ਸਿੱਖ ਧਰਮ ਵਿਚ ਸਿਆਸਤ ਦਾ ਦਖਲ ਪਿਛਲੇ ਕੁਝ ਸਮੇਂ ਤੋਂ ਨਿਰੰਤਰ ਵਧਦਾ ਚਲਾ ਗਿਆ ਹੈ ਜਿਸ ਨਾਲ ਧਰਮ ਪਿਛੇ ਅਤੇ ਸਿਆਸਤ ਮੂਹਰੇ ਆ ਗਈ। ਇਹ ਵਰਤਾਰਾ ਖਾਸ ਕਰ ਬਾਦਲਾਂ ਦੀ ਹਕੂਮਤ ਦੌਰਾਨ ਕੁਝ ਜ਼ਿਆਦਾ ਹੀ ਚਲਦਾ ਰਿਹਾ ਹੈ। ਤਖਤਾਂ ਦੇ ਜਥੇਦਾਰ ਸਿਆਸਤਦਾਨਾਂ ਦੇ ਹੱਥਾਂ ਵਿਚ ਪੁਤਲੀਆਂ ਬਣ ਕੇ ਰਹਿ ਗਏ। ਹਾਲ ਹੀ ਵਿਚ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਗੁਰਮੁਖ ਸਿੰਘ ਨੇ ਸਿਆਸਤ ਦੀ ਇਸ ਜਕੜ ਵਿਰੁਧ ਆਵਾਜ਼ ਬੁਲੰਦ ਕੀਤੀ ਹੈ।
ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਗੁਰੂ ਗ੍ਰੰਥ ਸਾਹਿਬ ਵਿਭਾਗ ਦੇ ਸਾਬਕਾ ਮੁਖੀ ਡਾæ ਬਲਕਾਰ ਸਿੰਘ ਨੇ ਇਸੇ ਨੁਕਤੇ ਨੂੰ ਲੈ ਕੇ ਆਪਣੇ ਇਸ ਲੇਖ ਵਿਚ ਕੁਝ ਸਾਰਥਕ ਟਿੱਪਣੀਆਂ ਕੀਤੀਆਂ ਹਨ। -ਸੰਪਾਦਕ
ਬਲਕਾਰ ਸਿੰਘ (ਪ੍ਰੋæ)
ਫੋਨ: 91-93163-01328
ਅਕਾਲੀਆਂ ਦੇ ਹਾਰ ਜਾਣ ਤੋਂ ਬਾਅਦ ਸਿੱਖ ਭਾਈਚਾਰੇ ਦੇ ਵਾਲੀ ਵਾਰਸ ਹੋ ਜਾਣ ਦੀ ਸਿਆਸੀ ਦੌੜ ਓਨੀ ਤਿੱਖੀ ਨਹੀਂ ਹੋਈ ਜਿੰਨੀ ਬੇਲਗਾਮ ਹੋ ਗਈ ਹੈ। ਸਿੱਖਾਂ ਨੂੰ ਜਿਸ ਤਰ੍ਹਾਂ ਦੁਸ਼ਮਣ ਨਾਲ ਲੜਨਾ ਆਉਂਦਾ ਹੈ, ਉਸ ਤਰ੍ਹਾਂ ਆਪਣੇ ਆਪ ਨਾਲ ਲੜਨਾ ਨਹੀਂ ਆਉਂਦਾ। ਨਤੀਜੇ ਵਜੋਂ ਸਿੱਖ ਆਪਣੇ ਆਪ ਵਿਚ ਘੱਟ ਅਤੇ ਆਪਣੇ ਆਪ ਤੋਂ ਬਾਹਰ ਵੱਧ ਨਜ਼ਰ ਆਉਂਦੇ ਰਹਿੰਦੇ ਹਨ। ਇਸੇ ਕਰਕੇ ਅੰਦਰ ਬਹਿ ਕੇ ਵਿਚਾਰਨ ਤੇ ਨਜਿੱਠਣ ਵਾਲੀਆਂ ਗੱਲਾਂ ਨੂੰ ਸਰਬੱਤ ਖਾਲਸਾ ਸੱਦ ਕੇ ਨਜਿੱਠਣ ਦੀਆਂ ਗੱਲਾਂ ਬਣਾ ਦੇਣਾ, ਇਸੇ ਦਾ ਨਤੀਜਾ ਹੈ। ਇਸ ਵਿਚ ਵਾਧਾ ਉਦੋਂ ਹੁੰਦਾ ਹੈ ਜਦੋਂ ਸਹਿਜ, ਸੰਜੀਦਗੀ ਅਤੇ ਸ਼ੋਰੀਲੇਪਨ ਨੂੰ ਲੋੜ ਅਨੁਸਾਰ ਇਕੋ ਅਰਥਾਂ ਵਿਚ ਲਿਆ ਜਾਣ ਲੱਗ ਪੈਂਦਾ ਹੈ।
ਜਦੋਂ ਇਹ ਪਤਾ ਲੱਗਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਥਾਪੇ ਹੋਏ ਜਥੇਦਾਰਾਂ ਨੇ ਆਪਣੀ ਸਾਖ ਦਾ ਆਪ ਹੀ ਕਬਾੜਾ ਕਰ ਲਿਆ ਹੈ ਤਾਂ ਨਵੇਂ ਜਥੇਦਾਰ ਥਾਪ ਕੇ ਜਥੇਦਾਰੀ-ਸੰਸਥਾ ਨੂੰ ਹੀ ਖੋਰਾ ਲਾ ਦਿੱਤਾ ਗਿਆ। ਸਿਆਸਤ ਨਾਲ ਇਹ ਮੌਜ ਆਮ ਹੋ ਗਈ ਹੈ ਕਿ ਕੋਈ ਵੀ ਫੱਟਾ ਲਾ ਕੇ ਕੁਝ ਵੀ ਬਣ ਕੇ ਬਹਿ ਸਕਦਾ ਹੈ। ਵੈਸੇ ਹੀ ਸਥਿਤੀ ਇਹ ਪੈਦਾ ਹੁੰਦੀ ਜਾ ਰਹੀ ਹੈ ਕਿ ਪ੍ਰਾਪਤ ਵਰਤਾਰੇ ਨੂੰ ਵਿਸ਼ਵਾਸ ਮੁਤਾਬਕ ਚਲਾਉਣਾ ਹੈ ਕਿ ਵਿਧਾਨ ਮੁਤਾਬਕ! ਇਸ ਨਾਲ ਸ਼੍ਰੋਮਣੀ ਕਮੇਟੀ ਨੂੰ ਏਨਾ ਕੁ ਸਾਹ ਆ ਗਿਆ ਹੈ ਕਿ ਸਿਆਸੀ ਦਖਲ ਉਹੋ ਜਿਹਾ ਨਹੀਂ ਰਿਹਾ, ਜਿਹੋ ਜਿਹਾ ਅਕਾਲੀ ਸਰਕਾਰ ਵੇਲੇ ਹੁੰਦਾ ਸੀ। ਇਸ ਦਾ ਖੁਲਾਸਾ ਜਿਵੇਂ ਜਥੇਦਾਰ ਦਮਦਮਾ ਸਾਹਿਬ ਨੇ ਕੀਤਾ ਹੈ, ਉਸ ਨਾਲ ਪੰਥਕ ਸੰਸਥਾਵਾਂ, ਸੰਸਥਾ ਮੁਖੀਆਂ ਦੇ ਕੱਦ-ਕਾਠ ਜਿੱਡੀਆਂ ਲੱਗਣ ਲੱਗ ਪਈਆਂ ਹਨ। ਇਸ ਨਾਲ ਇਹ ਵੀ ਸਾਹਮਣੇ ਆ ਗਿਆ ਹੈ ਕਿ ਸ਼੍ਰੋਮਣੀ ਕਮੇਟੀ ਵਿਚ ਸ਼ਾਨ ਨਾਲ ਵੜਿਆ ਤਾਂ ਜਾ ਸਕਦਾ ਹੈ, ਪਰ ਇਸ ਵਿਚੋਂ ਸ਼ਾਨ ਨਾਲ ਨਿਕਲਿਆ ਨਹੀਂ ਜਾ ਸਕਦਾ। ਇਹ ਸਾਰਿਆਂ ਨੂੰ ਭੁਗਤਣਾ ਪਿਆ ਹੈ ਅਤੇ ਇਸ ਤੋਂ ਬਚਣ ਦਾ ਬਾਨਣੂ ਕੋਈ ਵੀ ਬੰਨ੍ਹਣ ਨੂੰ ਤਿਆਰ ਨਹੀਂ ਹੈ। ਅਹੁਦਿਆਂ ਨੂੰ ਖੁਆਰੀ ਤੋਂ ਬਚਾਉਣ ਦਾ ਰਾਹ ਤਤਕਾਲੀ ਅਹੁਦੇਦਾਰ ਹੀ ਕੱਢ ਸਕਦੇ ਹਨ, ਪਰ ਸਿੱਖ ਸੰਸਥਾਵਾਂ ਦੇ ਅਹੁਦੇਦਾਰ ਆਪੋ ਆਪਣੇ ਕਾਰਜਕਾਲ ਦੌਰਾਨ ਕਸੂਤੇ ਉਲਝੇ ਰਹਿੰਦੇ ਹਨ। ਅਜਿਹਾ ਅਹੁਦਿਆਂ ਦੀ ਨੈਤਿਕਤਾ ਅਤੇ ਅਹੁਦਿਆਂ ਦੇ ਅਧਿਕਾਰ ਵਿਚਕਾਰ ਤਣਾਓ ਕਾਰਨ ਵਾਪਰਦਾ ਆ ਰਿਹਾ ਹੈ।
ਸਿੱਖ ਸੰਸਥਾਵਾਂ ਦੇ ਪ੍ਰਬੰਧਨ ਨਾਲ ਸਬੰਧਤ ਵਿਅਕਤੀਆਂ ਨੂੰ ਇਹ ਅਹਿਸਾਸ ਹੋਣਾ ਚਾਹੀਦਾ ਹੈ ਕਿ ਵਿਸ਼ਵਾਸ ਅਤੇ ਵਿਧਾਨ ਨੂੰ ਇਕ ਦੂਜੇ ਤੋਂ ਬਚਾ ਕੇ ਰੱਖੇ ਜਾਣ ਲਈ ਚੇਤਨਾ ਹੀ ਕੰਮ ਆ ਸਕਦੀ ਹੈ। ਵਿਸ਼ਵਾਸ ਸਦਾ ਹੀ ਚੇਤਨਾ ਤੋਂ ਤ੍ਰਹਿੰਦਾ ਰਹਿੰਦਾ ਹੈ ਅਤੇ ਇਸ ਸਥਿਤੀ ਨਾਲ ਨਿਭਣ ਦਾ ਰਾਹ ਸਿੱਖ-ਸੁਰ ਵਿਚ ਭਾਈਚਾਰਕ-ਸੰਵਾਦ ਹੀ ਹੋ ਸਕਦਾ ਹੈ। ਸਿੱਖ-ਸੁਰ ਵਿਚ ਸੰਵਾਦ ਦੀਆਂ ਸੰਭਾਵਨਾਵਾਂ ਕਿਸੇ ਵੀ ਕਿਸਮ ਦੀ ਸਿਆਸਤ ਨੂੰ ਠੀਕ ਨਹੀਂ ਬੈਠਦੀਆਂ ਅਤੇ ਸਿੱਖ ਸੰਸਥਾਵਾਂ ਇਸ ਵੇਲੇ ਸਿਧਾਂਤ ਦੀ ਔਖ ਵੱਲ ਪਿੱਠ ਕਰਕੇ, ਸਿਆਸਤ ਦੀ ਸੌਖ ਵੱਲ ਤੁਰੀਆਂ ਹੋਈਆਂ ਲੱਗਣ ਲੱਗ ਪਈਆਂ ਹਨ। 24 ਅਪਰੈਲ ਦੀ ਪੰਜਾਬੀ ਟ੍ਰਿਬਿਊਨ ਵਿਚ Ḕਕਾਲੇ ਪਾਣੀਆਂ ਵਿਚੋਂ ਸਿੱਖਾਂ ਦਾ ਯੋਗਦਾਨ ਨਿਤਾਰੇਗੀ ਸ਼੍ਰੋਮਣੀ ਕਮੇਟੀḔ ਸਿਰਲੇਖ ਹੇਠ ਲੇਖ ਛਪਿਆ। ਇਸ ਵਾਸਤੇ ਕਮੇਟੀ ਵੀ ਬਣ ਗਈ ਹੈ। ਇਸ ਕਮੇਟੀ ਦੇ ਧਿਆਨ ਵਿਚ ਲਿਆਉਣਾ ਚਾਹੁੰਦਾ ਹਾਂ ਕਿ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਿਚ ਇਕ ਕਮੇਟੀ ਇਸੇ ਕੰਮ ਵਾਸਤੇ ਬਣਾਈ ਗਈ ਸੀ ਅਤੇ ਉਸ ਵਿਚ ਡਾæ ਜਸਪਾਲ ਸਿੰਘ, ਪ੍ਰੋæ ਪ੍ਰਿਥੀਪਾਲ ਸਿੰਘ ਕਪੂਰ, ਡਾæ ਜਗਤਾਰ ਸਿੰਘ ਗਰੇਵਾਲ ਅਤੇ ਡਾæ ਕ੍ਰਿਪਾਲ ਸਿੰਘ ਸ਼ਾਮਲ ਸਨ। ਇਸ ਕਮੇਟੀ ਦੀ ਰਾਏ ਨੂੰ ਜੰਗ-ਏ-ਆਜ਼ਾਦੀ ਦੇ ਮਿਊਜ਼ੀਅਮ ਵਿਚ ਕਿਸੇ ਨਾ ਕਿਸੇ ਰੂਪ ਵਿਚ ਸ਼ਾਮਲ ਕਰ ਲਿਆ ਗਿਆ ਸੀ। ਇਸ ਨਵੀਂ ਬਣੀ ਕਮੇਟੀ ਨੇ ਜੇ ਇਸ ਤੋਂ ਅੱਗੇ ਤੁਰਨਾ ਹੈ ਤਾਂ ਸੋਚ ਸਮਝ ਕੇ ਕਦਮ ਚੁੱਕਣੇ ਪੈਣਗੇ। ਇਹ ਵੀ ਧਿਆਨ ਵਿਚ ਰਹਿਣਾ ਚਾਹੀਦਾ ਹੈ ਕਿ ਪ੍ਰੋæ ਪ੍ਰਿਥੀਪਾਲ ਸਿੰਘ ਕਪੂਰ ਤੋਂ ਪੰਜਾਬ ਸਰਕਾਰ ਨੇ ਇਕ ਪੁਸਤਕ ਲਿਖਵਾਈ ਸੀ ਅਤੇ ਇਹ ਪੁਸਤਕ 2004 ਵਿਚ “ੰਅਨਿ ਛੁਰਰeਨਟਸ ਾ ਾਂਰeeਦੋਮ ੰਟਰੁਗਗਲe ਨਿ ਫੁਨਜਅਬ” ਦੇ ਨਾਮ ਹੇਠ ਛਪ ਚੁਕੀ ਹੈ। ਇਸ ਪੁਸਤਕ ਵਿਚ ਇਹੋ ਜਿਹੇ ਨੁਕਤਿਆਂ ਵੱਲ ਇਸ਼ਾਰੇ ਹੋ ਗਏ ਹਨ ਕਿ ਸਿੱਖ ਜਿਥੇ ਵੀ, ਕਿਸੇ ਵੀ ਹਾਲਤ ਵਿਚ ਗਿਆ ਹੈ, ਆਪਣੇ ਸੁਭਾ ਮੁਤਾਬਿਕ ਆਪਣੀ ਸਿੱਖ ਛਾਪ ਛੱਡਦਾ ਰਿਹਾ ਹੈ। ਇਸ ਕਰਕੇ ਪ੍ਰਸਤਾਵਿਤ ਕਮੇਟੀ ਜੇ ਗਈ ਤਾਂ ਇਹ ਧਿਆਨ ਵਿਚ ਰੱਖ ਲਵੇ ਕਿ ਕਾਲੇ ਪਾਣੀਆਂ ਦੀ ਸਜ਼ਾ ਸਿੱਖਾਂ ਨੂੰ ਵੱਖ ਵੱਖ ਕਾਰਨਾਂ ਕਰਕੇ ਭੁਗਤਣੀ ਪਈ ਸੀ ਅਤੇ ਉਨ੍ਹਾਂ ਵਿਚੋਂ ਬਹੁਤੇ ਉਥੇ ਹੀ ਵੱਸ ਗਏ ਸਨ। ਉਥੇ ਦੋ ਗੁਰਦੁਆਰੇ ਹਨ ਅਤੇ ਸਿੱਖ ਉਥੋਂ ਦੀ ਵਸੋਂ ਦੇ ਸਨਮਾਨਯੋਗ ਵਾਸੀ ਹਨ। ਫਿਰ ਨਿਤਾਰਨਾ ਕੀ ਹੈ?
ਧਿਆਨ ਵਿਚ ਰਹਿਣਾ ਚਾਹੀਦਾ ਹੈ ਕਿ ਜੋ ਕੁਝ ਹੋ ਰਿਹਾ ਹੈ ਉਹ ਬੜੇ ਧਿਆਨ ਨਿਰਖਿਆ ਪਰਖਿਆ ਜਾ ਰਿਹਾ ਹੈ। ਇਹ ਕਿਸ ਨੂੰ ਨਹੀਂ ਪਤਾ ਕਿ ਪੰਜਾਬ ਦੀ ਵਰਤਮਾਨ ਸਥਿਤੀ ਦਾ ਪਰਤ ਦਰ ਪਰਤ ਵਿਸਥਾਰ ਜਿੰਨਾ ਸੌਖਾ ਲੱਗਦਾ ਹੈ, ਇਸ ਦਾ ਅਰਥ ਭਰਪੂਰ ਸੰਖੇਪ ਉਨਾ ਹੀ ਔਖਾ ਲੱਗਦਾ ਹੈ। ਇਸ ਦਾ ਕਾਰਨ ਦਿੱਸਣ ਅਤੇ ਹੋਣ ਵਿਚਕਾਰ ਪਾੜਾ ਹੈ। ਸਿਆਸੀ-ਸਾਖ ਦੇ ਖੋਰੇ ਨੂੰ ਲੋੜੀਂਦੇ ਬਹਾਨੇ ਮਿਲਦੇ ਗਏ ਸਨ ਅਤੇ ਆਮ ਬੰਦੇ ਦਾ ਸਿਆਸੀ-ਸਿੱਖਾਂ ਵਿਰੁਧ ਗੁੱਸਾ ਸੜਕਾਂ ‘ਤੇ ਵਹਿ ਤੁਰਿਆ ਸੀ। ਇਹ ਨਹੀਂ ਭੁੱਲਣਾ ਚਾਹੀਦਾ ਕਿ ਤਖਤਾਂ ਦੇ ਜਥੇਦਾਰ, ਜਿਸ ਤਰ੍ਹਾਂ ਇਸ ਵੇਲੇ ਆਮ ਸਿੱਖਾਂ ਦੇ ਗੁੱਸੇ ਦਾ ਸ਼ਿਕਾਰ ਹੋਏ ਹਨ, ਇਸ ਤਰ੍ਹਾਂ ਇਸ ਨਾਲੋਂ ਮਾੜੇ ਹਾਲਾਤ ਵਿਚ ਵੀ ਪਹਿਲਾਂ ਕਦੇ ਆਪਣਿਆਂ ਦੇ ਗੁੱਸੇ ਦਾ ਸ਼ਿਕਾਰ ਨਹੀਂ ਹੋਏ ਸਨ। ਇਸ ਹਾਲਤ ਵਿਚ ਪੰਜਾਬ ਵਿਚਲੇ ਤਖਤਾਂ ਦੇ ਜਥੇਦਾਰਾਂ ਨੂੰ ਨੈਤਿਕ-ਪ੍ਰਤੀਨਿਧ ਵਾਂਗ ਆਪ ਹੀ ਪਾਸੇ ਹੋ ਜਾਣਾ ਚਾਹੀਦਾ ਸੀ। ਅਜਿਹਾ ਨਾ ਹੋ ਸਕਣ ਕਰਕੇ ਤਖਤ ਜਥੇਦਾਰ ਅਪ੍ਰਸੰਗਕ ਹੋ ਗਏ ਹਨ। ਜਥੇਦਾਰਾਂ ਦੀ ਬਹਾਲੀ ਵਾਸਤੇ ਜਿਵੇਂ ਉਨ੍ਹਾਂ ਸਿਆਸਤਦਾਨਾਂ ਨੂੰ ਵੀ ਤਲਬ ਕੀਤਾ ਗਿਆ ਹੈ, ਜਿਨ੍ਹਾਂ ਨੂੰ ਮਰਿਆਦਾ ਮੁਤਾਬਿਕ ਤਲਬ ਨਹੀਂ ਸੀ ਕੀਤਾ ਜਾ ਸਕਦਾ, ਕਿਉਂਕਿ ਅਜਿਹੀ ਕੋਈ ਪਰੰਪਰਾ ਹੀ ਨਹੀਂ ਹੈ।
ਪਰੰਪਰਾ ਮੁਤਾਬਿਕ ਪੰਜਾਬ ਦਾ ਮੁੱਖ ਮੰਤਰੀ ਸ਼ ਸੁਰਜੀਤ ਸਿੰਘ ਬਰਨਾਲਾ ਅਤੇ ਦੇਸ਼ ਦਾ ਗ੍ਰਹਿ ਮੰਤਰੀ ਸ਼ ਬੂਟਾ ਸਿੰਘ ਗਲਾਂ ਵਿਚ ਦੋਸ਼ੀ ਹੋਣ ਦੀ ਫੱਟੀ ਪਾ ਕੇ ਹੱਥ ਬੰਨ੍ਹੀ ਅਕਾਲ ਤਖਤ ਸਾਹਿਬ ਦੇ ਫੈਸਲੇ ਨੂੰ ਉਡੀਕਦੇ ਰਹੇ ਸਨ। ਕੀ ਵਰਤਮਾਨ ਜਥੇਦਾਰ ਵੱਲੋਂ ਤਲਬ ਕੀਤੇ ਗਏ ਸਿਆਸਤਦਾਨਾਂ ਨੇ ਅਜਿਹਾ ਕੋਈ ਪ੍ਰਭਾਵ ਦਿੱਤਾ ਸੀ? ਕੀ ਇਹ ਜਥੇਦਾਰ ਦੀ ਜਥੇਦਾਰੀ ਨੂੰ ਸਥਾਪਤ ਕਰਨ ਦਾ ਤਰਲਾ ਹੀ ਤਾਂ ਨਹੀਂ ਸੀ? ਇਸ ਤਰ੍ਹਾਂ ਜਥੇਦਾਰੀ ਸੰਸਥਾ ਦੀ ਪੈਦਾ ਹੋ ਗਈ ਅਪ੍ਰਸੰਗਕਤਾ ਨੇ ਸਿੱਖ-ਸੰਗਤ ਨੂੰ ਸਿੱਖ-ਭੀੜ ਵਿਚ ਤਬਦੀਲ ਹੋ ਜਾਣ ਦਾ ਮੌਕਾ ਦੇ ਦਿੱਤਾ ਹੈ। ਜਥੇਦਾਰਾਂ ਦਾ ਬਦਲ, ਜਿਸ ਤਰ੍ਹਾਂ ਇਸ ਵੇਲੇ ਮਸਲਾ ਬਣ ਗਿਆ ਹੈ, ਇਹ ਤਾਂ ਕਦੇ ਵੀ ਨਹੀਂ ਸੀ। ਇਹ ਸਥਿਤੀ ਪੈਦਾ ਕਰਨ ਵਾਲੇ ਸਿਆਸਤਦਾਨ ਝੂਠ ਦੀ ਸਿਆਸਤ ਕਰੀ ਜਾ ਰਹੇ ਹਨ। ਇਸ ਮਸਲੇ ਦਾ ਹੱਲ ਕੀਤੇ ਬਿਨਾ ਵਰਤਮਾਨ ਸਥਿਤੀ ਵਿਚੋਂ ਨਿਕਲਣ ਦੀ ਕੋਸ਼ਿਸ਼, ਸਿਆਸੀ ਦੁਸ਼ਵਾਰੀਆਂ ਵਿਚ ਵਾਧਾ ਕਰਦੀ ਤੁਰੀ ਜਾਏਗੀ। ਇਸ ਵਾਸਤੇ ਦੁਸ਼ਵਾਰੀਆਂ ਦੀ ਸਿਆਸਤ ਕਰਨ ਦੀ ਥਾਂ, ਦੁਸ਼ਵਾਰੀਆਂ ਦੇ ਪ੍ਰਬੰਧਨ ਵੱਲ ਕੂਹਣੀ-ਮੋੜ ਕੱਟੇ ਜਾਣ ਦੀ ਲੋੜ ਹੈ। ਇਸ ਦੀ ਸ਼ੁਰੂਆਤ ਜਥੇਦਾਰਾਂ ਤੋਂ ਅਸਤੀਫੇ ਲੈ ਕੇ ਨਵੇਂ ਜਥੇਦਾਰਾਂ ਦੀ ਨਿਯੁਕਤੀ ਨਾਲ ਜਿੰਨੀ ਛੇਤੀ ਹੋ ਸਕੇ, ਕਰ ਲੈਣੀ ਚਾਹੀਦੀ ਹੈ। ਜਥੇਦਾਰਾਂ ਦੇ ਪੈਰੋਂ ਵਿਗੜੇ ਹਾਲਾਤ, ਜਥੇਦਾਰਾਂ ਦੁਆਰਾ ਹੀ ਠੀਕ ਹੋ ਸਕਦੇ ਹਨ ਬਸ਼ਰਤਿ ਸਿਆਸਤ ਅਤੇ ਧਰਮ ਨੂੰ ਇਕ ਦੂਜੇ ਨਾਲੋਂ ਨਿੱਖੜ ਕੇ ਆਪੋ ਆਪਣੀ ਭੂਮਿਕਾ ਨਿਭਾਉਣ ਵਾਲੇ ਰਾਹ ਤੁਰਨ ਦਿੱਤਾ ਜਾਵੇ।
