ਨਸ਼ੇ ਦੁਨੀਆਂ ਵਿਚ ਕਿਸੇ ਨਾ ਕਿਸੇ ਰੂਪ ਵਿਚ ਹਮੇਸ਼ਾ ਹੁੰਦੇ ਹਨ ਪਰ ਅੱਜ ਇਹ ਸਮੱਸਿਆ ਭਿਆਨਕ ਰੂਪ ਧਾਰ ਚੁਕੀ ਹੈ। ਅੱਜ ਇਹ ਸਮੱਸਿਆ ਸਿਖਰ ‘ਤੇ ਪਹੁੰਚ ਚੁਕੀ ਹੈ, ਖਾਸ ਕਰ ਰਸਾਇਣਕ ਨਸ਼ਿਆਂ ਨੇ ਤਾਂ ਸਮਾਜ ਨੂੰ ਬਹੁਤ ਔਖੇ ਮੋੜ ‘ਤੇ ਲਿਆ ਖੜ੍ਹਾ ਕੀਤਾ ਹੈ। ਅਮਰੀਕਾ, ਇੰਗਲੈਂਡ, ਕੈਨੇਡਾ ਜਿਹੇ ਵਿਕਸਿਤ ਦੇਸ਼ਾਂ ਨੂੰ ਤਾਂ ਇਸ ਗੰਭੀਰ ਸੰਕਟ ਨਾਲ ਜੂਝਣਾ ਪੈ ਹੀ ਰਿਹਾ ਹੈ, ਭਾਰਤ ਜਿਹੇ ਵਿਕਾਸਸ਼ੀਲ ਦੇਸ਼ ਵੀ ਇਸ ਦੀ ਮਾਰ ਹੇਠ ਹਨ।
ਸਖਤ ਕਾਨੂੰਨ ਵੀ ਇਸ ਵਬਾਅ ਨੂੰ ਠੱਲ੍ਹ ਨਹੀਂ ਸਕੇ। ਇਹ ਵੀ ਇਕ ਸੱਚ ਹੈ ਕਿ ਜਿਥੇ ਨਸ਼ਾਖੋਰੀ ਵੱਧ ਹੈ, ਉਥੇ ਜੁਰਮ ਵੀ ਵੱਧ ਹਨ। ਨੌਜਵਾਨ ਜਾਣੇ-ਅਣਜਾਣੇ ਨਸ਼ਿਆਂ ਦੀ ਮਾਰ ਹੇਠ ਆ ਜਾਂਦੇ ਹਨ ਜਦੋਂਕਿ ਪੈਸੇ ਦੇ ਲੋਭੀ ਇਹ ਜ਼ਹਿਰ ਪਹੁੰਚਾ ਰਹੇ ਹਨ।
ਇਸ ਵਬਾਅ ਦੇ ਮੁਕਾਬਲੇ ਲਈ ਜਿਥੇ ਸਰਕਾਰਾਂ ਯਤਨ ਕਰ ਰਹੀਆਂ ਹਨ, ਉਥੇ ਕੁਝ ਗੈਰ ਸਰਕਾਰੀ ਸਮਾਜਿਕ ਸੰਸਥਾਵਾਂ ਵੀ ਨਸ਼ਿਆਂ ਵਿਰੁਧ ਜਾਗਰੂਕਤਾ ਦੀਆਂ ਮੁਹਿੰਮਾਂ ਚਲਾ ਰਹੀਆਂ ਹਨ। ਇਸੇ ਲੜੀ ਵਿਚ ਬਲਵਿੰਦਰ ਸਿੰਘ ਕਾਹਲੋਂ ਤੇ ਸਾਥੀਆਂ ਨੇ ਕੈਲਗਰੀ, ਕੈਨੇਡਾ ਵਿਚ ਇਕ ਸੰਸਥਾ Ḕਡਰੱਗ ਅਵੇਅਰਨੈਸ ਫਾਊਂਡੇਸ਼ਨḔ ਬਣਾਈ ਹੈ ਜਿਸ ਨੇ ਦੇਸ਼-ਵਿਦੇਸ਼ ਵਿਚ ਨਸ਼ੇ ਦੇ ਦਰਿਆ ਵਿਚ ਰੁੜ੍ਹਦੀਆਂ ਅਨੇਕਾਂ ਜ਼ਿੰਦਗੀਆਂ ਨੂੰ ਬਚਾਇਆ ਹੈ। ਅੱਜ ਕਲ ਕੈਲਗਰੀ ਰਹਿੰਦੇ ਸੰਸਥਾ ਦੇ ਰੂਹੇ-ਰਵਾਂ ਅਤੇ ਬਾਨੀ ਮਂੈਬਰ ਬਲਵਿੰਦਰ ਸਿੰਘ ਕਾਹਲੋਂ ਪਿਛਲੇ ਦਿਨੀਂ ਸ਼ਿਕਾਗੋ ਆਏ ਤਾਂ ਉਨ੍ਹਾਂ ਨਾਲ ਇਸ ਮਾਮਲੇ ‘ਤੇ ਕੁਝ ਵਿਚਾਰ-ਵਟਾਂਦਰਾ ਹੋਇਆ। ਜਿਸ ਦੇ ਕੁਝ ਅੰਸ਼ ਪਾਠਕਾਂ ਦੀ ਨਜ਼ਰ ਹਨ:
ਕਾਹਲੋਂ ਸਾਹਿਬ, ਆਪਣੇ ਪਿਛੋਕੜ ਬਾਰੇ ਕੁਝ ਦੱਸੋਗੇ?
-ਮੇਰਾ ਜਨਮ ਬਟਾਲਾ ਵਿਚ ਹੋਇਆ, ਮੁਢਲੀ ਪੜ੍ਹਾਈ ਲੁਧਿਆਣਾ ਤੋਂ ਕੀਤੀ। ਐਲ਼ਐਲ਼ਬੀæ ਦੀ ਡਿਗਰੀ ਲੈ ਕੇ ਪੰਜ ਸਾਲ ਲੁਧਿਆਣਾ ਦੀ ਇਕ ਫਾਇਨੈਂਸ਼ੀਅਲ ਕੰਪਨੀ ਵਿਚ ਨੌਕਰੀ ਕੀਤੀ ਅਤੇ ਫਿਰ 5-6 ਸਾਲ ਉਥੇ ਵਕਾਲਤ ਕੀਤੀ। ਕਾਲਜ ਦੇ ਜਮਾਨੇ ਵਿਚ ਭੰਗੜੇ ਦਾ ਸ਼ੌਕ ਸੀ। ਦਿੱਲੀ ਵਿਚ 26 ਜਨਵਰੀ ਦੀ ਪਰੇਡ ਵਿਚ ਭੰਗੜਾ ਪਾਇਆ। ਜਵਾਨੀ ਵੇਲੇ ਤੋਂ ਹੀ ਸਮਾਜਿਕ ਤੇ ਲੋਕ ਭਲਾਈ ਦੇ ਕਾਰਜਾਂ ਵਿਚ ਵੱਧ ਚੜ੍ਹ ਕੇ ਹਿੱਸਾ ਲੈਂਦਾ ਰਿਹਾ ਹਾਂ।
ਇਹ ਸੰਸਥਾ ਬਣਾਉਣ ਦਾ ਵਿਚਾਰ ਕਿਵੇਂ ਆਇਆ?
-2006 ਦੀ ਗੱਲ ਹੈ, ਨਿਉ ਈਵ ਦੀ ਪਾਰਟੀ ਸੀ। ਕੁਝ ਟੀਨ ਏਜਰਾਂ ਦਾ ਆਪਸ ਵਿਚ ਝਗੜਾ ਹੋ ਗਿਆ ਜਿਸ ਦੌਰਾਨ ਇਕ ਦੀ ਮੌਤ ਹੋ ਗਈ ਤੇ ਕਈ ਗੰਭੀਰ ਜਖਮੀ ਹੋ ਗਏ। ਲੜਾਈ ਦਾ ਕਾਰਨ ਇਨ੍ਹਾਂ ਦਾ ਡਰੱਗ ਦੇ ਨਸ਼ੇ ਵਿਚ ਹੋਣਾ ਸੀ। ਇਸ ਦਰਦਨਾਕ ਘਟਨਾ ਨੇ ਮੈਨੂੰ ਹੀ ਨਹੀਂ, ਸਾਰੀ ਕਮਿਊਨਿਟੀ ਨੂੰ ਬੁਰੀ ਤਰ੍ਹਾਂ ਝੰਜੋੜ ਕੇ ਰੱਖ ਦਿੱਤਾ। ਸਭ ਦੀ ਜੁਬਾਨ ‘ਤੇ ਇਕ ਹੀ ਸਵਾਲ ਸੀ, ਸਾਡੇ ਨਾਲ ਇਹ ਕਿਉਂ ਵਾਪਰ ਰਿਹਾ ਹੈ? ਗੁਰੂ ਘਰ ਵਿਚ ਇੱਕਠ ਕੀਤਾ, ਨੌਜਵਾਨ ਪੀੜ੍ਹੀ ਨੂੰ ਡਰੱਗ ਤੋਂ ਬਚਾਉਣ ਲਈ ਉਪਰਾਲਾ ਕਰਨ ਦਾ ਮਨ ਬਣਾਇਆ। ਸਮੱਸਿਆ ਦੀ ਡੂੰਘੀ ਖੋਜ ਪੜਤਾਲ ਪਿਛੋਂ 2007 ਵਿਚ Ḕਡਰੱਗ ਅਵੇਅਰਨੈਸ ਫਾਊਂਡੇਸ਼ਨ-ਕੈਲਗਰੀḔ ਨਾਂ ਦੀ ਨਾਨ ਪਰਾਫਿਟ ਸੰਸਥਾ ਬਣਾਈ ਗਈ। ਉਸੇ ਸਾਲ Ḕਡਰਗ ਅਵੇਅਰਨੈਸ ਫਾਊਂਡੇਸ਼ਨ, ਕੈਲਗਰੀḔ ਦੇ ਬੈਨਰ ਹੇਠ ਨਗਰ ਕੀਰਤਨ ਵਿਚ ਸ਼ਾਮਿਲ ਹੋਏ। ਇਸ ਦੇ ਨਾਲ ਹੀ ਰੇਡੀਓ ਸੁਰ ਸਰਗਮ ਤੇ ਰੇਡੀਓ ਐਫ਼ਐਮ-94 ਦੇ ਵੀਕਲੀ ਪ੍ਰੋਗਰਾਮ ਰਾਹੀਂ ਨਸ਼ਿਆਂ ਵਿਰੁਧ ਮੁਹਿੰਮ ਵਿੱਢੀ।
ਸੰਸਥਾ ਦੇ ਮਿਸ਼ਨ ਬਾਰੇ ਕੁਝ ਵਿਸਥਾਰ ਨਾਲ ਦੱਸੋਗੇ?
-ਸਾਡਾ ਮੁਢਲਾ ਮਨੋਰਥ ਭਾਈਚਾਰੇ ਨਾਲ ਮਿਲ ਕੇ ਸਮਾਜ ਵਿਚੋਂ ਸ਼ਰਾਬ ਸਮੇਤ ਹਰ ਤਰ੍ਹਾਂ ਦੇ ਨਸ਼ੇ ਨੂੰ ਖਤਮ ਕਰਨਾ ਹੈ। (ਪੈਂਫਲਿਟ ਦਿਖਾਉਂਦਿਆਂ) ਇਸ ਵਿਚ ਸਭ ਕੁਝ ਵਿਸਥਾਰ ਵਿਚ ਹੈ, ਇਹ ਸਾਰਾ ਸਾਡੀ ਸੰਸਥਾ ਦੀ ਡੀæਏæਐਫ਼ਸੀæ ਤੇ ਆਨ ਲਾਈਨ ਵੀ ਉਪਲਬਧ ਹੈ।
ਸੰਸਥਾ ਦੇ ਰਾਹ ਵਿਚ ਕੁਝ ਮੁਸ਼ਕਿਲਾਂ ਵੀ ਆਈਆਂ?
