ਬਹੁਪੱਖੀ ਸ਼ਖਸੀਅਤ ਤੇ ਸਥਾਪਿਤ ਅਦਾਕਾਰ-ਜਸਵੰਤ ਸਿੰਘ ਸ਼ਾਦ

ਗੁਰਿੰਦਰਜੀਤ ਸਿੰਘ ਨੀਟਾ ਮਾਛੀਕੇ
ਫੋਨ: 559-333-5776
ਕੈਲੀਫੋਰਨੀਆ ਦੀਆਂ ਸਟੇਜਾਂ ਦਾ ਮਾਣ, ਭੰਗੜੇ ਦਾ ਸ਼ੈਦਾਈ, ਸਿਖਰ ਦਾ ਮੇਜ਼ਬਾਨ ਤੇ ਸਿਰੇ ਦਾ ਅਦਾਕਾਰ ਹੈ, ਲੇਖਕ ਤੇ ਪੱਤਰਕਾਰ ਜਸਵੰਤ ਸ਼ਾਦ। ਦੋ ਦਹਾਕਿਆਂ ਤੋਂ ਵੱਧ ਸਮੇਂ ਤੋਂ ਜਸਵੰਤ ਸ਼ਾਦ ਕੈਲੀਫੋਰਨੀਆ ਵਿਚ ਵੱਸਿਆ ਹੋਇਆ ਹੈ। ਜੋ ਲੋਕ ਅਖਬਾਰ ਪੜ੍ਹਨ, ਮੇਲਿਆਂ ‘ਤੇ ਜਾਣ-ਆਉਣ ਜਾਂ ਨਾਟਕ ਵੇਖਣ ਦੇ ਸ਼ੌਕੀਨ ਹਨ, ਉਨ੍ਹਾਂ ਲਈ ਜਸਵੰਤ ਸ਼ਾਦ ਕਿਸੇ ਜਾਣ-ਪਛਾਣ ਦਾ ਮੁਹਤਾਜ ਨਹੀਂ। ਕਿਉਂਕਿ ਬਹੁਤੇ ਓਹਦੀ ਕਲਾ ਦਾ ਜਾਦੂ ਸਟੇਜਾਂ ਤੋਂ ਵੇਖ ਚੁਕੇ ਹੋਣਗੇ। ਫੇਰ ਵੀ ਜਸਵੰਤ ਦੇ ਸਾਹਿਤਕ ਤੇ ਸਟੇਜੀ ਸਫਰ ‘ਤੇ ਪੰਛੀ ਝਾਤ ਪਾਉਣੀ ਉਚਿਤ ਰਹੇਗੀ।

ਸ਼ਾਦ ਨੇ ਹਾਈ ਸਕੂਲ ਤੱਕ ਦੀ ਪੜ੍ਹਾਈ ਖਾਲਸਾ ਸਕੂਲ ਜਲੰਧਰ ਤੋਂ ਕੀਤੀ ਤੇ ਜਿਥੇ ਉਹ ਹਾਕੀ ਦੀ ਟੀਮ ਦਾ ਮੈਂਬਰ ਤੇ ਹੈਂਡਬਾਲ ਟੀਮ ਦਾ ਕੈਪਟਨ ਸੀ, ਉਥੇ ਨਾਲ ਦੀ ਨਾਲ ਸਾਲਾਨਾ ਸਮਾਗਮਾਂ ਉਤੇ ਭਾਸ਼ਣ ਕਰਨ ਤੇ ਕਵਿਤਾ ਪੜ੍ਹਨ ਦਾ ਉਹ ਕੋਈ ਮੌਕਾ ਹੱਥੋਂ ਨਾ ਗਵਾਉਂਦਾ। ਉਹਦੇ ਦੋਸਤਾਂ ‘ਚੋਂ ਵੀ ਬਹੁਤ ਘੱਟ ਨੂੰ ਪਤਾ ਹੈ ਕਿ ਉਹ ਕਈ ਸਾਲ ਗਤਕਾ ਵੀ ਖੇਡਦਾ ਰਿਹਾ ਹੈ।
