ਡਾ. ਗੁਰਨਾਮ ਕੌਰ, ਕੈਨੇਡਾ
‘ਪੰਜਾਬ ਟਾਈਮਜ਼’ ਦੇ 22 ਅਪਰੈਲ ਦੇ ਅੰਕਾ ਵਿਚ ਸ਼ ਹਾਕਮ ਸਿੰਘ ਦਾ ਲੇਖ ਛਪਿਆ ਸੀ, ‘ਗੁਰਮਤਿ ਅਤੇ ਸਿੱਖ ਧਰਮ ਵਿਚ ਭੇਦ ਹੈ।’ ਸ਼ ਹਾਕਮ ਸਿੰਘ ਮੇਰੇ ਬਹੁਤ ਹੀ ਸੀਨੀਅਰ ਬਜ਼ੁਰਗ ਕੁਲੀਗ ਹਨ। ਜਦੋਂ ਮੈਂ 1969 ਵਿਚ ਬਤੌਰ ਜੂਨੀਅਰ ਲੈਕਚਰਰ ਪੰਜਾਬੀ ਯੂਨੀਵਰਸਿਟੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਭਾਗ ਵਿਚ ਆਈ ਸਾਂ, ਉਦੋਂ ਉਹ ਪੰਜਾਬੀ ਯੂਨੀਵਰਸਿਟੀ ਵਿਚ ਬਤੌਰ ਲਾਇਬ੍ਰੇਰੀਅਨ ਸੇਵਾ ਨਿਭਾ ਰਹੇ ਸਨ।
ਉਹ ਆਪਣੇ ਖੇਤਰ ਦੇ ਬਹੁਤ ਮਾਹਿਰ, ਬੇਹੱਦ ਸੁਲਝੇ ਅਤੇ ਅਨੁਸ਼ਾਸਨ ਦੇ ਪਾਬੰਦ ਅਫਸਰ ਵਜੋਂ ਜਾਣੇ ਜਾਂਦੇ ਸਨ। ਮੈਨੂੰ ਯੂਨੀਵਰਸਿਟੀ ਕੈਂਪਸ ਵਿਚ ਕਈ ਵਰ੍ਹੇ ਉਨ੍ਹਾਂ ਦੇ ਗੁਆਂਢ ਵਿਚ ਰਹਿਣ ਦਾ ਸੁਭਾਗ ਵੀ ਪ੍ਰਾਪਤ ਹੋਇਆ ਹੈ ਜਿਸ ਕਰਕੇ ਉਨ੍ਹਾਂ ਦੇ ਪਰਿਵਾਰ ਨਾਲ ਵੀ ਚੰਗਾ ਸਹਿਚਾਰ ਰਿਹਾ ਹੈ।
ਮੇਰੇ ਇਸ ਲੇਖ ਦਾ ਮੰਤਵ ਕੋਈ ਪ੍ਰਤੀਕਰਮ ਜਾਂ ਕਿਸੇ ਕਿਸਮ ਦੀ ਬਹਿਸ ਨਹੀਂ ਹੈ, ਸਗੋਂ ਉਨ੍ਹਾਂ ਤੱਥਾਂ ਨੂੰ ਗੁਰਬਾਣੀ ਦੀ ਰੌਸ਼ਨੀ ਵਿਚ ਜਾਣਨ ਅਤੇ ਸਮਝਣ ਦੀ ਕੋਸ਼ਿਸ਼ ਹੈ ਜੋ ਤੱਥ ਸ਼ ਹਾਕਮ ਸਿੰਘ ਨੇ ਆਪਣੇ ਲੇਖ ਵਿਚ ਦ੍ਰਿਸ਼ਟੀਗੋਚਰ ਕੀਤੇ ਹਨ। ਇਸ ਵਿਚ ਕੋਈ ਦੋ ਰਾਵਾਂ ਨਹੀਂ ਹਨ ਕਿ ਅਸੀਂ ਵਿਅਕਤੀਗਤ ਤੌਰ ‘ਤੇ ਅਤੇ ਸੰਸਥਾਗਤ ਰੂਪ ਵਿਚ ਵੀ ਗੁਰੂ ਦੇ ਦੱਸੇ ਰਸਤੇ ਤੋਂ ਵਿਚਲਿਤ ਹੋ ਰਹੇ ਹਾਂ ਤੇ ਆਪਣੇ ਆਦਰਸ਼ ਤੋਂ ਕਾਫੀ ਲਾਂਭੇ ਵੀ ਜਾ ਰਹੇ ਹਾਂ, ਬਹੁਤ ਸਾਰੀ ਮਨਮੁਖਤਾ ਦਿਨੋ-ਦਿਨ ਗੁਰੂ ਦੇ ਦੱਸੇ ਮਾਰਗ ਵਿਚ ਸ਼ਾਮਲ ਹੋ ਰਹੀ ਹੈ। ਗੁਰੂ ਨੇ ਸਾਡਾ ਮਾਰਗ-ਦਰਸ਼ਨ ਕਰਦਿਆਂ ਇਸ ਰੋਗ ਦਾ ਇਲਾਜ ਸਾਨੂੰ ਆਤਮ-ਚੀਨਣ ਵਿਚ ਦੱਸਿਆ ਹੈ। ਇਸ ਲੇਖ ਦਾ ਮਕਸਦ ਸਿੱਖੀ, ਸਿੱਖ, ਸਿੱਖ ਧਰਮ, ਗੁਰੂ, ਸਤਿਗੁਰੂ ਅਤੇ ਗੁਰਮਤਿ ਦੀ ਸੰਖੇਪ ਚਰਚਾ ਕਰਨਾ ਅਤੇ ਸਿੱਖ ਧਰਮ ਦੀਆਂ ਸੰਸਥਾਵਾਂ ਦੀ ਸਥਾਪਤੀ ਤੇ ਜ਼ਰੂਰਤ ਬਾਰੇ ਜਾਣਨਾ ਹੈ।
