ਬੀਬੀ ਸੁਰਜੀਤ ਕੌਰ ਸੈਕਰਾਮੈਂਟੋ
ਫੋਨ: 916-687-3536
ਅੱਜ ਕੱਲ੍ਹ ਜਿਸ ਲਫਜ਼ ਦੀ ਚਰਚਾ ਜ਼ੋਰਾਂ ‘ਤੇ ਹੈ, ਉਹ ਹੈ- ਤਲਾਕ ਤਲਾਕ ਤਲਾਕ। ਇਸ ਲਫਜ਼ ਦਾ ਸਿੱਧਾ ਸਬੰਧ ਔਰਤ ਨਾਲ ਹੈ। ਔਰਤ ਔਰਤ ਹੈ, ਭਾਵੇਂ ਉਹ ਕਿਸੇ ਵੀ ਧਰਮ, ਜਾਤੀ, ਨਸਲ ਜਾਂ ਮੁਲਕ ਨਾਲ ਸਬੰਧ ਰੱਖਦੀ ਹੋਵੇ। ਹਿੰਦੁਸਤਾਨ ਵਿਚ ਵੱਸਦੇ ਮੁਸਲਿਮ ਭਾਈਚਾਰੇ ਦੀਆਂ ਔਰਤਾਂ ਵੱਲੋਂ ਇਸ ਜ਼ੁਲਮ ਖਿਲਾਫ ਆਵਾਜ਼ ਉਠਾਈ ਜਾ ਰਹੀ ਹੈ। ਔਰਤਾਂ ਉਤੇ ਬਹੁ-ਗਿਣਤੀ ਮਰਦਾਂ ਦਾ ਅਤਿਆਚਾਰ ਹਰ ਦਿਨ ਵਧ ਰਿਹਾ ਹੈ।
ਮਰਦ ਜਦ ਵੀ ਚਾਹੇ, ਤਿੰਨ ਵਾਰੀ ਤਲਾਕ ਤਲਾਕ ਤਲਾਕ ਕਹਿ ਕੇ ਆਪਣੀ ਔਰਤ ਨੂੰ ਘਰੋਂ ਬਾਹਰ ਕੱਢ ਸਕਦਾ ਹੈ; ਉਹ ਔਰਤ ਸਜ ਵਿਆਹੀ ਹੋਵੇ, ਜਾਂ ਫਿਰ ਚਾਰ ਬੱਚਿਆਂ ਦੀ ਮਾਂ ਹੀ ਕਿਉਂ ਨਾ ਹੋਵੇ! ਤਲਾਕ ਨਾਮ ਦਾ ਪਹਾੜ ਕਿਸੇ ਵੀ ਸਮੇਂ ਔਰਤ ਦੇ ਸਿਰ ਉਤੇ ਡਿਗ ਸਕਦਾ ਹੈ ਅਤੇ ਉਦੋਂ ਮਾਂ ਦੇ ਨਾਲ ਨਾਲ ਉਸ ਦੇ ਬੱਚੇ ਵੀ ਅਨਾਥ ਹੋ ਜਾਂਦੇ ਹਨ।
ਸੁਪਰੀਮ ਕੋਰਟ ਦੇ ਨਾਲ ਨਾਲ ਪੂਰੇ ਮੁਲਕ ਅਤੇ ਦੁਨੀਆਂ ਭਰ ਵਿਚ ਇਸ ਗੁਨਾਹ ਅਤੇ ਗੁਨਾਹਗਾਰਾਂ ਦੀ ਚਰਚਾ ਹੈ। ਹਰ ਟੀæਵੀæ ਚੈਨਲ ‘ਤੇ ਹਰ ਉਮਰ ਦੀ ਔਰਤ ਆਪਣੀ ਬਰਬਾਦ ਹੋਈ ਜ਼ਿੰਦਗੀ ਦੀ ਦੁਹਾਈ ਦੇ ਰਹੀ ਹੈ। ਭਾਈਚਾਰੇ ਨਾਲ ਸਬੰਧਤ ਕੁਝ ਕੁ ਲੀਡਰ ਦਬਵੀਂ ਆਵਾਜ਼ ਵਿਚ ਕਦੀ ਕਦੀ ਔਰਤ ਦੇ ਹੱਕ ਵਿਚ ਬੋਲਦੇ ਸੁਣੀਂਦੇ ਹਨ, ਪਰ ਬਹੁਤ ਘੱਟ। ਦੂਜੇ ਪਾਸੇ ਬਹੁ-ਗਿਣਤੀ ਕੱਟੜ ਧਾਰਮਿਕ ਆਗੂ ਅਤੇ ਬੁਲਾਰੇ ਇਸ ਮਾਮਲੇ ‘ਤੇ ਗੁਨਾਹ ਅਤੇ ਗੁਨਾਹਕਾਰਾਂ ਦਾ ਡਟ ਕੇ ਸਾਥ ਦੇ ਰਹੇ ਹਨ।
21ਵੀਂ ਸਦੀ ਦੀ ਪੜ੍ਹੀ-ਲਿਖੀ ਤੇ ਅਗਾਂਹਵਧੂ ਸੁਘੜ ਔਰਤ ਆਪਣੇ ਅਤੇ ਆਪਣੇ ਬੱਚਿਆਂ ਦੇ ਹੱਕਾਂ ਦੀ ਰਾਖੀ ਲਈ ਸਿਰ ‘ਤੇ ਕੱਫਣ ਬੰਨ੍ਹ ਕੇ ਮੈਦਾਨ ਵਿਚ ਉਤਰ ਚੁਕੀ ਹੈ, ਕਾਨੂੰਨ ਦੇ ਦਰ ‘ਤੇ ਦਸਤਕ ਦੇ ਰਹੀ ਹੈ ਕਿ ਉਹ ਕੋਈ ਲਾਸ਼ ਨਹੀਂ, ਜਿਊਂਦੀ ਜਾਗਦੀ ਔਰਤ ਹੈ, ਉਸ ਦੀ ਆਵਾਜ਼ ਸੁਣੋ ਅਤੇ ਉਸ ਨੂੰ ਵੀ ਜ਼ਿੰਦਗੀ ਜਿਊਣ ਦਾ ਅਧਿਕਾਰ ਦਿੱਤਾ ਜਾਵੇ। ਉਹ ਵੀ ਇਸੇ ਸਮਾਜ ਦਾ ਹਿੱਸਾ ਹੈ, ਇਸ ਲਈ ਉਸ ਨੂੰ ਉਸ ਦੇ ਹੱਕ ਦਿਓæææ।
ਜੇ ਔਰਤ ਦੇ ਹੱਕਾਂ ਦੀ ਗੱਲ ਕੀਤੀ ਜਾਵੇ ਤਾਂ ਸਦੀਆਂ ਤੋਂ ਨਹੀਂ, ਬਲਕਿ ਜੁੱਗਾਂ ਤੋਂ ਉਹ ਆਪਣੇ ਜੀਵਨ ਦੇ ਅਧਿਕਾਰਾਂ ਤੋਂ ਵਾਂਝੀ ਹੈ ਅਤੇ ਮਰਦ ਦੀ ਗੁਲਾਮ ਹੈ। ਅੱਜ ਵੀ ਇਹ ਇਸੇ ਗੁਲਾਮੀ ਦੀ ਦਲ-ਦਲ ਵਿਚ ਫਸੀ ਹੋਈ ਹੈ। ਇਸਲਾਮ ਵਿਚ ਮਰਦ ਨੂੰ ਚਾਰ ਨਿਕਾਹ ਕਰਨ ਜਾਂ ਚਾਰ ਔਰਤਾਂ ਰੱਖਣ ਦੀ ਖੁੱਲ੍ਹ ਹੈ। ਮਰਦ ਘਰ ਜਾਂ ਪਰਿਵਾਰ ਵਿਚ ਕਿਤੇ ਵੀ ਬੈਠਾ ਹੋਵੇ, ਬਾਜ਼ਾਰ ਵਿਚ ਹੋਵੇ ਜਾਂ ਕੰਮ ‘ਤੇ ਗਿਆ ਹੋਵੇ ਜਾਂ ਕਿਸੇ ਦੂਜੇ ਮੁਲਕ ਵਿਚ ਹੋਵੇ, ਜਦ ਉਹਦਾ ਦਿਲ ਚਾਹੇ, ਉਹ ਫੋਨ ਉਤੇ ਵੀ ਆਪਣੀ ਔਰਤ ਤੋਂ ‘ਛੁਟਕਾਰਾ’ ਪਾ ਸਕਦਾ ਹੈ, ਬੱਸ ਤਿੰਨ ਵਾਰੀ ਤਲਾਕ ਤਲਾਕ ਤਲਾਕ ਆਖਿਆਂ ਇਹ ਕਹਾਣੀ ਖਤਮ! ਨਾ ਕੋਈ ਦਲੀਲ, ਨਾ ਅਪੀਲ। ਨਾ ਹੀ ਕੋਈ ਧਰਮ ਜਾਂ ਸਮਾਜ ਇਸ ਬੇਸਹਾਰਾ ਔਰਤ ਦੀ ਫਰਿਆਦ ਸੁਣਨ ਨੂੰ ਤਿਆਰ ਹੁੰਦਾ ਹੈ। ਔਰਤ ਦਰ-ਦਰ ਧੱਕੇ ਖਾਂਦੀ ਹੈ ਅਤੇ ਮਰਦ ਅੱਯਾਸ਼ੀ ਵਾਲਾ ਜੀਵਨ ਬਿਤਾਉਂਦਾ ਹੈ।
ਉਂਜ, ਤਲਾਕ ਨਾਮ ਦੀ ਇਸ ਬਿਮਾਰੀ ਨੇ ਪਿਛਲੇ ਸਮੇਂ ਦੌਰਾਨ ਹਰ ਧਰਮ ਤੇ ਕੌਮ ਅੰਦਰ ਆਪਣੇ ਪੈਰ ਪਸਾਰ ਲਏ ਹਨ। ਅੱਧੀ ਸਦੀ ਪਹਿਲਾਂ ਤੱਕ ਇਸ ਦਾ ਨਾਮ ਬਹੁਤ ਘੱਟ ਸੁਣਨ ਨੂੰ ਮਿਲਦਾ ਸੀ, ਪਰ ਅੱਜ ਇਹ ਬਿਮਾਰੀ ਸਮਾਜ ਦੇ ਹਰ ਵਰਗ, ਹਰ ਸ਼ਹਿਰ ਤੇ ਪਰਿਵਾਰ ਵਿਚ ਆਣ ਬੈਠੀ ਹੈ। ਮਨੁੱਖੀ ਜੀਵਨ ਦੀਆਂ ਕਦਰਾਂ-ਕੀਮਤਾਂ ਦਾ ਜਨਾਜ਼ਾ ਨਿਕਲ ਚੁਕਾ ਹੈ। ਅੱਜ ਵਿਆਹ ਹੁੰਦਾ ਹੈ, ਤੇ ਕੁਝ ਹਫਤੇ ਜਾਂ ਮਹੀਨਿਆਂ ਬਾਅਦ ਦੋਵੇਂ ਪਰਿਵਾਰ ਟੁੱਟ ਚੁਕੇ ਹੁੰਦੇ ਹਨ। ਸਭ ਦੇਖਦੇ ਰਹਿ ਜਾਂਦੇ ਹਨ। ਅੱਜ ਭਾਵੇਂ ਅਸੀਂ ਮੁਸਲਿਮ ਭਾਈਚਾਰੇ ਨਾਲ ਸਬੰਧਤ ਔਰਤਾਂ ਦੀ ਜ਼ਿੰਦਗੀ ਦਾ ਰੋਣਾ ਰੋ ਰਹੇ ਹਾਂ, ਪਰ ਘੱਟ ਤਾਂ ਦੂਜੇ ਧਰਮਾਂ ਵਾਲਿਆਂ ਨੇ ਵੀ ਨਹੀਂ ਗੁਜ਼ਾਰੀ!