-ਜਦੋਂ ਵੀ ਕੋਈ ਨਵਾਂ ਕੰਮ ਕਰੋ, ਕੁਝ ਥੋੜਾ ਬਹੁਤ ਕਿੰਤੂ ਪੰ੍ਰਤੂ ਤਾਂ ਹੁੰਦਾ ਹੀ ਹੈ। ਸ਼ੁਰੂ ਵਿਚ ਜਜ਼ਬਾਤੀ ਹੋ ਕੇ ਕਾਫੀ ਗਿਣਤੀ ਵਿਚ ਲੋਕ ਜੁੜਦੇ ਹਨ ਪਰ ਫਿਰ ਹੌਲੀ ਹੌਲੀ ਉਨ੍ਹਾਂ ਦਾ ਉਤਸ਼ਾਹ ਘਟਦਾ ਜਾਂਦਾ ਹੈ, ਇਹੋ ਕੁਝ ਸਾਡੇ ਨਾਲ ਹੋਇਆ। ਖੈਰ, ਸਾਡੇ ਨਾਲ ਕੁਝ ਲੋਕ ਪੱਕੇ ਤੌਰ ‘ਤੇ ਜੁੜ ਗਏ ਜੋ ਅੱਜ ਵੀ ਸੰਸਥਾ ਲਈ ਕੰਮ ਕਰ ਰਹੇ ਹਨ।
ਤੁਹਾਡਾ ਮਿਸ਼ਨ ਕਿਸ ਹੱਦ ਤੱਕ ਪੂਰਾ ਹੋਇਆ ਹੈ?
-ਜੇ ਕਿਸੇ ਇਕ ਜ਼ਿੰਦਗੀ ਨੂੰ ਵੀ ਬਚਾ ਸਕੀਏ ਤਾਂ ਵੀ ਵੱਡਾ ਪੁੰਨ ਦਾ ਕੰਮ ਹੈ। ਆਮ ਤੌਰ ‘ਤੇ ਇਸ ਸਮੱਸਿਆ ਦਾ ਸਾਹਮਣਾ ਕਰਨ ਵਾਲਾ ਆਦਮੀ ਜਾਂ ਪਰਿਵਾਰ ਆਪਣੇ ਆਪ ਨੂੰ ਇਕੱਲਾ ਮਹਿਸੂਸ ਕਰਦਾ ਹੈ। ਕਈ ਪਰਿਵਾਰ ਸ਼ਰਮ ਨਾਲ ਗੱਲ ਨਹੀਂ ਕਰਦੇ ਕਿ ਸਾਡਾ ਬੱਚਾ ਬਦਨਾਮ ਹੋ ਜਾਏਗਾ। ਇਸ ਲਈ ਪਰਿਵਾਰਕ ਪੱਧਰ ‘ਤੇ ਵੀ ਚੇਤਨਤਾ ਦੀ ਲੋੜ ਹੈ। ਸਭ ਦੇ ਸਹਿਯੋਗ ਨਾਲ ਜੇ ਕਿਸੇ ਭੈਣ ਦਾ ਵੀਰ, ਕਿਸੇ ਮਾਂ ਦਾ ਪੁੱਤ, ਕਿਸੇ ਬਜ਼ੁਰਗ ਦੇ ਬੁਢਾਪੇ ਦਾ ਸਹਾਰਾ, ਕਿਸੇ ਸੁਹਾਗਣ ਦਾ ਚੂੜਾ ਟੁੱਟਣ ਤੋਂ ਬਚ ਜਾਏ, ਕਿਸੇ ਬੱਚੇ ਦਾ ਪਿਤਾ ਇਸ ਲਾਅਨਤ ਤੋਂ ਤੌਬਾ ਕਰ ਲਏ, ਨਸ਼ੇ ਦੀ ਆਦਤ ਨਾਲ ਜੁਝਦੇ ਕਿਸੇ ਇਨਸਾਨ ਵਿਚ ਆਤਮ ਵਿਸ਼ਵਾਸ ਆ ਜਾਏ ਤਾਂ ਅਸੀਂ ਸਮਝਦੇ ਹਾਂ ਕਾਫੀ ਕੁਝ ਹਾਸਿਲ ਕਰ ਲਿਆ ਹੈ। ਮੇਰਾ ਨਿਜੀ ਤੌਰ ‘ਤੇ ਇਸ ਬੁਰਾਈ ਨਾਲ ਕੋਈ ਨੁਕਸਾਨ ਨਹੀਂ ਹੋਇਆ, ਫਿਰ ਵੀ ਮੈਂ ਸੋਚਦਾਂ ਕਿ ਜੇ ਅਸੀਂ ਆਪਣੇ ਭਾਈਚਾਰੇ ਲਈ ਕੁਝ ਨਹੀਂ ਕਰਾਂਗੇ ਤਾਂ ਇਨ੍ਹਾਂ ਨੌਜਵਾਨਾਂ ਦੀ ਹੂਕ ਕੌਣ ਸੁਣੇਗਾ? ਜੇ ਸਾਡੀ ਸੰਸਥਾ ਦੇ ਮਾਰਗ ਦਰਸ਼ਨ ਨਾਲ ਕਿਸੇ ਇਨਸਾਨ ਦੀ ਜ਼ਿੰਦਗੀ ਬਰਬਾਦ ਹੋਣੋਂ ਬਚ ਜਾਏ ਤਾਂ ਇਸ ਤੋਂ ਵੱਡੀ ਮਾਨਸਿਕ ਸੰਤੁਸ਼ਟੀ ਕੀ ਹੋ ਸਕਦੀ ਹੈ! ਸਾਡੀ ਸੰਸਥਾ ਦੇ ਸਹਿਯੋਗ ਨਾਲ ਕਈ ਵਿਦਿਆਰਥੀ ਡਰੱਗ ਦੇ ਇਸ ਜੰਜਾਲ ਵਿਚੋਂ ਨਿਕਲ ਚੁਕੇ ਹਨ।
ਕਿਹਾ ਜਾਂਦਾ ਹੈ ਕਿ ਮਾਤਾ-ਪਿਤਾ ਨੂੰ 9-10 ਸਾਲ ਦੀ ਉਮਰ ਦੇ ਬੱਚਿਆਂ ਨਾਲ ਨਸ਼ੀਲੇ ਪਦਾਰਥਾਂ ਤੋਂ ਬਚਣ ਲਈ ਖੁਲ੍ਹ ਕੇ ਗੱਲ ਕਰਨੀ ਚਾਹੀਦੀ ਹੈ ਤਾਂਕਿ ਅਣਜਾਣੇ ਵਿਚ ਉਹ ਨਸ਼ੇ ਦੇ ਚੱਕਰਵਿਊ ਵਿਚ ਨਾ ਫਸ ਜਾਣ। ਤੁਹਾਡਾ ਕੀ ਸੁਝਾਅ ਹੈ?
-ਇਹ ਸੱਚ ਹੈ ਕਿ ਬਚਪਨ ਤੋਂ ਜਵਾਨੀ ਤੱਕ ਦੀ ਉਮਰ ਇਕ ਐਸੀ ਅਵਸਥਾ ਹੈ, ਜਿਸ ਵਿਚ ਕਿਸੇ ਨੂੰ ਚੰਗੇ ਜਾਂ ਮਾੜੇ ਪਾਸੇ ਆਸਾਨੀ ਨਾਲ ਲਾਇਆ ਜਾ ਸਕਦਾ ਹੈ। ਅਸੀਂ ਸਮਝਦੇ ਹਾਂ ਕਿ 5-7 ਸਾਲ ਦੀ ਉਮਰ ਤੋਂ ਹੀ ਮਾਪੇ ਬੱਚਿਆਂ ਨੂੰ ਕੋਲ ਬਿਠਾ ਕੇ ਨਸ਼ਿਆਂ ਦੀ ਅਲਾਮਤ ਬਾਰੇ ਜਾਣਕਾਰੀ ਦੇਣੀ ਸ਼ੁਰੂ ਕਰ ਦੇਣ। ਟੀਨ ਏਜਰਾਂ ਦੀ ਗੱਲ ਧਿਆਨ ਨਾਲ ਸੁਣੀ ਜਾਵੇ। ਉਨ੍ਹਾਂ ਨੂੰ ਨਸ਼ੇ ਨੂੰ ਨਾਂਹ ਕਹਿਣ ਬਾਰੇ ਸਮਝਾਇਆ ਜਾਵੇ। ਟੀਨ ਏਜਰ ਡਿਸਕੋ ਪਾਰਟੀ ਜਾਂ ਵਿਆਹ ਸਮਾਗਮ ਵਿਚ ਇਕ ਪੈਗ ਸ਼ਰਾਬ ਜਾਂ ਸਿਗਰਟ ਦੇ ਇਕ ਕਸ਼ ਨਾਲ ਸੌæਕੀਆਂ ਪੁੱਠੇ ਰਾਹ ਪੈ ਜਾਂਦੇ ਹਨ। ਸ਼ੁਰੂ ਦਾ ਹਲਕਾ ਹਲਕਾ ਸਰੂਰ ਹੀ ਬਾਅਦ ਵਿਚ ਆਦਤ ਬਣ ਜਾਂਦਾ ਹੈ। ਮਾਪੇ ਅਕਸਰ ਇਸ ਨੂੰ ਅਣਡਿੱਠ ਕਰ ਦਿੰਦੇ ਹਨ। ਇਹੋ ਗੱਲ ਅੱਗੋਂ ਬੱਚਿਆਂ ਦੇ ਨਸ਼ਿਆਂ ਵੱਲ ਜਾਣ ਦਾ ਕਾਰਨ ਬਣ ਜਾਂਦੀ ਹੈ ਤੇ ਉਹ ਬਰਬਾਦੀ ਦੇ ਰਾਹ ਤੁਰ ਪੈਂਦੇ ਹਨ। ਜੇ ਮਾਪੇ ਆਪ ਸ਼ਰਾਬ ਪੀਂਦੇ ਹਨ, ਸਮੋਕ ਕਰਦੇ ਹਨ, ਨਸ਼ਾ ਲੈਂਦੇ ਹਨ, ਲੜਦੇ-ਝਗੜਦੇ ਹਨ ਤਾਂ ਬੱਚਿਆਂ ਨੂੰ ਕਿੰਜ ਸਮਝਾਉਣਗੇ? ਇਸ ਮਸਲੇ ਵਿਚ ਪਰਿਵਾਰਕ ਕਦਰਾਂ-ਕੀਮਤਾਂ ਵੱਡਾ ਰੋਲ ਅਦਾ ਕਰਦੀਆਂ ਹਨ। ਮਾਪਿਆਂ ਨੂੰ ਰੋਲ ਮਾਡਲ ਬਣਨਾ ਹੀ ਪੈਣਾ ਹੈ। ਬੱਚਿਆਂ ਨਾਲ ਦੋਸਤੀ ਦਾ ਰਿਸ਼ਤਾ ਬਣਾਉਣ ਦੀ ਲੋੜ ਹੈ।
ਨਸ਼ੇ ਸਪਲਾਈ ਕਰਨ ਵਾਲੇ ਬੜੇ ਸ਼ਾਤਰ ਢੰਗ ਨਾਲ ਧੰਦਾ ਕਰਦੇ ਹਨ। ਉਨ੍ਹਾਂ ਸਮੈਕ, ਕੋਕੀਨ, ਹੈਰੋਇਨ, ਨਸ਼ਿਆਂ ਦੇ ਕੈਪਸੂਲਾਂ, ਗੋਲੀਆਂ ਦੇ ਕਈ ਨਾਂ ਰੱਖੇ ਹੋਏ ਹਨ ਜਿਵੇਂ ਚਾਕਲੇਟ, ਹਰਬ, ਫੋਨ ਕਲੀਨਰ, ਫੋਨ ਚਾਰਜਰ, ਜਿਊਲਰੀ ਕਲੀਨਰ, ਟੈਕਸਸ ਹਰਬ ਟੀ ਆਦਿ। ਬੱਚੇ ਜੇ ਮਾਪਿਆਂ ਦੇ ਸਾਹਮਣੇ ਵੀ ਇਨ੍ਹਾਂ ਬਾਰੇ ਗੱਲਾਂ ਕਰਦੇ ਹਨ ਤਾਂ ਵੀ ਉਨ੍ਹਾਂ ਨੂੰ ਪਤਾ ਨਹੀਂ ਲਗਦਾ।
ਇਨ੍ਹਾਂ ਹਾਲਾਤ ਵਿਚ ਖਤਰਨਾਕ ਡਰੱਗ ਮਾਫੀਆ ਨਾਲ ਕਿਵੇਂ ਨਜਿੱਠਦੇ ਹੋ?
