ਇਕਬਾਲ ਸਿੰਘ ਜੱਬੋਵਾਲੀਆ
ਫੋਨ: 917-375-6395
ਪਹਿਲਵਾਨ ਪੂਰਨ ਸਿੰਘ ਸਿੱਧੂ ਪੰਜਾਬ ਦੇ ਪਹਿਲਵਾਨਾਂ ਨੂੰ ਪਛਾੜਦਾ ਦਿੱਲੀ ਜਾ ਪੁੱਜਾ ਤੇ ਉਥੋਂ ਦੇ ਸਾਰੇ ਤਕੜੇ ਪਹਿਲਵਾਨ ਢਾਹੇ। ਫਿਰ ਮਥਰਾ ਤੇ ਆਗਰੇ ਦੇ ਨਾਮੀ ਪਹਿਲਵਾਨ ਚਿੱਤ ਕੀਤੇ। ਸਾਰੇ ਹਲਚਲ ਮਚ ਗਈ, ਕੌਣ ਹੈ ਇਹ, ਜੋ ਮਿੰਟਾਂ-ਸਕਿੰਟਾਂ ਵਿਚ ਤਕੜੇ ਪਹਿਲਵਾਨਾਂ ਨੂੰ ਪਛਾੜਦਾ ਜਾ ਰਿਹੈ? ਦਰਮਿਆਨੇ ਕੱਦ ਤੇ ਪੱਕੇ ਰੰਗ ਕਰਕੇ ਸਾਰੇ ਉਸ ਨੂੰ ਕੰਸ ਆਖਦੇ।
ਪਹਿਲਵਾਨੀ ‘ਚ ਤਿੰਨ ਪੂਰਨ ਹੋਏ ਨੇ-ਪਹਿਲਾ ਪੂਰਨ ਕਾਲੇ ਚੜ੍ਹਾਨੇ ਦਾ, ਦੂਜਾ ਸੇਰੋਂ ਵਾਲਾ (ਫੱਤਾ, ਕੇਹਰ ਤੇ ਸੁਮੇਰ ਪਹਿਲਵਾਨ ਭਰਾਵਾਂ ਦਾ ਪਿਤਾ) ਅਤੇ ਤੀਜਾ ਇਹ ਜਖੇਪਲ (ਨਜ਼ਦੀਕ ਸੰਗਰੂਰ) ਵਾਲਾ ਪੂਰਨ।
ਇਕ ਵਾਰ ਖੱਦੀ ਪੁਰ ਰਿਆਸਤ ਦੇ ਰਾਜੇ ਨੇ ਕੁਸ਼ਤੀਆਂ ਕਰਵਾਈਆਂ, ਜਿਥੇ ਜਖੇਪਲ ਵਾਲੇ ਪੂਰਨ ਦੀ ਸੇਰੋਂ ਵਾਲੇ ਪੂਰਨ ਨਾਲ ਗਹਿਗੱਚ ਕੁਸ਼ਤੀ ਹੋਈ ਤੇ ਬੜੀ ਮੁਸ਼ਕਿਲ ਨਾਲ ਉਸ ਨੂੰ ਪਛਾੜਿਆ। ਇੰਦੌਰ, ਮਹਾਂਰਾਸ਼ਟਰ ਤੇ ਹੋਰ ਰਾਜਾਂ ਵਿਚੀਂ ਹੁੰਦਾ ਹੋਇਆ ਬਿਹਾਰ ਦੀ ਦਰਭੰਗਾ ਰਿਆਸਤ ਦੇ ਰਾਜੇ ਕੋਲ ਪਹੁੰਚ ਗਿਆ। ਇਕ ਇਕ ਕਰਕੇ ਉਥੋਂ ਦੇ ਸਾਰੇ ਪਹਿਲਵਾਨ ਚਿੱਤ ਕੀਤੇ। ਤਕੜੇ ਮੱਲ ਚਾਂਦ ਖਾਂ ਨਾਲ ਦੋ-ਢਾਈ ਘੰਟੇ ਕੁਸ਼ਤੀ ਚੱਲੀ ਤੇ ਉਸ ਨੂੰ ਢਾਹਿਆ। ਰਾਜੇ ਦੇ ਬਾਗ ਵਿਚ ਅਖਾੜਾ ਪੁੱਟਿਆ ਹੋਇਆ ਸੀ। ਰਾਜਾ ਖੁਦ ਕੋਲ ਬਹਿ ਕੇ ਕੁਸ਼ਤੀਆਂ ਵੇਖਦਾ। ਪੂਰਨ ਤੇ ਚਾਂਦ ਝੋਟਿਆਂ ਵਾਂਗ ਘੁੱਲਦੇ ਕਾਫੀ ਦੂਰ ਨਿਕਲ ਗਏ। ਪਿਛੇ ਪਿਛੇ ਲੋਕ ਤਾੜੀਆਂ ਮਾਰਦੇ ਜਾ ਰਹੇ ਸਨ। ਅਖੀਰ ਪੂਰਨ ਨੇ ਚਾਂਦ ਢਾਹ ਲਿਆ। ਦੋਵਾਂ ਦਾ ਪੂਰਾ ਜੋਰ ਲੱਗਾ ਹੋਇਆ ਸੀ। ਚਾਂਦ ਖਾਂ ਤਾਂ ਉਥੇ ਹੀ ਡਿੱਗ ਪਿਆ। ਡਿੱਗਦਾ ਢਹਿੰਦਾ ਪੂਰਨ ਰਾਜੇ ਕੋਲ ਪੁੱਜਾ ਤੇ ਗੋਡੀਂ ਹੱਥ ਲਾਉਂਦਿਆਂ ਹੀ ਬੇਹੋਸ਼ ਹੋ ਕੇ ਉਹਦੇ ਪੈਰਾਂ ਵਿਚ ਡਿੱਗ ਪਿਆ। ਸਰੀਰ ਫੁੱਲ ਗਿਆ ਤੇ ਮਾਸ ਚੜ੍ਹ ਗਿਆ। ਕੈਂਚੀ ਨਾਲ ਕੱਟ ਕੇ ਲੰਗੋਟਾ ਲਾਹਿਆ।
