ਡਾæ ਗੁਰਬਖਸ਼ ਸਿੰਘ ਭੰਡਾਲ
ਫੋਨ: 216-556-2080
ਹਿਊਸਟਨ ਵਿਚ ਇਕ ਨਜਦੀਕੀ ਰਿਸ਼ਤੇਦਾਰ ਨਾਲ ਉਨ੍ਹਾਂ ਦੇ ਘਰ ਜਾ ਰਿਹਾ ਹਾਂ। ਅਚਾਨਕ ਕਾਰ ਨਡਾਲਾ ਡਰਾਈਵ ‘ਤੇ ਮੋੜ ਕੱਟਦੀ ਹੈ। ਮਨ ਵਿਚ ਇਕ ਦਮ ਸਰੂਰੀ ਖਿਆਲ ਉਪਜਦਾ ਏ। ਕੇਹਾ ਸ਼ਰਫ ਭਰਪੂਰ ਸਫਰ ਏ, ਕਪੂਰਥਲਾ ਦੇ ਪਿੰਡ ਨਡਾਲਾ ਤੋਂ ਹਿਊਸਟਨ ਦੀ ਨਡਾਲਾ ਡਰਾਈਵ ਤੀਕ ਦਾ। ਸੋਚ-ਉਡਾਣ ਪਿਛੇ ਪਰਤਦੀ ਏ। ਮਾਨ ਪਰਿਵਾਰ ਵਲੋਂ ਸਫਲਤਾ ਦੇ ਨਵੇਂ ਦਿਸਹੱਦੇ ਸਿਰਜਣ ਦੀ ਕਹਾਣੀ ਦੀਦਿਆਂ ਵਿਚ ਤਰਦੀ ਹੈ।
ਵੱਡਾ ਪਰਿਵਾਰ, ਪਿਤਾ ਦਾ ਸਿਰ ਤੋਂ ਉਠ ਚੁਕਿਆ ਸਾਇਆ ਅਤੇ ਪਰਿਵਾਰਕ ਜਿੰਮੇਵਾਰੀਆਂ ਦੇ ਬੋਝ ਥੱਲੇ ਜੀਵਨ-ਗੱਡੀ ਨੂੰ ਗਤੀ ਦਿੰਦੀ ਹੋਈ ਸਿਦਕਵਾਨ ਮਾਤਾ। ਨੇੜਲਿਆਂ ਦੀ ਆਰਥਿਕ ਮਦਦ ਅਤੇ ਉਨ੍ਹਾਂ ਦੀ ਹੌਂਸਲਾ ਅਫਜ਼ਾਈ ਸਦਕਾ, ਸਮਾਂ ਰੰਗ ਬਦਲਦਾ ਏ। ਵੱਡਾ ਲੜਕਾ ਵਿਆਹ ਕਰਵਾ ਕੇ ਅਮਰੀਕਾ ਪਹੁੰਚ ਜਾਂਦਾ ਹੈ ਅਤੇ ਹੌਲੀ ਹੌਲੀ ਸਾਰਾ ਪਰਿਵਾਰ ਅਮਰੀਕਾ ਵਿਚ ਪਹੁੰਚ ਕੇ ਮਿਹਨਤ, ਸਿਰੜ, ਪ੍ਰਤੀਬੱਧਤਾ ਅਤੇ ਵਿੱਤੀ ਵਸੀਲਿਆਂ ਨੂੰ ਸਿਰਜਣ ਦੀ ਸਾਧਨਾ ਦੌਰਾਨ ਆਪਣੀ ਨਿਵੇਕਲੀ ਪਛਾਣ ਬਣਾਉਣ ਵਿਚ ਮੋਹਰੀ ਬਣ ਬਹਿੰਦਾ ਹੈ।
