ ਹਿੱਸਾ ਨਹੀਂ ਹੈ।” ਅਕਾਲੀ ਸਦਾ ਹੀ ਗਦਰੀਆਂ ਨੂੰ ਆਪਣਾ ਸਮਝਦੇ ਰਹੇ ਹਨ, ਪਰ ਇਸ ਦੇ ਬਾਵਜੂਦ ਅਕਾਲੀ ਰਾਜਨੀਤੀ ਨੂੰ ਗਦਰੀਆਂ ਦੀ ਰਾਜਨੀਤੀ ਦੀ ਨਿਰੰਤਰਤਾ ਵਿਚ ਨਹੀਂ ਸਮਝਿਆ ਜਾ ਸਕਦਾ।
ਪੰਜਾਬ ਏਜੰਡੇ ਦੀ ਇਕ ਪਰਤ ਇਹ ਵੀ ਹੈ ਕਿ ਜਿਵੇਂ ਜਿਵੇਂ ਇਸ ਦਾ ਸਿੱਖੀਕਰਨ ਹੁੰਦਾ ਗਿਆ ਹੈ, ਤਿਵੇਂ ਤਿਵੇਂ ਇਸ ਦਾ ਭਾਰਤੀ ਪ੍ਰਸੰਗ ਕਦੇ ਧੁੰਧਲਾ ਹੁੰਦਾ ਰਿਹਾ ਹੈ, ਕਦੇ ਵਿਗੜਦਾ ਰਿਹਾ ਹੈ ਅਤੇ ਕਦੇ ਅੱਖੋਂ ਪਰੋਖੇ ਹੁੰਦਾ ਰਿਹਾ ਹੈ। ਭਾਰਤੀ ਪ੍ਰਸੰਗ ਵਿਚ ਜਿਨ੍ਹਾਂ ਨੇ ਪੰਜਾਬ ਏਜੰਡੇ ਨੂੰ ਸਿੱਖੀ ਰਾਹੀਂ ਸਮਝਣ ਦੀ ਥਾਂ ਸਿੱਖਾਂ ਰਾਹੀਂ ਸਮਝਣ ਦੀ ਕੋਸ਼ਿਸ਼ ਕੀਤੀ ਹੈ, ਉਸ ਨਾਲ ਧੁੰਧਲਾਹਟ ਅਤੇ ਵਿਗਾੜ ਪੈਦਾ ਹੋਣ ਦੀਆਂ ਸੰਭਾਵਨਾਵਾਂ ਵਧਦੀਆਂ ਰਹੀਆਂ ਹਨ। ਇਹ ਰਾਹ ਸਿੱਖ ਦੀ ਅਸਫਲਤਾ ਨੂੰ ਸਿੱਖੀ ਦੀ ਅਸਫਲਤਾ ਸਮਝ ਲੈਣ ਦਾ ਸੌਖਾ ਰਾਹ ਹੈ ਅਤੇ ਇਸ ਬਾਰੇ ਸੁਚੇਤ ਪੰਜਾਬ ਏਜੰਡੇ ਰਾਹੀਂ ਕੀਤਾ ਜਾ ਸਕਦਾ ਹੈ। ਸਿੱਖੀ ਦਾ ਸ੍ਰੋਤ ਬਾਣੀ ਹੈ ਅਤੇ ਸਿੱਖ ਇਤਿਹਾਸ ਨੂੰ ਵੀ ਬਾਣੀ ਦੀ ਰੌਸ਼ਨੀ ਵਿਚ ਸਮਝੇ ਜਾਣ ਨਾਲ ਹੀ ਸਿੱਖੀ ਦੀ ਪ੍ਰਸੰਗਿਕ ਸਮਝ ਸਾਹਮਣੇ ਆ ਸਕਦੀ ਹੈ। ਪੰਜਾਬ ਏਜੰਡੇ ਨੂੰ ਸਿੱਖੀ ਤੋਂ ਮੁਕਤ ਕਰ ਕੇ ਨਹੀਂ ਸਮਝਿਆ ਜਾ ਸਕਦਾ ਅਤੇ ਗੁਰਬਾਣੀ ਨੂੰ ਸਮਝੇ ਬਿਨਾ ਸਿੱਖੀ ਨੂੰ ਨਹੀਂ ਸਮਝਿਆ ਜਾ ਸਕਦਾ। ਇਸ ਕਰ ਕੇ ਗੁਰਬਾਣੀ ਤੋਂ ਨਾਵਾਕਫ ਟਿਪਣੀਕਾਰਾਂ ਨੂੰ ਲੈ ਕੇ ਵਿਚਲਿਤ ਹੋਣ ਦੀ ਲੋੜ ਨਹੀਂ ਹੈ।
