‘ਆਪ’ ਦੀਆਂ ਬੁਨਿਆਦਾਂ ਹਿੱਲੀਆਂ

ਚੰਡੀਗੜ੍ਹ (ਗੁਰਵਿੰਦਰ ਸਿੰਘ ਵਿਰਕ): ਦਿੱਲੀ ਨਗਰ ਨਿਗਮ ਚੋਣਾਂ ਵਿਚ ਵੱਡੀ ਹਾਰ ਤੋਂ ਬਾਅਦ ਆਮ ਆਦਮੀ ਪਾਰਟੀ ਉਤੇ ਅੰਦਰੂਨੀ ਅਤੇ ਬਹਿਰੂਨੀ ਹਮਲੇ ਤੇਜ਼ ਹੋ ਗਏ ਹਨ। ਪਾਰਟੀ ਦੀ ਲੀਡਰਸ਼ਿਪ ਖਿਲਾਫ ਪਹਿਲਾਂ ਵੀ ਬਾਗੀ ਸੁਰਾਂ ਉਠਦੀਆਂ ਰਹੀਆਂ ਹਨ ਅਤੇ ਇਨ੍ਹਾਂ ਬਾਗੀ ਸੁਰਾਂ ਨੂੰ ਪਾਰਟੀ ਤੋਂ ਬਾਹਰ ਦਾ ਰਾਸਤਾ ਦਿਖਾ ਕੇ ਅਮਨ-ਅਮਾਨ ਵਾਲਾ ਮਾਹੌਲ ਪੈਦਾ ਕੀਤਾ ਜਾਦਾ ਰਿਹਾ ਹੈ, ਪਰ ਐਤਕੀਂ ਤਕੜੇ ਅੰਦਰੂਨੀ ਹਮਲੇ ਨਾਲ ਪਾਰਟੀ ਦੀਆਂ ਬੁਨਿਆਦਾਂ ਹਿੱਲ ਗਈਆਂ ਜਾਪਦੀਆਂ ਹਨ। ਹੁਣ ਤਾਂ ਦਿੱਲੀ ਸਰਕਾਰ ਦੇ ਕਾਇਮ ਰਹਿਣ ਜਾਂ ਨਾ ਰਹਿਣ ਬਾਰੇ ਵੀ ਕਿਆਸਆਰਾਈਆਂ ਆਰੰਭ ਹੋ ਗਈਆਂ ਹਨ।

ਦੋ ਸਾਲ ਪਹਿਲਾਂ ਦਿੱਲੀ ਵਿਧਾਨ ਸਭਾ ਚੋਣਾਂ ਵਿਚ 70 ਵਿਚੋਂ 67 ਸੀਟਾਂ ਜਿੱਤ ਕੇ ਭਾਰਤ ਦੀ ਸਿਆਸਤ ਵਿਚ ਇਨਕਲਾਬ ਲਿਆਉਣ ਵਾਲੀ ਆਮ ਆਦਮੀ ਪਾਰਟੀ ਨੂੰ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਵੀ ਨਮੋਸ਼ੀਜਨਕ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਪੰਜਾਬ ਅਤੇ ਦਿੱਲੀ ਦੇ ਇਨ੍ਹਾਂ ਦੋ ਲੋਕ ਫਤਵਿਆਂ ਤੋਂ ਬਾਅਦ ਪਾਰਟੀ ਦੇ ਭਵਿਖ ਉਤੇ ਵੀ ਸਵਾਲ ਉਠਣ ਲੱਗੇ ਹਨ। ਦੋ ਸਾਲ ਪਹਿਲਾਂ ਦਿੱਲੀ ਦੀ ਸਿਆਸਤ ਵਿਚ ਰਵਾਇਤੀ ਧਿਰਾਂ ਦਾ ਸਫਾਇਆ ਕਰਨ ਵਾਲੀ ਪਾਰਟੀ ਇੰਨੀ ਛੇਤੀ ਲੋਕਾਂ ਦੇ ਮਨੋਂ ਕਿਵੇਂ ਲੱਥ ਗਈ, ਬਾਰੇ ਵੱਡੇ ਪੱਧਰ ਉਤੇ ਚਰਚਾ ਹੋ ਰਹੀ ਹੈ।