ਜਥੇਦਾਰਾਂ ਦੀ ਨਿਯੁਕਤੀ ਨੂੰ ਵੀ ਮਸਲੇ ਵਾਂਗ ਵਿਚਾਰੇ ਜਾਣ ਦੀ ਲੋੜ ਹੈ? ਇਸ ਪ੍ਰਥਾਏ ਇਕ ਕਮੇਟੀ ਬਣੀ ਸੀ, ਜਿਸ ਵਿਚ ਮੇਰੇ ਨਾਲ ਡਾæ ਜਸਪਾਲ ਸਿੰਘ, ਪ੍ਰੋæ ਪ੍ਰਿਥੀਪਾਲ ਸਿੰਘ ਕਪੂਰ, ਡਾæ ਕ੍ਰਿਪਾਲ ਸਿੰਘ ਅਤੇ ਡਾæ ਬਲਵੰਤ ਸਿੰਘ ਮੈਂਬਰ ਸਨ। ਇਕ ਮੀਟਿੰਗ ਤਤਕਾਲੀ ਸਕੱਤਰ ਸ਼ ਦਿਲਮੇਘ ਸਿੰਘ ਨੇ ਸੱਦੀ ਸੀ ਅਤੇ ਵਿਚ ਮੈਂ ਤੇ ਡਾæ ਬਲਵੰਤ ਸਿੰਘ ਹੀ ਹਾਜ਼ਰ ਹੋਏ ਸਾਂ। ਮਹਿਸੂਸ ਕੀਤਾ ਗਿਆ ਸੀ ਕਿ ਜੇ ਸਿੱਖ ਸੰਸਥਾਵਾਂ ਦੇ ਮੁਖੀਏ ਹੀ ਕੁਝ ਨਹੀਂ ਕਰਨਾ ਚਾਹੁੰਦੇ ਤਾਂ ਕਮੇਟੀਆਂ ਦਾ ਕੋਈ ਅਰਥ ਹੀ ਨਹੀਂ ਹੈ। ਕਿਸ ਨੂੰ ਨਹੀਂ ਪਤਾ ਕਿ ਇਹ ਧਿਆਨ ਵਿਚ ਰਹਿਣਾ ਚਾਹੀਦਾ ਹੈ ਕਿ ਕਿਸੇ ਵੀ ਤਖਤ ਸਾਹਿਬ ਦੀ ਜਥੇਦਾਰੀ, ਪਦਵੀ ਦਾ ਅਧਿਕਾਰ ਨਹੀਂ ਹੋਣੀ ਚਾਹੀਦੀ ਕਿਉਂਕਿ ਜਥੇਦਾਰੀ, ਪਦਵੀ ਦੀ ਨੈਤਿਕਤਾ ਹੋਣੀ ਚਾਹੀਦੀ ਹੈ। ਜੋ ਇਸ ਨੂੰ ਨਹੀਂ ਸਮਝਦਾ ਉਸ ਨੂੰ ਜਥੇਦਾਰੀ ਤੋਂ ਦੂਰ ਰੱਖਣਾ ਚਾਹੀਦਾ ਹੈ। ਜਥੇਦਾਰ ਨੇ ਦੁਨੀਆਂ ਭਰ ਦੇ ਸਿੱਖਾਂ ਦਾ ਪ੍ਰਤੀਨਿਧ ਹੋਣਾ ਹੈ। ਇਸ ਲਈ ਤਖਤ ਜਥੇਦਾਰ ਵਾਸਤੇ ਰੰਗਬਰੰਗੀ ਸਿੱਖ-ਸਿਆਸਤ ਦਾ ਭੇਤੀ ਹੋਣਾ ਤਾਂ ਜ਼ਰੂਰੀ ਹੈ, ਪਰ ਸਿੱਖ-ਸਿਆਸਤ ਦਾ ਹਿੱਸੇਦਾਰ ਨਹੀਂ ਹੋਣਾ ਚਾਹੀਦਾ। ਲੱਭਾਂਗੇ ਤਾਂ ਇਹੋ ਜਿਹੀ ਯੋਗਤਾ ਵਾਲੇ ਗੁਰਸਿੱਖ ਮਿਲ ਜਾਣਗੇ। ਪਰ ਸੋਚਣ ਵਾਲੀ ਗੱਲ ਇਹ ਹੈ ਕਿ ਜੋ ਸਾਰੇ ਚਾਹੁੰਦੇ ਹਨ, ਉਸ ਨੂੰ ਰੋਕ ਕੌਣ ਰਿਹਾ ਹੈ?