ਐਸ਼ਐਸ਼ ਮੀਸ਼ਾ-2
ਸ਼ਾਇਰ ਸੋਹਨ ਸਿੰਘ ਮੀਸ਼ਾ ਦਾ ਪੰਜਾਬੀ ਕਾਵਿ-ਜਗਤ ਵਿਚ ਆਪਣਾ ਰੰਗ ਹੈ। ਉਸ ਦੀਆਂ ‘ਚੁਰਸਤਾ’, ‘ਚੀਕ ਬੁਲਬੁਲੀ’ ਅਤੇ ‘ਲੀਕ’ ਵਰਗੀਆਂ ਕਵਿਤਾਵਾਂ ਭੁਲਾਇਆਂ ਵੀ ਨਹੀਂ ਭੁਲਾਈਆਂ ਜਾ ਸਕਦੀਆਂ। ਇਨ੍ਹਾਂ ਕਵਿਤਾਵਾਂ ਵਿਚ ਉਸ ਬੰਦੇ ਦੀ ਬਾਤ ਹੈ ਜਿਹੜਾ ਖੁਦ ਨਾਲ ਬੜੀ ਭਿਅੰਕਰ ਲੜਾਈ ਵਿਚ ਪਿਆ ਹੋਇਆ ਹੈ। ਇਸ ਲੜਾਈ ਦੇ ਨਾਲ ਹੀ ਉਤਰਦੀ ਬੇਵਸੀ ਨੂੰ ਸ਼ਾਇਰ ਨੇ ਬਹੁਤ ਬਾਰੀਕੀ ਨਾਲ ਫੜਿਆ ਹੈ।
ਇੰਨੀ ਹੀ ਸ਼ਿੱਦਤ ਨਾਲ ਇਸ ਸ਼ਾਇਰ ਬਾਰੇ ਸਾਡੇ ਸਹਿਯੋਗੀ ਗੁਰਦਿਆਲ ਸਿੰਘ ਬੱਲ ਨੇ ਇਸ ਲੰਮੇ ਲੇਖ ਵਿਚ ਇਨ੍ਹਾਂ ਕਵਿਤਾਵਾਂ ਅਤੇ ਪਿਛੋਕੜ ਵਿਚ ਕੰਮ ਕਰਦੀ ਸਿਆਸਤ ਬਾਰੇ ਗੁਫਤਗੂ ਰਚਾਈ ਹੈ। ਬੱਲ ਵੱਲੋਂ ਛੇੜੀਆਂ ਰਮਜ਼ਾਂ ਦੇ ਭੇਤ ਜਿਉਂ ਜਿਉਂ ਖੁੱਲ੍ਹਦੇ ਹਨ, ਸੱਚ ਸਿਰ ਭਾਰ ਹੁੰਦਾ ਜਾਪਣ ਲੱਗਦਾ ਹੈ। ਉਹ ਤੱਥਾਂ ਅਤੇ ਤਰਤੀਬਾਂ ਦੀ ਜੁਗਲਬੰਦੀ ਸਿਰਜਦਾ ਹੈ ਜਿਸ ਵਿਚ ਹਾਲਾਤ ਵਿਚ ਫਾਥੇ ਬੰਦੇ ਦੇ ਨਕਸ਼ ਉਘੜਨ ਲਗਦੇ ਹਨ। -ਸੰਪਾਦਕ
ਗੁਰਦਿਆਲ ਸਿੰਘ ਬੱਲ
ਫੋਨ: 647-982-6091
ਐਸ਼ਐਸ਼ ਮੀਸ਼ਾ ਦਾ ਸਰਗਰਮ ਸਿਰਜਣਾਤਮਿਕ ਕਾਲ 1957-77 ਦਾ ਕਿਹਾ ਜਾ ਸਕਦਾ ਹੈ। ਪੰਜਾਬ ਵਿਚ ਖੱਬੇ ਪੱਖੀ ਚਿੰਤਨ ਦੀ ਸਰਦਾਰੀ ਦਾ ਦੌਰ ਵੀ ਇਹੋ ਸੀ। ਜ਼ਿੰਦਗੀ ਦੀਆਂ ਹਾਂਦਰੂ ਕਦਰਾਂ, ਇਨਸਾਨੀ ਸੁਤੰਤਰਤਾ ਅਤੇ ਸਵੈ ਦੇ ਪ੍ਰਗਟਾਵੇ ਦੀ ਖੁੱਲ੍ਹ ਦੇ ਪੂਰੀ ਸ਼ਿਦਤ ਨਾਲ ਮੁਦੱਈ ਹੋਣ ਦੇ ਬਾਵਜੂਦ, ਮਸੀਹਾਈ ਸੁਪਨੇਸਾਜ਼ੀ ਦੇ ਖਤਰਿਆਂ ਦੇ ਭੇਤੀ ਹੋਣ ਕਾਰਨ ਉਹ ਨੇਂਹਵਾਦੀ-ਇਨਕਲਾਬੀ ਜਾਂ ਸ਼ੋਰੀਲੀ ਸੁਰ ਵਿਸਥਾਪਤੀ ਪੱਖੀ ਕਿਸੇ ਧਾਰਾ ਵਿਚ ਆ ਨਹੀਂ ਸੀ ਸਕਦਾ, ਹਾਲਾਂਕਿ ਉਨ੍ਹਾਂ ਨੂੰ ਅਕਸਰ ਨਾ ਕੇਵਲ ਆਪਣੇ ਖੱਬੇ ਦਾਅ ਦੇ ਸਮਕਾਲੀ ਮਿੱਤਰਾਂ ਦੇ ਵਿਅੰਗ ਅਤੇ ਮਿਹਣੇ ਸੁਣਨੇ ਪਏ। ਕਈ ਵਾਰ ਤਾਂ ਗਹਿਰੇ ਮਾਨਸਿਕ ਸੰਕਟ ਵਿਚੋਂ ਵੀ ਗੁਜ਼ਰਨਾ ਪਿਆ। ਫਿਰ ਜ਼ਿੰਦਗੀ ਦੇ ਆਖ਼ਰੀ ਵਰ੍ਹਿਆਂ ਦੌਰਾਨ ਪੰਜਾਬ ਅੰਦਰ ਧਾਰਮਿਕ ਬੁਨਿਆਦਪ੍ਰਸਤੀ ਦੀ ਜਿਸ ਤਰ੍ਹਾਂ ਦੀ ਲਹਿਰ ਚੱਲੀ, ਉਸ ਨੇ ਮੀਸ਼ੇ ਦੇ ਆਂਤਰਿਕ ਸੰਤੁਲਨ ਹੋਰ ਵੀ ਅਸਤ-ਵਿਅਸਤ ਕਰ ਦਿੱਤਾ ਅਤੇ ਇਹ ਮਾਹੌਲ ਆਖਰਕਾਰ ਉਸ ਨੂੰ ਲੱਕੋਂ ਲੈ ਗਿਆ।
ਮੀਸ਼ਾ ਯਾਰਾਂ ਦਾ ਯਾਰ ਸੀ। ਉਸ ਦਿਨ ਕਾਂਜਲੀ ਵਾਲੀ ਝੀਲ ਵਿਚ ‘ਆਤਮ ਹੱਤਿਆ’ ਜੇ ਉਹ ਨਾ ਕਰਦਾ ਤਾਂ ਅਗਲੇ ਦਿਨ ਉਸ ਨੇ ਜੋਗਿੰਦਰ ਸ਼ਮਸ਼ੇਰ ਨੂੰ ਮਿਲਣ ਦਿੱਲੀ ਜਾਣਾ ਸੀ। ਸੁਰਜੀਤ ਹਾਂਸ ਵਰਗੇ ਹਿਮਾਲੀਆ ਬੁਲੰਦੀਆਂ ਵਾਲੇ ਅਧਿਆਪਕ ਸਮੇਤ ਆਪਣੇ ਹਰ ਮਿੱਤਰ ਨਾਲ ਮਿੱਤਰਤਾ ਉਸ ਨੇ ਸਾਹ ਸਾਹ ਨਾਲ ਨਿਭਾਈ। ਉਸ ਦੀ ਆਤਮਾ ਵਿਚ ਕਹਿਰਾਂ ਦੀ ਭਟਕਣ ਸੀ। ਕਿਸੇ ਅਸੀਮ ਸੁੰਦਰਤਾ ਤੇ ਸਦੀਵੀ ਮੁਹੱਬਤ ਦੀ ਤਲਾਸ਼ ਸੀ। ਉਸ ਦੀ ਸਾਰੀ ਜ਼ਿੰਦਗੀ ਪਹੇਲੀ ਵਰਗੀ ਲੰਮੀ ਨਜ਼ਮ ਸੀ। ਯੂਨਾਨੀ ਮਿਥਿਹਾਸ ਅਤੇ ਸਾਇਰਨਜ਼ (ਸੰਗੀਤ ਦੀਆਂ ਪਰੀਆਂ) ਦਾ ਗੀਤ ਉਹ ਸਦਾ ਸੁਣਨਾ ਚਾਹੁੰਦਾ ਸੀ ਅਤੇ ਆਪਣੇ ਅਜ਼ੀਜ਼ ਮਨਮੋਹਨ ਤੇ ਚਹੇਤੀ ਸਾਥਣ ਨਾਲ ਗੀਤ ਸੁਣਨ ਦੀ ਲਲਕ ਵਸ ਹੀ ਉਸ ਦਿਨ ਝੀਲ ਅੰਦਰ ਚਲਾ ਗਿਆ। ਉਸ ਦੇ ਪਿਆਰੇ ਪੰਜਾਬ ਅੰਦਰ ਮਾਹੌਲ ਜਿਸ ਕਿਸਮ ਦਾ ਬਣ ਗਿਆ ਸੀ, ਉਸ ਨੂੰ ਪੱਕਾ ਪਤਾ ਸੀ ਕਿ ਉਸ ਦੇ ਧੀਮੇ ਬੋਲਾਂ ਦੀ ਕੋਈ ਭੂਮਿਕਾ ਹੁਣ ਰਹਿ ਨਹੀਂ ਸੀ ਗਈ!