ਭਾਈ ਕਾਹਨ ਸਿੰਘ ਨਾਭਾ ਨੇ ‘ਸਿਖ’ ਸ਼ਬਦ ਦੇ ਅਰਥ ਕਰਦਿਆਂ ਮਹਾਨ ਕੋਸ਼ ਵਿਚ ਲਿਖਿਆ ਹੈ ਕਿ ਸੰਸਕ੍ਰਿਤ ਭਾਸ਼ਾ ਵਿਚ ਇਸ ਦਾ ਰੂਪ ‘ਸ਼ਿਸ਼ਯ’ ਹੈ ਅਤੇ ਇਹ ਸੰਗਿਆ ਹੈ, ਇਸ ਦਾ ਅਰਥ ਹੈ ਜੋ ਸ਼ਾਸਨ (ਉਪਦੇਸ਼) ਯੋਗ ਹੋਵੇ, ਚੇਲਾ, ਸ਼ਾਗਿਰਦ। ਇਸ ਦਾ ਦੂਜਾ ਅਰਥ ਗੁਰੂ ਨਾਨਕ ਦੇਵ ਜੀ ਦਾ ਅਨੁਗਾਮੀ ਜਿਸ ਨੇ ਸਤਿਗੁਰੂ ਨਾਨਕ ਦੇਵ ਦਾ ਸਿੱਖ ਧਰਮ ਧਾਰਨ ਕੀਤਾ ਹੈ ਤੇ ਜੋ ਸ੍ਰੀ ਗੁਰੂ ਗ੍ਰੰਥ ਸਹਿਬ ਨੂੰ ਆਪਣਾ ਧਰਮ ਗ੍ਰੰਥ ਮੰਨਦਾ ਅਤੇ ਦਸ ਸਤਿਗੁਰਾਂ ਨੂੰ ਇੱਕ ਰੂਪ ਜਾਣਦਾ ਹੈ। ‘ਸਿੱਖ’ ਦਾ ਅਰਥ ਕਰਦਿਆਂ ਲਿਖਿਆ ਗਿਆ ਹੈ ਕਿ ਗੁਰ ਸਿੱਖ, ਸਿੱਖ ਧਰਮ ਧਾਰੀ। ਸਿੱਖ ਧਰਮ ਬਾਰੇ ਦੱਸਿਆ ਗਿਆ ਹੈ ਕਿ ਮਨੁੱਖਾ ਜੀਵਨ ਦੇ ਮਨੋਰਥ ਦੀ ਸਿੱਧੀ ਲਈ ਜੋ ਮਹਾਂ ਪੁਰਖਾ ਨੇ ਰਸਤਾ ਦੱਸਿਆ ਹੈ, ਉਸ ਨੂੰ ਧਰਮ ਕਹਿੰਦੇ ਹਨ। ਧਰਮ ਦੇ ਅਨੇਕ ਰਸਤਿਆਂ ਵਿਚੋਂ ਇੱਕ ਸ਼ਿਰੋਮਣਿ ਰਸਤਾ ਉਹ ਹੈ, ਜੋ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ-ਦਸਾਂ ਗੁਰੂਆਂ ਨੇ ਦੱਸਿਆ ਹੈ, ਇਸ ਦਾ ਨਾਉਂ “ਸਿੱਖ ਧਰਮ” ਹੈ।
ਅਸੀਂ ਸਾਰੇ ਜਾਣਦੇ ਹਾਂ ਕਿ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਹਨ। ਧਰਮ ਜਦੋਂ ਸੰਸਥਾਗਤ ਰੂਪ ਵਿਚ ਸਥਾਪਤ ਹੋ ਜਾਂਦਾ ਹੈ ਤਾਂ ਉਸ ਵਿਚ ਸਮੇਂ ਦੇ ਨਾਲ ਨਾਲ ਬਹੁਤ ਵਾਰੀ ਕਈ ਕਿਸਮ ਦੇ ਵਹਿਮ ਅਤੇ ਰਸਮਾਂ ਜੁੜ ਜਾਂਦੀਆਂ ਹਨ ਜਿਨ੍ਹਾਂ ਦਾ ਅਧਿਆਤਮਕ ਤੌਰ ‘ਤੇ ਕਿਸੇ ਕਿਸਮ ਦਾ ਕੋਈ ਮਹੱਤਵ ਨਹੀਂ ਹੁੰਦਾ ਅਤੇ ਨਾ ਹੀ ਮਨੁੱਖ ਦੀ ਜ਼ਿੰਦਗੀ ਵਿਚ ਉਹ ਕੋਈ ਹਾਂ-ਵਾਚਕ ਭੂਮਿਕਾ ਨਿਭਾਉਣ ਦੇ ਸਮਰੱਥ ਹੁੰਦੀਆਂ ਹਨ ਬਲਕਿ ਮਨੁੱਖ ਨੂੰ ਉਸ ਦੇ ਜੀਵਨ ਦੇ ਅਸਲੀ ਮਕਸਦ ਤੋਂ ਵਿਚਲਿਤ ਕਰੀ ਰੱਖਦੀਆਂ ਹਨ। ਇਸ ਕਿਸਮ ਦੀਆਂ ਰਸਮਾਂ ਅਤੇ ਕਰਮਕਾਂਡ, ਭਾਵੇਂ ਉਹ ਕਿਸੇ ਵੀ ਧਰਮ ਵਿਚ ਪ੍ਰਵੇਸ਼ ਕਰ ਜਾਵੇ, ਮਨੁੱਖ ਨੂੰ ਉਸ ਦੇ ਅਸਲੀ ਮਕਸਦ ਤੋਂ ਵਿਚਲਿਤ ਕਰ ਦਿੰਦਾ ਹੈ।