ਜ਼ਰਾ ਤ੍ਰੇਤਾ ਦੁਆਪੁਰ ਦੀਆਂ ਪੋਥੀਆਂ ਫਰੋਲੀਏ ਤਾਂ ਔਰਤ ਦੀਆਂ ਚੀਕਾਂ ਹੀ ਸੁਣਾਈ ਦੇਣਗੀਆਂ। ਯੁਗ ਪੁਰਸ਼ ਅਖਵਾਉਣ ਵਾਲੇ ਸ੍ਰੀ ਰਾਮ ਚੰਦਰ ਨੇ ਆਪਣੀ ਔਰਤ ਸੀਤਾ ਦੀ ਅਗਨੀ ਪ੍ਰੀਖਿਆ ਲੈਣ ਤੋਂ ਬਾਅਦ ਵੀ ਉਸ ਨੂੰ ਘਰੋਂ ਕੱਢ ਦਿੱਤਾ ਸੀ। ਉਸ ਵਕਤ ਉਹ ਮਾਂ ਬਣਨ ਵਾਲੀ ਸੀ। ਦੁਆਪੁਰ ਦੇ ਪੰਜ ਪਾਂਡਵਾਂ ਨੇ ਤਾਂ ਔਰਤ ਨੂੰ ਇੰਜ ਵੰਡ ਲਿਆ ਸੀ, ਜਿਵੇਂ ਉਹ ਕੋਈ ਪਕਵਾਨ ਹੋਵੇ। ਤੁਲਸੀ ਦਾਸ ਤਾਂ ਔਰਤ ਦੇ ਦਰਜੇ ਨੂੰ ਇੰਨਾ ਥੱਲੇ ਲੈ ਗਿਆ ਕਿ ਉਸ ਨੂੰ ਇਹ ਵੀ ਭੁੱਲ ਗਿਆ ਕਿ ਉਸ ਨੂੰ ਜਨਮ ਦੇਣ ਵਾਲੀ ਵੀ ਔਰਤ ਹੀ ਸੀ।
ਸਦੀਆਂ ਤੋਂ ਦੱਬੀ ਕੁਚਲੀ ਅਤੇ ਜ਼ੁਲਮ ਸਹਿੰਦੀ ਔਰਤ ਦੇ ਹੱਕ ਵਿਚ ਪਹਿਲੀ ਵਾਰ ਸ੍ਰੀ ਗੁਰੂ ਨਾਨਕ ਦੇਵ ਨੇ ਆਵਾਜ਼ ਉਠਾਈ ਅਤੇ ਆਖਿਆ, Ḕਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥Ḕ ਤੀਜੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਨੇ ਜਿਊਂਦੀਆਂ ਔਰਤਾਂ ਨੂੰ ਜਬਰੀ ਅੱਗ ਵਿਚ ਸਾੜ ਕੇ ਮਾਰਨ ਦੀ ਸਤੀ ਰਸਮ ਬੰਦ ਕਰਵਾਉਣ ਲਈ ਆਵਾਜ਼ ਬੁਲੰਦ ਕੀਤੀ, ਪਰ ਅਫਸੋਸ ਕਿ ਧਰਮ ਦੇ ਲੀਡਰਾਂ ਨੇ ਆਪਣੀਆਂ ਸੌੜੀਆਂ ਸੋਚਾਂ ਨੂੰ ਸਾਹਮਣੇ ਰੱਖ ਦੂਜੇ ਧਰਮਾਂ ਦੇ ਆਗੂਆਂ ਵਾਂਗ ਹੀ ਸਿੱਖ ਧਰਮ ਦੀਆਂ ਔਰਤਾਂ ਨੂੰ ਉਨ੍ਹਾਂ ਦੇ ਧਾਰਮਿਕ ਹੱਕਾਂ ਤੋਂ ਪਿਛਾਂਹ ਧਕੇਲ ਕੇ ਖੜ੍ਹਾ ਕੀਤਾ ਹੋਇਆ ਹੈ। ਸਿੱਖ ਔਰਤ ਹਰਿਮੰਦਰ ਸਾਹਿਬ ਵਿਚ ਕੀਰਤਨ ਨਹੀਂ ਕਰ ਸਕਦੀ, ਗ੍ਰੰਥੀ ਨਹੀਂ ਬਣ ਸਕਦੀ, ਪੰਜਾਂ ਪਿਆਰਿਆਂ ਦੀ ਡਿਊਟੀ ਵਿਚ ਹਿੱਸਾ ਨਹੀਂ ਲੈ ਸਕਦੀ। ਇਥੋਂ ਤੱਕ ਕਿ ਕਈ ਆਪੂੰ ਬਣੇ ਧਾਰਮਿਕ ਲੀਡਰ ਤਾਂ ਔਰਤ ਨੂੰ ਪਤਿਤ ਵੀ ਆਖ ਜਾਂਦੇ ਹਨ। ਵਾਹ! ਕੈਸੀ ਦੁਰਗਤੀ ਹੋ ਰਹੀ ਹੈ ਔਰਤ ਦੀ। ਕਿਤੇ ਪਤੀ, ਕਿਤੇ ਪਰਿਵਾਰ, ਕਿਤੇ ਸਮਾਜ ਅਤੇ ਕਿਤੇ ਧਰਮ ਵਾਲੇ-ਸਾਰੇ ਹੀ ਔਰਤ ਦੇ ਹੱਕਾਂ ‘ਤੇ ਡਾਕੇ ਮਾਰ ਰਹੇ ਹਨ।
ਖੈਰ! ਤਲਾਕ ਵਾਲੇ ਮਾਮਲੇ ‘ਤੇ ਸਮੁੱਚੀ ਔਰਤ ਜਾਤੀ ਦਾ ਫਰਜ਼ ਬਣਦਾ ਹੈ ਕਿ ਹਰ ਔਰਤ ਇਨ੍ਹਾਂ ਔਰਤਾਂ ਦੇ ਹੱਕ ਵਿਚ ਆਵਾਜ਼ ਉਠਾਵੇ, ਹਰ ਔਰਤ ਇਨ੍ਹਾਂ ਦੇ ਹੱਕ ਵਿਚ ਬੋਲੇ ਅਤੇ ਆਪਣਾ ਬਣਦਾ ਸਹਿਯੋਗ ਦੇਵੇ ਤਾਂ ਕਿ ਜੁੱਗਾਂ ਤੋਂ ਚੱਲ ਰਹੀ ਇਸ ਬੇਮਾਇਨੀ ਅਤੇ ਘਟੀਆ ਰਵਾਇਤ ਨੂੰ ਠੱਲ੍ਹ ਪਾਈ ਜਾ ਸਕੇ। ਅੱਜ ਸਮਾਂ ਹਾਕਾਂ ਮਾਰ ਰਿਹਾ ਹੈ ਕਿ ਹਰ ਸੂਝਵਾਨ ਔਰਤ ਨੂੰ ਧਰਮ ਤੋਂ ਉਪਰ ਉਠ ਕੇ ਇਨ੍ਹਾਂ ਔਰਤਾਂ ਦੀ ਆਵਾਜ਼ ਵਿਚ ਆਵਾਜ਼ ਮਿਲਾਉਣੀ ਚਾਹੀਦੀ ਹੈ। ਇਹ ਸਮੇਂ ਦੀ ਪੁਕਾਰ ਹੈ; ਨਹੀਂ ਤਾਂ ਔਰਤ ਆਪਣੇ ਗਲ ਵਿਚੋਂ ਗੁਲਾਮੀ ਦਾ ਜੂਲਾ ਕਦੀ ਵੀ ਨਹੀਂ ਲਾਹ ਸਕੇਗੀ।