ਸਰਹੱਦ ਤੋਂ ਗੁੰਮ ਹੋਏ ਜਵਾਨਾਂ ਬਾਰੇ ਭੇਤ ਬਰਕਰਾਰ

ਚੰਡੀਗੜ੍ਹ: ਭਾਰਤ ਦੇ ਤਕਰੀਬਨ 74 ਗੁੰਮਸ਼ੁਦਾ ਫੌਜੀ ਪਿਛਲੇ 52 ਸਾਲਾਂ ਤੋਂ ਪਾਕਿਸਤਾਨ ਦੀਆਂ ਜੇਲ੍ਹਾਂ ਵਿਚ ਕੈਦ ਹਨ। ਪਾਕਿਸਤਾਨ ਵੱਲੋਂ ਇਸ ਮੁੱਦੇ ਉਪਰ ਭਾਰਤ ਨੂੰ ਕੋਈ ਹੱਥ-ਪੱਲਾ ਨਾ ਫੜਾਉਣ ਕਾਰਨ ਦੇਸ਼ ਦੀ ਰਾਖੀ ਕਰਦਿਆਂ ਸਰਹੱਦਾਂ ਉਤੇ ਗਾਇਬ ਹੋਏ ਇਨ੍ਹਾਂ ਫੌਜੀਆਂ ਦੀ ਕੋਈ ਉਘ-ਸੁੱਘ ਨਹੀਂ ਮਿਲ ਰਹੀ। ਭਾਰਤ ਸਰਕਾਰ ਮਹਿਜ਼ ਪਾਕਿਸਤਾਨ ਕੋਲ ਵਾਰ-ਵਾਰ ਪਹੁੰਚ ਕਰਨ ਤੱਕ ਹੀ ਸੀਮਤ ਹੈ।

ਸੂਚਨਾ ਦੇ ਅਧਿਕਾਰ (ਆਰæਟੀæਆਈæ) ਤਹਿਤ ਮਿਲੀ ਜਾਣਕਾਰੀ ਅਨੁਸਾਰ ਭਾਰਤ ਦੇ 74 ਗੁੰਮਸ਼ੁਦਾ ਡਿਫੈਂਸ ਪਰਸੋਨਲ (ਐਮæਡੀæਪੀæ) ਪਾਕਿਸਤਾਨ ਦੀਆਂ ਜੇਲ੍ਹਾਂ ਵਿਚ ਬੰਦ ਹਨ। ਇਨ੍ਹਾਂ ਵਿਚੋਂ 54 ਫੌਜੀ 1965 ਦੀ ਜੰਗ ਅਤੇ 20 ਫੌਜੀ ਜਵਾਨ 1971 ਦੀ ਜੰਗ ਦੌਰਾਨ ਗਾਇਬ ਹੋਏ ਸਨ। ਭਾਰਤ ਸਰਕਾਰ ਵੱਲੋਂ ਵੱਖ-ਵੱਖ ਢੰਗਾਂ ਨਾਲ ਹਾਸਲ ਕੀਤੀਆਂ ਸੂਚਨਾਵਾਂ ਅਨੁਸਾਰ ਇਨ੍ਹਾਂ ਫੌਜੀਆਂ ਦੇ ਪਾਕਿਸਤਾਨ ਦੀਆਂ ਜੇਲ੍ਹਾਂ ਵਿਚ ਹੀ ਬੰਦ ਹੋਣ ਦੀ ਸੰਭਾਵਨਾ ਹੈ।
ਵਿਦੇਸ਼ ਵਿਭਾਗ ਅਨੁਸਾਰ ਭਾਰਤ ਸਰਕਾਰ ਇਹ ਮੁੱਦਾ ਸਫਾਰਤੀ ਵਸੀਲਿਆਂ ਰਾਹੀਂ ਪਾਕਿਸਤਾਨ ਕੋਲ ਉਠਾਉਂਦੀ ਰਹੀ ਹੈ। ਇਸ ਤੋਂ ਇਲਾਵਾ ਉਚ ਪੱਧਰੀ ਸੰਪਰਕਾਂ ਦੇ ਮਾਧਿਅਮ ਨਾਲ ਵੀ ਇਨ੍ਹਾਂ ਨੂੰ ਪਾਕਿਸਤਾਨ ਦੀਆਂ ਜੇਲ੍ਹਾਂ ਵਿਚੋਂ ਰਿਹਾਅ ਕਰਨ ਲਈ ਯਤਨ ਕੀਤੇ ਜਾ ਰਹੇ ਹਨ। ਵਿਦੇਸ਼ ਵਿਭਾਗ ਅਨੁਸਾਰ ਇੰਨਾ ਕੁਝ ਕਰਨ ਦੇ ਬਾਵਜੂਦ ਪਾਕਿਸਤਾਨ ਇਹ ਗੱਲ ਮੰਨਣ ਨੂੰ ਤਿਆਰ ਨਹੀਂ ਕਿ ਗੁੰਮਸ਼ੁਦਾ ਭਾਰਤੀ ਫੌਜੀ ਉਥੋਂ ਦੀਆਂ ਜੇਲ੍ਹਾਂ ਵਿਚ ਬੰਦ ਹਨ।
