ਚੰਡੀਗੜ੍ਹ: ਹਾਲ ਹੀ ਵਿਚ ਹੋਈਆਂ ਪੰਜਾਬ ਵਿਧਾਨ ਸਭਾ ਚੋਣਾਂ ‘ਚ ਜਿਥੇ ਸਥਾਪਤ ਆਗੂਆਂ ਨੇ ਕਿਸਮਤ ਅਜ਼ਮਾਈ, ਉਥੇ ਹੀ ਕਲਾਕਾਰਾਂ, ਖਿਡਾਰੀਆਂ, ਡਾਕਟਰਾਂ ਅਤੇ ਅਫਸਰਾਂ ਵੱਲੋਂ ਆਪਣੇ ਵਿਰੋਧੀਆਂ ਨੂੰ ਸਖਤ ਟੱਕਰ ਦੇਣ ਦੇ ਬਾਵਜੂਦ, ਵੋਟਰਾਂ ਨੇ ਉਨ੍ਹਾਂ ਨੂੰ ਆਪਣੇ ਆਗੂ ਦੇ ਰੂਪ ‘ਚ ਸਵੀਕਾਰ ਨਹੀਂ ਕੀਤਾ। ਪੰਜਾਬ ‘ਚ ਚੋਣਾਂ ਤੋਂ ਬਾਅਦ ਰਾਜਸੀ ਮਾਹੌਲ ਹੁਣ ਪੂਰੀ ਤਰ੍ਹਾਂ ਸ਼ਾਂਤ ਹੋ ਚੁੱਕਾ ਹੈ ਅਤੇ ਚੋਣਾਂ ਜਿੱਤਣ ਵਾਲੇ ਆਗੂ ਵਿਧਾਨ ਸਭਾ ‘ਚ ਪਹੁੰਚ ਗਏ ਹਨ, ਜਦਕਿ ਚੋਣਾਂ ਹਾਰਨ ਵਾਲੇ ਵਾਪਸ ਆਪਣੇ ਪੁਰਾਣੇ ਕੰਮ ਧੰਦਿਆਂ ‘ਤੇ ਪਰਤਣ ਲੱਗੇ ਹਨ।
ਪੰਜਾਬ ਵਿਧਾਨ ਸਭਾ ਚੋਣਾਂ ਲਈ ਕੀਤੇ ਗਏ ਚੋਣ ਪ੍ਰਚਾਰ ਦੌਰਾਨ ਭਾਵੇਂ ਇਸ ਵਾਰ ਕਲਾਕਾਰ ਲੋਕਾਂ ਲਈ ਖਿੱਚ ਦਾ ਕੇਂਦਰ ਬਣੇ ਰਹੇ, ਪਰ ਇਸ ਦੇ ਬਾਵਜੂਦ ਉਹ ਲੋਕਾਂ ਨੂੰ ਆਪਣੇ ਨਾਲ ਜੋੜਨ ‘ਚ ਅਸਫਲ ਰਹੇ, ਜਿਸ ਕਾਰਨ ਉਨ੍ਹਾਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ। ਚੋਣਾਂ ਦੌਰਾਨ ਹਾਸਰਸ ਕਲਾਕਾਰ ਗੁਰਪ੍ਰੀਤ ਸਿੰਘ ਘੁੱਗੀ ਨੇ ਬਟਾਲਾ, ਭਗਵੰਤ ਮਾਨ ਨੇ ਜਲਾਲਾਬਾਦ, ਮੁਹੰਮਦ ਸਦੀਕ ਨੇ ਜੈਤੋਂ, ਸਤਵਿੰਦਰ ਬਿੱਟੀ ਨੇ ਸਾਹਨੇਵਾਲ ਅਤੇ ਸੂਫੀ ਕਲਾਕਾਰ ਅਰਸ਼ਦ ਡਾਲੀ ਨੇ ਮਲੇਰਕੋਟਲਾ ਤੋਂ ਆਪਣੀ ਕਿਸਮਤ ਅਜਮਾਈ ਸੀ। ਇਨ੍ਹਾਂ ਕਲਾਕਾਰਾਂ ‘ਚੋਂ ਸਭ ਤੋਂ ਜ਼ਿਆਦਾ ਚਰਚਿੱਤ ਭਗਵੰਤ ਮਾਨ ਅਤੇ ਗੁਰਪ੍ਰੀਤ ਘੁੱਗੀ ਹੀ ਰਹੇ ਸਨ। ਆਮ ਆਦਮੀ ਪਾਰਟੀ ਦੇ ਕਨਵੀਨਰ ਬਣਾਏ ਜਾਣ ਤੋਂ ਬਾਅਦ ਗੁਰਪ੍ਰੀਤ ਘੁੱਗੀ ਨੇ ਆਪਣਾ ਫਿਲਮੀ ਅਤੇ ਰੰਗਮੰਚ ਦੇ ਖੇਤਰ ‘ਚ ਪ੍ਰਸਿੱਧ ਨਾਂ ਗੁਰਪ੍ਰੀਤ ਸਿੰਘ ‘ਘੁੱਗੀ’ ਤੋਂ ਬਦਲ ਕੇ ਗੁਰਪ੍ਰੀਤ ਸਿੰਘ ਵੜੈਚ ਰੱਖ ਲਿਆ ਸੀ। ਚੋਣ ਪ੍ਰਚਾਰ ਦੌਰਾਨ ਭਾਵੇਂ ਗੁਰਪ੍ਰੀਤ ਵੜੈਚ ਵੱਲੋਂ ਆਮ ਆਦਮੀ ਪਾਰਟੀ ਲਈ ਪੂਰੇ ਪੰਜਾਬ ਅੰਦਰ ਰੈਲੀਆਂ ਕੀਤੀਆਂ ਗਈਆਂ, ਪਰ ਉਨ੍ਹਾਂ ਨੂੰ ਆਪਣੇ ਹਲਕੇ ਤੋਂ ਸਿਰਫ 34 ਹਜ਼ਾਰ 302 ਵੋਟਾਂ ਹੀ ਮਿਲੀਆਂ ਤੇ ਉਹ ਤੀਜੇ ਨੰਬਰ ‘ਤੇ ਰਹੇ।
ਚੋਣ ਨਤੀਜਿਆਂ ਤੋਂ ਬਾਅਦ ਗੁਰਪ੍ਰੀਤ ਵੜੈਚ ਅਚਾਨਕ ਸ਼ਾਂਤ ਹੋ ਗਏ ਅਤੇ ਹੁਣ ਉਹ ਵਾਪਸ ਆਪਣੀ ਪੁਰਾਣੀ ਫਿਲਮੀ ਤੇ ਰੰਗਮੰਚ ਦੀ ਦੁਨੀਆਂ ‘ਚ ਪਰਤ ਆਏ ਹਨ। ਦਿਲਚਸਪ ਗੱਲ ਇਹ ਹੈ ਕਿ ਭਾਵੇਂ ਚੋਣਾਂ ਦੌਰਾਨ ਗੁਰਪ੍ਰੀਤ ਘੁੱਗੀ ਵੱਲੋਂ ਆਪਣੇ ਆਪ ਦੀ ਗੁਰਪ੍ਰੀਤ ਵੜੈਚ ਵਜੋਂ ਪਛਾਣ ਬਣਾਈ ਗਈ ਸੀ, ਪਰ ਚੋਣ ਕਮਿਸ਼ਨ ਦੀ ਵੈਬਸਾਈਟ ‘ਤੇ ਅੱਜ ਵੀ ਗੁਰਪ੍ਰੀਤ ਵੜੈਚ ਦੀ ਥਾਂ ਗੁਰਪ੍ਰੀਤ ਘੁੱਗੀ ਹੀ ਲਿਖਿਆ ਹੋਇਆ ਹੈ। ਕੁਝ ਅਜਿਹੀ ਹੀ ਹਾਲਤ ਕਾਂਗਰਸੀ ਆਗੂ ਮੁਹੰਮਦ ਸਦੀਕ ਦੀ ਹੋਈ ਹੈ।
ਮੁਹੰਮਦ ਸਦੀਕ ਇਨ੍ਹਾਂ ਚੋਣਾਂ ਦੌਰਾਨ ਆਪਣੇ ਹਲਕੇ ‘ਚੋਂ 35 ਹਜ਼ਾਰ 351 ਵੋਟਾਂ ਲੈ ਕੇ ਦੂਜੇ ਨੰਬਰ ‘ਤੇ ਰਹੇ ਸਨ। ਹਾਲਾਂਕਿ ਮੁਹੰਮਦ ਸਦੀਕ ਨੇ ਵਿਧਾਇਕ ਰਹਿੰਦੇ ਹੋਏ ਕਦੇ ਅਖਾੜੇ ਲਗਾਉਣੇ ਬੰਦ ਨਹੀਂ ਕੀਤੇ, ਪਰ ਇਸ ਦੇ ਬਾਵਜੂਦ ਉਨ੍ਹਾਂ ਗਾਇਕੀ ਦੀ ਥਾਂ ਰਾਜਨੀਤੀ ਨੂੰ ਵਧੇਰੇ ਸਮਾਂ ਦਿੱਤਾ ਸੀ। ਚੋਣ ਨਤੀਜਿਆਂ ਤੋਂ ਬਾਅਦ ਭਾਵੇਂ ਕਾਂਗਰਸ ਪਾਰਟੀ ਦੀ ਸਰਕਾਰ ਸੱਤਾ ‘ਚ ਆ ਗਈ ਹੈ, ਪਰ ਮੁਹੰਮਦ ਸਦੀਕ ਹੁਣ ਤੱਕ ਸਥਾਪਤ ਨਹੀਂ ਹੋਏ, ਜਿਸ ਦੇ ਚੱਲਦਿਆਂ ਉਨ੍ਹਾਂ ਨੇ ਮੁੜ ਤੋਂ ਆਪਣੀ ਪੁਰਾਣੀ ਜ਼ਿੰਦਗੀ ਨੂੰ ਗਲੇ ਲਗਾ ਕੇ ਗਾਇਕੀ ਨੂੰ ਤਰਜੀਹ ਦੇਣੀ ਸ਼ੁਰੂ ਕਰ ਦਿੱਤੀ ਹੈ।
ਵਿਧਾਨ ਸਭਾ ਚੋਣਾਂ ‘ਚ ਚਰਚਿਤ ਰਹੇ ਭਗਵੰਤ ਮਾਨ ਵਿਧਾਇਕ ਤਾਂ ਨਹੀਂ ਬਣ ਸਕੇ, ਪਰ ਉਹ ਮੁੜ ਤੋਂ ਸੰਸਦ ਦੇ ਰਾਹ ਪਰਤ ਗਏ ਹਨ, ਹਾਲਾਂਕਿ ਭਗਵੰਤ ਮਾਨ ਆਪਣੇ ਭਾਸ਼ਣਾਂ ਦੌਰਾਨ ਕਾਮੇਡੀ ਕਰਦੇ ਰਹੇ, ਪਰ ਲੋਕ ਸਭਾ ਮੈਂਬਰ ਬਣਨ ਤੋਂ ਬਾਅਦ ਉਨ੍ਹਾਂ ਨੇ ਫਿਲਮੀ ਪਰਦੇ ਤੋਂ ਦੂਰੀ ਬਣਾ ਕੇ ਰੱਖੀ ਹੋਈ ਹੈ। ਇਸੇ ਤਰ੍ਹਾਂ ਕਾਂਗਰਸ ਦੀ ਟਿਕਟ ਉਤੇ ਚੋਣ ਲੜੀ ਸਤਵਿੰਦਰ ਕੌਰ ਬਿੱਟੀ ਅਤੇ ਮਲੇਰਕੋਟਲਾ ਤੋਂ ਚੋਣ ਮੈਦਾਨ ‘ਚ ਉਤਰੇ ਸੂਫੀ ਕਲਾਕਾਰ ਅਰਸ਼ਦ ਡਾਲੀ ਚੋਣ ਨਤੀਜੇ ਤੋਂ ਬਾਅਦ ਸਰਗਰਮ ਰਾਜਨੀਤੀ ਤੋਂ ਦੂਰ ਹੋ ਕੇ ਆਪਣੀ ਪੁਰਾਣੀ ਜ਼ਿੰਦਗੀ ‘ਚ ਸਰਗਰਮ ਹੋ ਗਏ ਹਨ।
ਵਿਧਾਨ ਸਭਾ ਚੋਣਾਂ ‘ਚ ਇਸ ਵਾਰ ਅੱਧਾ ਦਰਜਨ ਤੋਂ ਜ਼ਿਆਦਾ ਖਿਡਾਰੀਆਂ ਨੇ ਸਿਆਸਤ ਵਿਚ ਆਪਣੀ ਕਿਸਮਤ ਅਜਮਾਉਂਦੇ ਹੋਏ ਨੇਤਾ ਬਣਨ ਦਾ ਸੁਪਨਾ ਦੇਖਿਆ ਸੀ, ਪਰ ਪੰਜਾਬ ਦੀ ਜਨਤਾ ਨੇ ਸਿਰਫ ਨਵਜੋਤ ਸਿੰਘ ਸਿੱਧੂ ਤੇ ਪਰਗਟ ਸਿੰਘ ਨੂੰ ਹੀ ਸਵੀਕਾਰ ਕੀਤਾ, ਜਦਕਿ ਸੱਜਣ ਸਿੰਘ ਚੀਮਾ, ਕਰਤਾਰ ਸਿੰਘ, ਗੁਰਦਿੱਤ ਸਿੰਘ ਸੇਖੋਂ ਅਤੇ ਗੁਲਜ਼ਾਰ ਸਿੰਘ ਚੋਣ ਹਾਰਨ ਬਾਅਦ ਆਪਣੀ ਅਕਾਦਮੀਆਂ ਅਤੇ ਖੇਡ ਪ੍ਰਮੋਸ਼ਨ ਦੇ ਕੰਮਾਂ ‘ਚ ਜੁਟ ਗਏ ਹਨ। ਪੰਜਾਬ ਅੰਦਰ ਇਸ ਵਾਰ 11 ਆਈæਏæਐਸ, ਆਈæਪੀæਐਸ ਅਤੇ ਹੋਰ ਅਫਸਰਾਂ ਨੇ ਚੋਣ ਮੈਦਾਨ ਵਿਚ ਆਪਣੀ ਕਿਸਮਤ ਅਜ਼ਮਾਈ, ਪਰ ਜਨਤਾ ਨੇ ਕਿਸੇ ਵੀ ਅਫਸਰ ਨੂੰ ਨੇਤਾ ਦੇ ਰੂਪ ‘ਚ ਸਵੀਕਾਰ ਨਹੀਂ ਕੀਤਾ। ਇਸੇ ਤਰ੍ਹਾਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਹੋਰ ਸ਼੍ਰੇਣੀਆਂ ਤੋਂ ਇਲਾਵਾ ਸਭ ਤੋਂ ਜ਼ਿਆਦਾ 15 ਡਾਕਟਰਾਂ ਨੇ ਵੀ ਹਿੱਸਾ ਲਿਆ ਸੀ, ਪਰ ਕਿਸੇ ਨੂੰ ਸਫਲਤਾ ਨਹੀਂ ਮਿਲੀ।