ਸ਼ਾਦ ਨੇ 1986 ਵਿਚ ਖਾਲਸਾ ਕਾਲਜ ਜਲੰਧਰ ਵਿਚ ਦਾਖਲਾ ਤਾਂ ਭਾਵੇਂ ਪੜ੍ਹਨ ਲਈ ਲਿਆ ਸੀ ਪਰ ਪੜ੍ਹਨ ਨਾਲੋਂ ਵੱਧ ਉਸ ਉਤੇ ਭੰਗੜਾ ਪਾਉਣ ਦਾ ਭੂਤ ਸਵਾਰ ਹੋ ਗਿਆ। ਇੱਥੇ ਭੰਗੜਾ ਟੀਮ ਵਿਚ ਦਾਖਲਾ ਨਾ ਮਿਲਦਾ ਦੇਖ ਕੇ ਸ਼ਾਦ ਨੇ ਇੱਕ ਦੋਸਤ ਨਾਲ ਸਕੀਮ ਬਣਾਈ ਤੇ ਅਗਲੇ ਸਾਲ ਦੁਆਬਾ ਕਾਲਜ ਵਿਚ ਜਾ ਨਾਮ ਲਿਖਵਾਇਆ। ਫੇਰ ਇਥੋਂ ਹੀ ਸ਼ਾਦ ਦਾ ਸਾਹਿਤਕ ਤੇ ਸਟੇਜੀ ਸਫਰ ਸ਼ੁਰੂ ਹੋਇਆ। ਉਹਨੇ ਇਥੇ ਭੰਗੜੇ ਦੇ ਨਾਲ ਨਾਲ ਕਵਿਤਾ ਉਚਾਰਨ ਮੁਕਾਬਲਿਆਂ ਅਤੇ ਭਾਸ਼ਣ ਮੁਕਾਬਲਿਆਂ ਵਿਚ ਹਿੱਸਾ ਲੈਂਦਿਆਂ ਆਪਣੇ ਕਾਲਜ ਲਈ ਅਨੇਕਾਂ ਮੈਡਲ ਤੇ ਇਨਾਮ ਜਿੱਤੇ। ਜਸਵੰਤ ਸ਼ਾਦ ਨੂੰ ਉਘੇ ਕਲਾਕਾਰ ਗੁਰਪ੍ਰੀਤ ਘੁੱਗੀ ਨਾਲ ਵੀ ਇੱਥੇ ਕੰਮ ਕਰਨ ਦਾ ਮੌਕਾ ਵੀ ਮਿਲਿਆ ਤੇ ਉਨ੍ਹਾਂ ਨੇ ਕਈ ਸਕਿੱਟਾਂ ਇਕੱਠਿਆਂ ਖੇਡੀਆਂ।
1989 ਵਿਚ ਸ਼ਾਦ ਨੇ ਐਮæਏæ ਪੁਲੀਟੀਕਲ ਸਾਇੰਸ ਕਰਨ ਲਈ ਡੀæਏæਵੀæ ਕਾਲਜ, ਜਲੰਧਰ ‘ਚ ਐਡਮਿਸ਼ਨ ਲੈ ਲਈ। ਇਥੇ ਆ ਕੇ ਵੀ ਉਹ ਲਗਾਤਾਰ ਭੰਗੜਾ ਮੁਕਾਬਲਿਆਂ ਵਿਚ ਹਿੱਸਾ ਲੈਂਦਾ ਤੇ ਜਿੱਤਦਾ ਰਿਹਾ। 1989 ਵਿਚ ਸੈਨਿਕ ਸਕੂਲ ਕਪੂਰਥਲਾ ‘ਚ ਹੋਏ ਇੰਟਰ ‘ਵਰਸਟੀ ਮੁਕਾਬਲੇ ਵਿਚ ਉਨ੍ਹਾਂ ਦੀ ਟੀਮ ਨੇ ਗੋਲਡ ਮੈਡਲ ਜਿੱਤਿਆ। 1990 ਵਿਚ ਸ਼ਾਦ ਗੁਰੂ ਨਾਨਕ ਦੇਵ ਯੂਨੀਵਰਸਟੀ ਦੀ ਭੰਗੜਾ ਟੀਮ ਦਾ ਕੈਪਟਨ ਬਣਿਆ ਤੇ ਟੀਮ ਨੇ ਇੰਟਰ ‘ਵਰਸਟੀ ਮੁਕਾਬਲੇ ਦੌਰਾਨ ḔਤਾਲਕਟੋਰਾḔ ਸਟੇਡੀਅਮ ਦਿੱਲੀ ਤੋਂ ਗੋਲਡ ਮੈਡਲ ਜਿੱਤਿਆ।