ਭਾਰਤ ਦੇ ਵਿਦੇਸ਼ ਮੰਤਰੀ ਨੇ ਜਨਵਰੀ 2007 ਦੌਰਾਨ ਪਾਕਿਸਤਾਨ ਦੀ ਫੇਰੀ ਮੌਕੇ ਇਹ ਮੁੱਦਾ ਪਾਕਿਸਤਾਨ ਸਰਕਾਰ ਕੋਲ ਉਠਾਇਆ ਸੀ। ਭਾਰਤ ਸਰਕਾਰ ਨੇ ਉਦੋਂ ਇਹ ਤਜਵੀਜ਼ ਰੱਖੀ ਸੀ ਕਿ ਗੁੰਮਸ਼ੁਦਾ ਭਾਰਤੀ ਫੌਜੀਆਂ ਦੇ ਪਰਿਵਾਰਾਂ ਤੇ ਰਿਸ਼ਤੇਦਾਰਾਂ ਦੇ ਵਫਦ ਨੂੰ ਪਾਕਿਸਤਾਨ ਦੀਆਂ ਜੇਲ੍ਹਾਂ ਦਾ ਦੌਰਾ ਕਰਨ ਦੀ ਇਜਾਜ਼ਤ ਦਿੱਤੀ ਜਾਵੇ ਤਾਂ ਜੋ ਉਹ ਆਪਣੇ ਵਿਛੜੇ ਮੈਂਬਰਾਂ ਦੀ ਨਿਸ਼ਾਨਦੇਹੀ ਕਰ ਸਕਣ।
ਗੁਆਂਢੀ ਮੁਲਕ ਨੇ ਉਦੋਂ ਭਾਰਤ ਦੀ ਇਹ ਤਜਵੀਜ਼ ਪ੍ਰਵਾਨ ਕਰ ਲਈ ਸੀ ਅਤੇ ਸਾਲ 1965 ਤੇ 1971 ਦੀਆਂ ਜੰਗਾਂ ਦੌਰਾਨ ਗੁੰਮ ਹੋਏ ਭਾਰਤੀ ਫੌਜੀਆਂ ਦੇ ਪਰਿਵਾਰਾਂ ਤੇ ਰਿਸ਼ਤੇਦਾਰਾਂ ਦੇ ਵਫਦ ਨੇ ਪਹਿਲੀ ਜੂਨ ਤੋਂ 14 ਜੂਨ 2007 ਦੌਰਾਨ ਪਾਕਿਸਤਾਨ ਦੀਆਂ 10 ਜੇਲ੍ਹਾਂ ਦਾ ਦੌਰਾ ਕਰ ਕੇ ਗੁੰਮਸ਼ੁਦਾ ਭਾਰਤੀਆਂ ਫੌਜੀਆਂ ਦੀ ਪਛਾਣ ਕਰਨ ਦਾ ਯਤਨ ਕੀਤਾ ਸੀ, ਜੋ ਨਾਕਾਮ ਰਿਹਾ। ਉਪਰੰਤ ਭਾਰਤ ਸਰਕਾਰ ਨੇ ਮਾਰਚ 2008 ਵਿਚ ਇਸ ਮੁੱਦੇ ਉਪਰ ਟ੍ਰਾਈ-ਸਰਵਿਸ ਕਮੇਟੀ ਫਾਰ ਮੌਨੀਟਰਿੰਗ ਆਫ ਮਿਸਿੰਗ ਡਿਫੈਂਸ ਪ੍ਰਸੋਨਲਜ਼ (ਸੀæਐਮæਐਮæਡੀæਪੀæ) ਦਾ ਗਠਨ ਕੀਤਾ।
ਵਿਦੇਸ਼ ਵਿਭਾਗ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਇਸ ਤੋਂ ਬਾਅਦ 24 ਤੇ 25 ਮਈ 2012 ਨੂੰ ਇਸਲਾਮਾਬਾਦ ਵਿਚ ਦੋਵਾਂ ਮੁਲਕਾਂ ਦੇ ਗ੍ਰਹਿ ਸਕੱਤਰਾਂ ਅਤੇ ਮਗਰੋਂ ਦਿੱਲੀ ਵਿਚ ਵਿਦੇਸ਼ ਸਕੱਤਰਾਂ ਦੀ ਹੋਈ ਮੀਟਿੰਗ ਦੌਰਾਨ ਵੀ ਇਹ ਮੁੱਦਾ ਉਠਿਆ ਸੀ, ਪਰ ਗੁਆਂਢੀ ਮੁਲਕ ਆਪਣੀ ਪੁਰਾਣੀ ਰੱਟ ‘ਤੇ ਹੀ ਕਾਇਮ ਰਿਹਾ। ਫਿਲਹਾਲ ਇਨ੍ਹਾਂ 74 ਗੁੰਮਸ਼ੁਦਾ ਭਾਰਤੀ ਫੌਜੀਆਂ ਬਾਰੇ ਕੇਂਦਰ ਸਰਕਾਰ ਕੋਲ ਕੋਈ ਜਾਣਕਾਰੀ ਨਹੀਂ ਹੈ। ਇਹ ਮਾਮਲਾ ਭੇਤ ਬਣਨ ਕਰ ਕੇ ਸਬੰਧਤ ਫੌਜੀ ਜਵਾਨਾਂ ਦੇ ਪਰਿਵਾਰ ਅਤੇ ਰਿਸ਼ਤੇਦਾਰ ਦੁਚਿੱਤੀ ਵਿਚ ਹਨ।