ਸਿਆਸਤ ਨੂੰ ਕੇਂਦਰ ਵਿਚ ਰੱਖ ਕੇ ਪੰਜਾਬ ਏਜੰਡੇ ਬਾਰੇ ਸੋਚਾਂਗੇ ਤਾਂ ਨਤੀਜੇ ਸਿਆਸਤ ਮੁਤਾਬਕ ਹੀ ਨਿਕਲਣਗੇ। ਗੁਲਾਮ ਭਾਰਤ ਦੇ ਹਵਾਲੇ ਨਾਲ ਜੋ ਧਾਰਨਾਵਾਂ ਬੰਗਾਲੀ ਦਾਨਸ਼ਵਰਾਂ (ਬੰਗਾਲੀ ਪੁਨਰ ਜਾਗਰਣ) ਜਾਂ ਕਾਮਰੇਡਾਂ (ਪਰਜਾ ਭਗਤੀ ਤੇ ਦੇਸ਼ ਭਗਤੀ) ਦੇ ਹਵਾਲੇ ਨਾਲ ਸਾਹਮਣੇ ਲਿਆਉਣ ਦੀ ਕੋਸ਼ਿਸ਼ ਹੁੰਦੀ ਰਹੀ ਹੈ, ਉਸ ਦੀ ਥਾਂ ਸਿੰਘ ਸਭਾ ਲਹਿਰ ਦੇ ਹਵਾਲੇ ਨਾਲ ਗੱਲ ਕੀਤੀ ਜਾਵੇ ਤਾਂ ਪੰਜਾਬ ਏਜੰਡੇ ਦੇ ਨਿਰਮਾਣ ਵਾਸਤੇ ਵੱਧ ਕੰਮ ਆ ਸਕਦੀ ਹੈ। ਸਮਝਣ ਵਾਲੀ ਗੱਲ ਇਹ ਹੈ ਕਿ ‘ਭਾਰਤੀ ਰਾਸ਼ਟਰਵਾਦ’ ਨੂੰ ਜਿਵੇਂ ਅੱਜ ਹਿੰਦੂ-ਊਰਜਾ ਮਿਲ ਰਹੀ ਹੈ, ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਇਸ ਤਰ੍ਹਾਂ ਨਹੀਂ ਮਿਲ ਰਹੀ ਸੀ। ਦੂਜੀ ਗੱਲ, ਇਸ ‘ਭਾਰਤੀ ਰਾਸ਼ਟਰਵਾਦ’ ਵਾਸਤੇ ਕਿਸੇ ਇਕ ਸਿਆਸੀ ਪਾਰਟੀ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ। ਸਿੱਖ ਸਿਆਸਤ ਵਿਚ ਖਾਸ ਕਰ ਅਤੇ ਬਾਕੀ ਸਿਆਸਤ ਵਿਚ ਆਮ ਕਰ ਕੇ, ਇਹ ਰੰਗ ਭਾਰੂ ਹੁੰਦਾ ਜਾ ਰਿਹਾ ਹੈ ਕਿ ਜੋ ਹੱਕ ਵਿਚ ਨਹੀਂ ਭੁਗਤਦਾ, ਉਸ ਨੂੰ ਵਿਰੋਧ ਹੀ ਸਮਝ ਲਿਆ ਜਾਵੇ। ਇਸ ਨਾਲ ਦੂਜੇ ਦੇ ਦੂਜੇਪਨ ਨੂੰ ਨਾਲ ਲੈ ਕੇ ਤੁਰਨ ਵਾਲੀ ਸਿੱਖ ਭਾਵਨਾ ਦਾਅ ‘ਤੇ ਲੱਗ ਗਈ ਹੈ। ਪੰਜਾਬ ਏਜੰਡੇ ਵਿਚ ਇਸ ਨੂੰ ਪਹਿਲ ਵਾਂਗ ਸਥਾਪਤ ਕਰਨਾ ਚਾਹੀਦਾ ਹੈ।
