ਗੁਲਜ਼ਾਰ ਸਿੰਘ ਸੰਧੂ
ਮੈਂ, ਅਪਣੀ ਸਵੈਜੀਵਨੀ ਲਿਖ ਰਿਹਾ ਹਾਂ, Ḕਬਿਨ ਮਾਂਗੇ ਮੋਤੀ ਮਿਲੇ।Ḕ ਮੇਰੇ ਜੀਵਨ ਵਿਚ ਜਿਹੜੇ ਮੋਤੀ ਮਿਲੇ ਉਨ੍ਹਾਂ ਵਿਚ ਇੱਕ ਮੋਤੀ ਵੱਡਾ ਵੀ ਸੀ-ਬਾਹੋਮਾਜਰਾ। ਇਹ ਪਿੰਡ ਅੰਬਾਲਾ-ਲੁਧਿਆਣਾ ਸੜਕ ਉਤੇ ਖੰਨਾ ਤੋਂ ਦੋ ਮੀਲ ਹੈ, ਪਿੰਡ ਲਿਬੜਾ ਦੇ ਨੇੜੇ। ਇਹ ਮੇਰੀ ਮਾਸੀ ਦਾ ਪਿੰਡ ਹੈ ਜਿਥੇ ਰਹਿ ਕੇ ਮੈਂ ਖੰਨਾ ਦੇ ਆਰੀਆ ਹਾਈ ਸਕੂਲ ਤੋਂ ਮੁਢਲੀ ਵਿਦਿਆ ਲਈ। ਇਹ ਮਾਸੀ ਦਾ ਪਿੰਡ ਨਾਂ ਹੁੰਦਾ ਤਾਂ ਮੈਂ ਅਨਪੜ੍ਹ ਰਹਿ ਜਾਣਾ ਸੀ, ਹਲਵਾਹਕ ਜਾਂ ਸ਼ਾਇਦ ਉਹ ਵੀ ਨਹੀਂ। ਮੈਂ ਇਸ ਪਿੰਡ ਦਾ ਦੇਣਦਾਰ ਹਾਂ। ਦੋ ਮੀਲ ਤੁਰ ਕੇ ਸਕੂਲ ਪਹੁੰਚ ਜਾਈਦਾ ਸੀ।
ਮੈਂ ਇੱਕਲਾ ਹੀ ਨਹੀਂ, ਮੈਨੂੰ ਦਿੱਲੀ ਲਿਜਾਣ ਵਾਲਾ ਮੇਰੀ ਮਾਂ ਦੀ ਭੂਆ ਦਾ ਪੁੱਤ ਵੀ ਇਥੇ ਹੀ ਪੜ੍ਹਿਆ ਸੀ। ਮਾਸੀ ਦੇ ਆਪਣੇ ਭਰਾ ਵੀ ਤੇ ਮੇਰੇ ਆਪਣੇ ਪਿੰਡ ਵਾਲੇ ਦੋ ਹੋਰ ਮੁੰਡੇ ਵੀ। ਮੇਰੀ ਨਾਨੀ, ਨਾਮਧਾਰੀ ਪਰਿਵਾਰ ਵਿਚੋਂ ਸੀ। ਆਪ ਤਾਂ ਨਹੀਂ ਸੀ ਪੜ੍ਹੀ ਪਰ ਪੜ੍ਹਾਈ ਦੇ ਗੁਣਾਂ ਤੋਂ ਜਾਣੂੰ ਸੀ। ਨਾਨੀ ਦੀ ਜਿਸ ਧੀ ਨੇ ਸਾਨੂੰ ਪੜ੍ਹਾਇਆ, ਉਹਨੇ ਹਰ ਸੁਵਿਧਾ ਪ੍ਰਦਾਨ ਕੀਤੀ। ਉਦੋਂ ਹਾਈ ਸਕੂਲ ਤਾਂ ਕੀ ਪ੍ਰਾਇਮਰੀ ਵੀ ਨਹੀਂ ਸੀ ਹੁੰਦੇ। ਖੰਨਾ ਵਾਲਾ ਸਕੂਲ ਤਾਂ ਬੁਹਤ ਉਚਾ ਸੀ, ਮੈਟ੍ਰਿਕ ਤੱਕ ਵਿਦਿਆ ਦੇਣ ਵਾਲਾ। ਕਹਾਣੀਕਾਰ ਤੇ ਪੱਤਰਕਾਰ ਪ੍ਰੇਮ ਪ੍ਰਕਾਸ਼ ਵੀ ਉਥੇ ਹੀ ਪੜ੍ਹਿਆ। ਉਹ ਮੇਰਾ ਜਮਾਤੀ ਸੀ। ਲੇਖਕ ਬਣਿਆ ਤਾਂ ਆਪਣੇ ਨਾਂ ਨਾਲ ਖੰਨਵੀ ਲਾਉਂਦਾ ਰਿਹਾ। ਹੁਣ ਜਲੰਧਰ ਵਸ ਗਿਆ ਹੈ। ਜਲੰਧਰ ਦੀਆਂ ਉਰਦੂ ਅਖਬਾਰਾਂ ਵਿਚ ਕੰਮ ਕਰਦੇ ਸਮੇਂ ਉਸ ਨੇ ਆਪਣੇ ਨਾਂ ਨਾਲੋਂ ਖੰਨਵੀ ਲਾਹ ਦਿੱਤਾ ਸੀ। ਉਸ ਦੀ ਉਨਤੀ ਦਾ ਮੁੱਢ ਵੀ ਖੰਨਾ ਹੀ ਸੀ।
ਮੇਰੀ ਮਾਸੀ ਦਾ ਆਪਣੇ ਗਵਾਂਢੀ ਪ੍ਰੀਤਮ ਸਿੰਘ ਨਾਲ ਮੇਲ-ਜੋਲ ਸੀ। ਮਾਸੜ ਦੇ ਅਕਾਲ ਚਲਾਣੇ ਤੋਂ ਪਿਛੋਂ ਇਹ ਰਿਸ਼ਤਾ ਹੋਰ ਗੂੜ੍ਹਾ ਹੋ ਗਿਆ। ਪ੍ਰੀਤਮ ਸਿੰਘ ਨੇ ਲਿਬੜਾ ਵਾਲਿਆਂ ਦੀ ਟਰਾਂਸਪੋਰਟ ਕੰਪਨੀ ਵਿਚ ਹਿੱਸਾ ਪਾ ਲਿਆ। ਉਸ ਦਾ ਵੱਡਾ ਪੁੱਤਰ ਸੁਖਦੇਵ ਸਿੰਘ ਖੰਨਾ ਦੇ ਇੱਕ ਚੰਗੇ ਪਰਿਵਾਰ ਵਿਚ ਵਿਆਹਿਆ ਗਿਆ। ਉਸ ਪਿੱਛੋਂ ਸਭ ਤੋਂ ਛੋਟੇ ਰਾਜਿੰਦਰ ਦਾ ਰਿਸ਼ਤਾ ਉਸ ਦੀ ਵੱਡੀ ਭਰਜਾਈ ਰਣਬੀਰ ਕੌਰ ਨੇ ਆਪਣੇ ਤੋਂ ਛੋਟੀ ਭੈਣ ਨਾਲ ਕਰਵਾ ਦਿੱਤਾ।
ਪਿੰਡ ਬਾਹੋਮਾਜਰਾ ਦੇ ਸਿੱਖਾਂ ਦਾ ਗੋਤ ਕੰਗ ਹੈ। ਵੱਡੇ ਹੋ ਕੇ ਸੁਖਦੇਵ ਤੇ ਰਾਜਿੰਦਰ ਵੀ ਆਪਣੇ ਨਾਂ ਨਾਲ ਕੰਗ ਲਿਖਣ ਲੱਗ ਪਏ। ਸੁਖਦੇਵ ਨੇ ਵਕਾਲਤ ਪਾਸ ਕੀਤੀ। ਚੀਫ ਜਸਟਿਸ ਤੇ ਰਾਜਪਾਲ ਦੀ ਪਦਵੀਂ ਤੱਕ ਪਹੁੰਚਿਆ। ਅਕਾਲ ਚਲਾਣੇ ਤੋਂ ਥੋੜ੍ਹਾ ਪਹਿਲਾਂ ਕੇਰਲ ਰਾਜ ਦਾ ਗਵਰਨਰ ਰਿਹਾ, ਰਾਜਪਾਲ ਸੁਖਦੇਵ ਸਿੰਘ ਕੰਗ। ਉਹ ਵੀ ਖੰਨਾ ਵਾਲੇ ਸਕੂਲ ਹੀ ਮੇਰੇ ਨਾਲੋਂ ਚਾਰ ਜਮਾਤਾਂ ਅੱਗੇ ਸੀ। ਉਹ ਸਕੂਲ ਵੀ ਮੇਰੇ ਮੋਤੀਆਂ ਵਿਚ ਸ਼ਾਮਲ ਹੈ।
