ਭਾਪੇ ਨੇ ਚਾੜ੍ਹਿਆ ਚੰਦ…

ਤਰਲੋਚਨ ਸਿੰਘ ਦੁਪਾਲਪੁਰ
ਫੋਨ: 408-915-1268
ਪੜ੍ਹਨ ਸੁਣਨ ਨੂੰ ਤਾਂ ਇਹ ਗੱਲ ਆਮ ਜਿਹੀ ਲੱਗਦੀ ਹੈ, ਪਰ ਹੈ ਬੜੀ ਦਿਲਚਸਪ, ਮਨੋਰੰਜਕ ਅਤੇ ਸੇਧ ਦੇਣ ਵਾਲੀ। ਖਾਸ ਕਰ ਕੇ ਉਨ੍ਹਾਂ ਘਰਾਂ ਵਾਸਤੇ ਇਹ ਖੁਸ਼ੀਆਂ ਖੇੜੇ ਦੇਣ ਵਾਲਾ ਮੰਤਰ ਸਾਬਤ ਹੋ ਸਕਦੀ ਹੈ, ਜਿਥੇ ਕੋਈ ਮਾਮੂਲੀ ਜਿਹਾ ਨੁਕਸਾਨ ਹੋ ਜਾਣ ‘ਤੇ ਕਈ ਕਈ ਦਿਨ ਮਹਾਂਭਾਰਤ ਛਿੜਿਆ ਰਹਿੰਦਾ ਹੈ, ਤੇ ਵਧਦੀ ਵਧਦੀ ਗੱਲ ਤੋੜ-ਵਿਛੋੜਿਆਂ ਤੱਕ ਪਹੁੰਚ ਜਾਂਦੀ ਹੈ। ਇਸ ਵਾਰਤਾ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਖੇਤੀਬਾੜੀ ਕਰਨ ਵਾਲੇ ਸਾਰੇ ਕਿਸਾਨ ਭਰਾ ਧਰਤੀ ਨਾਲ ਮੋਹ ਕਰਨ ਵਾਲੇ ਤਾਂ ਹੁੰਦੇ ਹਨ, ਪਰ ਧਰਤੀ ਜਿਹਾ ਜੇਰਾ ਵਿਰਲਿਆਂ ਕੋਲ ਹੀ ਹੁੰਦੈ,

ਜਿਹੜੇ ਦੁਰਘਟਨਾ ਵਾਂਗ ਵਾਪਰੇ ਕਿਸੇ ਅਚਨਚੇਤੀ ਨੁਕਸਾਨ ਨੂੰ ਅੱਖੋਂ ਪਰੋਖੇ ਕਰਦਿਆਂ ਹੱਸਣ ਦਾ ਹੌਸਲਾ ਰੱਖਦੇ ਨੇ।
ਤਿੰਨ ਕੁ ਕਿੱਲਿਆਂ ਦੀ ਖੇਤੀ ਨਾਲ ਆਪਣਾ ਜੀਵਨ ਨਿਰਬਾਹ ਚਲਾਉਂਦੇ ਮੇਰੇ ਇਕ ਦੋਸਤ ਨੇ ਮੌਸਮ ਦੀ ਖਰਾਬੀ ਦੇਖਦਿਆਂ ਕੰਬਾਈਨ ਨਾਲ ਕਣਕ ਵਢਾਉਣ ਦਾ ਫੈਸਲਾ ਕਰ ਲਿਆ। ਜ਼ਮੀਨ ਥੋੜ੍ਹੀ ਹੋਣ ਕਾਰਨ ਕੋਈ ਵੱਖਰਾ ਖੇਤ ਬੀਜਣ ਦੀ ਥਾਂ, ਉਹ ਬਾਹਰਲੇ ਸਿਆੜਾਂ ਵਿਚ ਹੀ ਸਰ੍ਹੋਂ ਬੀਜ ਲੈਂਦਾ ਹੈ। ਉਹਦੇ ਨਾਲ ਪਰਿਵਾਰ ਦਾ ਸਾਗ-ਪੱਤੇ ਦਾ ਵੀ ਸਰ ਜਾਂਦਾ ਹੈ ਤੇ ਬਾਅਦ ਵਿਚ ਪਕਾਵੀਂ ਰੱਖੀ ਸਰੋਂ ਦਾ ਗੁਜ਼ਾਰੇ ਜੋਗਾ ਤੇਲ ਵੀ ਹੋ ਜਾਂਦਾ ਹੈ। ਕੰਬਾਈਨ ਖੇਤਾਂ ਵਿਚ ਵੜਨ ਤੋਂ ਇਕ ਦਿਨ ਪਹਿਲਾਂ ਉਸ ਨੇ ਸਿਖਰ ਦੁਪਹਿਰੇ ਸਿਆੜ ਸਿਆੜ ਘੁੰਮ ਕੇ ਸਾਰੀ ਸਰ੍ਹੋਂ ਵੱਢ ਲਈ। ਗੱਡੇ ਰੇਹੜੀ ‘ਤੇ ਲੱਦ ਕੇ ਸਰ੍ਹੋਂ ਦੀਆਂ ਪੂਲੀਆਂ ਘਰ ਦੇ ਵਿਹੜੇ ਵਿਚ ਲਿਆ ਰੱਖੀਆਂ।
ਇਕ ਦੋ ਦਿਨ ਧੁੱਪ ਲੱਗਣ ਤੋਂ ਬਾਅਦ ਸਰ੍ਹੋਂ ਚੰਗੀ ਤਰ੍ਹਾਂ ਸੁੱਕ ਗਈ। ਉਹਦੇ ਭਾਈਚਾਰੇ ਵਿਚ ਨੂੰਹਾਂ-ਧੀਆਂ ਦੇ ਅਜਿਹੇ ਮਿਹਨਤ-ਮੁਸ਼ੱਕਤ ਵਾਲੇ ਕੰਮ ਖੁਦ ਨਾ ਕਰਨ ਦਾ ਰਿਵਾਜ਼ ਹੋਣ ਕਰ ਕੇ ਉਸ ਨੂੰ ਇਕੱਲੇ ਨੂੰ ਹੀ ਕੜਕਦੀ ਧੁੱਪ ਵਿਚ ਸਰ੍ਹੋਂ ਝਾੜਨੀ ਪਈ। ਹਿੰਮਤੀ ਬੰਦੇ ਨੇ ਕੁੱਟ-ਕੁਟਾਈ, ਛਾਣ-ਛਣਾਈ ਕਰ ਕੇ ਸਰ੍ਹੋਂ ਦਾ ਥੈਲਾ ਭਰ ਲਿਆ। ਸਿਖਰ ਦੁਪਹਿਰੇ ਕੰਮ ਕਰ ਕੇ ਹਾਕਲ-ਬਾਕਲ ਹੋਏ ਨੂੰ ਥਕੇਵਾਂ ਤਾਂ ਭਾਵੇਂ ਹੋ ਗਿਆ ਸੀ, ਪਰ ਸਰ੍ਹੋਂ ਦਾ ਥੈਲਾ ਭਰਿਆ ਦੇਖ ਕੇ ਉਸ ਨੂੰ ਥਕਾਵਟ ਭੁੱਲ ਗਈ। ਝਾੜੀ ਹੋਈ ਸਰ੍ਹੋਂ ਦੀਆਂ ਪੂਲੀਆਂ ਬੰਨ੍ਹ ਬੰਨ੍ਹ ਉਸ ਨੇ ਬਾਲਣ ਵਾਸਤੇ ਪਾਥੀਆਂ ਕੋਲੇ ਖਿੱਤੀ ਲਾ ਦਿੱਤੀ।
