ਟੋਰਾਂਟੋ: ਆਪਣੀਆਂ ਪ੍ਰਾਪਤੀਆਂ ਬਾਰੇ ਝੂਠ ਬੋਲਣ ਦੇ ਮਾਮਲੇ ‘ਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟੂਰਡੋ ਨੇ ਭਾਵੇਂ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਦੇ ਅਸਤੀਫ਼ੇ ਦੀ ਗੱਲ ਨੂੰ ਖ਼ਾਰਜ ਕਰ ਦਿੱਤਾ ਹੈ, ਪਰ ਵਿਰੋਧੀ ਧਿਰ ਸ਼ਾਂਤ ਨਹੀਂ ਹੋ ਰਹੀ। ਯਾਦ ਰਹੇ ਕਿ ਸ਼ ਸੱਜਣ ਇਸ ਮੁੱਦੇ ਉਤੇ ਹਾਊਸ ਆਫ਼ ਕਾਮਨਜ਼ ਵਿਚ ਮੁਆਫ਼ੀ ਮੰਗ ਚੁੱਕੇ ਹਨ।
ਸ੍ਰੀ ਟਰੂਡੋ ਦਾ ਕਹਿਣਾ ਹੈ ਕਿ ਮੰਤਰੀ ਨੇ ਆਪਣੀ ਗ਼ਲਤੀ ਮੰਨ ਲਈ ਹੈ, ਇਸ ਲਈ ਹੁਣ ਕੋਈ ਵਿਵਾਦ ਨਹੀਂ ਰਹਿ ਜਾਂਦਾ। ਹਰਜੀਤ ਸਿੰਘ ਸੱਜਣ ਨੇ ਦੇਸ਼ ਦੀ ਸੇਵਾ ਕੀਤਾ ਹੈ। ਪੁਲਿਸ, ਸੈਨਿਕ ਤੇ ਹੁਣ ਮੰਤਰੀ ਵਜੋਂ ਉਹ ਦੇਸ਼ ਲਈ ਕੰਮ ਕਰ ਰਹੇ ਹਨ ਤੇ ਉਨ੍ਹਾਂ ਉਤੇ ਉਨ੍ਹਾਂ ਨੂੰ ਪੂਰਾ ਭਰੋਸਾ ਹੈ। ਚੇਤੇ ਰਹੇ ਕਿ ਸ਼ ਸੱਜਣ ਨੇ ਭਾਰਤ ਦੌਰੇ ਦੌਰਾਨ ਅਫ਼ਗ਼ਾਨਿਸਤਾਨ ਵਿਚ ਆਪਣੇ ਸੈਨਿਕ ਰਿਕਾਰਡ ਨੂੰ ਲੈ ਕੇ ਬਿਆਨ ਦਿੱਤਾ ਸੀ। ਕੈਨੇਡਾ ਦੀ ਵਿਰੋਧੀ ਧਿਰ ਦੀ ਆਗੂ ਰੋਨਾ ਅਮਬ੍ਰੋਸਾ ਨੇ ਆਖਿਆ ਹੈ ਕਿ ਰੱਖਿਆ ਮੰਤਰੀ ਨੇ ਝੂਠ ਬੋਲ ਕੇ ਲੋਕਾਂ ਨੂੰ ਗੁੰਮਰਾਹ ਕੀਤਾ ਹੈ। ਇਸ ਲਈ ਪ੍ਰਧਾਨ ਮੰਤਰੀ ਨੂੰ ਰੱਖਿਆ ਮੰਤਰੀ ਨੂੰ ਤੁਰੰਤ ਅਹੁਦੇ ਤੋਂ ਹਟਾਉਣਾ ਚਾਹੀਦਾ ਹੈ ਕਿਉਂਕਿ ਉਹ ਵਾਰ-ਵਾਰ ਗ਼ਲਤ ਤੱਥ ਪੇਸ਼ ਕਰ ਰਹੇ ਹਨ। ਵਿਰੋਧੀ ਧਿਰ ਅਨੁਸਾਰ, ਸ਼ ਸੱਜਣ ਨੇ 2015 ਵਿਚ ਵੀ ਇਹੀ ਝੂਠ ਬੋਲਿਆ ਸੀ।
ਸ਼ ਸੱਜਣ ਨੇ ਭਾਰਤ ਯਾਤਰਾ ਦੌਰਾਨ ਦਿੱਲੀ ਵਿਚ ਆਖਿਆ ਸੀ ਕਿ ਅਫ਼ਗ਼ਾਨਿਸਤਾਨ ਵਿਚ 1950 ਤੋਂ ਬਾਅਦ ਕੈਨੇਡਾ ਦਾ ਸਭ ਤੋਂ ਵੱਡਾ ਸੈਨਿਕ ਓਪਰੇਸ਼ਨ ਉਨ੍ਹਾਂ ਦੀ ਅਗਵਾਈ ਹੇਠ ਹੋਇਆ। ਇਸ ਓਪਰੇਸ਼ਨ ਨੂੰ ਮੇਡੂਸਾ ਦੇ ਨਾਮ ਨਾਲ ਜਾਣਿਆ ਜਾਂਦਾ ਹੈ।
ਇਸ ਨਾਲ ਤਾਲਿਬਾਨ ਨੂੰ ਕਾਫ਼ੀ ਨੁਕਸਾਨ ਪਹੁੰਚਿਆ ਸੀ ਅਤੇ ਕੰਧਾਰ ਵਿਚ ਇਨ੍ਹਾਂ ਦੀ ਪਕੜ ਢਿੱਲੀ ਪੈ ਗਈ ਸੀ। ਇਸ ਓਪਰੇਸ਼ਨ ਵਿਚ ਇੱਕ ਦਰਜਨ ਕੈਨੇਡੀਅਨ ਸੈਨਿਕ ਅਤੇ 14 ਬ੍ਰਿਟਿਸ਼ ਸੈਨਿਕ ਮਾਰੇ ਗਏ ਸਨ। ਇਸੇ ਦੌਰਾਨ ਨਿਊ ਡੈਮੋਕ੍ਰੇਟਿਕ ਪਾਰਟੀ ਦੇ ਆਗੂ ਟਾਮ ਮਲਕੇਅਰ ਨੇ ਵੀ ਆਖਿਆ ਹੈ ਕਿ ਆਪਣੀ ਝੂਠੀ ਸ਼ਾਨ ਲਈ ਸੱਜਣ ਅਜਿਹੇ ਬਿਆਨ ਦੇ ਰਹੇ ਹਨ।