-ਨਸ਼ਿਆਂ ਦੀ ਤਾਣੀ ਬਹੁਤ ਉਲਝੀ ਹੋਈ ਹੈ ਪਰ ਅਸੀਂ ਇਨ੍ਹਾਂ ਚੁਣੌਤੀਆਂ ਅੱਗੇ ਹਥਿਆਰ ਨਹੀਂ ਸੁੱਟਣ ਲੱਗੇ। ਅਸੀਂ ਪ੍ਰਚਾਰ ਰਾਹੀਂ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਣੂ ਕਰਵਾਉਂਦੇ ਹਾਂ। ਨਾਰਕੋਟਿਕਸ ਖੇਤਰ ਦੇ ਮਾਹਿਰਾਂ ਨੂੰ ਬੁਲਾ ਕੇ ਲੈਕਚਰ ਤੇ ਸੈਮੀਨਾਰ ਕਰਵਾਉਂਦੇ ਹਾਂ। ਲਾਅ ਇਨਫੋਰਸਮੈਂਟ ਵਾਲੇ ਬਾਰੀਕ ਵੇਰਵੇ ਦਿੰਦੇ ਹਨ ਕਿ ਕਿਵੇਂ ਨੌਜਵਾਨਾਂ ਤੱਕ ਨਸ਼ਾ ਪਹੁੰਚਦਾ ਹੈ। Ḕਨਸ਼ੇ ਨੂੰ ਨਸ਼ਾ ਕਟਦਾ ਹੈḔ ਕੇਵਲ ਮਿੱਥ ਹੈ। ਲੀਗਲ ਕੀ ਹੈ, ਕੀ ਨਹੀਂ ਹੈ-ਤਥਾਂ ਰਾਹੀਂ ਇਸ ਭਰਮ ਭੁਲੇਖੇ ਨੂੰ ਦੂਰ ਕੀਤਾ ਜਾਂਦਾ ਹੈ। ਇਸ ਖਾਤਿਰ ਡਾਕਟਰਾਂ ਦੀਆਂ ਸੇਵਾਵਾਂ ਲੈਂਦੇ ਹਾਂ। ਰੇਡੀਓ ਟਾਕ ਸ਼ੋਅ ਤੇ ਲਿਟਰੇਚਰ ਰਾਹੀਂ ਜਾਗਰੂਕ ਕਰਦੇ ਰਹਿੰਦੇ ਹਾਂ।
ਮਾਪਿਆਂ ਨੂੰ ਵੀ ਤਾਕੀਦ ਹੈ ਕਿ ਨਸ਼ਿਆਂ ਦੇ ਕਾਰਨਾਂ, ਲੱਛਣਾਂ ਦੀ ਪੁਣਛਾਣ ਤੇ ਪ੍ਰਭਾਵ ਬਾਰੇ ਜਾਣਕਾਰੀ ਰੱਖਣ ਅਤੇ ਬੱਚਿਆਂ ਦੇ ਵਿਹਾਰ ‘ਤੇ ਲਗਾਤਾਰ ਨਜ਼ਰ ਰੱਖਣ ਕਿ ਕਿਤੇ ਉਹ ਨਸ਼ੇ ਦੇ ਆਦੀ ਤਾਂ ਨਹੀਂ ਹੋ ਰਹੇ। ਕੁਝ ਕੇਸਾਂ ਵਿਚ ਬੱਚਾ ਨਿਰਾਸ਼ ਹੋ ਕੇ ਚੁਪ ਹੋ ਜਾਂਦਾ ਹੈ। ਲੋਕਾਂ ਨਾਲ ਘੁਲਣ-ਮਿਲਣ ਨੂੰ ਉਸ ਦਾ ਮਨ ਨਹੀਂ ਕਰਦਾ। ਮੁਖ ਲੱਛਣ ਉਦਾਸੀ ਤੇ ਨਿਰਾਸ਼ਾ ਹੈ। ਪੁਰਾਣੇ ਦੋਸਤ ਛਡ ਕੇ ਨਸ਼ੇ ਵਾਲੇ ਟੋਲੇ ਨਾਲ ਮਿੱਤਰਤਾ ਵਧਣੀ ਵੀ ਇਸ ਦਾ ਸੰਕੇਤ ਹੈ। ਉਸ ਦੇ ਨਵੇਂ ਦੋਸਤਾਂ ਬਾਰੇ ਜਾਣਕਾਰੀ ਰੱਖੋ। ਖਿਆਲ ਰੱਖੋ ਕਿ ਬੱਚਾ ਆਪਣੀਆਂ ਲਾਪਰਵਾਹੀਆਂ ਲਈ ਕਿਸ ਤਰ੍ਹਾਂ ਦੇ ਤੇ ਕੀ ਕੀ ਨਵੇਂ ਬਹਾਨੇ ਘੜਦਾ ਹੈ? ਨਸ਼ੇ ਦੇ ਲੱਛਣ ਚੈਕ ਕਰੋ। ਅੰਦਰੂਨੀ ਅਸਧਾਰਨ ਰਸਾਇਣਕ ਪ੍ਰਤੀਕ੍ਰਿਆਵਾਂ ਦੇ ਚਿੰਨ ਬੱਚੇ ਦੇ ਚਿਹਰੇ ‘ਤੇ ਵੇਖੇ ਜਾ ਸਕਦੇ ਹਨ। ਨਸ਼ੇੜੀ ਅਕਸਰ ਨਸ਼ੇ ਲਈ ਇਕ ਹੀ ਗਲਾਸ, ਹੁੱਕਾ ਇਸਤੇਮਾਲ ਕਰਦੇ ਹਨ ਤੇ ਇਕੋ ਹੀ ਸੂਈ ਟੀਕੇ ਲਾਉਣ ਲਈ ਵਰਤਦੇ ਹਨ, ਲਿਹਾਜਾ ਇਕ ਦੀ ਭਿਆਨਕ ਬਿਮਾਰੀ ਦੂਜੇ ਤੱਕ ਪਹੁੰਚਦੀ ਹੈ।
ਨਸ਼ਿਆਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਤੁਹਾਡੀ ਸੰਸਥਾ ਨੇ Ḕਵਾਕ ਅਕਰੌਸ ਕੈਨੇਡਾḔ ਕੀਤੀ। ਇਸ ਬਾਰੇ ਕੁਝ ਦੱਸੋਗੇ?