ਪੰਜਾਬ ਏਜੰਡੇ ਵਿਚ ਧਰਮ ਅਤੇ ਸਿਆਸਤ ਦਾ ਮਸਲਾ ਵੀ ਸ਼ਾਮਲ ਰਹਿਣਾ ਹੈ। ਦੋਹਾਂ ਵਿਚੋਂ ਜੇ ਕਿਸੇ ਇਕ ਨੂੰ ਹਾਸ਼ੀਏ ‘ਤੇ ਲੈ ਜਾਣ ਦੀ ਸਥਿਤੀ ਪੈਦਾ ਹੋ ਜਾਵੇ ਤਾਂ ਸਿਆਸਤ ਨੂੰ ਹਾਸ਼ੀਏ ‘ਤੇ ਲੈ ਕੇ ਜਾਣ ਦਾ ਸਿਧਾਂਤਕ ਸਮਰਥਨ, ਸਿੱਖੀ ਵਿਚ ਪ੍ਰਾਪਤ ਹੈ। ਮੀਰੀ-ਪੀਰੀ ਦਾ ਸਿੱਖ ਸੰਕਲਪ ਦੋਹਾਂ ਨਾਲ ਨਿਭ ਸਕਣ ਦੇ ਵਚਨਬਧ ਸੰਤੁਲਨ ਦਾ ਮਾਡਲ ਹੈ। ਇਸ ਨਾਲ ਧਰਮ ਅਤੇ ਸਿਆਸਤ ਨੂੰ ਪ੍ਰਾਪਤ ਸਮਾਨੰਤਰਤਾ ਵਿਚੋਂ ਕੱਢ ਕੇ ਲੋੜੀਂਦੀ ਸਮਵਰਤਾ ਵਿਚ ਸਥਾਪਤ ਕਰ ਦਿੱਤਾ ਗਿਆ ਸੀ। ਇਸ ਵਿਲੱਖਣਤਾ ਨੂੰ ‘ਪੱਛਮੀ ਲਿਬਰਲ ਡੈਮੋਕਰੇਸੀ ਦੀ ਉਪਜ’ ਨਹੀਂ ਕਹਿਣਾ ਚਾਹੀਦਾ, ਕਿਉਂਕਿ ਇਸ ਦੇ ਆਧਾਰ ਸਿੱਖ ਧਰਮ ਵਿਚ ਪ੍ਰਾਪਤ ਹਨ। ਜੇ “ਸਿੱਖ ‘ਵੱਖਵਾਦ-ਅਤਿਵਾਦ’ ਵੱਲੋਂ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਖਤਰਾ ਖੱਬੀ ਲਹਿਰ ਦੇ ਵਿਕਾਸ ਵਿਚ ਅੜਿੱਕਾ ਜਾਪਦਾ” ਵੀ ਹੈ ਤਾਂ ਵੀ ਇਸ ਨੂੰ ਪੰਜਾਬ ਏਜੰਡੇ ਵਾਸਤੇ ਰੁਕਾਵਟ ਨਹੀਂ ਸਮਝਿਆ ਜਾਣਾ ਚਾਹੀਦਾ।
ਸੁਜੱਗ ਸਿੱਖਾਂ ਅੰਦਰ ਉਹ ਸਭ ਗੱਲਾਂ ਸਕਰਮਕ ਰਹਿਣੀਆਂ ਚਾਹੀਦੀਆਂ ਹਨ, ਜੋ ਪੰਜਾਬ ਵਿਜ਼ਨ ਨਾਲ ਜੁੜੀਆਂ ਹੋਈਆਂ ਹਨ। ਇਸ ਵਿਚ ਇਹੋ ਜਿਹੇ ਅਣਸੁਲਝੇ ਮਸਲੇ ਸ਼ਾਮਲ ਹੋਣੇ ਚਾਹੀਦੇ ਹਨ: 1æ ਗ੍ਰੰਥ ਅਤੇ ਪੰਥ ਵਿਚੋਂ ਪਹਿਲ ਕਿਸ ਨੂੰ, ਕਿਵੇਂ ਤੇ ਕਿਉਂ ਮਿਲਣੀ ਚਾਹੀਦੀ ਹੈ? 