ਦਿੱਲੀ ਵਿਚ ਤਿੰਨਾਂ ਨਗਰ ਨਿਗਮਾਂ ਦੀਆਂ ਚੋਣਾਂ ਵਿਚ ਇਸ ਨੂੰ 270 ਸੀਟਾਂ ‘ਚੋਂ ਮਹਿਜ਼ 48 ਸੀਟਾਂ ਹੀ ਪ੍ਰਾਪਤ ਹੋਈਆਂ। ਨਿਗਮ ਚੋਣਾਂ ਵਿਚ ਇਸ ਧਿਰ ਦੇ 40 ਉਮੀਦਵਾਰਾਂ ਦੀ ਤਾਂ ਜ਼ਮਾਨਤ ਤੱਕ ਜ਼ਬਤ ਹੋ ਗਈ। ਹਾਲ ਹੀ ਵਿਚ ਦਿੱਲੀ ਵਿਚ ਰਾਜੌਰੀ ਗਾਰਡਨ ਦੀ ਉਪ ਚੋਣ ਵਿਚ ਵੀ ਇਸ ਨੂੰ ਕਰਾਰੀ ਹਾਰ ਹੋਈ ਸੀ। ਪਾਰਟੀ ਦੇ ਮੁਖੀ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਭਾਵੇਂ ਹਾਰ ਦਾ ਸਾਰਾ ਕਸੂਰ ਵੋਟ ਮਸ਼ੀਨਾਂ ਦੇ ਸਿਰ ਸੁੱਟ ਦਿੱਤਾ ਹੈ, ਪਰ ਉਨ੍ਹਾਂ ਦੀ ਇਹ ਦਲੀਲ ਕਿਸੇ ਦੇ ਗਲੋਂ ਨਹੀਂ ਉਤਰ ਰਹੀ।
ਪਹਿਲਾਂ ਪੰਜਾਬ ਵਿਧਾਨ ਸਭਾ ਚੋਣਾਂ ਅਤੇ ਹੁਣ ਦਿੱਲੀ ਨਿਗਮ ਚੋਣਾਂ ‘ਚ ਹਾਰ ਨੇ ਤਾਂ ਪਾਰਟੀ ਵਰਕਰਾਂ ਦੇ ਹੌਸਲੇ ਵੀ ਤੋੜ ਸੁੱਟੇ ਹਨ। ਪਾਰਟੀ ਦੇ ਸਟਾਰ ਪ੍ਰਚਾਰਕ ਰਹੇ ਅਤੇ ਸੰਸਦ ਮੈਂਬਰ ਭਗਵੰਤ ਮਾਨ ਵੱਲੋਂ ਕੱਢੀ ਭੜਾਸ ਵੀ ਵਰਕਰਾਂ ਦੇ ਜਜ਼ਬਾਤ ਦੀ ਤਰਜਮਾਨੀ ਕਰਦੀ ਹੈ, ਹਾਲਾਂਕਿ ਉਨ੍ਹਾਂ ਵੱਲੋਂ ਤੋੜੀ ਚੁੱਪ ਸੱਪ ਲੰਘਣ ਤੋਂ ਬਾਅਦ ਲਕੀਰ ਕੁੱਟਣ ਵਾਲੀ ਗੱਲ ਹੀ ਹੋਈ ਹੈ। ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਸੰਜੇ ਸਿੰਘ ਅਤੇ ਸਹਿ ਇੰਚਾਰਜ ਦੁਰਗੇਸ਼ ਪਾਠਕ ਵੱਲੋਂ ਆਪੋ-ਆਪਣੇ ਅਹੁਦਿਆਂ ਤੋਂ ਅਸਤੀਫੇ ਦੇ ਦਿੱਤੇ ਗਏ ਹਨ, ਪਰ ਪਾਰਟੀ ਦਾ ਜੋ ਨੁਕਸਾਨ ਹੋ ਚੁੱਕਾ ਹੈ, ਉਸ ਨੂੰ ਸਹਿਜੇ ਭਰਿਆ ਨਹੀਂ ਜਾ ਸਕਦਾ। ਸਿਆਸੀ ਹਲਕਿਆਂ ‘ਚ ਇਸ ਗੱਲ ਦੀ ਆਮ ਚਰਚਾ ਹੈ ਕਿ ਆਮ ਆਦਮੀ ਪਾਰਟੀ ਨੂੰ ਪੰਜਾਬ ਵਿਚ ਕਾਂਗਰਸ ਨੇ ਜਾਂ ਦਿੱਲੀ ਵਿਚ ਭਾਜਪਾ ਨੇ ਨਹੀਂ ਹਰਾਇਆ, ਬਲਕਿ ਪਾਰਟੀ ਆਪਣੀਆਂ ਗਲਤ ਨੀਤੀਆਂ ਕਾਰਨਾਂ ਆਪਣੇ ਭਾਰ ਨਾਲ ਆਪ ਹੀ ਡਿੱਗ ਗਈ ਹੈ।
