ਫੁੱਲ ਟੁੱਟੇ ਤਾਂ…

ਡਾæ ਗੁਰਬਖਸ਼ ਸਿੰਘ ਭੰਡਾਲ ਆਪਣੀ ਨਿਵੇਕਲੀ ਸ਼ੈਲੀ ਵਿਚ ਜੀਵਨ ਦੀਆਂ ਪਰਤਾਂ ਫਰੋਲਦੇ ਜ਼ਿੰਦਗੀ ਦੇ ਨਾਦ ਦੀ ਤਲਾਸ਼ ਵਿਚ ਰਹਿੰਦੇ ਹਨ। ਪਿਛਲੇ ਇਕ ਅਰਸੇ ਤੋਂ ਪੰਜਾਬ ਟਾਈਮਜ਼ ਦੇ ਪਾਠਕ ਉਨ੍ਹਾਂ ਦੀਆਂ ਲਿਖਤਾਂ ਪੜ੍ਹਦੇ ਆ ਰਹੇ ਹਨ ਅਤੇ ਉਨ੍ਹਾਂ ਦੀ ਨਿਵੇਕਲੀ ਸ਼ੈਲੀ ਦੇ ਸ਼ੁਦਾਈ ਵੀ ਹੋਏ ਹਨ। ਡਾæ ਭੰਡਾਲ ਇਸ ਕਾਲਮ ਹੇਠ ਘਰ ਦੀਆਂ ਨਿਆਮਤਾਂ ਦੀ ਵਾਰਤਾ ਸੁਣਾ ਚੁਕੇ ਹਨ ਕਿ ਘਰ ਦਾ ਕੇਂਦਰ ਮਾਂ ਹੁੰਦੀ ਹੈ,

ਬੁਢਾਪਾ ਉਹ ਅਵਸਥਾ ਏ ਜਦੋਂ ਜ਼ਿੰਦਗੀ, ਸਰੀਰਕ ਸਮਰੱਥਾ ਤੋਂ ਆਤਮਿਕ ਸੰਤੁਸ਼ਟੀ ਅਤੇ ਸਕੂਨ ਦੇ ਸਫਰ ਦੀ ਹਮਰਾਜ਼ ਬਣਦੀ ਏ। ਧੀਆਂ ਨੂੰ ਬੋਝ ਸਮਝਣ ਵਾਲਿਆਂ ਨੂੰ ਡਾæ ਭੰਡਾਲ ਨੇ ਸਵਾਲ ਕੀਤਾ ਸੀ ਕਿ ਜੇ ਧੀਆਂ ਨਾ ਹੁੰਦੀਆਂ ਤਾਂ ਕੀ ਮਨੁੱਖ ਦੀ ਹੋਂਦ ਸੰਭਵ ਹੁੰਦੀ? ਡਾæ ਭੰਡਾਲ ਨੇ ਦੱਸਿਆ ਸੀ ਕਿ ਆਸ ਵਿਹੂਣੇ ਮਨੁੱਖ, ਤਿੜਕੀ ਜ਼ਿੰਦਗੀ ਦੇ ਮਨਹੂਸ ਖੰਡਰਾਤ ਹੁੰਦੇ ਨੇ। ਮਿੱਤਰਤਾ ਬਾਰੇ ਉਨ੍ਹਾਂ ਦਾ ਕਹਿਣਾ ਹੈ ਕਿ ਮਿੱਤਰਤਾ ‘ਚ ਮੋੜ-ਮੁੜਾਈ ਨਹੀਂ ਹੁੰਦੀ ਅਤੇ ਨਾ ਹੀ ਬਾਣੀਏ ਦੇ ਵਹੀ-ਖਾਤੇ ਵਾਂਗੂੰ ਜੋੜ-ਘਟਾਉ ਵਰਗੀਆਂ ਮਾਨਸਿਕ ਗੁੰਝਲਾਂ ‘ਚੋਂ ਗੁਜਰਨ ਦੀ ਲੋੜ ਹੁੰਦੀ ਏ। ਪਿਛਲੇ ਲੇਖ ਵਿਚ ਉਨ੍ਹਾਂ ਮੋਹ-ਪਿਆਰ ਦੀ ਗੱਲ ਕਰਦਿਆਂ ਕਿਹਾ ਸੀ ਕਿ ਮੁਹੱਬਤ ਅਮੁੱਲ ਏ, ਇਹ ਤਾਂ ਦਿਲਾਂ ਦਾ ਸੌਦਾ ਏ, ਜੋ ਨਫੇ/ਨੁਕਸਾਨ ਦੀ ਤੱਕੜੀ ‘ਚ ਨਹੀਂ ਤੁੱਲਦਾ। ਹਥਲੇ ਲੇਖ ਵਿਚ ਫੁੱਲਾਂ ਦੀ ਵਾਰਤਾ ਸੁਣਾਉਂਦਿਆਂ ਕਿਹਾ ਏ, ਮਨਾਂ ‘ਚ ਖੁਸ਼ੀ ਦੇ ਦੀਵੇ ਜਗਾਉਣ ਵਾਲਾ ਚਮਨ ਦਾ ਫੁੱਲ ਕਮਰੇ ‘ਚ ਜਾਂਦਿਆਂ ਹੀ ਮੁਰਝਾ ਜਾਂਦਾ ਏ। ਪਲ ਭਰ ਦੀ ਮਸਨੂਈ ਅਰਪਣਾ ਜਾਂ ਖੁਸ਼ੀ ਲਈ ਕਤਲ ਹੋ ਰਹੇ ਫੁੱਲ ਨੂੰ ਕਿਹੜੇ ਅਰਥਾਂ ਦੀ ਤਸ਼ਬੀਹ ਦਿਉਗੇ? ਉਨ੍ਹਾਂ ਨਸੀਹਤ ਕੀਤੀ ਹੈ ਕਿ ਫੁੱਲ ਨਾ ਤੋੜੋ। ਇਨ੍ਹਾਂ ਨਾਲ ਗੁਲਜ਼ਾਰਾਂ ਨੂੰ ਭਾਗ ਲਗਣ ਦਿਉ ਅਤੇ ਕੁਦਰਤ ਦੇ ਵਿਹੜੇ ਚਮਨ ਦੀ ਆਰਤੀ ਉਤਾਰਨ ਦਿਉ। -ਸੰਪਾਦਕ
ਡਾæ ਗੁਰਬਖ਼ਸ਼ ਸਿੰਘ ਭੰਡਾਲ
ਫੋਨ: 216-556-2080
ਅੰਮ੍ਰਿਤ ਵੇਲਾ। ਸ਼ਹਿਰ ਦੇ ਖੂਬਸੂਰਤ ਬਾਗ ਵਿਚ ਸੈਰ ਕਰ ਰਹੇ ਲੋਕ। ਕੁਦਰਤ ਦੇ ਆਗੋਸ਼ ‘ਚ ਲੋਕਾਂ ਦੇ ਮੁਖੜੇ ‘ਤੇ ਸਕੂਨ, ਸੰਤੁਸ਼ਟੀ ਤੇ ਸਹਿਜ ਦੀ ਝਲਕ। ਕਾਦਰ ਦੇ ਅਸੀਮ ਤੇ ਅਜ਼ੀਮ ਪਸਾਰੇ ‘ਚ ਪੰਛੀਆਂ ਦੇ ਬੋਲ ਫਿਜ਼ਾ ਨੂੰ ਰੁਮਕਣੀ ਬਖਸ਼ਦੇ। ਨਿੰਮੀ-ਨਿੰਮੀ ਲੋਅ ‘ਚ ਕਲੀਆਂ ਦੇ ਰੁੱਖਾਂ ਅਤੇ ਫੁੱਲਦਾਰ ਬੂਟਿਆਂ ‘ਤੇ ਖਿੜੇ ਫੁੱਲ, ਅਧਖਿੜੇ ਤੇ ਡੋਡੀਆਂ ਨੂੰ ਤੋੜਨ ‘ਚ ਰੁੱਝੇ ਕੁਝ ਲੋਕ। ਧਾਰਮਕ ਅਸਥਾਨ ਜਾਂ ਘਰ ਦੇ ਫੁੱਲਦਾਨ ‘ਚ ਸਜਾਉਣ ਲਈ ਟਾਹਣੀ ਤੋਂ ਤੋੜੇ ਜਾ ਰਹੇ ਫੁੱਲਾਂ ਦਾ ਫਿਜ਼ਾ ‘ਚ ਫੈਲਿਆ ਰੁਦਨ। ਕਿਸ ਨੂੰ ਤੌਫੀਕ ਏ ਇਹ ਰੁਦਨ ਸੁਣਨ ਦੀ? ਕੌਣ ਜਾਣਦਾ ਏ ਪੀੜ ਪਰਾਈ? ਕੌਣ ਸਮਝਾਵੇ ਕਿ ਫੁੱਲ ਮਹਿਕਾਂ ਖਿੰਡਾਉਣ ਲਈ, ਚੌਗਿਰਦੇ ‘ਚ ਰੰਗਾਂ ਦਾ ਸੰਧਾਰਾ ਵੰਡਣ ਲਈ, ਦੇਖਣ ਵਾਲੀ ਅੱਖ ‘ਚ ਸੁੰਦਰਤਾ ਦਾ ਮੁਜੱਸਮਾ ਧਰਨ ਲਈ ਅਤੇ ਸੁੰਦਰਤਾ ਨੂੰ ਮਾਣਨ ਲਈ ਹੁੰਦਾ ਏ। ਮਨਾਂ ‘ਚ ਖੁਸ਼ੀ ਦੇ ਦੀਵੇ ਜਗਾਉਣ ਵਾਲਾ ਚਮਨ ਦਾ ਫੁੱਲ ਕਮਰੇ ‘ਚ ਜਾਂਦਿਆਂ ਹੀ ਮੁਰਝਾ ਜਾਂਦਾ ਏ। ਪਲ ਭਰ ਦੀ ਮਸਨੂਈ ਅਰਪਣਾ ਜਾਂ ਖੁਸ਼ੀ ਲਈ ਕਤਲ ਹੋ ਰਹੇ ਫੁੱਲ ਨੂੰ ਕਿਹੜੇ ਅਰਥਾਂ ਦੀ ਤਸ਼ਬੀਹ ਦਿਉਗੇ? ਕਿਸ ਤਰ੍ਹਾਂ ਦੀ ਸੋਚ ਦਾ ਚਿਰਾਗ ਮਸਤਕ ਦੇ ਵਿਹੜੇ ਜਗਾਉਗੇ? ਫੁੱਲ ਤੋੜਨ ਲਈ ਰੁੱਖਾਂ ਨਾਲ ਚੰਬੜੇ ਹੋਏ ਇਹ ਲੋਕ, ਟਾਹਣੀਆਂ ਤੇ ਕਰੂੰਬਲਾਂ ‘ਚੋਂ ਫੁੱਟਦੇ ਨੀਰ ਨੂੰ ਦੇਖਣ ਤੋਂ ਅਸਮਰਥ ਹਨ।
ਫੁੱਲ ਕਿਸੇ ਵੀ ਰੂਪ ‘ਚ ਹੋਵੇ, ਉਸ ਦੇ ਬੇਵਕਤ ਟੁੱਟਣ ‘ਤੇ ਪੌਣ ਹਟਕੋਰਾ ਬਣਦੀ ਏ। ਭਾਵੇਂ ਉਹ ਡੋਡੀ ਹੋਵੇ, ਅੱਧ-ਖਿੜਿਆ ਹੋਵੇ ਜਾਂ ਸੰਧੂਰੀ ਰੁੱਤ ਹੰਢਾ ਰਿਹਾ ਖਿੜਿਆ ਫੁੱਲ ਹੋਵੇ।
ਜਦੋਂ ਫੁੱਲ ਟੁੱਟਦਾ ਏ ਤਾਂ ਚਮਨ ਉਦਾਸ ਹੋ ਜਾਂਦਾ ਏ। ਬਿਰਖ ਦੇ ਹਾਸੇ ਸਰਾਪੇ ਜਾਂਦੇ ਨੇ। ਉਸ ਦੀਆਂ ਟਾਹਣੀਆਂ ‘ਤੇ ਲੇਰਾਂ ਤੇ ਹਉਕਿਆਂ ਦੀ ਪਿਉਂਦ ਲੱਗਦੀ ਏ। ਮਾਲੀ ਦੇ ਕੋਏ ਖਾਰੇ ਪਾਣੀ ਦੀ ਝੀਲ ਬਣਦੇ ਨੇ। ਉਸ ਦੇ ਲੰਮੇ ਸਮੇਂ ਦੀ ਘਾਲਣਾ ਤੇ ਮਿਹਨਤ ਅਜਾਈਂ ਜਾਂਦੀ ਏ, ਉਤਸ਼ਾਹ ਮਰ ਜਾਂਦਾ ਏ ਅਤੇ ਉਸ ਦੇ ਸੁਪਨਿਆਂ ਦਾ ਖਿੜਿਆ, ਟਹਿਕਦਾ ਤੇ ਮਹਿਕਦਾ ਚਮਨ ਦਮ ਤੋੜ ਜਾਂਦਾ ਏ। ਭਲਾ! ਟੁੱਟੇ ਜਾਂ ਤਿੜਕੇ ਸੁਪਨੇ ਦੀ ਅਰਜੋਈ ਕੌਣ ਸੁਣਦਾ ਏ? ਵਕਤ ਦੀ ਸਰਦਲ ‘ਤੇ ਇਕ ਰੋਣ ਧਰਿਆ ਜਾਂਦਾ ਏ, ਫਿਜ਼ਾ ਨੂੰ ਇਕ ਹੂਕ ਵਰੀ ਜਾਂਦੀ ਏ ਅਤੇ ਭੌਰਿਆਂ ਦੇ ਬੋਲ ਗੁੰਗੇ ਹੋ ਜਾਂਦੇ ਨੇ।
ਖਿੜਨ ਰੁੱਤ ਦੇ ਨਾਂਵੇਂ ਜਦੋਂ ਪਤਝੜ ਰੁੱਤ ਲਿਖੀ ਜਾਵੇ, ਜਿਉਣ ਰੁੱਤ ਉਤੇ ਮਰਨ ਰੁੱਤ ਉਕਰੀ ਜਾਵੇ, ਮੌਲਣ ਰੁੱਤ ਦੇ ਨਾਂਵੇਂ ਮਸਲਣ ਰੁੱਤ ਲਿਖੀ ਜਾਵੇ ਤਾਂ ਵਕਤ, ਬੇਵਕਤੀ ਮੌਤ ਮਰਦਾ ਏ। ਬੇਸ਼ਗਨੀ ਦੀਆਂ ਰੁੱਤਾਂ ਸਮਿਆਂ ਦਾ ਸਰਾਪ ਬਣਦੀਆਂ ਨੇ।
ਆਪਣੇ ਮਿੱਤਰ ਪਿਆਰੇ ਦੀ ਬੇਵਕਤੀ ਮੌਤ ਉਪਰ ਭੋਗ ‘ਤੇ ਜਾ ਰਿਹਾ ਵਿਅਕਤੀ ਬੀਤੇ ਦੀਆਂ ਯਾਦ ‘ਚ ਗੁਆਚਿਆ ਪਿੰਡ ਦਾ ਰਸਤਾ ਭੁੱਲ ਗਿਆ ਅਤੇ ਜਦੋਂ ਮਿੱਤਰ ਦੇ ਪਿੰਡ ਦੀ ਸੜਕ ‘ਤੇ ਚੜਿਆ ਤਾਂ ਸੋਚਦਾ ਹੈ, “ਮੈਂ ਕਿਸ ਰੂਪ ‘ਚ ਮਿੱਤਰ ਦੇ ਪਿੰਡ ਜਾ ਰਿਹਾ ਹਾਂ। ਸੜਕ ਉਦਾਸ ਏ। ਬਿਰਖ ਉਦਾਸ ਏ। ਕਿਹੜੀ ਉਮਰ ਸੀ, ਅਣਜਾਣੇ ਰਸਤੇ ਤੁਰਨ ਦੀ, ਜਿਥੋਂ ਕੋਈ ਵਾਪਸ ਨਹੀਂ ਪਰਤਦਾ।” ਮਰ ਗਿਆਂ ਦੀਆਂ ਯਾਦਾਂ ਦਾ ਕਾਫਲਾ ਹੀ ਸਾਡਾ ਇਕ ਕੀਮਤੀ ਖਜ਼ਾਨਾ ਰਹਿ ਜਾਂਦਾ ਏ ਜੋ ਬੀਤੇ ਪਲਾਂ ਦੀ ਨਿਸ਼ਾਨਦੇਹੀ ਕਰਦਾ ਏ। ਪਿੰਡ ਨੂੰ ਜਾਂਦੀ ਸੜਕ ਦੀ ਧੂੜ ਜੋ ਕਦੇ ਸੁਰਮੇ ਵਰਗੀ ਸੀ ਅੱਜ ਅੱਖਾਂ ‘ਚ ਕੁੱਕਰੇ ਬਣ ਰੜਕਦੀ ਏ। ਇਹ ਪਿੰਡ ਉਹ ਨਹੀਂ ਜੋ ਅੱਜ ਤੋਂ ਕੁਝ ਸਮਾਂ ਪਹਿਲਾਂ ਉਸ ਦੇ ਵਿਆਹ ਦੀਆਂ ਖੁਸ਼ੀਆਂ ‘ਚ ਸ਼ਰੀਕ ਹੋਇਆ ਸੀ। ਪਿੰਡ ਉਦਾਸ ਏ। ਇਸ ਦੀ ਫਿਜ਼ਾ ‘ਚ ਸਿਸਕੀਆਂ ਨੇ। ਹਰ ਕੰਧ ‘ਤੇ ਗਮ ਦੀਆਂ ਲੀਕਾਂ ਨੇ। ਇਥੇ ਹੀ ਕਿਧਰੇ ਦੋਸਤ ਦੀਆਂ ਆਵਾਜ਼ਾਂ ਗੁੰਮਸ਼ੁਦਗੀ ਨੂੰ ਹੰਢਾਉਂਦੀਆਂ ਹੋਣਗੀਆਂ। ਕੌਣ ਵੰਡ ਗਿਆ ਏ ਪਿੰਡ ਨੂੰ ਸੁੰਨਸਾਨਤਾ? ਮਿੱਤਰਾਂ ਨਾਲ ਹੀ ਮਿੱਤਰਾਂ ਦੇ ਦਰ ਤੁਹਾਨੂੰ ਉਡੀਕਦੇ ਨੇ, ਪਿੰਡ ਚੰਗਾ ਲੱਗਦਾ ਏ। ਮਿੱਤਰ ਤੋਂ ਬਗੈਰ ਤਾਂ ਹਰ ਵਸਤ ਤੁਹਾਡੇ ਲਈ ਗੈਰ ਹੋ ਜਾਂਦੀ ਏ।
ਫੁੱਲ ਟੁੱਟਣ ਦਾ ਸੱਲ ਮਾਲਣ ਦੇ ਦੀਦਿਆਂ ‘ਚੋਂ ਪੜ੍ਹਨਾ, ਵਕਤ ਦੀ ਸਭ ਤੋਂ ਔਖੀ ਇਬਾਦਤ। ਫੁੱਲ ਟੁੱਟਦਾ ਏ ਤਾਂ ਖੁਸ਼ਬੂ ਰੋਂਦੀ ਏ, ਉਸ ਦੀ ਅਉਧ ਸਿਸਕੀਆਂ ਦੇ ਹਵਾਲੇ ਹੁੰਦੀ ਏ। ਉਸ ਦੇ ਸਾਹਾਂ ‘ਚ ਸੋਗ ਪਰਿਕਰਮਾ ਕਰਦਾ ਏ। ਇਕ ਸੰਦਲੀ ਸੁਪਨਾ ਮਰ ਜਾਂਦਾ ਏ।