Ḕਵਾਕ ਅਕਰੌਸ ਕੈਨੇਡਾḔ 2011 ਵਿਚ ਸੇਂਟ ਜੋਨਸ ਸਿਗਨਲ ਹੀਲ-ਨਿਊ ਪ੍ਰੋਵਿਨਸ ਤੋਂ Ḕਡਰੱਗ ਅਵੇਅਰਨੈਸ ਵਾਕḔ ਦੇ ਨਾਂ ਹੇਠ ਸੁæਰੂ ਕੀਤੀ। ਸਾਡੇ ਨਾਲ ਸੰਸਥਾ ਦੇ ਮੈਂਬਰਾਂ ਤੋਂ ਇਲਾਵਾ ਇਕ ਲੇਡੀ ਸੇਂਡਰਾ ਮੋਰਿਸ ਸੀ, ਜਿਸ ਦੀ ਪੋਤਰੀ ਦੀ ਮੌਤ ਡਰੱਗ ਕਰਕੇ ਹੋਈ ਸੀ। ਉਹ ਪੋਤਰੀ ਦਾ ਟੈਡੀ ਬੀਅਰ ਖਿਡੌਣਾ ਵੀ ਨਾਲ ਲੈ ਕੇ ਆਈ ਸੀ ਤੇ ਹਮੇਸ਼ਾ ਹੀ ਪੋਤਰੀ ਦੀ ਅਸਥੀਆਂ ਦੀ ਰਾਖ ਇਕ ਥੈਲੀ ਵਿਚ ਪਾ ਕੇ ਸੀਨੇ ਨਾਲ ਲਾਈ ਰਖਦੀ। 19 ਸਾਲਾ ਦਾ ਨੌਜਵਾਨ ਸੁਮੇਰ ਸੀ ਜਿਸ ਦੀ ਗਰਲ ਫਰੈਂਡ ਨਾਲ ਬਰੇਕ ਅਪ ਹੋ ਗਈ ਤੇ ਉਹ ਨਸ਼ੇ ਦਾ ਆਦੀ ਹੋ ਗਿਆ ਸੀ ਪਰ ਨਸ਼ਾ ਤਿਆਗ ਕੇ ਹੁਣ ਸਭ ਨੂੰ ਨਸ਼ੇ ਨਾ ਕਰਨ ਦਾ ਹੋਕਾ ਦੇ ਰਿਹਾ ਸੀ। ਅਸੀਂ ਸਰੀ ਨਗਰ ਕੀਰਤਨ ਵਿਚ ਸ਼ਾਮਿਲ ਹੋਏ, ਇਸ ਵਿਚ ਸਰੀ ਦੀ ਮੇਅਰ ਮੇਰਸੀ ਅਤੇ ਕੈਨੇਡਾ ਦੇ ਗਵਰਨਰ ਜਨਰਲ ਡੇਵਿਡ ਵੀ ਸ਼ਾਮਲ ਸਨ।
ਅਸੀਂ ਗੁਰੂ ਨਾਨਕ ਅਕੈਡਮੀ ਰੈਕਸਡੇਲ ਓਂਟਾਰੀਓ, ਓਂਟਾਰੀਓ ਸਿੱਖ ਲੀਡ, ਓਂਟਾਰੀਓ ਸਿੱਖ ਗੁਰਦੁਆਰਾ ਅਤੇ ਗੁਰਦੁਆਰਾ ਸਿੰਘ ਸਭਾ ਮਾਲਟਨ ਦੇ ਇਕੱਠ ਵਿਚ ਸੰਗਤਾਂ ਨਾਲ ਵਿਚਾਰ ਸਾਂਝੇ ਕੀਤੇ ਤੇ ਆਪਣੀ ਯਾਤਰਾ ਦੇ ਉਦੇਸ਼ ਬਾਰੇ ਦਸਿਆ।
ਕੈਨੇਡਾ ਪਾਰਲੀਮੈਂਟ ਬੀæ ਸੀæ ਵਿਚ ਮੰਤਰੀਆਂ ਤੇ ਪਾਰਲੀਮੈਂਟ ਮੈਂਬਰਾਂ ਨਾਲ ਨਸ਼ੇ ਦੇ ਮੁੱਦੇ ‘ਤੇ ਆਪਣੀ ਸੰਸਥਾ ਦੇ ਮਕਸਦ ਬਾਰੇ ਦੱਸਿਆ। ਅਸੀਂ ਗੌੜ ਮੰਦਿਰ ਵੀ ਗਏ। ਹਿੰਦੂ ਸਭਾ ਓਂਟਾਰੀਓ, ਸਟੈਪ ਟੁਅਰਡ ਡਰਗ ਫਰੀ ਸੁਸਾਇਟੀ ਦੇ ਮੈਂਬਰਾਂ ਤੇ ਓਂਟਾਰੀਓ ਪੁਲਿਸ ਡਿਪਾਰਟਮੈਂਟ ਨਾਲ ਮੁਲਾਕਾਤ ਕੀਤੀ। ਡਰੱਗ ਪ੍ਰੀਵੈਨਸ਼ਨ ਅਤੇ ਐਨæ ਪੀæ ਡੀæ ਦੇ ਮਂੈਬਰ ਤੇ ਕੈਨੇਡਾ ਦੇ ਸਾਬਕਾ ਮੰਤਰੀ ਗੁਰਬਖਸ਼ ਸਿੰਘ ਮੱਲੀ ਦੀ ਬੇਟੀ ਵੀ ਇਸ ਪੈਦਲ ਯਾਤਰਾ ਵਿਚ ਸ਼ਾਮਿਲ ਹੋਈ। ਫਿਰ ਸਾਡਾ ਕਾਫਲਾ ਵਧਦਾ ਗਿਆ। ਅਸੀਂ ਇਹ ਵਾਕ ਬੀæ ਸੀæ ਵਿਕਟੋਰੀਆ ਮਿਲ ਜ਼ੀਰੋ ਵਿਚ ਸਮਾਪਤ ਕੀਤੀ, ਐਟਲਾਂਟਿਕ ਓਸ਼ੀਅਨ ਤੋਂ ਜੋ ਪਾਣੀ ਲੈ ਕੇ ਗਏ ਸੀ, ਉਹ ਪੈਸਿਫਿਕ ਓਸ਼ੀਅਨ ਵਿਚ ਜਾ ਕੇ ਮਿਲਾਇਆ। ਇਕ ਤਰ੍ਹਾਂ ਨਾਲ ਇਹ ਈਸਟ ਤੋਂ ਵੈਸਟ ਤੱਕ ਦਾ ਸਫਰ ਸੀ। ਸੰਦੇਸ਼ ਦਿੱਤਾ ਕਿ ਇਹ ਸਮੱਸਿਆ ਇਕ ਜਗ੍ਹਾ ਦੀ ਨਹੀਂ ਸਗੋਂ ਹਰ ਸ਼ਹਿਰ, ਸਟੇਟ ਤੇ ਪੂਰੇ ਦੇਸ਼ ਦੀ ਹੈ। ਸਾਨੂੰ ਸਭ ਨੂੰ ਮਿਲ ਕੇ ਇਸ ਕੋਹੜ ਤੋਂ ਛੁਟਕਾਰਾ ਪਾਉਣਾ ਚਾਹੀਦਾ ਹੈ।
ਯਾਤਰਾ ਦੌਰਾਨ ਲੋਕਾਂ ਨਾਲ ਹੋਏ ਤਜਰਬੇ ਸਾਂਝੇ ਕਰੋਗੇ?