ਉਸੇ ਅਖਾੜੇ ਵਿਚ ਹੀ ਪੂਰਨ ਨੇ ਜਰਮਨੀ ਦੇ ਵੱਡੇ ਪਹਿਲਵਾਨ ਕਰੈਮਰ ਨੂੰ ਹਰਾਇਆ। ਕਰੈਮਰ ਦੀ ਕੁਸ਼ਤੀ ਪਹਿਲਾਂ ਗੁੰਗੇ ਪਹਿਲਵਾਨ ਨਾਲ ਹੋ ਚੁਕੀ ਸੀ। ਕੁਝ ਹੀ ਮਿੰਟਾਂ ਵਿਚ ਕਰੈਮਰ ਨੇ ਗੁੰਗੇ ਨੂੰ ਹਰਾ ਦਿਤਾ। ਕਰੈਮਰ ਦਾ ਆਪਣਾ ਦਾਅ ਸੀ, ਉਹ ਬਾਹਾਂ ਉਤਾਂਹ ਚੁੱਕ ਲੈਂਦਾ ਤਾਂ ਕਿ ਵਿਰੋਧੀ ਪਹਿਲਵਾਨ ਉਹਨੂੰ ਜੱਫਾ ਮਾਰੇ। ਜੱਫਾ ਵੱਜਦੇ ਸਾਰ ਉਹ ਬੜੀ ਫੁਰਤੀ ਨਾਲ ਘੁੰਮ ਕੇ ਢਾਕ-ਦਾਅ ਮਾਰ ਕੇ ਸੁੱਟ ਲੈਂਦਾ।
ਜਦੋਂ ਪੂਰਨ ਨਾਲ ਕੁਸ਼ਤੀ ਹੋਣ ਲੱਗੀ ਤਾਂ ਕਰੈਮਰ ਨੇ ਉਹੀ ਦਾਅ ਮਾਰਨ ਲਈ ਬਾਹਾਂ ਉਤਾਂਹ ਚੁੱਕ ਲਈਆਂ। ਪੂਰਨ ਨੇ ਸਮਝ ਤੋਂ ਕੰਮ ਲਿਆ ਤੇ ਜੱਫਾ ਨਾ ਮਾਰਿਆ ਸਗੋਂ ਹੌਲੀ ਹੌਲੀ ਬਾਹਾਂ ਖਿੱਚ ਕੇ ਇਕ ਹੱਥ ਉਹਦੇ ਲੰਗੋਟ ਤੇ ਦੂਜਾ ਉਹਦੀ ਗਰਦਨ ਨੂੰ ਪਾ ਕੇ ਜ਼ਮੀਨ ‘ਤੇ ਲਿਟਾ ਲਿਆ। 29 ਮਿੰਟ ਕੁਸ਼ਤੀ ਚੱਲੀ ਤੇ ਕਰੈਮਰ ਪਾਣੀ ਮੰਗਣ ਲੱਗ ਪਿਆ। ਉਥੇ ਪਾਣੀ ਪੀਣ ਦੀ ਇਜ਼ਾਜਤ ਨਹੀਂ ਸੀ। ਅਖੀਰ ਕਰੈਮਰ ਨੇ ਹਾਰ ਮੰਨ ਲਈ।
ਇਤਿਹਾਸਕ ਤੇ ਤਕੜੀਆਂ ਕੁਸ਼ਤੀਆਂ ਵੇਖ ਕੇ ਰਾਜੇ ਨੇ ਪੂਰਨ ਨੂੰ ਇਨਾਮਾਂ ਨਾਲ ਮਾਲੋ-ਮਾਲ ਕਰ ਦਿਤਾ। ਕੈਂਠਾ, ਕੜਿਆਂ ਦੀ ਜੋੜੀ ਤੇ 5 ਹਜ਼ਾਰ ਰੁਪਿਆ ਇਨਾਮ ਵਜੋਂ ਦਿਤਾ। ਜਿੱਤ ਦੀ ਖੁਸ਼ੀ ਵਿਚ ਰਾਜੇ ਨੇ ਸ਼ਾਮ ਨੂੰ ਪਾਰਟੀ ਕੀਤੀ। ਰਾਜੇ ਨੇ ਕਿਹਾ ਕਿ ਉਹਨੇ ਉਹਦੀ ਰਿਆਸਤ ਦਾ ਨਾਂ ਰੌਸ਼ਨ ਕੀਤਾ ਹੈ, ਜੋ ਵੀ ਮੰਗਣਾ, ਮੰਗੇ। ਪੂਰਨ ਨੇ ਕਿਹਾ, “ਜੋ ਵੀ ਭੇਟ ਕਰੋਗੇ, ਮਨਜ਼ੂਰ ਹੈ।” ਰਾਜੇ ਨੇ ਵਜ਼ੀਰ ਨੂੰ ਸੱਦ ਕੇ ਦੋ ਪੱਗਾਂ ਮੰਗਵਾਈਆਂ, ਇਕ ਆਪਣੇ ਸਿਰ ਅਤੇ ਦੂਜੀ ਪੂਰਨ ਦੇ ਸਿਰ ‘ਤੇ ਰੱਖਦਿਆਂ ਕਿਹਾ, ਅੱਜ ਤੋਂ ਆਪਾਂ ਪੱਗ-ਵੱਟ ਭਰਾ ਹੋਏ।
ਪੂਰਨ ਨੇ ਗਾਮੇ ਦੇ ਅਖਾੜੇ ਦੇ ਤਕੜੇ ਮੱਲ ਗੋਸਾ ਪਹਿਲਵਾਨ ਨੂੰ ਢਾਹਿਆ। ਬਦਲਾ ਲੈਣ ਲਈ ਗਾਮੇ ਹੁਰੀਂ ਪੂਰਨ ਨੂੰ ਢਾਹੁਣ ਲਈ ਕੋਈ ਤਕੜਾ ਮੱਲ ਲੱਭਣ ਲੱਗ ਪਏ। ਪਹਿਲਵਾਨ ਰਣਜੀਤ ਢਿਲਵਾਂ ਨੂੰ ਤਿਆਰ ਕੀਤਾ ਗਿਆ ਜੋ ਵਿਦੇਸ਼ਾਂ ਵਿਚ ਘੁੱਲ ਕੇ ਆਇਆ ਸੀ। ਗਾਮੇ ਹੋਰਾਂ ਨੇ ਸਾਜਿਸ਼ ਰਚ ਕੇ ਰਣਜੀਤ ਦੀ ਇਕ ਕੁਸ਼ਤੀ ਪੂਰਨ ਨਾਲ ਰਖਾ ਦਿਤੀ। ਮੇਜਰ ਮਹਿੰਦਰ ਸਿੰਘ ਵੀ ਉਥੇ ਮੌਜੂਦ ਸੀ। ਪੂਰਨ ਨੇ ਦਾਅ ਮਾਰ ਕੇ ਰਣਜੀਤ ਥੱਲੇ ਸੁੱਟ ਲਿਆ ਤੇ ਉਹਦੀ ਧੌਣ ‘ਤੇ ਗੋਡਾ ਰੱਖ ਲਿਆ। ਰੈਫਰੀ ਉਨ੍ਹਾਂ ਦੀ ਮਦਦ ਕਰਨ ਲੱਗ ਪਿਆ ਤੇ ਧੌਣ ‘ਤੇ ਗੋਡਾ ਰੱਖਣ ਨੂੰ ਫਾਊਲ ਦੱਸਣ ਲੱਗ ਪਿਆ। ਪਹਿਲਵਾਨ ਗਾਮਾ ਵੀ ਇਹ ਕੁਸ਼ਤੀ ਵੇਖ ਰਿਹਾ ਸੀ। ਮੇਜਰ ਮਹਿੰਦਰ ਸਿੰਘ ਪੂਰਨ ਦੀ ਹਮਾਇਤ ‘ਚ ਉਠ ਖੜਾ ਹੋਇਆ ਤੇ ਗਾਮੇ ਨੂੰ ਪੁੱਛਿਆ ਕਿ ਕੀ ਕੁਸ਼ਤੀ ਵਿਚ ਧੌਣ ‘ਤੇ ਗੋਡਾ ਰੱਖਣਾ ਫਾਊਲ ਹੈ? ਗਾਮੇ ਨੂੰ ਮਜਬੂਰਨ ‘ਨਹੀਂḔ ਕਹਿਣਾ ਪਿਆ ਤੇ ਕੁਸ਼ਤੀ ਦੁਬਾਰਾ ਸ਼ੁਰੂ ਹੋਈ। ਪੂਰਨ ਨੇ ਫਿਰ ਉਹੀ ਦਾਅ ਮਾਰ ਕੇ ਧੌਣ ‘ਤੇ ਗੋਡਾ ਰੱਖ ਲਿਆ ਤੇ ਰਣਜੀਤ ਨੂੰ ਬੁਰੀ ਤਰ੍ਹਾਂ ਹਰਾਇਆ। ਪੂਰਨ ਗਾਮੇ ਦੇ ਭਾਣਜੇ ਹਮੀਦੇ ਪਹਿਲਵਾਨ ਨੂੰ ਘੁੱਲਣ ਲਈ ਲਲਕਾਰਦਾ ਰਿਹਾ ਪਰ ਉਹ ਟਾਲਾ ਵੱਟਦੇ ਰਹੇ ਤਾਂ ਕਿ ਮਹਾਰਾਜਾ ਪਟਿਆਲੇ ਦੀ ਰਿਆਸਤ ਵਿਚ ਉਨ੍ਹਾਂ ਦੀ ਝੰਡੀ ਬਣੀ ਰਹੇ।
ਫਰੀਦਕੋਟ ਦੇ ਰਾਜੇ ਨੇ ਕੁਸ਼ਤੀਆਂ ਕਰਵਾਈਆਂ। ਉਥੇ ਪੂਰਨ ਨੇ ਤਰਗਾ ਦੇ ਸੱਤ ਫੁੱਟ ਉਚੇ ਤਕੜੇ ਪਹਿਲਵਾਨ ਮੰਗਲ ਨੂੰ ਢਾਹਿਆ। ਪੂਰਨ ਦੀਆਂ ਦੋ ਧੌਲਾਂ ਨਾਲ ਉਹ ਨਿਢਾਲ ਹੋ ਗਿਆ ਸੀ। ਪੂਰਨ ਜਿੱਤ ਦਾ ਦਾਵੇਦਾਰ ਬਣਿਆ। ਰਾਜਾ ਆਪਣੇ ਰਿਆਸਤੀ ਪਹਿਲਵਾਨ ਦਾ ਜ਼ੋਰ ਵੇਖਣਾ ਚਾਹੁੰਦਾ ਸੀ। ਰਾਜਾ ਰੋਜ਼ ਅਖਾੜੇ ਕੋਲ ਜਾ ਕੇ ਬਹਿ ਜਾਂਦਾ। ਬਿਹਾਰ ਦਾ ਨਾਮੀ ਪਹਿਲਵਾਨ ਜਗਦੀਸ਼ ਰੋਜ਼ਾਨਾ ਅਖਾੜੇ ਵਿਚ ਜ਼ੋਰ ਕਰਨ ਆਉਂਦਾ। ਜਗਦੀਸ਼ ਪੂਰਨ ਦੇ ਧੌਲਾਂ ਮਾਰਦਾ ਰਹਿੰਦਾ। ਇਕ ਦਿਨ ਰਾਜੇ ਨੇ ਕਿਹਾ ਕਿ ਉਹ ਤੇਰੇ ਹਰ ਵੇਲੇ ਧੌਲਾਂ ਮਾਰਦਾ ਰਹਿੰਦਾ ਹੈ, ਤੂੰ ਕਿਉਂ ਨਹੀਂ ਮਾਰਦਾ? ਰਾਜੇ ਦੇ ਕਹਿਣ ‘ਤੇ ਪੂਰਨ ਨੇ ਐਸੀ ਧੌਲ ਮਾਰੀ ਕਿ ਉਹ ਥਾਂਏਂ ਡਿੱਗ ਪਿਆ ਤੇ ਉਹਨੂੰ ਚੁੱਕ ਕੇ ਅਖਾੜੇ ‘ਚੋਂ ਬਾਹਰ ਕੱਢਿਆ ਗਿਆ। ਉਹਦੇ ਨਾਲ ਦੇ ਪਹਿਲਵਾਨ ਕਹਿ ਰਹੇ ਸਨ, “ਸਾਲੇ ਪੰਜਾਬੀ ਨੇ ਹਮਾਰਾ ਪਹਿਲਵਾਨ ਮਾਰ ਦੀਆ।”
ਪੂਰਨ ਤੜਕੇ 2 ਵਜੇ ਉਠ ਖੜਦਾ ਤੇ ਕਸਰਤ ਸ਼ੁਰੂ ਕਰ ਦਿੰਦਾ। ਉਹਦਾ ਕਹਿਣਾ ਸੀ ਕਿ ਤਕੜੇ ਮੱਲ ਢਾਹੁਣ ਲਈ ਸਵੇਰੇ 4 ਵਜੇ ਦੀ ਥਾਂ 2 ਵਜੇ ਉਠਣਾ ਚਾਹੀਦੈ ਤਾਂ ਜੋ ਹੋਰ ਮਿਹਨਤ ਕੀਤੀ ਜਾ ਸਕੇ। 4-5 ਕਿਲੋਮੀਟਰ ਰੋਜ਼ਾਨਾ ਦੌੜਨਾ, ਕੋਈ 2000 ਬੈਠਕਾਂ ਮਾਰਨੀਆਂ, ਅਖਾੜੇ ‘ਚ ਕਈ ਕਈ ਪਹਿਲਵਾਨਾਂ ਨਾਲ ਜੋਰ ਕਰਨਾ, ਫਿਰ ਮਾਲਸ਼ ਕਰਾਉਣੀ ਤੇ ਰੋਟੀ ਖਾ ਕੇ ਸੌਂ ਜਾਣਾ। ਸ਼ਾਮ ਨੂੰ ਤਿੰਨ ਵਜੇ ਫਿਰ ਉਠਣਾ ਤੇ ਹੱਥਾਂ ਹੇਠ ਇੱਟਾਂ ਰੱਖ ਕੇ 2500 ਡੰਡ ਮਾਰਨੇ। ਤਿੰਨ ਤੋਂ ਸੱਤ ਵਜੇ ਤੱਕ ਡੰਡ ਮਾਰੀ ਜਾਣੇ।
ਇਕ ਵਾਰ ਕਿਸੇ ਨੇ ਰਾਜੇ ਨੂੰ ਦੱਸ ਦਿਤਾ ਕਿ ਉਨ੍ਹਾਂ ਦੇ ਰਾਜ ਦਾ ਪਹਿਲਵਾਨ ਮਿਹਨਤ ਬਹੁਤ ਕਰਦਾ ਹੈ। ਰਾਜੇ ਨੂੰ ਯਕੀਨ ਨਾ ਆਵੇ। ਬਾਗ ਵਿਚ ਬਣੇ ਅਖਾੜੇ ਵਿਚ ਪਹਿਲਵਾਨ ਮਿਹਨਤ ਲਾਉਣ ਲੱਗ ਪਿਆ। ਜਦੋਂ ਨੂੰ ਰਾਜਾ ਕਾਰ ਲੈ ਕੇ ਆ ਗਿਆ। ਕੁਝ ਦੇਰ ਠਹਿਰਨ ਤੋਂ ਬਾਅਦ ਰਾਜਾ ਉਥੋਂ ਚਲਾ ਗਿਆ। ਰਾਜਾ ਫਿਰ ਆ ਗਿਆ। ਪਹਿਲਵਾਨ ਉਦੋਂ ਵੀ ਮਿਹਨਤ ਲਾ ਰਿਹਾ ਸੀ। ਇਸ ਤਰ੍ਹਾਂ ਰਾਜੇ ਨੇ ਤਿੰਨ ਚੱਕਰ ਲਾਏ ਤੇ ਪਹਿਲਵਾਨ ਡੰਡ ਮਾਰਦਾ ਰਿਹਾ। ਖੁਸ਼ ਹੋ ਕੇ ਰਾਜੇ ਨੇ ਉਹਦੀ ਖੁਰਾਕ ਵਧਾ ਦਿਤੀ ਤੇ ਹੋਰ ਮਾਣ ਸਨਮਾਨ ਦਿਤਾ।