ਕੰਮ ਧੰਦਾ ਮੁਕਾਉਣ ਬਾਅਦ ਉਸ ਨੇ ਹਾਲੇ ਪਾਣੀ-ਧਾਣੀ ਹੀ ਪੀਤਾ ਸੀ ਕਿ ਗਲੀ ਵਿਚ ਸਬਜ਼ੀ ਵੇਚਣ ਵਾਲੇ ਨੇ ਹੋਕਾ ਦਿੱਤਾ। ਉਸ ਦੀ ਪਤਨੀ ਫਟਾ-ਫਟ ਫੇਰੀ ਵਾਲੇ ਕੋਲ ਜਾ ਖੜ੍ਹੀ ਹੋਈ। ਉਨ੍ਹਾਂ ਦੇ ਪਿੰਡ ਲਾਗਿਉਂ ਵਗਦੇ ਦਰਿਆ ਕੰਢੇ ਸਬਜ਼ੀਆਂ ਉਗਾਉਣ ਵਾਲੇ ਲਾਗੇ ਲਾਗੇ ਦੇ ਪਿੰਡਾਂ ਵਿਚ ਫੇਰੀ ਲਾ ਕੇ ਵੇਚਦੇ ਨੇ। ਸਾਫ-ਸੁਥਰੀਆਂ ਤਾਜ਼ੀਆਂ ਸਬਜ਼ੀਆਂ ਹੋਣ ਕਰ ਕੇ ਉਨ੍ਹਾਂ ਮਿਹਨਤਕਸ਼ਾਂ ਦੀ ਇਸ ਇਲਾਕੇ ਵਿਚ ਚੰਗੀ ਗਾਹਕੀ ਹੈ।
ਸੁੱਖ ਨਾਲ ਟੱਬਰ ਭਾਰਾ ਹੋਣ ਕਰ ਕੇ ਦੋਸਤ ਦੀ ਪਤਨੀ ਨੇ ਡੇਢ-ਦੋ ਕਿਲੋ ਕਰੇਲੇ ਖਰੀਦ ਲਏ। ਪਰਾਤ ਵਿਚ ਕਰੇਲੇ ਲੈ ਕੇ ਵਿਹੜੇ ਵਿਚ ਵੜਦੀ ਨੇ ਹੀ ਸ੍ਰੀਮਾਨ ਨੂੰ ਹੁਕਮ ਚਾੜ੍ਹ ਦਿੱਤਾ ਕਿ ਕਰੇਲੇ ਹੁਣੇ ਈ ਬਣਾਉਣੇ ਨੇ, ਘਰੇ ਤੇਲ ਹੈ ਨਹੀਂ, ਇਸ ਕਰ ਕੇ ਹੁਣੇ ਜਾ ਕੇ ਘਾਣੀ ਕਢਵਾ ਕੇ ਲਿਆਉ। ‘ਸਤਿ ਬਚਨ’ ਕਹਿ ਕੇ ਪਤੀ ਜੀ ਨੇ ਹੁਕਮ ਪ੍ਰਵਾਨ ਕਰ ਲਿਆ। ਵਿਹੜੇ ਵਿਚ ਲੱਗੇ ਤੂਤ ਦੀ ਛਾਵੇਂ ਕੱਪੜੇ ਉਤਾਰ ਕੇ ਬੈਠੇ ਨੇ ਮੁੜ ਕਮੀਜ਼-ਪਜਾਮਾ ਪਾਇਆ ਤੇ ਹੁਣੇ ਹੁਣੇ ਹੱਥੀਂ ਛਾਂਟੀ-ਸੁਆਰੀ ਸਰ੍ਹੋਂ ਦਾ ਥੈਲਾ ਸਾਈਕਲ ‘ਤੇ ਲੱਦ ਲਿਆ। ਦੁੱਧ ਢੋਣ ਲਈ ਖੁੱਲ੍ਹੇ ਮੂੰਹ ਵਾਲੀ ਵੱਡੀ ਸਾਰੀ ਪਲਾਸਟਿਕ ਦੀ ਡਰੰਮੀ ਵੀ ਤੇਲ ਪਾਉਣ ਲਈ ਕੈਰੀਅਰ ਦੇ ਨਾਲ ਹੀ ਬੰਨ੍ਹ ਲਈ ਤੇ ਉਹ ਪਿੰਡੋਂ ਦੋ ਕੁ ਮੀਲ ਦੂਰ ਪੈਂਦੇ ਕਸਬੇ ਤੋਂ ਘਾਣੀ ਕਢਾਉਣ ਲਈ ਰਵਾਨਾ ਹੋ ਗਿਆ।