1992 ਵਿਚ ਸ਼ਾਦ ਖੂਬਸੂਰਤ ਸਟੇਟ ਕੈਲੀਫੋਰਨੀਆ ਆਣ ਵਸਿਆ। ਇਥੇ ਆ ਕੇ ਵੀ ਉਹ ਭੰਗੜੇ ਨਾਲ ਲਗਾਤਾਰ ਜੁੜਿਆ ਰਿਹਾ। ਉਸ ਨੇ ਨੌਜਵਾਨ ਮੁੰਡੇ-ਕੁੜੀਆਂ ਦੀਆਂ ਗਿੱਧੇ ਅਤੇ ਭੰਗੜੇ ਦੀਆਂ ਟੀਮਾਂ ਤਿਆਰ ਕਰਵਾਈਆਂ ਅਤੇ 1992-93 ਵਿਚ ਬੇ-ਏਰੀਏ ਦੇ ਓਕਲੈਂਡ ਸ਼ਹਿਰ ਵਿਚ Ḕਪੰਜਾਬ ਨਾਈਟḔ ਨਾਮ ਦਾ ਵਿਸਾਖੀ ਮੇਲਾ ਵੀ ਦੋ ਵਾਰ ਕਰਵਾਇਆ। ਹੁਣ ਭਾਵੇਂ ਉਹਨੇ ਸਟਾਕਟਨ ਵਿਚ Ḕਭੰਗੜਾ ਅਕੈਡਮੀḔ ਖੋਲ੍ਹੀ ਹੋਈ ਹੈ ਪਰ ਪਿਛਲੇ ਵੀਹ ਸਾਲ ਉਹ ਭੰਗੜੇ ਦੀ ਸਿਖਲਾਈ ਮੁਫਤ ਵਿਚ ਦਿੰਦਾ ਰਿਹਾ ਹੈ।
ਪੰਜਾਬੀ ਕਲਚਰਲ ਸੁਸਾਇਟੀ ਸੈਕਰਾਮੈਂਟੋ ਨਾਲ ਸ਼ਾਦ 1993 ਤੋਂ ਹੀ ਜੁੜਿਆ ਹੋਇਆ ਹੈ। ਉਹ ਦੱਸਦਾ ਹੈ ਕਿ ਅਮਰੀਕਾ ਵਿਚ ਸਟੇਜ ਹੋਸਟ ਬਣਨ ਦੀ ਉਹਦੀ ਚਾਹਤ ਇਸੇ ਸੰਸਥਾ ਵਲੋਂ ਕਰਵਾਏ ਜਾਂਦੇ ਵਿਸਾਖੀ ਮੇਲੇ ਉਤੇ 14 ਕੁ ਸਾਲ ਪਹਿਲਾਂ ਪੂਰੀ ਹੋਈ ਸੀ ਤੇ ਉਦੋਂ ਤੋਂ ਹੀ ਉਹ ਇਸ ਮੇਲੇ ਦਾ ਸਟੇਜ ਸੰਚਾਲਨ ਕਰਦਾ ਆ ਰਿਹਾ ਹੈ। ਉਸ ਤੋਂ ਬਾਅਦ ਚੱਲ ਸੋ ਚੱਲ। ਸਟੇਜ ਸੰਚਾਲਨ ਦਾ ਉਹਦਾ ਇੱਕ ਵੱਖਰਾ ਸ਼ਾਇਰਾਨਾ ਅੰਦਾਜ਼ ਹੈ। ਉਹ ਵੱਡੇ ਸ਼ਾਇਰਾਂ ਦੇ ਚੋਣਵੇਂ ਸ਼ੇਅਰ ਤੇ ਕਵਿਤਾਵਾਂ ਇੰਨੇ ਭਾਵਪੂਰਤ ਢੰਗ ਨਾਲ ਪੇਸ਼ ਕਰਦਾ ਹੈ ਕਿ ਸਰੋਤਾ ਥਾਂ ‘ਤੇ ਹੀ ਕੀਲਿਆ ਜਾਂਦਾ ਹੈ। ਕਮਰਸ਼ੀਅਲ ਮੇਲਿਆਂ ਦੇ ਨਾਲ ਨਾਲ ਲੋਕਲ ਮੇਲਿਆਂ ਉਤੇ ਉਹ ਕਈ ਸਾਲਾਂ ਤੋਂ ਸਟੇਜ ਦੀ ਸੇਵਾ ਨਿਭਾ ਰਿਹਾ ਹੈ। ਉਹ ਚੋਟੀ ਦੀਆਂ ਸਟੇਜਾਂ ‘ਤੇ ਆਪਣੀ ਕਲਾ ਦਾ ਲੋਹਾ ਮੰਨਵਾ ਚੁਕਾ ਹੈ। ਜ਼ਿਕਰਯੋਗ ਹੈ ਕਿ ਮੰਚ ਸੰਚਾਲਨ ਕਰਦਿਆਂ ਉਹ ḔਪਤਵੰਤੇḔ ਕਿਸਮ ਦੇ ਲੋਕਾਂ ਦੇ ਸੋਹਲੇ ਗਾ ਗਾ ਕੇ ਸਰੋਤਿਆਂ ਨੂੰ ਦੁਖੀ ਨਹੀਂ ਕਰਦਾ। ਚਮਚਾਗਿਰੀ ਨਾ ਕਰਨ ਕਰਕੇ ਬਹੁਤੀਆਂ ਸੰਸਥਾਵਾਂ ਨੂੰ ਜਸਵੰਤ ਕਈ ਵਾਰੀ ਰਾਸ ਵੀ ਨਹੀਂ ਆਉਂਦਾ।
ਜਸਵੰਤ ਸ਼ਾਦ ਲੰਮੇ ਸਮੇ ਤੋਂ ਪੱਤਰਕਾਰੀ ਨਾਲ ਵੀ ਜੁੜਿਆ ਰਿਹਾ ਹੈ। ਉਹ 1993 ਤੋਂ ਲੈ ਕੇ 1998 ਤੱਕ ਕੈਨੇਡਾ ਤੋਂ ਛਪਦੇ ਪੰਜਾਬੀ ਅਖਬਾਰ Ḕਇੰਡੋ-ਕੈਨੇਡੀਅਨḔ ਲਈ ਪੱਤਰਕਾਰੀ ਕਰਦਾ ਰਿਹਾ ਹੈ। ਜਸਵੰਤ ਅੰਦਰ ਇੱਕ ਕਵੀ ਵੀ ਛੁਪਿਆ ਹੋਇਆ ਹੈ ਜਿਸ ਦੇ ਦਰਸ਼ਨ ਕਦੇ ਕਦਾਈਂ ਕਵਿਤਾਵਾਂ ਜਰੀਏ ਇਹਦੀ ਫੇਸਬੁੱਕ ‘ਤੇ ਹੁੰਦੇ ਰਹਿੰਦੇ ਹਨ।