‘ਚੁਰਸਤਾ’ ਨਜ਼ਮ ਉਹਨੇ ਆਪਣੇ ਕਾਲਜ ਵਾਲੇ ਦਿਨਾਂ ਦੌਰਾਨ ਲਿਖੀ ਸੀ। ਇਸ ਨਜ਼ਮ ਦੇ ਪੈਰਾਡਾਈਮ ਤੋਂ ਬਾਹਰ ਉਹਨੇ ਕਦੀ ਭੁੱਲ ਕੇ ਵੀ ਕਦਮ ਨਾ ਰੱਖਿਆ ਅਤੇ ਇਸੇ ਅਲੋਕਾਰ ਸੰਜਮ ਵਿਚ ਉਸ ਦੀ ਵਡਿਆਈ ਸੀ। ਸਵਾਲ ਹੈ ਕਿ ਫਿਰ ਉਹਨੇ ਆਪਣੀ ਧੀਮੇ ਸੁਰ ਵਾਲੀ ਕਲਾਤਮਿਕ ਪ੍ਰਤਿਭਾ ਨਾਲ ‘ਅਰਸ਼ ਤੇ ਕੁਮੰਦ ਪਾਉਣ’ ਦੀ ਆਪਣੀ ਚਾਹਤ ਦੀ ਕੀਮਤ ਕਿਵੇਂ ਤਾਰੀ? ਕਵਿਤਾਵਾਂ ਕਿਸ ਅੰਦਾਜ਼ ਵਿਚ ਲਿਖੀਆਂ? ਰਤਾ ‘ਸੋਝੀ’ ਸਿਰਲੇਖ ਵਾਲੀ ਨਜ਼ਮ ਪੜ੍ਹੀਏ:
ਤੇਰੀ ਮੋਨਾਲੀਜ਼ਾ ਜਿਹੀ ਮੁਸਕਾਨ ਦੇਖ ਕੇ
ਸੋਚ ਰਿਹਾ ਸਾਂ/ਇਹ ਜੱਗ ਰਚਨਾ
ਸਾਡੀ ਹਰ ਮਨਸ਼ਾ ਦੀ ਪਾਲਕ
—
ਜੇ ਚਾਹਾਂ ਤਾਂ ਰਾਤੀਂ ਤਾਰੇ
ਤੇਰੀਆਂ ਜ਼ੁਲਫਾਂ ਵਿਚ ਉਤਰਨ
ਸਾਰੇ ਦੇ ਸਾਰੇ।
ਇਸੇ ਨਜ਼ਮ ਦੀਆਂ ਟੂਣੇਹਾਰ ਸਤਰਾਂ ਹਨ:
ਤੇਰੀਆਂ ਬੁਲ੍ਹੀਆਂ ਨੂੰ ਰੰਗਣ ਲਈ
ਸੁੱਤੀ ਉਠਦੀ ਊਸ਼ਾ ਸੁੱਚੇ ਮੂੰਹ ਆਵੇਗੀ
—
ਜੇਕਰ ਤੇਰੇ ਪਿਆਰ ਸਵਾਦਾਂ
ਸੰਗ ਅਲਸਾਏ ਅੰਗਾਂ ਉਤੋਂ
ਨੀਂਦ ਅਜੇ ਨਾ ਲੱਥੀ ਹੋਵੇ
ਰਾਤ ਲੰਮੇਰੀ ਹੋ ਜਾਵੇਗੀ
ਰੁਕ ਥੋੜ੍ਹਾ ਚਿਰ ਲੋ ਜਾਵੇਗੀ
—
ਸੋਚ ਰਿਹਾ ਸਾਂ/ਤੇਰੇ ਮੂੰਹ ਨੂੰ ਚੁੰਮਣਾ
ਮੁਕਤੀ ਪਾ ਲੈਣਾ ਹੈ
ਇਸ ਜੀਵਨ ਦਾ ਸਭੋ ਕੁਝ ਬਣਾ ਲੈਣਾ ਹੈ
ਪਰ ਹੁਣ ਤੂੰ ਚੰਨ ਮੁਖ ਮੋੜਿਆ
ਸੁਪਨ ਤੋੜਿਆ
ਤਾਰੇ ਸਭ ਕਰੋਪੀ ਹੋਏ ਨਜ਼ਰੀਂ ਆਏ
—
ਕੀ ਹੋਇਆ ਜੇ ਸੋਝੀ ਟੁੰਬੇ, ਦੁੱਖਾਂ ਤੋਂ
ਜੀ ਘਬਰਾਇਆ ਹੈ
‘ਮੂਰਖ ਲੋਕ ਸਦਾ ਸੁੱਖ ਸੌਂਦੇ’
ਆਦਮ ਹਵਾ ਦੀ ਗੱਲ ਕਿਹੜੀ
ਸੋਝੀ ਦਾ ਫਲ ਖਾ ਕੇ
ਕਿਸ ਨੇ ਸੁੱਖ ਪਾਇਆ ਹੈ
‘ਜ਼ਿੰਦਗੀ ਦੀ ਇਕ ਪਿਆਲੀ’ ਸਿਰਲੇਖ ਹੇਠਲੀ ਚੜ੍ਹਦੀ ਉਮਰ ਦੀ ਨਜ਼ਮ ਵਿਚ ਆਪਣੇ ਰਸਹੀਣ ਆਲੇ-ਦੁਆਲੇ ਪ੍ਰਤੀ ਅਚਾਨਕ ਥੋੜ੍ਹਾ ਉਚੀ ਸੁਰ ਵਿਚ ਉਨ੍ਹਾਂ ਦੇ ਮਨ ਅੰਦਰਲਾ ਆਕ੍ਰੋਸ਼ ਜ਼ਰਾ ਦੇਖੋ:
ਕਾਫ਼ੀ ਚੱਪਣੀ ਜਿੰਨੀ ਡੂੰਘੀ
ਦੇਸ਼ ਦੀ ਹਾਲਤ ਕਿੰਨੀ ਮੰਦੀ
ਰਿਸ਼ਵਤਖੋਰੀ ਅਤਿਆਚਾਰੀ
ਭੁੱਖ ਨੰਗ ਤੇ ਬੇਰੁਜ਼ਗਾਰੀ
ਇਹ ਨਕਟਾਈ ਇਸ ਸੂਟ ਨਾਲ
ਸੋਹਣਾ ਮੈਚ ਹੈ ਕਰਦੀ
ਪਰ, ਇਕੋ ਨਜ਼ਰ ਕਾਲਜਾ ਧੂੰਹਦੀ
ਇਕੋ ਗੱਲ ਕਾਲਜਾ ਲੂੰਹਦੀ
ਦੇਸ਼ ਦੀ ਹਾਲਤ ਕਿੰਨੀ ਮੰਦੀ
ਹੋਵੇ ਸ਼ਰਮ ਹਯਾ ਜੇ ਚੂਲੀ
ਕਾਫੀ ਨੱਕ ਡੋਬਣ ਨੂੰ ਕਾਫ਼ੀ।
‘ਦਾਅਵਤ ਤੋਂ ਬਾਅਦ’ ਆਪਣੇ ਇਰਦ-ਗਿਰਦ ਮਧ-ਵਰਗੀ ਜੀਵਨ ਦੇ ਦਿਖਾਵੇ ਅਤੇ ਨੀਰਸ ਖੋਖਲੇਪਣ ‘ਤੇ ਇਕ ਵਾਰ ਮੁੜ, ਸਹੀ ਸੁਰ ਵਿਚ ਆਪਣੇ ਧੀਮੇ ਬੋਲਾਂ ਨਾਲ ਵਾਰ ਕਰਦੀ ਸ਼ਾਹਕਾਰ ਨਜ਼ਮ ਹੈ:
ਰਾਤ ਕਾਫੀ ਹੋ ਗਈ ਹੈ ਜਾਨੇ-ਮਨ
ਸੌ ਜਾਓ ਹੁਣ
ਸਾਂਭ ਹੋ ਜਾਊ ਸਵੇਰੇ ਸਭ ਸਾਮਾਨ
ਛੱਡੋ ਹੁਣ ਇਸ ਦਾ ਧਿਆਨ
ਇਸ ਤਰ੍ਹਾਂ ਹੀ ਰਹਿਣ ਦੇਵੋ
ਮੇਜ਼ ‘ਤੇ ਬਚੇ ਫੁਲਕੇ, ਜੂਠੇ ਬਰਤਨ
ਖਾਲੀ ਡੂੰਘੇ, ਲਿਬੜੇ ਹੋਏ ਨੈਪਕਨ
ਰਾਤ ਕਾਫੀ ਹੋ ਗਈ ਹੈ ਜਾਨੇ-ਮਨ।
—
ਤੁਰ ਗਏ ਮਹਿਮਾਨ ਵੀ
ਹੁਣ ਬੇਸ਼ਕ ਮੱਥੇ ਤਿਊੜੀ ਆਉਣ ਦੇਵੋ
ਸੁਣ ਕੇ ਚਗਲੇ ਹੋਏ ਲਤੀਫੇ ਚੁਗਲੀਆਂ
ਅੱਕ ਗਏ ਹੋਣੇ ਨੇ ਹੋਂਠ
ਲਿਪਸਟਿਕ ਦੇ ਹਾਲ ਹੀ
ਪੂੰਝ ਦੇਵੋ ਇਨ੍ਹਾਂ ਤੋਂ ਮੁਸਕਾਣ ਵੀ।
ਸੱਚੇ ਪਾਤਸ਼ਾਹ ਗੁਰੂ ਨਾਨਕ ਹਜ਼ੂਰ ਨੂੰ ਨਮੋ ਮੀਸ਼ਾ ਵੀ ਕਹਿੰਦਾ ਹੈ, ਪਰ ਉਸ ਦਾ ਅੰਦਾਜ਼ ਵੱਖਰਾ ਹੈ। ਝੂਠੇ ਦੰਭ, ਕਰਮ ਕਾਂਡਾਂ ਅਤੇ ਦਿਖਾਵੇ ਖਿਲਾਫ ਉਨ੍ਹਾਂ ਦੇ ਇਨਕਾਰ ਨੂੰ ਜਾਨਣ ਲਈ ‘ਬਾਬਾ ਨਾਨਕ’ ਸਿਰਲੇਖ ਹੇਠਲੀ ਉਨ੍ਹਾਂ ਦੀ ਨਜ਼ਮ ਦੀਆਂ ਕੁਝ ਸਤਰਾਂ ਇਉਂ ਹਨ:
ਮੈਂ ਭੁਲਿਆ ਭਟਕਿਆ ਰਾਹੀ
ਤੈਨੂੰ ਚੇਤੇ ਕਰ ਲੈਂਦਾ ਹਾਂ।
ਕਦੇ ਕਦਾਈਂ, ਵਰ੍ਹੇ ਛਮਾਹੀਂ
ਉਂਜ ਮੇਰਾ ਰਾਹ
ਤੇਰੇ ਦੱਸੇ ਹੋਏ ਰਾਹ ਤੋਂ ਬੜਾ ਅਲੱਗ ਹੈ
ਆਪਣੇ ਨਿੱਕੇ ਜਿਹੇ ਘੇਰੇ ਵਿਚ
ਮੈਂ ਹਥਿਆਰ ਵਿਹੂਣਾ ਬਾਬਰ
ਮੇਰੇ ਅੰਦਰ ਕੌਡਾ ਰਾਖਸ਼
ਮੇਰੇ ਅੰਦਰ ਸੱਜਣ ਠੱਗ ਹੈ
—
ਇਕ ਦਿਨ ਮੈਂ ਇਕ ਤੀਰਥ ਜਾ ਕੇ
ਸੀਸ ਨਿਵਾਇਆ
ਉਸ ਤੀਰਥ ਦਾ ਭਾਈ ਤੇਰੀ ਬਾਣੀ ਪੜ੍ਹ ਕੇ
ਆਪਣਾ ਪੇਟ ਪਾਲਦਾ
ਤੇ ਲੋਕਾਂ ਦੇ ਪਾਪ ਟਾਲਦਾ
—
ਉਸ ਨੇ ਤੇਰੇ ਸ਼ਬਦਾਂ ਦਾ ਪਰ
ਪਾਰਾਵਾਰ ਕਦੀ ਨਾ ਪਾਇਆ
ਮੈਂ ਉਸ ਤੀਰਥ ਸੀਸ ਨਿਵਾਇਆ
ਪਰ ਤੂੰ ਮੈਨੂੰ ਉਥੇ ਵੀ ਨਜ਼ਰੀ ਨਾ ਆਇਆ
—
‘ਢਾਰਸ’ ਨਜ਼ਮ ਨਾਲ ਉਹ ‘ਚੁਰਸਤੇ’ ਵਿਚ ਖੜ੍ਹਾ ਕਿਸੇ ਆਸ ਵਿਚ ‘ਦਸਤਕ’ ਤਾਂ ਦਿੰਦਾ ਹੈ, ਪਰ ਮਨ ਹੀ ਮਨ ਕਹਿੰਦਾ ਹੈ:
ਜਾਣ ਦੇ ਮੂਰਖ ਮਨਾ,
ਹੁਣ ਭੁੱਲ ਵੀ ਜਾ, ਜਾਣ ਦੇ
ਧਰਤ ਉਤੇ ਸੁਰਗ ਦੇ ਜਲਵੇ
ਉਤਾਰੇ ਸੀ ਕਦੀ।
ਵਿਲਕਦੇ ਸਾਗਰ ਦੇ ਕੰਢੇ ਉਤੇ ਜਿੰਦੇ ਮੇਰੀਏ,
ਰੇਤ ਦੇ ਸਨ ਮਹਿਲ,
ਉਹ ਜੋ ਤੂੰ ਉਸਾਰੇ ਸੀ ਕਦੀ।
—
ਉਜੜ ਚੁੱਕੇ ਸ਼ਹਿਰ ਦੇ
ਹੁਣ ਖੰਡਰਾਂ ਵਿਚ ਕੁਝ ਨਹੀਂ,
ਏਸ ਹੁਣ ਦੀ ਘੜੀ ਦੀ
ਕੁਝ ਹੋ ਸਕੇ ਤਾਂ ਕਦਰ ਕਰ।
ਸ਼ੀਸ਼ਿਆਂ ਦੇ ਟੁਕੜਿਆਂ ਤੋਂ,
ਮੋੜ ਲੈ ਹੁਣ ਸੋਚ ਨੂੰ,
ਐ ਦਿਲਾ ਹੁਣ ਸਬਰ ਕਰ,
ਹੁਣ ਸਬਰ ਕਰ, ਹੁਣ ਸਬਰ ਕਰ।
ਅਜੋਕੇ ਸਮਿਆਂ ਵਿਚ ਸਾਡੀ ਸਭਿਅਤਾ ਵਿਕਾਸ ਦੇ ਸਿਖਰਾਂ ‘ਤੇ ਪਹੁੰਚੀ; ਅਜਿਹੇ ਜਲਵੇ ਖੜ੍ਹੇ ਕੀਤੇ ਜਿਨ੍ਹਾਂ ਦਾ ਕੋਈ ਲੇਖਾ, ਕੋਈ ਸ਼ੁਮਾਰ ਨਹੀਂ ਹੈ ਅਤੇ ਇਨ੍ਹਾਂ ਦੀ ਖਬਰ ਮੀਸ਼ੇ ਵਰਗੇ ਮਲੰਗ ਬੇਪ੍ਰਵਾਹ ਯਾਤਰੂ ਤੋਂ ਵੱਧ ਹੋਰ ਕੀਹਨੂੰ ਹੋਣੀ ਹੈ, ਪਰ ਇਸ ਦੌਰ ਨੇ ਬੰਦੇ ਤੋਂ ਕੀਮਤ ਬਹੁਤ ਵੱਡੀ ਵਸੂਲੀ ਹੈ- ਮੁਹੱਬਤ ਵਰਗੇ ਸਭ ਤੋਂ ਭਰਪੂਰ ਅਤੇ ਪਾਕੀਜ਼ ਅਹਿਸਾਸ ਵਿਚੋਂ ਸਾਰਾ ਸਾਹ-ਸਤ ਹੀ ਨਿਚੋੜ ਦਿੱਤਾ ਹੈ। ‘ਜਾਣ ਦੇ’ ਨਜ਼ਮ ਵਿਚ ਉਹ ਇਸ ਅਹਿਸਾਸ ਨੂੰ ਪ੍ਰਗਟ ਕਿਵੇਂ ਅਤੇ ਕਿਸ ਸ਼ਿੱਦਤ ਨਾਲ ਕਰਦਾ ਹੈ, ਜ਼ਰਾ ਪੜ੍ਹੋ:
ਜਾਣ ਦੇ
ਹੁਣ ਹੋਰ ਕੱਕੀ ਰੇਤ ਦੇ ਘਰ ਨਾ ਬਣਾ
ਹੋਰ ਕੱਚੇ ਵਾਅਦਿਆਂ ਦੇ
ਰਾਂਗਲੇ ਫਨੂਸ ਮੁੜ ਕੇ ਨਾ ਉਡਾ
ਜਾਣ ਦੇ ਜੋ ਹੋਣ ਵਾਲਾ/ਜਾਣ ਦੇ ਜੋ ਹੋਵੇਗਾ
—
ਕੱਲ੍ਹ ਮੈਥੋਂ ਬਿਨਾ ਵੀ
ਮੁਸਕਾਣ ਲੱਗ ਪੈਣਾ ਹੈ ਤੂੰ
ਤੇ ਕਿਸੇ ਪੀਡੀ ਜਿਹੀ ਗਲਵਕੜੀ ਦੇ ਨਿੱਘ ਨੂੰ
ਹੋਰ ਦੋ ਦਿਨਾਂ ਬਾਅਦ
ਫਿਰ ਅਜ਼ਮਾਉਣ ਲੱਗ ਪੈਣਾ ਹੈ ਤੂੰ
—
(ਪਰ) ਫਿਰ ਕਦੀ ਸ਼ਾਇਦ ਕਦੀ
ਘਰ ਦੇ ਕਾਰੋਬਾਰ ਤੋਂ ਥੱਕੀ ਹੋਈ
ਕੁਝ ਨਵੀਂ ਵੇਖੀ ਫਿਲਮ ਦੇ ਅਸਰ ਹੇਠ
ਮਾਣ ਮੱਤੇ ਰੌਂਅ ‘ਚ ਵਹਿ ਕੇ
ਭੇਤ ਦੀ ਸਾਂਝਣ ਗੁਵਾਂਢਣ ਕੋਲ ਬਹਿ ਕੇ
ਫੋਲ ਕੇ ਵੇਖੇਂ ਮੇਰੀ ਪਹਿਲੀ ਕਿਤਾਬ
ਤੇ ਕਹੇਂ ਕੁਝ ਫਖਰ ਹਨ
ਇਹਨਾਂ ਕਵਿਤਾਵਾਂ ‘ਚ ਮੇਰਾ ਜ਼ਿਕਰ ਹੈ
ਉਸ ਵਿਚਾਰੇ ਨੂੰ ਅਜੇ ਵੀ
ਖੌਰੇ ਕਿੰਨਾ ਫਿਕਰ ਹੈ।
—
ਝਟ ਹੀ ਫਿਰ ਜਾਗ ਪਏਗਾ
ਫਿਕਰ ਤੈਨੂੰ ਮੇਜ਼ ‘ਤੇ ਚਾਹ ਲਾਉਣ ਦਾ
ਵਕਤ ਹੋ ਜਾਏਗਾ
ਬਾਲਾਂ ਦੇ ਸਕੂਲੋਂ ਆਉਣ ਦਾ
ਪਿਆਰ ਮੇਰੇ ਦੀ ਕਥਾ
ਇਕ ਵਸੀਲਾ ਹੋਵੇਗਾ
ਆਪਣਾ ਤੇ ਆਪਣੇ ਤੋਂ ਛੋਟੀਆਂ
ਸਖੀਆਂ ਦਾ ਜੀ ਪ੍ਰਗਟਾਉਣ ਦਾ
ਜਾਣ ਦੇæææ ਹੁਣ ਜਾਣ ਦੇæææ।
ਆਜ਼ਾਦ ਭਾਰਤ ਵਿਚ ਮੁਲਕ ਦੇ ਰਹਿਨੁਮਾਵਾਂ ਨੇ ਜਿਸ ਕਿਸਮ ਦੇ ਚੰਦ ਚੜ੍ਹਾਉਣੇ ਸ਼ੁਰੂ ਕੀਤੇ, ਉਹ ਮੀਸ਼ੇ ਨੂੰ ਬਾਹਲੇ ਜਚੇ ਨਹੀਂ ਸਨ। ਜੋਗਿੰਦਰ ਸ਼ਮਸ਼ੇਰ ਦੀ ਪ੍ਰੇਰਨਾ ਸਦਕਾ ਉਹ ਕਮਿਊਨਿਸਟ ਪਾਰਟੀ ਵਿਚ ਰਲਿਆ। ਕਾਮਰੇਡ ਸਟਾਲਿਨ ਅਤੇ ਕਾਮਰੇਡ ਬੇਰੀਏ ਦੀ ਅਗਵਾਈ ਹੇਠ ਉਨ੍ਹਾਂ ਦੇ ਪੈਰੋਕਾਰਾਂ ਦੀ ਕਾਰਕਰਦਗੀ ਬਾਰੇ ਖਰੁਸ਼ਚੋਵ ਦੀ ਰਿਪੋਰਟ ਅਤੇ ਨਾਲ ਹੀ ਉਨ੍ਹਾਂ ਵਕਤਾਂ ਦੇ ਬਹੁਤੇ ਸਥਾਨਕ ਕਾਮਰੇਡਾਂ ਦੇ ਬੇਲਚਕ ਤਰਕ ਜਿਸ ਅੰਦਰ ਖੁਲ੍ਹੇ ਜਮੂਹਰੀ ਨਿਜ਼ਾਮ ਦੇ ਨਿਰਮਾਣ ਦੇ ਜਾਮਨ ਵਖਰੇਂਵੇ ਜਾਂ ਭਿੰਨਤਾ ਦੇ ਸੁਹੱਪਣ ਨੂੰ ਤਸਲੀਮ ਕਰਨ ਦੀ ਕੋਈ ਗੁੰਜਾਇਸ਼ ਨਹੀਂ ਸੀ, ਨੂੰ ਵਿੰਹਦਿਆਂ ਸ਼ੁਰੂ ‘ਚ ਹੀ ਉਸ ਦਾ ਮੋਹ ਭੰਗ ਹੋ ਗਿਆ, ਪਰ ਅਨੇਕਾਂ ਜ਼ਾਹਿਰਾ ਅਤੇ ਲੁਕਵੀਆਂ ਬੇਇਨਸਾਫੀਆਂ ਦੀ ਬੁਨਿਆਦ ‘ਤੇ ਖੜ੍ਹੇ ਨਿਜ਼ਾਮ ਅਤੇ ਲੋਕ ਦੁਸ਼ਮਣ ਸਥਾਪਤੀ ਖਿਲਾਫ ਰੰਜ ਉਨ੍ਹਾਂ ਦੀ ਆਤਮਾ ਵਿਚੋਂ ਕਦੀ ਪਾਸੇ ਨਾ ਹੋਇਆ। ਇਸੇ ਰੰਜ ਅਤੇ ਕਹਿਰਾਂ ਦੇ ਆਕ੍ਰੋਸ਼ ਨੂੰ ‘ਚੀਕ ਬੁਲਬਲੀ’ ਨਜ਼ਮ ਅੰਦਰ ਆਖਰ ਜ਼ੁਬਾਨ ਜਦੋਂ ਦਿੱਤੀ ਤਾਂ ਉਸ ਦੇ ਪ੍ਰਸ਼ੰਸਕਾਂ ਨੂੰ ਤਾਂ ਛੱਡੋ, ਨਿੰਦਕ ਵੀ ਧੰਨ ਧੰਨ ਕਰ ਉਠੇ:
ਨੰਦੂ ਛੜੇ ਦੀ ਗੱਲ ਚੇਤੇ ਹੈ
ਜਿਸ ਨੂੰ ਪਿੰਡ ਨੇ ਰੋਜ਼ ਤਿਕਾਲੀਂ
ਇਕ ਦੋ ਚੀਕਾਂ ਮਾਰਨ ਦੀ
ਖੁੱਲ੍ਹ ਦੇ ਦਿੱਤੀ ਸੀ
ਭਰੀ ਪਰੇ ਵਿਚ ਗਲ ਪੱਲਾ ਪਾ
ਜਦ ਸੀ ਉਸ ਨੇ ਅਰਜ਼ ਗੁਜ਼ਾਰੀ
ਮੇਰੀ ਕੋਈ ਲਾਗ ਡਾਟ ਨਾ
ਮੇਰੀ ਆਪਣੀ ਧੀ ਭੈਣ, ਪਿੰਡ ਦੀ ਹਰ ਨਾਰੀ
ਦਾਰੂ ਪੀ ਕੇ ਚਿੱਤ ਘਾਬਰਦਾ
ਘਾਉਂ ਮਾਊਂ ਹੁੰਦਾ
ਡੱਕ ਨਾ ਹੁੰਦੀ ਆਈ ਚੀਕ ਹੈ ਜਾਂਦੀ ਮਾਰੀ।
—
ਮੈਨੂੰ ਬੇਸ਼ੱਕ/ਦਾਰੂ ਕਦੀ ਕਦਾਈਂ ਲੱਭਦਾ
ਪਰ ਮੈਂ ਏਸ ਬੇਕਿਰਕ ਸ਼ਹਿਰ ਵਿਚ
ਕਿੰਨੇ ਚਿਰ ਤੋਂ ਆਪਣੇ ਅੰਦਰ
ਇਕ ਚੀਕ ਤੇ ਨਾਲ ਬੁਲਬੁਲੀ ਡੱਕੀ ਫਿਰਦਾਂ
ਚੁੱਪ ਚੁਪੀਤਾ ਇਕ ਖਲਬਲੀ ਚੱਕੀ ਫਿਰਦਾ
—
ਕਿੰਨੀ ਵਾਰੀ
ਚੋਣ ਮੁਹਿੰਮ ਦੇ ਜਲਸੇ ਵਿਚ
ਤਕਰੀਰ ਸੁਣਦਿਆਂ
ਜਨ ਗਣ ਮਨ ਦੀ ਜੈ ਹੋ, ਜੈ ਹੋ
ਸੋਗ ਸਭਾ ਦੀ ਚੁੱਪ ਦੇ ਮੌਕੇ
ਚਿਤ ਘਾਬਰਿਆ
ਚੀਕ ਬੁਲਬੁਲੀ ਮਸਾਂ ਮਸਾਂ ਰੋਕੀ ਹੈ
—
ਪਰ ਹੁਣ ਹੋਰ ਨਾ ਡੱਕੀ ਰਹਿੰਦੀ
ਹਰ ਦਮ ਜ਼ਬਤ ਨਾਲ ਹੈ ਖਹਿੰਦੀ
ਦਿਨ ਭਰ ਹੋਸ਼ ਭਟਕਦੀ
ਅੰਦਰੋਂ ਪੱਸਲੀਆਂ ਭੰਨਦੀ ਹੈ
ਰਾਤੀਂ ਅੱਖੀਂ ਨੀਂਦ ਨਾ ਪੈਂਦੀ।
—
ਹੁਣ ਜੀਅ ਕਰਦਾ/ਕੱਲ੍ਹ ਕਚਹਿਰੀ ਲਾਗੇ
ਗਾਂਧੀ ਚੌਕ ‘ਚ ਖੜ੍ਹ ਕੇ
ਸਾਰਾ ਗੁਭ ਘਲਾਟ ਕਢ ਲਵਾਂ
ਏਨੇ ਚਿਰ ਦੀ ਡਕੀ ਹੋਈ
ਖੁਲ੍ਹ ਕੇ ਚੀਕ ਬੁਲਬੁਲੀ ਮਾਰਾਂ
ਮੁਸਕੌਂਦੇ ਗਾਂਧੀ ਦੇ ਬੁੱਤ ਤੋਂ
ਡਾਂਡੀ ਸਫਰ ਦੀ ਸੋਟੀ ਖੋਹ ਕੇ
ਆਪਣਾ ਹੀ ਸਿਰ ਪਾੜਾਂ
ਲਹੂ ਪਲੱਥਾਂ/ਬੁੱਤ ਦੇ ਪੈਰੀਂ ਡਿੱਗਾਂ
ਸਾਹ ਛੱਡਣ ਤੋਂ ਪਹਿਲਾਂ
ਇਕ ਦੋ ਵਾਰੀ, ਰਾਮ ਪੁਕਾਰਾਂ।
ਮੀਸ਼ਾ ਸਹੀ ਰਸਤੇ ਦਾ ਪਤਾ ਲਗਾਉਣ ਲਈ ਵਰ੍ਹਿਆਂ ਤਕ ‘ਚੁਰਸਤੇ’ ਵਿਚ ਪੂਰੇ ਸਬਰ ਨਾਲ ਖੜ੍ਹੇ ‘ਗੋਦੋ’ ਦੀ ਉਡੀਕ ਕਰਦਾ ਰਿਹਾ, ‘ਕੱਚ ਦੇ ਵਸਤਰ’ ਪਾ ਕੇ ਉਹਨੇ ਹੱਡ ਮਾਸ ਦੇ ਅਨੇਕਾਂ ਹੁਸੀਨ ‘ਆਤਮਹੀਣ ਬੁੱਤਾਂ’ ਅਗੇ ਸਜਦੇ ਕੀਤੇ, ਆਪਣੇ ਹੀ ਅੰਦਾਜ਼ ਵਿਚ ਤਰਲੇ ਮਾਰੇ, ਬਥੇਰੀਆਂ ‘ਦਸਤਕਾਂ’ ਦਿੱਤੀਆਂ; ਪਰ ਗੱਲ ਜਦੋਂ ਕਿਧਰੇ ਵੀ ਬਣੀ ਨਾ, ਤਾਂ ਉਸੇ ਤਰ੍ਹਾਂ ਆਪਣੇ ਮਨਮੋਹਕ, ‘ਮੀਸ਼ੀਅਨ’ ਅੰਦਾਜ਼ ਵਿਚ ਹੱਸਦਿਆਂ ਹੱਸਦਿਆਂ ‘ਸਾਇਰਨਜ਼’ ਦਾ ਰਹੱਸਮਈ ਗੀਤ ਸੁਣਨ ਦੀ ਉਮਰ ਭਰ ਦੀ ਰੀਝ ਨੂੰ ਪੁਗਾਉਣ ਲਈ ਕਾਂਜਲੀ ਝੀਲ ਅੰਦਰ ਬੰਦੇ ਦੇ ਨਿਜ਼ਾਮ ਨੂੰ ਤਾਂ ਛੱਡੋ, ਰੱਬ ਸੱਚੇ ਦੀ ਸਮੁੱਚੀ ਐਬਸਰਡ ਲੀਲ੍ਹਾ ਨੂੰ ਵੀ ਅੰਤਿਮ ਫਤਹਿ ਬੁਲਾਉਂਦੇ ਹੋਏ ਆਪਣੀ ਪਹਿਲੀ ਅਤੇ ਆਖਰੀ ‘ਚੀਕ ਬੁਲਬਲੀ’ ਮਾਰ ਲਈ। ਅਜਿਹੀ ‘ਚੀਕ ਬੁਲਬਲੀ’ ਮਾਰਨ ਦਾ ਸੰਕਲਪ ਤਾਂ ਉਹਨੇ ਆਪਣੀ ਚੜ੍ਹਦੀ ਉਮਰੇ ‘ਚੁਰੱਸਤੇ’ ਵਿਚ ਖਲੋਤਿਆਂ, ਸ਼ੁਰੂ ਵਿਚ ਹੀ ਲੈ ਲਿਆ ਸੀ, ਪਰ ਆਪਣੇ ਇਸ ‘ਕੌਤਿਕ’ ਨੂੰ ਸੁਹਜਮਈ ਆਭਾ ਦੇਣ ਲਈ ਜਿਸ ਚਾਅ, ਉਮਾਹ ਅਤੇ ਅੰਦਾਜ਼ ਨਾਲ ਉਹਨੇ ਸਾਰੀ ਉਮਰ ਤਿਆਰੀ ਕੀਤੀ, ਉਸ ਦਾ ਕੋਈ ਪਾਰਾਵਾਰ ਨਹੀਂ। ‘ਚੀਕ ਬੁਲਬਲੀ’ ਮਾਰਨ ਤੋਂ ਪਹਿਲਾਂ ਦੇ ਕੁਝ ਮਹੀਨੇ ਤਾਂ ਹੱਦ ਹੀ ਹੋਈ: ਗੁਲਜ਼ਾਰ ਸਿੰਘ ਸੰਧੂ ਦੀ ਗਵਾਹੀ ਅਨੁਸਾਰ, ‘ਤਿਆਰੀ ਕਰਦਿਆਂ’ ਉਹ ਬਟਾਲੇ, ਅੰਮ੍ਰਿਤਸਰ, ਚੰਡੀਗੜ੍ਹ, ਦਿੱਲੀ ਤੱਕ ਆਪਣੇ ਹਰ ਸੱਜਣ-ਸਹੇਲੀ ਨੂੰ ਆਖਰੀ ਵਾਰ ਜੱਫੀਆਂ ਪਾ-ਪਾ ਕੇ ਮਿਲਣ ਲਈ ਜਿਵੇਂ ਭੱਜਾ ਫਿਰ ਰਿਹਾ ਸੀ!
ਸੁਰਜੀਤ ਹਾਂਸ ਮਹੀਨੇਵਾਰ ਪਰਚੇ ‘ਸਿਰਨਾਵਾਂ’ (ਸੰਪਾਦਕ ਜਨਕਰਾਜ ਸਿੰਘ) ਵਿਚ ‘ਮੇਰੇ ਵਾਲਾ ਮੀਸ਼ਾ’ ਲੇਖ ਵਿਚ ਦੱਸਦਾ ਹੈ- ਮੀਸ਼ਾ ਮਰਨ ਤੋਂ ਦੋ ਹਫਤੇ ਪਹਿਲਾਂ ਮੇਰੇ ਕੋਲ ਦੁਪਹਿਰੇ ਬੀਅਰ ਪੀਂਦਾ ਪੀਂਦਾ ਕਹਿੰਦਾ- ਉਠ। ਪੁਤਲੀ ਘਰ ਜਾ ਕੇ ਸਿਰ ਮੁਨਾਉਣ ਲੱਗ ਪਿਆ। ਫਿਰ ਇੰਟਰਨੈਸ਼ਨਲ ਹੋਟਲ ਲੈ ਵੜਿਆ। ਮੈਂ ਪੁੱਛਿਆ, ਉਥੇ ਕੀ ਕਰਨਾ। ਕਹਿੰਦਾ- ਬਸ, ਦੇਖ ਸਹੀ। ਅਸੀਂ ਜਿਹੀ ਬੀਅਰ ਘਰ ਪੀਤੀ, ਉਹੋ ਜਿਹੀ ਉਥੋਂ ਪੀ ਕੇ ਘਰ ਆ ਗਏ।
ਇਸੇ ਲੇਖ ਵਿਚ ਹਾਂਸ, ਮੀਸ਼ੇ ਦੀ ਕਾਵਿ ਸਮਰੱਥਾ ਬਾਰੇ ਫਤਵਾ ਦਿੰਦਾ ਹੈ- ਹੁਸ਼ਿਆਰਪੁਰ ਯੂਨੀਵਰਸਿਟੀ ਕਾਲਜ ਵਿਚ ਨਜ਼ਮਾਂ ਅਕਸਰ ਪਰਚਿਆਂ ਵਿਚ ਛਪਦੀਆਂ ਰਹਿੰਦੀਆਂ ਸਨ। ਇਹਦੀ ਮੋਹਣ ਸਿੰਘ ਨਾਲ ਸਾਜ਼-ਬਾਜ਼ ਸੀ। ਇਹਦਾ ਆਦਰਸ਼ ਅਜਿਹੀ ਕਵਿਤਾ ਸੀ ਜਿਹੜੀ ਲੋਕਾਂ ਨੂੰ ਸਮਝ ਆ ਜਾਵੇ। ਕੁਝ ਪ੍ਰਗਤੀਵਾਦ ਦਾ ਅਸਰ ਸੀ। ਮੈਂ ਕਮਿਊਨਿਸਟਾਂ ਦੀ ਹੋਲਟਾਇਮਰੀ ਨਵੀਂ ਨਵੀਂ ਛੱਡ ਕੇ ਆਇਆ ਸਾਂ, ਇਸ ਕਰ ਕੇ ਮੇਰੇ ‘ਤੇ ਲੋਕਾਂ ਨੂੰ ਸਮਝ ਆਉਣ ਵਾਲੀ ਕਵਿਤਾ ਦਾ ਸਿਧਾਂਤਕ ਦਬ ਦਬਾ ਨਹੀਂ ਸੀ। ਮੇਰਾ ਮੱਤ ਸੀ ਕਿ ਕਵੀ ਅਨੁਭਵ-ਵਰਤਾ ਹੋਣਾ ਚਾਹੀਦਾ ਹੈ। ਅਨੁਭਵ ਦੀ ਖੋਟ ਖਬਰੇ ਕਿਥੇ ਲੈ ਜਾਵੇ? ਮੀਸ਼ਾ ਮੇਰੀ ਗੱਲ ਮੰਨਦਾ ਨਹੀਂ ਸੀ। ਕਿਉਂ ਮੰਨੇ? ਉਹਦੀਆਂ ਕਵਿਤਾਵਾਂ ਛਪਦੀਆਂ ਸਨ!
ਹੁਣ ਮੀਸ਼ੇ ਦੀ ਨਜ਼ਮ ‘ਸ਼ਿਕਾਇਤ’ ਰਤਾ ਦੇਖੋ! ਸ਼ਾਇਦ ਕਮਿਊਨਿਸਟ ਆਦਰਸ਼ ਤੋਂ ਮੋਹ ਭੰਗ ਸਮੇਂ ਦੀ ਮਨੋਅਵਸਥਾ ਬਾਰੇ ਹੈ ਇਹ ਨਜ਼ਮ:
ਅਸੀਂ ਸ਼ਿਕਾਇਤ ਕਰ ਨਹੀਂ ਸਕਦੇ
ਕੀ ਕਹੀਏ, ਹੁਣ ਕਿਸ ਨੂੰ ਕਹੀਏ
ਤੇਰੇ ਬਾਰੇ, ਕੌਣ ਸੁਣੇਗਾ
ਤੇ ਫਿਰ ਸੁਣ ਕੇ ਕੀ ਆਖੇਂਗਾ?