-ਕਹਿੰਦੇ ਹਨ, ਜਿਸ ਤਨ ਲਾਗੇ, ਸੋ ਤਨ ਜਾਣੇ। ਜਿਵੇਂ ਕਿ ਮੈਂ ਪਹਿਲਾਂ ਦੱਸਿਆ, ਸਾਡੇ ਨਾਲ ਇਕ ਲੇਡੀ ਸੇਂਡਰਾ ਮੋਰਿਸ ਵੀ ਸੀ। ਜਦੋਂ ਉਹ ਨਸ਼ੇ ਛੱਡਣ ਦੀ ਅਪੀਲ ਕਰਦੀ ਤਾਂ ਉਸ ਦੀਆਂ ਅੱਖਾਂ ਵਿਚ ਹੰਝੂ ਆ ਜਾਂਦੇ। ਉਹ ਲੋਕਾਂ ਨੂੰ ਦਸਦੀ ਕਿ ਕਿੰਜ ਉਸ ਨੇ ਆਪਣੀ ਪੋਤਰੀ ਨੂੰ ਤਿਲ ਤਿਲ ਮਰਦੀ ਨੂੰ ਦੇਖਿਆ। ਕਿੰਜ ਸੁਹਣੀ ਸੁਨੱਖੀ ਮੁਟਿਆਰ ਦਾ ਸਰੀਰ ਨਸ਼ੇ ਕਾਰਨ ਸੁਕ ਕੇ ਤੀਲਾ ਹੋ ਗਿਆ, ਉਸ ਦੀ ਬੂੰਦ ਬੂੰਦ ਡੁਲ੍ਹਦੀ ਜ਼ਿੰਦਗੀ ਨੂੰ ਢਹਿ ਢੇਰੀ ਹੁੰਦਿਆ ਦੇਖਿਆ। ਪੋਤੀ ਨੂੰ ਯਾਦ ਕਰਦਿਆਂ ਅੱਖਾਂ ਵਿਚ ਆਏ ਹੰਝੂ ਪੂੰਝਦੀ ਰਹਿੰਦੀ। ਹੋਕਾ ਦਿੰਦੀ, ਬਚੋ ਨਸ਼ਿਆਂ ਤੋਂ ਬਚੋ ਲੋਕੋ! ਸੁਣ ਕੇ ਲੋਕਾਂ ਦੇ ਜਜ਼ਬਾਤੀ ਹੋ ਹੰਝੂ ਵਹਿਣ ਲੱਗਦੇ।
ਦੂਜੀ ਘਟਨਾ, ਕੋਈ ਚਰਚ ਜਾ ਰਿਹਾ ਸੀ। ਜਦੋਂ ਸਾਡੇ ਮਿਸ਼ਨ ਬਾਰੇ ਉਸ ਨੂੰ ਪਤਾ ਲੱਗਾ ਤਾਂ ਉਹ ਸਾਡੇ ਨਾਲ ਹੋ ਤੁਰਿਆ। ਕਹਿਣ ਲੱਗਾ, ਘਰੋਂ ਤਾਂ ਚਰਚ ਲਈ ਨਿਕਲਿਆ ਸੀ ਪਰ ਤੁਹਾਡਾ ਇਹ ਕੰਮ ਵੀ ਕਿਸੇ ਇਬਾਦਤ ਤੋਂ ਘਟ ਨਹੀਂ।
ਇਕ ਹੋਰ ਮਾਰਮਿਕ ਘਟਨਾ ਇਹ ਸੀ ਕਿ ਚੀਫ ਨੇਟਿਵ ਗੁਡ ਦਾ ਮੁਖੀ ਸਾਡੇ ਕਾਫਲੇ ਨੂੰ ਇਕ ਕਬਰਿਸਤਾਨ ਕੋਲ ਲੈ ਗਿਆ ਤੇ ਦੱਸਿਆ ਕਿ ਸਾਡੇ ਕਬੀਲੇ ਦੇ 15 ਤੋਂ 20 ਸਾਲ ਦੀ ਉਮਰ ਦੇ 60% ਨੌਜਵਾਨ ਨਸ਼ਿਆਂ ਨਾਲ ਆਪਣੇ ਆਪ ਨੂੰ ਖਤਮ ਕਰਕੇ ਇਸ ਕਬਰਿਸਤਾਨ ਵਿਚ ਸਮਾ ਗਏ ਹਨ। ਉਹ ਆਪਣਾ ਦਰਦ ਬਿਆਨ ਕਰਦਾ ਰੋ ਪਿਆ। ਇਸ ਦਰਦਨਾਕ ਮੰਜਰ ਨੇ ਸਾਨੂੰ ਸੁੰਨ ਕਰ ਦਿੱਤਾ। ਜਾਪਿਆ, ਸਾਡੇ ਆਲੇ ਦੁਆਲੇ ਆਪਣੇ ਹੀ ਨੌਜਵਾਨਾਂ ਦੇ ਕਬਰਿਸਤਾਨ ਹੀ ਕਬਰਿਸਤਾਨ ਹਨ।
ਨਸ਼ੇ ਦੀ ਲਾਅਨਤ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਤੁਸੀਂ ਪੰਜਾਬ ਵੀ ਆਏ। ਉਸ ਬਾਰੇ ਕੁਝ ਦੱਸੋ?