ਗੁਰੂ ਨਾਨਕ ਨੇ ਸਮਕਾਲੀ ਧਰਮਾਂ ਨਾਲ ਜੁੜੇ ਕਰਮਕਾਂਡ ਦੀ ਨਿਰਾਰਥਕਤਾ ਨੂੰ ਉਜਾਗਰ ਕੀਤਾ ਹੈ ਜੋ ਹਰ ਧਰਮ ‘ਤੇ ਲਾਗੂ ਹੁੰਦੀ ਹੈ ਅਤੇ ਇਸ ਨੂੰ ਇਸੇ ਸੰਦਰਭ ਵਿਚ ਦੇਖਿਆ ਜਾਣਾ ਚਾਹੀਦਾ ਹੈ। ਅਜਿਹੇ ਅਰਥਾਂ ਵਿਚ ਹੀ ਗੁਰੂ ਨਾਨਕ ਜੈਨੀ ਸਾਧੂਆਂ ਜਾਂ ਸਰੇਵੜਿਆਂ ਵੱਲੋਂ ਸਰੀਰ ਨੂੰ ਗੰਦਾ ਰੱਖਣ ਭਾਵ ਇਸ਼ਨਾਨ ਨਾ ਕਰਨ ਬਾਰੇ ਨੁਕਤਾ ਉਠਾਉਂਦੇ ਹਨ ਜਿਸ ਵਿਚ ਸਿੱਖੀ ਦਾ ਹਵਾਲਾ ਵੀ ਮਿਲਦਾ ਹੈ। ਅਹਿੰਸਾ ਜੈਨ ਧਰਮ ਦਾ ਪ੍ਰਮੁੱਖ ਸਿਧਾਂਤ ਹੈ ਅਤੇ ਇਸ ਕਾਰਨ ਹੀ ਉਹ ਨੰਗੇ ਪੈਰੀਂ ਤੁਰਦੇ ਹਨ ਤਾਂ ਕਿ ਕੋਈ ਜੀਵ ਉਨ੍ਹਾਂ ਦੇ ਪੈਰਾਂ ਹੇਠ ਆ ਕੇ ਮਰ ਨਾ ਜਾਵੇ, ਮੂੰਹ ਤੇ ਪੱਟੀ ਬੰਨ੍ਹ ਕੇ ਰੱਖਦੇ ਹਨ ਕਿ ਕੋਈ ਜੀਵ ਸਾਹ ਨਾਲ ਅੰਦਰ ਜਾ ਕੇ ਮਰ ਨਾ ਜਾਵੇ, ਨਹਾਉਣ ਤੋਂ ਪ੍ਰਹੇਜ਼ ਕਰਦੇ ਹਨ ਕਿ ਕਿਤੇ ਪਾਣੀ ਵਿਚਲੇ ਕਿਸੇ ਜੀਵ ਦੀ ਹੱਤਿਆ ਨਾ ਹੋ ਜਾਵੇ। ਅਹਿੰਸਾ ਦੇ ਇਸੇ ਸਿਧਾਂਤ ਦੀ ਵਹਿਮ ਦੀ ਹੱਦ ਤੱਕ ਪਾਲਣਾ ਕਰਨ ‘ਤੇ ਗੁਰੂ ਨਾਨਕ ਪ੍ਰਸ਼ਨ ਕਰਦੇ ਹਨ।
ਸਰੇਵੜਿਆਂ ਨੂੰ ਇਹ ਅਹਿਸਾਸ ਕਰਾਉਣ ਦੇ ਨਾਲ ਨਾਲ ਕਿ ਸਭ ਜੀਵਾਂ ਨੂੰ ਪੈਦਾ ਕਰਨ ਵਾਲਾ ਅਤੇ ਮਾਰਨ ਵਾਲਾ ਅਕਾਲ ਪੁਰਖ ਆਪ ਹੈ। ਉਨ੍ਹਾਂ ਨੂੰ ਇਸ਼ਨਾਨ ਕਰਨ ਦੀ ਮਹੱਤਤਾ ਵੀ ਦੱਸਦੇ ਹਨ ਕਿ ਨਹਾਉਣਾ ਮਨੁੱਖ ਲਈ ਕਿਉਂ ਜ਼ਰੂਰੀ ਹੈ। ਪਾਣੀ ਦੀਆਂ ਬਰਕਤਾਂ ਦਾ ਜ਼ਿਕਰ ਕਰਦੇ ਹਨ ਕਿ ਮੀਂਹ ਪੈਣ ਨਾਲ ਸਾਰੇ ਜੀਵਾਂ ਅੰਦਰ ਖੁਸ਼ੀ ਦੀ ਲਹਿਰ ਦੌੜਦੀ ਹੈ। ਜੀਵਾਂ ਦਾ ਸਾਰਾ ਜੀਵਨ ਹੀ ਪਾਣੀ ਨਾਲ ਜੁੜਿਆ ਹੋਇਆ ਹੈ, ਪਾਣੀ ਤੋਂ ਹੀ ਅੰਨ ਪੈਦਾ ਹੁੰਦਾ ਹੈ, ਫਸਲਾਂ ਪੈਦਾ ਹੁੰਦੀਆਂ ਹਨ, ਪਸ਼ੂਆਂ ਨੂੰ ਖੁਰਾਕ ਮਿਲਦੀ ਹੈ ਜੋ ਅੱਗੋਂ ਕਈ ਤਰ੍ਹਾਂ ਨਾਲ ਮਨੁੱਖੀ ਲੋੜਾਂ ਨੂੰ ਪੂਰਿਆਂ ਕਰਦੇ ਹਨ।