ਮੇਰੀ ਸੁਰਤ ਪਰਤਦੀ ਹੈ ਜਦ ਅੱਖਾਂ ਮੂਹਰੇ ਸਿਰਜੇ ਸੁੰਦਰ ਸੱਚ ਨੂੰ ਦੇਖਦਾ ਹਾਂ। ਹਿਊਸਟਨ ਅਮਰੀਕਾ ਦਾ ਤੀਸਰਾ ਸਭ ਤੋਂ ਵੱਡਾ ਸ਼ਹਿਰ ਹੈ ਜਿਥੇ ਪੰਜਾਬੀਆਂ ਦੀ ਵੱਡੀ ਗਿਣਤੀ ਹੈ। ਸਾਨੂੰ ਪਰਦੇਸ ਵਿਚ ਪਰਵਾਸ ਹੰਢਾਉਂਦਿਆਂ ਸੂਹੀ ਅਤੇ ਸੱਚੀ ਪਛਾਣ ਸਿਰਜਣ ਲਈ ਭਾਈਚਾਰਕ ਕਾਰਜਾਂ ਵਿਚ ਮੋਹਰੀ ਭੂਮਿਕਾ ਨਿਭਾਉਂਦਿਆਂ ਧਰਤੀ ਨਾਲ ਜੁੜੇ ਰਹਿਣ ਦਾ ਧਰਮ ਵੀ ਪਾਲਣਾ ਪੈਂਦਾ ਏ। ਅਜਿਹਾ ਹੀ ਨਡਾਲਾ ਦੇ ਮਾਨ ਪਰਿਵਾਰ ਨੇ ਹਿਊਸਟਨ ਵਿਚ ਨਵੀਆਂ ਸਿਖਰਾਂ ਨੂੰ ਛੂੰਹਦਿਆਂ ਕੀਤਾ ਹੈ।
ਕਾਰ ਬਹੁਤ ਸੁੰਦਰ ਅਤੇ ਖੁਲ੍ਹੇ ਡੁੱਲ੍ਹੇ ਏਰੀਏ ਵਿਚ ਦਾਖਲ ਹੁੰਦੀ ਹੈ। ਇਥੇ ਮੋਰ ਬੋਲਦੇ ਨੇ ਅਤੇ ਪਰਿੰਦੇ ਗੁਟਕਦੇ ਨੇ। ਨਡਾਲਾ ਡਰਾਈਵ ‘ਤੇ ਚੜ੍ਹਦੇ ਸਾਰ ਇਕ ਝੀਲ ਤੁਹਾਡਾ ਸੁਆਗਤ ਕਰਦੀ ਹੈ। ਇਸ ਦੇ ਸਵੱਛ ਪਾਣੀਆਂ ਵਿਚ ਤੁਸੀਂ ਆਪਣਾ ਬਿੰਬ ਦੇਖ ਸਕਦੇ ਹੋ। ਤਰਦੀਆਂ ਬੱਤਖਾਂ ਨਾਲ ਸੰਵਾਦ ਰਚਾ ਸਕਦੇ ਹੋ ਅਤੇ ਇਸ ਝੀਲ ਦੀਆਂ ਮੱਛੀਆਂ, ਘਰਦਿਆਂ ਵਲੋਂ ਸੁੱਟੀ ਖੁਰਾਕ ਖਾਂਦੀਆਂ, ਤੁਹਾਡੀ ਮੂਕ ਗੱਲਬਾਤ ਦਾ ਹੁੰਗਾਰਾ ਵੀ ਭਰਦੀਆਂ ਨੇ।
ਨਡਾਲਾ ਡਰਾਈਵ ‘ਤੇ ਮੋਰਾਂ, ਖਰਗੋਸ਼ਾਂ, ਬੱਤਖਾਂ, ਬਗਲਿਆਂ ਅਤੇ ਪੰਛੀਆਂ ਦਾ ਰੈਣ-ਬਸੇਰਾ ਬਣਿਆ ਚੌਗਿਰਦਾ, ਇਕ ਦਮ ਕਪੂਰਥਲਾ ਦੇ ਸੈਨਿਕ ਸਕੂਲ ਵਿਚਲੇ ਮਾਹੌਲ ਦੀ ਯਾਦ ਤਾਜਾ ਕਰਵਾ ਦਿੰਦਾ ਏ ਜਿਥੇ ਮੋਰਾਂ ਦੀਆਂ ਕੂਕਾਂ, ਉਨ੍ਹਾਂ ਦੀਆਂ ਪੈਲਾਂ ਅਤੇ ਪਰਿੰਦਿਆਂ ਦੀ ਗੁਟਕਣੀ ਨੂੰ ਹੁਣ ਵੀ ਮਾਣਿਆ ਜਾ ਸਕਦਾ ਹੈ ਪਰ ਜੋ ਪਿੰਡਾਂ ‘ਚੋਂ ਪਰਵਾਸ ਕਰ ਚੁਕੀਆਂ ਨੇ।