ਆਪਣਾ ਆਪ ਮਿਟਾ ਕੇ ਆਪਾਂ
ਤੇਰਾ ਰੂਪ ਬਣਾ ਦਿੱਤਾ ਸੀ
ਤੇਰੀਆਂ ਨਜ਼ਰਾਂ ਥਾਣੀਂ ਦੁਨੀਆ ਵੇਖ ਰਹੇ ਸਾਂ
ਮਰਜ਼ੀ ਨਾ ਸੀ, ਆਪਣੀ ਕੋਈ
ਭਲੇ ਬੁਰੇ ਦੀ,
ਤੇਰੀ ਮਰਜ਼ੀ ਨੂੰ ਕਸਵੱਟੀ ਜਾਣ ਲਿਆ ਸੀ
ਸਾਰੇ ਜੱਗ ਦੀ, ਤੇਰੇ ਕੋਲ ਸ਼ਿਕਾਇਤ ਕੀਤੀ
ਕਿਹੜੇ ਮੂੰਹੋਂ, ਤੇਰੀ ਕਿਤੇ ਸ਼ਿਕਾਇਤ ਕਰੀਏ
ਤੇਰੀ ਗੱਲ ਕਰਨੀ ਤਾਂ
ਆਪੇ ਆਪਣਾ ਪਾਜ ਖੋਲ੍ਹਣਾ
ਆਪੇ ਆਪਣੀ ਭੰਡੀ ਕਰਨੀ
ਆਪੇ ਆਪਣੀ ਚੁਗਲੀ ਖਾਣੀ
—
ਜੋ ਹੋਇਆ ਹੈ
ਸਬਰ ਪਟਾਰੀ ਪਾ ਰੱਖਾਂਗੇ
ਤੇਰੇ ‘ਤੇ ਇਲਜ਼ਾਮ ਕਦੀ ਵੀ
ਧਰ ਨਹੀਂ ਸਕਦੇ
ਅਸੀਂ ਸ਼ਿਕਾਇਤ ਕਰ ਨਹੀਂ ਸਕਦੇ।
ਇਹ ਨਜ਼ਮ ਸਟਾਲਿਨ ਵਰਤਾਰੇ ਨਾਲ ਸਬੰਧਤ ਹੈ, ਨਾਲ ਹੀ ਇਹ ਉਸ ਕਹਿਰੀ ਵਰਤਾਰੇ ਤੋਂ ਮੋਹ ਭੰਗ ਦੀ ਜ਼ਦ ਵਿਚ ਆਏ ਉਨ੍ਹਾਂ ਵਕਤਾਂ ਦੇ ਅਨੇਕ ਸੰਵੇਦਨਸ਼ੀਲ ਸੱਜਣਾਂ ਦੀ ਸੰਤਾਪਮਈ ਮਨੋਅਵਸਥਾ ਬਾਰੇ ਪ੍ਰਤੀਨਿਧ ਨਜ਼ਮ ਹੈ। ਇਸ ਨੂੰ ਪੜ੍ਹਦਿਆਂ-ਵਿਚਾਰਦਿਆਂ ਵਿਕਟਰ ਸਰਜ ਦੀ ‘ਕੇਸ ਆਫ ਕਾਮਰੇਡ ਟੂਲਾਯੇਵ’, ਆਰਥਰ ਕੋਇਸਲਰ ਦੀ ‘ਡਾਰਕਨੈੱਸ ਐਟ ਨੂਨ’, ਹੰਗੇਰੀਅਨ ਕਮਿਊਨਿਸਟ ਪਾਰਟੀ ਦੇ ਨਿਰਮਾਤਾ-ਨਿਰਦੇਸ਼ਕ ਲਾਸਲੋ ਰੋਇਕ ਤੇ ‘ਵਲੰਟੀਅਰਜ਼ ਆਫ ਦਿ ਗੈਲੋਜ਼’ ਸਿਰਲੇਖ ਹੇਠ ਸਟਾਲਿਨੀ ਦੌਰ ਦੀਆਂ ਭਿਆਨਕ ਯਾਦਾਂ ਦੀ ਪੁਸਤਕ ਦੇ ਲੇਖਕ ਬੇਲਾਜੈਸ਼ ਦੀਆਂ ਤਰਾਸਦੀਆਂ ਚੇਤੇ ਆ ਗਈਆਂ ਹਨ।
ਮੀਸ਼ੇ ਦੇ ਖੱਬੇ ਦਾਅ ਖੜ੍ਹੇ ਮਿੱਤਰ ‘ਚੁਰੱਸਤਾ’ ਨਜ਼ਮ ਦਾ ਸਦਾ ਹੀ ਮਖੌਲ ਉਡਾਉਂਦੇ ਰਹੇ; ਉਸ ਨੂੰ ਸਤਾਉਂਦੇ ਵੀ ਰਹੇ। ਉਸ ਉਪਰ ਇਸ ਕਿਸਮ ਦੇ ਮਾਨਸਿਕ ਵਾਰ ਦੀ ਸਿਖਰ ਨਕਸਲੀ ਦੌਰ ਦੌਰਾਨ ਉਸ ਸਮੇਂ ਆਈ ਜਦੋਂ ਸਮਕਾਲੀ ਸ਼ਾਇਰ ਜਗਤਾਰ ਨੇ ਲਾਲ ਪਰਚਮ ਉਠਾਇਆ; ਮੀਸ਼ੇ ਨੂੰ ਨਜ਼ਮ ਰਾਹੀਂ ਸ਼ਰਮ ਦਿਵਾਈ; ਉਸ ਦੀ ਜ਼ਮੀਰ ਨੂੰ ਵੰਗਾਰਨ ਦੀ ਕੋਸ਼ਿਸ਼ ਕੀਤੀ। ਜਗਤਾਰ ਦੀ ਉਸ ਨਜ਼ਮ ਦੇ ਬੋਲ ਸਨ:
ਇਹ ਗੱਲ ਮੈਂ/ਉਨ੍ਹਾਂ ਲੋਕਾਂ ਨੂੰ ਵੀ ਕਹਿਣੀ ਹੈ
ਜਿਹੜੇ ਲੋਕੀਂ/ਚਾਂਦੀ ਦੇ ਛਿੱਤਰਾਂ ਤੋਂ ਡਰਦੇ
ਆਪਣੇ ਅੰਦਰ/ਆਪਣੀ ਚੀਕ ਦਬਾਈ ਬੈਠੇ।
ਇਸੇ ਪ੍ਰਥਾਏ ਸੀæਪੀæਐਮæ ਦੀ ‘ਲੋਕ ਲਹਿਰ’ ਅਖਬਾਰ ਦੇ ਸੰਪਾਦਕ ਸੁਹੇਲ ਦੀ ‘ਸਿਰਜਣਾ’ (ਅਪਰੈਲ 1969) ਦੇ ਅੰਕ ਵਿਚ ਮੀਸ਼ੇ ਬਾਰੇ ਵਿਅੰਗਮਈ ਨਜ਼ਮ ‘ਆਕਾਸ਼ ਦੇਸ਼ ਦਾ ਨਾਟਕ’ ਦੀਆਂ ਚੰਦ ਸਤਰਾਂ:
ਹਰ ਵਾਦ ਦਾ ਅਧਿਐਨ ਕਰ ਕੇ
ਹਰ ਖੇਤਰ ਦਾ ਧੰਦਾ ਕਰ ਕੇ
ਮੈਂ ‘ਚੁਰੱਸਤੇ’ ਵਿਚ ਆ ਖੜ੍ਹਿਆ
ਅਕਲ ਹੋਸ਼ ‘ਤੇ ਜੰਦਰਾ ਲਾ ਕੇ
ਪਿਛਲੇ ਉਤੇ ਮਿੱਟੀ ਪਾ ਕੇ
ਹੌਸਲਾ ਕਰ ਕੇ ਅਗੇ ਵਧਿਆ
ਗਾਂਧੀਵਾਦ ਦਾ ਪੱਲਾ ਫੜਿਆ!
ਜਗਤਾਰ ਜਾਂ ਸੁਹੇਲ ਦੀਆਂ ਇਹ ਸਤਰਾਂ ਤਾਂ ਨਮੂਨਾ ਮਾਤਰ ਹਨ। ਇਸ ਤਰ੍ਹਾਂ ਦੀ ਮਿਹਣੇਬਾਜ਼ੀ ਉਸ ਨਾਲ ਸਾਰੀ ਉਮਰ ਚਲਦੀ ਰਹੀ। ਮੀਸ਼ੇ ਨੂੰ ਇਕ ਤਾਂ ਰੇਡੀਓ ਸਟੇਸ਼ਨ ਦੀ ਸਰਕਾਰੀ ਨੌਕਰੀ ਛੁੱਟ ਜਾਣ ਦਾ ਖੌਫ ਸੀ, ਦੂਸਰਾ ਨਵੇਂ ਪੁਰਾਣੇ, ਹੈਜੱਮੋਨਿਕ ਬਿਰਤੀ ਵਾਲੇ ਖੱਬੇ ਪੱਖੀ ਮਿੱਤਰਾਂ ਦੇ ਵਿਅੰਗ, ਤੇ ਫਿਰ ਕਈ ਉਚ ਅਫਸਰਾਂ ਨਾਲ ਨਿੱਘੇ ਯਾਰਾਨੇ ਦੇ ਬਾਵਜੂਦ ਪੁਲਿਸ ਦੀ ਹੱਤਕ ਭਰੀ ‘ਪੁਛ-ਗਿਛ’ ਤੋਂ ਜ਼ਾਹਿਰ ਹੈ ਕਿ ਨਿਰੰਤਰ ‘ਦਹਿਸ਼ਤ’ ਦੀ ਜ਼ਦ ਵਿਚ ਉਹ ਆਇਆ ਰਿਹਾ ਸੀ। ਇਸ ਮਨੋਦਸ਼ਾ ਬਾਰੇ ਕਲਾਸਿਕ ਨਜ਼ਮ ‘ਲੀਕ’ ਇਨ੍ਹਾਂ ਮਿੱਤਰਾਂ ਲਈ ਹਾਜ਼ਰ ਹੈ:
ਜੋ ਸਮਝੇ ਮਹਿਰਮ ਦਿਲ ਦੇ ਸਨ
ਹੁਣ ਜਦੋਂ ਕਦੀ ਵੀ ਮਿਲਦੇ ਹਨ
ਤਲਵਾਰ ਨਾਲ, ਸੰਗੀਨ ਨਾਲ
ਜਾਂ ਕਲਮ ਦੀ ਨੋਕ ਮਹੀਨ ਨਾਲ
ਧਰਤੀ ਦੇ ਪਿੰਡੇ ਗੋਰੇ ‘ਤੇ
ਜਾਂ ਚਿੱਟੇ ਕਾਗਜ਼ ਕੋਰੇ ‘ਤੇ
ਖਿੱਚਦੇ ਨੇ ਲੀਕ ਬਰੀਕ ਜਿਹੀ
ਮੇਰੇ ਦਿਲ ‘ਚੋਂ ਉਠਦੀ ਚੀਕ ਜਿਹੀ
‘ਦੱਸ ਭੇਤ ਆਪਣੇ ਖਾਸੇ ਦਾ
ਤੂੰ ਲੀਕੋਂ ਕਿਹੜੇ ਪਾਸੇ ਦਾ?’
ਇਹ ਪੁਛਣ ‘ਤੇ ਨਾ ਕੁਝ ਕਹਾਂ
ਸੋਚੀਂ ਪੈ ਜਾਵਾਂ, ਚੁੱਪ ਰਹਾਂ।
ਖੁਦਗਰਜ਼ ਕਹਿਣ, ਗੱਦਾਰ ਕਹਿਣ
ਬੁਜ਼ਦਿਲ ਸਮਝੌਤਾਕਾਰ ਕਹਿਣ!