ਘਰੇ ਉਸ ਦੀ ਪਤਨੀ ਤੇ ਨੂੰਹਾਂ ਨੇ ਫੁਰਤੀ ਨਾਲ ਮਿਰਚ ਮਸਾਲਾ ਕੁੱਟ ਕਰੇਲਿਆਂ ਦੀ ਛਿੱਲ-ਛਲਾਈ ਕਰ ਕੇ ਚਾਈਂ ਚਾਈਂ ਮਸਾਲੇ ਨਾਲ ਭਰੇ ਕਰੇਲਿਆਂ ਉਤੇ ਧਾਗਾ ਲਪੇਟ ਧੁੱਪੇ ਰੱਖ ਦਿੱਤੇ। ਸ੍ਰੀਮਾਨ ਦੇ ਤੇਲ ਦੀ ਉਡੀਕ ਹੋ ਰਹੀ ਸੀ ਕਿ ਉਸ ਦਾ ਫੋਨ ਆ ਗਿਆ, ਅਖੇ, ਮੇਰੇ ਨਾਲ ਤਾਂ ‘ਆਹ ਕੰਮ’ ਹੋ ਗਿਐ! ਅੱਠ ਦਸ ਮਿੰਟ ਫੋਨ ‘ਤੇ ਵਾਦ-ਵਿਵਾਦ ਕਰ ਕੇ ਖਿਝੀ ਹੋਈ ਪਤਨੀ ਨੇ ‘ਆ ਜੋ ਹੁਣ ਘਰ ਨੂੰæææ’ ਕਹਿ ਕੇ ਫੋਨ ਦਾ ਰਿਸੀਵਰ ‘ਕੜੱਕ’ ਕਰ ਕੇ ਰੱਖ ਦਿੱਤਾ।
ਖਲ ਦੀ ਬੋਰੀ ਪਿੱਛੇ ਬੰਨ੍ਹੀ ਤੇ ਕੈਰੀਅਰ ਨਾਲ ਲਟਕਦੀ ਡਰੰਮੀ ਸਮੇਤ ਮੇਰਾ ਮਿੱਤਰ ਘਰੇ ਆਣ ਵੜਿਆ। ਸਾਰਾ ਟੱਬਰ ਰਾਹ ਦਾ ਵਾਕਿਆ ਸੁਣਨ ਲਈ ਉਹਦੇ ਦੁਆਲੇ ਹੋ ਗਿਆ। ਕੋਈ ਉਸ ਦੀਆਂ ਅਗਲੀਆਂ ਪਿਛਲੀਆਂ ਅਣਗਹਿਲੀਆਂ ਗਿਣਾ ਕੇ ਉਸ ਉਤੇ ਗੁੱਸਾ ਕੱਢ ਰਿਹਾ ਸੀ। ਨੂੰਹਾਂ ਤੇ ਪੋਤੇ-ਪੋਤੀਆਂ ‘ਭਾਪਾ ਜੀ’ ਵੱਲ ਦੇਖ ਕੇ ਹੱਸੀ ਜਾ ਰਹੇ ਸਨ। ਅੱਗਿਉਂ ਉਹ ਬੇਫਿਕਰੀ ਨਾਲ ਹੱਸਦਿਆਂ ਸਭ ਨੂੰ “ਮੈਂ ਕੀ ਕਰਦਾ ਫੇ” ਕਹੀ ਜਾ ਰਿਹਾ ਸੀ। ਇਤਫ਼ਾਕ ਵੱਸ ਐਨ ਇਸੇ ਮੌਕੇ ਮੈਂ ਉਸ ਨੂੰ ਫੋਨ ‘ਤੇ ਆਮ ਵਾਂਗ ‘ਕੀ ਕਰਦਾ ਐਂ ਅੱਜ?’ ਪੁੱਛ ਲਿਆ। ਕੜਕਦੀ ਧੁੱਪ ਵਿਚ ਸਿਆੜ ਸਿਆੜ ਘੁੰਮ ਕੇ ਸਰੋਂ ਵੱਢਣ ਤੋਂ ਲੈ ਕੇ ਹੱਥੀਂ ਕੁੱਟ-ਕਟਾਈ ਸਾਫ-ਸਫਾਈ ਦੀ ਸਾਰੀ ਕਥਾ ਬਿਆਨਦਿਆਂ ਉਸ ਨੇ ਅੱਜ ਵਾਲਾ ਕਿੱਸਾ ਸੁਣਾ ਦਿੱਤਾ। ਪੂਰੀ ਵਿਥਿਆ ਸੁਣ ਕੇ ਮੈਨੂੰ ਹਾਸਾ ਵੀ ਆਵੇ, ਤੇ ਹੋਏ ਨੁਕਸਾਨ ਨੂੰ ਅਣਡਿੱਠ ਕਰਨ ਦੇ ਉਹਦੇ ਜੇਰੇ ‘ਤੇ ਹੈਰਾਨੀ ਵੀ ਹੋਵੇ।