2æ ਸ੍ਰੀ ਗੁਰੂ ਗ੍ਰੰਥ ਸਾਹਿਬ ਸਥਾਪਤ ਸੱਚਾਈ ਹੋਣ ਦੇ ਬਾਵਜੂਦ ਦਸਮ ਗ੍ਰੰਥ ਨੂੰ ਲੈ ਕੇ ਸਿਆਸਤ ਕਿਉਂ ਹੋ ਰਹੀ ਹੈ? 3æ ਸਿਆਸਤ ਅਤੇ ਧਰਮ ਦੇ ਰਿਸ਼ਤੇ ਨੂੰ ਮੀਰੀ-ਪੀਰੀ ਦੇ ਪ੍ਰਸੰਗ ਵਿਚ ਕਿਵੇਂ ਨਜਿੱਠੀਏ? 4æ ਸਿਆਸਤ ਨੂੰ ਲੈ ਕੇ ਖਾੜਕੂ ਲਹਿਰ, ਨੀਲਾ ਤਾਰਾ ਅਤੇ 1984 ਦੇ ਦੰਗਿਆਂ ਵੇਲੇ ਸਿੱਖ ਭਾਈਚਾਰੇ ਵੱਲੋਂ ਦਿੱਤੀ ਗਈ ਕੀਮਤ ਕਿਸ ਖਾਤੇ ਵਿਚ ਪਾਈਏ? 5æ ਕਿਹੋ ਜਿਹੇ ਸਿੱਖ ਨੂੰ ਸਿੱਖ ਕੌਮ ਦੀ ਅਗਵਾਈ ਕਰਨੀ ਚਾਹੀਦੀ ਹੈ ਅਤੇ ਇਸ ਦਾ ਫੈਸਲਾ ਕਰਨ ਤੋਂ ਸਿੱਖਾਂ ਨੂੰ ਕੌਣ ਰੋਕਦਾ ਹੈ? 6æ ਗਲੋਬਲ ਹੋ ਚੁਕੇ ਸਿੱਖ ਭਾਈਚਾਰੇ ਨੂੰ ਆਪਸੀ ਤਣਾਉ ਪੈਦਾ ਕਰਨ ਵਾਲੀ ਸਿਆਸਤ ਤੋਂ ਕਿਵੇਂ ਬਚਾਇਆ ਜਾਵੇ? 7æ ਸਵਾਲ ਇਹ ਵੀ ਹੈ ਕਿ ਸਿੱਖ ਅਮਲ ਅਤੇ ਸਿੱਖ ਸਿਧਾਂਤ ਵਿਚਕਾਰ ਤਣਾਉ ਏਨਾ ਅੱਗੇ ਵਧਾਉਣ ਲਈ ਜ਼ਿੰਮੇਵਾਰ ਕੌਣ ਹੈ? 8æ ਸਿੱਖ ਭਾਈਚਾਰੇ ਨੂੰ ਸਾਂਝੀ ਸਿੱਖ ਸਮਝ ਦੇ ਰਸਤੇ ਬੰਦ ਹੋ ਗਏ ਕਿਉਂ ਲੱਗਣ ਲੱਗ ਪਏ ਹਨ? 9æ ਸਿੱਖ ਨੇ ਆਪਣਾ ਸਫਰ “ਮੈਂ ਗੁਰੂ ਦਾ ਹਾਂ” ਤੋਂ ਸ਼ੁਰੂ ਕੀਤਾ ਸੀ। ਕੀ ਸਿੱਖ “ਗੁਰੂ ਮੇਰਾ ਹੀ ਹੈ” ਤੱਕ ਤਾਂ ਨਹੀਂ ਪਹੁੰਚ ਗਿਆ? 10æ ਕੀ ਸਿੱਖੀ ਦਾ ਫਿਕਰ ਹਾਸ਼ੀਏ ‘ਤੇ ਚਲਾ ਗਿਆ ਹੈ ਅਤੇ ਸਿੱਖੀ ਦੀ ਸਿਆਸਤ ਕੇਂਦਰ ਵਿਚ ਆ ਗਈ ਹੈ? 11æ ਸਿਆਸਤ ਜੇ ਅਧਿਕਾਰਾਂ ਦੀ ਖੇਡ ਹੈ ਤਾਂ ਪੰਥਕਤਾ ਵਿਚ ਵੀ ਪਦਵੀ ਦੇ ਅਧਿਕਾਰਾਂ ਦਾ ਬੋਲਬਾਲਾ ਕਿਉਂ ਅਤੇ ਕਿਵੇਂ ਹੋ ਗਿਆ ਹੈ? 