ਜੰਨਤ ਤੋਂ ਜਹੰਨਮ ਬਣੀ ਵਾਦੀ, ਡੇਢ ਦਹਾਕੇ ‘ਚ 40 ਹਜ਼ਾਰ ਮੌਤਾਂ

ਸ੍ਰੀਨਗਰ: ਜੰਮੂ-ਕਸ਼ਮੀਰ ਵਿਚ ਹਿੰਸਾ ਦੀਆਂ ਘਟਨਾਵਾਂ ਵਿਚ ਬਹੁਤ ਜਾਨੀ ਨੁਕਸਾਨ ਹੋ ਰਿਹਾ ਹੈ। 1990 ਤੋਂ ਸ਼ੁਰੂ ਹੋਈ ਅਤਿਵਾਦੀ ਹਿੰਸਾ ਵਿਚ ਹੁਣ ਤੱਕ 40 ਹਜ਼ਾਰ ਦੇ ਕਰੀਬ ਮਨੁੱਖੀ ਜਾਨਾਂ ਜਾ ਚੁੱਕੀਆਂ ਹਨ, ਜਿਸ ਵਿਚ 22 ਹਜ਼ਾਰ ਅਤਿਵਾਦੀ, 5 ਹਜ਼ਾਰ ਸੁਰੱਖਿਆ ਜਵਾਨ ਅਤਿਵਾਦੀ ਵਿਰੋਧੀ ਕਾਰਵਾਈਆਂ ਵਿਚ ਮਾਰੇ ਗਏ ਹਨ। 90 ਦੇ ਦਹਾਕੇ ਤੋਂ 9 ਅਪਰੈਲ 2017 ਤੱਕ 13, 941 ਵਿਅਕਤੀ ਅਤਿਵਾਦੀ ਕਾਰਵਾਈਆਂ ਵਿਚ ਮਾਰੇ ਗਏ।

ਇਸ ਦੌਰਾਨ 21,965 ਅਤਿਵਾਦੀਆਂ ਨੂੰ ਵੀ ਮਾਰ ਮੁਕਾਇਆ ਗਿਆ। ਇਹ ਜਾਣਕਾਰੀ ਜੰਮੂ ਸਥਿਤ ਆਰæਟੀæਆਈæ ਕਾਰਕੁਨ ਵੱਲੋਂ 90 ਤੋਂ ਸ਼ੁਰੂ ਹੋਏ ਅਤਿਵਾਦ ਦੌਰਾਨ ਜੰਮੂ-ਕਸ਼ਮੀਰ ਵਿਖੇ ਮਨੁੱਖੀ ਜਾਨਾਂ ਤੇ ਸੰਪਤੀ ਨੂੰ ਹੋਏ ਨੁਕਸਾਨ ਬਾਰੇ ਆਨ ਲਾਇਨ ਅਰਜ਼ੀ ਦਾਇਰ ਕਰਨ ਦੇ ਜਵਾਬ ਵਿਚ ਗ੍ਰਹਿ ਮੰਤਰਾਲੇ ਨੇ ਦਿੱਤੀ। ਗ੍ਰਹਿ ਮੰਤਰਾਲੇ ਅਨੁਸਾਰ ਬੀਤੇ 28 ਸਾਲ ਤੋਂ ਜੰਮੂ-ਕਸ਼ਮੀਰ ਵਿਚ ਜਾਰੀ ਅਤਿਵਾਦੀ ਕਾਰਵਾਈਆਂ ਦੌਰਾਨ 40, 961 ਮਨੁੱਖੀ ਜਾਨਾਂ ਗਈਆਂ, ਜਿਨ੍ਹਾਂ ‘ਚ ਸੁਰੱਖਿਆ ਬਲਾਂ ਦੇ ਜਵਾਨ, ਅਤਿਵਾਦੀ ਤੇ ਆਮ ਨਾਗਰਿਕ ਸ਼ਾਮਲ ਹਨ।
ਅਤਿਵਾਦੀਆਂ ਨਾਲ ਮੁਕਾਬਲਿਆਂ ਦੌਰਾਨ 13, 466 ਸੁਰੱਖਿਆ ਜਵਾਨਾਂ ਨੇ ਸ਼ਹੀਦੀ ਪ੍ਰਾਪਤ ਕੀਤੀ। ਜੰਮੂ-ਕਸ਼ਮੀਰ ਵਿਚ ਸਾਲ 2001 ਸਭ ਤੋਂ ਵਧ ਖੂਨ ਖਰਾਬੇ ਵਾਲਾ ਸਾਬਤ ਹੋਇਆ, ਇਸ ਦੌਰਾਨ 3552 ਵਿਅਕਤੀਆਂ ਦੀਆਂ ਜਾਨਾਂ ਗਈਆਂ। ਸਾਲ 2006 ਤੋਂ 2012 ਤੱਕ ਜੰਮੂ ਕਸ਼ਮੀਰ ‘ਚ ਅਤਿਵਾਦੀ ਘਟਨਾਵਾਂ ‘ਚ ਬਹੁਤ ਕਮੀ ਦਰਜ ਕੀਤੀ ਗਈ। ਇਹ ਪਿਛਲੇ 3 ਦਹਾਕਿਆਂ ਦੇ ਪੁਰਅਮਨ ਸਾਲ ਸਾਬਤ ਹੋਏ।
ਸਾਲ 2010 ਵਿਚ ਸਿਰਫ 102 ਵਿਅਕਤੀ ਅਤਿਵਾਦ ਦੀ ਭੇਟ ਚੜ੍ਹੇ, ਜਿਨ੍ਹਾਂ ਵਿਚ 15 ਨਾਗਰਿਕ, 15 ਸੁਰੱਖਿਆ ਜਵਾਨ ਤੇ 72 ਅਤਿਵਾਦੀ ਸ਼ਾਮਲ ਸਨ ਤੇ 25 ਸੁਰੱਖਿਆ ਜਵਾਨ ਜ਼ਖਮੀ ਹੋਏ। 27 ਵਰ੍ਹਿਆਂ ਦੌਰਾਨ 2012 ਦਾ ਸਾਲ ਸਭ ਤੋਂ ਵਧ ਅਮਨ ਵਾਲਾ ਰਿਹਾ। 2013 ਦੇ ਬਾਅਦ ਅਤਿਵਾਦ ਨੇ ਮੁੜ ਸਿਰ ਚੁੱਕ ਲਿਆ ਤੇ ਪਿਛਲੇ ਸਾਲ 2016 ਵਿਚ 247 ਮਨੁੱਖੀ ਜਾਨਾਂ ਗਈਆਂ ਜਿਨ੍ਹਾਂ ‘ਚ 15 ਨਾਗਰਿਕ, 82 ਸੁਰੱਖਿਆ ਜਵਾਨ ਅਤੇ 150 ਅਤਿਵਾਦੀ ਸ਼ਾਮਲ ਹਨ। ਸਾਲ 2017 ਦੇ ਚੱਲਦੇ 31 ਮਾਰਚ ਤੱਕ 52 ਮਨੁੱਖੀ ਜਾਨਾਂ ਜਾਇਆ ਹੋ ਚੁੱਕੀਆਂ ਹਨ, ਜਿਨ੍ਹਾਂ ‘ਚ 5 ਨਾਗਰਿਕ, 15 ਜਵਾਨ ਤੇ 35 ਅਤਿਵਾਦੀ ਹਨ।
_________________________________
ਕਸ਼ਮੀਰੀ ਵੱਖਵਾਦੀਆਂ ਨਾਲ ਗੱਲ ਨਹੀਂ ਕਰੇਗਾ ਕੇਂਦਰ
ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਸਾਫ ਕਿਹਾ ਕਿ ਜੰਮੂ-ਕਸ਼ਮੀਰ ਵਿਚ ਹਾਲਾਤ ਠੀਕ ਕਰਨ ਲਈ ਵੱਖਵਾਦੀਆਂ ਜਾਂ ‘ਆਜ਼ਾਦੀ’ ਮੰਗਣ ਵਾਲੇ ਅਨਸਰਾਂ ਨਾਲ ਕੋਈ ਗੱਲਬਾਤ ਨਹੀਂ ਕੀਤੀ ਜਾਵੇਗੀ। ਅਟਾਰਨੀ ਜਨਰਲ (ਏæਜੀæ) ਮੁਕੁਲ ਰੋਹਤਗੀ ਨੇ ਸੁਪਰੀਮ ਕੋਰਟ ਅੱਗੇ ਆਖਿਆ ਕਿ ਗੱਲਬਾਤ ਸਿਰਫ ਸੂਬੇ ਦੀਆਂ ਕਾਨੂੰਨੀ ਮਾਨਤਾ ਪ੍ਰਾਪਤ ਧਿਰਾਂ ਨਾਲ ਹੀ ਕੀਤੀ ਜਾ ਸਕਦੀ ਹੈ। ਸੁਪਰੀਮ ਕੋਰਟ ਨੇ ਵੀ ਏæਜੀæ ਦੇ ਵਿਚਾਰਾਂ ਨਾਲ ਸਹਿਮਤੀ ਜਤਾਈ ਤੇ ਕਿਹਾ ਕਿ ਉਹ ਸਾਰੀਆਂ ਧਿਰਾਂ ‘ਜਿਨ੍ਹਾਂ ਉਤੇ ਕਾਨੂੰਨੀ ਬੰਦਸ਼ ਨਹੀਂ ਹੈ, ਇਕੱਤਰ ਹੋ ਕੇ ਵਿਚਾਰ-ਵਟਾਂਦਰੇ ਰਾਹੀਂ (ਹਾਲਾਤ ਸੁਧਾਰਨ ਲਈ) ਸੁਝਾਅ ਦੇ ਸਕਦੀਆਂ ਹਨ, ਕਿਉਂਕਿ ਵਾਦੀ ਵਿਚ ਹਾਲਾਤ ਬਹੁਤੇ ਚੰਗੇ ਨਹੀਂ’।
__________________________________
ਹਾਫਿਜ਼ ਸਈਦ 90 ਦਿਨ ਹੋਰ ਰਹੇਗਾ ਨਜ਼ਰਬੰਦ
ਲਾਹੌਰ: ਮੁੰਬਈ ਹਮਲੇ ਦਾ ਮੁੱਖ ਸਾਜਿਸ਼ਕਰਤਾ ਅਤੇ ਜਮਾਤ ਉਦ ਦਾਵਾ ਦਾ ਮੁਖੀ ਹਾਫਿਜ਼ ਸਈਦ 90 ਦਿਨ ਹੋਰ ਘਰ ‘ਚ ਨਜ਼ਰਬੰਦ ਰਹੇਗਾ। ਸਰਕਾਰ ਨੇ 30 ਜਨਵਰੀ ਨੂੰ ਸਈਦ ਅਤੇ ਚਾਰ ਹੋਰਾਂ ਨੂੰ ਸ਼ਾਂਤੀ ਅਤੇ ਸੁਰੱਖਿਆ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਸਰਗਰਮੀਆਂ ਕਾਰਨ ਲਾਹੌਰ ‘ਚ ਘਰ ਵਿਚ ਨਜ਼ਰਬੰਦ ਕਰ ਦਿੱਤਾ ਸੀ।