ਚੰਡੀਗੜ੍ਹ: ਤਖਤ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਗੁਰਮੁਖ ਸਿੰਘ ਨੇ ਗੁਰਦੁਆਰਾ ਧਮਤਾਨ ਸਾਹਿਬ ਮੁੱਖ ਗ੍ਰੰਥੀ ਵਜੋਂ ਡਿਊਟੀ ਸੰਭਾਲ ਲਈ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦਾ ਫੈਸਲਾ ਮਨਜ਼ੂਰ ਹੈ, ਪਰ ਉਹ ਆਪਣੇ ਸਟੈਂਡ ਉਪਰ ਕਾਇਮ ਹਨ।
ਉਨ੍ਹਾਂ ਮੁੜ ਕਿਹਾ ਕਿ ਤਖਤ ਸਹਿਬਾਨ ਦੇ ਜਥੇਦਾਰ ਸਿਆਸੀ ਪ੍ਰਭਾਵ ਹੇਠ ਫੈਸਲੇ ਲੈਂਦੇ ਹਨ। ਉਸ ਦੇ ਜਵਾਬ ਵਿਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਭਾਈ ਗੁਰਮੁਖ ਸਿੰਘ ਦੇ ਸਾਰੇ ਇਲਜ਼ਾਮ ਝੂਠੇ ਹਨ। ਉਨ੍ਹਾਂ ਕਿਹਾ ਕਿ ਚਿੱਠੀ ਸਬੰਧੀ ਸਾਰੇ ਦੋਸ਼ ਝੂਠੇ ਹਨ ਤੇ ਨਾ ਉਨ੍ਹਾਂ ਕਦੇ ਜਥੇਦਾਰਾਂ ‘ਤੇ ਦਬਾਅ ਪਾਇਆ ਤੇ ਨਾ ਜਥੇਦਾਰਾਂ ਨੂੰ ਘਰ ਬੁਲਾਇਆ। ਉਨ੍ਹਾਂ ਕਿਹਾ ਕਿ ਸਾਰੇ ਦੋਸ਼ ਬਿਨਾਂ ਵਜ੍ਹਾ ਮੜ੍ਹੇ ਗਏ ਹਨ। ਕਾਬਲੇਗੌਰ ਹੈ ਕਿ ਭਾਈ ਗੁਰਮੁਖ ਸਿੰਘ ਨੇ ਡੇਰਾ ਸਿਰਸਾ ਦੇ ਮੁਖੀ ਨੂੰ ਅਕਾਲ ਤਖਤ ਤੋਂ ਮੁਆਫੀ ਲਈ ਚਿੱਠੀ ਮਾਮਲੇ ‘ਚ ਬਾਦਲ ਪਿਉ-ਪੁੱਤ ‘ਤੇ ਗੰਭੀਰ ਦੋਸ਼ ਲਾਏ ਸਨ।
ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਹੁਣ ਤਾਂ ਕੀ, ਪਿਛਲੇ 20 ਸਾਲ ਤੋਂ ਉਨ੍ਹਾਂ ਕਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੰਮਕਾਜ ਵਿਚ ਦਖਲ ਨਹੀਂ ਦਿੱਤਾ। ਸ਼੍ਰੋਮਣੀ ਕਮੇਟੀ ਪ੍ਰਧਾਨ ਦੀਆਂ ਚੋਣਾਂ ਸਮੇਂ ਉਨ੍ਹਾਂ ਦੀ ਪ੍ਰਚੱਲਤ ‘ਪਰਚੀ’ ਦਾ ਜ਼ਿਕਰ ਕਰਨ ‘ਤੇ ਬਾਦਲ ਨੇ ਕਿਹਾ ਕਿ ਪਰਚੀ ਵਾਲੀ ਗੱਲ ਇੰਜ ਹੈ ਕਿ ਕਾਂਗਰਸ ਸਮੇਤ ਸਾਰੀਆਂ ਪਾਰਟੀਆਂ ‘ਚ ਹੀ ਸਹਿਮਤੀ ਨਾਲ ਆਗੂ ਆਪਣੀ ਲੀਡਰਸ਼ਿਪ ਨੂੰ ਪ੍ਰਧਾਨ ਜਾਂ ਆਗੂ ਚੁਣਨ ਦਾ ਅਧਿਕਾਰ ਦਿੰਦੇ ਹਨ।” ਇੰਜ ਹੀ ਸਾਡੇ ਵੀ ਸੀਨੀਅਰ ਆਗੂਆਂ ਦੀ ਸਹਿਮਤੀ ਨਾਲ ਮਿਲੇ ਅਧਿਕਾਰਾਂ ਦੇ ਆਧਾਰ ‘ਤੇ ਪ੍ਰਧਾਨ ਦਾ ਫੈਸਲਾ ਹੁੰਦਾ ਹੈ। ਇਸ ਨੂੰ ਕੁਝ ਲੋਕਾਂ ਨੇ ‘ਪਰਚੀ’ ਦਾ ਨਾਂ ਦੇ ਦਿੱਤਾ ਹੈ।