ਜਸਵੰਤ ਨੂੰ ਵਾਰਤਕ ਲਿਖਣ ਵਿਚ ਵੀ ਚੰਗੀ ਮੁਹਾਰਤ ਹਾਸਲ ਹੈ। ਸ਼ਾਦ ਦੇ ਲੇਖ ਹੋਰ ਅਖਬਾਰਾਂ ਦੇ ਨਾਲ ਨਾਲ Ḕਪੰਜਾਬ ਟਾਈਮਜ਼Ḕ ਵਿਚ ਵੀ ਛਪਦੇ ਰਹਿੰਦੇ ਹਨ। ਸ਼ਾਦ ਦੇ ਵਿਸ਼ੇ ਅਤੇ ਸ਼ਬਦਾਂ ਦੀ ਚੋਣ ਜੋੜ ਬਾ-ਕਮਾਲ ਹੈ। ਉਹ ਕੁਝ ਨਾ ਕੁਝ ਲਿਖਦਾ ਰਹਿੰਦਾ ਹੈ, ਪਰ ਲਗਾਤਾਰ ਨਹੀਂ ਲਿਖਦਾ। ਕਵਿਤਾ ਨਾ ਸਹੀ ਗਜ਼ਲ ਸਹੀ, ਨਹੀਂ ਤਾਂ ਰਾਜਨੀਤਕ ਜਾਂ ਸਮਾਜਿਕ ਵਿਸ਼ੇ ‘ਤੇ ਲੇਖ ਹੀ ਸਹੀ, ਇਸ ਸਾਰੇ ਕਾਸੇ ਤੋਂ ਜਦ ਉਹਦਾ ਮਨ ਉਕਤ ਗਿਆ ਤਾਂ ਭੁੱਸ ਪੂਰਾ ਕਰਨ ਲਈ ਉਹਨੇ ਇੱਕ ਛੋਟਾ ਜਿਹਾ ਕਾਲਮ Ḕਤਿਰਛੀ ਨਜ਼ਰḔ ਪੰਜਾਬ ਟਾਈਮਜ਼ ਲਈ ਲਿਖਣਾ ਸ਼ੁਰੂ ਕੀਤਾ ਸੀ ਜੋ ਸ਼ਾਦ ਦੋ ਸਾਲ ਲਗਾਤਾਰ ਲਿਖਦਾ ਰਿਹਾ। ਫਿਰ ਉਹਨੇ ਅਚਾਨਕ ਇਹ ਵੀ ਬੰਦ ਕਰ ਦਿੱਤਾ। ਹੁਣ ਕਦੇ ਕਦਾਈਂ ਉਹਦੀ Ḕਤਿਰਛੀ ਨਜ਼ਰḔ ਦੇ ਦੀਦਾਰੇ ਫੇਸਬੁੱਕ ਉਤੇ ਹੁੰਦੇ ਹਨ। ਸਾਹਿਤ ਪੜ੍ਹਨ ਦਾ ਉਹ ਬੜਾ ਸ਼ੌਕੀਨ ਹੈ। ਪੰਜਾਬੀ ਸਾਹਿਤ ਸਭਾ ਸਟਾਕਟਨ ਦਾ ਕਈ ਸਾਲ ਸੈਕਟਰੀ ਰਹਿਣ ਦੇ ਨਾਲ ਨਾਲ ਪੰਜਾਬੀ ਸਾਹਿਤ ਸਭਾ ਕੈਲੀਫੋਰਨੀਆ ਨਾਲ 1995 ਤੋਂ ਜੁੜਿਆ ਹੋਇਆ ਹੈ। ਸੁਖਵਿੰਦਰ ਅੰਮ੍ਰਿਤ, ਸ਼ਿਵ ਬਟਾਲਵੀ, ਸੁਰਜੀਤ ਪਾਤਰ, ਕਰਤਾਰ ਸਿੰਘ ਦੁੱਗਲ, ਜਸਵੰਤ ਸਿੰਘ ਕੰਵਲ, ਹਰਿੰਦਰ ਸਿੰਘ ਮਹਿਬੂਬ, ਟਾਲਸਟਾਏ, ਦਾਸਤੋਵਸਕੀ, ਐਲੀ ਵਾਈਜ਼ਲ ਉਹਦੇ ਪਸੰਦੀਦਾ ਲੇਖਕ ਹਨ।