ਮੈਂ ਸਭ ਮੁਸਕਾ ਕੇ ਸਹਿ ਜਾਨਾਂ
ਤੇ ਕਹਿੰਦਾ ਕਹਿੰਦਾ ਰਹਿ ਜਾਨਾਂ
ਇਹ ਲੀਕ ਤਾਂ ਸਾਹ ਦੇ ਰੰਗ ਦੀ ਹੈ
ਮੇਰੇ ਫੇਫੜਿਆਂ ‘ਚੋਂ ਲੰਘਦੀ ਹੈ।
ਕਾਰਲ ਮਾਰਕਸ ਦਾ ਮਹਾਨ ਮਾਨਵਵਾਦੀ ਖਵਾਬ ਜਿਸ ਦੇ ਨਕਸ਼ ਉਹਨੇ 25 ਵਰ੍ਹਿਆਂ ਦੀ ਉਮਰ ਵਿਚ ‘1844 ਵਾਲੇ ਖਰੜੇ’ ਵਾਲੀ ਅਦਭੁਤ ਪੁਸਤਕ ਵਿਚ ਉਲੀਕੇ, ਬਾਰੇ ਤਾਂ ਕੋਈ ਰੌਲਾ ਨਹੀਂ ਹੈ; ਇਨਸਾਨ ਦੀ ਅਜ਼ਮਤ ਦੀ ਬਹਾਲੀ ਦੀ ਜ਼ਰੂਰਤ ਬਾਰੇ ਅਜਿਹੀ ਉਦਾਤ ‘ਨਜ਼ਮ’ ਕੋਈ ਕੀ ਲਿਖੇਗਾ! ਮੁਢਲੀ ਸਰਮਾਇਆਦਾਰੀ ਦੀ ਬੇਕਿਰਕ ਲੁੱਟ-ਖਸੁੱਟ ਦੀ ਜ਼ਦ ਵਿਚ ਆ ਰਹੀ ਮਿਹਨਤਕਸ਼ ਜਮਾਤ ਨੂੰ ਨੇੜਿਓਂ ਤੱਕਣ ਤੋਂ ਬਾਅਦ ਦੁਨੀਆਂ ਦੇ ਦੁੱਖ ਦਰਦ ਬਾਰੇ ਅਜਿਹਾ ਸਰੋਕਾਰ ਕਪਿਲ ਵਸਤੂ ਦੇ ਸਹਿਜ਼ਾਦੇ ਸਿਧਾਰਥ ਤੋਂ ਬਾਅਦ ਸ਼ਾਇਦ ਹੀ ਕਿਸੇ ਨੇ ਇੰਨੀ ਸ਼ਿੱਦਤ ਨਾਲ ਪ੍ਰਗਟਾਇਆ ਹੋਵੇ; ਪਰ ਬੰਦੇ ਦੀ ਮੁਕਤੀ ਦੇ ਰਾਹ ਲਈ ਮਾਰਕਸ ਨੇ ‘ਕਮਿਊਨਿਸਟ ਮੈਨੀਫੈਸਟੋ’ ਦੀ ਜਦੋਂ ਰਚਨਾ ਕੀਤੀ ਤਾਂ ਉਸ ਦੇ ਬੇਲਚਕ ‘ਜੇਤੂ ਤਰਕ’ ਵਿਚ ਵਖਰੇਵੇਂ ਲਈ, ਭਿੰਨਤਾ ਲਈ ਕੋਈ ਥਾਂ ਨਹੀਂ ਸੀ। ਸ਼ਾਇਦ ਇਹੋ ਕਾਰਨ ਸੀ ਕਿ ਪੈਗੰਬਰ ਦੇ ਮਹਾਨ ਖਵਾਬ ਨੂੰ ਅਮਲ ਵਿਚ ਉਤਾਰਨ ਦੀ ਜ਼ਿੰਮੇਵਾਰੀ ਜਦੋਂ ਕਾਮਰੇਡ ਸਟਾਲਿਨ ਵਰਗੇ ਆਗੂ ਨੇ ਸੰਭਾਲੀ ਤਾਂ ਉਥੇ ਤਾਨਾਸ਼ਾਹੀ ਹੀ ਰਹਿ ਗਈ- ਸਮਾਜਵਾਦੀ ਸਮਾਜ ਦੀ ਉਸਾਰੀ ਦੇ ਸਮੁੱਚੇ ਪ੍ਰੋਜੈਕਟ ਦੌਰਾਨ ਵਖਰੇਵੇਂ ਲਈ ਸਤਿਕਾਰ, ਵੰਨ-ਸੁਵੰਨਤਾ ਦਾ ਅਧਿਕਾਰ ਜਾਂ ਪਰੋਲੇਤਾਰੀ ਜਮੂਹਰੀਅਤ ਵਰਗੇ ਆਦਰਸ਼ ਕਦੀ ਕਿਸੇ ਨੂੰ ਨਜ਼ਰ ਤਕ ਨਾ ਆਏ।
ਖੈਰ! ਮੀਸ਼ੇ ਨੂੰ ਮਿਲਣ, ਜਾਂ ਕਹੋ- ਘੱਟ ਜਾਂ ਵੱਧ ਸਮੇਂ ਲਈ ਉਸ ਦੀ ਸੰਗਤ ਮਾਨਣ ਦਾ ਮੌਕਾ ਚਾਰ-ਪੰਜ ਵਾਰੀ ਮਿਲਿਆ। ਆਖਰੀ ਵਾਰ ਉਸ ਦੇ ਮਰਨ ਤੋਂ ਕੁਝ ਸਮਾਂ ਪਹਿਲਾਂ ਰਾਤ ਨੂੰ ਚੰਡੀਗੜ੍ਹ ਏਅਰਪੋਰਟ ਲਾਗੇ ਮੇਜਰ ਪਿਆਰਾ ਸਿੰਘ ਦੇ ਘਰੇ ਮਹਿੰਦਰ ਸਿੰਘ ਢਿਲੋਂ (ਕਾਲੇਪਾਣੀ) ਅਤੇ ਪੱਤਰਕਾਰ ਪੀæਕੇæ ਨਿਝਾਵਨ ਨਾਲ ਮਹਿਫਲ ਜੁੜੀ। ਪੰਜਾਬ ਦੀ ਨਾਜ਼ਕ ਸਥਿਤੀ ਬਾਰੇ ਉਹ ਚਿੰਤਾ ਦਾ ਇਜ਼ਹਾਰ ਕਰ ਰਿਹਾ ਸੀ। ਇਸ ਅਚਾਨਕ ਮੁਲਾਕਾਤ ਤੱਕ ਨਿਝਾਵਨ ਨੇ ‘ਸ੍ਰੀ ਗੁਰੂ ਗੋਬਿੰਦ ਗੀਤਾ: ਗੁਰੂ ਗੋਬਿੰਦ ਸਿੰਘ’ਜ਼ ਡਾਇਲਾਗ ਆਫ ਡੈਸਟਿਨੀ ਵਿਦ ਬੰਦਾ’ ਵਾਲੀ ਪੁਸਤਕ ਲਿਖ ਲਈ ਹੋਈ ਸੀ। ਮੀਸ਼ੇ ਨੂੰ ਉਮੀਦ ਸੀ ਕਿ ਅਜਿਹੀ ਪੁਸਤਕ ਦੀ ਸਿਰਜਣਾ ਨਾਲ ਹਿੰਦੂਆਂ-ਸਿੱੱਖਾਂ ਨੂੰ ਇਕ ਦੂਸਰੇ ਨਾਲ, ਪੀਡੀਆਂ ਵਿਰਾਸਤੀ ਸਾਝਾਂ ਦੀ ਅਹਿਮੀਅਤ ਨੂੰ ਸਮਝਣ ਵਿਚ ਮਦਦ ਮਿਲੇਗੀ। ਉਸ ਅਨੁਸਾਰ, ਪੰਜਾਬ ਦਾ ਭਲਾ ਇਸ ਵਿਚ ਸੀ, ਪਰ ਉਸ ਨੂੰ ਸੰਦੇਹ ਵੀ ਸੀ, ਤੇ ਉਹ ਹੱਸਦਿਆਂ ਹੱਸਦਿਆਂ ਕਹੀ ਜਾਂਦਾ ਸੀ- “ਨਿਝਾਵਨ, ਮੈਨੂੰ ਡਰ ਹੈ ਕਿ ਡੌਰੂ ਜਿਸ ਕਿਸਮ ਦਾ ਖੜਕ ਰਿਹਾ ਹੈ, ਤੇਰੀਆਂ ‘ਚੀਕਾਂ’ ਵੱਲ ਕੰਨ ਕਿਸੇ ਨਹੀਂ ਧਰਨਾ”। ਨਿਝਾਵਨ, ਢਿਲੋਂ, ਮੀਸ਼ੇ ਅਤੇ ਮੇਜਰ ਪਿਆਰਾ ਸਿੰਘ, ਸਭ ਦਾ ਸਾਂਝਾ ਫਿਕਰ ਸੀ ਕਿ ਪੰਜਾਬ ਨੂੰ ਬਲਦੀ ਦੇ ਬੁਥੇ ਧੱਕੇ ਜਾਣ ਤੋਂ ਬਚਾਇਆ ਕਿੰਝ ਜਾਵੇ!