ਮੈਂ ਤੀਹ ਸਾਲ ਦਿੱਲੀ ਰਿਹਾ ਤਾਂ ਸੁਖਦੇਵ ਸਿੰਘ ਮੈਨੂੰ ਉਥੇ ਮਿਲਦਾ ਰਿਹਾ, ਢੰਡਾਰੀ ਵਾਲੇ ਦਵਿੰਦਰ ਸਿੰਘ ਗਰਚਾ ਨੂੰ ਨਾਲ ਲੈ ਕੇ। ਮੈਂ ਚੰਡੀਗੜ੍ਹ ਆਇਆ ਤਾਂ ਮੇਰੀ ਉਹਦੇ ਪਰਿਵਾਰ ਨਾਲ ਟੁੱਟੀ ਤੰਦ ਫਿਰ ਜੁੜ ਗਈ। ਰਾਜਿੰਦਰ ਨਾਲ ਵੀ, ਜੋ ਖੰਨੇ ਰਹਿਣ ਲੱਗਿਆ ਅਤੇ ਦਵਿੰਦਰ ਨਾਲ ਵੀ, ਜੋ ਪਿੰਡ ਰਹਿ ਕੇ ਵਿਗਿਆਨਿਕ ਖੇਤੀ ਕਰਦਾ ਰਿਹਾ ਤੇ ਪਿੰਡ ਦਾ ਸਰਪੰਚ ਵੀ ਰਿਹਾ। ਬਲਾਕ ਸੰਮਤੀ ਤੇ ਜ਼ਿਲਾ ਪ੍ਰੀਸ਼ਦ ਦਾ ਮੈਂਬਰ ਵੀ, ਤੇ ਲੰਮਾ ਸਮਾਂ ਖੇਤੀ ਕੋਆਪ੍ਰੇਟਿਵ ਬੈਂਕ, ਲੁਧਿਆਣਾ ਦਾ ਮੈਨੇਜਿੰਗ ਡਾਇਰੈਕਟਰ ਵੀ।
ਪਿਛਲੇ ਵਰ੍ਹਿਆਂ ਵਿਚ ਮੇਰੇ ਤਿੰਨੇ ਸਮਕਾਲੀ ਇੱਕ ਇੱਕ ਕਰਕੇ ਤੁਰ ਗਏ। ਰਾਜਿੰਦਰ 2010 ਵਿਚ, ਸੁਖਦੇਵ (ਜਸਟਿਸ ਕੰਗ) 2012 ਅਤੇ ਦਵਿੰਦਰ ਲੰਘੀ ਅਪਰੈਲ ਵਿਚ। ਸੁਖਦੇਵ ਮੇਰੇ ਨਾਲੋਂ ਵੱਡਾ ਸੀ। ਰਾਜਿੰਦਰ ਛੋਟਾ ਤੇ ਦਵਿੰਦਰ ਮੇਰਾ ਹਾਣੀ। ਉਸ ਦੇ ਅਕਾਲ ਚਲਾਣੇ ਨਾਲ ਮੇਰਾ ਬਾਹੋਮਾਜਰਾ ਨਾਲ ਨਾਤਾ ਟੁੱਟ ਗਿਆ ਹੈ। ਇਸ ਲਈ ਵੀ ਕਿ ਮੇਰਾ ਦੂਰ ਨੇੜੇ ਜਾਣਾ ਘਟ ਗਿਆ ਹੈ। ਮੈਂ ਅਗਲੇ ਜੀਵਨ ਨੂੰ ਨਹੀਂ ਮੰਨਦਾ। ਜੇ ਹੈ ਤਾਂ ਉਥੇ ਮਿਲਾਂਗੇ। ਉਹ ਮੈਨੂੰ ਅਪਣੇ ਅੰਗ-ਸੰਗ ਰੱਖਣਾ ਪਸੰਦ ਕਰਨਗੇ। ਇਹ ਮੇਰੇ ਜੀਵਨ ਦੇ ਮੋਤੀਆਂ ਦਾ ਅੰਤਲਾ ਮਣਕਾ ਹੋਵੇਗਾ।
ਮੁਹੰਮਦ ਅਲੀ ਜਿਨਾਹ ਦਾ ਵਿਵਾਹਤ ਦੁਖਾਂਤ: ਮੇਰੀ ਦਿੱਲੀ ਦੀ ਜਾਣੂੰ ਪੱਤਰਕਾਰ ਸ਼ੀਲਾ ਰੈਡੀ ਨੇ ਮੁਹੰਮਦ ਅਲੀ ਜਿਨਾਹ ਦੇ ਵਿਆਹੁਤਾ ਜੀਵਨ ਬਾਰੇ ਇੱਕ ਵੱਡੀ ਪੁਸਤਕ ਲਿਖੀ ਹੈ, “ੰਰ। & ੰਰਸ। ਝਨਿਨਅਹ-ਠਹe ੰਅਰਰਅਿਗe ਠਹਅਟ ੰਹੋਕ ੀਨਦਅਿ” (ਪੈਂਗੁਇਨ, ਪੰਨੇ 420, ਮੁੱਲ 699 ਰੁਪਏ) ਪੁਸਤਕ ਜਿਨਾਹ ਦੀ ਸ਼ਖਸੀਅਤ ਦੇ ਕਈ ਦਰਵਾਜ਼ੇ ਖੋਲ੍ਹਦੀ ਹੈ। ਆਪਾ ਵਿਰੋਧੀ ਤੇ ਗੁੰਝਲਦਾਰ ਵਿਅਕਤੀ ਪਰ ਆਚਰਣ ਦਾ ਉਚਾ। ਨੇਕ ਨੀਅਤ, ਖੁਸ਼ਾਮਦ ਮੁਕਤ, ਰਿਸ਼ਵਤ ਵਿਰੋਧੀ, ਸੱਚਾ ਸੁੱਚਾ ਤੇ ਇਰਾਦੇ ਦਾ ਪੱਕਾ। ਆਪਣੇ ਮਨ ਦੀ ਗੱਲ ਮਹਾਤਮਾ ਗਾਂਧੀ ਦੀ ਹਾਜ਼ਰੀ ਵਿਚ ਵੀ ਨਿਸੰਗ ਕਹਿਣ ਵਾਲਾ ਅਜਿਹਾ ਪਤੀ ਜਿਸ ਨੂੰ ਉਸ ਦੀ ਪਾਰਸੀ ਪਤਨੀ ਰੁੱਤੀ ਆਪਾ ਵਿਰੋਧੀ ਪਿਛੋਕੜ ਤੇ ਉਮਰਾਂ ਦੇ ਵੱਡੇ ਪਾੜੇ ਦੇ ਬਾਵਜੂਦ ਅੰਤਲੇ ਸਾਹਾਂ ਤੱਕ ਪਿਆਰ ਕਰਦੀ ਰਹੀ। ਜਿਨਾਹ ਵਿਆਹ ਸਮੇਂ 42 ਸਾਲ ਦਾ ਸੀ ਤੇ ਰੁੱਤੀ ਅਠਾਰਾਂ ਦੀ। ਰੁੱਤੀ ਨੇ ਆਪਣੇ ਵਿਆਹ ਤੋਂ ਇੱਕ ਦਹਾਕਾ ਪਿਛੋਂ 20 ਫਰਵਰੀ 1929 ਨੂੰ ਆਪਣੀ ਜਾਨ ਲੈ ਲਈ ਸੀ। ਜਿਨਾਹ ਨੇ ਦੂਜੇ ਵਿਆਹ ਨਹੀਂ ਕੀਤਾ।
ਸ਼ੀਲਾ ਰੈਡੀ ਇਸ ਵਿਵਾਹਤ ਦੁਖਾਂਤ ਦਾ ਭਾਂਡਾ ਸਮੇਂ ਦੀ ਸਿਆਸਤ ਦੇ ਸਿਰ ਭੰਨਦੀ ਹੈ। ਰੁੱਤੀ ਤੋਂ ਬੇਮੁਖ ਹੋਣਾ ਜਿਨਾਹ ਲਈ ਸੰਭਵ ਹੀ ਨਹੀਂ ਸੀ। ਜਦੋਂ ਪੰਜਾਬ ਕਲਾ ਭਵਨ, ਚੰਡੀਗੜ੍ਹ ਦੇ ਵਿਹੜੇ ਪੁਸਤਕ ਦੀ ਲੇਖਕਾ ਪੁਸਤਕ ਦੇ ਅਨਿਨ ਪਾਠਕ ਰੌਬਿਨ ਗੁਪਤਾ ਦੇ ਰੁਬਰੂ ਹੋਈ ਤਾਂ ਉਸ ਨੇ ਆਪਣੀ ਲਿਖੀ ਹਰ ਗੱਲ ਉਤੇ ਸਹਿਜ ਨਾਲ ਤੇ ਡੱਟ ਕੇ ਪਹਿਰਾ ਦਿੱਤਾ। ਪੁਸਤਕ ਦੀ ਘੁੰਡ ਚੁਕਾਈ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕੀਤੀ। ਉਸ ਨੇ ਆਪਣੇ ਭਾਸ਼ਣ ਵਿਚ ਖਿਜ਼ਰ ਹਯਾਤ ਖਾਂ ਟਿਵਾਣਾ ਦੀ ਸ਼ਖਸੀਅਤ ਨੂੰ ਰੱਜ ਕੇ ਸਰ੍ਹਾਇਆ।
