‘ਚੁਰਸਤੇ’ ਵਿਚ ਫਸੇ ਸ਼ਾਇਰ ਦੇ ਫੇਫੜਿਆਂ ‘ਚ ‘ਪੁੜੀ ਲੀਕ’

ਸ਼ਾਇਰ ਸੋਹਨ ਸਿੰਘ ਮੀਸ਼ਾ ਦਾ ਪੰਜਾਬੀ ਕਾਵਿ-ਜਗਤ ਵਿਚ ਆਪਣਾ ਰੰਗ ਹੈ। ਉਸ ਦੀਆਂ ‘ਚੁਰਸਤਾ’, ‘ਚੀਕ ਬੁਲਬੁਲੀ’ ਅਤੇ ‘ਲੀਕ’ ਵਰਗੀਆਂ ਕਵਿਤਾਵਾਂ ਭੁਲਾਇਆਂ ਵੀ ਨਹੀਂ ਭੁਲਾਈਆਂ ਜਾ ਸਕਦੀਆਂ। ਇਨ੍ਹਾਂ ਕਵਿਤਾਵਾਂ ਵਿਚ ਉਸ ਬੰਦੇ ਦੀ ਬਾਤ ਹੈ ਜਿਹੜਾ ਖੁਦ ਨਾਲ ਬੜੀ ਭਿਅੰਕਰ ਲੜਾਈ ਵਿਚ ਪਿਆ ਹੋਇਆ ਹੈ। ਇਸ ਲੜਾਈ ਦੇ ਨਾਲ ਹੀ ਉਤਰਦੀ ਬੇਵਸੀ ਨੂੰ ਸ਼ਾਇਰ ਨੇ ਬਹੁਤ ਬਾਰੀਕੀ ਨਾਲ ਫੜਿਆ ਹੈ।

ਇੰਨੀ ਹੀ ਸ਼ਿੱਦਤ ਨਾਲ ਇਸ ਸ਼ਾਇਰ ਬਾਰੇ ਸਾਡੇ ਸਹਿਯੋਗੀ ਗੁਰਦਿਆਲ ਸਿੰਘ ਬੱਲ ਨੇ ਇਸ ਲੰਮੇ ਲੇਖ ਵਿਚ ਇਨ੍ਹਾਂ ਕਵਿਤਾਵਾਂ ਅਤੇ ਪਿਛੋਕੜ ਵਿਚ ਕੰਮ ਕਰਦੀ ਸਿਆਸਤ ਬਾਰੇ ਗੁਫਤਗੂ ਰਚਾਈ ਹੈ। ਬੱਲ ਵੱਲੋਂ ਛੇੜੀਆਂ ਰਮਜ਼ਾਂ ਦੇ ਭੇਤ ਜਿਉਂ ਜਿਉਂ ਖੁੱਲ੍ਹਦੇ ਹਨ, ਸੱਚ ਸਿਰ ਭਾਰ ਹੁੰਦਾ ਜਾਪਣ ਲੱਗਦਾ ਹੈ। ਉਹ ਤੱਥਾਂ ਅਤੇ ਤਰਤੀਬਾਂ ਦੀ ਜੁਗਲਬੰਦੀ ਸਿਰਜਦਾ ਹੈ ਜਿਸ ਵਿਚ ਹਾਲਾਤ ਵਿਚ ਫਾਥੇ ਬੰਦੇ ਦੇ ਨਕਸ਼ ਉਘੜਨ ਲਗਦੇ ਹਨ। -ਸੰਪਾਦਕ

ਗੁਰਦਿਆਲ ਸਿੰਘ ਬੱਲ
ਫੋਨ: 647-982-6091

ਸਾਗਰ ‘ਚ ਡੁੱਬੀ ਲਾਸ਼ ਨੂੰ
ਕਿਉਂ ਸੀਸ ਨਾ ਨਿਵੇਂ
ਚਾਹੀ ਸੀ ਉਸ ਨੇ ਅਰਸ਼ ‘ਤੇ
ਪਾਉਣੀ ਕੁਮੰਦ ਹੋਰ।
ਕੰਵਲ ਦੀ ਬੜੇ ਹੀ ਨਿਮਰ ਤੇ ਨਿਰਮਲ ਅੰਦਾਜ਼ ਵਿਚ ਵਾਰ ਵਾਰ ਮੰਗ ਹੈ ਕਿ ਪੰਜਾਬ ਦੇ ਧੀਮੇ ਬੋਲਾਂ ਵਾਲੇ ਮਹਿਬੂਬ ਸ਼ਾਇਰ ਸੋਹਨ ਸਿੰਘ ਮੀਸ਼ਾ ਬਾਰੇ ਯਾਦ ਨਿਬੰਧਾਂ ਦੀ ਪੁਸਤਕ ਦੀ ਉਹ ਸੰਪਾਦਨਾ ਕਰ ਰਿਹਾ ਹੈ, ਅਸੀਂ ਉਸ ਨੂੰ ਇਸ ਪ੍ਰਥਾਏ ਵਿਸਥਾਰ ਵਾਲਾ ਲੇਖ ਲਿਖ ਕੇ ਦੇਈਏ। ਸਾਲ 1965 ਵਿਚ ਮੇਰੇ ਨੈਸ਼ਨਲ ਕਾਲਜ ਸਠਿਆਲਾ ਵਿਚ ਦਾਖਲ ਹੋਣ ਸਮੇਂ ਉਹ ਉਥੇ ਪੜ੍ਹਾਉਂਦੇ ਸਨ ਅਤੇ ਸਾਡੇ ਆਪਣੇ ਤੋਂ ਵਡੇਰੀ ਉਮਰ ਦੇ ਮਿੱਤਰਾਂ-ਬਘੇਲ ਸਿੰਘ ਬੱਲ, ਗਿਆਨ ਸਿੰਘ ਗੁਰਾਇਆ, ਕੁਲਬੀਰ ਸਿੰਘ ਹੁੰਦਲ, ਮੰਗਲ ਸਿੰਘ ਦਨਿਆਲ, ਸਰਬਜੀਤ ਸਿੰਘ ਮਾਨ, ਕਪਿਲ ਦੇਵ ਸ਼ਰਮਾ, ਤਰਸੇਮ ਸਿੰਘ ਚਹਿਲ, ਗੁਰਦੇਵ ਸਿੰਘ ਵਗੈਰਾ ਵਿਚ ਉਹ ਕਾਫੀ ਹਰਮਨ ਪਿਆਰੇ ਸਨ, ਪਰ ਉਨ੍ਹੀਂ ਦਿਨੀਂ ਉਨ੍ਹਾਂ ਦੇ ਨੇੜੇ ਬੈਠਣ ਦਾ ਮੌਕਾ ਜ਼ਿਆਦਾ ਨਹੀਂ, ਬਸ ਇਕ ਦੋ ਵਾਰ ਹੀ ਬਣਿਆ। ਜ਼ਿੰਦਗੀ ਦੇ ਅਗਲੇ ਵਰ੍ਹਿਆਂ ਦੌਰਾਨ ਕਈ ਵਾਰੀ ਉਨ੍ਹਾਂ ਦੀ ਸੰਗਤ ਮਾਣਨ ਦਾ ਸਬੱਬ ਤਾਂ ਜੁੜਿਆ, ਪਰ ਉਨ੍ਹਾਂ ਨਾਲ ਨੇੜਤਾ ਪ੍ਰਤੀ ਸਾਡਾ ਕੋਈ ਦਾਅਵਾ ਨਹੀਂ ਹੈ। ਕਵਿਤਾ ਦੀ ਪਰਖ ਪੜਚੋਲ ਦੀ ਸਮਰੱਥਾ ਪੱਖੋਂ ਵੀ ਮਾਮਲਾ ਢਿੱਲਾ ਹੀ ਹੈ। ਉਨ੍ਹਾਂ ਬਾਰੇ ਹੋਰ ਸਮੱਗਰੀ ਵੀ ਸਾਡੇ ਕੋਲ ਕੋਈ ਹੈ ਨ੍ਹੀਂ। ਖੈਰ! ਮੁਢਲੀ ਸਮਗਰੀ ਦਾ ਬਹਾਨਾ ਤਾਂ ਕੰਵਲ ਪਾਤਸ਼ਾਹ ਨੇ ਮੀਸ਼ਾ ਜੀ ਦੇ ਨੇੜਲੇ ਮਿੱਤਰਾਂ ਅਤੇ ਸਮਕਾਲੀਆਂ- ਸੁਰਜੀਤ ਹਾਂਸ, ਪ੍ਰੇਮ ਪ੍ਰਕਾਸ਼ ਅਤੇ ਹਰਭਜਨ ਸਿੰਘ ਹੁੰਦਲ ਦੇ ਉਨ੍ਹਾਂ ਬਾਰੇ ਯਾਦ ਨਿਬੰਧ ਸਕੈਨ ਕਰ ਕੇ, ਨੈੱਟ ਰਾਹੀਂ ਭਿਜਵਾ ਕੇ ਖਤਮ ਕਰ ਦਿੱਤਾ; ਕਸਰ ਜੇ ਕੋਈ ਰਹਿ ਗਈ ਤਾਂ ਉਹ ਸਾਡੇ ਅਜ਼ੀਜ਼ ਹਰਵੀਰ ਢਿੱਲੋਂ ਨੇ ਮੀਸ਼ਾ ਜੀ ਦੀ ਨਵੀਂ ਛਪੀ ਪੁਸਤਕ ‘ਸਾਗਰ ‘ਚ ਡੁੱਬੀ ਲਾਸ਼’ ਵਾਲੇ ਸ਼ੇਅਰ ਹੇਠ ਬਾਕਾਇਦਾ ਲਕੀਰ ਲਗਾ ਕੇ ਉਸੇ ਤਰੀਕੇ ਨਾਲ ਭੇਜ ਕੇ ਪੂਰੀ ਕਰ ਦਿੱਤੀ। ਜ਼ਾਹਰ ਹੈ ਕਿ ਇਸੇ ਸ਼ਿਅਰ ਦੀ ਲੋਅ ਵਿਚ ਬਾਬਿਆਂ ਦੀ ਕ੍ਰਿਸ਼ਮਈ ਸ਼ਖਸੀਅਤ ਯਾਨਿ ਸ਼ਾਇਰਾਨਾ ਤਰਜ਼ੇ-ਜ਼ਿੰਦਗੀ, ਚਾਵਾਂ ਉਮੰਗਾਂ, ਸ਼ਾਇਰੀ ਦੇ ਸੰਕੇਤਾਂ ਅਤੇ ਅੰਤਿਮ ਤ੍ਰਾਸਦੀ ਨੂੰ ਸਮਝਣ ਦੀ ਕੋਸ਼ਿਸ਼ ਕਰਨ ਤੋਂ ਬਚ ਨਿਕਲਣ ਦਾ ਸਾਡੇ ਕੋਲ ਕੋਈ ਬਹਾਨਾ ਨਾ ਰਿਹਾ।
‘ਚੁਰਸਤਾ’, ‘ਲੀਕ’ ਅਤੇ ‘ਚੀਕ ਬੁਲਬੁਲੀ’ ਮੀਸ਼ੇ ਦੀਆਂ ਪ੍ਰਤੀਨਿਧ ਨਜ਼ਮਾਂ ਹਨ। 1960 ਦੇ ਆਸ-ਪਾਸ ਛਪੇ ਪਹਿਲੇ ਕਾਵਿ-ਸੰਗ੍ਰਿਹ ਦਾ ਸਿਰਲੇਖ ਵੀ ‘ਚੁਰਸਤਾ’ ਹੈ। ਸ਼ਾਇਰ ਦੀ ਆਤਮਿਕ ਦੁਬਿਧਾ ਦਾ ਕੈਸਾ ‘ਚੁਰਸਤਾ’ ਸੀ, ਭਾਂਤ ਭਾਂਤ ਦੇ ਪ੍ਰਸ਼ੰਸਕਾਂ ਦੇ ਨਿਰੰਤਰ ਮੇਲੇ ਵਿਚ ਘਿਰੇ ਰਹਿਣ ਦੇ ਬਾਵਜੂਦ, ਕਿਸ ਕਿਸਮ ਦੀ ‘ਚੀਕ ਬੁਲਬਲੀ’ ਉਹ ਸਾਰੀ ਉਮਰ ਆਪਣੇ ਅੰਦਰ ਦਬਾਈ, ਸੰਤਾਪ ਹੰਢਾਉਂਦਾ ਤਰਲੋਮੱਛੀ ਹੁੰਦਾ ਰਿਹਾ-ਉਸੇ ਨੂੰ ਉਸ ਦੀ ਹਯਾਤੀ ਦੇ ਸਮਾਜਕ ਤਣਾਵਾਂ, ਜੋਗਿੰਦਰ ਸ਼ਮਸ਼ੇਰ ਅਤੇ ਨੰਦੀ ਬੱਲ ਵਰਗੇ ਅਲੌਕਿਕ ਮਿੱਤਰਾਂ ਅਤੇ ਇਨ੍ਹਾਂ ਮਿੱਤਰਾਂ ਦੇ ਮਨਭਾਉਂਦੇ ਲੇਖਕਾਂ-ਫਿਉਦੋਰ ਦਾਸਤੋਵਸਕੀ, ਨਿਕੋਸ ਕਜਾਂਤ ਜੈਕਿਸ (ਖਾਸ ਕਰ ‘ਜ਼ੋਰਬਾ ਦਿ ਗਰੀਕ’) ਦੀ ਪੜ੍ਹਤ ਦੀ ਲੋਅ ਵਿਚ ਸਮਝਣ ਦਾ ਯਤਨ ਕਰਾਂਗੇ। ਬੋਰਿਸ ਪਾਸਤਰਨਾਕ, ਮਹਾਨ ਹੰਗੇਰੀਅਨ ਸ਼ਾਇਰ ਜਾਰਜ ਪਾਲਜ਼ ਵਰਗੀਆਂ ਕੁਝ ਹੋਰ ਸੰਤਾਪੀਆਂ ਰੂਹਾਂ ਬਾਰੇ ਵੀ ਵਿਚਾਰ ਕਰ ਲਵਾਂਗੇ।
ਮੀਸ਼ਾ ਦੇ ਘਰੋਗੀ ਪਿਛੋਕੜ, ਕਾਲਜ ਦੇ ਦੌਰ ਅਤੇ ਜਵਾਨੀ ਦੇ ਦਿਨਾਂ ਦੇ ਖੁਆਬਾਂ ਬਾਰੇ ਲੋੜੀਂਦੀ ਜਾਣਕਾਰੀ ਦੀ ਕਮੀ, ਉਨ੍ਹਾਂ ਦੇ ਪੁਰਾਣੇ ਉਸਤਾਦ ਮਿੱਤਰ ਜੋਗਿੰਦਰ ਸ਼ਮਸ਼ੇਰ ਜੋ ਅੱਜ ਕੱਲ ਉਮਰ ਦੇ 90ਵੇਂ ਸਾਲ ਨੂੰ ਢੁਕੇ ਵੈਨਕੂਵਰ ਰਹਿੰਦੇ ਨੇ, ਹੁਰਾਂ ਟੋਰਾਂਟੋ ਤੋਂ ਨਿਕਲਦੇ ਰਹੇ ‘ਆਰ-ਪਾਰ’ ਮੈਗਜ਼ੀਨ ਦੇ ਸਤੰਬਰ-ਅਕਤੂਬਰ 1996 ਵਾਲੇ ਅੰਕ ਵਿਚ ਛਪਿਆ ਆਪਣਾ ਲੰਮਾ ਯਾਦ ਨਿਬੰਧ ਭੇਜ ਕੇ ਪੂਰੀ ਕਰ ਦਿੱਤੀ। ਇਸੇ ਨਿਬੰਧ ਦੇ ਸਹਾਰੇ ਅਸੀਂ ਵੇਖਾਂਗੇ ਕਿ ਕਥਾ ਦਾ ਨਾਇਕ ਆਪਣੇ ਖੁਆਬਾਂ ਦੇ ਅਰਸ਼ ਉਪਰ ਕੁਮੰਦ ਕਿਸ ਤਰ੍ਹਾਂ ਦੀ ਪਾਉਣੀ ਚਾਹੁੰਦਾ ਸੀ, ਆਪਣੀ ਮੁਹਿੰਮ ਦੇ ਸ਼ੁਰੂਆਤੀ ਦੌਰ ‘ਚ ਹੀ ਉਹ ‘ਚੁਰਸਤੇ’ ਵਿਚ ਕਿਉਂ ਫਸਿਆ, ਵਿਲਕਦਾ ਰਿਹਾ ਅਤੇ ਆਖਰ ਉਮਰ ਭਰ ਦੀ ਬੇਚੈਨੀ ਤੇ ਜ਼ਿਹਨੀ ਸੰਤਾਪ ਤੋਂ ‘ਨਿਰਵਾਣ’ ਹਾਸਲ ਕਰਨ ਖਾਤਰ, ਆਪਣੇ ਬਚਪਨ ਦੇ ਦਿਨਾਂ ਤੋਂ ਪਿਆਰੀ ਕਾਂਜਲੀ ਝੀਲ ਵਿਚ ਜਾ ਕੇ ਉਸ ਆਖਰ ‘ਚੀਕ ਬੁਲਬਲੀ’ ਕਿੰਜ ਮਾਰੀ!
ਮੀਸ਼ਾ ਕਪੂਰਥਲਾ ਸ਼ਹਿਰ ਤੋਂ ਥੋੜ੍ਹੀ ਦੂਰ ਪਿੰਡ ਭੇਟਾਂ ਵਿਚ ਸਾਧਾਰਨ ਪਰਿਵਾਰ ਵਿਚ 1934 ‘ਚ ਪੈਦਾ ਹੋਇਆ। ਤਿੰਨ ਉਸ ਦੀਆਂ ਭੈਣਾਂ ਸਨ। ਵੱਡਾ ਪਰਿਵਾਰ ਸੀ। ਜ਼ਿੰਮੇਵਾਰੀਆਂ ਬਹੁਤ ਸਨ। ਪਿਉ ਰੰਗੀਨ ਸੁਭਾਅ ਦਾ ਸੀ। ਦਿਨ ਭਰ ਮੁਸ਼ੱਕਤ ਕਰਦਿਆਂ ਕੱਪੜੇ ਸਿਉਂ ਕੇ ਪਰਿਵਾਰ ਦਾ ਤੋਰੀ ਫੁਲਕਾ ਚਲਾਉਂਦਾ।
ਜੋਗਿੰਦਰ ਸ਼ਮਸ਼ੇਰ ਨੇ ਲਿਖਿਆ ਹੈ:
ਸੋਹਨ ਸਿੰਘ ਮੀਸ਼ੇ ਨਾਲ ਮੇਰੀ ਵਾਕਫੀਅਤ ਤਾਂ 1951 ‘ਚ ਹੋਈ ਜਦੋਂ ਉਹ ਰਣਧੀਰ ਕਾਲਜ ਵਿਖੇ ਫਸਟ ਯੀਅਰ ਵਿਚ ਦਾਖਲ ਹੋਇਆ, ਉਂਜ ਮੈਂ ਉਸ ਨੂੰ ਪਹਿਲਾਂ ਵੀ ਜਾਣਦਾ ਸਾਂ ਜਦੋਂ ਉਹ ਇਕ ਵਾਰ ਕਾਲਾ ਸੰਘਿਆਂ ਕਿਸੇ ਫੰਕਸ਼ਨ ‘ਤੇ ਆਇਆ ਸੀ। ਉਸ ਨੇ ਉਚੀ ਛਾਲ ਅਤੇ ਸਲੋ-ਸਾਈਕਲਿੰਗ ਵਿਚ ਪਹਿਲੇ ਇਨਾਮ ਹਾਸਲ ਕੀਤੇ: ਯਾਨਿ ਐਕਸੈੱਲ ਕਰਨ ਦੀ ਲਲ੍ਹਕ; ਖੁਆਬਾਂ ਦੇ ਅਰਸ਼ ‘ਤੇ ਹੋਰ ਉਚਾ ਕੁਮੰਦ ਪਾਉਣ ਦੀ ਚਾਹਤ ਉਸ ਅੰਦਰ ਸ਼ੁਰੂ ਤੋਂ ਸੀ ਅਤੇ ਇਸੇ ਚਾਹਤ ਦੇ ਅਗਾਂਹ ਵੱਖ ਵੱਖ ਰੰਗਾਂ ਤੇ ਨਤੀਜਿਆਂ ਨੇ ਹੀ ਸਾਹਮਣੇ ਆਈ ਜਾਣਾ ਹੈ। ਮਸਲਨ ਥੁੜ੍ਹਾਂ ਮਾਰੇ ਗਰੀਬ ਘਰੋਂ ਉਠ ਕੇ ਖੂਬ ਸਜ-ਧਜ ਕੇ ਟਾਈ ਲਾ ਕੇ ਨਵੇਂ ਨਕੋਰ ਸਾਈਕਲ ‘ਤੇ ਉਨ੍ਹਾਂ ਰਣਧੀਰ ਕਾਲਜ ਵਿਚ ਜਾਣਾ ਸ਼ੁਰੂ ਕੀਤਾ।
ਜੋਗਿੰਦਰ ਸ਼ਮਸ਼ੇਰ ਸੰਨ 1947 ਵਿਚ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਤੋਂ ਹੀ ਕਮਿਊਨਿਸਟ ਪਾਰਟੀ ਵਿਚ ਸਰਗਰਮ ਸਨ। ਉਦੋਂ ਉਨ੍ਹਾਂ ਨੂੰ ਲਗਦਾ ਸੀ ਕਿ ਗਰੀਬਾਂ ਨਾਲ ਠੱਗੀ ਵੱਜ ਗਈ ਸੀ, ਅਸਲੀ ਆਜ਼ਾਦੀ ਤਾਂ ਆਈ ਹੀ ਨਹੀਂ ਸੀ! ਕਾਲਜ ਜਾਂਦਿਆਂ ਹੀ ਨੌਜਵਾਨ ਮੀਸ਼ੇ ਦਾ ਜੋਗਿੰਦਰ ਹੋਰਾਂ ਨਾਲ ਸੰਪਰਕ ਜੁੜ ਗਿਆ। ਅਸਲੀ ਆਜ਼ਾਦੀ ਲਿਆਉਣ ਦੇ ਸੁਪਨਿਆਂ ਨਾਲ ਉਡੂੰ ਉਡੂੰ ਕਰ ਰਹੇ ਉਸ ਦੇ ਮਨ ਨੂੰ ਤੁਣਕ ਵੱਜਦੀ ਹੈ। ਉਹ ਕਮਿਊਨਿਸਟ ਪਾਰਟੀ ਦੀ ਸ਼ਹਿਰੀ ਜ਼ਿਲ੍ਹਾ ਇਕਾਈ ਦੇ ਇਸ ਸੈਕਟਰੀ ਦਾ ਸਭ ਤੋਂ ਵਿਸ਼ਵਾਸਪਾਤਰ ਬਣ ਜਾਂਦਾ ਹੈ। ਸਾਧਾਰਨ ਕੈਰੀਅਰਿਸਟ ਵਿਦਿਆਰਥੀ ਬਣਨ ਲਈ ਉਸ ਦਾ ਮਨ ਰਾਜ਼ੀ ਨਹੀਂ ਹੈ, ਮੈਡੀਕਲ ਦੀ ਪੜ੍ਹਾਈ ਛੱਡ ਕੇ ਨਾਨ-ਮੈਡੀਕਲ ਲਿਆ, ਪਰ ਉਸ ਦਾ ਮਨ ਖੁਭਿਆ ਨਾ। ਸਮਾਂ ਤਾਂ ਸਾਰਾ ਕਮਿਊਨਿਸਟ ਪਾਰਟੀ ਦੇ ‘ਸਕੂਲ’ ਲਗਾਉਣ ਅਤੇ ਦੇਸ਼ ਅੰਦਰੋਂ ਹਰ ਤਰ੍ਹਾਂ ਦੀ ਬੇਇਨਸਾਫੀ ਮੁਕਾਉਣ ਦੀਆਂ ਖੁਆਬ ਉਡਾਰੀਆਂ ਵਿਚ ਗੁਜ਼ਰ ਜਾਂਦਾ ਰਿਹਾ। ਉਪਰੋਂ ਰੁਮਾਂਟਿਕ ਸੁਭਾਅ ਉਸ ਨੂੰ ਵਿਰਸੇ ਵਿਚ ਬਾਪ ਕੋਲੋਂ ਹੀ ਮਿਲਿਆ। ਨਿਰੰਤਰ ਮੁਹੱਬਤਾਂ ਦੀ ਲੀਲ੍ਹਾ ਰਚਾਉਣ ਲਈ ਸਮਾਂ ਵੀ ਵਿਉਂਤਣਾ ਸੀ! ਹੋਇਆ ਇਹ ਕਿ ਅਗਲੇ ਸਾਲ ਹੀ ਉਹ ਆਰਟਸ ਦੀ ਐਫ਼ਏæ ਵਿਚ ਸ਼ਿਫਟ ਹੋ ਗਿਆ।
ਉਨ੍ਹੀਂ ਦਿਨੀਂ ਇਸ ਸਰਕਲ ਵਿਚ ਗੁਰਦਿਆਲ ਮੰਡੇਰ, ਮੇਜਰ ਪਿਆਰਾ ਸਿੰਘ, ਦਲਜੀਤ ਔਜਲਾ, ਜਸਵਿੰਦਰ ਬਾਹੀਆ, ਅੰਮ੍ਰਿਤ ਜ਼ੀਰਵੀ, ਸਰਬਜੀਤ ਸਿੱਧੂ, ਹਰਭਜਨ ਸਿੰਘ ਹੁੰਦਲ, ਨਿਰੰਜਣ ਸਿੰਘ ਨੂਰ, ਗੁਰਦੀਪ (ਦੇਹਰਾਦੂਨ), ਨਰਿੰਦਰ ਕੇæ ਜੋਸ਼ੀ ਅਤੇ ਤਰਸੇਮ ਨੀਲਗਿਰੀ ਆਦਿ ਅਨੇਕਾਂ ਅਫਲਾਤੂਨ ਸਨ ਜਿਨ੍ਹਾਂ ਅਗਾਂਹ ਦੀ ਜ਼ਿੰਦਗੀ ‘ਚ ਜਾ ਕੇ ਵਿਤ ਅਨੁਸਾਰ ‘ਅਰਸ਼ ‘ਤੇ ਉਚੇ ਹੋਰ ਕੁਮੰਦ ਪਾਉਣ’ ਦੀ ਕੋਸ਼ਿਸ਼ ਕਰੀ ਜਾਣੀ ਸੀ ਅਤੇ ਜੋਗਿੰਦਰ ਸ਼ਮਸ਼ੇਰ ਨਾਲ ਜਿਨ੍ਹਾਂ ਦੀ ਤਾਰ ਕਿਸੇ ਨਾ ਕਿਸੇ ਰੂਪ ਵਿਚ ਉਮਰ ਭਰ ਜੁੜੀ ਰਹਿਣੀ ਸੀ।
