ਨੇਸ਼ਨ ਸਟੇਟ ਬਨਾਮ ਧਰਮ ਸਟੇਟ: ਮਾਨਵਤਾ ਪੱਖੀ ਜਾਂ…

‘ਪੰਜਾਬ ਟਾਈਮਜ਼’ ਦੇ ਪੰਨਿਆਂ ਉਤੇ ਨੇਸ਼ਨ ਸਟੇਟ ਵਾਲੇ ਮੁੱਦੇ ਉਤੇ ਚੱਲੀ ਬਹਿਸ ਦੇ ਸਿਲਸਿਲੇ ਵਿਚ ਨੰਦ ਸਿੰਘ ਬਰਾੜ ਦਾ ਇਹ ਲੇਖ ਕਾਫੀ ਪੱਛੜ ਕੇ ਪ੍ਰਾਪਤ ਹੋਇਆ ਹੈ ਪਰ ਲੇਖ ਦੀ ਖਾਸੀਅਤ ਇਹ ਹੈ ਕਿ ਲੇਖਕ ਨੇ ਜਿਹੜੀਆਂ ਗੱਲਾਂ ਕੀਤੀਆਂ ਹਨ, ਬਹੁਤ ਸਰਲ ਢੰਗ ਨਾਲ ਅਤੇ ਐਨ ਸਪਸ਼ਟ ਰੂਪ ਵਿਚ ਕੀਤੀਆਂ ਹਨ। ਇਹ ਲੇਖ ਇਕ ਤਰ੍ਹਾਂ ਨਾਲ ਸਮੁੱਚੇ ਮਸਲੇ ਉਤੇ ਉਡਦੀ ਜਿਹੀ ਝਾਤ ਹੋ ਨਿਬੜਿਆ ਹੈ।

-ਸੰਪਾਦਕ

ਨੰਦ ਸਿੰਘ ਬਰਾੜ
ਫੋਨ: 916-674-2201

‘ਪੰਜਾਬ ਟਾਈਮਜ਼’ ਵਿਚ ਨੇਸ਼ਨ ਸਟੇਟ ਬਾਰੇ ਬਹੁਤ ਸਾਰੇ ਵਿਦਵਾਨਾਂ ਦੀ ਵਿਚਾਰ-ਚਰਚਾ ਪੜ੍ਹਨ ਨੂੰ ਮਿਲੀ। ਨੇਸ਼ਨ/ਕੌਮ ਬਾਰੇ ਜਿੰਨੀ ਕੁ ਮੇਰੀ ਸਮਝ ਬਣੀ, ਉਸ ਮੁਤਾਬਕ ਤਾਂ ਸਥਾਪਤ ਧਰਮ ਹੀ ਕੌਮ ਨਿਰਧਾਰਤ ਕਰਦਾ ਹੈ, ਜਾਂ ਕੌਮ ਹੁੰਦਾ ਹੈ; ਜਿਵੇਂ ਹਿੰਦੂ ਕੌਮ, ਮੁਸਲਮਾਨ ਕੌਮ, ਸਿੱਖ ਕੌਮ ਆਦਿ। ਵਿਦਵਾਨ ਲੇਖਕ ਡਾæ ਸੰਦੀਪ ਸਿੰਘ ਨੇ ਆਪਣੇ ਲੇਖ ‘ਨੇਸ਼ਨ ਸਟੇਟ ਅਸਲ ਵਿਚ ਹੈ ਕੀ?’ ਵਿਚ ਨੇਸ਼ਨ ਨੂੰ ਬਣਾਉਣ ਵਾਲੇ ਕਈ ਕਾਰਕਾਂ (ਫੈਕਟਰਜ਼) ਦਾ ਜ਼ਿਕਰ ਕੀਤਾ ਹੈ; ਮਸਲਨ ਸਾਂਝਾ ਇਤਿਹਾਸ, ਸਭਿਆਚਾਰ, ਇਕੋ ਨਸਲ, ਇਕੋ ਭਾਸ਼ਾ, ਇਕੋ ਧਰਮ ਆਦਿ। ਉਨ੍ਹਾਂ ਅਨੁਸਾਰ ਇਹ ਸਾਰੇ ਕਾਰਕ ਜਾਂ ਸਿਰਫ ਇਕੋ ਕਾਰਕ ਕਰ ਕੇ ਵੀ ਲੋਕ ਇਕੋ ਨੇਸ਼ਨ ਨਾਲ ਸਬੰਧਤ ਹੋ ਸਕਦੇ ਹਨ। ਇਹ ਇਕੋ ਇਕ ਅਹਿਮ ਕਾਰਕ ਉਹ ਧਰਮ ਸਮਝਦੇ ਹਨ। ਮੈਨੂੰ ਮਹਿਸੂਸ ਹੁੰਦਾ ਹੈ ਕਿ ਧਰਮ ਅਹਿਮ ਕਾਰਕ ਹੀ ਨਹੀਂ, ਸਗੋਂ ਧਰਮ ਹੀ ਇਕੋ ਇਕ ਕਾਰਕ ਬਣਾਇਆ ਜਾ ਰਿਹਾ ਹੈ, ਕਿਉਂਕਿ ਧਰਮ ਹੀ ਸਭ ਤੋਂ ਸੰਵੇਦਨਸ਼ੀਲ ਮੁੱਦਾ ਹੈ ਜੋ ਲੋਕਾਂ ਨੂੰ ਜਲਦੀ ਪ੍ਰਭਾਵਿਤ ਕਰਦਾ ਹੈ।
ਡਾæ ਸੰਦੀਪ ਸਿੰਘ ਨੇ ਆਪਣੇ ਲੇਖ ਦੇ ਸ਼ੁਰੂ ਵਿਚ ਲਿਖਿਆ ਹੈ ਕਿ ਨੇਸ਼ਨ ਸਟੇਟ ਕਈ ਖਿਆਲਾਂ ਦੇ ਸੁਮੇਲ ਨਾਲ ਬਣਿਆ ਅਮੂਰਤ ਸੰਕਲਪ ਵੀ ਹੈ ਅਤੇ ਹਕੀਕੀ ਤੌਰ ‘ਤੇ ਵੀ ਇਸ ਦੀ ਹੋਂਦ ਹੈ। ਹੁਣ ਜਦੋਂ ਇਹ ਲਗਭਗ ਸਪਸ਼ਟ ਹੈ ਕਿ ਧਰਮ ਹੀ ਕੌਮ ਹੁੰਦਾ ਹੈ ਤਾਂ ਕੀ ਨੇਸ਼ਨ ਸਟੇਟ ਦਾ ਸੰਕਲਪ ਵਿਹਾਰਕ ਹੈ? ਭਾਵ, ਕੀ ਅਜਿਹਾ ਹਕੀਕਤ ਵਿਚ ਸੰਭਵ ਹੈ? ਘੱਟੋ-ਘੱਟ ਦੋ ਕਾਰਨਾਂ ਕਰ ਕੇ ਨੇਸ਼ਨ ਸਟੇਟ ਦੀ ਹਕੀਕਤ ਸ਼ੱਕੀ ਜਾਪਦੀ ਹੈ। ਪਹਿਲਾ ਕਾਰਨ ਅਜੋਕੀ ਸਮਾਜਿਕ ਬਣਤਰ ਹੈ। ਦੁਨੀਆਂ ਦਾ ਕੋਈ ਵੀ ਖਿੱਤਾ ਅਜਿਹਾ ਨਹੀਂ ਹੈ ਜਿਥੇ ਇਕੋ ਧਰਮ ਦੇ ਲੋਕ ਰਹਿੰਦੇ ਹੋਣ। ਇਸ ਕਰ ਕੇ ਨੇਸ਼ਨ ਸਟੇਟ ਦੀ ਸਥਾਪਨਾ ਸ਼ਾਂਤੀਪੂਰਵਕ ਅਤੇ ਸਥਾਈ ਹੋਣੀ ਬਹੁਤ ਮੁਸ਼ਕਿਲ ਹੈ। ਦੂਜਾ ਕਾਰਨ ਹੋਰ ਵੀ ਗੰਭੀਰ ਹੈ- ਦੁਨੀਆਂ ਦੇ ਸਾਰੇ ਸਥਾਪਤ ਧਰਮਾਂ ਵਿਚੋਂ ਕੋਈ ਵੀ ਅਜਿਹਾ ਧਰਮ ਨਹੀਂ ਜਿਸ ਵਿਚ ਆਪਸੀ ਪਿਆਰ, ਭਰਾਤਰੀ ਭਾਵ ਅਤੇ ਪੂਰਨ ਰੂਪ ਵਿਚ ਏਕਤਾ ਹੋਵੇ; ਸਗੋਂ ਹਰ ਧਰਮ ਵਿਚ ਅਨੇਕਾਂ ਧੜੇ ਬਣੇ ਹੋਏ ਹਨ ਤੇ ਇਨ੍ਹਾਂ ਵਿਚੋਂ ਕੁਝ ਅਜਿਹੇ ਹੁੰਦੇ ਹਨ ਜੋ ਦੂਜੇ ਦੇ ਖੂਨ ਦੇ ਪਿਆਸੇ ਹੁੰਦੇ ਹਨ। ਇਸਲਾਮ ਵਿਚ ਸੁੰਨੀ ਅਤੇ ਸ਼ੀਆ ਫਿਰਕਿਆਂ ਦੀ ਦੁਸ਼ਮਣੀ ਜੱਗ ਜਾਹਰ ਹੈ। ਫਿਰ ਇਨ੍ਹਾਂ ਅੰਦਰ ਅਗਾਂਹ ਹੋਰ ਵੀ ਅਨੇਕਾਂ ਫਿਰਕੇ ਬਣੇ ਹੋਏ ਹਨ।
ਆਪਣੇ ਸਿੱਖ ਧਰਮ ਬਾਰੇ ਗੱਲ ਕਰੀਏ ਤਾਂ ਇਸ ਵਿਚਲੇ ਗਰੁਪਾਂ ਬਾਰੇ ਵੀ ਕੋਈ ਭੁਲੇਖਾ ਨਹੀਂ ਹੋਣਾ ਚਾਹੀਦਾ। ਹਰ ਧੜੇ ਦਾ ਪੁਜਾਰੀ ਜਾਂ ਮੁਖੀ ਕਹੇਗਾ ਕਿ ਸਾਰੇ ਸਿੱਖਾਂ ਨੂੰ ਅਕਾਲ ਤਖਤ ਦੀ ਰਹਿਨੁਮਾਈ ਥੱਲੇ ਇਕੱਤਰ ਹੋਣਾ ਚਾਹੀਦਾ ਹੈ; ਹੁਣ ਭਾਵੇਂ ਅਸੀਂ ਅਕਾਲ ਤਖਤ ਦੀਆਂ ਵੀ ਦੋ ਸੰਸਥਾਵਾਂ ਬਣਾ ਲਈਆਂ ਹਨ! ਇਹ ਲੋਕ ਕਰੋੜਾਂ ਸਿੱਖਾਂ ਨੂੰ ਤਾਂ ਇਕ ਝੰਡੇ ਥੱਲੇ ਇਕੱਠੇ ਹੋਣ ਨੂੰ ਕਹਿੰਦੇ ਹਨ, ਪਰ ਇਹ ਗਿਣਤੀ ਦੇ ਮੁਖੀ ਅਤੇ ਪੁਜਾਰੀ ਖੁਦ ਇਕੱਠੇ ਨਹੀਂ ਹੋ ਸਕਦੇ!