ਮੈਂ ਇੱਕ ਵਾਰ ਪੁੱਛਿਆ, ਪਰਿਵਾਰ ਵਿਚੋਂ ਇੰਨਾ ਸਮਾਂ ਕੱਢਣਾ ਔਖਾ ਹੈ, ਕਦੇ ਭਾਬੀ ਜੀ ਔਖੇ ਨਹੀਂ ਹੁੰਦੇ? ਹੱਸ ਕੇ ਕਹਿਣ ਲੱਗਾ, “ਕਾਲਜ ਵੇਲੇ ਮੇਰੀ ਮਾਤਾ ਕਹਿੰਦੀ ਰਹੀ ਤੇ ਹੁਣ ਤੇਰੀ ਭਾਬੀ ਕਹਿੰਦੀ ਹੁੰਦੀ ਆ Ḕਕੋਈ ਕੰਮ ਇੱਦਾਂ ਦਾ ਰਹਿ ਨਾ ਜਾਵੇ, ਬੱਸ ਇਹ ਸਾਰੇ ਕੰਮ ਤੂੰ ਈ ਕਰਨੇ ਆਂḔ ਪਰ ਅੰਦਰੋਂ ਦੋਹਾਂ ਨੂੰ ਹੀ ਕਦੇ ਮਾਣ ਜਿਹਾ ਵੀ ਹੁੰਦਾ ਮੇਰੇ ‘ਤੇ।”
ਮੈਨੂੰ ਲਗਦਾ ਸ਼ਾਦ ਦੀ ਮਾਤਾ ਤੇ ਘਰਵਾਲੀ ਦਾ ਸਵਾਲ ਠੀਕ ਈ ਐ ਕਿ ਸਾਰੇ ਕੰਮ ਤੂੰ ਹੀ ਕਰਨੇ ਆਂ! ਹੋਰ ਸੁਣੋ, ਉਹ ਗੁਰਦੁਆਰਿਆਂ ਵਿਚ ਬੱਚਿਆਂ ਨੂੰ ਪੰਜਾਬੀ ਵੀ ਪੜ੍ਹਾਉਂਦਾ ਰਿਹਾ ਤੇ ਅੱਜ ਕਲ ਰੇਡੀਓ ਸ਼ੋਅ ਕਰਨ ਦਾ ਖਬਤ ਵੀ ਉਹਦਾ ਪੂਰੇ ਜੋਬਨ ‘ਤੇ ਹੈ। ਸ਼ੁੱਧ ਪੰਜਾਬੀ ਲਿਖਣ ਤੇ ਬੋਲਣ ਦੇ ਮਾਮਲੇ ਵਿਚ ਉਹ ਬੜਾ ਗੰਭੀਰ ਹੈ। ਜੇ ਕੋਈ ਗਲਤ ਪੰਜਾਬੀ ਲਿੱਖੇ ਤਾਂ ਉਸ ਤੋਂ ਬਰਦਾਸ਼ਤ ਨਹੀਂ ਹੁੰਦਾ। ਉਸ ਨੂੰ ਇੰਜ ਮਹਿਸੂਸ ਹੁੰਦਾ ਹੈ ਜਿਵੇਂ ਕਿਸੇ ਨੇ ਪੰਜਾਬੀ ਮਾਂ ਬੋਲੀ ਨੂੰ ਗਾਲ੍ਹ ਕੱਢੀ ਹੋਵੇ ਤੇ ਪੰਜਾਬੀ ਸਿਖਾਉਣ ਲਈ ਅਗਲੇ ਦੇ ਦਰਾਂ ਤੱਕ ਪਹੁੰਚ ਜਾਂਦਾ ਹੈ। ਉਹਨੇ ਹਾਲੇ ਹੋਰ ਪਤਾ ਨਹੀਂ ਕੀ ਕੀ ਕਰਨਾ ਹੈ ਪਰ ਉਹ ਆਪ ਦੱਸਦਾ ਹੈ ਕਿ ਨਾਟਕ ਕਰਨ ਦਾ ਤਾਂ ਉਹਨੇ ਕਦੇ ਸੁਪਨਾ ਵੀ ਨਹੀਂ ਸੀ ਲਿਆ।