ਇਸ ਤੋਂ ਪਹਿਲਾਂ 1971 ਦੇ ਸ਼ੁਰੂਆਤੀ ਦਿਨਾਂ ਦੌਰਾਨ ਜਲੰਧਰ ਰਹਿੰਦਿਆਂ ਆਪਣੇ ਮਿੱਤਰ ਕੁਲਬੀਰ ਹੁੰਦਲ ਨਾਲ ਕਿਸੇ ਕੰਮ ਲਈ ਮੀਸ਼ੇ ਨੂੰ ਉਸ ਦੇ ਦਫਤਰ ਮਿਲਣ ਜਾਣਾ ਪਿਆ ਅਤੇ ਇਹ ਮੁਲਾਕਾਤ ਯਾਦਗਾਰੀ ਹੋ ਨਿਬੜੀ। ਕੁਲਬੀਰ ਸਠਿਆਲੇ ਕਾਲਜ ਪੜ੍ਹਦਿਆਂ ਦੋ ਵਰ੍ਹੇ ਉਸ ਦਾ ਵਿਦਿਆਰਥੀ ਰਿਹਾ ਸੀ। ਮੀਸ਼ੇ ਨੇ ਉਸ ਨੂੰ ਬਘੇਲ ਸਿੰਘ ਬੱਲ ਬਾਰੇ ਪੁੱਛਿਆ; ਗਿਆਨ ਗੁਰਾਇਆ ਬਾਰੇ ਗੱਲਾਂ ਕੀਤੀਆਂ ਅਤੇ ਫਿਰ ਬਚਿਤਰ ਕਾਮਰੇਡ ਮੰਗਲ ਸਿੰਘ ਦਨਿਆਲ ਬਾਰੇ ਗੱਲਾਂ ਕਰ ਕਰ ਹੱਸਦੇ ਰਹੇ। ਉਦੋਂ ਉਸ ਨੇ ਬਾਬਾ ਬੂਝਾ ਸਿੰਘ ਦੇ ਪੁਲਿਸ ਮੁਕਾਬਲੇ ਵਿਚ ਮਾਰੇ ਜਾਣ ਦੀ ਨਿੰਦਿਆ ਕਰਦਿਆਂ ਸਰਕਾਰ ਨੂੰ ਲਾਹਣਤ ਪਾਈ, ਪਰ ਉਸ ਦੀ ਗੱਲਬਾਤ ਤੋਂ ਲਗਦਾ ਸੀ ਕਿ ਉਹ ਨਕਸਲੀਆਂ ਦੀ ਵਿਅਕਤੀਗਤ ਕਤਲਾਂ ਵਾਲੀ ਲਾਈਨ ਤੋਂ ਵੱਧ ਖੌਫ਼ਜਦਾ ਸੀ ਅਤੇ ਉਸ ਦੇ ਨਤੀਜਿਆਂ ਤੋਂ ਚਿੰਤਤ ਵੀ ਸੀ।
ਇਸੇ ਦੌਰਾਨ ਉਸ ਦੇ ਕਮਰੇ ਵਿਚ ਪਿਆ ਬੋਰਿਸ ਪਾਸਤਰਨਾਕ ਦਾ ਨਾਵਲ ‘ਡਾæ ਜਿਵਾਗੋ’ ਨਜ਼ਰੀ ਪੈ ਗਿਆ। ਕੁਝ ਪੁਛਣ ਤੋਂ ਪਹਿਲਾਂ ਹੀ ਮੁਸਕਰਾਉਣ ਲੱਗ ਪਿਆ- ਇਹ ਨਾਵਲ ਲੰਮੀ ‘ਨਜ਼ਮ’ ਹੀ ਹੈ। ਅਖੇ, ਪਾਸਤਰਨਾਕ ਨੇ ਸਾਰੀ ਉਮਰ ਡਰ ਡਰ ਕੇ ਕੱਟਣ ਤੋਂ ਬਾਅਦ ਸਟਾਲਿਨ ਦੇ ਫੌਤ ਹੋ ਜਾਣ ਪਿਛੋਂ ਉਸ ਦੇ ਨਿਜ਼ਾਮ ਖਿਲਾਫ ਇਸ ਨਾਵਲ ਵਿਚ ‘ਚੀਕ ਬੁਲਬਲੀ’ ਹੀ ਮਾਰੀ ਹੋਈ ਹੈ। ਨਾਲ ਹੀ ਉਹਨੇ ਯੋਗੋਸਲਾਵ ਲੇਖਕਾ ਗਰੋਜ਼ਦਾਨਾ ਆਲੋਵਿਚ ਦਾ ਸ਼ਿਵ ਕੁਮਾਰ ਦੁਆਰਾ ਤਰਜਮਾਇਆ ‘ਇਕ ਸਵਰਗੀ ਝੂਟਾ’ ਕਾਵਿ-ਨਾਵਲ ਬਦੋ-ਬਦੀ ਸੌਂਪ ਦਿੱਤਾ। ਇਤਫਾਕਵਸ ਮੀਸ਼ੇ ਨਾਲ ਉਸ ਯਾਦਗਾਰੀ ਮੁਲਾਕਾਤ ਤੋਂ ਕੁਝ ਦਿਨ ਪਹਿਲਾਂ ਹੀ ਮੈਂ ਰੂਸੀ ਇਨਕਲਾਬੀ ਨੇਂਹਵਾਦੀਆਂ ਦੀਆਂ ਵਿਰੋਧਤਾਈਆਂ ਨੂੰ ਤਾਰ ਤਾਰ ਕਰਦਾ ਦਾਸਤੋਵਾਸਕੀ ਦਾ ਕਲਾਸਿਕ ਨਾਵਲ ‘ਡੈਵਿਲਜ਼’ ਖਤਮ ਕੀਤਾ ਸੀ। ਇਸ ਨਾਵਲ ਦਾ ਸਾਰਾ ਸਾਰ-ਤੱਤ ਰੂਹ ਦੇ ਧੁਰ ਅੰਦਰ ਤਕ ਕਿਰਚ ਵਾਂਗੂ ਲਹਿ ਗਿਆ ਸੀ।
‘ਡੈਵਿਲਜ਼’ ਦਾ ਕੇਂਦਰੀ ਥੀਮ ਮੀਸ਼ੇ ਦੀ ‘ਲੀਕ’ ਨਜ਼ਮ ਦੇ ‘ਮਹਾਂ ਸੰਤਾਪ’ ਦੇ ਕਾਫੀ ਨੇੜੇ ਹੈ। ਨਾਵਲ ਦਾ ਮੁਖ ਨਾਇਕ ਨਿਕੋਲਾਈ ਸਟਾਵਰੋਗਿਨ ਕੱਟੜ ਇੰਤਹਾਪਸੰਦ ਇਨਕਲਾਬੀਆਂ, ਸ਼ਹਿਨਸ਼ਾਹਪ੍ਰਸਤਾਂ, ਨੇਂਹਵਾਦੀਆਂ ਅਤੇ ਸ਼ਤੋਵ ਦੇ ਰੂਪ ਵਿਚ ਵੀਰ ਕਰਮਜੀਤ ਸਿੰਘ ਵਰਗੇ ਸੁਪਨਸਾਜ਼ਾਂ ਤੱਕ ਦੁਨੀਆਂ ਭਰ ਦੀਆਂ ਆਵਾਜ਼ਾਂ ਅਤੇ ਵਖਰੇਂਵੇ ਆਪਣੇ ਅੰਦਰ ਆਤਮਸਾਤ ਕਰੀ ਬੈਠਾ ਹੈ। ਸਭ ਉਸ ਨੂੰ ਆਪਣੀ ਆਪਣੀ ਜੀਵਨ-ਦ੍ਰਿਸ਼ਟੀ ਦਾ ਸੋਮਾ ਮੰਨਦੇ ਹਨ, ਉਸ ਤੋਂ ਰਹਿਨੁਮਾਈ ਦੀ ਤਵੱਕੋ ਕਰਦੇ ਹਨ, ਉਸ ਨੂੰ ਅੱਗੇ ਲਗਣ ਲਈ ਆਖਦੇ ਹਨ, ਪਰ ਉਹ ਉਨ੍ਹਾਂ ਵੱਲ ਚੁੱਪ-ਚਾਪ ਬਸ ਝਾਕੀ ਜਾਂਦਾ ਹੈ; ਵਾਹ ਲਗਦੀ ਕਦੀ ‘ਕੂੰਦਾ’ ਤੱਕ ਨਹੀਂ। ਮਾਨੋ, ਅਜਿਹੀ ‘ਲੀਕ’ ਹੀ ਕੋਈ ਛੁਰੇ ਵਾਂਗ ਉਸ ਦੀ ਧੁਰ ਆਤਮਾ ਅੰਦਰ ਲੱਥੀ ਹੋਈ ਹੈ! ਅਸੀਂ ਤਾਂ ਇਸ ਤੋਂ ਅੱਗੇ ਇਹ ਕਹਿਣ ਲਈ ਵੀ ਦ੍ਰਿੜ ਹਾਂ ਕਿ ਦਾਸਤੋਵਸਕੀ ਦੇ ਭਾਂਤ-ਸੁਭਾਂਤੇ, ਸਭ ਪਾਤਰ ਚੁਰੱਸਤੇ ਵਿਚ ਫਸੇ ‘ਲੀਕ’ ਤੋਂ ਪਾਰ ਪਾਉਣ ਅਤੇ ਜੀ ਭਿਆਣੇ ‘ਚੀਕ ਬੁਲਬਲੀ’ ਮਾਰਨ ਲਈ ਹੀ ਤਰਲੋਮੱਛੀ ਹੋ ਰਹੇ ਹਨ। ਇਹ ਮਹਾਂ ਪੁਰਖ ਦਾ ਸਮੁੱਚਾ ਸਿਰਜਣਾਤਮਿਕ ਜਗਤ ਅਜਿਹੇ ਇਨਸਾਨ ਦੀਆਂ ਚੀਕਾਂ ਅਤੇ ਗੂੰਜਾਂ ਹੀ ਤਾਂ ਹਨ; ਮੀਸ਼ੇ ਵਰਗੀਆਂ ਵੰਨ-ਸੁਵੰਨੀਆਂ, ਧੁਰੋਂ ਸਰਾਪੀਆਂ ਰੂਹਾਂ ਦਾ ਜਾਨ ਕੱਢ ਲੈਣ ਵਾਲਾ ਕੋਹਰਾਮ ਹੀ ਤਾਂ ਹੈ। ਕਾਮੂੰ ਨੇ ‘ਡੈਵਿਲਜ਼’ ਦਾ ਦਿ ਪੋਸੈੱਸਡ’ ਸਿਰਲੇਖ ਹੇਠ ਨਾਟਕੀ ਰੂਪਾਂਤਰੀਕਰਨ ਕਰਦਿਆਂ ਕਿਹਾ ਸੀ ਕਿ 20ਵੀਂ ਸਦੀ ਵਿਚ ਸਟਾਲਿਨ ਨੇ ਸਮਾਜਵਾਦੀ ਪਰਚਮ ਹੇਠ ਧਰਤੀ ਉਪਰ ਸਵਰਗ ਉਤਾਰਨ ਅਤੇ ਅਡੋਲਫ ਹਿਟਲਰ ਨੇ ਜਰਮਨ ਕੌਮ ਦੀ ਸਰਦਾਰੀ ਸਥਾਪਤ ਕਰਨ ਦੀ ਬੇਰਹਿਮ ਸੁਪਨਸਾਜ਼ੀ ਦੇ ਨਾਂ ‘ਤੇ ਇਨਸਾਨ ਦੁਸ਼ਮਣੀ ਦੇ ਜੋ ਕਾਰੇ ਕੀਤੇ, ਉਸ ਮਾਨਸਿਕਤਾ ਨੂੰ ਸਮਝਣ ਲਈ ਦਾਸਤੋਵਸਕੀ ਨੇ ਆਪਣੇ ‘ਜ਼ੁਰਮ ਤੇ ਸਜ਼ਾ’ ਅਤੇ ‘ਡੈਵਿਲਜ਼’ ਨਾਵਲਾਂ ਰਾਹੀਂ 50 ਸਾਲ ਪਹਿਲਾਂ ਹੀ ਕੁੰਜੀ ਦੇ ਦਿੱਤੀ ਸੀ।
(ਚਲਦਾ)