ਡਿੱਗ ਸਕਦੀ ਹੈ ਦਿੱਲੀ ਦੀ ਕੇਜਰੀਵਾਲ ਸਰਕਾਰ…

ਨਵੀਂ ਦਿੱਲੀ: ਕੇਜਰੀਵਾਲ ਲਈ ਅਜਿਹੀ ਕਸੂਤੀ ਹਾਲਤ ਬਣ ਗਈ ਹੈ ਕਿ ਉਸ ਨੂੰ ਅਗਲੀ ਰਣਨੀਤੀ ਵੀ ਸਮਝ ਨਹੀਂ ਆ ਰਹੀ। ਪੰਜਾਬ ਤੇ ਗੋਆ ਤੋਂ ਬਾਅਦ ਦਿੱਲੀ ਵਿਚ ਵੀ ਆਮ ਆਦਮੀ ਪਾਰਟੀ ਨੂੰ ਲੱਗੇ ਖੋਰੇ ਨੇ ਪਾਰਟੀ ਕੇਡਰ ਦੇ ਹੌਸਲੇ ਪਸਤ ਕਰ ਦਿੱਤੇ ਹਨ। ਲੀਡਰਸ਼ਿਪ ਵੀ ਇਕ-ਦੂਜੇ ਖਿਲਾਫ ਬੋਲਣ ਲੱਗੀ ਹੈ। ਉਧਰ, ਨਗਰ ਨਿਗਮ ਚੋਣਾਂ ਵਿਚ ਆਮ ਆਦਮੀ ਪਾਰਟੀ ਦੀ ਮਾੜੀ ਕਾਰਗੁਜਾਰੀ ਨੂੰ ਦੇਖਦੇ ਹੋਏ ਭਾਜਪਾ ਨੇ ਕੇਜਰੀਵਾਲ ਤੋਂ ਅਸਤੀਫਾ ਮੰਗਣਾ ਸ਼ੁਰੂ ਕਰ ਦਿੱਤਾ ਹੈ।

ਨਗਰ ਨਿਗਮ ਵਿਚ ਪਾਰਟੀ ਦੀ ਹਾਰ ਕੇਜਰੀਵਾਲ ਲਈ ਵੱਡੇ ਖਤਰੇ ਦੀ ਘੰਟੀ ਹੈ। ਇਸ ਖਤਰੇ ਦਾ ਇਕ ਵੱਡਾ ਕਾਰਨ 21 ਵਿਧਾਇਕਾਂ ਉਤੇ ਆਫਿਸ ਆਫ ਪ੍ਰੌਫਿੱਟ ਦਾ ਕੇਸ ਵੀ ਮੰਨਿਆ ਜਾ ਰਿਹਾ ਹੈ।
ਕੇਜਰੀਵਾਲ ਨੇ ਦਿੱਲੀ ਦੇ ਉਪ ਰਾਜਪਾਲ ਦੀ ਆਗਿਆ ਲਏ ਬਿਨਾਂ ਹੀ 21 ਵਿਧਾਇਕਾਂ ਨੂੰ ਸੰਸਦੀ ਸਕੱਤਰ ਬਣਾ ਦਿੱਤਾ ਸੀ। ਇਸ ਮਾਮਲੇ ਵਿਚ ਕੇਜਰੀਵਾਲ ਨੂੰ ਕਦੇ ਵੀ ਵੱਡਾ ਸਿਆਸੀ ਝਟਕਾ ਲੱਗ ਸਕਦਾ ਹੈ। ਦੂਜੇ ਪਾਸੇ ਪਾਰਟੀ ਦੀ ਅੰਦਰੂਨੀ ਬਗਾਵਤ ਦਾ ਵੀ ਕੇਜਰੀਵਾਲ ਨੂੰ ਸਾਹਮਣਾ ਕਰਨਾ ਪੈ ਰਿਹਾ ਹੈ। ਹਾਲਾਂਕਿ ਕੇਜਰੀਵਾਲ ਤੇ ਉਨ੍ਹਾਂ ਦੀ ਟੀਮ ਹਾਰ ਲਈ ਵੋਟਿੰਗ ਮਸ਼ੀਨਾਂ ਵਿਚ ਗੜਬੜੀ ਨੂੰ ਦੀ ਗੱਲ ਆਖ ਰਹੀ ਹੈ, ਪਰ ਹੁਣ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਕੇਜਰੀਵਾਲ ਦੇ ਦਾਅਵੇ ਨੂੰ ਨਕਾਰ ਦਿੱਤਾ ਹੈ।
ਹਾਰ ਦੀ ਜ਼ਿੰਮੇਵਾਰੀ ਲੈਂਦੇ ਹੋਏ ਦਿੱਲੀ ਵਿੱਚ ‘ਆਪ’ ਦੇ ਕਨਵੀਨਰ ਦਲੀਪ ਪਾਂਡੇ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਇਸ ਤੋਂ ਇਲਾਵਾ ਚਾਂਦਨੀ ਚੌਕ ਤੋਂ ਪਾਰਟੀ ਦੀ ਵਿਧਾਇਕ ਅਲਕਾ ਲਾਂਬਾ ਨੇ ਅਸਤੀਫੇ ਦੀ ਪੇਸ਼ਕਸ਼ ਕਰ ਕੇ ਕੇਜਰੀਵਾਲ ਦੀਆਂ ਦਿੱਕਤਾਂ ਵਿਚ ਹੋਰ ਵਾਧਾ ਕਰ ਦਿੱਤਾ ਹੈ। ਦਿੱਲੀ ਸਰਕਾਰ ਵਿਚ ਮੰਤਰੀ ਕਪਿਲ ਮਿਸ਼ਰਾ ਨੇ ਵੀ ਆਪਣੀ ਵੱਖਰੀ ਸੁਰ ਅਲਪ ਦਿੱਤੀ ਹੈ। ਪੰਜਾਬ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਪਹਿਲਾਂ ਹੀ ਬਗਾਵਤ ਦਾ ਝੰਡਾ ਚੁੱਕਿਆ ਹੋਇਆ ਹੈ। ਨਗਰ ਚੋਣਾਂ ਵਿਚ ਆਮ ਆਦਮੀ ਪਾਰਟੀ ਦੇ 40 ਉਮੀਦਵਾਰਾਂ ਦੀ ਤਾਂ ਜ਼ਮਾਨਤ ਤੱਕ ਜ਼ਬਤ ਹੋ ਗਈ। ‘ਆਪ’ ਦੇ ਹਾਲ ਉਤੇ ਵਿਰੋਧੀ ਪਾਰਟੀਆਂ ਨੇ ਕੇਜਰੀਵਾਲ ਖਿਲਾਫ਼ ਸ਼ਬਦੀ ਹਮਲੇ ਤੇਜ਼ ਕਰ ਦਿੱਤੇ ਹਨ। ਇਸ ਦੇ ਨਾਲ ਹੀ ਅੰਨ੍ਹਾ ਹਜ਼ਾਰੇ ਨੇ ਕੇਜਰੀਵਾਲ ਉਤੇ ਨਿਸ਼ਾਨਾ ਲਕਉਂਦੇ ਹੋਏ ਆਖਿਆ ਕਿ ਉਨ੍ਹਾਂ ਕਹਿਣੀ ਅਤੇ ਕਥਨੀ ਵਿਚ ਬਹੁਤ ਫਰਕ ਹੈ। ਇਸ ਕਾਰਨ ਲੋਕਾਂ ਵਿਚੋਂ ਕੇਜਰੀਵਾਲ ਆਪਣਾ ਵਿਸ਼ਵਾਸ ਖੋਹ ਬੈਠੇ ਹਨ।
____________________________________________
ਰਾਸ਼ਟਰਪਤੀ ਨੂੰ ਸਰਕਾਰ ਬਰਖਾਸਤ ਕਰਨ ਦਾ ਹੱਕ: ਕਾਟਜੂ
ਨਵੀਂ ਦਿੱਲੀ: ਸੁਪਰੀਮ ਕੋਰਟ ਦੇ ਸਾਬਕਾ ਜਸਟਿਸ ਮਾਰਕੰਡੇ ਕਾਟਜੂ ਨੇ ਦਾਅਵਾ ਕੀਤਾ ਹੈ ਕਿ ਨਗਰ ਨਿਗਮ ਚੋਣਾਂ ਵਿਚ ਹਾਰ ਤੋਂ ਬਾਅਦ ਰਾਸ਼ਟਰਪਤੀ ਕੋਲ ਦਿੱਲੀ ਸਰਕਾਰ ਨੂੰ ਬਰਖਾਸਤ ਕਰਨ ਦਾ ਮਜ਼ਬੂਤ ਆਧਾਰ ਹੈ। ਜਸਟਿਸ ਕਾਟਜੂ ਦਾ ਕਹਿਣਾ ਹੈ ਕਿ ਲੋਕਤੰਤਰ ਵਿਚ ਲੋਕਾਂ ਦੀ ਰਾਏ ਸਭ ਤੋਂ ਅਹਿਮ ਹੁੰਦੀ ਹੈ। ਵਿਧਾਇਕ ਲੋਕਾਂ ਦੀ ਰਾਏ ਦੀ ਨੁਮਾਇੰਦਗੀ ਕਰਦਾ ਹੈ। ਇਸ ਤੋਂ ਬਾਅਦ ਹੋਣ ਵਾਲੀਆਂ ਚੋਣਾਂ ਵਿਚ ਹਾਰ ਮਿਲਣ ਦਾ ਮਤਲਬ ਇਹ ਹੈ ਕਿ ਪਾਰਟੀ ਹੁਣ ਲੋਕਾਂ ਦੀ ਇੱਛਾ ਦੀ ਨੁਮਾਇੰਦਗੀ ਨਹੀਂ ਕਰਦੀ। ਇਸ ਲਈ ਅਜਿਹੀ ਸਰਕਾਰ ਨੂੰ ਸੰਵਿਧਾਨ ਦੇ ਆਰਟੀਕਲ 356 ਤਹਿਤ ਬਰਖ਼ਾਸਤ ਕੀਤਾ ਜਾ ਸਕਦਾ ਹੈ ਤੇ ਫਿਰ ਚੋਣਾਂ ਕਰਵਾਉਣ ਦਾ ਆਦੇਸ਼ ਦਿੱਤਾ ਜਾ ਸਕਦਾ ਹੈ।
_____________________________________________
ਕੇਜਰੀਵਾਲ ਦੀ ਥਾਂ ਕੁਮਾਰ ਵਿਸ਼ਵਾਸ ਦੇ ਹੱਥ ਕਮਾਨ?
ਨਵੀਂ ਦਿੱਲੀ: ਆਮ ਆਦਮੀ ਪਾਰਟੀ ਵਿਚ ਕੁਮਾਰ ਵਿਸ਼ਵਾਸ ਨੂੰ ਕਨਵੀਨਰ ਬਣਾਉਣ ਦੀ ਮੰਗ ਉਠ ਰਹੀ ਹੈ। ਮੰਗ ਦੌਰਾਨ ਹੀ ਕੇਜਰੀਵਾਲ ਸਰਕਾਰ ਦੇ ਜਲ ਮੰਤਰੀ ਕਪਿਲ ਮਿਸ਼ਰਾ ਨੇ ਸਪੱਸ਼ਟ ਸੰਕੇਤ ਦਿੱਤੇ ਹਨ ਕਿ ਆਉਣ ਵਾਲੇ ਦਿਨਾਂ ‘ਚ ਪਾਰਟੀ ਵਿਚ ਕੇਜਰੀਵਾਲ ਦੀ ਥਾਂ ਕੋਈ ਹੋਰ ਕਨਵੀਨਰ ਬਣ ਸਕਦਾ ਹੈ।ਐਮæਸੀæਡੀæ ਚੋਣਾਂ ਤੋਂ ਬਾਅਦ ਪਾਰਟੀ ‘ਚ ਦਰਾਰ ਨਜ਼ਰ ਆਈ ਸੀ। ਮਿਸ਼ਰਾ ਦਾ ਕਹਿਣਾ ਹੈ ਕਿ ਪਾਰਟੀ ‘ਚ ਇਹ ਮੰਥਨ ਹੋ ਰਿਹਾ ਹੈ ਕਿ ਪਾਰਟੀ ਦੀ ਜ਼ਿੰਮੇਵਾਰੀ ਕੌਣ ਦੇਖੇਗਾ ਤੇ ਸਰਕਾਰ ਦੀ ਜ਼ਿੰਮੇਵਾਰੀ ਕੌਣ। ਸਾਫ ਹੈ ਕਿ ਪਾਰਟੀ ‘ਚ ਬਦਲਾਅ ਦੀ ਤਿਆਰੀ ਸ਼ੁਰੂ ਹੋ ਚੁੱਕੀ ਹੈ।ਇਹ ਅਹਿਮ ਤੱਥ ਹੈ ‘ਆਪ’ ਦੇ ਕਈ ਵਿਧਾਇਕਾਂ ਨੇ ਕੁਮਾਰ ਵਿਸ਼ਵਾਸ ਨੂੰ ਕਨਵੀਨਰ ਬਣਾਉਣ ਦੀ ਮੰਗ ਰੱਖੀ ਸੀ। ਹਾਲਾਂਕਿ ਮਿਸ਼ਰਾ ਨੇ ਕਿਹਾ ਕਿ ਪਾਰਟੀ ਦੇ ਕੁਝ ਲੋਕ ਚਾਹੁੰਦੇ ਹਨ ਕਿ ਫੁੱਟ ਬਣੀ ਰਹੇ, ਪਰ ਪਾਰਟੀ ਇਕ ਹੈ।
________________________________________
ਚੰਗੇ ਅਕਸ ਵਾਲੇ ਆਗੂਆਂ ਤੋਂ ਪਾਸਾ ਵੱਟਣਾ ਭੁੱਲ
