ਨਿਗਮ ਚੋਣਾਂ: ਮਾੜੀ ਕਾਰਗੁਜ਼ਾਰੀ ਪਿੱਛੋਂ ‘ਆਪ’ ਵਿਚ ਬਾਗੀ ਸੁਰਾਂ

ਚੰਡੀਗੜ੍ਹ: ਭਾਜਪਾ ਵੱਲੋਂ ਦਿੱਲੀ ਨਗਰ ਨਿਗਮ ‘ਚ ਹੈਟ੍ਰਿਕ ਮਗਰੋਂ ਆਮ ਆਦਮੀ ਪਾਰਟੀ ਨੂੰ ਤਕੜਾ ਝਟਕਾ ਲੱਗਿਆ। ‘ਆਪ’ ਅੰਦਰ ਅਸੰਤੋਖ ਦੇ ਸੁਰ ਤੇਜ਼ ਹੋਣ ਲੱਗ ਪਏ ਹਨ। ਭਾਜਪਾ ਨੇ ਉਤਰੀ, ਦੱਖਣੀ ਤੇ ਪੂਰਬੀ ਦਿੱਲੀ ਨਗਰ ਨਿਗਮ ਵਿਚ ਕੁੱਲ 270 ਵਾਰਡਾਂ ਵਿਚੋਂ 181 ਵਾਰਡ ਜਿੱਤੇ। ਦਿੱਲੀ ਵਿਧਾਨ ਸਭਾ ‘ਚ ਹੂੰਝਾ ਫੇਰਨ ਵਾਲੀ ਆਮ ਆਦਮੀ ਪਾਰਟੀ ਨੂੰ 48 ਅਤੇ ਕਾਂਗਰਸ ਨੂੰ 30 ਵਾਰਡਾਂ ‘ਤੇ ਜਿੱਤ ਮਿਲ ਸਕੀ। ਭਾਜਪਾ ਦੇ ਸਹਿਯੋਗੀ ਸ਼੍ਰੋਮਣੀ ਅਕਾਲੀ ਦਲ ਦੇ ਕੋਟੇ ਵਿਚੋਂ ਖੜ੍ਹੇ 4 ਉਮੀਦਵਾਰ ਵੀ ਭਾਜਪਾ ਦੇ ਚੋਣ ਨਿਸ਼ਾਨ ‘ਤੇ ਜਿੱਤਣ ਵਿੱਚ ਸਫ਼ਲ ਰਹੇ।

ਇਸ ਹਾਰ ਪਿੱਛੋਂ ਆਮ ਆਦਮੀ ਪਾਰਟੀ (ਆਪ) ਅੰਦਰਲੇ ਕੌੜੇ ਸੱਚ ਸਾਹਮਣੇ ਆਉਣ ਲੱਗੇ ਹਨ। ਪੰਜਾਬ ਵਿਧਾਨ ਸਭਾ ਚੋਣਾਂ ਵਿਚ ਹਾਰ ਤੋਂ ਬਾਅਦ ਪਾਰਟੀ ਅੰਦਰ ਘੁਸਰ-ਮੁਸਰ ਤਾਂ ਹੋ ਰਹੀ ਸੀ, ਪਰ ਕੋਈ ਖੁੱਲ੍ਹ ਕੇ ਨਹੀਂ ਬੋਲ ਰਿਹਾ ਸੀ। ਹੁਣ ਦਿੱਲੀ ਨਗਰ ਨਿਗਮ ਚੋਣਾਂ ਵਿਚ ਮਿਲੀ ਹਾਰ ਤੋਂ ਬਾਅਦ ਲਗਾਤਾਰ ਧਮਾਕੇ ਹੋ ਰਹੇ ਹਨ। ਸਭ ਤੋਂ ਪਹਿਲਾਂ ਸੰਸਦ ਮੈਂਬਰ ਭਗਵੰਤ ਮਾਨ ਨੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ‘ਤੇ ਕਈ ਇਲਜ਼ਾਮ ਲਾਏ ਤਾਂ ਪੰਜਾਬ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਆਗੂ ਐਚæਐਸ਼ ਫੂਲਕਾ ਨੇ ਭਗਵੰਤ ਮਾਨ ਨੂੰ ਘੇਰਦਿਆਂ ਪਾਰਟੀ ਦੀ ਹਾਰ ਬਾਰੇ ਕਈ ਖੁਲਾਸੇ ਕੀਤੇ।
ਇਸ ਤੋਂ ਬਾਅਦ ਪਾਰਟੀ ਦੇ ਸੂਬਾਈ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ ਵੀ ਹਾਈ ਕਮਾਨ ਖਿਲਾਫ਼ ਖੁੱਲ੍ਹ ਕੇ ਸਾਹਮਣੇ ਆ ਗਏ। ਵੜੈਚ ਨੇ ਕਿਹਾ ਹੈ ਕਿ ਪਾਰਟੀ ਹਾਈਕਮਾਨ ਨੇ ਹਾਰ ਦੇ ਕਾਰਨਾਂ ਦਾ ਮੰਥਨ ਕਰਨ ਲਈ ਅੱਜ ਤੱਕ ਉਨ੍ਹਾਂ ਨਾਲ ਸੰਪਰਕ ਨਹੀਂ ਕੀਤਾ। ਉਨ੍ਹਾਂ ਦੱਸਿਆ ਕਿ 11 ਮਾਰਚ ਨੂੰ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਉਨ੍ਹਾਂ ਦੀ ਮਹਿਜ਼ ਇਕ ਵਾਰ ਹੀ ਪਾਰਟੀ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਨਾਲ ਕੁਝ ਮਿੰਟਾਂ ਲਈ ਹੀ ਮੁਲਾਕਾਤ ਹੋਈ। ਉਨ੍ਹਾਂ ਕਿਹਾ ਕਿ ਪਾਰਟੀ ਲਈ ਕਈ ਮਹੀਨੇ ਦਿਨ-ਰਾਤ ਕੰਮ ਕਰਦੇ ਰਹੇ ਵਾਲੰਟੀਅਰਾਂ ਵਿਚ ਇਸ ਵੇਲੇ ਭਾਰੀ ਮਾਯੂਸੀ ਦਾ ਦੌਰ ਹੈ, ਪਰ ਕੌਮੀ ਨੇਤਾਵਾਂ ਵੱਲੋਂ ਅਣਕਿਆਸੀ ਹਾਰ ਬਾਰੇ ਕੋਈ ਚਰਚਾ ਨਾ ਕਰਨ ਕਰਕੇ ਵੱਡਾ ਭੰਬਲਭੂਸਾ ਬਣਿਆ ਹੋਇਆ ਹੈ।
ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਭਗਵੰਤ ਮਾਨ ਨੇ ਕੇਜਰੀਵਾਲ ਨੂੰ ਘੇਰਦਿਆਂ ਆਖਿਆ ਹੈ ਕਿ ਈæਵੀæਐਮæ ਵਿਚ ਗੜਬੜੀ ਲੱਭਣ ਦਾ ਕੋਈ ਫਾਇਦਾ ਨਹੀਂ, ਬਲਕਿ ਪਾਰਟੀ ਨੂੰ ਆਪਣੇ ਅੰਦਰ ਝਾਕਣ ਦੀ ਲੋੜ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਪਾਰਟੀ ਹਾਈਕਮਾਂਡ ਨੇ ਇਤਿਹਾਸਕ ਭੁੱਲ ਕੀਤੀ ਹੈ। ਹਾਲਾਂਕਿ ਪੰਜਾਬ ਵਿਚ ਬਿਨਾਂ ਕਪਤਾਨ ਤੋਂ ਅਸੀਂ ਲੜੇ ਤੇ ਸਾਡੀ ਟੀਮ ਇਕ ਮੁਹੱਲਾ ਕ੍ਰਿਕਟ ਟੀਮ ਵਾਂਗ ਸੀ। ਮਾਨ ਨੇ ਕਿਹਾ ਹੈ ਕਿ ਪੰਜਾਬ ਵਿਚ ਹਾਰ ਦਾ ਸਭ ਤੋਂ ਵੱਡਾ ਕਾਰਨ ਮੁੱਖ ਮੰਤਰੀ ਪਦ ਦਾ ਦਾਅਵੇਦਾਰ ਨਾ ਐਲਾਨਣਾ ਸੀ।
_________________________________________
ਸਿੱਖ ਵੋਟਰ ਹੋਏ ‘ਆਪ’ ਤੋਂ ਦੂਰ