12æ ਪੰਥਕਤਾ ਵਾਸਤੇ ਜੋ ਸਿਰ ਦੀ ਬਾਜ਼ੀ ਲਾ ਸਕਦੇ ਸਨ, ਕੀ ਉਹ ਕਸੂਤੇ ਉਲਝ ਗਏ ਹਨ ਜਾਂ ਉਲਝਾ ਦਿੱਤੇ ਗਏ ਹਨ? ਮੇਰੀ ਰਾਏ ਹੈ ਕਿ ਸਿੱਖਾਂ ਨੂੰ ਸਿੱਖਾਂ ਤੋਂ ਬਚਾਏ ਜਾਣ ਦੀ ਲੋੜ ਹੈ ਜੋ ਓਨਾ ਚਿਰ ਸੰਭਵ ਨਹੀਂ ਹੈ, ਜਿੰਨਾ ਚਿਰ ਸਿੱਖ ਸੰਸਥਾਵਾਂ ਨੂੰ ਸਿੱਖ ਸਿਆਸਤਦਾਨਾਂ ਤੋਂ ਮੁਕਤ ਨਹੀਂ ਕਰਵਾਇਆ ਜਾਂਦਾ।
ਕਹਿ ਸਕਦੇ ਹਾਂ ਕਿ ਸਿੱਖ ਧਰਮ ਵਿਚ ਦਲਿਤ ਮੁਕਤੀ ਦੇ ਏਜੰਡੇ ਦੀਆਂ ਮਾਡਲ ਪੈੜਾਂ ਤਾਂ ਹਨ, ਪਰ ਦਲਿਤ ਸ਼੍ਰੇਣੀ ਵਾਸਤੇ ਵਿਸ਼ੇਸ਼ ਸਪੇਸ ਜਾਂ ਰਾਖਵੇਂਕਰਨ ਵਾਸਤੇ ਕੋਈ ਥਾਂ ਨਹੀਂ ਹੈ। ਗਲੋਬਲ ਹੋ ਗਏ ਸਿੱਖ ਭਾਈਚਾਰੇ ਨੇ ਬਿਨਾ ਕਿਸੇ ਰਾਖਵੇਂਕਰਨ ਦੇ ਧਰਮ ਨੂੰ ਨਾਲ ਲੈ ਕੇ ਜਿਊਣ ਦੀ ਧਰੋਹਰ ਕਿਰਤ ਕਰਨ, ਨਾਮ ਜਪਣ ਅਤੇ ਵੰਡ ਛਕਣ ਨਾਲ ਪੈਦਾ ਹੋਈ ਸਿੱਖ ਊਰਜਾ ਰਾਹੀਂ ਦੁਨੀਆਂ ਭਰ ਵਿਚ ਮੱਲਾਂ ਮਾਰੀਆਂ ਹਨ। ਸਿੱਖ ਅਹਿਸਾਸ ਦੇ ਬੋਲ ਬਾਲਿਆਂ ਨਾਲੋਂ ਟੁੱਟੀ ਸਿੱਖ ਪਛਾਣ ਦੀ ਕਲਪਨਾ ਹੀ ਨਹੀਂ ਕੀਤੀ ਜਾ ਸਕਦੀ। ਸਿੱਖ ਪਛਾਣ ਦੇ ਰੋਲ ਮਾਡਲ ਬੇਸ਼ੱਕ ਸਿੱਖ ਡੇਰੇਦਾਰ ਹੁੰਦੇ ਜਾ ਰਹੇ ਹਨ, ਪਰ ਨਾਲ ਹੀ ਇਹ ਅਹਿਸਾਸ ਵੀ ਕਾਇਮ ਹੈ ਕਿ ਡੇਰੇਦਾਰੀ ਲਈ ਸਿੱਖੀ ਵਿਚ ਕੋਈ ਥਾਂ ਨਹੀਂ ਹੈ। ਸਿੱਖ ਪਛਾਣ ਦੀਆਂ ਹੱਦਬੰਦੀਆਂ ਤੋਂ ਪਾਰ ਜਾ ਸਕਣ ਦਾ ਅਹਿਸਾਸ ਪੰਜਾਬ ਏਜੰਡੇ ਵਿਚ ਸ਼ਾਮਲ ਰਹਿਣਾ ਚਾਹੀਦਾ ਹੈ।