ਇਕ ਨੌਜਵਾਨ ਇਕੱਲਾ ਨਹੀਂ ਮਰਦਾ, ਤਿੱਲ ਤਿੱਲ ਕਰਕੇ ਮਰਦਾ ਏ ਸਮੁੱਚਾ ਪਰਿਵਾਰ, ਹਉਕਿਆਂ ਦੀ ਬਸਤੀ ਬਣ ਜਾਂਦਾ ਏ ਉਨ੍ਹਾਂ ਦਾ ਸੰਸਾਰ, ਹੰਝੂ ਬਣ ਜਾਂਦੇ ਨੇ ਮਾਂ-ਪਿਉ, ਰੋਂਦੀ ਏ ਭੈਣ ਦੀ ਰੱਖੜੀ, ਡੌਲਿਓਂ ਟੁੱਟਦੀ ਏ ਬਾਂਹ, ਇੱਛਰਾਂ ਬਣ ਜਾਂਦੀ ਏ ਮਾਂ, ਖੁਆਰ ਹੁੰਦਾ ਏ ਬੁਢਾਪਾ, ਰਾਖ ਬਣਦਾ ਏ ਮਾਂਗ ਦਾ ਸੰਧੂਰ, ਖੁਸ ਜਾਂਦੀ ਏ ਬੱਚਿਆਂ ਦੇ ਸਿਰ ਤੋਂ ਸੰਘਣੀ ਛਾਂ, ਗੁੰਮਨਾਮੀ ਦੀ ਜੂਨ ਹੰਢਾਉਂਦਾ ਏ ਨਾਂ ਅਤੇ ਸਿਸਕੀ ਬਣ ਜਾਂਦਾ ਏ ਘਰ, ਗਰਾਂ।
ਕੁਝ ਫੁੱਲ ਕੁਦਰਤੀ ਮਾਰ ਦਾ ਸ਼ਿਕਾਰ ਹੋ ਜਾਂਦੇ ਨੇ, ਕੁਝ ਮਨੁੱਖ ਦੀਆਂ ਆਪ ਹੁਦਰੀਆਂ ਦਾ ਸ਼ਿਕਾਰ ਹੋ ਜਾਂਦੇ ਨੇ। ਹਾਦਸੇ ਤੇ ਹੋਣੀਆਂ ਦੀ ਕਬਰ ‘ਚ ਦੱਬੇ ਫੁੱਲਾਂ ਦੀ ਕਰੁਣਾਮਈ ਗਾਥਾ ਹਰ ਅੱਖ ਦਾ ਨੀਰ ਬਣਦੀ ਏ। ਪਰ ਮਨੁੱਖ ਨੇ ਫੁੱਲਾਂ ਨੂੰ ਪੁੰਗਰਨ ਤੋਂ ਪਹਿਲਾਂ ਹੀ ਖਤਮ ਕਰਨ ਦਾ ਵੱਲ ਸਿੱਖ ਲਿਆ ਏ ਜੇ ਉਹ ਫੁੱਲ ਕਿਸੇ ਦੀ ਸੋਚ ਜਾਂ ਸਮਾਜਿਕ ਸੋਚ ਦੇ ਅਨੁਕੂਲ ਨਾ ਹੋਵੇ। ਕੁੱਖ ‘ਚ ਪੁੰਗਰਦੇ ਬੀਜ ਨੂੰ ਕਤਲ ਕਰਨ ਲੱਗਿਆਂ, ਮਨੁੱਖੀ ਮਨ ਰਤਾ ਵੀ ਪਸੀਜਦਾ ਨਹੀਂ। ਜਰਾ ਵੀ ਤਰਸ ਨਹੀਂ ਆਉਂਦਾ। ਮਨੁੱਖ ਦੀ ਹੈਵਾਨੀਅਤ, ਇਨਸਾਨੀਅਤ ਦੇ ਮੱਥੇ ਦਾ ਕਲੰਕ ਬਣ ਗਈ ਏ।
ਬੜਾ ਲੰਮਾ ਹੁੰਦਾ ਏ ਇਕ ਬੀਜ ਤੋਂ ਫੁੱਲ ਤੀਕ ਦਾ ਸਫਰ। ਇਕ ਲੰਬੀ ਘਾਲਣਾ ਏ, ਇਕ ਸਿਰੜ ਏ, ਇਕ ਸਮਰਪਣ ਏ ਅਤੇ ਜੇ ਫੁੱਲ ਖਿੜਨ ਤੋਂ ਪਹਿਲਾਂ ਹੀ ਡਾਲੀ ਨਾਲੋਂ ਟੁੱਟ ਜਾਵੇ ਤਾਂ ਉਮਰਾਂ ਦਾ ਰੋਣਾ ਡਾਲੀ ਦਾ ਨਸੀਬ ਬਣਦਾ ਏ। 