ਪੂਰਨ 4 ਕਿਲੋ ਮੀਟ ਦੀ ਰੋਜ਼ਾਨਾ ਯੱਖਣੀ ਪੀਂਦਾ। ਮੀਟ ਸਵੇਰੇ ਅੱਗ ‘ਤੇ ਰਿਝਣਾ ਰੱਖ ਦੇਣਾ ਤੇ ਸਾਰਾ ਦਿਨ ਰਿਝਦਾ ਰਹਿੰਦਾ। ਉਨ੍ਹੀਂ ਦਿਨੀਂ ਇਕ ਰੁਪਏ ਦੇ 8 ਮੁਰਗੇ ਆ ਜਾਂਦੇ ਸਨ। 10 ਛਟਾਂਕ ਦੇਸੀ ਘਿਓ ਦਾ ਗਲਾਸ ਤੇ ਅੱਧਾ ਕਿਲੋ ਬਦਾਮਾਂ ਦੀ ਰੋਜਾਨਾ ਸ਼ਰਦਈ ਪੀਂਦਾ। 2 ਵਕਤ 4-4 ਭਾਰੀਆਂ ਰੋਟੀਆਂ ਖਾਂਦਾ ਤੇ ਫਲ-ਫਰੂਟ ਵੱਖਰਾ। ਯੱਖਣੀ ਪੀ ਕੇ ਮਿਹਨਤ ਸ਼ੁਰੂ ਕਰ ਦੇਣੀ ਤੇ ਕਈ ਕਈ ਘੰਟੇ ਲੱਗਾ ਰਹਿੰਦਾ। ਪਸੀਨਾ ਪਾਣੀ ਵਾਂਗ ਵਹਿ ਤੁਰਦਾ। ਇਹ ਸਾਰੀਆਂ ਗੱਲਾਂ ਸਠਿਆਲੇ ਵਾਲੇ ਕਰਮੇ ਨੇ ਉਹਦੇ ਬੇਟੇ ਜੈ ਸਿੰਘ ਨੂੰ ਦੱਸੀਆਂ। ਕਈ ਕਈ ਦਿਨ ਉਹ ਉਹਦੇ ਕੋਲ ਆ ਕੇ ਰਹਿ ਜਾਂਦਾ।
ਪੂਰਨ ਨੇ ਤੋਲਾਵਾਲ ਦੇ ਚੰਨਣ ਪਹਿਲਵਾਨ ਤੋਂ ਪਹਿਲਵਾਨੀ ਸਿੱਖੀ। ਪਹਿਲਾਂ ਕਈ ਉਸਤਾਦ ਧਾਰੇ ਪਰ ਉਹ ਸਾਰੇ ਖਾ-ਪੀ ਕੇ ਪਾਸੇ ਹੋ ਜਾਂਦੇ ਰਹੇ। ਚੰਨਣ ਨੇ ਉਹਦੀ ਕੁਸ਼ਤੀ-ਕਲਾ ਵੇਖੀ। ਕੁਸ਼ਤੀ ਦੇ ਹੋਰ ਦਾਅ-ਪੇਚ ਦੱਸੇ ਤੇ ਪਹਿਲਵਾਨੀਂ ‘ਚ ਹੋਰ ਨਿਖਾਰ ਲਿਆਂਦਾ।
ਪੂਰਨ ਪਹਿਲਵਾਨ ਨੇ ਆਪਣੇ ਸਹੁਰੇ ਪਿੰਡ ਛਾਂਜਲੀ ਨੂੰ ਬੜਾ ਮਾਣ ਬਖਸ਼ਿਆ। ਛਾਂਜਲੀ ਦੇ ਰੋਹੀ ਰਾਮ ਤੇ ਜਮਾਂਦਾਰ ਖਾਂ ਤਕੜੇ ਸ਼ਾਗਿਰਦ ਬਣਾਏ। ਕਰਮ ਸਿੰਘ ਸਠਿਆਲਾ ਵੀ ਪੂਰਨ ਪਹਿਲਵਾਨ ਦਾ ਆਸ਼ੀਰਵਾਦ ਲੈ ਕੇ ਤਕੜਾ ਮੱਲ ਬਣਿਆ। ਸੰਗਰੂਰ ਕੋਲ ਛਾਂਜਲੀ ਪੂਰਨ ਦੇ ਸਹੁਰੇ ਯਾਨਿ ਜੈ ਸਿੰਘ ਦੇ ਨਾਨਕੇ ਸਨ। 1982 ਵਿਚ ਜਮਾਂਦਾਰ ਖਾਂ ਪਾਕਿਸਤਾਨੋਂ ਆਪਣੇ ਉਸਤਾਦ ਦੇ ਬੇਟੇ ਜੈ ਸਿੰਘ ਨੂੰ ਸਪੈਸ਼ਲ ਮਿਲਣ ਆਇਆ। ਉਹ ਕਈ ਦਿਨ ਉਹਦੇ ਕੋਲ ਰਿਹਾ ਤੇ ਉਸਤਾਦ ਨਾਲ ਬਿਤਾਏ ਪਲ ਯਾਦ ਕਰ ਕਰ ਕੇ ਮਨ ਭਰਦਾ ਰਿਹਾ। ਉਹ ਗਾਮੇ ਦੇ ਅਖਾੜੇ ਦੇ ਤਕੜੇ ਪਹਿਲਵਾਨ ਭੋਲੂ ਨਾਲ ਬਰਾਬਰ ਰਿਹਾ ਸੀ। ਉਸ ਤੋਂ ਪਹਿਲਾਂ ਪਹਿਲਵਾਨ ਖੜਕੇ ਨੂੰ ਢਾਹ ਚੁਕਾ ਸੀ।