ਇਕ ਹੋਰ ਵਿਦਵਾਨ ਲੇਖਕ ਹਾਕਮ ਸਿੰਘ ਆਪਣੇ ਲੇਖ ‘ਅਜੋਕੇ ਯੁੱਗ ਵਿਚ ਧਰਮਤੰਤਰਕ ਰਾਜ ਪ੍ਰਣਾਲੀ ਦੀ ਪ੍ਰਸੰਗਿਕਤਾ’ ਵਿਚ ਪੂਰੇ ਵਿਸ਼ਲੇਸ਼ਣ ਬਾਅਦ ਇਸ ਸਿੱਟੇ ‘ਤੇ ਪਹੁੰਚੇ ਹਨ ਕਿ ਅੱਜ ਦੇ ਸਮਾਜ ਵਿਚ ਧਰਮਤੰਤਰਕ ਰਾਜ ਪ੍ਰਣਾਲੀ ਪ੍ਰਸੰਗਿਕ ਨਹੀਂ ਰਹੀ, ਕਿਉਂਕਿ ਸਾਰੀਆਂ ਸਮਾਜਿਕ ਸੰਸਥਾਵਾਂ ਵਿਚ ਜਮਹੂਰੀ ਢੰਗ ਪ੍ਰਚਲਿਤ ਹੋ ਗਏ ਹਨ।
ਇਸ ਲਈ ਹੁਣ ਜਦੋਂ ਹਰ ਤਰ੍ਹਾਂ ਨਾਲ ਸਪਸ਼ਟ ਹੈ ਕਿ ਨੇਸ਼ਨ ਸਟੇਟ ਦਾ ਸੰਕਲਪ ਹਕੀਕਤ ਤੋਂ ਕੋਹਾਂ ਦੂਰ ਹੈ ਤਾਂ ਇਸ ਦੇ ਹੱਕ ਵਿਚ ਐਨਾ ਪ੍ਰਚਾਰ ਅਤੇ ਪ੍ਰਸਾਰ ਕਿਸੇ ਜ਼ਾਤੀ ਮੁਫਾਦ ਵਲ ਇਸ਼ਾਰਾ ਕਰਦਾ ਹੈ। ਹੋਰ ਤਾਂ ਹੋਰ, ਲੋਕਾਂ ਨੂੰ ਆਪਣੇ ਨਾਲ ਜੋੜਨ ਵਾਸਤੇ ਨੇਸ਼ਨ ਸਟੇਟ ਦਾ ਪ੍ਰਚਾਰ ਵੀ ਹੁਣ ਚੋਣਾਂ ਦੇ ਜੁਮਲੇ ਵਾਂਗ ਵਰਤਿਆ ਜਾਂਦਾ ਹੈ। ਚੋਣਾਂ ਵੇਲੇ ਵੋਟਾਂ ਖਿੱਚਣ ਵਾਸਤੇ ਵੱਖ ਵੱਖ ਜੁਮਲੇ ਵਰਤੇ ਜਾਂਦੇ ਹਨ ਜਿਵੇਂ ਹਰ ਪਰਿਵਾਰ ਦੇ ਖਾਤੇ ਵਿਚ 15-15 ਲੱਖ ਰੁਪਏ ਜਮ੍ਹਾਂ ਕਰਵਾਉਣ ਵਾਲਾ ਜੁਮਲਾ ਭਾਰਤੀ ਲੋਕ ਸਭਾ ਚੋਣਾਂ ਦੌਰਾਨ ਵਰਤਿਆ ਗਿਆ ਸੀ। ਕੋਈ ਅਮਰੀਕਾ ਨੂੰ ਫਿਰ ਤੋਂ ਮਹਾਨ ਬਣਾਉਣ ਦੀ ਦੁਹਾਈ ਦਿੰਦਾ ਹੈ ਅਤੇ ਕੋਈ ਹੋਰ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੀ ਫੜ੍ਹ ਮਾਰ ਦਿੰਦਾ ਹੈ। ਇਸੇ ਤਰ੍ਹਾਂ ਬਹੁ-ਗਿਣਤੀ ਵਾਲੇ ਧਰਮ ਦੇ ਪੁਜਾਰੀ ਅਤੇ ਮੁਖੀ ਆਪਣੇ ਧਰਮ ਦੇ ਲੋਕਾਂ ਨੂੰ ਕਹਿਣਗੇ ਕਿ ਉਨ੍ਹਾਂ ਦਾ ਧਰਮ ਹੀ ਸਭ ਤੋਂ ਉਤਮ ਤੇ ਸ਼ਹਿਣਸ਼ੀਲ ਹੈ। ਇਹ ਦੂਜੇ ਸਾਰੇ ਧਰਮਾਂ ਜਾਂ ਕੌਮਾਂ ਨੂੰ ਵਿਚਰਨ ਦੀ ਪੂਰੀ ਪੂਰੀ ਖੁੱਲ੍ਹ ਤੇ ਆਜ਼ਾਦੀ ਦਿੰਦਾ ਹੈ, ਪਰ ਉਹ ਇਹ ਕਹਿਣਾ ਵੀ ਨਹੀਂ ਭੁੱਲਣਗੇ ਕਿ ਉਨ੍ਹਾਂ ਦਾ ਧਰਮ ਭਾਵੇਂ ਦੂਜਿਆਂ ਨੂੰ ਪੂਰੀ ਆਜ਼ਾਦੀ ਦਿੰਦਾ ਹੈ, ਪਰ ਇਹ ਘੱਟ-ਗਿਣਤੀ ਧਰਮ ਇਸ ਆਜ਼ਾਦੀ ਦਾ ਨਾਜਾਇਜ਼ ਫਾਇਦਾ ਉਠਾਉਂਦੇ ਹੋਏ ਉਨ੍ਹਾਂ ਦੇ ਮਹਾਨ ਧਰਮ ਨੂੰ ਖੋਰਾ ਲਾਉਣ ਦੀ ਕੋਈ ਕਸਰ ਨਹੀਂ ਛੱਡਦੇ।