ਸਪੈਲਰ ਤੋਂ ਤੇਲ ਕਢਾਉਣ ਬਾਅਦ ਉਥੇ ਕੰਮ ਕਰਦੇ ਕਾਰਿੰਦਿਆਂ ਨੇ ਖਲ ਥੈਲੇ ਵਿਚ ਪਾ ਕੇ ਉਹਦੇ ਸਾਈਕਲ ‘ਤੇ ਰੱਖ ਦਿੱਤੀ ਅਤੇ ਤੇਲ ਵਾਲੀ ਡਰੰਮੀ ਕੈਰੀਅਰ ਨਾਲ ਲਟਕਾ ਕੇ ਨਾਈਲੋਨ ਦੀ ਰੱਸੀ ਨਾਲ ਬੰਨ੍ਹ ਦਿੱਤੀ। ਕਸਬੇ ਵਿਚੋਂ ਨਿਕਲ ਕੇ ਉਹ ਢੋਲੇ ਦੀਆਂ ਗਾਉਂਦਾ ਆਪਣੇ ਪਿੰਡ ਨੂੰ ਆ ਰਿਹਾ ਸੀ। ਥਾਂ ਥਾਂ ‘ਤੇ ਖੱਡਿਆਂ-ਟੋਇਆਂ ਵਾਲੀ ਲਿੰਕ ਰੋਡ ‘ਤੇ ਸਾਈਕਲ ਚਲਾਉਂਦਾ ਜਦ ਉਹ ਅੱਧੀ ਕੁ ਵਾਟ ਕੱਢ ਆਇਆ ਤਾਂ ਉਸ ਨੇ ਅਚਾਨਕ ਖੜਾਕਾ ਹੋਣ ਦੀ ਆਵਾਜ਼ ਸੁਣੀ। ਪਿੱਛੇ ਮੁੜ ਕੇ ਦੇਖਿਆ ਤਾਂ ਚੌੜ੍ਹੇ-ਖੁੱਲ੍ਹੇ ਮੂੰਹ ਵਾਲੀ ਡਰੰਮੀ ਸੜਕ ਦੇ ਕਿਨਾਰੇ ਨਿਵਾਣ ਵੱਲ ਡਿੱਗੀ ਪਈ ਸੀ। ਉਸ ਦਾ ਢੱਕਣ ਖੁੱਲ੍ਹ ਕੇ ਰਿੜ੍ਹਦਾ ਪਰੇ ਜਾ ਡਿੱਗਾ ਸੀ।
ਕੀਤੀ ਕਰਾਈ ਮਿਹਨਤ ਅੱਖ ਦੇ ਫੋਰ ਵਿਚ ਹੀ ਮਿੱਟੀ ਵਿਚ ਮਿਲ ਜਾਣ ‘ਤੇ ਵੀ ਹੱਸਦਿਆਂ ਮੇਰਾ ਦੋਸਤ ਦੱਸ ਰਿਹਾ ਸੀ, “ਜਿੰਨੇ ਚਿਰ ਨੂੰ ਮੈਂ ਸਾਈਕਲ ਖੜ੍ਹਾ ਕੀਤਾ, ਡਰੰਮੀ ਵਿਚੋਂ ਸਰਕਾਰੀ ਟਿਊਬਵੈੱਲ ਦੀ ਮੋਟੀ ਧਾਰ ਵਾਂਗ ਸਾਰਾ ਈ ਤੇਲ ਵੱਗ ਕੇ ਧਰਤੀ ਉਤੇ ਵਿਛ ਗਿਆ।” ਅਚਨਚੇਤ ਹੋਏ ਨੁਕਸਾਨ ‘ਤੇ ਹਮਦਰਦੀ ਪ੍ਰਗਟਾਉਂਦਿਆਂ ਮੈਂ ਪੇਂਡੂ ਬੀਬੀਆਂ ਕੋਲੋਂ ਸੁਣਿਆ ‘ਵਾਕ’ ਬੋਲਿਆ ਕਿ ਚੱਲ ਕੋਈ ਨਾ ਯਾਰ, ਦੇਸੀ ਤੇਲ ਡੁੱਲ੍ਹ ਜਾਵੇ ਤਾਂ ਕਹਿੰਦੇ ‘ਗ੍ਰਹੁ’ ਟਲ ਜਾਂਦਾ ਐ! ਵਹਿਮਾਂ-ਭਰਮਾਂ ਤੋਂ ਕੋਹਾਂ ਦੂਰ ਰਹਿਣ ਵਾਲੇ ਇਸ ਧਰਤੀ ਪੁੱਤ ਦਾ ਜਿਗਰਾ ਦੇਖੋ, ਮਜ਼ਾਕ ਵਿਚ ਮੈਨੂੰ ਕਹਿੰਦਾ, “ਅੱਛਾ ਜੀ? ਫਿਰ ਐਦਾਂ ਕਰਦਾਂ, ਘਰਦੇ ਕਹਿੰਦੇ ਆ ਕਿ ਪੰਜ ਸੱਤ ਕਿਲੋ ਸਰ੍ਹੋਂ ਹੋਰ ਹੈਗੀ ਆ, ਉਹਦਾ ਵੀ ਤੇਲ ਕਢਾ ਕੇ ਉਥੇ ਹੀ ਡੋਲ੍ਹ ਆਉਨਾਂ ਤਾਂ ਕਿ ਰਹਿੰਦੇ-ਖੂੰਹਦੇ ਗ੍ਰਹੁ ਵੀ ‘ਟਲ’ ਜਾਣ।”
ਮਸਾਲੇ ਨਾਲ ਭਰੇ-ਭਕੁੰਨੇ ਧੁੱਪੇ ਪਏ ਕਰੇਲਿਆਂ ਦਾ ਕੀ ਬਣਿਆ ਫਿਰ? ਮੇਰੇ ਇਸ ਸਵਾਲ ‘ਤੇ ਮੁੜ ਖਿੜ ਖਿੜ ਹੱਸਦਿਆਂ ਉਹ ਬੋਲਿਆ, “ਮੈਂ ਨਿਆਣਿਆਂ ਨੂੰ ਸਮਝਾਇਐ, ਤੇਲ ਤਾਂ ਬੀæਪੀæ ਵਧਾਉਂਦਾ ਐ, ਤੁਸੀਂ ਪਾਣੀ ਵਿਚ ਉਬਾਲ ਕੇ ਕਰੇਲੇ ਬਣਾਉ ਐਤਕੀਂ।”
ਉਨ੍ਹਾਂ ਦੇ ਘਰ ਮਚੇ ਹਾਸੇ ਦਾ ਸਵਾਦ ਮਾਣਦਿਆਂ ਮੈਂ ਗੱਲ ਹੋਰ ਵਧਾਈ, “ਘਰਵਾਲੀਆਂ ਤਾਂ ਪਤੀਆਂ ‘ਤੇ ਬਿਨਾਂ ਵਜ੍ਹਾ ਹੀ ਲੋਹੇ-ਲਾਖੀਆਂ ਹੋਈਆਂ ਰਹਿੰਦੀਆਂ, ‘ਭੈਣ ਜੀ’ ਤਾਂ ਗੁੱਸੇ ਹੀ ਹੋਣੀ ਐਂ, ਪਰ ਤੇਰੀਆਂ ਨੂੰਹਾਂ ਤੇ ਪੋਤੇ ਪੋਤਰੀਆਂ ਤੇਰੇ ਅੱਜ ਵਾਲੇ ‘ਕਾਰਨਾਮੇ’ ਬਾਰੇ ਕੀ ਕਹਿੰਦੇ ਨੇ?”
“ਕਹਿਣਾ ਕਿਆ ਐ, ਹੱਸਣ ਡਹੇ ਆ। ਕਹਿੰਦੇ ਆ, ਭਾਪਾ ਜੀ ਨੇ ਚਾੜ੍ਹ’ਤਾ ਚੰਦ ਅੱਜ!”