ਪੂਰਨ ਪਹਿਲਵਾਨ ਦੇ ਗੋਰਖਪੁਰ ਅਤੇ ਯੂæਪੀæ ਦੇ ਸ਼ਹਿਰ ਉਟਾਵੇ ਵਿਚ ਅਖਾੜੇ ਸਨ। ਉਟਾਵੇ ਵਾਲੇ ਲਾਲੇ ਤੇ ਹੋਰ ਲੋਕ ਬੜੀ ਸੇਵਾ ਤੇ ਕਦਰ ਕਰਦੇ। ਸ਼ਹਿਰ ਦੇ ਲਾਲਿਆਂ ਨੇ ਇਕ ਵਾਰ ਪੂਰਨ ਨੂੰ ਦੱਸਿਆ ਕਿ ਉਹ ਕੁਝ ਬਦਮਾਸ਼ਾਂ ਦੇ ਗਿਰੋਹ ਤੋਂ ਬਹੁਤ ਦੁਖੀ ਹਨ ਜੋ ਉਨ੍ਹਾਂ ਕੋਲੋਂ ਜਬਰਨ ਪੈਸੇ ਉਗਰਾਹੁੰਦਾ ਹੈ। ਪੂਰਨ ਨੇ ਨਾਲ ਦੇ ਪਹਿਲਵਾਨਾਂ ਨਾਲ ਗੱਲ ਕੀਤੀ। ਦੂਜੇ ਪਹਿਲਵਾਨ ਡਰਦੇ ਸਨ ਕਿ ਬੇਗਾਨੇ ਸ਼ਹਿਰ ਵਿਚ ਕਾਹਨੂੰ ਪੰਗਾ ਲੈਣਾ! ਪੂਰਨ ਨੇ ਮਿਹਣਾ ਮਾਰਿਆ ਕਿ ਸ਼ਹਿਰ ਦੇ ਲਾਲੇ ਤੇ ਹੋਰ ਲੋਕ ਉਨ੍ਹਾਂ ਦੀ ਹਰ ਤਰ੍ਹਾਂ ਨਾਲ ਮਦਦ ਕਰਦੇ ਹਨ, ਖਾਣ-ਪੀਣ ਨੂੰ ਖੁਲ੍ਹਾ ਦਿੰਦੇ ਹਨ, ਉਨ੍ਹਾਂ ਦਾ ਖਾ-ਪੀ ਕੇ ਹਰਾਮ ਕਰਨਾ ਕਿਹੜੀ ਭਲਵਾਨੀ ਹੈ? ਸਾਰੇ ਪਹਿਲਵਾਨ ਮਗਰ ਹੋ ਗਏ ਤੇ ਪੂਰਨ ਪਹਿਲਵਾਨ ਮੂਹਰੇ ਮੂਹਰੇ। ਮਾਰ ਮਾਰ ਡਾਂਗਾਂ ਸਾਰੇ ਬਦਮਾਸ਼ ਭਜਾ ਦਿੱਤੇ।
ਪੂਰਨ ਪਿੰਡ ‘ਚ ਵੀ ਕਿਸੇ ਨਾਲ ਵਧੀਕੀ ਨਹੀਂ ਸੀ ਹੋਣ ਦਿੰਦਾ। ਹਮੇਸ਼ਾ ਮਾੜੇ, ਮਜਲੂਮ ਦਾ ਪੱਖ ਪੂਰਦਾ। ਪਿੰਡ ‘ਚੋਂ ਕਈ ਵਾਰ ਡਾਕੂ ਭਜਾਏ। ਸੰਨ 1947 ਦੀ ਵੰਡ ਵੇਲੇ ਉਹਦੇ ਸ਼ਾਗਿਰਦ ਜਮਾਂਦਾਰ ਖਾਂ ਨੂੰ ਪਿੰਡ ਵਾਲਿਆਂ ਨੇ ਜਵਾਨ ਬੇਟੀਆਂ ਤੇ ਸਾਰੇ ਪਰਿਵਾਰ ਨੂੰ ਚੁਬਾਰੇ ‘ਚ ਬੰਦ ਕਰ ਦਿਤਾ। ਜਾਂ ਤਾਂ ਉਹ ਧਰਮ ਬਦਲ ਲਵੇ ਜਾਂ ਮਰਨ ਲਈ ਤਿਆਰ ਹੋ ਜਾਵੇ। ਪੂਰਨ ਨੂੰ ਪਤਾ ਲੱਗਾ ਤਾਂ ਆਪਣੇ ਕਈ ਸਾਥੀਆਂ ਸਮੇਤ ਰਫਲਾਂ ਲੈ ਕੇ ਜਮਾਂਦਾਰ ਖਾਂ ਦੇ ਬਰਾਬਰ ਜਾ ਖੜਾ ਹੋਇਆ। ਬੜੇ ਅਦਬ ਨਾਲ ਚੁਬਾਰੇ ਵਿਚੋਂ ਕੱਢ ਕੇ ਪਰਿਵਾਰ ਤੇ ਸਮਾਨ ਸਮੇਤ ਗੱਡੇ ‘ਤੇ ਬਿਠਾਇਆ। ਆਸੇ ਪਾਸੇ ਦੋ ਦੋ ਘੋੜਿਆਂ ਵਾਲੇ ਲਾ ਕੇ ਬੜੀ ਜ਼ਿੰਮੇਵਾਰੀ ਨਾਲ ਸੰਗਰੂਰ ਕੈਂਪ ਵਿਚ ਛੱਡ ਕੇ ਆਏ।
ਪੂਰਨ ਦੀ ਸਭ ਤੋਂ ਲੰਬੀ ਢਾਈ ਘੰਟੇ ਦੀ ਕੁਸ਼ਤੀ ਚਾਂਦ ਖਾਂ ਨਾਲ ਹੋਈ। ਚਾਂਦ ਤੋਂ ਇਲਾਵਾ ਯਾਦਗਾਰੀ ਕੁਸ਼ਤੀਆਂ ਲਾਲਾ ਰਾਜ, ਮੂਸਾ, ਸੋਹਣ ਸਿੰਘ, ਅਰਜਣ ਢੋਟੀਆਂ, ਗੋਸਾ ਵਰਗੇ ਤਕੜੇ ਪਹਿਲਵਾਨਾਂ ਨਾਲ ਹੋਈਆਂ। 1932 ਤੋਂ 1957 ਤੱਕ ਪੂਰਨ ਰਾਜੇ ਦੀ ਰਿਆਸਤ ਵਿਚ ਘੁਲਦਾ ਰਿਹਾ। ਤਕੜੇ ਤਕੜੇ ਮੱਲਾਂ ਨੂੰ ਢਾਹਿਆ। ਰਾਜਾ ਉਹਦੀ ਪਹਿਲਵਾਨੀ ਦਾ ਕਾਇਲ ਸੀ। ਰਾਜੇ ਨੇ ਪੂਰਨ ਨੂੰ ਕਹਿ ਦਿਤਾ ਸੀ ਕਿ ਉਹਦੇ ਪਰਿਵਾਰ, ਪਿੰਡ, ਰਿਸ਼ਤੇਦਾਰ ਅਤੇ ਦੋਸਤ-ਮਿੱਤਰ ਜਿੰਨੇ ਵੀ ਮੈਂਬਰ ਹਨ, ਉਹਦੇ ਰਾਜ ਵਿਚ ਆ ਕੇ ਬੇਝਿਜਕ ਰਹਿ ਸਕਦੇ ਹਨ, ਉਹ ਉਨ੍ਹਾਂ ਦੀ ਹਰ ਤਰ੍ਹਾਂ ਨਾਲ ਮਦਦ ਕਰੇਗਾ। ਪਰ ਪੂਰਨ ਮੰਨਿਆ ਨਾ। ਉਹਦਾ ਕਹਿਣਾ ਸੀ ਕਿ 30 ਸਾਲ ਦੀ ਉਮਰ ਤੱਕ ਜਿੰਨਾ ਮਰਜੀ ਜੋਰ ਵਧਾ ਲਓ। 40 ਸਾਲ ਤੱਕ ਸਰੀਰ ਨੂੰ ਕਾਇਮ ਰੱਖਿਆ ਜਾ ਸਕਦਾ ਹੈ। 40 ਸਾਲ ਤੋਂ ਬਾਅਦ ਸਰੀਰ ਕੁਦਰਤੀ ਪਿਛੇ ਮੁੜਨ ਲੱਗ ਪੈਂਦਾ ਹੈ। ਉਹ 50-55 ਸਾਲ ਘੁਲਿਆ ਤੇ 6 ਮਾਰਚ 1977 ਨੂੰ ਪੂਰਾ ਹੋ ਗਿਆ। ਸਰੀਰ ਬਿਲਕੁਲ ਠੀਕ ਸੀ। ਦਰਦ ਵਗੈਰਾ ਕੁਛ ਨਹੀਂ ਹੋਇਆ।
ਮਾਤਾ ਇੰਦ ਕੌਰ ਤੇ ਪਿਤਾ ਕਾਕਾ ਸਿੰਘ ਦੇ ਬੇਟੇ ਪਹਿਲਵਾਨ ਪੂਰਨ ਸਿੰਘ ਨੇ ਜਿੰਨਾ ਚਿਰ ਕੁਸ਼ਤੀ ਕੀਤੀ, ਬੜੇ ਦਮ ਤੇ ਜੋਸ਼-ਖਰੋਸ਼ ਨਾਲ ਕੀਤੀ। ਪੈਰਾਂ ਵਿਚ ਬੜੀ ਫੁਰਤੀ। ਹਮੇਸ਼ਾ ਪੱਬਾਂ ਭਾਰ ਹੀ ਰਹਿੰਦਾ ਤੇ ਘੁੱਲਦਾ। ਪੂਰਨ ਨੇ ਸੰਗਰੂਰ ਨੂੰ ਪਹਿਲਵਾਨੀ ਵਿਚ ਵੱਖਰਾ ਮੁਕਾਮ ਬਖਸ਼ਿਆ। ਸ਼ਹਿਰਾਂ-ਬਾਜ਼ਾਰਾਂ, ਦਰਬਾਰਾਂ ਵਿਚ ਗੱਲਾਂ ਹੋਈਆਂ। ਲੁਧਿਆਣੇ ਕਿਸੇ ਵਿਆਹ ਸਮਾਗਮ ਵਿਚ ਸੰਗਰੂਰ ਦਾ ਨਿਊਜੀਲੈਂਡ ਰਹਿੰਦਾ ਜਗਦੇਵ ਸਿੰਘ ਮਿਲਿਆ ਤੇ ਲਾਹੌਰ ਦੇ ਸ਼ਾਹ ਤੋਂ ਪੂਰਨ ਦੀ ਪਹਿਲਵਾਨੀ ਦੀਆਂ ਬਾਤਾਂ ਸੁਣੀਆਂ।