ਇਸੇ ਤਰ੍ਹਾਂ ਘੱਟ-ਗਿਣਤੀ ਧਰਮ ਦੇ ਪੁਜਾਰੀ ਅਤੇ ਮੁਖੀ ਕਹਿਣਗੇ ਕਿ ਇਹ ਵੱਡਾ ਧਰਮ ਪਹਿਲਾਂ ਵੀ ਕਈ ਛੋਟੇ ਧਰਮਾਂ ਨੂੰ ਹੜੱਪ ਚੁਕਾ ਹੈ; ਇਹ ਹੁਣ ਉਨ੍ਹਾਂ ਦੇ ਧਰਮ ਨੂੰ ਵੀ ਹੜੱਪ ਲਵੇਗਾ। ਇਸ ਕਰ ਕੇ ਅਜਿਹੇ ਲੋਕਾਂ ਤੋਂ ਬਚਣ ਦੀ ਲੋੜ ਹੈ। ਨਾ ਤਾਂ ਚੋਣਾਂ ਵਾਲੇ ਆਗੂ, ਲੋਕਾਂ ਦੀਆਂ ਅਸਲ ਮੁਸ਼ਕਿਲਾਂ ਅਤੇ ਉਨ੍ਹਾਂ ਦੇ ਹੱਲ ਬਾਰੇ ਗੱਲ ਕਰਨਗੇ, ਨਾ ਹੀ ਨੇਸ਼ਨ ਸਟੇਟ ਦਾ ਪ੍ਰਚਾਰ ਕਰਨ ਵਾਲੇ। ਇਨ੍ਹਾਂ ਦੋਹਾਂ ਵਿਚਕਾਰ ਇਕ ਫਰਕ ਜ਼ਰੂਰ ਹੈ ਕਿ ਚੋਣਾਂ ਵਾਲੇ, ਮਨੁੱਖਾਂ ਵਿਚ ਕੋਈ ਪੱਕੀ ਵੰਡ ਨਹੀਂ ਕਰਦੇ, ਪਰ ਧਰਮ ਦੇ ਨਾਂ ‘ਤੇ ਨੇਸ਼ਨ ਸਟੇਟ ਪੱਖੀ ਲੋਕ, ਲੋਕਾਂ ਵਿਚਕਾਰ ਧਰਮ ਦੇ ਆਧਾਰ ‘ਤੇ ਪੱਕੀ ਲੀਕ ਖਿੱਚ ਦਿੰਦੇ ਹਨ ਜਿਸ ਨੂੰ ਛੇਤੀ ਕੀਤੇ ਮੇਟਣਾ ਬਹੁਤ ਮੁਸ਼ਕਿਲ ਹੁੰਦਾ ਹੈ।
ਜਿਥੋਂ ਤੱਕ ਧਰਮ ਅਤੇ ਸਟੇਟ ਦਾ ਸਬੰਧ ਹੈ, ਤੱਥ ਇਹ ਹਨ ਕਿ ਮੁਢ ਕਦੀਮ ਤੋਂ ਹੀ ਸਥਾਪਤ ਧਰਮ ਦੇ ਪੁਜਾਰੀ ਜਾਂ ਮੁਖੀ (ਧਰਮ ਦੇ ਆਮ ਸ਼ਰਧਾਲੂ ਨਹੀਂ) ਹਾਕਮਾਂ ਦੇ ਪੂਰੇ ਸਮਰਥਕ ਰਹੇ ਹਨ। ਪੁਰਾਣੇ ਰਾਜਿਆਂ ਦੇ ਜ਼ਮਾਨੇ ਵੇਲੇ ਤਾਂ ਇਹ ਗੱਲ ਬਿਲਕੁਲ ਸਾਫ ਸੀ ਜਦੋਂ ਇਹ ਪੁਜਾਰੀ ਰਾਜੇ ਨੂੰ ਰੱਬ ਦਾ ਨੁਮਾਇੰਦਾ ਪ੍ਰਚਾਰਦੇ ਸਨ। ਰਾਜਾ ਵੀ ਦਿਖਾਵੇ ਖਾਤਰ ਇਨ੍ਹਾਂ ਪੁਜਾਰੀਆਂ ਦਾ ਆਦਰ ਸਨਮਾਨ ਇਸ ਤਰ੍ਹਾਂ ਕਰਦੇ ਹੋਏ ਇਹ ਦਰਸਾਉਂਦਾ ਜਿਵੇਂ ਉਹ ਹਰ ਤਰ੍ਹਾਂ ਦਾ ਦਿਸ਼ਾ ਨਿਰਦੇਸ਼ ਇਨ੍ਹਾਂ ਤੋਂ ਲੈਂਦਾ ਹੋਵੇ। ਇਉਂ ਉਹ ਆਪਸ ਵਿਚ ਮਿਲ ਕੇ ਜਨਤਾ ਦੀ ਲੁੱਟ ਕਰਦੇ ਸਨ। ਅਜਿਹੀ ਰਾਜ ਪ੍ਰਣਾਲੀ ਵਿਚ ਆਮ ਲੋਕਾਂ ਨੂੰ ਕੋਈ ਆਜ਼ਾਦੀ ਨਹੀਂ ਸੀ। ਜੇ ਕੋਈ ਬੰਦਾ ਮਾਮੂਲੀ ਆਵਾਜ਼ ਵੀ ਉਠਾਉਂਦਾ ਸੀ ਤਾਂ ਉਸ ਨੂੰ ਕਾਨੂੰਨ ਅਤੇ ਧਰਮ ਦੇ ਡੰਡੇ ਨਾਲ ਕੁਚਲ ਦਿੱਤਾ ਜਾਂਦਾ ਸੀ। ਅਜਿਹੇ ਹਾਲਾਤ, ਜਿਵੇਂ ਹਾਕਮ ਸਿੰਘ ਨੇ ਲਿਖਿਆ ਹੈ, ਵਿਚ ਮਨੁੱਖੀ ਸਮਾਜ ਵਿਚ ਬੇਚੈਨੀ ਅਤੇ ਵਿਦਰੋਹ ਦੀ ਭਾਵਨਾ ਪੈਦਾ ਹੋਣੀ ਸੁਭਾਵਿਕ ਹੁੰਦੀ ਹੈ। ਇਸ ਲਈ ਸ਼ਾਸਕ ਲੋਕਾਂ ਨੂੰ ਸੰਤੁਸ਼ਟ ਕਰਨ ਅਤੇ ਅਧੀਨ ਰੱਖਣ ਲਈ ਪੁਜਾਰੀਆਂ ਦੀ ਸਹਾਇਤਾ ਲੈਂਦੇ ਸਨ। ਪੁਜਾਰੀ ਵੀ ਆਪਣੇ ਸ਼ਰਧਾਲੂਆਂ ਵਿਚ ਵਾਧਾ ਕਰਨ, ਸ਼ਕਤੀਵਾਨ ਅਤੇ ਧਨਾਢ ਬਣਨ ਲਈ ਰਾਜ ਸਰਕਾਰ ਦੀ ਸਹਾਇਤਾ ਦੇ ਅਭਿਲਾਸ਼ੀ ਰਹਿੰਦੇ ਸਨ। ਸਾਫ ਹੈ ਕਿ ਧਰਮ ਦੇ ਵਿਸ਼ਵਾਸਾਂ ਅਤੇ ਰਾਜਨੀਤੀ ਦੇ ਮੰਤਵਾਂ ਵਿਚ ਭਾਵੇਂ ਕੋਈ ਸਿੱਧਾ ਮੇਲ ਨਹੀਂ, ਪਰ ਸ਼ਾਸਕ ਅਤੇ ਪੁਜਾਰੀ ਹਮੇਸ਼ਾ ਇਕ ਦੂਜੇ ਦੇ ਪੂਰਕ ਰਹੇ ਹਨ।