___________________________________________
ਜਥੇਦਾਰਾਂ ਦੀ ਨਿਯੁਕਤੀ ਸੰਸਾਰ ਭਰ ਦੇ ਸਿੱਖਾਂ ਦੀ ਸਹਿਮਤੀ ਨਾਲ ਹੋਵੇ: ਝੀਂਡਾ
ਕੁਰੂਕਸ਼ੇਤਰ: ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਨੇ ਕਿਹਾ ਕਿ ਜਦ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਹੁਕਮਾਂ ਨੂੰ ਸੰਸਾਰ ਭਰ ਦੇ ਸਿੱਖ ਮੰਨਦੇ ਹਨ, ਤਾਂ ਉਨ੍ਹਾਂ ਦੀ ਨਿਯੁਕਤੀ ਵੀ ਦੁਨੀਆਂ ਭਰ ਦੇ ਸਿੱਖਾਂ ਦੀ ਸਹਿਮਤੀ ਨਾਲ ਹੋਣੀ ਚਾਹੀਦੀ ਹੈ। ਇੰਨਾ ਹੀ ਨਹੀਂ, ਕਿਸੇ ਵੀ ਜਥੇਦਾਰ ਸਾਹਿਬਾਨ ਵੱਲੋਂ ਤਾਨਾਸ਼ਾਹੀ ਰਵੱਈਆ ਅਪਨਾਉਣ ਜਾਂ ਧਰਮ ਅਤੇ ਕੌਮ ਨੂੰ ਨੁਕਸਾਨ ਪਹੁੰਚਾਉਣ ਵਾਲਾ ਫੈਸਲਾ ਲੈਣ ‘ਤੇ ਉਨ੍ਹਾਂ ਨੂੰ ਅਹੁਦੇ ਤੋਂ ਫਾਰਗ ਕਰਨ ਦਾ ਅਧਿਕਾਰ ਵੀ ਸੰਸਾਰ ਭਰ ਦੇ ਸਿੱਖਾਂ ਕੋਲ ਹੀ ਹੋਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਗਠਿਤ ਰਾਜਨੀਤਿਕ ਦਲ ਦਾ ਪਹਿਲਾ ਕੰਮ ਗੁਰੂ ਸਾਹਿਬਾਨ ਵੱਲੋਂ ਸਥਾਪਤ ਸ੍ਰੀ ਤਖਤ ਸਾਹਿਬਾਨ ‘ਤੇ ਬਿਰਾਜਮਾਨ ਸਿੰਘ ਸਾਹਿਬਾਨ ਦਾ ਮਾਨ-ਸਨਮਾਨ ਬਹਾਲ ਕਰਵਾਉਣਾ ਹੈ। ਇਸ ਤੋਂ ਇਲਾਵਾ ਆਲ ਇੰਡੀਆ ਗੁਰਦੁਆਰਾ ਐਕਟ ਵੀ ਪਾਸ ਕਰਵਾਉਣਾ ਵੀ ਉਨ੍ਹਾਂ ਦੀ ਪਹਿਲ ‘ਚ ਸ਼ਾਮਲ ਹੈ।
ਅਕਾਲ ਤਖਤ ਦੇ ਮਾਮਲਿਆਂ ‘ਚ ਦਖਲ ਨਹੀਂ ਦਿੱਤਾ: ਸੁਖਬੀਰ
ਅੰਮ੍ਰਿਤਸਰ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਖਿਆ ਕਿ ਉਨ੍ਹਾਂ ਕਦੇ ਵੀ ਸ਼੍ਰੋਮਣੀ ਕਮੇਟੀ ਤੇ ਅਕਾਲ ਤਖਤ ਦੇ ਮਾਮਲਿਆਂ ਵਿਚ ਦਖਲ ਨਹੀਂ ਦਿੱਤਾ। ਸਾਬਕਾ ਉਪ ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਉਨ੍ਹਾਂ ਕਦੇ ਵੀ ਸ਼੍ਰੋਮਣੀ ਕਮੇਟੀ ਦੇ ਮਾਮਲਿਆਂ ਵਿਚ ਦਖਲ ਨਹੀਂ ਦਿੱਤਾ ਤੇ ਭਾਈ ਗੁਰਮੁਖ ਸਿੰਘ ਵੱਲੋਂ ਲਾਏ ਦੋਸ਼ਾਂ ਬਾਰੇ ਸ਼੍ਰੋਮਣੀ ਕਮੇਟੀ ਹੀ ਜਵਾਬ ਦੇ ਸਕਦੀ ਹੈ।