ਜਿਵੇਂ ਕਹਿੰਦੇ ਹੁੰਦੇ ਨੇ ਕਿ ਜੌਹਰੀ ਹੀਰੇ ਦੀ ਝੱਟ ਪਛਾਣ ਕਰ ਲੈਂਦਾ ਹੈ, ਇਵੇਂ ਹੀ ਕੈਲੀਫੋਰਨੀਆ ਦੀਆਂ ਸਟੇਜਾਂ ਦਾ ਸੰਚਾਲਨ ਕਰਦਿਆਂ ਜਸਵੰਤ ਸ਼ਾਦ ਉਘੇ ਨਾਟਕਕਾਰ ਅਸ਼ੋਕ ਟਾਂਗਰੀ ਦੀ ਨਜ਼ਰੇ ਚੜ੍ਹ ਗਿਆ ਤੇ ਉਸ ਨੇ 2014 ਵਿਚ ਜਸਵੰਤ ਨੂੰ ਆਪਣੇ ਬਹੁ-ਚਰਚਿਤ ਨਾਟਕ Ḕਧੀਆਂ ਮਰਜਾਣੀਆਂḔ ਵਿਚ ਰੋਲ ਕਰਨ ਲਈ ਕਿਹਾ। ਅੰਨਾ ਕੀ ਭਾਲੇ, ਦੋ ਅੱਖਾਂ! ਜਸਵੰਤ ਨੇ ਝੱਟ ਹਾਂ ਕਰ ਦਿੱਤੀ।
ਜਸਵੰਤ ਨੂੰ ਨਾਟਕ ਵੇਖਣ ਦਾ ਸ਼ੌਕ ਮੁੱਢ ਤੋਂ ਹੈ, ਕਾਲਜ ਵੇਲੇ ਉਹ ਅੰਮ੍ਰਿਤਸਰ ਤੋਂ ਲੈ ਕੇ ਪਠਾਨਕੋਟ ਤੱਕ ਨਾਟਕ ਵੇਖਣ ਜਾਂਦਾ ਰਿਹਾ ਹੈ। ਕੈਲੀਫੋਰੀਆ ਦੇ ਹੇਵਰਡ ਸ਼ਹਿਰ ਦਾ ਸ਼ੱਬੋ ਕਾਲਜ ਪੰਜਾਬੀ ਰੰਗ ਮੰਚ ਲਈ ਬੜਾ ਮਸ਼ਹੂਰ ਹੈ। ਜਸਵੰਤ ਨੇ ਇਥੇ ਖੇਡਿਆ ਗਿਆ ਹਰ ਨਾਟਕ ਵੇਖਿਆ। ਅਸ਼ੋਕ ਟਾਂਗਰੀ ਨੇ ਸ਼ਾਦ ਨੂੰ ਇੱਕ ਛੋਟੇ ਜਿਹੇ ਰੋਲ ਲਈ ਚੁਣਿਆ ਸੀ। ਸ਼ਾਦ ਨੇ ਉਹ ਅਦਾਕਾਰੀ ਐਨੀ ਭਿੱਜ ਕੇ ਕੀਤੀ ਕਿ ਅਸ਼ੋਕ ਟਾਂਗਰੀ ਨੇ ਨਾਟਕ ਦੇ ਮੁੱਖ ਪਾਤਰ ਦਾ ਰੋਲ ਸ਼ਾਦ ਨੂੰ ਦੇ ਦਿੱਤਾ। ਮੈਂ ਖੁਦ ਨਾਟਕ Ḕਧੀਆਂ ਮਰਜਾਣੀਆਂḔ ਫਰਿਜ਼ਨੋ ਦੇ ਟਾਵਰ ਥੀਏਟਰ ਵਿਚ ਵੇਖਿਆ ਜਿੱਥੇ ਜਸਵੰਤ ਸ਼ਾਦ ਦੀ ਅਦਾਕਾਰੀ ਸਿਖਰ ‘ਤੇ ਸੀ। ਨਾਟਕ ਵੇਖਣ ਲਈ ਵੱਡੀ ਗਿਣਤੀ ਵਿਚ ਲੋਕੀਂ ਹਾਜ਼ਰ ਸਨ ਤੇ ਸ਼ਾਦ ਦੀ ਅਦਾਕਾਰੀ ਨੇ ਹਰ ਅੱਖ ਨਮ ਕਰ ਦਿੱਤੀ। ਨਾਟਕ ਪਿਛੋਂ ਦਰਸ਼ਕ ਜਸਵੰਤ ਸ਼ਾਦ ਨਾਲ ਲੰਮਾਂ ਸਮਾਂ ਫੋਟੋਆਂ ਖਿਚਾਉਂਦੇ ਰਹੇ। ਜਸਵੰਤ ਸ਼ਾਦ ਦੀ ਅਦਾਕਾਰੀ ਨੇ ਫਰਿਜ਼ਨੋ ‘ਚ ਐਸੀ ਛਾਪ ਛੱਡੀ ਕਿ ਇੱਕ ਸਾਲ ਦੇ ਅੰਦਰ ਕੈਲੀਫੋਰਨੀਆ ਵਿਚ Ḕਧੀਆਂ ਮਰਜਾਣੀਆਂḔ ਦੇ ਪੰਜ ਸਫਲ ਸ਼ੋਅ ਹੋਏ।
ਇਨ੍ਹੀਂ ਦਿਨੀਂ ਇੱਕ ਹੋਰ ਨਾਟਕ Ḕਕਿਸਾਨ ਖੁਦਕਸ਼ੀ ਦੇ ਮੋੜ ਤੇḔ ਬਹੁਤ ਚਰਚਾ ਵਿਚ ਹੈ ਜੋ ਪੰਜਾਬ ਦੇ ਕਿਸਾਨ ਦੀ ਤਾਜਾ ਹਾਲਤ ਬਿਆਨ ਕਰਦਾ ਹੈ। ਇਸ ਨਾਟਕ ਵਿਚ ਵੀ ਸ਼ਾਦ ਨੇ ਮੁੱਖ ਭੂਮਿਕਾ ਨਿਭਾਈ ਹੈ ਅਤੇ ਇਹ ਨਾਟਕ ਦਰਸ਼ਕ ਖਿੱਚਣ ਵਿਚ ਬੇਹੱਦ ਸਫਲ ਹੋ ਰਿਹਾ ਹੈ। ਇਨ੍ਹਾਂ ਨਾਟਕਾਂ ਵਿਚ ਸਫਲ ਅਦਾਕਾਰੀ ਕਰਕੇ ਜਸਵੰਤ ਸ਼ਾਦ ਨੇ ਸਟੇਜ ਸੰਚਾਲਨ ਤੋਂ ਹਟ ਕੇ ਰੰਗ-ਮੰਚ ਦੀ ਦੁਨੀਆਂ ਵਿਚ ਜੋ ਸਫਲ ਝੰਡੇ ਗੱਡੇ ਹਨ, ਉਹ ਆਪਣੇ ਆਪ ਵਿਚ ਇੱਕ ਮਿਸਾਲ ਹੈ। ਇਸ ਸਾਰੇ ਕਾਸੇ ਦਾ ਸਿਹਰਾ ਉਹ ਆਪਣੇ ਉਸਤਾਦ ਅਸ਼ੋਕ ਟਾਂਗਰੀ ਸਿਰ ਬੰਨ੍ਹਦਾ ਹੈ। ਇਰਾਦਾ ਦ੍ਰਿੜ ਹੋਵੇ ਤਾਂ ਰਾਹ ਆਪਣੇ ਆਪ ਬਣਦੇ ਹਨ। ਜਸਵੰਤ ਲਈ ਦੁਆ ਹੈ ਕਿ ਉਹ ਇਸੇ ਤਰ੍ਹਾਂ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦਾ ਸਾਡੇ ਵਿਰਸੇ, ਸੱਭਿਆਚਾਰ ਨੂੰ ਨਵੀਆਂ ਬੁਲੰਦੀਆਂ ਤੱਕ ਪਹੁੰਚਾਉਂਦਾ ਰਹੇ ਤੇ ਨਵੀਂ ਪੀੜ੍ਹੀ ਲਈ ਰਾਹ ਦਸੇਰਾ ਬਣਿਆ ਰਹੇ।