ਇਹ ਸੱਚਾਈ ਸਥਾਪਤ ਹੋ ਚੁਕੀ ਹੈ ਕਿ ਕਿਸੇ ਕਿਸਮ ਦੀ ਇਕਹਿਰੀ ਸਰਦਾਰੀ ਦੀ ਸਿਆਸਤ ਨੇ ਸਿਰੇ ਨਹੀਂ ਚੜ੍ਹਨਾ। ਵਿਚਾਰਧਾਰਕ ਸਿਰਦਾਰੀਆਂ ਦੇ ਨਤੀਜੇ ਵੀ ਸਭ ਦੇ ਸਾਹਮਣੇ ਹਨ। ਜੋ ਵਿਚਾਰਧਾਰਕ ਪੈਂਤੜੇਬਾਜੀ ਅਵਚੇਤਨ ਨੂੰ ਮੱਲ ਲਵੇ, ਉਸ ਨੂੰ ਸਿਵਿਆਂ ਦੇ ਰਾਹ ਪੈਣਾ ਹੀ ਪੈਂਦਾ ਹੈ। ਕਿਸੇ ਵੀ ਕਿਸਮ ਦੇ ਅਵਚੇਤਨੀ-ਕੰਪਲੈਕਸ ‘ਤੇ ਉਸਰੀ ਮਾਨਸਿਕਤਾ ਵੱਲੋਂ ਹੁੰਦੀ ਰਹੀ, ਹੋ ਰਹੀ ਜਾਂ ਹੋਣ ਵਾਲੀ ਸਿਆਸਤ ਨਾਲ ਨਜਿੱਠਣ ਦਾ ਗਾਡੀ ਰਾਹ (ਗੁਰਮੁਖਿ ਗਾਡੀ ਰਾਹ ਚਲਾਇਆæææ) ਸਿੱਖ ਗੁਰੂ ਸਾਹਿਬਾਨ (1469-1708) ਨੇ ਦਿੱਤਾ ਸੀ। ਇਹ ਗਰਜਾਂ ਦੀ ਸਿਆਸਤ ਅਤੇ ਇੱਛਾਵਾਂ ਦੇ ਤਲਿੱਸਮੀ ਜੋੜ-ਤੋੜ ਤੋਂ ‘ਪਾਰ ਜਾਣ’ ਦਾ ਗਾਡੀ ਰਾਹ ਸੀ ਅਤੇ ਹੈ। ਇਸ ਗਾਡੀ ਰਾਹ ‘ਤੇ ਬਰਾਸਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਕਾਲੀ ਸਿਆਸਤ ਦਾ ਕਬਜ਼ਾ ਹੋ ਗਿਆ ਹੈ। ਪੰਜਾਬ ਏਜੰਡੇ ਨੂੰ ਕਬਜ਼ਿਆਂ ਦੀ ਇਸ ਧੁਰੀ ਦੇ ਆਲੇ ਦੁਆਲੇ ਹੀ ਘੁਮਾਇਆ ਜਾ ਸਕਦਾ ਹੈ। ਇਸ ‘ਸਾਕਾਰ ਹੋ ਚੁਕੀ ਵਾਸਤਵਿਕਤਾ’ ਦੀ ਕੀਮਤ ਵਜੋਂ ‘ਇੰਡਸਟਰੀਅਲ ਸਰਮਾਇਆ’ ਹਰਿਆਣੇ ਕੋਲ ਅਤੇ ‘ਕੁਦਰਤੀ ਸਰਮਾਇਆ’ ਹਿਮਾਚਲ ਕੋਲ ਚਲਾ ਗਿਆ ਹੈ। ਅਮੀਰ ਵਿਰਾਸਤ ਵਾਲਾ ਪੰਜਾਬ ਪੁੱਜ ਕੇ ਗਰੀਬ ਹੋ ਗਿਆ ਹੈ। ਇਸ ਵੇਲੇ ਪੰਜਾਬ ਨੂੰ ਸਿਆਸੀ ਏਜੰਡੇ ਦੀ ਨਹੀਂ, ਆਰਥਿਕ ਏਜੰਡੇ ਦੀ ਲੋੜ ਹੈ।