ਯੂਰਪ ਵਿਚ ਸਨਅਤੀ ਕ੍ਰਾਂਤੀ, ਵਿਗਿਆਨ, ਵਿਦਿਆ, ਸੰਚਾਰ ਤੇ ਆਵਾਜਾਈ ਦੇ ਸਾਧਨਾਂ ਵਿਚ ਤਰੱਕੀ ਨੇ ਸਮਾਜਿਕ ਜੀਵਨ ਵਿਚ ਗੁਣਾਤਮਕ ਪਰਿਵਰਤਨ ਲਿਆਂਦਾ। ਸਮਾਜ ਸੇਵਕਾਂ ਅਤੇ ਲੋਕ ਪੱਖੀ ਬੁਧੀਜੀਵੀਆਂ ਨੇ ਲੋਕਾਂ ਨੂੰ ਆਪਣੇ ਹੱਕਾਂ ਤੋਂ ਜਾਣੂ ਕਰਵਾਉਣ ਦੇ ਨਾਲ ਨਾਲ ਉਨ੍ਹਾਂ ਨੂੰ ਧਰਮਾਂ ਦੇ ਬੰਧਨਾਂ ਤੋਂ ਮੁਕਤ ਹੋ ਕੇ ਆਪਸ ਵਿਚ ਮਿਲ ਜੁਲ ਕੇ ਰਹਿਣ ਲਈ ਪ੍ਰੇਰਿਆ। ਇਹ ਗੱਲਾਂ ਭਾਵੇਂ ਹਾਕਮਾਂ ਦੇ ਹੱਕ ਵਿਚ ਨਹੀਂ ਸੀ ਜਾਂਦੀਆਂ, ਪਰ ਹਾਕਮਾਂ ਤੇ ਕਾਰਖਾਨੇਦਾਰਾਂ ਨੇ ਇਨ੍ਹਾਂ ਦਾ ਵਿਰੋਧ ਨਹੀਂ ਕੀਤਾ, ਕਿਉਂਕਿ ਸਨਅਤੀ ਕ੍ਰਾਂਤੀ ਕਰ ਕੇ ਮਜ਼ਦੂਰਾਂ ਦੀ ਵਧੀ ਹੋਈ ਲੋੜ ਨੂੰ ਪੂਰਾ ਕਰਨ ਲਈ ਲੋਕਾਂ ਦਾ ਧਰਮਾਂ/ਜਾਤਾਂ ਦੇ ਬੰਧਨਾਂ ਤੋਂ ਆਜ਼ਾਦ ਹੋ ਕੇ ਇਕੱਠੇ ਕੰਮ ਕਰਨਾ ਉਨ੍ਹਾਂ ਦੇ ਹਿਤ ਵਿਚ ਸੀ।
ਇਸੇ ਲਈ ਯੂਰਪ ਵਿਚ ਰਾਜ ਪ੍ਰਣਾਲੀ ਵਿਚੋਂ ਧਰਮਾਂ ਦੀ ਦਖਲਅੰਦਾਜ਼ੀ ਖਤਮ ਕਰਨ ਲਈ ਧਰਮ ਨਿਰਪੱਖ ਸੰਵਿਧਾਨ ਹੋਂਦ ਵਿਚ ਆ ਗਏ। ਸੰਵਿਧਾਨਾਂ ਦੀ ਧਰਮ ਨਿਰਪੱਖਤਾ ਵਾਲੀ ਪ੍ਰਸਤਾਵਨਾ ਭਾਵੇਂ ਹਕੀਕਤ ਵਿਚ ਥੋੜ੍ਹ ਚਿਰੀ ਰਹੀ, ਪਰ ਇਸ ਨਾਲ ਸਮਾਜਿਕ ਜੀਵਨ ‘ਤੇ ਬੜਾ ਹਾਂ-ਪੱਖੀ ਅਸਰ ਪਿਆ। ਵੱਖ ਵੱਖ ਸਭਿਆਚਾਰਾਂ, ਧਰਮਾਂ, ਜਾਤਾਂ ਦੇ ਲੋਕ ਇਕੋ ਸਮਾਜ ਵਿਚ ਰਹਿਣ ਲੱਗੇ। ਉਨ੍ਹਾਂ ਵਿਚ ਆਪਸੀ ਪ੍ਰੇਮ-ਪਿਆਰ ਤੇ ਮੇਲ-ਮਿਲਾਪ ਵਧਿਆ। ਸਨਅਤੀ ਕ੍ਰਾਂਤੀ ਨੇ ਆਮ ਜੀਵਨ ਪੱਧਰ ਵਿਚ ਵੀ ਸੁਧਾਰ ਲਿਆਂਦਾ। ਕਿਹਾ ਜਾਵੇ ਤਾਂ ਇਹ ਸਮਾਂ ਇਕ ਤਰ੍ਹਾਂ ਨਾਲ ਸੁਨਹਿਰੀ ਸਮਾਂ ਸੀ ਜਦੋਂ ਲੋਕ ਧਰਮਾਂ ਦੇ ਵਖਰੇਵਿਆਂ ਨੂੰ ਭੁਲਾ ਕੇ ‘ਏਕੁ ਪਿਤਾ ਏਕਸ ਕੇ ਹਮ ਬਾਰਿਕ’ ਦੇ ਸਿਧਾਂਤ ਅਨੁਸਾਰ ਰਹਿਣਾ ਸ਼ੁਰੂ ਕਰ ਰਹੇ ਸਨ।
ਪਰ ਸਨਅਤੀ ਕ੍ਰਾਂਤੀ ਨੇ ਦੋ ਨਵੀਆਂ ਜਮਾਤਾਂ-ਸਰਮਾਏਦਾਰ ਤੇ ਮਜ਼ਦੂਰ, ਵੀ ਪੈਦਾ ਕਰ ਦਿਤੀਆਂ। ਸਰਮਾਏਦਾਰ ਜਮਾਤ ਵਿਚ ਵੱਧ ਤੋਂ ਵੱਧ ਮੁਨਾਫਾ ਕਮਾਉਣ ਦੀ ਹੋੜ ਵਿਚ ਮਜ਼ਦੂਰਾਂ ਤੋਂ ਵੱਧ ਤੋਂ ਵੱਧ ਕੰਮ ਅਤੇ ਘੱਟ ਤੋਂ ਘੱਟ ਮਜ਼ਦੂਰੀ ਦੇਣ ਦਾ ਰੁਝਾਨ ਬਣਿਆ। ਸਰਮਾਏਦਾਰਾਂ ਦੀਆਂ ਅਜਿਹੀਆਂ ਆਪ-ਹੁਦਰੀਆਂ ਨੇ ਮਜ਼ਦੂਰਾਂ ਨੂੰ ਆਪਣੇ ਹੱਕਾਂ ਲਈ ਜਥੇਬੰਦ ਹੋਣ ਵੱਲ ਤੋਰਿਆ। ਕੁਝ ਹੀ ਸਾਲਾਂ ਵਿਚ ਮਜ਼ਦੂਰਾਂ ਦੀਆਂ ਵੱਡੀਆਂ ਵੱਡੀਆਂ ਕੌਮਾਂਤਰੀ ਯੂਨੀਅਨਾਂ ਬਣ ਗਈਆਂ ਜਿਨ੍ਹਾਂ ਵਿਚ ਧਰਮਾਂ ਦਾ ਦਖਲ ਲਗਭਗ ਨਾਂਹ ਦੇ ਬਰਾਬਰ ਸੀ। ਮਜ਼ਦੂਰਾਂ ਦੇ ਇਸ ਤਰ੍ਹਾਂ ਧਰਮ ਨਿਰਲੇਪ ਏਕੇ ਵੱਲ ਵਧਦੇ ਕਦਮਾਂ ਨੇ ਹਾਕਮਾਂ ਅਤੇ ਪੁਜਾਰੀਆਂ ਨੂੰ ਫਿਕਰਮੰਦ ਕਰ ਦਿੱਤਾ। ਉਨ੍ਹਾਂ ਨੂੰ ਆਪਣੀ ਹਕੂਮਤ ਅਤੇ ਕੀਤੀ ਜਾ ਰਹੀ ਲੁੱਟ, ਖੁੱਸਦੀ ਜਾਪਣ ਲਗੀ। ਅਜਿਹੇ ਹਾਲਾਤ ਵਿਚ ਹਾਕਮਾਂ ਅਤੇ ਪੁਜਾਰੀਆਂ ਨੂੰ ਆਪਣੀ ਹਕੂਮਤ, ਪਕੜ ਅਤੇ ਲੁੱਟ ਕਾਇਮ ਰੱਖਣ ਲਈ ਇਕ ਦੂਜੇ ਦੀ ਲੋੜ ਹੋਰ ਵੀ ਮਹਿਸੂਸ ਹੋਈ।
ਰਾਜ ਪ੍ਰਬੰਧ ਭਾਵੇਂ ਬਹੁਤੀ ਥਾਈਂ ਬਾਦਸ਼ਾਹਤ ਦੀ ਜਗ੍ਹਾ ਪਰਜਾਤੰਤਰੀ ਹੋ ਗਏ ਸਨ, ਪਰ ਹਾਕਮ ਤਾਂ ਹਾਕਮ ਹੀ ਹੁੰਦੇ ਹਨ; ਸੋ, ਲੋਕਾਂ ਦੇ ਇਸ ਧਰਮ ਨਿਰਪੱਖ ਏਕੇ ਨੂੰ ਤਾਰਪੀਡੋ ਕਰਨ ਲਈ ਉਨ੍ਹਾਂ ਨਵੀਂ ਸਕੀਮ ਬਣਾਈ ਅਤੇ ਸੰਵਿਧਾਨ ਤਾਂ ਧਰਮ ਨਿਰਪੱਖ ਹੀ ਰੱਖੇ, ਪਰ ਹਕੂਮਤਾਂ ਸਰਬ ਧਰਮ ਦੇ ਏਜੰਡੇ ਅਨੁਸਾਰ ਚਲਾਉਣ ਲੱਗੇ; ਭਾਵ ਉਹ ਸਭ ਧਾਰਮਿਕ ਪੁਜਾਰੀਆਂ ਨੂੰ ਵਿਤ ਅਨੁਸਾਰ ਉਤਸ਼ਾਹਿਤ ਕਰਨ ਲੱਗੇ। ਅਜਿਹਾ ਕਰਨ ਵਾਸਤੇ ਉਹ ਖਾਸ ਮੌਕਿਆਂ ‘ਤੇ ਵੱਖ ਵੱਖ ਧਾਰਮਿਕ ਕੇਂਦਰਾਂ (ਸਾਰੇ ਧਰਮਾਂ, ਸੰਪਰਦਾਵਾਂ, ਡੇਰਿਆਂ ਆਦਿ) ਵਿਚ ਜਾਂਦੇ, ਪਰ ਧਿਆਨ ਰੱਖਦੇ ਕਿ ਜਾਣ ਵਾਲੇ ਹਾਕਮ ਦੀ ਪੁਜੀਸ਼ਨ ਅਤੇ ਰੁਤਬਾ ਉਸ ਧਾਰਮਿਕ ਕੇਂਦਰ ਦੀ ਹੈਸੀਅਤ ਅਨੁਸਾਰ ਹੋਵੇ; ਭਾਵ ਵੱਡੇ ਅਤੇ ਮੁੱਖ ਧਾਰਮਿਕ ਕੇਂਦਰ ਲਈ ਵੱਡਾ ਹਾਕਮ ਅਤੇ ਛੋਟੇ ਲਈ ਛੋਟਾ। ਉਥੇ ਉਹ ਮੁਖ ਪੁਜਾਰੀ ਦੇ ਚਰਨਾਂ ਵਿਚ ਬੈਠ ਕੇ ਸ਼ਰਧਾਲੂਆਂ ਨੂੰ ਪ੍ਰਭਾਵ ਦੇਣ ਦਾ ਯਤਨ ਕਰਦੇ ਕਿ ਸਿਰਫ ਇਹੀ ਪੁਜਾਰੀ ਹੀ ਦੁਨੀਆਂ ਦਾ ਸਭ ਤੋਂ ਮਹਾਨ ਅਤੇ ਪਵਿੱਤਰ ਬੰਦਾ ਹੋਵੇ। ਅਜਿਹਾ ਕਰਨ ਨਾਲ ਸ਼ਰਧਾਲੂਆਂ ਦੇ ਮਨਾਂ ਅੰਦਰ ਆਪਣੇ ਪੁਜਾਰੀ ਪ੍ਰਤੀ ਸ਼ਰਧਾ ਭਾਵਨਾ ਕਈ ਗੁਣਾ ਵਧ ਜਾਂਦੀ ਅਤੇ ਉਹ ਆਪਣੇ ਆਪ ਨੂੰ ਭਾਗਸ਼ਾਲੀ ਸਮਝਣ ਲਗਦੇ ਜਿਨ੍ਹਾਂ ਨੂੰ ਅਜਿਹੀ ਸ਼ਖਸੀਅਤ ਦੀ ਸੇਵਾ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਹੌਲੀ ਹੌਲੀ ਉਨ੍ਹਾਂ ਅੰਦਰ ਜਥੇਬੰਦੀ ਵਾਲੇ ਏਕੇ ਦੀ ਭਾਵਨਾ ਨਾਲੋਂ ਪੁਜਾਰੀ ਪ੍ਰਤੀ ਸ਼ਰਧਾ ਭਾਰੂ ਪੈਣ ਲੱਗੀ।