ਨਵੀਂ ਦਿੱਲੀ: ਦਿੱਲੀ ਨਗਰ ਨਿਗਮ ਚੋਣਾਂ ਦੌਰਾਨ ਉਮੀਦ ਤੋਂ ਕਿਤੇ ਘੱਟ ਸੀਟਾਂ ਮਿਲਣ ਦਾ ਮੰਥਨ ਕਰ ਰਹੀ ‘ਆਪ’ ਪਾਰਟੀ ਅੱਗੇ ਆਪਣੇ ਸਿੱਖ ਤੇ ਪੁਰਵਾਂਚਲੀ ਵੋਟ ਬੈਂਕ ਨੂੰ ਵਾਪਸ ਲਿਆਉਣਾ ਵੱਡੀ ਚੁਣੌਤੀ ਹੋਵੇਗੀ ਕਿਉਂਕਿ ਇਨ੍ਹਾਂ ਦੋਵਾਂ ਵਰਗਾਂ ਦੇ ਵੋਟਰ ‘ਆਪ’ ਤੋਂ ਦੂਰ ਹੋ ਗਏ ਹਨ। ਨਿਗਮ ਚੋਣਾਂ ਦੇ ਨਤੀਜਿਆਂ ਤੋਂ ਸਾਫ ਜ਼ਾਹਰ ਹੈ ਕਿ ਦੱਖਣੀ ਦਿੱਲੀ ਵਿਚ ਸਿੱਖ ਤੇ ਪੰਜਾਬੀ ਵੱਡੀ ਗਿਣਤੀ ਵਿਚ ਰਹਿੰਦੇ ਹਨ, ਜੋ ਵਾਰਡਾਂ ਵਿਚ ਚੋਣ ਸਮੀਕਰਨਾਂ ਨੂੰ ਘੜਨ ਵਿਚ ਵੱਡੀ ਭੂਮਿਕਾ ਨਿਭਾਉਂਦੇ ਹਨ। ਇਨ੍ਹਾਂ ਇਲਾਕਿਆਂ ਵਿਚ ‘ਆਪ’ ਉਮੀਦਵਾਰ ਪਛੜ ਗਏ ਹਨ। ਸਿਰਫ ਤਿਲਕ ਨਗਰ ਤੋਂ ‘ਆਪ’ ਨੂੰ ਸਫਲਤਾ ਮਿਲੀ, ਇਸ ਤੋਂ ਬਿਨਾਂ ਰਾਜੌਰੀ ਗਾਰਡਨ, ਰਾਜਾ ਗਾਰਡਨ, ਟੈਗੋਰ ਗਾਰਡਨ, ਸੁਭਾਸ਼ ਨਗਰ, ਪ੍ਰਤਾਪ ਨਗਰ, ਜਨਕਪੁਰੀ, ਹਰੀ ਨਗਰ, ਵਿਸ਼ਨੂੰ ਗਾਰਡਨ, ਖਿਆਲਾ, ਰਘੁਬੀਰ ਨਗਰ, ਸ਼ਿਵ ਨਗਰ, ਪੰਜਾਬੀ ਬਾਗ, ਕਾਲਕਾਜੀ ਤੇ ਗੋਬਿੰਦਪੁਰੀ ਸਮੇਤ ਹੋਰ ਸਿੱਖ ਵਸੋਂ ਵਾਲੇ ਇਲਾਕਿਆਂ ਵਿਚ ‘ਆਪ’ ਨੂੰ 2015 ਵਾਲੀ ਸਫਲਤਾ ਨਹੀਂ ਮਿਲੀ। ਇਸੇ ਤਰ੍ਹਾਂ ਹੀ ਉਤਰੀ ਤੇ ਪੂਰਬੀ ਦਿੱਲੀ ਵਿਚ ਰਹਿੰਦੇ ਪੁਰਬਵਾਂਚਲੀ ਵੋਟਰ ਵੀ ਭਾਜਪਾ ਨਾਲ ਜਾ ਜੁੜੇ ਤੇ ‘ਆਪ’ ਦੇ ਲਗਭਗ ਦਰਜਨ ਵਿਧਾਇਕ ਉਨ੍ਹਾਂ ਨੂੰ ਪਾਰਟੀ ਨਾਲ ਨਾ ਜੋੜ ਸਕੇ।
_______________________________________
ਸੰਜੇ ਸਿੰਘ ਤੇ ਦੁਰਗੇਸ਼ ਪਾਠਕ ਵੱਲੋਂ ਅਸਤੀਫੇ
ਨਵੀਂ ਦਿੱਲੀ: ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਦੇਸ਼ ਦੇ ਇੰਚਾਰਜ ਸੰਜੇ ਸਿੰਘ ਅਤੇ ਸਹਿ-ਇੰਚਾਰਜ ਦੁਰਗੇਸ਼ ਪਾਠਕ ਨੇ ਆਪਣੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਹੈ। ਦੋਵੇਂ ਆਗੂਆਂ ਦੇ ਅਸਤੀਫਿਆਂ ਨੂੰ ਪੰਜਾਬ ‘ਚ ਪਾਰਟੀ ਵਰਕਰਾਂ ਦੇ ਰੋਸ ਨੂੰ ਘੱਟ ਕਰਨ ਦੀ ਕਵਾਇਦ ਵਜੋਂ ਵੇਖਿਆ ਜਾ ਰਿਹਾ ਹੈ। ਦਰਅਸਲ, ਪੰਜਾਬ ਵਿਧਾਨ ਸਭਾ ਚੋਣਾਂ ਦੀ ਰਣਨੀਤੀ ਨੂੰ ਅਮਲੀ ਜਾਮਾ ਪਾਉਣ ਦੀ ਜ਼ਿਆਦਾਤਰ ਜ਼ਿੰਮੇਵਾਰੀ ਇਨ੍ਹਾਂ ਆਗੂਆਂ ਦੇ ਕੋਲ ਹੀ ਸੀ ਅਤੇ ਚੋਣਾਂ ਦੌਰਾਨ ਆਮ ਵਰਕਰਾਂ ਨੂੰ ਨਜ਼ਰ ਅੰਦਾਜ਼ ਕਰਨ ਅਤੇ ਟਿਕਟਾਂ ਵੇਚਣ ਸਬੰਧੀ ਸੰਜੇ ਸਿੰਘ ਅਤੇ ਦੁਰਗੇਸ਼ ਪਾਠਕ ‘ਤੇ ਦੋਸ਼ ਵੀ ਲੱਗੇ ਸਨ, ਪਰ ਉਸ ਵੇਲੇ ਪਾਰਟੀ ਵੱਲੋਂ ਇਨ੍ਹਾਂ ਦੋਸ਼ਾਂ ਪ੍ਰਤੀ ਕੋਈ ਗੰਭੀਰਤਾ ਨਹੀਂ ਵਿਖਾਈ ਸੀ।
______________________________________
ਲੋਕਾਂ ਦੇ ਗੁੱਸੇ ਦਾ ਪ੍ਰਤੀਕ ਹਨ ਨਤੀਜੇ: ਯੋਗੇਂਦਰ
ਨਵੀਂ ਦਿੱਲੀ: ਸਵਰਾਜ ਇੰਡੀਆ ਦੇ ਪ੍ਰਧਾਨ ਅਤੇ ਕੇਜਰੀਵਾਲ ਦੇ ਪੁਰਾਣੇ ਸਾਥੀ ਯੋਗੇਂਦਰ ਯਾਦਵ ਨੇ ਦਿੱਲੀ ਨਿਗਮ ਚੋਣਾਂ ਦੇ ਨਤੀਜਿਆਂ ਨੂੰ ਲੋਕਾਂ ਦਾ ‘ਆਪ’ ਪ੍ਰਤੀ ਰੋਸ ਦਾ ਪ੍ਰਤੀਕਰਮ ਕਰਾਰ ਦਿੱਤਾ। ਯਾਦਵ ਨੇ ਕਿਹਾ ਕਿ ਈæਵੀæਐਮæ ਦਾ ਮੁੱਦਾ ਵਾਰ-ਵਾਰ ਉਠਾਉਣਾ ਬਹਾਨੇਬਾਜ਼ੀ ਵਰਗਾ ਲਗਦਾ ਹੈ। ਪਾਰਟੀ ਨੂੰ ਸਵੈ ਵਿਸ਼ਲੇਸ਼ਣ ਕਰਨਾ ਚਾਹੀਦਾ ਹੈ।
_________________________________
ਅੰਨਾ ਹਜ਼ਾਰੇ ਨੇ ਉਠਾਏ ਕੇਜਰੀਵਾਲ ‘ਤੇ ਵੱਡੇ ਸਵਾਲ
ਨਵੀਂ ਦਿੱਲੀ: ਅੰਨਾ ਹਜ਼ਾਰੇ ਨੇ ਵੀ ਅਰਵਿੰਦ ਕੇਜਰੀਵਾਲ ‘ਤੇ ਨਿਸ਼ਾਨਾ ਲਾਉਂਦਿਆਂ ਕਿਹਾ ਹੈ ਕਿ ਉਨ੍ਹਾਂ ਦੀ ਕਥਨੀ ਤੇ ਕਰਨੀ ‘ਚ ਫਰਕ ਸੀ। ਇਸੇ ਲਈ ਉਨ੍ਹਾਂ ਨੂੰ ਅਜਿਹੀ ਕਰਾਰੀ ਹਾਰ ਮਿਲੀ ਹੈ। ਹਜ਼ਾਰੇ ਨੇ ਕਿਹਾ ਕਿ ਲੋਕਾਂ ਦਾ ਕੇਜਰੀਵਾਲ ਤੇ ‘ਆਪ’ ਵਿਚੋਂ ਵਿਸ਼ਵਾਸ ਘਟਿਆ ਹੈ। ਪਹਿਲਾਂ ਕਿਹਾ ਸੀ ਕਿ ਬੰਗਲਾ ਤੇ ਗੱਡੀ ਨਹੀਂ ਲਵਾਂਗੇ, ਪਰ ਅਜਿਹਾ ਨਹੀਂ ਕੀਤਾ। ਇਸੇ ਲਈ ਲੋਕਾਂ ਦਾ ਭਰੋਸਾ ਘਟਿਆ ਹੈ।