ਪੰਜਾਬ ਏਜੰਡੇ ਨੂੰ ਸਿਆਸਤ ਤੋਂ ਬਚਾਏ ਜਾਣ ਦੀ ਇਸ ਕਰ ਕੇ ਵੀ ਲੋੜ ਹੈ ਕਿ ਸਿਆਸਤ ਵਿਚ ਬੇਲਗਾਮ ਪ੍ਰਾਪਤੀਆਂ ਅਤੇ ਗਲਵੱਢ ਮੁਕਾਬਲਾ ਹੀ ਊਰਜੀ ਭੂਮਿਕਾ ਨਿਭਾਉਂਦਾ ਰਿਹਾ ਹੈ। ਵਿਰਾਸਤੀ ਜੜ੍ਹਾਂ ਨਾਲੋਂ ਟੁੱਟੀ ਸੂਚਨਾ ਬੌਧਿਕਤਾ, ਅਕਾਦਮਿਕ ਚੌਧਰਾਂ ਨਾਲ ਸੰਤੁਸ਼ਟ ਪਈ ਹੋਵੇ, ਪਰ ਇਹ ਜ਼ਰੂਰ ਸੋਚੇ ਕਿ ਪੰਜਾਬ ਦਾ ਚੇਤੰਨ ਵਰਗ ਪੰਜਾਬ ਦੇ ਭਵਿਖ ਬਾਰੇ ਸੋਚਣ ਦੀ ਲੋੜ ਕਿਉਂ ਨਹੀਂ ਸਮਝਦਾ? ਨਤੀਜੇ ਵਜੋਂ ਪੰਜਾਬ ਏਜੰਡੇ ਦੀ ਸਿਆਸਤ ਤਾਂ ਹੈ, ਪਰ ਪੰਜਾਬ ਏਜੰਡੇ ਦੀ ਅਕਾਦਮਿਕਤਾ ਸਾਹਮਣੇ ਨਹੀਂ ਆ ਰਹੀ। ਲੱਗਦਾ ਹੈ ਕਿ ਪੰਜਾਬ ਦੇ ਦਾਨਿਸ਼ਵਰ ਆਪੋ ਆਪਣੇ ਸੰਕਟਾਂ ਨੂੰ ਪੰਜਾਬ ਦਾ ਸੰਕਟ ਬਣਾਉਣ ਦੇ ਰਾਹੇ ਪਏ ਹੋਏ ਹਨ। ਪੈਦਾ ਕੀਤੇ ਜਾਂ ਗਲ ਪੈ ਗਏ ਸੰਕਟਾਂ ਦੀ ਰਾਜਨੀਤੀ ‘ਪੰਥ ਨੂੰ ਖਤਰੇ’ ਦੀ ਨਿਰੰਤਰਤਾ ਵਿਚ ਹੀ ਸਮਝ ਆ ਸਕਦੀ ਹੈ।
ਵਿਦੇਸ਼ਾਂ ਵਿਚ ਜਾਣ-ਆਉਣ ਵਾਲਿਆਂ ਨੂੰ ਪਤਾ ਹੈ ਕਿ ਪੰਜਾਬ ਕੇਂਦਰਤ ਰਾਜਨੀਤੀ ਅਤੇ ਵਿਦੇਸ਼ ਕੇਂਦਰਤ ਰਾਜਨੀਤੀ ਦੇ ਤਣਾਉ ਨੇ ਆਮ ਸਿੱਖ ਨੂੰ ਬੰਧੂਆ ਵੋਟਰ ਅਤੇ ਬੰਧੂਆ ਸਮਰਥਕ ਹੋ ਜਾਣ ਲਈ ਮਜਬੂਰ ਕਰ ਦਿੱਤਾ ਹੈ। ਪੰਜਾਬ ਵਿਚ ਵਿਹਲੜਾਂ ਤੇ ਨਸ਼ੇੜੀਆਂ ਦੀ ਤੀਜੀ ਧਿਰ ਵੀ ਪੈਦਾ ਹੁੰਦੀ ਜਾ ਰਹੀ ਹੈ ਅਤੇ ਵੱਢੀ-ਖੋਰੀ ਸਿਆਸਤ ਨੂੰ ਊਰਜਿਤ ਵੀ ਕਰ ਰਹੀ ਹੈ ਤੇ ਉਤਸ਼ਾਹਿਤ ਵੀ। ਨਵੇਂ ਸਰੋਕਾਰਾਂ ਨੇ ਨਵੇਂ ਸੰਕਟ ਪੈਦਾ ਕਰ ਦਿੱਤੇ ਹਨ। ਕੋਮਲ ਮਾਨਸਿਕਤਾ ਵਾਲੀ ਪੇਂਡੂ ਜਨਤਾ ਬੰਧੂਆ ਵੋਟਰ ਅਤੇ ਬੰਧੂਆ ਸਮਰਥਕ ਵਿਚਾਲੇ ਵੰਡੀ ਗਈ ਹੈ। ਨਿੱਤ ਦੀਆਂ ਖੁਆਰੀਆਂ ਦਾ ਝੰਬਿਆ ਆਮ ਪੰਜਾਬੀ ਕੰਧਾਂ ਵਿਚ ਵੱਜਦਾ ਫਿਰਦਾ ਹੈ। ਚੜ੍ਹਦੀ ਕਲਾ ਦੇ ਵਾਰਸ ਖੁਦਕੁਸ਼ੀਆਂ ਦੇ ਰਾਹ ਪੈ ਗਏ ਹਨ।
ਚਰਚਾ ਨੂੰ ਇਸ ਟਿੱਪਣੀ ਨਾਲ ਸਮੇਟ ਰਿਹਾ ਹਾਂ ਕਿ ਪੰਜਾਬ ਏਜੰਡੇ ਦੇ ਇਰਦ ਗਿਰਦ ਸਿਆਸਤ ਦੀ ਧੁੰਧ ਫੈਲੀ ਹੋਈ ਹੈ। ਜੇ ਪ੍ਰਾਪਤ ਸਿਆਸੀ ਢਾਂਚੇ ਦੇ ਥੰਮ੍ਹ ਸਿਆਸਤਦਾਨ, ਬਿਊਰੋਕ੍ਰੇਸੀ ਅਤੇ ਮੀਡੀਏ ਨੂੰ ਮੰਨ ਲਿਆ ਜਾਵੇ ਤਾਂ ਇਨ੍ਹਾਂ ਤਿੰਨਾਂ ਵਿਚਾਲੇ ਅਪਵਿੱਤਰ ਗਠਜੋੜ ਦੀ ਜੱਗ ਜ਼ਾਹਰ ਸੱਚਾਈ ਨੂੰ ਵੀ ਮੰਨ ਲੈਣਾ ਚਾਹੀਦਾ ਹੈ। ਸੌਖਾ ਸਾਹ ਲੈਣ ਦੇ ਸੁਪਨੇ ਨਾਲ ਜੁੜਿਆ ਪੰਜਾਬ ਦਾ ਹਿਜਰਤੀ ਰੁਝਾਨ ਵੀ ਇਸੇ ਬੇਕਿਰਕ ਮਾਹੌਲ ਦੀ ਉਪਜ ਹੈ। ਅਜਿਹੇ ਵੇਲੇ ਪੰਜਾਬ ਏਜੰਡੇ ਬਾਰੇ ਸਾਂਝੀ ਸਮਝ ‘ਤੇ ਪਹੁੰਚਣ ਲਈ ਵਿਚਾਰ ਵਟਾਂਦਰੇ ਲਈ ਮੰਚ ਮੁਹੱਈਆ ਕਰ ਕੇ ਬਥੇਰਿਆਂ ਨੇ ਸ਼ਲਾਘਾਯੋਗ ਕੰਮ ਕੀਤਾ ਹੈ। ਬੌਧਿਕ ਵਚਨਬੱਧਤਾ ਨੂੰ ਪ੍ਰਣਾਏ ਪੰਜਾਬੀਆਂ ਨੂੰ ਇਸ ਵਿਚ ਸ਼ਾਮਲ ਹੋਣਾ ਚਾਹੀਦਾ ਹੈ। ਇਸ ਪਾਸੇ ਤੁਰਾਂਗੇ ਤਾਂ ਪਤਾ ਲੱਗ ਜਾਵੇਗਾ ਕਿ ਪੰਜਾਬ ਦੇ ਕਿੰਨੇ ਪ੍ਰਤੀਸ਼ਤ ਲੋਕ ਮੌਜਾਂ ਮਾਣ ਰਹੇ ਹਨ ਅਤੇ ਕਿੰਨੀ ਜਨਤਾ ਉਸ ਮੌਜ ਮਸਤੀ ਦਾ ਖਾਜਾ ਹੋ ਜਾਣ ਦੀ ਹੋਣੀ ਭੁਗਤ ਰਹੀ ਹੈ। ਇਸ ਨਾਲ ਇਹ ਅਹਿਸਾਸ ਵੀ ਸਾਹਮਣੇ ਆ ਜਾਵੇਗਾ ਕਿ ਪੰਜਾਬ ਜੋ “ਗੁਰੂ ਦੇ ਨਾਮ ‘ਤੇ ਜਿਊਂਦਾ” ਰਿਹਾ ਹੈ, ਉਹੀ ਪੰਜਾਬ “ਗੁਰੂ ਦੇ ਨਾਮ” ਦੀ ਸਿਆਸਤ ਦਾ ਸ਼ਿਕਾਰ ਕਿਵੇਂ ਅਤੇ ਕਿਉਂ ਹੁੰਦਾ ਜਾ ਰਿਹਾ ਹੈ?