ਦੂਜੇ ਪਾਸੇ ਵੱਖ ਵੱਖ ਪੁਜਾਰੀਆਂ ਨੇ ਆਪਣੇ ਵੱਲੋਂ ਸਮੁੱਚੀ ਮਨੁੱਖਤਾ ਨੂੰ ਖੱਖੜੀਆਂ-ਕਰੇਲੇ ਕਰਨ ਵਿਚ ਕੋਈ ਕਸਰ ਨਹੀਂ ਛੱਡੀ। ਉਨ੍ਹਾਂ ਆਪਣੇ ਸ਼ਰਧਾਲੂਆਂ ਨੂੰ ਧਰਮ ਦੇ ਸਹੀ ਅਸੂਲਾਂ ਲਈ ਪ੍ਰੇਰਨ ਦੀ ਥਾਂ ਸਾਰਾ ਜ਼ੋਰ ਇਸ ਗੱਲ ‘ਤੇ ਲਾਇਆ ਕਿ ਸਿਰਫ ਉਨ੍ਹਾਂ ਦੀ ਧਾਰਮਿਕ ਸੰਸਥਾ ਜਾਂ ਧਰਮ ਹੀ ਅਸਲੀ ਧਰਮ ਹੈ। ਇਹੀ ਸਭ ਤੋਂ ਸੱਚਾ ਸੁੱਚਾ ਤੇ ਉਤਮ ਹੈ। ਸਿਰਫ ਇਹੀ ਰੱਬ ਨੂੰ ਪਾਉਣ ਦਾ ਸਹੀ ਰਸਤਾ ਦਿਖਾਉਂਦਾ ਹੈ ਅਤੇ ਸਾਰੀ ਮਨੁੱਖਤਾ ਦਾ ਭਲਾ ਮੰਗਦਾ ਹੈ। ਜੇ ਸਾਰੀ ਮਨੁੱਖਤਾ ਇਸ ਅਨੁਸਾਰ ਚੱਲੇ ਤਾਂ ਦੁਨੀਆਂ ‘ਤੇ ਅਮਨ-ਅਮਾਨ ਹੋ ਸਕਦਾ ਹੈ।
ਪਹਿਲੀ ਨਜ਼ਰੇ ਦੇਖਿਆਂ ਇਹ ਕੋਈ ਮਾੜਾ ਪ੍ਰਚਾਰ ਨਹੀਂ ਲਗਦਾ, ਪਰ ਇਸ ਨਾਲ ਹਰ ਧਾਰਮਿਕ ਸੰਸਥਾ ਦਾ ਸ਼ਰਧਾਲੂ ਆਪਣੇ ਆਪ ਨੂੰ ਸਭ ਤੋਂ ਉਤਮ ਸਮਝਣ ਲੱਗ ਪੈਂਦਾ ਹੈ ਅਤੇ ਅਜਿਹੀ ਭਾਵਨਾ ਦਾ ਸ਼ਿਕਾਰ ਹੋਇਆ ਮਨੁੱਖ ਦੂਜਿਆਂ ਨੂੰ ਮਾੜੇ ਸਮਝਦਾ ਹੈ। ਇਉਂ ਇਹ ਪ੍ਰਚਾਰ ਮਨੁੱਖਤਾ ਵਿਚ ਨਾਬਰਾਬਰੀ ਦਾ ਅਹਿਸਾਸ ਪੈਦਾ ਕਰਦਾ ਹੈ। ਧਾਰਮਿਕ ਮੁਖੀ ਇਥੇ ਹੀ ਬੱਸ ਨਹੀਂ ਕਰਦੇ, ਸਗੋਂ ਹੋਰ ਵੀ ਅੱਗੇ ਜਾ ਕੇ ਦੂਜਿਆਂ ਨੂੰ ਘਟੀਆ ਹੋਣ ਦਾ ਅਹਿਸਾਸ ਹੀ ਨਹੀਂ ਕਰਵਾਉਂਦੇ, ਇਹ ਜਚਾਉਣ ਦਾ ਪੂਰਾ ਪੂਰਾ ਟਿੱਲ ਲਾਉਂਦੇ ਹਨ ਕਿ ਬਾਕੀ ਸਾਰੇ ਉਨ੍ਹਾਂ ਦੇ ਧਾਰਮਿਕ ਪ੍ਰੋਗਰਾਮ ਨੂੰ ਤਹਿਸ-ਨਹਿਸ ਕਰਨ ਦੀ ਕੋਸ਼ਿਸ਼ ਕਰਦੇ ਹਨ। ਦੂਜੇ ਧਾਰਮਿਕ ਅਦਾਰਿਆਂ ਵੱਲੋਂ ਖਤਰਾ ਦਰਸਾਉਂਦੇ ਉਹ ਸਭ ਤੋਂ ਵੱਡਾ ਖਤਰਾ ਸਭ ਤੋਂ ਨੇੜੇ ਵਾਲੇ ਧਰਮ ਤੋਂ ਜਚਾਉਣ ਦੀ ਹਰ ਵਾਹ ਲਾਉਂਦੇ ਹਨ।
ਸਮੁੱਚੇ ਸੰਸਾਰ ਦੇ ਲੋਕਾਂ ਨੂੰ ਪਾਟੋ-ਧਾੜ ਕਰਨ ਲਈ ਹਾਕਮਾਂ ਅਤੇ ਪੁਜਾਰੀਆਂ ਦੀ ਇਹ ਸਕੀਮ ਬਹੁਤ ਕਾਰਗਰ ਸਾਬਤ ਹੋਈ ਅਤੇ ਇਹ ਅੱਜ ਤੱਕ ਚੱਲ ਰਹੀ ਹੈ। ਨਤੀਜਾ ਅਸੀਂ ਦੇਖ ਹੀ ਰਹੇ ਹਾਂ। ਅੱਜ ਸਮੁੱਚਾ ਸੰਸਾਰ ਵੱਖ ਵੱਖ ਵਰਗਾਂ ਵਿਚ ਵੰਡਿਆ ਪਿਆ ਹੈ। ਕਿਸੇ ਇਕ ਧਰਮ ਅੰਦਰਲੀ ਵੰਡ ਤਾਂ ਉਸ ਤੋਂ ਵੀ ਖਤਰਨਾਕ ਬਣੀ ਹੋਈ ਹੈ। ਇਸ ਧਾਰਮਿਕ ਪ੍ਰਚਾਰ ਨੇ ਸਮੁੱਚੀ ਮਨੁੱਖਤਾ ਵਿਚ ਬੇਵਿਸ਼ਵਾਸੀ ਵਾਲਾ ਆਲਮ ਪੈਦਾ ਕਰ ਦਿੱਤਾ ਹੈ। ਹਰ ਮਨੁੱਖ ਦੂਜੇ ਉਤੇ ਇਤਬਾਰ ਕਰਨ ਤੋਂ ਕਤਰਾਉਂਦਾ ਹੈ। ਅਜਿਹੇ ਹਾਲਾਤ ਵਿਚ ਮਨੁੱਖੀ ਏਕਤਾ, ਆਪਸੀ ਪਿਆਰ ਤਾਂ ਲਗਭਗ ਅਸੰਭਵ ਜਾਪਣ ਲਗਿਆ ਹੈ। ਇਹੀ ਹਾਕਮਾਂ ਦੀ ਸਭ ਤੋਂ ਵੱਡੀ ਕਾਮਯਾਬੀ ਹੈ।