ਜਗਰਾਉਂ: ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਐਚæਐਸ਼ ਫੂਲਕਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਸਵੈ-ਪੜਚੋਲ ਕਰ ਕੇ ਜ਼ਮੀਨੀ ਪੱਧਰ ‘ਤੇ ਮੁੜ ਮਿਹਨਤ ਕਰੇਗੀ। ਸ਼ ਫੂਲਕਾ ਦਾ ਮੰਨਣਾ ਹੈ ਕਿ ਪੰਜਾਬ ਵਿਧਾਨ ਸਭਾ ਚੋਣਾਂ ਵਿਚ ‘ਆਪ’ ਨੂੰ ਮੁੱਖ ਮੰਤਰੀ ਦਾ ਚਿਹਰਾ ਨਾ ਐਲਾਨੇ ਜਾਣ ਤੋਂ ਵਧੇਰੇ ਨੁਕਸਾਨ ਮਨਪ੍ਰੀਤ ਸਿੰਘ ਬਾਦਲ, ਨਵਜੋਤ ਸਿੰਘ ਸਿੱਧੂ, ਪਰਗਟ ਸਿੰਘ ਤੇ ਜਗਮੀਤ ਸਿੰਘ ਬਰਾੜ ਵਰਗੇ ਚੰਗੇ ਅਕਸ ਵਾਲੇ ਲੀਡਰਾਂ ਨੂੰ ਪਾਰਟੀ ਵਿਚ ਸ਼ਾਮਲ ਨਾ ਕਰਨ ਨਾਲ ਹੋਇਆ। ਜਦੋਂ ਸ਼ ਫੂਲਕਾ ਨੂੰ ਪੁੱਛਿਆ ਗਿਆ ਕਿ ਇਨ੍ਹਾਂ ਆਗੂਆਂ ਦੇ ਸ਼ਾਮਲ ਹੋਣ ਵਿਚ ਅੜਿੱਕਾ ਕੌਣ ਬਣਿਆ ਤਾਂ ਉਨ੍ਹਾਂ ਜਵਾਬ ਦੇਣ ਤੋਂ ਟਾਲਾ ਵੱਟ ਲਿਆ।
____________________________________
ਕੇਜਰੀਵਾਲ ਨੇ ਗਲਤੀ ਮੰਨੀ
ਨਵੀਂ ਦਿੱਲੀ: ਦਿੱਲੀ ਨਗਰ ਨਿਗਮ ਚੋਣਾਂ ਵਿਚ ਆਮ ਆਦਮੀ ਪਾਰਟੀ ਦੀ ਕਰਾਰੀ ਹਾਰ ਮਗਰੋਂ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਮੰਨਿਆ ਕਿ ਉਨ੍ਹਾਂ ਦੀ ਪਾਰਟੀ ਨੇ ਗਲਤੀਆਂ ਕੀਤੀਆਂ ਅਤੇ ਹੁਣ ਪਾਰਟੀ ਵੱਲੋਂ ਆਤਮ ਵਿਸ਼ਲੇਸ਼ਣ ਕਰਨ ਅਤੇ ਸਭ ਦਰੁਸਤ ਕਰਨ ਦਾ ਸਮਾਂ ਹੈ। ਮੁੜ ਨਵੀਂ ਸ਼ੁਰੂਆਤ ਦੇ ਇਰਾਦੇ ਨਾਲ ਉਨ੍ਹਾਂ ਕਿਹਾ, “ਹੁਣ ਫਿਰ ਡਰਾਇੰਗ ਬੋਰਡ ਵੱਲ ਪਰਤਣ ਦੀ ਲੋੜ ਹੈ।” ਪਾਰਟੀ ਕਾਰਕੁਨਾਂ ਦੀ ਅਹਿਮੀਅਤ ਨੂੰ ਸਮਝਦੇ ਹੋਏ ਉਨ੍ਹਾਂ ਕਿਹਾ, “ਸਾਡੇ ਵੋਟਰ ਕਾਰਕੁਨ ਕੁਝ ਕਹਿਣਾ ਚਾਹੁੰਦੇ ਹਨ, ਇਹ ਅਸੀਂ ਆਪਣੇ ਆਪ ਨੂੰ ਕਹਿਣਾ ਚਾਹੁੰਦੇ ਹਾਂ। ਹੁਣ ਐਕਸ਼ਨ ਦੀ ਜ਼ਰੂਰਤ ਹੈ, ਕਿਸੇ ਬਹਾਨੇ ਦੀ ਲੋੜ ਨਹੀਂ।”