ਘਰ ਦੀ ਗੁਰਬਤ ਦੇ ਬਾਵਜੂਦ ਮੀਸ਼ੇ ਦਾ ਪਿਤਾ ਦਾਰੂ ਪੀਣ ਦਾ ਸ਼ੌਕੀਨ ਸੀ ਅਤੇ ਆਪਣੇ ਇਕਲੌਤੇ ਪੁੱਤਰ ਨੂੰ ਨਾਲ ਬਿਠਾ ਕੇ ਦਾਰੂ ਪੀਣ ਤਾਂ ਉਸ ਲਾਇਆ ਹੀ, ਗਵਾਂਢ ਦੀ ਜਿਸ ਨਖਰੇਲੋ ਨਾਲ ਉਸ ਦੀ ਯਾਰੀ ਸੀ, ਉਸ ਦੇ ਭੇਤਾਂ ਦਾ ਹਮਰਾਜ਼ ਵੀ ਉਸ ਨੂੰ ਬਣਾਇਆ। ਪਿਉ ਨਾਲ ਉਹਦੀ ਦੋਸਤੀ ਬਹੁਤ ਮਜ਼ਬੂਤ ਰਹੀ। ਉਹ ਉਹਨੂੰ ਰਾਜਸੀ ਪ੍ਰਭਾਵ ਹੇਠ ਵੀ ਲਿਆਇਆ, ਪਰ ਉਹ ਉਸ ਤੋਂ ਉਹਦਾ ਇਸ਼ਕ ਨਾ ਛੁਡਾ ਸਕਿਆ। ਮਾਂ ਸਾਰੀ ਉਮਰ ਕਲਪਦੀ ਰਹੀ। ਉਧਰ, ਕਾਲਜ ਐਸੋਸੀਏਸ਼ਨ ਦੀ ਚੋਣ ਜਿੱਤ ਕੇ ਉਹ ਜਨਰਲ ਸਕੱਤਰ ਬਣਿਆ, ਪੰਜਾਬੀ ਸਾਹਿਤ ਲਗਨ ਨਾਲ ਪੜ੍ਹਨਾ ਸ਼ੁਰੂ ਕੀਤਾ ਅਤੇ ਕਾਲਜ ਦੇ ਮੈਗਜ਼ੀਨ ਦੀ ਸੰਪਾਦਕੀ ਸੰਭਾਲ ਲਈ। ਰੂਸੀ ਸਾਹਿਤ ਵਿਚ ਉਸ ਦੀ ਦਿਲਚਸਪੀ ਵਧੀ। ਪਿੰਡ ਦੀ ਇਕ ਵਿਆਹੀ ਹੋਈ ਨਖਰੇਲੋ ਕੁੜੀ ਨੇ ਉਸ ਦੀਆਂ ਆਦਤਾਂ ‘ਸੁਧਾਰਨੀਆਂ’ ਸ਼ੁਰੂ ਕੀਤੀਆਂ।
ਸੋ ਇਹ ਸੀ ਉਹ ਰੁਮਾਂਟਿਕ-ਪ੍ਰਗਤੀਵਾਦੀ ਮੀਸ਼ਾ ਜੋ ਰਣਧੀਰ ਕਾਲਜ ਵਿਚੋਂ ਪੂਰੀ ਤਰ੍ਹਾਂ ਪੱਕ ਕੇ ਬੀæਏæ ਅਤੇ ਐਮæਏæ ਕਰਨ ਲਈ ਯੂਨੀਵਰਸਿਟੀ ਕਾਲਜ ਹੁਸ਼ਿਆਰਪੁਰ ਗਿਆ ਅਤੇ ਉਸ ਦਾ ਵਾਹ ਸੁਰਜੀਤ ਹਾਂਸ, ਜੇæਐਸ਼ ਗਰੇਵਾਲ ਅਤੇ ਕੌਮਾਂਤਰੀ ਪੱਧਰ ਦੇ ਕਈ ਹੋਰ ਹਾਤਮ ਸੱਜਣਾਂ ਨਾਲ ਪਿਆ। ਕੌਮਾਂਤਰੀ ਪੱਧਰ ‘ਤੇ ਇਹੋ ਉਹ ਦੌਰ ਸੀ ਜਦੋਂ ਕਾਮਰੇਡ ਸਟਾਲਿਨ ਅਤੇ ਅਡੌਲਫ ਹਿਟਲਰ ਦੇ ਆਪੋ-ਆਪਣੇ ਤਸੱਵਰਾਂ ਦੇ, ਧਰਤੀ ਉਤੇ ਧੱਕੇ ਨਾਲ ‘ਸਵਰਗ’ ਉਤਾਰਨ ਦੇ ਪ੍ਰਾਜੈਕਟਾਂ ਦਾ ਕੱਚਾ ਚਿੱਠਾ ਨੰਗਾ ਹੋ ਚੁਕਾ ਸੀ। ਯੂਰਪ ਦੇ ਬਹੁਤੇ ਖੱਬੇ ਪੱਖੀ ਬੁੱਧੀਜੀਵੀ ਉਸ ਮਸੀਹਾਈ ਸੁਪਨਸਾਜ਼ੀ ਦੀ ਹਕੀਕਤ ਤੋਂ ਤੌਬਾ ਕਰੀ ਬੈਠੇ ਸਨ। ਆਰਥਰ ਕੋਇਸਲਰ ਨੇ ‘ਡਾਰਕਨੈੱਸ ਐਟ ਨੂਨ’, ਜਾਰਜ ਆਰਵੈੱਲ ਨੇ ‘1984’ ਅਤੇ ਵਿਕਟਰ ਸਰਜ਼ ਨੇ ‘ਕੇਸ ਆਫ ਕਾਮਰੇਡ ਟੂਲਾਯੇਵ’ ਵਰਗੇ ਸ਼ਾਹਕਾਰ ਪਹਿਲਾਂ ਹੀ ਲਿਖ ਛੱਡੇ ਸਨ, ਪਰ ‘ਦੇਸ਼ ਭਗਤਕ ਜੰਗ’ ਵਿਚ ਨਾਜ਼ੀਆਂ ਉਪਰ ਮਹਾਨ ਫਤਿਹ ਦਾ ਰੂਸੀਆਂ ਨੇ ਧੂੰਆਂ-ਧਾਰ ਪ੍ਰਚਾਰ ਜਿਵੇਂ ਕੀਤਾ, ਤੇ ਚੀਨ ਵਰਗੇ ਵਿਸ਼ਾਲ ਦੇਸ਼ ਅੰਦਰ ਕਾਮਰੇਡ ਮਾਓ ਨੇ ਲਾਲ ਪਰਚਮ ਜਿਸ ਅੰਦਾਜ਼ ਵਿਚ ਲਹਿਰਾਇਆ, ਤੀਸਰੇ ਜਗਤ ਦੇ ਬਹੁਤ ਦੇਸ਼ਾਂ ਦੇ ਬੁੱਧੀਜੀਵੀ ਅਗਲੇ ਕਈ ਵਰ੍ਹਿਆਂ ਲਈ ਬੁਰੀ ਤਰ੍ਹਾਂ ਚੁੰਧਿਆਏ ਰਹੇ। ਉਂਜ, ਸੱਚ ਝੂਠ ਦੀ ਇਹ ਲੁਕਣ ਮੀਟੀ ਅਤੇ ਜਾਣੇ-ਅਣਜਾਣੇ ਇਤਿਹਾਸ ਨਾਲ ਮਜ਼ਾਕ ਦਾ ਇਹ ‘ਮਹਾਂ ਨਾਟਕ’ ਇਕ ਸਾਰ ਨਾ ਚੱਲ ਸਕਿਆ। ਸੰਨ 1953 ਦੇ ਸ਼ੁਰੂ ਵਿਚ ਕਾਦਰ ਨੇ ਸਟਾਲਿਨ ਨੂੰ ਸੀਨ ਤੋਂ ਲਾਂਭੇ ਕਰ ਦਿੱਤਾ। ਉਸ ਦੇ ਜਾਨਸ਼ੀਨ ਨਿਕੀਤਾ ਖਰੁਸ਼ਚੋਵ ਨੇ 2-3 ਵਰ੍ਹਿਆਂ ਦੀ ‘ਰਿਹਰਸਲ’ ਤੋਂ ਬਾਅਦ ਵਿਸ਼ਵ ਇਤਿਹਾਸ ਦੇ ‘ਚੁਰਸਤੇ’ ਵਿਚ ਆਪਣੇ ਆਗੂ ਦੇ ਭਿਆਨਕ ਗੁਨਾਹਾਂ ਦਾ ਪਰਦਾ ਫਾਸ਼ ਕਰ ਦਿੱਤਾ। ਕਮਿਊਨਿਸਟਾਂ ਦੀ ਪ੍ਰੇਰਨਾ ਹੇਠਲੀ ਅਮਨ ਲਹਿਰ ਢੈਲੀ ਪੈ ਗਈ ਅਤੇ ਰੂਸ ਤੇ ਅਮਰੀਕਾ ਵਿਚਾਲੇ ਸਿਰੇ ਦੀ ‘ਐਬਸਰਡ’ ਠੰਢੀ ਜੰਗ ਪ੍ਰਚੰਡ ਹੋ ਗਈ।
ਖਰੁਸ਼ਚੋਵ ਦਾ ਕੌਤਕ ਵੇਖ-ਸੁਣ ਕੇ ਕਮਿਊਨਿਸਟ ਵਿਚਾਰਧਾਰਾ ਦੇ ਪੈਰੋਕਾਰਾਂ ਵਿਚੋਂ ਅੱਧੇ ਕੁ ਤਾਂ ਸੁੰਨ ਹੋ ਗਏ ਅਤੇ ਰਹਿੰਦੇ ਅੱਧਿਆਂ ਨੇ ਹਕੀਕਤ ਵੱਲ ਪਿੱਠ ਕਰ ਲਈ। ਅਗਲੇ 30-40 ਵਰ੍ਹੇ ਉਹ ਅਮਰੀਕੀ ਖੁਫੀਆ ਏਜੰਸੀ ਸੀæਆਈæਏæ ਦੀਆਂ ਸਾਜ਼ਿਸ਼ਾਂ ਦੀ ਮੁਹਾਰਨੀ ਪੜ੍ਹੀ ਗਏ ਜਦੋਂ ਤਕ ਮਿਖਾਈਲ ਗੋਰਬਾਚੋਵ ਨੇ ਆ ਕੇ ਸਟਾਲਿਨ ਵਲੋਂ ਜ਼ੋਰੋ-ਜ਼ਬਰੀ ਖੜ੍ਹੇ ਕੀਤੇ ਸਮਾਜਵਾਦੀ ਨਿਜ਼ਾਮ ਨੂੰ ਕੰਧਾਂ ਦੇਈ ਰੱਖਣ ਤੋਂ ਆਪਣੀ ਬੇਵਾਹ ਨਾ ਪ੍ਰਗਟਾ ਦਿੱਤੀ।