ਗੁਰੂ ਨਾਨਕ ਇਸੇ ਸੰਦਰਭ ਵਿਚ ਸਿੱਖੀ ਦੀ ਗੱਲ ਕਰਦੇ ਹਨ ਜੋ ਇੱਕ ਨਿਵੇਕਲੀ ਕਿਸਮ ਦੀ ਜੀਵਨ ਜਾਚ ਹੈ। ਇਸ ਵਿਚ ਗੁਰੂ ਨਾਨਕ ਨੇ ਸਤਿਗੁਰੂ ਨੂੰ ਇੱਕ ਸਮੁੰਦਰ ਕਿਹਾ ਹੈ ਅਤੇ ਸਤਿਗੁਰੂ ਦੀਆਂ ਸਿੱਖਿਆਵਾਂ ਨਦੀਆਂ ਦੀ ਤਰ੍ਹਾਂ ਹਨ ਜਿਨ੍ਹਾਂ ਵਿਚ ਇਸ਼ਨਾਨ ਕਰਨ ਨਾਲ ਭਾਵ ਗੁਰੂ ਦੀ ਸਿੱਖਿਆ ਵਿਚ ਸੁਰਤਿ ਜੋੜਨ ਨਾਲ ਵਡਿਆਈ ਮਿਲਦੀ ਹੈ। ਇਹ ਸਰੇਵੜੇ ਜੋ ਇਸ ਵਿਚ ਇਸ਼ਨਾਨ ਨਹੀਂ ਕਰਦੇ, ਉਹ ਵਡਿਆਈ ਦੀ ਥਾਂ ਖੁਨਾਮੀ ਹੀ ਖੱਟਦੇ ਹਨ। ਭਾਵ ਇਹ ਵਹਿਮਾਂ-ਭਰਮਾਂ ਵਿਚ ਪਏ ਹੋਏ ਹਨ ਅਤੇ ਸਰੀਰ ਦੇ ਨਾਲ ਆਪਣੀ ਬੁੱਧੀ ਨੂੰ ਵੀ ਵਹਿਮਾਂ ਨਾਲ ਮਲੀਨ ਕਰ ਰਹੇ ਹਨ। ਪਰ ਜੇ ਉਹ ਗੁਰੂ ਦੀ, ਗੁਰੂ ਦੇ ਸਿੱਖਾਂ ਦੀ ਸੰਗਤਿ ਕਰਦੇ ਤਾਂ ਉਹ ਵਹਿਮਾਂ-ਭਰਮਾਂ ਤੋਂ ਛੁਟਕਾਰਾ ਪਾ ਸਕਦੇ:
ਗੁਰੂ ਸਮੁੰਦੁ ਨਦੀ ਸਭਿ ਸਿਖੀ
ਨਾਤੈ ਜਿਤੁ ਵਡਿਆਈ॥
ਨਾਨਕ ਜੇ ਸਿਰਖੁਥੇ ਨਾਵਨਿ ਨਾਹੀ
ਤਾ ਸਤ ਚਟੇ ਸਿਰਿ ਛਾਈ॥ (ਪੰਨਾ ੧੫੦)
ਉਪਰ ਗੁਰੂ ਨਾਨਕ ਸਾਹਿਬ ਨੇ ਸਿੱਖੀ ਜਾਂ ਗੁਰੂ ਦੀ ਸਿੱਖਿਆ ਅਤੇ ਸੰਗਤਿ ਵਿਚ ਚੱਲਣ ਵਾਲੇ ਮਨੁੱਖ ਦਾ ਹਵਾਲਾ ਜੈਨੀ ਸਾਧੂਆਂ ਦੇ ਕਰਮ-ਕਾਂਡ ਦੇ ਸੰਦਰਭ ਵਿਚ ਦਿੱਤਾ ਹੈ। ਇਸੇ ਤਰ੍ਹਾਂ ਆਸਾ ਦੀ ਵਾਰ ਵਿਚ ਗੁਰੂ ਨਾਨਕ ਵੱਲੋਂ ਸਿੱਖ ਜਾਂ ਸਿੱਖੀ ਦਾ ਹਵਾਲਾ ਰਾਸਧਾਰੀਆਂ, ਜੋ ਕ੍ਰਿਸ਼ਨ ਜਾਂ ਰਾਮ ਦੇ ਸਵਾਂਗ ਰਚ ਕੇ ਨੱਚਦੇ ਹਨ, ਦੇ ਕਰਮਕਾਂਡ ਨੂੰ ਨਕਾਰਨ ਦੇ ਸੰਦਰਭ ਵਿਚ ਦਿੱਤਾ ਹੈ। ਗੁਰੂ ਨਾਨਕ ਇਸ ਤੱਥ ਦਾ ਜ਼ਿਕਰ ਕਰਦੇ ਹਨ ਕਿ ਕਿਸ ਤਰ੍ਹਾਂ ਰਾਸ ਪਾਉਂਦੇ ਸਮੇਂ ਚੇਲੇ ਸਾਜ ਵਜਾਉਂਦੇ ਹਨ ਅਤੇ ਉਨ੍ਹਾਂ ਦੇ ਗੁਰੂ ਉਨ੍ਹਾਂ ਸਾਜਾਂ ਦੀ ਤਾਲ ‘ਤੇ ਨੱਚਦੇ ਹਨ ਤੇ ਨੱਚ ਨੱਚ ਆਪਣਾ ਬੁਰਾ ਹਾਲ ਕਰ ਲੈਂਦੇ ਹਨ, ਧੂੜ ਉਡ ਉਡ ਕੇ ਸਿਰਾਂ ਵਿਚ ਪੈਂਦੀ ਹੈ ਅਤੇ ਲੋਕ ਉਨ੍ਹਾਂ ਦਾ ਮਜ਼ਾਕ ਉਡਾਉਂਦੇ ਹਨ।