17 ਕੁ ਸਾਲ ਦੇ ਅਲੂਏਂ ਫੁੱਲ ਦੀ ਅੰਤਿਮ ਅਰਦਾਸ ਮੌਕੇ ਸਟੇਜ ਸਕੱਤਰ ਦੇ ਤੌਰ ‘ਤੇ ਕਹੇ ਹੋਏ ਮੇਰੇ ਦੋਸਤ ਦੇ ਉਹ ਲਫਜ਼ ਮੇਰੀ ਸੋਚ ‘ਚ ਵਾਰ ਵਾਰ ਦਸਤਕ ਦਿੰਦੇ ਮੈਨੂੰ ਹੁਣ ਵੀ ਬੇਚੈਨ ਕਰ ਜਾਂਦੇ ਨੇ, “ਇਹ ਸਮਾਗਮ ਸ਼ਰਧਾਂਜਲੀ ਸਮਾਗਮ ਨਹੀਂ। ਅਜੇ ਤਾਂ ਉਸ ਬੱਚੇ ਨੇ ਸੁਪਨਾ ਲੈਣਾ ਸੀ, ਸੁਪਨਾ ਪੂਰਾ ਕਰਨਾ ਸੀ, ਮਾਂ-ਪਿਓ ਦੇ ਸੁਪਨਿਆਂ ਦੀ ਤਾਮੀਰਦਾਰੀ ਕਰਨੀ ਸੀ। ਭੈਣ-ਭਰਾਵਾਂ ਨਾਲ ਸੁਪਨਿਆਂ ਦੀ ਸਾਂਝ ਪਾਉਣੀ ਸੀ। ਇਹ ਉਸ ਸੁਪਨੇ ਦੇ ਤੁਰ ਜਾਣ ਦਾ ਸੋਗ ਏ। ਮਰ ਗਏ ਸੁਪਨੇ ਲਈ ਅਕੀਦਤ ਦੇ ਫੁੱਲ ਨੇ ਜੋ ਅਸੀਂ ਭੇਟ ਕਰ ਰਹੇ ਹਾਂ। ਸ਼ਰਧਾਂਜਲੀ ਤਾਂ ਪੂਰਨ, ਸੰਤੁਸ਼ਟ ਉਮਰ ਭੋਗ ਕੇ ਤੁਰ ਗਿਆਂ ਨੂੰ ਹੀ ਭੇਟ ਕੀਤੀ ਜਾਂਦੀ ਏ।”
ਵਕਤ ਤੋਂ ਪਹਿਲਾਂ ਤੁਰ ਗਏ, ਹਿੱਕ ‘ਚ ਚਿਖਾ ਬਾਲ ਜਾਂਦੇ ਨੇ ਜਿਸ ਦੇ ਸੇਕ ‘ਚ ਹਰ ਸ਼ਖਸ ਓਨਾ ਕੁ ਝੁਲਸਦਾ ਏ ਜਿੰਨਾ ਕੁ ਨੇੜ ਹੋਵੇ, ਮੋਹ ਹੋਵੇ, ਅਪਣੱਤ ਹੋਵੇ। ਛੋਟੀ ਉਮਰੇ ਤੁਰ ਗਿਆਂ ਦੇ ਖਿਡੌਣੇ ਰੋਂਦੇ ਨੇ, ਕਿਤਾਬਾਂ ਰੋਂਦੀਆਂ ਨੇ, ਅੱਖਰ ਰੋਂਦੇ ਨੇ, ਖੇਡਾਂ ਰੋਂਦੀਆਂ ਨੇ, ਕੰਧਾਂ ‘ਤੇ ਵਾਹੀਆਂ ਮੂਰਤਾਂ ਰੋਂਦੀਆਂ ਨੇ, ਸ਼ਰਾਰਤਾਂ ਰੋਂਦੀਆਂ ਨੇ। ਘਰ ਦੇ ਹਰ ਕੋਨੇ ‘ਚ ਉਨ੍ਹਾਂ ਦੇ ਕਦਮਾਂ ਦੀ ਆਹਟ ਤੇ ਤੋਤਲੇ ਬੋਲ ਗੂੰਜਦੇ ਨੇ। ਉਨ੍ਹਾਂ ਨਾਲ ਜੁੜੀਆਂ ਯਾਦਾਂ ਦਾ ਇਤਿਹਾਸ ਸਿਸਕਦਾ ਏ।
ਫੁੱਲ, ਫੁੱਲਦਾਨ ‘ਚ ਸਜਾ ਕਮਰੇ ਦੀ ਚਾਰ-ਦੀਵਾਰੀ ‘ਚ ਘੁੱਟਣ ਭਰੀ ਪਲ ਭਰ ਦੀ ਜ਼ਿੰਦਗੀ ਜਿਉਣ ਲਈ ਨਹੀਂ ਹੁੰਦੇ, ਉਹ ਤਾਂ ਚੌਗਿਰਦੇ ‘ਚ ਸੁੰਦਰਤਾ ਬਿਖੇਰਦੇ ਚਾਰੇ ਪਾਸੀਂ ਖੁਸ਼ੀਆਂ ਦਾ ਸੰਧਾਰਾ ਵੰਡਣ ਲਈ ਹੁੰਦੇ ਨੇ।
ਟੁੱਟਿਆ ਫੁੱਲ ਦੁਬਾਰਾ ਟਾਹਣੀ ਨਾਲ ਨਹੀਂ ਜੋੜਿਆ ਜਾ ਸਕਦਾ। ਫੁੱਲ ਵਿਹੂਣੀ ਟਾਹਣੀ ਫੁੱਲ ਦੇ ਵਿਯੋਗ ‘ਚ ਹਰ ਸਾਹੇ ਸੋਗ ਦਾ ਵਣਜ ਕਰਦੀ ਆਖਰ ਨੂੰ ਟੁੱਟੇ ਹੋਏ ਫੁੱਲ ਦੀ ਡੰਡੀ ਵਾਂਗਰਾਂ ਸੁੱਕੀ ਹੋਈ ਲਗਰ ਬਣ ਜਾਂਦੀ ਏ।
ਵਲੂੰਧਰ ਕੇ ਤੋੜੇ ਹੋਏ ਫੁੱਲ ਰੱਬ ਨੂੰ ਰਿਝਾ ਨਹੀਂ ਸਕਦੇ। ਜੇ ਰੱਬ ਨੂੰ ਰਿਝਾਉਣਾ ਏ ਤਾਂ ਉਸ ਦੇ ਦਰ ‘ਤੇ ਮਨ ਦੇ ਖਿੜੇ ਹੋਏ ਕਮਲ ਦੀ ਸੁੰਦਰਤਾ, ਸਵੱਛਤਾ, ਸਾਦਗੀ ਤੇ ਸਮਰਪਣ ਅਰਪਿਤ ਕਰੋ। ਤੁਹਾਡੀ ਸੇਵਾ ਜ਼ਰੂਰ ਕਬੂਲ ਹੋਵੇਗੀ। ਮਨ ਦੀਆਂ ਮੰਗੀਆਂ ਮੁਰਾਦਾਂ ਜ਼ਰੂਰ ਪਾਉਗੇ।
ਫੁੱਲ, ਫੁੱਲਾਂ ਦੀ ਸੰਗਤ ‘ਚ ਸ਼ੋਭਦੇ ਨੇ। ਉਹ ਤਾਂ ਕੰਢਿਆਂ ਦੇ ਸਾਥ ‘ਚ ਵੀ ਮਹਿਕਾਂ ਤੇ ਰੰਗਾਂ ਦੀ ਛਹਿਬਰ ਲਾਉਣ ਤੋਂ ਗੁਰੇਜ ਨਹੀਂ ਕਰਦੇ।
ਕੋਮਲ ਤਾਸੀਰ ਦੇ ਮਾਲਕ ਫੁੱਲ, ਹਾਬੜੀਆਂ ਪੌਣਾਂ ‘ਚ ਮਹਿਕਾਂ ਰਲਾ ਉਨ੍ਹਾਂ ਨੂੰ ਰੁਮਕਣ ਦਾ ਵੱਲ ਸਿਖਾਉਂਦੇ ਨੇ। ਤਾਹੀਓਂ ਤਾਂ ਪੱਤੀਆਂ ਨਾਲ ਖਹਿ ਕੇ ਲੰਘਦੀ ਪੌਣ, ਉਨ੍ਹਾਂ ਨੂੰ ਹਿਲੌਰਿਆਂ ਦੀ ਗੁੜਤੀ ਦਿੰਦੀ ਏ।
ਫੁੱਲ ਨਾ ਤੋੜੋ। ਇਨ੍ਹਾਂ ਨਾਲ ਗੁਲਜ਼ਾਰਾਂ ਨੂੰ ਭਾਗ ਲਗਣ ਦਿਉ ਅਤੇ ਕੁਦਰਤ ਦੇ ਵਿਹੜੇ ਚਮਨ ਦੀ ਆਰਤੀ ਉਤਾਰਨ ਦਿਉ।
ਅੰਬਰ ਦੇ ਵਿਹੜੇ ‘ਚ ਚੰਨ-ਤਾਰਿਆਂ ਵਰਗੇ ਫੁੱਲਾਂ ਨੂੰ ਨਿਹਾਰਿਓ, ਤੁਹਾਨੂੰ ਅੰਬਰ ਦੇ ਵਿਹੜੇ ‘ਚ ਪਸਰੀ ਸੁੰਦਰਤਾ ਦੇ ਸਾਖਸ਼ਾਤ ਦੀਦਾਰ ਹੋਣਗੇ।