1940 ਦੇ ਕਰੀਬ ਉਹਦਾ ਦੂਜਾ ਵਿਆਹ ਜਗੀਰ ਕੌਰ ਨਾਲ ਹੋਇਆ। ਪਹਿਲੀ ਘਰ ਵਾਲੀ ਦੀ ਮੌਤ ਹੋ ਗਈ ਸੀ। ਦੂਜੇ ਵਿਆਹ ਤੋਂ ਇਕ ਬੇਟਾ ਤੇ ਤਿੰਨ ਬੇਟੀਆਂ ਨੇ ਜਨਮ ਲਿਆ। ਬੇਟੇ ਜੈ ਸਿੰਘ ਨੂੰ ਉਹ ਪਹਿਲਵਾਨ ਬਣਾਉਣਾ ਚਾਹੁੰਦਾ ਸੀ। ਕੁਸ਼ਤੀਆਂ ਵੇਲੇ ਉਹ ਉਹਨੂੰ ਵੀ ਨਾਲ ਲੈ ਜਾਂਦਾ ਪਰ ਜੈ ਸਿੰਘ ਪੜ੍ਹਾਈ ਵੱਲ ਨੂੰ ਹੋ ਗਿਆ। ਉਹ ਮਾਨਸਾ ‘ਚ ਉਦੋਂ ਬਿਜਲੀ ਬੋਰਡ ਦਾ ਐਸ਼ਡੀæਓæ ਸੀ ਜਦੋਂ ਪਿਤਾ ਦੀ ਮੌਤ ਹੋਈ। ਉਹ ਐਡੀਸ਼ਨਲ ਸੁਪਰਡੈਂਟ ਇੰਜੀਨੀਅਰ ਵਜੋਂ ਰਿਟਾਇਰ ਹੋਇਆ। ਅੱਜ ਕੱਲ੍ਹ ਉਹ ਆਪਣੇ ਬੇਟੇ ਹਰਜਿੰਦ ਸਿੰਘ ਸਿੱਧੂ ਕੋਲ ਕੈਲੀਫੋਰਨੀਆ ਰਹਿੰਦਾ ਹੈ। ਰਾਏਪੁਰ ਡੱਬੀਏ ਗੁਰਮੀਤ ਸਿੰਘ ਸ਼ੇਰਗਿੱਲ ਨਾਲ ਪਿਤਾ ਦੀਆਂ ਪਹਿਲਵਾਨੀ ਬਾਤਾਂ ਪਾ ਕੇ ਮਨ ਰਾਜੀ ਕਰ ਛੱਡਦਾ ਹੈ। ਪੁੱਤ-ਬਹੂ ਦੋਵੇਂ ਦੰਦਾਂ ਦੇ ਡਾਕਟਰ ਹਨ। ਇਕ ਬੇਟੀ ਕੈਲੀਫੋਰਨੀਆ ਹੈ, ਦੂਜੀ ਆਸਟ੍ਰੇਲੀਆ। ਜ਼ਿੰਦਗੀ ਤੋਂ ਖੁਸ਼ ਤਾਂ ਹੈ ਪਰ ਇਕ ਗੱਲ ਜਰੂਰ ਮਹਿਸੂਸ ਕਰ ਰਿਹੈ ਕਿ ਉਸ ਨੂੰ ਪਹਿਲਵਾਨ ਬਣਨਾ ਚਾਹੀਦਾ ਸੀ। ਉਹ ਦੱਸਦਾ ਹੈ ਕਿ ਜਿਥੇ ਜਿਥੇ ਵੀ ਉਹ ਗਿਆ, ਉਹਨੂੰ ਅਫਸਰ ਕਰਕੇ ਨਹੀਂ, ਪਿਤਾ ਦੀ ਪਹਿਲਵਾਨੀ ਕਰਕੇ ਲੋਕ ਜਾਣਦੇ ਸਨ।
ਪਹਿਲਵਾਨ ਪੂਰਨ ਨੂੰ ਇਕ ਵਾਰ ਕਿਸੇ ਨੇ ਪੁੱਛਿਆ ਕਿ ਪਹਿਲਾਂ ਵਰਗੇ ਤਕੜੇ ਪਹਿਲਵਾਨ ਪੈਦਾ ਕਿਉਂ ਨਹੀਂ ਹੋ ਰਹੇ ਤਾਂ ਜਵਾਬ ਸੀ, “ਪਹਿਲਵਾਨੀ ਦਾ ਮਾਂ-ਪਿਓ ਮਰ ਗਿਆ ਯਾਨਿ ਪਹਿਲਵਾਨਾਂ ਨੂੰ ਪਾਲਣ ਵਾਲੇ ਰਾਜਿਆਂ ਦਾ ਰਾਜ ਖਤਮ ਹੋ ਗਿਐ।”
“ਪੁਰਾਣੇ ਜ਼ਮਾਨੇ ‘ਚ ਰਾਜੇ ਪਾਲਦੇ ਸੀ ਪਹਿਲਵਾਨਾਂ ਨੂੰ,
ਹੁਣ ਉਹ ਗੱਲ ਹੈ ਨਾ।
ਹਰ ਪਾਸੇ ਸਿਆਸਤ ਤੇ ਨਸ਼ਿਆਂ ਦਾ ਰਾਮ ਰੌਲਾ,
ਹੁਣ ਗੱਭਰੂ ਬੱਲ ਹੈ ਨਾ।
ਸਾਂਝੇ ਪੰਜਾਬ ਦੇ ਸ਼ੇਰਾਂ ਭਾਰਤ ਦਾ ਨਾਂ ਚਮਕਾਇਆ,
ਮੇਹਰਦੀਨ, ਸੁਖਵੰਤ, ਬੁੱਧੂ, ਬਿੱਲੇ ਜਿਹੇ ਮੱਲ ਹੈ ਨਾ।”