ਮੈਂ ਪਹਿਲੀ ਵਾਰ ਸ਼ੀਲਾ ਨੂੰ ਖੁਸ਼ਵੰਤ ਸਿੰਘ ਦੇ ਘਰ ਮਿਲਿਆ ਤਾਂ ਖੁਸ਼ਵੰਤ ਆਪਣੀ ਪੁਸਤਕ Ḕਮੈਂ ਐਮਰਜੈਂਸੀ ਦਾ ਸਮਰਥਕ ਕਿਉਂ ਸਾਂḔ ਉਤੇ ਕੰਮ ਕਰ ਰਿਹਾ ਸੀ ਤੇ ਸ਼ੀਲਾ ਉਸ ਦਾ ਸਾਥ ਦੇ ਰਹੀ ਸੀ। ਉਸ ਨੂੰ ਏਦਾਂ ਦੇ ਵਿਸ਼ਿਆਂ ਉਤੇ ਲਿਖਣਾ ਪਸੰਦ ਹੈ। ਉਸ ਨੇ ਜਿਨਾਹ ਬਾਰੇ ਹਥਲੀ ਪੁਸਤਕ ਦਾ ਮਸਾਲਾ ਨਹਿਰੂ ਮੈਮੋਰੀਅਲ ਮਿਊਜ਼ੀਅਮ, ਨਵੀਂ ਦਿੱਲੀ ਦੇ ਡੂੰਘੇ ਸਮੁੰਦਰ ਵਿਚੋਂ ਕੱਢਿਆ ਹੈ; ਉਨ੍ਹਾਂ ਚਿੱਠੀਆਂ ਤੇ ਹੱਥ ਲਿਖਤਾਂ ਤੋਂ, ਜਿਨ੍ਹਾਂ ਨੂੰ ਕੋਈ ਹੱਥ ਨਹੀਂ ਪਾਉਂਦਾ। ਉਸ ਦੀ ਸਿਰਜਣਾ ਸ਼ਕਤੀ ਦਾ ਇਸ ਵਿਚ ਕਿੰਨਾ ਦਖਲ ਸੀ? ਪੁੱਛੇ ਜਾਣ ‘ਤੇ ਉਸ ਦਾ ਉਤਰ ਸੀ ਕਿ ਇਸ ਵਿਚ ਇਤਿਹਾਸਕਾਰੀ ਨਾਲੋਂ ਪੱਤਰਕਾਰੀ ਪ੍ਰਧਾਨ ਹੈ। ਪਰ ਓਨਾ ਹੀ ਜਿੰਨਾ ਇਤਿਹਾਸ ਦੀਆਂ ਪੈੜਾਂ ਤੋਂ ਏਧਰ-ਓਧਰ ਨਾ ਜਾਣ ਜਾਵੇ।
ਰੌਬਿਨ ਗੁਪਤਾ ਦੇ ਦੱਸਣ ਅਨੁਸਾਰ ਪੁਸਤਕ ਦਾ ਵਹਾ ਵਹਿੰਦੀ ਨਦੀ ਵਾਲਾ ਹੈ, ਹਰੇ-ਭਰੇ ਕੰਢਿਆਂ ਵਾਲਾ। ਕਿਉਂ ਨਾ ਆਪਾਂ ਵੀ ਪੜ੍ਹੀਏ।
ਅੰਤਿਕਾ: ਭੁੱਲੇ ਵਿਸਰੇ ਸ਼ਿਅਰ
ਜਾਨੇ ਵਾਲੇ ਕਭੀ ਨਹੀਂ ਆਤੇ
ਜਾਨੇ ਵਾਲੋਂ ਕੀ ਯਾਦ ਆਤੀ ਹੈ।
ਸਾਦਗੀ ਲਾਜਵਾਬ ਹੈ ਜਿਨਕੀ
ਉਨ ਸਵਾਲੋਂ ਕੀ ਯਾਦ ਆਤੀ ਹੈ।
ਵਜਦ-ਏ-ਲੁਤਫ ਏ ਸੁਖਨ ਮੁਬਾਰਕ ਹੋ
ਬਾਕਮਾਲੋਂ ਕੀ ਯਾਦ ਆਤੀ ਹੈ।