-ਪੰਜਾਬ ਦੀ ਮੁਹਿੰਮ Ḕਨਸ਼ੇ ਰੋਕੋ ਯਾਤਰਾḔ ਦੇ ਨਾਂ ਹੇਠ ਡੇਰਾ ਬਾਬਾ ਨਾਨਕ ਤੋਂ ਸੰਤ ਅਮੀਰ ਸਿੰਘ ਜੱਵਦੀ ਵਲੋਂ ਅਰਦਾਸ ਨਾਲ ਸ਼ੁਰੂ ਹੋਈ। ਇਸ ਵਿਚ ਸਾਡੇ ਨਾਲ ਸੁਖਦੇਵ ਸਿੰਘ ਬੇਦੀ ਤੇ ਪੰਜਾਬੀ ਸਾਹਿਤ ਸਭਾ ਦੇ ਸਾਬਕਾ ਪ੍ਰਧਾਨ ਗੁਰਭਜਨ ਗਿੱਲ ਸ਼ਾਮਿਲ ਹੋਏ, ਪ੍ਰਚਾਰ ਕਰਦਿਆਂ ਖਡੂਰ ਸਾਹਿਬ, ਸੁਲਤਾਨਪੁਰ ਲੋਧੀ ਤੋਂ ਹੁੰਦਿਆਂ ਅੰਮ੍ਰਿਤਸਰ ਪੁਜੇ। ਹਰਿਮੰਦਰ ਸਾਹਿਬ ਜਾ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਸ ਬਾਰੇ ਜਾਣਕਾਰੀ ਦਿੱਤੀ।
ਜਲੰਧਰ ਪ੍ਰੈਸ ਕਲੱਬ ਵਿਚ ਪ੍ਰੈਸ ਕਾਨਫਰੰਸ ਦੌਰਾਨ ਸਾਡੇ ਨਾਲ ਸਾਬਕਾ ਉਲੰਪਿਅਨ ਮੁਖਬੈਨ ਸਿੰਘ ਤੇ ਏਸ਼ੀਅਨ ਗੋਲਡ ਮੈਡਲਿਸਟ ਹਾਕੀ ਖਿਡਾਰੀ ਮਨਜੀਤ ਕੌਰ ਸੈਣੀ ਵੀ ਸਨ। ਰਾਗੀ ਭਾਈ ਹਰਜਿੰਦਰ ਸਿੰਘ ਸ਼੍ਰੀਨਗਰ ਵਾਲਿਆਂ ਨੇ ਵੀ ਸੰਸਥਾ ਦੇ ਮੈਂਬਰਾਂ ਨੂੰ ਮਿਲ ਕੇ ਸ਼ੁਭ ਕਾਮਨਾਵਾਂ ਦਿੱਤੀਆਂ। ਉਪਰੰਤ ਅਸੀਂ ਸ਼ਹੀਦੇ ਆਜ਼ਮ ਭਗਤ ਸਿੰਘ ਦੇ ਜਨਮ ਅਸਥਾਨ ਖਟਕੜ ਕਲਾਂ ਗਏ। ਐਡਵੋਕੇਟ ਅਜੀਤ ਸਿੰਘ ਸਿਆਨ ਸਾਡੇ ਨਾਲ ਸਨ। ਉਥੇ ਲੋਕਾਂ ਨੂੰ ਨਸ਼ਿਆਂ ਪ੍ਰਤੀ ਜਾਗੂਰਕ ਕੀਤਾ ਅਤੇ ਕਈ ਸੈਮੀਨਾਰ ਕੀਤੇ। ਸ਼ਹੀਦ ਭਗਤ ਸਿੰਘ ਦੇ ਜੱਦੀ ਘਰ ਗਏ। ਖਟਕੜ ਕਲਾਂ ਦੇ ਲੋਕਾਂ ਨੇ ਆਪਣੇ ਵਲਵਲੇ ਪ੍ਰਗਟਾਉਂਦਿਆਂ ਕਿਹਾ ਕਿ ਜੇ ਅੱਜ ਭਗਤ ਸਿੰਘ ਜਿੰਦਾ ਹੁੰਦੇ ਤਾਂ ਨਸ਼ੇ ਦੇ ਦਰਿਆ ਵਿਚ ਰੁੜ੍ਹਦੀ ਜਵਾਨੀ ਦੇਖ ਕੇ ਕਿੰਨੇ ਦੁਖੀ ਹੁੰਦੇ?
ਯਾਤਰਾ ਦੇ ਅਖੀਰ ਵਿਚ ਅਸੀਂ ਲੁਧਿਆਣੇ ਜੀæਜੀæਐਨæ ਕਾਲਜ ਗਏ, ਜਿਥੇ ਮੈਂ ਕੁਝ ਸਮਾਂ ਪੜ੍ਹਾਈ ਵੀ ਕੀਤੀ ਹੈ। ਉਥੇ ਸੈਮੀਨਾਰ ਤੇ ਲੈਕਚਰ ਰਾਹੀਂ ਇਸ ਬੁਰਾਈ ਤੋਂ ਬਚਣ ਲਈ ਅਪੀਲ ਕੀਤੀ। ਇਥੇ ਕਾਫੀ ਨੌਜਵਾਨਾਂ ਨੇ ਵਾਅਦਾ ਕੀਤਾ ਕਿ ਉਹ ਕਦੇ ਨਸ਼ਾ ਨਹੀਂ ਕਰਨਗੇ।
ਤੁਹਾਡੀ ਸੰਸਥਾ ਦੇ ਭਵਿਖ ਦੇ ਪ੍ਰੋਗਰਾਮ?
-ਸਾਡਾ 7 ਮਈ 2017 ਨੂੰ ਸਟੇਟ ਪੱਧਰ ਦਾ ਸਾਲਾਨਾ ਪ੍ਰੋਗਰਾਮ ਹੈ। Ḕਨਸ਼ੇ ਦੀ ਦਲਦਲ ਵਿਚੋਂ ਕਿਵਂੇ ਬਚੀਏḔ ਆਦਿ ਵਿਸ਼ੇ ‘ਤੇ ਸੈਮੀਨਾਰ, ਲੈਕਚਰ ਤੇ ਰੇਡੀਓ ਟਾਕ ਸ਼ੋਅ ਹੋਣਗੇ।
ਜੇ ਕਿਸੇ ਅਮਰੀਕਾ ਨਿਵਾਸੀ ਨੇ ਤੁਹਾਡੀ ਸੰਸਥਾ ਤੋਂ ਕੋਈ ਸਲਾਹ ਲੈਣੀ ਹੋਵੇ?
-ਅਸੀਂ ਹਾਜਰ ਹਾਂ ਜੇ ਕਿਸੇ ਅਮਰੀਕਾ ਵੱਸਦੇ ਬੱਚੇ ਜਾਂ ਪਰਿਵਾਰ ਨੇ ਗੱਲ ਕਰਨੀ ਹੋਵੇ। ਉਨ੍ਹਾਂ ਦਾ ਨਾਂ-ਪਤਾ ਗੁਪਤ ਰਖਿਆ ਜਾਵੇਗਾ। ਫੋਨ: 403-617-9045 ਰਾਹੀਂ ਸੰਪਰਕ ਕੀਤਾ ਜਾ ਸਕਦਾ ਹੈ। ਅਸੀਂ ਵੀਡੀਓ ਕਾਨਫਰੰਸ ਰਾਹੀਂ ਵੀ ਗੱਲਬਾਤ ਕਰ ਸਕਦੇ ਹਾਂ।
-ਸੁਰਿੰਦਰ ਸਿੰਘ ਭਾਟੀਆ