ਪੰਜਾਬ ਵਿਚ ਸੁੱਚਾ ਸਿੰਘ ਛੋਟੇਪੁਰ ਖਿਲਾਫ਼ ਕਾਰਵਾਈ ਨੂੰ ਜਿਥੇ ਪਾਰਟੀ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਗਲਤੀ ਦੱਸਿਆ ਜਾ ਰਿਹਾ ਹੈ, ਉਥੇ ਮੁੱਖ ਮੰਤਰੀ ਦਾ ਚਿਹਰਾ ਪੰਜਾਬ ਵਾਸੀਆਂ ਦੇ ਸਾਹਮਣੇ ਨਾ ਲਿਆਉਣਾ ਤੇ ਟਿਕਟਾਂ ਦੀ ਗਲਤ ਵੰਡ ਵੀ ਪਾਰਟੀ ਦੀ ਹਾਰ ਦਾ ਕਾਰਨ ਬਣੀ, ਹਾਲਾਂਕਿ ਪਰਵਾਸੀ ਪੰਜਾਬੀਆਂ ਨੂੰ ਅੰਤ ਤੱਕ ਸੂਬੇ ਵਿਚ ਆਪ ਦੀ ਸਰਕਾਰ ਬਣਨ ਦੀ ਆਸ ਸੀ, ਪਰ ਦੁਆਬੇ ਅਤੇ ਮਾਝੇ ਵਿਚ ਪਹਿਲਾਂ ਹੀ ਕਮਜ਼ੋਰ ਦਿਖਾਈ ਦੇ ਰਹੇ ਆਮ ਆਦਮੀ ਪਾਰਟੀ ਮਾਲਵਾ ਖੇਤਰ ਵਿਚ ਵੀ ਆਪਣਾ ਤਕੜਾ ਪ੍ਰਭਾਵ ਨਹੀਂ ਦਿਖਾ ਸਕੀ।
ਕਿਹਾ ਜਾ ਰਿਹਾ ਹੈ ਕਿ ਦਿੱਲੀ ਨਿਗਮ ਚੋਣਾਂ ਵਿਚ ‘ਆਪ’ ਦੀ ਹਾਰ ਸਪਸ਼ਟ ਦਿਖਾਈ ਦੇ ਰਹੀ ਸੀ। ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਪੰਜਾਬ ‘ਚ ਲੋਕਾਂ ਦਾ ਵਿਸ਼ਵਾਸ ਗੁਆਉਣ ਕਾਰਨ ‘ਆਪ’ ਹੁਣ ਦੇਸ਼ ਵਿਚ ਕਿਧਰੇ ਵੀ ਸੌਖਿਆਂ ਆਪਣੇ ਪੈਰ ਨਹੀਂ ਜਮਾ ਸਕੇਗੀ, ਕਿਉਂਕਿ ਪੰਜਾਬ ਵਿਚੋਂ ਜਿੱਤ ਦਾ ਜੋ ਸੰਦੇਸ਼ ਜਾਣਾ ਸੀ, ਉਸ ਨੇ ਪੂਰੇ ਦੇਸ਼ ਦੀ ਸਿਆਸਤ ਨੂੰ ਪ੍ਰਭਾਵਿਤ ਕਰਨਾ ਸੀ ਅਤੇ ਭਾਜਪਾ ਸਮੇਤ ਕਾਂਗਰਸ ਲਈ ਵੀ ਵੱਡੀ ਚੁਣੌਤੀ ਬਣਨਾ ਸੀ, ਪਰ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨਾ ਸਿਰਫ ਲੋਕਾਂ ਦੀਆਂ ਭਾਵਨਾਵਾਂ ਨੂੰ ਸਮਝਣ ਵਿਚ ਅਸਫਲ ਰਹੇ, ਸਗੋਂ ਉਨ੍ਹਾਂ ਦੀਆਂ ਉਮੀਦਾਂ ਦੇ ਖੈਰ-ਖਵਾਹ ਬਣਨ ਵਿਚ ਨਾਕਾਮ ਰਹੇ ਹਨ ਜਿਸ ਕਾਰਨ ਅੱਜ ਜਿਥੇ ਪਾਰਟੀ ਦੇ ਚੋਟੀ ਦੇ ਆਗੂ ਪਾਰਟੀ ਤੋਂ ਕਿਨਾਰਾ ਕਰਨ ਬਾਰੇ ਸੋਚ ਰਹੇ ਹਨ, ਉਥੇ ਪਾਰਟੀ ਲਈ ਦਿਨ-ਰਾਤ ਮਿਹਨਤ ਕਰਨ ਵਾਲੇ ਵਲੰਟੀਅਰ ਅਤੇ ਵਰਕਰ ਵੀ ਹੋਰ ਪਾਰਟੀਆਂ ਵੱਲ ਦੇਖਣ ਲੱਗੇ ਹਨ।