ਅਸਲ ਵਿਚ ਆਧੁਨਿਕ ਯੂਰਪੀ ਸਭਿਅਤਾ ਅਤੇ ਉਸ ਨਾਲ ਜੁੜੇ ਸਭ ਮੁੱਲਾਂ ਦੀ ਸਾਰਥਿਕਤਾ ਉਪਰ ਪਹਿਲੀ ਵਿਸ਼ਵ ਜੰਗ ਦੀ ਤਬਾਹੀ ਨੇ ਹੀ ਸਵਾਲੀਆ ਨਿਸ਼ਾਨ ਲਾ ਦਿੱਤਾ ਸੀ। ਆਧੁਨਿਕਤਾ ਦੇ ਸੰਕਟ ਦੇ ਪਿਛੋਕੜ ਵਿਚ ਪਿਟ ਚੁਕੇ ਆਸ਼ਾਵਾਦ ਨੂੰ ਛੱਡ ਕੇ ਇਨਸਾਨ ਨੂੰ ਪ੍ਰਮਾਣਿਕ ਅੰਦਾਜ਼ ਵਿਚ ਜਿਉਣ ਖਾਤਰ ਨਵਾਂ ਰਾਹ ਦਿਖਾਉਣ ਲਈ, ਨਵੇਂ ਮੁੱਲ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਹੈਰਾਕਲਾਈਟਸ ਤੋਂ ਬਾਅਦ ਪੱਛਮ ਦੇ ਸਭ ਤੋਂ ਚਰਚਿਤ ਵਿਦਵਾਨ ਮਾਰਟਿਨ ਹਾਈਡੇਗਰ ਨੇ ਇਸ ਚੁਣੌਤੀ ਨੂੰ ਕਬੂਲ ਕਰਦਿਆਂ ਪਹਿਲਾਂ ‘ਬੀਇੰਗ ਐਂਡ ਟਾਈਮ’ ਅਤੇ ਫਿਰ ਲਗਾਤਾਰ ਅਨੇਕਾਂ ਹੋਰ ਦਾਰਸ਼ਨਿਕ ਪੁਸਤਕਾਂ ਲਿਖ ਕੇ ਅਸਤਿਤਵਵਾਦੀ ਚਿੰਤਨ ਸਿਰਜਣ ਦੀ ਕੋਸ਼ਿਸ਼ ਕੀਤੀ। ਉਸ ਦੇ ਸਭ ਤੋਂ ਸਮਰੱਥ ਟੀਕਾਕਾਰ ਟਾਮਸ ਸ਼ੀਹਾਨ ਨੇ ਹਾਈਡੇਗਰ ਦੇ ਗਹਿਨ ਚਿੰਤਨ ਦੀਆਂ ਅਨੇਕਾਂ ਜਿਲਦਾਂ ਵਿਚ ਇਨਸਾਨ ਲਈ ਕੋਈ ਅਰਥਪੂਰਨ ਸਾਰਥਕ ਦਿਸ਼ਾ ਸੰਕੇਤ ਢੂੰਡਣ ਲਈ ਪੂਰੀ ਆਸ ਅਤੇ ਇਕਾਗਰਤਾ ਨਾਲ ਆਪਣੀ ਜ਼ਿੰਦਗੀ ਦੇ 40 ਵਰ੍ਹੇ ਖਰਚੇ। ਉਸ ਦੀ ‘ਹਾਈਡੇਗਰ-ਏ ਪੈਰਾਡਾਈਮ ਸ਼ਿਫਟ’ ਸਿਰਲੇਖ ਹੇਠਲੀ ਪੁਸਤਕ ਸਾਹਵੇਂ ਪਈ ਹੈ। ਉਸ ਦੇ ਕਹਿਣ ਅਨੁਸਾਰ, ਹਾਈਡੇਗਰ ਮਨੁੱਖੀ ਜੀਵਨ ਵਿਚ ਗੈਰ-ਪ੍ਰਮਾਣਿਕ ਪਹਿਲੂਆਂ ਦੀ ਨਿਸ਼ਾਨਦੇਹੀ ਕਮਾਲ ਦੇ ਅੰਦਾਜ਼ ‘ਚ ਕਰਦਾ ਹੈ; ਬੰਦੇ ਨੂੰ ਆਪਣੀ ਆਤਮਾ ਨਾਲ ਇਕ ਸੁਰ ਹੋ ਕੇ ਜਿਉਣ ਦੀ ਲੋੜ ਬਹੁਤ ਹੀ ਨਿੱਗਰ ਰੂਪ ਵਿਚ ਜਚਾ ਦਿੰਦਾ ਹੈ, ਪਰ ਚੇਤਨਾ ਦੇ ‘ਚੁਰਸਤੇ’ ਵਿਚ ਛੱਡ ਜਾਂਦਾ ਹੈ। ਕਿਸੇ ਧੁਰ ਦੀ ਬਾਣੀ ਦਾ ਉਹ ਦਾਅਵਾ ਨਹੀਂ ਕਰਦਾ। ਉਸ ਦੇ ਸਿਰਜਣਾਤਮਕ ਜਗਤ ਅੰਦਰ ਇਨਸਾਨ ਲਈ ਸਪਸ਼ਟ ਮੰਜ਼ਿਲ ਦੀ ਦੱਸ ਵੀ ਨਹੀਂ ਹੈ। ਟਾਮਸ ਸ਼ੀਹਾਨ ਨੂੰ ਸ਼ਿਕਵਾ ਹੈ ਕਿ ਉਹ ਤਾਂ ਇਹ ਵੀ ਨਹੀਂ ਦੱਸਦਾ ਕਿ ਬੰਦਾ ਧਕੀਦਾ ਧਕਾਈਦਾ ਤਾਲਿਬਾਨ ਬਿਰਤੀ ਵਾਲੇ ਅਜੋਕੇ ਨਾਜ਼ੀਆਂ ਦੇ ਕਿਸੇ ਇੱਜੜ ਵਿਚ ਜਾ ਵੜੇ ਜਾਂ ਪ੍ਰਮਾਣਿਕ ਰੂਪ ਜ਼ਿੰਦਗੀ ਜਿਉਣ ਲਈ ਆਪਣੇ ਮਨ ਦੀ ਗੁਫਾ ਵਿਚ ਬਹਿ ਕੇ ਪੂਰਵ ਸੁਕਰਾਤ ਚਿੰਤਕਾਂ ਦਾ ਸਿਮਰਨ ਕਰਨ ਲਗ ਜਾਵੇ; ਪਰ ਟਾਮਸ ਸ਼ੀਹਾਨ ਮੰਨਦਾ ਹੈ ਕਿ ਜੋ ਵੀ ਹੈ, ‘ਚੁਰਸਤੇ’ ਦੀ ਸਪਿਰਿਟ ਵਾਲੇ ਕਠਿਨ ਚਿੰਤਨ ਅਤੇ ਅਜਿਹੀ ਦੁਬਿਧਾ ਦੀ ਪਾਰਦਰਸ਼ੀ ਸਵੀਕ੍ਰਿਤੀ ਵਿਚ ਹੀ ਅਜੋਕੇ ਮਨੁੱਖ ਦੀ ਸ਼ਾਨ ਹੈ। ਹਾਈਡੇਗਰ ਇਲਹਾਮੀ ਸੁਰ ਵਿਚ ਇਨਸਾਨ ਨੂੰ ਰਾਹ ਦਿਖਾਉਣ ਦਾ ਕੋਈ ਬੁਲੰਦ ਬਾਂਗ ਦਾਅਵਾ ਨਹੀਂ ਕਰਦਾ, ਪਰ ਉਹ Ḕਵ੍ਹਟ ਇਜ਼ ਥਿੰਕਿੰਗḔ ਵਰਗੀਆਂ ਪੁਸਤਕਾਂ ਲਿਖ ਕੇ ਬੰਦੇ ਨੂੰ ਬੈਸਾਖੀਆਂ ਤੋਂ ਬਿਨਾ ਜੁਰਅਤ ਨਾਲ ਸੋਚਣਾ ਸਿਖਾਉਂਦਾ ਹੈ।
ਮਾਰਟਿਨ ਹਾਈਡੇਗਰ ਦੇ ਅਜਿਹੇ ਚਿੰਤਨ ਦੀ ਕੜੀ ਵਿਚ ਹੀ 20ਵੀਂ ਸਦੀ ਦੇ ਸਭ ਤੋਂ ਪਿਆਰੇ ਚਿੰਤਕ ਅਲਬੇਅਰ ਕਾਮੂ ਨੇ ‘ਮਿੱਥ ਆਫ ਸਿਸੀਫਸ’ ਕਿਤਾਬ ਲਿਖੀ। ਸਾਲ 1951 ਵਿਚ ਉਚੀ ਸੁਰ ਵਾਲੇ ਇਲਹਾਮੀ ਦਾਅਵਿਆਂ ਵਾਲੀਆਂ ਸਭ ਵਿਚਾਰਧਾਰਾਵਾਂ ਵਿਚ ਮਾਨਵੀ ਸੁਤੰਤਰਤਾ ਲਈ ਨਿਹਿਤ ਖਤਰਿਆਂ ਨੂੰ ਦਰਸਾਉਣ ਲਈ ਉਹਨੇ ਜਗਤ ਪ੍ਰਸਿਧ ਪੁਸਤਕ ‘ਦਿ ਰਿਬੈੱਲ’ ਦੀ ਰਚਨਾ ਕੀਤੀ। ਸਟਾਲਿਨ ਦੇ ਭਿਆਨਕ ਵਗਾਰੀ ਕੈਂਪਾਂ ਦੀ ਹਕੀਕਤ ਨੂੰ ਬੇਪਰਦ ਕਰਨ ਦੇ ਮੁੱਦੇ ‘ਤੇ ਆਪਣੇ ਮਿੱਤਰ ਯਾਂ ਪਾਲ ਸਾਰਤਰ ਨੂੰ ਅੰਤਿਮ ਫਤਿਹ ਬੁਲਾ ਕੇ ਉਸ ਵਕਤ ਦੇ ਸਟਾਲਿਨੀ ਸੁਰ ਵਾਲੇ ਕਾਮਰੇਡਾਂ ਦੀ ‘ਇਖਲਾਕੀ ਧੌਂਸ’ ਮੰਨਣ ਤੋਂ ਉਹ ਇਨਕਾਰੀ ਹੋ ਗਿਆ। ‘ਸਿਸੀਫਸ’ ਵਾਲੀ ਕਿਤਾਬ ਵਿਚ ਆਧੁਨਿਕ ਇਨਸਾਨ ਦੀ ਸੰਕਟ ਮਾਰੀ ਮਨੋਸਥਿਤੀ ਦੀ ਚਰਚਾ ਕਰਦਿਆਂ, ਉਸ ਨੂੰ ਰੱਬੀ ਮਿਹਰ ਜਾਂ ‘ਅੰਤਿਮ ਹਾਂ’ ਵਰਗੇ ਕਿਸੇ ਝੂਠੇ ਆਸਰੇ ਤੋਂ ਮੁਕਤ ਹੋ ਕੇ ਆਪਣੇ ਸੰਤਾਪ ਨੂੰ ਖਿੜੇ ਮੱਥੇ ਸਵੀਕਾਰਦਿਆਂ, ਜ਼ਿੰਦਗੀ ਨੂੰ ਰੂਹ ਦੇ ਪੂਰੇ ਰੱਜ ਅਤੇ ਸ਼ਾਨ ਨਾਲ ਜਿਉਣ ਦੀ ਸਲਾਹ ਉਹ ਦੇ ਹੀ ਚੁੱਕਿਆ ਸੀ।æææ ਤੇ ਫਿਰ ‘ਰਿਬੈੱਲ’ ਦੇ ਪ੍ਰਕਾਸ਼ਨ ਵਰ੍ਹੇ ਦੌਰਾਨ ਹੀ ਸੈਮੁਅਲ ਬੈਕਟ ਨੇ ‘ਚੁਰਸਤੇ’ ਵਿਚ ਖਲੋ ਕੇ ‘ਗੋਦੋ ਨੂੰ ਉਡੀਕਦਿਆਂ’ ਨਾਟਕ ਦੀ ਰਚਨਾ ਵੀ ਕਰ ਦਿੱਤੀ ਹੋਈ ਸੀ।