ਗੁਰੂ ਸਾਹਿਬ ਇਹ ਸਾਰਾ ਵਰਣਨ ਮਨੁੱਖ ਨੂੰ ਚੇਤੰਨ ਕਰਨ ਲਈ ਕਰਦੇ ਹਨ ਕਿ ਇਹ ਕਿਸ ਕਿਸਮ ਦੀ ਧਾਰਮਕਤਾ ਹੈ ਜਿਸ ਰਾਹੀਂ ਕੋਈ ਅਧਿਆਤਮਕ ਪ੍ਰਾਪਤੀ ਨਹੀਂ ਹੁੰਦੀ। ਅਜਿਹੇ ਸਵਾਂਗ, ਅਜਿਹਾ ਕਰਮਕਾਂਡ ਸਿਰਫ ਰੋਟੀ ਕਮਾਉਣ ਲਈ ਕੀਤਾ ਜਾਂਦਾ ਹੈ, ਕਿਸੇ ਅਧਿਆਤਮਕ ਪ੍ਰਾਪਤੀ ਲਈ ਨਹੀਂ। ਅਜਿਹੇ ਕਰਮਕਾਂਡ ਦੀ ਥਾਂ ਉਸ ਅਕਾਲ ਪੁਰਖ ਦੇ ਨਾਮ ਦਾ ਸਿਮਰਨ ਕਰਨ ਦੀ ਪ੍ਰੇਰਨਾ ਕੀਤੀ ਹੈ ਜੋ ਇਸ ਸੰਸਾਰ ਦਾ ਕਰਤਾ, ਧਰਤਾ ਅਤੇ ਹਰਤਾ ਹੈ, ਜਿਸ ਦਾ ਚਲਾਇਆ ਇਹ ਸੰਸਾਰ ਚੱਲ ਰਿਹਾ ਹੈ। ਇਸ ਦੇ ਨਾਲ ਹੀ ਇਹ ਵੀ ਦੱਸਿਆ ਹੈ ਕਿ ਇਸ ਸੰਸਾਰ ਦਾ ਰਚਣਹਾਰਾ ਵਾਹਿਗੁਰੂ ਨਿਡਰ, ਅਕਾਰ-ਰਹਿਤ ਹੈ ਤੇ ਉਸ ਦਾ ਨਾਮ ਸਦੀਵੀ ਰਹਿਣ ਵਾਲਾ ਹੈ ਅਤੇ ਉਸ ਦੇ ਨਾਮ ਦਾ ਸਿਮਰਨ ਕੇਵਲ ਉਹ ਸੇਵਕ ਹੀ ਕਰਦੇ ਹਨ ਜਿਨ੍ਹਾਂ ਉਤੇ ਅਕਾਲ ਪੁਰਖ ਦੀ ਮਿਹਰ ਹੈ। ਜਿਨ੍ਹਾਂ ਦੇ ਮਨ ਅੰਦਰ ਨਾਮ ਸਿਮਰਨ ਦਾ ਉਤਸ਼ਾਹ ਅਤੇ ਉਦਮ ਹੈ, ਉਨ੍ਹਾਂ ਦਾ ਜੀਵਨ ਨਾਮ-ਸਿਮਰਨ ਵਿਚ ਗੁਜ਼ਰਦਾ ਹੈ। ਇਹ ਸਿੱਖਿਆ ਗੁਰੂ ਤੋਂ ਮਿਲਦੀ ਹੈ ਅਤੇ ਜਿਨ੍ਹਾਂ ਨੇ ਗੁਰੂ ਦੀ ਮੱਤ ਰਾਹੀਂ ਇਹ ਸਿੱਖਿਆ ਆਪਣੇ ਅੰਦਰ ਵਸਾ ਲਈ ਹੈ, ਉਨ੍ਹਾਂ ਨੂੰ ਉਹ ਮਿਹਰਬਾਨ ਪਰਵਰਦਗਾਰ ਇਸ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਦਿੰਦਾ ਹੈ:
ਨਿਰਭਉ ਨਿਰੰਕਾਰੁ ਸਚੁ ਨਾਮੁ॥
ਜਾ ਕਾ ਕੀਆ ਸਗਲ ਜਹਾਨੁ॥
ਸੇਵਕ ਸੇਵਹਿ ਕਰਮਿ ਚੜਾਉ॥
ਭਿੰਨੀ ਰੈਣਿ ਜਿਨ੍ਹਾ ਮਨਿ ਚਾਉ॥
ਸਿਖੀ ਸਿਖਿਆ ਗੁਰ ਵੀਚਾਰਿ
ਨਦਰੀ ਕਰਮਿ ਲਘਾਏ ਪਾਰਿ॥ (ਪੰਨਾ ੪੬੫)
ਗੁਰੂ ਨਾਨਕ ਸਾਹਿਬ ਦੀ ਬਾਣੀ ਦੇ ਉਪਰ ਦਿੱਤੇ ਦੋਵਾਂ ਹਵਾਲਿਆਂ-ਜੈਨ ਧਰਮ ਅਤੇ ਰਾਮ ਤੇ ਕ੍ਰਿਸ਼ਨ ਨੂੰ ਰੱਬ ਦੇ ਅਵਤਾਰ ਮੰਨ ਕੇ ਉਨ੍ਹਾਂ ਦੀ ਪੂਜਾ ਕਰਨ ਵਾਲੀਆਂ ਪਰੰਪਰਾਵਾਂ, ਵਿਚ ਉਨ੍ਹਾਂ ਨੇ ਆਪਣੇ ਵੱਲੋਂ ਦਰਸਾਏ ਨਾਮ ਮਾਰਗ ਦਾ ਦੂਸਰੇ ਧਰਮਾਂ ਦੇ ਕਰਮਕਾਂਡ ਨਾਲੋਂ ਸਪੱਸ਼ਟ ਨਿਖੇੜਾ ਕੀਤਾ ਹੋਇਆ ਹੈ।
ਸਪੱਸ਼ਟ ਹੈ ਕਿ ਗੁਰਮਤਿ ਭਾਵ ਸਿੱਖੀ ਦੇ ਮਾਰਗ ਵਿਚ ਕਿਸੇ ਕਿਸਮ ਦੇ ਕਰਮਕਾਂਡ ਨੂੰ ਕੋਈ ਵੀ ਸਥਾਨ ਪ੍ਰਾਪਤ ਨਹੀਂ ਹੈ। ਇਨ੍ਹਾਂ ਤੋਂ ਬਿਨਾ ਯੋਗ ਦੀ ਪਰੰਪਰਾ ਹੈ ਜਿਸ ਵਿਚ ਵੀ ਕਈ ਕਿਸਮ ਦੇ ਹਠ-ਕਰਮ ਆਦਿ ਨੂੰ ਹੀ ਪਰਮਾਤਮਾ ਪ੍ਰਾਪਤੀ ਦਾ ਸਾਧਨ ਮੰਨਿਆ ਜਾਂਦਾ ਹੈ। ਸਿਧ ਗੋਸਟਿ ਵਿਚ ਵੀ ਗੁਰੂ ਨਾਨਕ ਇਸੇ ਕਿਸਮ ਦਾ ਨਿਖੇੜਾ ਕਹਿੰਦੇ ਹਨ ਕਿ ਸ੍ਰਿਸ਼ਟੀ ਦੇ ਮੁੱਢ ਜਾਂ ਆਦਿ ਦਾ ਵੀਚਾਰ ਤਾਂ ‘ਅਸਚਰਜ’ ਹੀ ਕਿਹਾ ਜਾ ਸਕਦਾ ਹੈ ਕਿਉਂਕਿ ਉਦੋਂ ਇੱਕ-ਰਸ ਪਰਮਾਤਮਾ ਹੀ ਅਫੁਰ ਅਵਸਥਾ ਵਿਚ ਕਾਇਮ ਸੀ ਭਾਵ ਹੋਰ ਕੋਈ ਹੋਂਦ ਹੈ ਹੀ ਨਹੀਂ ਸੀ। ਯੋਗ ਸ਼ਾਸਤਰ ਵਿਚ ਗਿਆਨ ਦਾ ਬਹੁਤ ਦਾਅਵਾ ਕੀਤਾ ਜਾਂਦਾ ਹੈ। ਗੁਰੂ ਨਾਨਕ ਦੱਸਦੇ ਹਨ ਕਿ ਅਧਿਆਤਮਕ ਗਿਆਨ ਦਾ ਅਸਲੀ ਗਿਆਨ ਗੁਰੂ ਦੀ ਸ਼ਰਣ ਗਿਆਂ ਹੀ ਪ੍ਰਾਪਤ ਹੁੰਦਾ ਹੈ।
ਪਰਮਾਤਮਾ ਦੀ ਸਰਵਵਿਆਪਕਤਾ ਦੀ ਗੱਲ ਕਰਦਿਆਂ ਗੁਰੂ ਨਾਨਕ ਦੱਸਦੇ ਹਨ ਕਿ ਹਰ ਇੱਕ ਸਰੀਰ ਵਿਚ, ਜੀਵਾਂ ਵਿਚ ਉਹ ਸਦੀਵੀ ਹੋਂਦ ਵਾਲਾ ਅਕਾਲ ਪੁਰਖ ਹੀ ਨਿਵਾਸ ਕਰਦਾ ਹੈ। ਉਸ ਅਦ੍ਰਿਸ਼ਟ ਪਰਮ ਹਸਤੀ ਵਿਚ ਸਤਿਗੁਰੂ ਦੇ ਸ਼ਬਦ ਰਾਹੀਂ ਲੀਨ ਹੋਈਦਾ ਹੈ ਅਤੇ ਸ਼ਬਦ ਨਾਲ ਇਕਸੁਰਤਾ ਦੀ ਅਡੋਲ ਅਵਸਥਾ ਵਿਚ ਇਸ ਸ੍ਰਿਸ਼ਟੀ ਦਾ ਮੂਲ ਉਹ ਨਿਰੰਜਨ ਲੱਭ ਪੈਂਦਾ ਹੈ ਜਿਸ ਲਈ ਗੁਰੂ ਦੀ ਸਿੱਖਿਆ ‘ਤੇ ਤੁਰਨ ਤੋਂ ਬਿਨਾ ਹੋਰ ਕਿਸੇ ਕਿਸਮ ਦੀ ਕਾਰ ਕਰਨ ਦੀ ਲੋੜ ਨਹੀਂ ਹੈ। ਜੋ ਸਿੱਖ ਗੁਰੂ ਆਸ਼ੇ ਅਨੁਸਾਰ ਸੇਵਾ ਕਰਦਾ ਹੈ, ਉਹ ਉਸ ਅਕਾਲ ਪੁਰਖ ਨੂੰ ਲੱਭ ਲੈਂਦਾ ਹੈ। ਇਹ ਖਿਆਲ ਕਿ ਗੁਰੂ ਦੇ ਹੁਕਮ ਵਿਚ ਚੱਲਿਆਂ ਉਸ ‘ਅਵਿਗਤ’ ਪਰਮ ਹਸਤੀ ਵਿਚ ਸਮਾ ਜਾਈਦਾ ਹੈ, ਇੱਕ ਅਸਚਰਜ ਪੈਦਾ ਕਰਨ ਵਾਲਾ ਖਿਆਲ ਹੈ ਪਰ ਜੋ ਮਨੁੱਖ ਹੁਕਮ ਵਿਚ ਤੁਰ ਕੇ ਹੁਕਮ ਨੂੰ ਪਛਾਣਦਾ ਹੈ, ਉਹ ਜੀਵਨ ਦੀ ਸਹੀ ਜੁਗਤ ਦੇ ਸੱਚ ਨੂੰ ਜਾਣ ਲੈਂਦਾ ਹੈ ਅਤੇ ਆਪਣੇ ਅੰਦਰੋਂ ‘ਮੈਂ’ ਨੂੰ ਦੂਰ ਕਰਕੇ ਦੁਨੀਆਂ ਵਿਚ ਰਹਿੰਦਿਆਂ ਵੀ ਨਿਰਲੇਪ ਹੁੰਦਾ ਹੈ ਕਿਉਂਕਿ ਉਹ ਅਕਾਲ ਪੁਰਖ ਨੂੰ ਆਪਣੇ ਅੰਦਰ ਅਨੁਭਵ ਕਰ ਲੈਂਦਾ ਹੈ। ਅਜਿਹਾ ਮਨੁੱਖ ਹੀ ਅਸਲੀ ਯੋਗੀ ਕਹਿਲਾਉਣ ਦਾ ਹੱਕਦਾਰ ਹੁੰਦਾ ਹੈ:
ਆਦਿ ਕਉ ਬਿਸਮਾਦੁ ਬੀਚਾਰੁ ਕਥੀਅਲੇ
ਸੁੰਨ ਨਿਰੰਤਰਿ ਵਾਸੁ ਲੀਆ॥
ਅਕਲਪਤ ਮੁਦ੍ਰਾ ਗੁਰ ਗਿਆਨੁ ਬੀਚਾਰਅਲੇ
ਘਟਿ ਘਟਿ ਸਾਚਾ ਸਰਬ ਜੀਆ॥
ਗੁਰ ਬਚਨੀ ਅਵਿਗਤਿ ਸਮਾਈਐ
ਤਤੁ ਨਿਰੰਜਨੁ ਸਹਜਿ ਲਹੈ॥
ਨਾਨਕ ਦੂਜੀ ਕਾਰ ਨ ਕਰਣੀ
ਸੇਵੈ ਸਿਖੁ ਸੁ ਖੋਜਿ ਲਹੈ॥
ਹੁਕਮੁ ਬਿਸਮਾਦੁ ਹੁਕਮਿ ਪਛਾਣੈ
ਜੀਅ ਜੁਗਤਿ ਸਚੁ ਜਾਣੈ ਸੋਈ॥
ਆਪੁ ਮੇਟਿ ਨਿਰਾਲਮੁ ਹੋਵੈ
ਅੰਤਰਿ ਸਾਚੁ ਜੋਗੀ ਕਹੀਐ ਸੋਈ॥ (ਪੰਨਾ ੯੪੦)
ਤੀਸਰੀ ਨਾਨਕ ਜੋਤਿ ਗੁਰੂ ਅਮਰਦਾਸ ਵਰਣਨ ਕਰਦੇ ਹਨ ਕਿ ਗੁਰਸਿੱਖ ਨੂੰ ਕੀ ਕਰਨਾ ਚਾਹੀਦਾ ਹੈ ਅਰਥਾਤ ਸਿਮਰਨ ਕਰਨਾ ਜਾਂ ਉਸ ਅਕਾਲ ਪੁਰਖ ਨੂੰ ਹਰ ਵੇਲੇ ਚੇਤੇ ਵਿਚ ਵਸਾ ਕੇ ਰੱਖਣਾ ਗੁਰਸਿੱਖ ਦਾ ਪ੍ਰਮੁੱਖ ਕਾਰਜ ਹੈ। ਸਿਮਰਨ ਕਰਨ ਨਾਲ ਉਸ ਅਕਾਲ ਪੁਰਖ ਨਾਲ ਇਕਸੁਰਤਾ ਪ੍ਰਾਪਤ ਹੁੰਦੀ ਹੈ, ਮਨੁੱਖ ਦੇ ਅੰਦਰੋਂ ਹਉਮੈ ਦੂਰ ਹੁੰਦੀ ਹੈ ਤੇ ਮਨ ਨਿਰਮਲ ਹੋ ਜਾਂਦਾ ਹੈ ਅਤੇ ਜੋ ਗੁਰਸਿੱਖ ਗੁਰੂ ਦੇ ਸਨਮੁਖ ਹੋ ਕੇ ਉਸ ਅਕਾਲ ਪੁਰਖ ਦਾ ਸਿਮਰਨ ਕਰਦਾ ਹੈ, ਉਸ ਨੂੰ ਮਨ ਚਾਹਿਆ ਫਲ ਪ੍ਰਾਪਤ ਹੁੰਦਾ ਹੈ। ਉਸ ਦੀ ਸਿਫਤਿ ਸਾਲਾਹ ਕਰਨ ਨਾਲ ਮਨ ਦੇ ਨਾਲ ਨਾਲ ਮਨੁੱਖ ਦਾ ਚਿਹਰਾ ਵੀ ਸੋਹਣਾ ਹੋ ਜਾਂਦਾ ਹੈ। ਗੁਰੂ ਅਮਰਦਾਸ ਅਕਾਲ ਪੁਰਖ ਅੱਗੇ ਅਰਦਾਸ ਕਰਕੇ ਅਜਿਹੇ ਗੁਰਮੁਖਾਂ ਦੀ ਸੰਗਤਿ ਮੰਗਦੇ ਹਨ ਜੋ ਅਕਾਲ ਪੁਰਖ ਦੀ ਸਿਫਤਿ ਸਾਲਾਹ ਕਰਦੇ ਹਨ ਅਤੇ ਉਹ ਅਜਿਹੇ ਮਨੁੱਖਾਂ ਤੋਂ ਆਪਣਾ ਤਨ, ਮਨ, ਧਨ ਸਭ ਕੁਝ ਵਾਰਨ ਲਈ ਤਿਆਰ ਹਨ:
ਵਾਹੁ ਵਾਹੁ ਸੇ ਜਨ ਸਦਾ ਕਰਹਿ
ਜਿਨ੍ਹ ਕਉ ਆਪੇ ਦੇਇ ਬੁਝਾਇ॥
ਵਾਹੁ ਵਾਹੁ ਕਰਤਿਆ ਮਨੁ ਨਿਰਮਲੁ ਹੋਵੈ
ਹਉਮੈ ਵਿਚਹੁ ਜਾਇ॥
ਵਾਹੁ ਵਾਹੁ ਗੁਰਸਿਖੁ ਜੋ ਨਿਤ ਕਰੇ
ਸੋ ਮਨ ਚਿੰਦਿਆ ਫਲੁ ਪਾਇ॥
ਵਾਹੁ ਵਾਹੁ ਕਰਹਿ ਸੇ ਜਨ ਸੋਹਣੇ
ਹਰਿ ਤਿਨ੍ਹ ਕੈ ਸੰਗਿ ਮਿਲਾਇ॥
ਵਾਹੁ ਵਾਹੁ ਹਿਰਦੈ ਉਚਰਾ
ਮੁਖਹੁ ਭੀ ਵਾਹੁ ਵਾਹੁ ਕਰੇਉ॥
ਨਾਨਕ ਵਾਹੁ ਵਾਹੁ ਜੋ ਕਰਹਿ
ਹਉ ਤਨੁ ਮਨੁ ਤਿਨ੍ਹ ਕਉ ਦੇਉ॥ (ਪੰਨਾ ੫੧੫)
ਗੁਰੂ ਅਮਰਦਾਸ ਸਿੱਖ ਨੂੰ ਸਦਾ ਗੁਰੂ ਦੇ ਸਨਮੁਖ ਹੋ ਕੇ ਵਿਚਰਨ ਦਾ ਆਦੇਸ਼ ਕਰਦੇ ਹਨ ਕਿ ਜੇ ਸਿੱਖ ਗੁਰੂ ਦੇ ਸਾਹਮਣੇ ਸੁਰਖਰੂ ਹੋਣਾ ਚਾਹੁੰਦਾ ਹੈ, ਉਹ ਗੁਰੂ ਦੇ ਚਰਨਾਂ ਦਾ ਓਟ ਆਸਰਾ ਤੱਕ ਕੇ ਚੱਲੇ, ਕੋਈ ਅਜਿਹਾ ਕੰਮ ਨਾ ਕਰੇ ਜਿਸ ਕਾਰਨ ਉਸ ਨੂੰ ਗੁਰੂ ਦੇ ਸਾਹਮਣੇ ਸ਼ਰਮਿੰਦਾ ਹੋਣਾ ਪਵੇ। ਇਸ ਲਈ ਉਹ ਸੱਚੇ ਦਿਲੋਂ ਗੁਰੂ ਦੀ ਸਿੱਖਿਆ ਦਾ ਪਾਲਣ ਕਰੇ। ਗੁਰੂ ਦੀ ਕਹਿਣੀ ਤੇ ਕਰਨੀ ਨੂੰ ਆਪਣੇ ਮਨ ਵਿਚ ਵਸਾ ਕੇ ਚੱਲੇ, ਆਪਣੇ ਮਨ ਨੂੰ ਪੂਰੀ ਤਰ੍ਹਾਂ ਗੁਰੂ ਦੇ ਸਮਰਪਣ ਕਰਕੇ ਚੱਲੇ ਅਤੇ ਅੰਦਰੋਂ ਆਪਾ-ਭਾਵ ਖਤਮ ਕਰਕੇ ਮਨ ਨੂੰ ਨਿਰਮਲ ਕਰੇ। ਗੁਰੂ ਦੀ ਸਿੱਖਿਆ ਤੋਂ ਬਿਨਾ ਕਿਸੇ ਹੋਰ ਦੀ ਸਿੱਖਿਆ ਅਨੁਸਾਰ ਨਾ ਚੱਲੇ। ਅਜਿਹਾ ਸਿੱਖ ਅਨੰਦ ਅਤੇ ਖੇੜੇ ਵਾਲਾ ਆਤਮਕ ਜੀਵਨ ਪ੍ਰਾਪਤ ਕਰਦਾ ਹੈ ਜੋ ਗੁਰੂ ਦੇ ਸਨਮੁਖ ਹੋ ਕੇ ਵਿਚਰਦਾ ਹੈ:
ਜੇ ਕੋ ਸਿਖੁ ਗੁਰੂ ਸੇਤੀ ਸਨਮੁਖੁ ਹੋਵੈ॥
ਹੋਵੈ ਤ ਸਨਮੁਖੁ ਸਿਖੁ ਕੋਈ
ਜੀਅਹੁ ਰਹੈ ਗੁਰ ਨਾਲੇ॥
ਗੁਰ ਕੈ ਚਰਨ ਹਿਰਦੈ ਧਿਆਏ
ਅੰਤਰ ਆਤਮੈ ਸਮਾਲੇ॥
ਆਪੁ ਛਡਿ ਸਦਾ ਰਹੈ ਪਰਣੈ
ਗੁਰ ਬਿਨੁ ਅਵਰੁ ਨ ਜਾਣੈ ਕੋਇ॥
ਕਹੈ ਨਾਨਕੁ ਸੁਣਹੁ ਸੰਤਹੁ
ਸੋ ਸਿਖੁ ਸਨਮੁਖੁ ਹੋਏ॥ (ਪੰਨਾ ੯੧੯)
(ਚਲਦਾ)