ਕੁਝ ਜਮਹੂਰੀ ਮੁਲਕਾਂ ਵਿਚ ਇਹ ਹਾਕਮ ਧਿਰਾਂ ਹੁਣ ਇਕ ਹੋਰ ਵੀ ਖਤਰਨਾਕ ਰੁਝਾਨ ਵੱਲ ਵਧ ਰਹੀਆਂ ਹਨ ਜਿਥੇ ਇਨ੍ਹਾਂ ਨੇ ਬਹੁ-ਗਿਣਤੀ ਧਾਰਮਿਕ ਸਮਾਜ ਦੀਆਂ ਵੋਟਾਂ ਬਟੋਰਨ ਵਾਸਤੇ ਉਨ੍ਹਾਂ ਨੂੰ ਉਕਸਾਉਣਾ ਸ਼ੁਰੂ ਕਰ ਦਿੱਤਾ ਹੈ। ਉਹ ਉਨ੍ਹਾਂ ਨੂੰ ਇਹ ਪੂਰੀ ਤਰ੍ਹਾਂ ਜਚਾਉਂਦੇ ਹਨ ਕਿ ਇਸ ਮੁਲਕ ਜਾਂ ਖਿੱਤੇ ਦੇ ਉਹੀ ਅਸਲੀ ਵਾਰਸ ਹਨ ਅਤੇ ਬਾਕੀ ਸਾਰੇ ਲੋਕ ਉਨ੍ਹਾਂ ਦਾ ਹੱਕ ਮਾਰ ਰਹੇ ਹਨ। ਇਸ ਨਾਲ ਗੱਲ ਮਨੁੱਖਤਾ ਵਿਚ ਆਪਸੀ ਤੇੜ ਕਈ ਗੁਣਾ ਵਧਣ ਵੱਲ ਤੁਰ ਪਈ ਹੈ। ਹਰ ਖਿਤੇ ਵਿਚ ਘੱਟ-ਗਿਣਤੀ ਸਮਾਜ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰਨ ਲੱਗਾ ਹੈ। ਦਰਅਸਲ, ਇਸ ਰੁਝਾਨ ਨੇ ਪੂਰੀ ਮਨੁੱਖਤਾ ਨੂੰ ਹੀ ਅਸੁਰੱਖਿਅਤ ਬਣਾ ਦਿਤਾ ਹੈ; ਕਿਉਂਕਿ ਜਿਹੜਾ ਧਾਰਮਿਕ ਸਮਾਜ ਇਕ ਥਾਂ ਬਹੁ-ਗਿਣਤੀ ਵਿਚ ਹੈ, ਉਹ ਦੂਜੀਆਂ ਅਨੇਕਾਂ ਹੀ ਥਾਵਾਂ ‘ਤੇ ਘੱਟ-ਗਿਣਤੀ ਵਿਚ ਹੈ। ਕਈ ਥਾਵਾਂ ਤੋਂ ਇਕਾ-ਦੁੱਕਾ ਘਟਨਾਵਾਂ ਵੀ ਸੁਣਨ ਨੂੰ ਮਿਲ ਰਹੀਆਂ ਹਨ ਕਿ ਕਿਸੇ ਇਕ ਬਹੁ-ਗਿਣਤੀ ਵਾਲੇ ਨੇ ਘੱਟ-ਗਿਣਤੀ ਵਾਲੇ ਨੂੰ ਦੇਸ ਛੱਡਣ ਲਈ ਕਿਹਾ ਹੈ ਅਤੇ ਕੁਝ ਇਕ ਕਤਲ ਵੀ ਹੋ ਚੁੱਕੇ ਹਨ। ਇਸ ਨਵੇਂ ਰੁਝਾਨ ਨੇ ਅਜਿਹੀ ਵਿਸਫੋਟਕ ਹਾਲਤ ਪੈਦਾ ਕਰ ਦਿੱਤੀ ਹੈ ਜੋ ਕਿਸੇ ਵੇਲੇ ਵੀ ਭਰਾ-ਮਾਰੂ ਜੰਗ ਦਾ ਕਾਰਨ ਬਣ ਸਕਦੀ ਹੈ। ਲਗਦਾ ਹੈ ਕਿ ਅਸੀਂ ਭਿਆਨਕ ਦੌਰ ਵਿਚੋਂ ਗੁਜ਼ਰ ਰਹੇ ਹਾਂ।
ਇਸ ਭਿਆਨਕ ਦੌਰ ਵਿਚ ਆਸ ਦੀ ਕਿਰਨ ਵੀ ਦਿਸਦੀ ਹੈ ਕਿ ਆਮ ਸਮਝਦਾਰ ਮਨੁੱਖ ਇਸ ਮਾਹੌਲ ਤੋਂ ਆਵਾਜ਼ਾਰ ਹੈ ਅਤੇ ਉਹ ਇਸ ਵਿਚੋਂ ਨਿਕਲਣਾ ਚਾਹੁੰਦਾ ਹੈ। ਚੇਤਨ ਬੁਧੀਜੀਵੀ ਲਿਖਾਰੀ ਆਪੋ-ਆਪਣੇ ਤੌਰ ‘ਤੇ ਇਨ੍ਹਾਂ ਮਾਨਵ-ਵਿਰੋਧੀ ਹਥਕੰਡਿਆਂ ਨੂੰ ਉਜਾਗਰ ਕਰਨ ਦੀ ਪੂਰੀ ਵਾਹ ਲਾ ਰਹੇ ਹਨ। ਸਭ ਨੂੰ ਇਸ ਪਾਸੇ ਸੋਚਣਾ ਚਾਹੀਦਾ ਹੈ ਤਾਂ ਕਿ ਲੋਕਾਂ ਨੂੰ ਜਾਗਰੂਕ ਕਰਨ ਲਈ ਜ਼ੋਰਦਾਰ ਲਹਿਰ ਚਲਾਈ ਜਾ ਸਕੇ। ਇਉਂ ਹੀ ਮਨੁੱਖਤਾ ਦੀ ਸਲਾਮਤੀ ਸੰਭਵ ਹੈ।