ਨਗਰ ਨਿਗਮ ਵਿਚ ਪਾਰਟੀ ਦੀ ਹਾਰ ਖੁਦ ਅਰਵਿੰਦ ਕੇਜਰੀਵਾਲ ਲਈ ਵੱਡੇ ਖਤਰੇ ਦੀ ਘੰਟੀ ਹੈ। ਇਸ ਖਤਰੇ ਦਾ ਇਕ ਹੋਰ ਵੱਡਾ ਕਾਰਨ 21 ਵਿਧਾਇਕਾਂ ਉਤੇ ‘ਆਫਿਸ ਆਫ ਪ੍ਰੌਫਿਟ’ ਦਾ ਕੇਸ ਵੀ ਮੰਨਿਆ ਜਾ ਰਿਹਾ ਹੈ। ਕੇਜਰੀਵਾਲ ਨੇ ਦਿੱਲੀ ਦੇ ਉਪ ਰਾਜਪਾਲ ਦੀ ਆਗਿਆ ਲਏ ਬਿਨਾਂ ਹੀ 21 ਵਿਧਾਇਕਾਂ ਨੂੰ ਸੰਸਦੀ ਸਕੱਤਰ ਬਣਾ ਦਿੱਤਾ ਸੀ।
ਇਸ ਮਾਮਲੇ ਵਿਚ ਕੇਜਰੀਵਾਲ ਨੂੰ ਕਦੇ ਵੀ ਵੱਡਾ ਸਿਆਸੀ ਝਟਕਾ ਲੱਗ ਸਕਦਾ ਹੈ। ਦੂਜੇ ਪਾਸੇ ਪਾਰਟੀ ਦੀ ਅੰਦਰੂਨੀ ਬਗਾਵਤ ਦਾ ਵੀ ਕੇਜਰੀਵਾਲ ਨੂੰ ਸਾਹਮਣਾ ਕਰਨਾ ਪੈ ਰਿਹਾ ਹੈ; ਹਾਲਾਂਕਿ ਕੇਜਰੀਵਾਲ ਅਤੇ ਉਨ੍ਹਾਂ ਦੀ ਟੀਮ ਹਾਰ ਲਈ ਵੋਟਿੰਗ ਮਸ਼ੀਨਾਂ ਵਿਚ ਗੜਬੜੀ ਨੂੰ ਦੀ ਗੱਲ ਆਖ ਰਹੀ ਹੈ, ਪਰ ਹੁਣ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਕੇਜਰੀਵਾਲ ਦੇ ਦਾਅਵੇ ਨੂੰ ਨਕਾਰ ਦਿੱਤਾ ਹੈ। ਹਾਰ ਦੀ ਜ਼ਿੰਮੇਵਾਰੀ ਲੈਂਦੇ ਹੋਏ ‘ਆਪ’ ਦੀ ਦਿੱਲੀ ਇਕਾਈ ਦੇ ਕਨਵੀਨਰ ਦਲੀਪ ਪਾਂਡੇ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਇਸ ਤੋਂ ਇਲਾਵਾ ਚਾਂਦਨੀ ਚੌਕ ਤੋਂ ਪਾਰਟੀ ਦੀ ਵਿਧਾਇਕ ਅਲਕਾ ਲਾਂਬਾ ਨੇ ਅਸਤੀਫੇ ਦੀ ਪੇਸ਼ਕਸ਼ ਕਰ ਕੇ ਕੇਜਰੀਵਾਲ ਦੀਆਂ ਦਿੱਕਤਾਂ ਵਿਚ ਹੋਰ ਵਾਧਾ ਕਰ ਦਿੱਤਾ ਹੈ। ਦਿੱਲੀ ਸਰਕਾਰ ਵਿਚ ਮੰਤਰੀ ਕਪਿਲ ਮਿਸ਼ਰਾ ਨੇ ਵੀ ਆਪਣੀ ਵੱਖਰੀ ਸੁਰ ਅਲਾਪ ਦਿੱਤੀ ਹੈ।