ਕਹਿਣ ਤੋਂ ਮੁਰਾਦ, ਇਹ ਸੀ ਮਹਾਂ ਇਖਲਾਕੀ ਸੰਕਟ ਜਿਸ ਅੰਦਰ ਪੱਛਮ ਦੇ ਅਨੇਕਾਂ ਇਮਾਨਦਾਰ ਤੇ ਸੰਵੇਦਨਸ਼ੀਲ ਇਨਸਾਨ ਦੂਸਰੇ ਵਿਸ਼ਵ ਯੁੱਧ ਦੌਰਾਨ ਅਡੌਲਫ ਹਿਟਲਰ ਹੱਥੋਂ ਯਹੂਦੀਆਂ ਨੂੰ ਮਹਾਂਨਾਸ਼ ਤੇ ‘ਮਾਸਕੋ ਮੁਕੱਦਮਿਆਂ’ ਵਰਗੀਆਂ ਕਾਲੀਆਂ ਖੌਫਨਾਕ ਕਰਤੂਤਾਂ ਦੀ ਹਕੀਕਤ ਸਾਹਮਣੇ ਆਉਣ ਦੇ ਪਿਛੋਕੜ ਵਿਚ ਫਸੇ ਮਹਿਸੂਸ ਕਰ ਰਹੇ ਸਨ, ਪਰ ਜਿਸ ਦਾ ਅਹਿਸਾਸ ਮੀਸ਼ੇ ਅਤੇ ਉਨ੍ਹਾਂ ਜਿਹੀ ਸੰਵੇਦਨਾ ਵਾਲੇ ਪੰਜਾਬੀ ਬੁੱਧੀਜੀਵੀਆਂ ਤੇ ਆਦਰਸ਼ਵਾਦੀ ਨੌਜਵਾਨਾਂ ਨੂੰ ਅਚਾਨਕ ਖਰੁਸ਼ਚੋਵ ਦੀ ਰਿਪੋਰਟ ਦੇ ਵਿਸਫੋਟ ਤੋਂ ਬਾਅਦ ਅਚਾਨਕ ਹੋਣਾ ਸ਼ੁਰੂ ਹੋਇਆ, ਨਤੀਜੇ ਵਜੋਂ ਸੈਕੂਲਰ ਬੁੱਧੀਜੀਵੀ ਵੰਡੇ ਗਏ। ਜਸਬੀਰ ਸਿੰਘ ਆਹਲੂਵਾਲੀਆ ਅਤੇ ਤੇਜਵੰਤ ਸਿੰਘ ਗਿੱਲ ਦੇ ਰੂਪ ਵਿਚ ਸਪਸ਼ਟ ਵੰਨਗੀਆਂ ਦੇ ਦੋ ਪੋਲ (ਉਸ ਦੌਰ ਵਿਚ ਨਵੇਂ ਉਭਰ ਰਹੇ ਚਿੰਤਕਾਂ ਦੇ) ਸਾਡੇ ਸਾਹਵੇਂ ਹਨ। ਇਨ੍ਹਾਂ ਬੁੱਧੀਜੀਵੀਆਂ ਦੀ ਸੁਰ ਸਪਸ਼ਟ ਹੈ, ਰਾਹਾਂ ਦੀ ਦਿਸ਼ਾ ਦਾ ਕੋਈ ਰੌਲਾ ਨਹੀਂ।
ਮੀਸ਼ਾ ਆਪਣੇ ਪਿਆਰੇ ਮਿੱਤਰ ਨੰਦੀ ਬੱਲ ਨਾਲ ਇਨ੍ਹਾਂ ਦੋਵਾਂ ਪੋਲਾਂ ਤੋਂ ਪਾਸੇ ਖੜ੍ਹਾ ਮੁਸਕਰਾ ਰਿਹਾ ਹੈ ਅਤੇ ਕਾਂਜਲੀ ਝੀਲ ਵੱਲ ਆਪਣੀ ਅੰਤਿਮ ਯਾਤਰਾ ਤਕ ਉਹਨੇ ਇਸੇ ਤਰ੍ਹਾਂ ਮੁਸਕਰਾਈ ਜਾਣਾ ਹੈ। ਅਲਬੇਅਰ ਕਾਮੂ ਦਾ ‘ਆਊਟਸਾਈਡਰ’, ਜਾਰਜ ਆਰਵੈੱਲ ਦਾ ‘1984’ ਅਤੇ ਬੈਕਟ ਦਾ ‘ਗੋਦੋ’ ਉਨ੍ਹਾਂ ਨੇ ਪੜ੍ਹੇ ਹੋਏ ਸਨ ਜਾਂ ਨਹੀਂ, ਇਹ ਬਹਿਸ ਦਾ ਮੁੱਦਾ ਨਹੀਂ। ਸਵਾਲ ਤਾਂ ਇਹ ਹੈ ਕਿ ਅਹਿਸਾਸ ਦੇ ਪੱਧਰ ਉਤੇ ‘ਚੁਰਸਤਾ’ ਵਰਗੀ ਨਜ਼ਮ ਲਿਖਦਿਆਂ ਉਹ ਉਸੇ ਤਰ੍ਹਾਂ ਦੀ ਅਨੁਭੂਤੀ ਦੀ ਗ੍ਰਿਫਤ ਵਿਚ ਸਨ ਜਿਸ ਵਿਚੋਂ ਇਹ ਚਿੰਤਕ ਬੋਲ ਰਹੇ ਸਨ।
ਇਹ ਸੀ ਉਹ ਸੰਵੇਦਨਾ, ਆਤਮਿਕ ਸੰਕਟ ਦਾ ਮਾਹੌਲ ਅਤੇ ਪਿਛੋਕੜ ਜਿਸ ਵਿਚ ਮੀਸ਼ਾ ਹੁਸ਼ਿਆਰਪੁਰ ਕਾਲਜ ਵਿਚ ਪੜ੍ਹਦਿਆਂ ਸੁੱਤੇ-ਸਿੱਧ ਹੀ ਆਪਣੀ ‘ਚੁਰਸਤਾ’ ਨਾਂ ਦੀ ਵਿਆਕੁਲ ਕਰ ਜਾਣ ਵਾਲੀ ਨਜ਼ਮ ਉਚਾਰਦਾ ਹੈ। ਨਜ਼ਮ ਦੇ ਬੋਲ ਸੁਣੋ; ਰੂਹਾਨੀ ਬੇਵਸੀ ਦਾ ਆਲਮ ਜ਼ਰਾ ਵੇਖੋ:
ਕਿੰਨੀ ਅੰਨ੍ਹੀ ਹੈ ਇਹ ਰਾਤ
ਬੁਝ ਗਏ ਸਾਰੇ ਚਿਰਾਗ,
ਚੌਕ ਦੀ ਬੱਤੀ ਬਿਨਾ
ਚੌਕ ਦੀ ਮਰੀਅਲ ਜਿਹੀ ਬੱਤੀ ਬਿਨਾ
ਕਿਰਨ ਚਾਨਣ ਦੀ ਕਿਤੋਂ ਵੀ
ਪਾ ਰਹੀ ਨਾ ਕੋਈ ਝਾਤ
ਚੌਹੀਂ ਪਾਸੀਂ ਰਾਤ ਅੰਨ੍ਹੀ ਸੀਤ ਹੈ
ਸੁੰਘਿਆ ਇਸ ਨੂੰ ਉਦਾਸੀ ਸੱਪ ਨੇ
ਸੌਂ ਗਿਆ ਕਿ ਮਰ ਗਿਆ ਇਹ ਸ਼ਹਿਰ ਹੈ?
ਹੌਕੇ ਭਰਦੀ ਸੋਗ ਨੇ
ਹੈ ਪੌਣ ਸਾਹੋਂ ਉਘੜੀ
ਫੂਕਰਾਂ ਨੇ ਮਾਰਦੇ ਨ੍ਹੇਰੇ ਦੇ ਨਾਗ,
ਇਸ ਫਿਜ਼ਾ ਦੀ ਰਗ ਰਗ ਵਿਚ ਜ਼ਹਿਰ ਹੈ,
ਕਹਿਰ ਹੈ, ਹਾਏ ਕਹਿਰ ਹੈ।

ਰਾਤ ਕਿੰਨੀ ਸੀਤ ਹੈ!
ਦਿਲ ਕਿਸੇ ਦੀ ਨੁੱਕਰੇ ਵੀ
ਚਿਣਗ ਬਾਕੀ ਹੈ ਕੋਈ?
ਭੇਤ ਨਾ ਕੋਈ ਭੇਤ ਨਾ,
ਅਹਿਸਾਸ ਠੰਢਾ ਹੋ ਰਿਹਾ,
ਸੁੰਨੀ ਹੁੰਦੀ ਜਾ ਰਹੀ ਹੈ ਚੇਤਨਾ।
ਕਿੰਨਾ ਔਖਾ ਹੈ ਚੁਰਸਤਾ ਛੱਡਣਾ!
ਹਾਏ ਹੱਡਾਂ ਵਿਚ ਸਿੱਕਾ ਭਰ ਗਿਆ
ਸੱਚ ‘ਤੇ ਪਰਦਾ ਸਿਆਹ
ਤੇ ਸੂਝ ਦੀ ਹੋਈ ਬਵਾਹ।
ਚੌਕ ਦੀ ਮਰੀਅਲ ਜਿਹੀ ਬੱਤੀ
ਕਿਸੇ ਨੂੰ ਕੀ ਵਿਖਾ ਸਕਦੀ ਏ ਰਾਹ!
ਚਾਲੀ ਵਰ੍ਹੇ ਪਹਿਲਾਂ ਸਾਡੇ ਕਿਸੇ ਪ੍ਰਗਤੀਸ਼ੀਲ ਮਿੱਤਰ ਨੇ ਚਿੜ ਕੇ ਕਿਹਾ ਸੀ ਕਿ ‘ਜੁਰਮ ਤੇ ਸਜ਼ਾ’ ਵਿਚ ਆਖਰ ਹੈ ਕੀ? ਇਹੀ ਨਾ ਕਿ ਵਿਆਜੂ ਪੈਸੇ ਦੇਣ ਵਾਲੀ ਮਰੀਅਲ ਜਿਹੀ, ਕਿਸੇ ਕੰਜੂਸ ਜਿਹੀ ਬੁਢੜੀ ਨੂੰ ਪੈਸਿਆਂ ਦੀ ਤੱਦੀ ਕਰ ਕੇ ਕਿਸੇ ਲੋੜਵੰਦ ਹੋਣਹਾਰ ਨੌਜਵਾਨ ਨੇ ਮਾਰ ਦਿੱਤਾ- ਦੈਨ ਵ੍ਹੱਟ! ਪ੍ਰੇਮ ਪ੍ਰਕਾਸ਼ ਇਹੋ ਤਾਂ ਕਹਿ ਰਹੇ ਹਨ ਕਿ ਉਹ ਤੇ ਉਨ੍ਹਾਂ ਦੇ ਯਾਰ ਕਾਫੀ ਹਾਊਸ ਵਿਚ ਕਈ ਵਰ੍ਹੇ ‘ਕੌੜੀ ਕਾਫੀ ਦੀ ਪਿਆਲੀ ਲਿਆਈਂ’ ਓਏ ਬਹਿਰੇ- ਕਿੰਨਾ ਔਖਾ ਹੈ ਚੁਰਸਤਾ ਛੱਡਣਾ! ਕਹਿ ਕੇ ਮੀਸ਼ਾ ਜੀ ਨੂੰ ਛੇੜਦੇ ਰਹੇ ਸਨ। ਮੁਬਾਰਕ ਹੈ! ਪਰ ਸਾਨੂੰ ਇਹ ਨਜ਼ਮ ਉਸੇ ਤਰ੍ਹਾਂ ਬੇਹੱਦ ਹੈਰਾਨ ਕਰਦੀ ਹੈ ਜਿਸ ਤਰ੍ਹਾਂ ‘ਗੋਦੋ ਨੂੰ ਉਡੀਕਦਿਆਂ’ ਅਤੇ ‘ਕੇਸ ਆਫ ਕਾਮਰੇਡ ਟੂਲਾਯੇਵ’ ਦੀ ਪੜ੍ਹਤ ਅੱਜ ਵੀ ਡਾਢਾ ਪ੍ਰੇਸ਼ਾਨ ਕਰਦੀ ਹੈ।
ਸ਼ੀਹਾਨ ਠੀਕ ਕਹਿੰਦਾ ਹੈ, ਮਾਰਟਿਨ ਹਾਈਡੇਗਰ ਦੇ ਸਮੁੱਚੇ ਚਿੰਤਨ ਵਿਚ ਇਨਸਾਨ ਨੂੰ ਧਾਰਮਕ ਜਾਂ ਕਿਸੇ ਵੀ ਕਿਸਮ ਦੀਆਂ ਗੈਰ-ਪ੍ਰਮਾਣਿਕ ਵਿਚਾਰਧਾਰਕ ਆਸਥਾਵਾਂ ਦੀਆਂ ਬੈਸਾਖੀਆਂ ਦੇ ਸਹਾਰੇ ਬਿਨਾ ਆਪਣੀ ਹਸਤੀ ਤੇ ਹੋਣੀ ਦੇ ਨੰਗੇ ਸੱਚ ਦਾ ਸਾਹਮਣਾ ਕਰਨ ਦੀ ਜੁਰਅਤ ਦਾ ਸੱਦਾ ਹੈ; ਕੋਈ ਦਿਸ਼ਾ ਨਹੀਂ, ਫਿਰ ਇਹ ਕੋਈ ਮਿਹਣਾ ਤਾਂ ਨਹੀਂ! ਉਹ ਬੰਦੇ ਨੂੰ ਬੰਦੇ ਦੇ ਪੁੱਤ ਵਾਂਗੂੰ ਆਪਣੀ ਤ੍ਰਾਸਦਿਕ ਹੋਣੀ ਨੂੰ ਜੁਰਅਤ ਨਾਲ ਸਵੀਕਾਰ ਕਰਦਿਆਂ ਜਿਉਣ ਦੀ ਜਾਚ ਤਾਂ ਸਿਖਾਉਂਦਾ ਹੈ। ਫਰਾਂਜ ਕਾਫਕਾ ਦੇ ਸ਼ਾਹਕਾਰ ‘ਦਿ ਕੈਸਲ’ ਦੀ ਅਨੰਤ ਸ਼ਾਨ ਹੀ ਇਸ ਗੱਲ ਵਿਚ ਨਿਹਿਤ ਹੈ ਕਿ ਉਥੇ ਇਨਸਾਨ ਲਈ ਝੂਠੀ ਆਸ ਦਾ ਕਿਧਰੇ ਭੋਰਾ ਭਰ, ਜ਼ਰਾ ਮਾਸਾ ਸੰਕੇਤ ਵੀ ਨਹੀਂ। ਦੋਵੇਂ ਚਿੰਤਕ ਆਪਣੇ ਅਨੇਕਾਂ ਸ਼ਾਨਾਂਮੱਤੇ ਪ੍ਰਸ਼ੰਸਕਾਂ ਅਤੇ ਮਿੱਤਰਾਂ ਦੀ ਭੀੜ ਦੇ ਬਾਵਜੂਦ ਚੇਤਨਾ ਦੇ ‘ਚੁਰਸਤੇ’ ਵਿਚ ਪੂਰੀ ਸਜ-ਧਜ ਅਤੇ ਅਕੀਦਤ ਨਾਲ ਖੜ੍ਹੇ ਇਸੇ ਤਰ੍ਹਾਂ ਦੀ ਗੱਲ ਹੀ ਤਾਂ ਕਹਿੰਦੇ ਰਹੇ ਜੋ ਮੀਸ਼ਾ ਨੇ ਆਪ ਆਪਣੀ ਇਸ ਸ਼ੁਰੂਆਤੀ ਅਤੇ ਬੇਹੱਦ ਮਾਅਨੇਖੇਜ਼ ਨਜ਼ਮ ਵਿਚ ਕੀਤੀ ਹੋਈ ਹੈ।
ਇਥੇ ‘ਚੁਰਸਤੇ’ ਵਿਚ ਮਰੀਅਲ ਜਿਹੀ ਲੋਅ ਵਾਲੀ ਬੱਤੀ ਹੇਠਾਂ ਖੜ੍ਹੇ ਬੰਦੇ ਦੀ ਬੇਚੈਨੀ ਨੂੰ ਸਮਝਣ ਦੀ ਕੋਸ਼ਿਸ਼ ਕਰਦਿਆਂ ਸੈਮੂਅਲ ਬੈਕਟ ਅਤੇ ਮਾਰਟਿਨ ਹਾਈਡੇਗਰ ਦੇ ਨਾਲ ਹੀ ਪਿਆਰੇ ਮਿੱਤਰ ਕਰਮਜੀਤ ਸਿੰਘ ਦੀ ਬੇਚੈਨੀ ਦੇ ਕਈ ਲਮਹਿਆਂ ਦੀ ਯਾਦ ਆ ਗਈ ਹੈ। ਨਿੱਘੀ ਨੇੜਤਾ ਅਤੇ ਸਾਂਝ ਦੇ ਵਰ੍ਹਿਆਂ ਦੌਰਾਨ ਅਜਿਹੇ ਮੌਕਿਆਂ ‘ਤੇ ਉਹਨੂੰ ਕਈ ਵਾਰ ਘਰੇ ਮਹਾਰਾਜ ਵਾਲੇ ਕਮਰੇ ਦੀ ਓਟ-ਆਸਰਾ ਲੈਂਦਿਆਂ ਤੱਕਿਆ ਹੈ। ਉਸ ਦਾ ਸਦਾ ਹੀ ਇਤਕਾਦ ਰਿਹਾ ਹੈ ਕਿ ‘ਚੁਰਸਤੇ’ ਵਿਚ ਫਸਣਾ ਹੀ ਕਿਉਂ ਹੈ? ਗੁਰਮੁਖ ਲਈ ਸੱਚੇ ਪਾਤਸ਼ਾਹ ਨੇ ਰਾਹ ਬੜਾ ਸੋਹਣਾ ਦੱਸਿਆ ਤਾਂ ਹੋਇਆ। ਸਾਡਾ ਇਸ ਵੱਡੇ ਵੀਰ ਨੂੰ ਸਦਾ ਇਹੋ ਜਵਾਬ ਰਿਹਾ ਕਿ ਰਾਹ ਤਾਂ ਭਗਵਾਨ ਬੁੱਧ ਤੇ ਹਜ਼ਰਤ ਈਸਾ ਨੇ ਅਤੇ ਉਨ੍ਹਾਂ ਤੋਂ ਪਿੱਛੋਂ ਸੰਤ ਪਾਲ ਤੇ ਪੈਗੰਬਰ ਮੁਹੰਮਦ ਨੇ ਮੁੱਦਤਾਂ ਪਹਿਲਾਂ ਵੀ ਦੱਸਿਆ ਹੋਇਐ; ਰੱਬ ਸੱਚੇ ‘ਚ ਆਸਥਾ ਦਾ ਆਸਰਾ ਜਿਸ ਲੈਣਾ ਹੈ, ਉਹ ਜੀਅ ਸਦਕੇ ਲਵੇ, ਪਰ ਕਾਦਰ ਨੇ ਇਨਸਾਨੀ ਹਸਤੀ ਜੋ ਘੜੀ ਹੈ, ਉਸ ਦੇ ਅੰਦਰ ਪ੍ਰੋਮੀਥੀਅਸ ਵਾਲੀ ਸਪਿਰਿਟ ਵੀ ਤਾਂ ਭਰੀ ਹੈ ਜਿਸ ਦੀ ਖੁਦ ਆਪਣੇ ਤਰਕ, ਦਲੀਲ ਤੇ ਅਰਥਾਂ ਦੀ ਨਿਰੰਤਰ ਤਲਾਸ਼ ਬਿਨਾ ਮੁਕਤੀ ਨਹੀਂ।
ਸ਼ੀਹਾਨ ਠੀਕ ਆਖਦਾ ਹੈ ਕਿ ਮਾਰਟਿਨ ਹਾਈਡੇਗਰ ਦੇ ਲਾਸਾਨੀ ਅਤੇ ਤਾਕਤਵਰ ਤਰਕ ਦੇ ਬਾਵਜੂਦ ਉਸ ਕੋਲੋਂ ਗੱਲ ਬਣੀ ਨਹੀਂ, ਪਰ ਉਸ ਦੇ ਚਿੰਤਨ ਅੰਦਰ ਉਸ ਦੀ ਅਜਿਹੀ ਸਪਿਰਿਟ ਆਪਣੇ ਪਾਰਦਰਸ਼ੀ ਜਲੌਅ ਵਿਚ ਨੁਮਾਇਆ ਹੈ। ਸੋ, ਉਸ ਨੂੰ ਨਮੋ ਤਾਂ ਕਹਿਣੀ ਹੀ ਪੈਣੀ ਹੈ। ਗੱਲ ਪੱਛਮ ਜਾਂ ਪੂਰਬ ਦੀ ਨਹੀਂ, ਗੱਲ ਉਸ ਬੰਦੇ ਦੀ ਭਟਕਣ ਅਤੇ ਉਸ ਦੀ ਆਤਮਿਕ ਬੇਚੈਨੀ ਦੀ ਹੈ ਜਿਸ ਨੂੰ ਮਹਿਜ਼ ਫੇਥ ਦੇ ਆਸਰੇ ਤੋਂ ਢੋਈ ਨਹੀਂ ਹੈ। ਬੰਦਾ ਕੋਈ ਤਾ-ਉਮਰ ‘ਚੁਰਸਤੇ’ ਵਿਚ ਖੜ੍ਹਾ ਰਹਿ ਕੇ ਦਿਖਾਵੇ ਤਾਂ ਸਹੀ!