ਵੱਡੇ ਵੱਡੇ ਘਰਾਂ ਵਾਲੇ ਇਸ ਏਰੀਏ ਵਿਚ ਤੁਹਾਡੇ ਸਵਾਗਤ ਲਈ ਉਚੇ ਲਹਿਰਾਉਂਦੇ ਟੈਕਸਾਸ ਸਟੇਟ ਅਤੇ ਅਮਰੀਕਾ ਦੇ ਕੌਮੀ ਝੰਡੇ ਤੁਹਾਨੂੰ ਸਲਾਮੀ ਦਿੰਦੇ ਹਨ। ਇਹ ਝੰਡੇ ਇਕ ਅਚੇਤ ਸੁਨੇਹਾ ਵੀ ਤੁਹਾਡੇ ਚਿੰਤਨ ਵਿਚ ਧਰ ਦਿੰਦੇ ਨੇ ਕਿ ਪਰਦੇਸਾਂ ਵਿਚ ਜੀਵਨ ਦੀ ਹਰ ਸਹੂਲਤ ਅਤੇ ਹਰ ਰੰਗ ਮਾਣ ਰਹੇ ਪੰਜਾਬੀ, ਉਸ ਧਰਤ ਦੇ ਬਹੁਤ ਸ਼ੁਕਰਗੁਜ਼ਾਰ ਵੀ ਹਨ ਅਤੇ ਇਸ ਨੂੰ ਬਹੁਤ ਪਿਆਰ ਕਰਦੇ ਨੇ ਜਿਸ ਨੇ ਉਨ੍ਹਾਂ ਨੂੰ ਧਨ-ਦੌਲਤ ਨਾਲ ਮਾਲੋ-ਮਾਲ ਕਰਕੇ ਇੱਜਤ ਅਤੇ ਸ਼ਹੁਰਤ ਵੀ ਬੇਪਨਾਹ ਬਖਸ਼ੀ ਹੈ। ਦਰਅਸਲ ਸ਼ੁਕਰਗੁਜ਼ਾਰੀ ਮਨੁੱਖ ਦਾ ਸਭ ਤੋਂ ਅਮੋਲਕ ਗੁਣ ਹੈ ਜੋ ਤੁਹਾਡੀਆਂ ਜੜ੍ਹਾਂ ਨੂੰ ਮਜਬੂਤ ਕਰਦੀ, ਤੁਹਾਨੂੰ ਉਚੇ ਅੰਬਰੀਂ ਉਡਦਿਆਂ ਵੀ ਨੀਂਵੇਂ ਰਹਿਣ ਦੀ ਜੁਗਤ ਅਤੇ ਜਰੂਰਤ ਦਾ ਅਹਿਸਾਸ ਕਰਵਾਉਂਦੀ ਏ। ਅਜਿਹੇ ਲੋਕ ਹੀ ਸਮੇਂ ਦੇ ਸਿਰਨਾਵੇਂ ਹੁੰਦੇ ਨੇ। ਮਾਨ ਪਰਿਵਾਰ ਇਸੇ ਨਿਰਮਾਣਤਾ ਕਰਕੇ ਨਡਾਲੇ ਦਾ ਮਾਣਮੱਤਾ ਨਾਮ ਏ।
ਕੋਈ 22 ਏਕੜ ਵਿਚ ਫੈਲੀ ਸਿਗਨੇਚਰ ਅਸਟੇਟ ਵਿਚ ਉਸਰੇ ਵੱਡੇ ਵੱਡੇ ਘਰ, ਪੰਜਾਬੀਆਂ ਦੀ ਕਿਰਤ ਕਮਾਈ ਦਾ ਮਾਣ ਬਣੇ, ਅਪਣੱਤ ਦਾ ਸੁੱਚਾ ਹਰਫ ਬਣ ਕੇ ਹਿਊਸਟਨ ਦੀ ਧਰਤ ਨੂੰ ਭਾਗ ਲਾ ਰਹੇ ਹਨ। ਮਾਨ ਪਰਿਵਾਰ ਦੇ ਸ਼ ਮਨੋਹਰ ਸਿੰਘ ਮਾਨ, ਸ਼ ਹਰਦੀਪ ਸਿੰਘ ਮਾਨ ਅਤੇ ਸਵਰਗਵਾਸੀ ਹਰਜਿੰਦਰ ਸਿੰਘ ਮਾਨ ਦੀ ਸਾਧਨਾ ਦਾ ਇਹ ਕੇਹਾ ਸ਼ਰਫ ਹੈ ਕਿ ਮਹਿਲ-ਨੁਮਾ ਤਿੰਨ ਘਰ, ਇਕ ਹੀ ਘਰ ਦਾ ਰੂਪ ਹਨ। ਤਿੰਨ ਪੀੜ੍ਹੀਆਂ ਤੱਕ ਫੈਲੇ ਹੋਏ ਇਹ ਤਿੰਨ ਪਰਿਵਾਰ, ਇਕ ਹੀ ਚੁੱਲੇ-ਚੌਂਕੇ ‘ਚੋਂ ਖਾਣਾ ਖਾ ਕੇ ਸਾਂਝੀ ਵਿਰਾਸਤੀ ਰੰਗਤ ਦਾ ਮਾਣ ਵਧਾ ਰਹੇ ਹਨ। ਅਜੋਕੇ ਸਮੇਂ ਵਿਚ ਜਦ ਨਵੀਂ ਪੀੜ੍ਹੀ ਨਿਜੀ ਆਜ਼ਾਦੀ ਦਾ ਪਰਚਮ ਲਹਿਰਾ ਕੇ ਵਡਿੱਤਣ ਦਾ ਫੋਕਾ ਭਰਮ ਪੈਦਾ ਕਰਨ ਵਿਚ ਰੁੱਝੀ ਹੋਈ ਹੈ ਤਾਂ ਉਸ ਸਮੇਂ ਸਾਂਝੇ ਪਰਿਵਾਰ ਦਾ ਇਹ ਇਕ ਅਨੂਠਾ ਮੁਜੱਸਮਾ ਹੈ। ਹਰ ਵਡੇਰਾ ਛੋਟੇ ਨੂੰ ਝਿੜਕ ਸਕਦਾ ਏ, ਲਾਡ ਲਡਾਉਂਦਾ ਏ ਅਤੇ ਉਸ ਦੇ ਮਾਪਿਆਂ ਤੋਂ ਇਲਾਵਾ ਬੱਚੇ ਦੀ ਜੇਬ ਖਰਚ ਦਾ ਖਜਾਨਾ ਵੀ ਬਣ ਸਕਦਾ ਏ। ਹਰ ਬੱਚੇ ਲਈ ਵੱਡਿਆਂ ਦਾ ਸਤਿਕਾਰ ਅਤੇ ਅਦਬ, ਉਨ੍ਹਾਂ ਦੀ ਜੀਵਨ-ਜਾਚ ਏ। ਉਨ੍ਹਾਂ ਲਈ ਆਪਣੇ ਬਜੁਰਗਾਂ ਦਾ ਹੁਕਮ ਅਲਹਾਮ ਏ ਅਤੇ ਉਹ ਇਸ ਅਲਹਾਮ ਵਿਚ ਬੱਝੇ ਜੀਵਨ ਦੀਆਂ ਸੱਚੀਆਂ-ਸੁੱਚੀਆਂ ਕਦਰਾਂ-ਕੀਮਤਾਂ ਦੇ ਚਸ਼ਮਦੀਦ ਗਵਾਹ ਨੇ। ਆਪਣੇ ਵਿਰਸੇ ਨਾਲ ਜੁੜਨਾ, ਸਿੱਖੀ ਸਰੂਪ ਵਿਚ ਰਹਿਣਾ, ਘਰ ਵਿਚ ਪੰਜਾਬੀ ਬੋਲਣੀ ਅਤੇ ਹਰ ਮਹਿਮਾਨ ਨੂੰ ਖੁਸ਼-ਆਮਦੀਦ ਕਹਿਣਾ, ਮਾਨ ਪਰਿਵਾਰ ਦੇ ਹਰ ਛੋਟੇ ਵੱਡੇ ਦੀ ਜੀਵਨ ਰੀਤ ਏ। ਘਰ ਦੀਆਂ ਸਵਾਣੀਆਂ ਸਵੇਰੇ ਉਠ ਕੇ ਗੁਰੂ ਗ੍ਰੰਥ ਸਾਹਿਬ ਤੋਂ ਮੁੱਖ ਵਾਕ ਲੈ ਕੇ ਦਿਨ ਦੀ ਸ਼ੁਰੂਆਤ ਕਰਦੀਆਂ ਨੇ। ਬੱਚਿਆਂ ਦਾ ਆਪਣੇ ਇਸ਼ਟ ਨੂੰ ਪੂਜਣਾ, ਇਕ ਧਰਮੀ ਕਰਮ ਏ ਅਤੇ ਉਹ ਇਹ ਧਰਮ ਹਰ ਰੋਜ਼ ਨਿੱਠ ਕੇ ਨਿਭਾਉਂਦੇ ਨੇ।
ਮਾਨ ਪਰਿਵਾਰ ਦੇ ਡੂੰਘੇ ਸਦਮੇ ਵਿਚ ਸ਼ਰੀਕ ਹੋਣ ਗਿਆ ਸਾਂ। ਸਮੁੱਚੇ ਪਰਿਵਾਰ ਵਿਚ ਆਪਸੀ ਪਿਆਰ, ਭਾਈਚਾਰਕ ਸਾਂਝ ਅਤੇ ਦੁੱਖ ਨੂੰ ਨਿਜੀ ਦੁੱਖ ਸਮਝਦਿਆਂ, ਇਸ ਦੀ ਪੀੜਾ ਨੂੰ ਹਰਨ ਕਰਨਾ ਬਾਖੂਬੀ ਆਉਂਦਾ ਏ। ਸ਼ ਹਰਜਿੰਦਰ ਸਿੰਘ ਮਾਨ ਦੀ ਅਚਨਚੇਤੀ ਮੌਤ ‘ਤੇ ਹਰ ਪਰਿਵਾਰਕ ਮੈਂਬਰ ਦੀਆਂ ਸਿਸਕੀਆਂ ਅਤੇ ਅੱਥਰੂਆਂ ਦੀ ਆਹਟ ਸੁਣਾਈ ਦਿੰਦੀ ਸੀ। ਸਮੁੱਚਾ ਭਾਈਚਾਰਾ ਨਮ ਅੱਖਾਂ ਨੂੰ ਸੰਤ-ਸੁਭਾ ਵਾਲੇ ‘ਜਿੰਦ’ ਮਾਨ ਨੂੰ ਆਖਰੀ ਅਲਵਿਦਾ ਕਹਿ ਰਿਹਾ ਸੀ। ਇਹ ਉਨ੍ਹਾਂ ਲੋਕਾਂ ਲਈ ਇਕ ਸਬਕ ਹੋ ਸਕਦਾ ਏ ਜਿਨ੍ਹਾਂ ਦਾ ਕਿਸੇ ਵੀ ਗਮ ‘ਚ ਹਿਰਦਾ ਨਹੀਂ ਪਸੀਜਦਾ ਅਤੇ ਅੱਖ ਕਦੇ ਵੀ ਨਮ ਨਹੀਂ ਹੁੰਦੀ।
ਸਾਰੇ ਬੱਚਿਆਂ ਦਾ ਪਾਪੂ (ਸਵਰਗੀ ਹਰਜਿੰਦਰ ਸਿੰਘ ਮਾਨ ਜੋ ਬੱਚਿਆਂ ਦਾ ਬਾਪ, ਚਾਚਾ ਜਾਂ ਤਾਇਆ ਨਹੀਂ ਸਗੋਂ ਪਾਪੂ ਸੀ), ਉਨ੍ਹਾਂ ਲਈ ਸਭ ਕੁਝ ਸੀ ਜਿਹੜਾ ਉਨ੍ਹਾਂ ਨਾਲ ਮਜ਼ਾਕ ਕਰ ਸਕਦਾ ਸੀ, ਹੱਸ ਸਕਦਾ ਸੀ, ਡਾਂਸ ਕਰਦਾ ਸੀ, ਸ਼ਰਾਰਤਾਂ ਕਰਦਾ ਸੀ ਅਤੇ ਉਨ੍ਹਾਂ ਦੀ ਹਰ ਲੋੜ ਨੂੰ ਪੂਰੀ ਕਰਨ ਲਈ ਹਰਦਮ ਹਾਜ਼ਰ ਰਹਿੰਦਾ ਸੀ। ਉਹ ਬਰਗਰ ਜਾਂ ਕੈਂਡੀ ਲੈਣ ਲਈ ਪਾਪੂ ਦੀ ਜੇਬ ਵਿਚੋਂ ਪੈਸੇ ਲੈ ਸਕਦੇ ਸਨ। ਦਰਅਸਲ ਪਾਪੂ ਨੇ ਅਚੇਤ ਰੂਪ ਵਿਚ ਬੱਚਿਆਂ ਨੂੰ ਸਾਂਝੇ ਪਰਿਵਾਰ ਦੀਆਂ ਨਿਆਮਤਾਂ ਤੇ ਬਰਕਤਾਂ ਅਤੇ ਵਿਰਾਸਤੀ ਗੁਣਾਂ ਨਾਲ ਇੰਨਾ ਮਾਲੋਮਾਲ ਕੀਤਾ ਹੋਇਆ ਏ ਕਿ ਉਨ੍ਹਾਂ ਨੂੰ ਸਾਂਝੇ ਪਰਿਵਾਰ ਵਿਚੋਂ ਹੀ ਆਪਣੇ ਆਪ ਨੂੰ ਪਰਿਭਾਸ਼ਤ ਕਰਨ, ਨਵੇਂ ਕੀਰਤੀਮਾਨ ਸਥਾਪਤ ਕਰਨ ਅਤੇ ਨਵੀਆਂ ਲੀਹਾਂ ਸਿਰਜਣ ਦੀ ਪ੍ਰੇਰਨਾ ਮਿਲ ਰਹੀ ਏ। ਯਾਦ ਰੱਖਣਾ! ਬੱਚੇ ਸਾਡੀ ਸਭ ਤੋਂ ਵੱਡੀ ਵਿਰਾਸਤ, ਅਮਾਨਤ ਅਤੇ ਕਮਾਈ ਹੁੰਦੇ ਨੇ ਜਿਨ੍ਹਾਂ ਨੇ ਸਾਰੇ ਸੰਸਕਾਰਾਂ, ਸਰੋਕਾਰਾਂ ਅਤੇ ਸੰਦੇਸ਼ਾਂ ਨੂੰ ਇਕ ਵਾਹਕ ਬਣ ਕੇ ਮਹਿਕ ਰੂਪ ਵਿਚ ਖਿੰਡਾਉਣਾ ਹੁੰਦਾ ਏ। ਅਜਿਹੀ ਮਹਿਕ ਨਾਲ ਲਬਰੇਜ਼ ਹੈ, ਮਾਨ ਪਰਿਵਾਰ।
ਮਾਨ ਪਰਿਵਾਰ ਦੀ ਸਭ ਤੋਂ ਵਿਲੱਖਣ ਪ੍ਰਾਪਤੀ ਹੈ ਕਿ ਉਹ ਆਪਣੇ ਕਾਰੋਬਾਰ ਦੇ ਵਾਧੇ ਅਤੇ ਇਸ ਦੀਆਂ ਨਵੀਆਂ ਉਪਲਬਧੀਆਂ ਦੇ ਨਾਲ-ਨਾਲ ਸਮਾਜਿਕ ਸਰੋਕਾਰਾਂ ਅਤੇ ਕਾਰਜਾਂ ਵਿਚ ਵੀ ਮੋਹਰੀ ਭੂਮਿਕਾ ਨਿਭਾਉਂਦਾ ਏ। ਹਿਊਸਟਨ ਦੇ ਹਰ ਸਮਾਜਿਕ/ਧਾਰਮਕ/ਭਾਈਚਾਰਕ ਕਾਰਜ ਵਿਚ ਪ੍ਰਮੁੱਖ ਰੋਲ ਨਿਭਾਉਣ ਵਾਲਾ ਸ਼ ਮਨੋਹਰ ਸਿੰਘ ਮਾਨ ਪੰਜਾਬੀ ਭਾਈਚਾਰੇ ਵਿਚ ਅਜਿਹਾ ਨਾਮ ਹੈ ਜੋ ਧਨ ਦੇ ਨਾਲ ਨਾਲ ਸੁਹਜ ਅਤੇ ਸਿਆਣਪੀ ਸਹਿਯੋਗ ਰਾਹੀਂ ਪੰਜਾਬੀ ਭਾਈਚਾਰੇ ਦੀ ਸਰਬਮੁਖੀ ਤਰੱਕੀ ਅਤੇ ਇਸ ਦੇ ਸੁਚੱਜੇ ਤੇ ਸਦਭਾਵੀ ਸਰੂਪ ਨੂੰ ਸਿਰਜਣ ਵਿਚ ਪ੍ਰਮੁੱਖ ਰੋਲ ਨਿਭਾਉਂਦਾ ਏ। ਆਪਣੇ ਭਾਈਚਾਰੇ ਤੋਂ ਇਲਾਵਾ ਸਮੁੱਚੇ ਅਮਰੀਕੀ ਭਾਈਚਾਰੇ ਨੂੰ ਆਪਣੇ ਕਲਾਵੇ ਵਿਚ ਲੈਣਾ ਅਤੇ ਇਸ ਵਿਚੋਂ ਸਕੂਨ ਤੇ ਸਫਲਤਾ ਦੇ ਅਰਥਾਂ ਨੂੰ ਸਿਰਜਣਾ, ਸ਼ਾਇਦ ਮਾਨ ਪਰਿਵਾਰ ਦੇ ਹਿੱਸੇ ਹੀ ਆਇਆ ਏ।
ਸਾਝਰੇ ਹੀ ਨਡਾਲਾ ਡਰਾਈਵ ਦੇ ਚੌਗਿਰਦੇ ਵਿਚ ਮੋਰਾਂ ਦੀਆਂ ‘ਵਾਜਾਂ, ਪਰਿੰਦਿਆਂ ਦੇ ਬੋਲ, ਬੱਤਖਾਂ ਦਾ ਗੁਟਕਣਾ ਆਦਿ ਸਵੇਰ ਦੀ ਚਹਿਲ-ਕਦਮੀ ਨੂੰ ਖੁਸ਼ਗਵਾਰ ਬਣਾਉਂਦੇ ਨੇ। ਇਸ ਦੌਰਾਨ ਤੁਸੀਂ ਕੁਦਰਤ ਨਾਲ ਸੰਵਾਦ ਰਚਾਉਂਦੇ, ਜ਼ਿੰਦਗੀ ਦੇ ਸੁੱਚਮ ਦੇ ਰੂਬਰੂ ਹੁੰਦੇ, ਸੱਚੇ-ਸੁੱਚੇ ਅਰਥਾਂ ਦੀ ਤਸ਼ਬੀਹ ਬਣਦੇ ਹੋ। ਅਜਿਹੇ ਕਰਮੀ-ਧਰਮੀ ਤੇ ਕਾਇਨਾਤੀ ਕਾਰਜਸ਼ੀਲਤਾ ਨੂੰ ਨਡਾਲਾ ਡਰਾਈਵ ਦੀ ਜੂਹ ਵਿਚ ਦੇਖ ਤੇ ਮਾਣ ਕੇ ਮਨ ਬਾਗੋ-ਬਾਗ ਹੈ।
ਖੁਦਾ ਕਰੇ! ਪਰਦੇਸ ਵਸੇਂਦੇ ਸਾਰੇ ਪੰਜਾਬੀ ਅਜਿਹੀ ਰਮਣੀਕਤਾ ਵਿਚੋਂ ਹੀ ਜ਼ਿੰਦਗੀ ਦੀ ਨਿਸ਼ਾਨਦੇਹੀ ਕਰਨ। ਇਹ ਦੁਆ ਮੇਰੀ ਹੀ ਨਹੀਂ, ਆਪ ਸਭ ਦੀ ਵੀ ਹੈ।