ਫੁੱਲ ਦਾ ਧਰਮ ਏ ਖੁਸ਼ੀਆਂ ਤੇ ਖੇੜਿਆਂ ਦਾ ਨਿਰਸੁਆਰਥ ਵੰਡਣਾ, ਧਰਮ ਜਾਂ ਜਾਤ ਦੇ ਵਖਰੇਵੇਂ ਤੋਂ ਉਪਰ ਉਠ ਹਰ ਮਸਤਕ ‘ਚ ਸੁਹਜ ਉਪਜਾਉਣਾ, ਹਰ ਮਨ ਦੀ ਬੀਹੀ ‘ਚ ਕੋਮਲਤਾ ਦਾ ਗੇੜਾ ਲਾਉਣਾ, ਕਿਸੇ ਦੀ ਉਦਾਸੀ ਜਾਂ ਉਪਰਾਮਤਾ ਦਾ ਉਪਾਅ ਕਰਨਾ, ਸੋਗ ਦੀ ਮੁੱਠ ‘ਚ ਚਾਅ ਧਰਨਾ, ਫਿਕਰਮੰਦੀ ‘ਚ ਵੀ ਵਕਤ ਦੇ ਨਾਮ ਫਕੀਰੀ ਕਰਨਾ ਅਤੇ ਪੀਲੀ ਰੁੱਤ ਦੇ ਨਾਂਵੇਂ ਸੰਧੂਰੀ ਰੁੱਤ ਕਰਨਾ।
ਕਦੇ ਫੁੱਲਾਂ ਨਾਲ ਗੱਲਾਂ ਕਰਦੇ ਆਪੇ ‘ਚ ਗਵਾਚੇ ਬੱਚੇ ਨੂੰ ਮੋਹ ਨਾਲ ਨਿਹਾਰਿਓ। ਉਸ ਦੀਆਂ ਬਚਗਾਨਾ ਹਰਕਤਾਂ ਨੂੰ ਵਾਚਿਓ। ਉਸ ਨੂੰ ਕਾਇਨਾਤ ਦੀ ਸੁੰਦਰ ਵਾਦੀ ‘ਚ ਗਵਾਚੇ ਨੂੰ ਗਹੁ ਨਾਲ ਵੇਖਿਓ। ਉਸ ਦੇ ਮੁਖੜੇ ‘ਤੇ ਫੈਲੇ ਹੋਏ ਨੂਰ, ਸਕੂਨ, ਚਾਅ ਤੇ ਸੰਤੁਸ਼ਟੀ ‘ਚੋਂ ਤੁਸੀਂ ਅਸੀਮ ਤੇ ਉਚਤਮ ਸੁਖਨ ਤਲਾਸ਼ ਸਕਦੇ ਹੋ। ਨਿੱਕੇ ਨਿੱਕੇ ਫੁੱਲਾਂ ਦਾ ਆਪਣੀ ਆਪਣੀ ਬੋਲੀ ‘ਚ ਰਚਾਇਆ ਸੰਵਾਦ, ਸਿਆਣਿਆਂ ਦੇ ਕਦੋਂ ਪੱਲੇ ਪੈਂਦਾ ਏ?
ਖੁਦਾ ਕਰੇ! ਕਦੇ ਕੋਈ ਫੁੱਲ ਲੂਅ ਦੀ ਰੁੱਤ ਨਾ ਹੰਢਾਵੇ। ਪਤਝੜਾਂ ਦੀ ਹੋਣੀ ਮਸਤਕ ‘ਤੇ ਨਾ ਉਕਰਾਵੇ। ਸੋਚਾਂ ‘ਚ ਸੋਗ ਨਾ ਉਪਜਾਵੇ। ਸਾਹਾਂ ‘ਚ ਮਹਿਕ ਦੀ ਅਰਥੀ ਨਾ ਟਿਕਾਵੇ ਕਿਉਂਕਿ ਇਕ ਫੁੱਲ ਦੇ ਉਦਾਸ ਹੋਣ ‘ਤੇ ਉਪਰਾਮ ਹੋ ਜਾਂਦੀ ਏ ਬਹਾਰ, ਰੁੱਸ ਜਾਂਦੀ ਏ ਗੁਲਜ਼ਾਰ, ਵਿੱਟਰ ਜਾਂਦੇ ਨੇ ਸ਼ੁਭ ਵਿਚਾਰ ਅਤੇ ਤਿੜਕ ਜਾਂਦਾ ਏ ਰਾਂਗਲਾ ਸੁਪਨ ਸੰਸਾਰ।
ਫੁੱਲ ਨੂੰ ਫੁੱਲ ਦੀ ਜੂਨ ਹੰਢਾਉਣ ਦਿਓ। ਸੁਖਨ, ਸਕੂਨ, ਸੁੰਦਰਤਾ, ਸੁਹਜ ਤੇ ਸੁਚਮਤਾ ਵਰਗੇ ਅਹਿਸਾਸ ਮਨੁੱਖੀ ਮਨਾਂ ‘ਚ ਉਪਜਾਉਣ ਦਿਓ ਅਤੇ ਇਨ੍ਹਾਂ ਦੀ ਸਦੀਵਤਾ ‘ਚੋਂ ਮਨੁੱਖ ਦੀ ਸਦੀਵਤਾ ਦਾ ਨਗਮਾ ਬੁੱਲੀਂ ਗੁਣਗਣਾਉਣ ਦਿਓ।