1962-64 ਦੇ ਵਰ੍ਹਿਆਂ ਦੌਰਾਨ ਮੀਸ਼ਾ ਅਜੇ ਨੈਸ਼ਨਲ ਕਾਲਜ ਸਠਿਆਲਾ ਵਿਚ ਹੀ ਸੀ ਕਿ ਕਮਿਊਨਿਸਟ ਪਾਰਟੀ ਅੰਦਰ ਦੁਫਾੜ ਪੈ ਗਿਆ। ਪਹਿਲਾਂ ਮਾਰਕਸਵਾਦੀ ਕਮਿਊਨਿਸਟ ਪਾਰਟੀ (ਸੀæਪੀæਐਮæ) ਨੇ 3-4 ਵਰ੍ਹੇ ਇਨਕਲਾਬੀ ਪਰਚਮ ਪੂਰੇ ਆਤਮ ਵਿਸ਼ਵਾਸ ਨਾਲ ਬੁਲੰਦ ਕੀਤਾ, ਫਿਰ ਜਲਦੀ ਬਾਅਦ ਹੀ ਚੀਨ ਦੇ ਸਭਿਆਚਾਰਕ ਇਨਕਲਾਬ ਨਾਲ ਮਾਓਵਾਦੀ ਧਿਰਾਂ ਅਲੀ ਅਲੀ ਕਰ ਕੇ ਪੰਜਾਬ ਦੇ ਕਲਾਤਮਿਕ-ਬੁੱਧੀਜੀਵੀ ਮੰਚਾਂ ‘ਤੇ ਹਾਵੀ ਹੋ ਗਈਆਂ। ਇਹ ਉਹ ਦੌਰ ਸੀ ਜਦੋਂ ਮੀਸ਼ੇ ਦੇ ਸਮਕਾਲੀਆਂ ਵਿਚ ਹਰਭਜਨ ਸਿੰਘ ਹੁੰਦਲ ਮਾਰਕਸੀ ਪਾਰਟੀ ਨਾਲ ਸਨ, ਇਕ ਹੋਰ ਪ੍ਰਤਿਭਾਸ਼ਾਲੀ ਸਮਕਾਲੀ ਜਗਤਾਰ ਨੇ ‘ਲਹੂ ਦੇ ਨਕਸ਼’ ਲਿਖ ਕੇ ਸਿੱਧਾ ਹੀ ਐਲਾਨ ਕਰ ਦਿੱਤਾ ਸੀ:
ਤੇ ਫੇਰ ਇਕ ਰਾਤ
ਮੈਂ ਉਨ੍ਹਾਂ ‘ਚ ਸ਼ਾਮਲ ਹੋ ਗਿਆ
ਜਿਨ੍ਹਾਂ ਖੇਤਾਂ ਦੀ ਮਿੱਟੀ ਚੁੰਮ ਕੇ
ਕਸਮ ਸੀ ਖਾਧੀ
ਇਹ ਸਭ ਕੁਝ ਰਹਿਣ ਨਹੀਂ ਦੇਣਾ
ਇਹ ਸਭ ਕੁਝ ਹੋਣ ਨਹੀਂ ਦੇਣਾ।

ਮੈਂ ਉਨ੍ਹਾਂ ‘ਚ ਸ਼ਾਮਲ ਸਾਂ
ਜਿਨ੍ਹਾਂ ਨੇ ਹੋਣੀਆਂ ਦੇ ਅਰਥ ਬਦਲੇ ਨੇ
ਤੇ ਬੁਝ ਰਹੀ ਜ਼ਿੰਦਗੀ ਵਿਚ
ਫੇਰ ਨੇ ਚੰਗਿਆੜੀਆਂ ਧਰੀਆਂ।
ਇਸੇ ਸਮੇਂ ਦੌਰਾਨ ਇਕ ਹੋਰ ਮਹਿਬੂਬ ਸ਼ਾਇਰ ਪਾਸ਼ ਦੇ ਕਾਵਿ-ਬੋਲਾਂ ਦਾ ਡੰਕਾ ਵੱਜਿਆ। ਡਾæ ਜਸਬੀਰ ਸਿੰਘ ਆਹਲੂਵਾਲੀਆ ਦੀ ਅਗਵਾਈ ਹੇਠ ਪ੍ਰਯੋਗਸ਼ੀਲ ਕਵਿਤਾ ਦੀ ਲਹਿਰ ਚੱਲੀ, ਡਾæ ਹਰਭਜਨ ਸਿੰਘ ਦੀ ਚੜ੍ਹਤ ਹੋਈ ਅਤੇ ਸੁਰਜੀਤ ਪਾਤਰ ਦੀਆਂ ਸੁੰਦਰ ਨਜ਼ਮਾਂ ਵੀ ਚਰਚਾ ਦਾ ਵਿਸ਼ਾ ਬਣਨ ਲੱਗੀਆਂ, ਪਰ ਨਕਸਲੀ ਚੜ੍ਹਤ ਦਾ ਦੌਰ ਜ਼ਿਆਦਾ ਸਮਾਂ ਨਾ ਰਿਹਾ। 1971-72 ਵਿਚ ਇੰਦਰਾ ਗਾਂਧੀ ਦੀ ਰਾਜਸੀ ਸੱਤਾ ‘ਤੇ ਪਕੜ ਪਹਿਲੀ ਵਾਰੀ ਪੂਰੀ ਤਰ੍ਹਾਂ ਮਜ਼ਬੂਤ ਹੋਈ। ਉਸ ਦੇ ਭਾਂਤ ਭਾਂਤ ਦੇ ਮੌਕਾਪ੍ਰਸਤ ਰਾਜਨੀਤਕ ਵਿਰੋਧੀਆਂ ਨੂੰ ਇਹ ਗੱਲ ਕਤਈ ਮਨਜ਼ੂਰ ਨਹੀਂ ਸੀ। ਉਨ੍ਹਾਂ ਉਸ ਨੂੰ ਚਿੱਤ ਕਰਨ ਖਾਤਰ, ਜਮਹੂਰੀਅਤ ਨੂੰ ਮੋਕਲਾ ਕਰਨ ਦੇ ਪੱਜ ਜੈ ਪ੍ਰਕਾਸ਼ ਵਰਗੇ ਜੋਖ਼ਮ ਭਰੀਆਂ ਅਮਲੀ ਸਮਸਿਆਵਾਂ ਦੇ ਗਿਆਨ ਤੋਂ ਕੋਰੇ, ਸਾਧ ਕਿਸਮ ਦੇ ਸੁਪਨਸਾਜ਼ ‘ਰਹਿਨੁਮਾ’ ਨੂੰ ਸਿਰੇ ਦੇ ਬੇਅਸੂਲੇ ਗੱਠਜੋੜ ਅੱਗੇ ਬੀਂਡੀ ਜੋੜ ਕੇ ਮੁਲਕ ਅੰਦਰ ਅਰਾਜਕਤਾ ਜਦੋਂ ਫੈਲਾਈ ਤਾਂ ਸਥਾਪਤੀ ਨੇ ਮੋੜਵਾਂ ਵਾਰ ਕਰਦਿਆਂ ਐਮਰਜੈਂਸੀ ਲਾ ਕੇ ਆਪਣੇ ਉਨ੍ਹਾਂ ਵਿਰੋਧੀਆਂ ਅਤੇ ਉਨ੍ਹਾਂ ਦੇ ਭੋਲੇ-ਭਾਲੇ ਪੈਰੋਕਾਰਾਂ ਨੂੰ ਤਾਂ ਖਾਹ-ਮਖਾਹ ਅੰਨ੍ਹੇਵਾਹ ਜੇਲ੍ਹਾਂ ਵਿਚ ਸੁੱਟਿਆ ਹੀ, ਮੀਸ਼ੇ ਵਰਗੇ ਪਹਿਲਾਂ ਹੀ ਡਰੇ ਹੋਏ ਧੀਮੇ ਬੋਲਾਂ ਵਾਲੇ ਲੋਕਾਂ ਲਈ ਵੀ ਕਾਫੀਆ ਤੰਗ ਕਰ ਦਿੱਤਾ। ਸਾਹਿਤਕ ਸਿਰਜਣਾਤਮਕ ਖੇਤਰ ਵਿਚ ਇਖਲਾਕੀ ਗਲਬਾ ਆਮ ਰੂਪ ਵਿਚ ਖੱਬੇ ਪੱਖੀ ਧਿਰਾਂ ਦੇ ਹੱਥ ਰਿਹਾ, ਜੋ ਥੋੜ੍ਹਾ ਬਚ-ਬਚਾਅ ਕੇ ‘ਲਹੂ ਦੀ ਲੋਅ’ ਦੀ ਗੱਲ ਕਰਦੇ ਰਹੇ; ਜਦੋਂ ਕਿ ਮੀਸ਼ਾ ਅਤੇ ਉਨ੍ਹਾਂ ਦੀ ਸੰਵੇਦਨਾ ਵਾਲੇ ਲੋਕ ਆਪਣੇ ਅੰਦਰ ਆਪਣੀ ਚੀਕ ਉਮਰ ਭਰ ਲਈ ਦਬਾ ਕੇ ਅੰਦਰੇ-ਅੰਦਰ ਹੋਰ ਵੀ ਵਧ ਦਹਿਸ਼ਤਜ਼ਦਾ ਹੁੰਦੇ ਗਏ।
(ਚਲਦਾ)