________________________________________________
ਲੋਕਾਂ ਦੇ ਮਨਾਂ ਤੋਂ ਕਿਉਂ ਲਹਿਣ ਲੱਗੀ ਆਮ ਆਦਮੀ ਪਾਰਟੀ
ਨਵੀਂ ਦਿੱਲੀ: ਆਮ ਆਦਮੀ ਪਾਰਟੀ ਨੇ ਦੇਸ਼ ਦੀਆਂ ਦੋ ਵੱਡੀਆਂ ਰਵਾਇਤੀ ਪਾਰਟੀਆਂ ਨੂੰ ਝਟਕਾ ਦੇ ਕੇ ਦਿੱਲੀ ਵਿਧਾਨ ਸਭਾ ਦੀਆਂ 70 ਸੀਟਾਂ ਵਿਚੋਂ 67 ਜਿੱਤ ਕੇ ਇਤਿਹਾਸ ਸਿਰਜਿਆ ਸੀ, ਪਰ ਇਸ ਪਾਰਟੀ ਤੋਂ ਆਖਰਕਾਰ ਦਿੱਲੀ ਦੀ ਜਨਤਾ ਦਾ ਦੋ ਸਾਲ ਵਿਚ ਮੋਹ ਭੰਗ ਕਿਉਂ ਹੋ ਗਿਆ? ਇਕ ਪਾਸੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇਸ਼ ਨੂੰ ਬਦਲਣ ਦਾ ਸੁਫਨਾ ਦੇਖ ਰਹੇ ਸਨ, ਪਰ ਜਨਤਾ ਨੇ ਦਿੱਲੀ ਵਿਚ ਹੀ ਉਨ੍ਹਾਂ ਦਾ ਸਾਥ ਛੱਡਣਾ ਸ਼ੁਰੂ ਕਰ ਦਿੱਤਾ ਹੈ। ਪਿਛਲੇ ਦੋ ਸਾਲਾਂ ਵਿਚ ਦਿੱਲੀ ਵਾਸੀ ਇਸ ਪਾਰਟੀ ਤੋਂ ਕਾਫੀ ਨਾਰਾਜ਼ ਦਿਖਾਈ ਦਿੰਦੇ ਹਨ। ਚੋਣਾਂ ਦੌਰਾਨ ਇਸ ਨੇ ਸ਼ਹਿਰ ਵਿਚ ਮੁਫਤ ਵਾਈ-ਫਾਈ ਜ਼ੋਨ ਬਣਾਉਣ, ਰਹਿੰਦ-ਖੂੰਹਦ ਦਾ ਢੁਕਵਾਂ ਪ੍ਰਬੰਧ ਕਰਨ, ਔਰਤਾਂ ਦੀ ਸੁਰੱਖਿਆ ਦੀ ਜ਼ਾਮਨੀ ਦੇਣ, ਪਾਣੀ ਮਾਫੀਆ ਨੂੰ ਕਾਬੂ ਕਰਨ ਅਤੇ ਬਿਹਤਰੀਨ ਆਵਾਜਾਈ ਪ੍ਰਬੰਧ ਕਰਨ ਦੇ ਵਾਅਦੇ ਕੀਤੇ ਸਨ। ਇਸ ਤੋਂ ਇਲਾਵਾ ਇਸ ਨੇ ਮੁਹੱਲਾ ਕਲੀਨਿਕ ਬਣਾਉਣ, ਪ੍ਰਾਈਵੇਟ ਸਕੂਲਾਂ ਦੀਆਂ ਫੀਸਾਂ ਨੂੰ ਨਿਯਮਤ ਕਰਨ, ਬਿਜਲੀ ਅਤੇ ਪਾਣੀ ਦੇ ਬਿੱਲ ਘਟਾਉਣ ਦੇ ਵੀ ਵਾਅਦੇ ਕੀਤੇ ਸਨ, ਪਰ ਦੋ ਸਾਲਾਂ ਦੇ ਕੰਮ-ਕਾਜ ਨੂੰ ਇਸ ਲਈ ਨਿਰਾਸ਼ਾਜਨਕ ਰਿਹਾ ਹੈ ਕਿਉਂਕਿ ਇਸ ਦਾ ਬਹੁਤਾ ਸਮਾਂ ਕੇਂਦਰ ਸਰਕਾਰ ਅਤੇ ਉਪ ਗਵਰਨਰ ਨਾਲ ਲੜਾਈ-ਝਗੜਿਆਂ ਵਿਚ ਹੀ ਬੀਤ ਗਿਆ।