ਰਾਹੀ ਮਾਸੂਮ ਰਜਾ
ਅਨੁਵਾਦ: ਕੇਹਰ ਸ਼ਰੀਫ
ਇੱਥੇ (ਬੰਬਈ ‘ਚ) ਕਈ ਦੋਸਤ ਮਿਲੇ ਜਿਨ੍ਹਾਂ ਨਾਲ ਚੰਗੀ-ਮਾੜੀ ਗੁਜ਼ਰੀ। ਕ੍ਰਿਸ਼ਨ ਚੰਦਰ, ਭਾਰਤੀ, ਕਮਲੇਸ਼ਵਰ-ਜੇ ਸ਼ੁਰੂ ‘ਚ ਹੀ ਇਹ ਨਾ ਮਿਲੇ ਹੁੰਦੇ ਤਾਂ ਬੰਬਈ ‘ਚ ਮੇਰਾ ਰਹਿਣਾ ਅਸੰਭਵ ਹੋ ਜਾਂਦਾ। ਸ਼ੁਰੂ ਵਿਚ ਮੇਰੇ ਕੋਲ ਕੋਈ ਕੰਮ ਨਹੀਂ ਸੀ ਅਤੇ ਬੰਬਈ ਵਿਚ ਮੈਂ ਅਜਨਬੀ ਸਾਂ। ਉਨ੍ਹਾਂ ਦਿਨਾਂ ਵਿਚ ਇਨ੍ਹਾਂ ਦੋਸਤਾਂ ਨੇ ਬਹੁਤ ਮਦਦ ਕੀਤੀ। ਇਨ੍ਹਾਂ ਨੇ ਮੈਨੂੰ ਜਿਉਂਦਾ ਰੱਖਣ ਵਾਸਤੇ ਸਹਾਇਤਾ ਦੇ ਕੇ ਮੇਰੀ ਤੌਹੀਨ ਨਹੀਂ ਕੀਤੀ। ਇਨ੍ਹਾਂ ਨੇ ਮੈਨੂੰ ਪੁੱਠੇ ਸਿੱਧੇ ਕੰਮ ਦਿੱਤੇ ਅਤੇ ਉਸ ਕੰਮ ਦੀ ਮਜ਼ਦੂਰੀ ਦਿੱਤੀ। ਪਰ ਇਸ ਦਾ ਮਤਲਬ ਇਹ ਨਹੀਂ ਕਿ ਇਨ੍ਹਾਂ ਲੋਕਾਂ ਵਲੋਂ ਕੀਤੇ ਅਹਿਸਾਨ ਤੋਂ ਮੈਂ ਕਦੇ ਮੁਕਤ ਹੋ ਸਕਦਾ ਹਾਂ।
ਮੈਨੂੰ ਉਹ ਦਿਨ ਅੱਜ ਤੱਕ ਵੀ ਚੰਗੀ ਤਰ੍ਹਾਂ ਯਾਦ ਹੈ ਜਦੋਂ ਨੈਯਰ ਹੋਲੀ ਫੈਮਲੀ ਹਸਪਤਾਲ ਵਿਚ ਸੀ। ਚਾਰ ਦਿਨ ਪਿਛੋਂ ਹਸਪਤਾਲ ਦਾ ਬਿੱਲ ਦੇ ਕੇ ਮੈਂ ਨੈਯਰ ਤੇ ਮਰੀਅਮ ਨੂੰ ਇੱਥੋਂ ਲੈ ਆਣਾ ਸੀ। ਸੱਤ, ਸਾਢੇ ਸੱਤ ਸੌ ਰੁਪਏ ਦਾ ਬਿੱਲ ਸੀ ਅਤੇ ਮੇਰੇ ਕੋਲ ਸੌ, ਸਵਾ ਸੌ ਰੁਪਏ ਸਨ। ਉਦੋਂ ਕਮਲੇਸ਼ਵਰ ਨੇ ‘ਸਾਰਿਕਾ’ ਤੋਂ, ਭਾਰਤੀ ਨੇ ‘ਧਰਮਯੁਗ’ ਤੋਂ ਮੈਨੂੰ ਪੈਸੇ ਐਡਵਾਂਸ ਦੁਆਏ ਤੇ ਕ੍ਰਿਸ਼ਨ ਜੀ ਨੇ ਆਪਣੀ ਇਕ ਫਿਲਮ ਦੇ ਕੁਝ ਸੰਵਾਦ ਲਿਖਵਾ ਕੇ ਪੈਸੇ ਦਿੱਤੇ ਅਤੇ ਮਰੀਅਮ ਘਰ ਆ ਗਈ। ਅੱਜ ਸੋਚਦਾ ਹਾਂ ਕਿ ਜੇ ਇਹ ਤਿੰਨੇ ਨਾ ਹੁੰਦੇ ਤਾਂ ਮੈਂ ਕੀ ਕੀਤਾ ਹੁੰਦਾ? ਕੀ ਮਰੀਅਮ ਨੂੰ ਹਸਪਤਾਲ ਵਿਚ ਛੱਡ ਦਿੰਦਾ? ਉਹ ਬਹੁਤ ਮਾੜੇ ਦਿਨ ਸਨ। ਕੁਝ ਦੋਸਤਾਂ ਤੋਂ ਉਧਾਰ ਵੀ ਲਿਆ। ਕਲਕੱਤੇ ਤੋਂ ਓæਪੀæ ਟਾਂਟੀਆ ਅਤੇ ਰਾਜਸਥਾਨ ਤੋਂ ਮੇਰੀ ਇਕ ਮੂੰਹ ਬੋਲੀ ਭੈਣ ਲਨਿਲਾ, ਅਲੀਗੜ੍ਹ ਤੋਂ ਮੇਰੇ ਭਰਾ ਮਹਿੰਦੀ ਰਜਾ ਅਤੇ ਦੋਸਤ ਕੁੰਵਰਪਾਲ ਸਿੰਘ ਨੇ ਮਦਦ ਕੀਤੀ। ਕਰਜ਼ਾ ਲੱਥ ਜਾਂਦਾ ਹੈ, ਅਹਿਸਾਨ ਨਹੀਂ ਉਤਰਦਾ। ਹੋਰ ਕੁਝ ਗੱਲਾਂ ਅਜਿਹੀਆਂ ਹਨ ਜੋ ਅਹਿਸਾਨ ਦੇ ਘੇਰੇ ਵਿਚ ਨਹੀਂ ਆਉਂਦੀਆਂ ਪਰ ਉਨ੍ਹਾਂ ਨੂੰ ਯਾਦ ਕਰਦਿਆਂ ਹੀ ਅੱਖਾਂ ਵਿਚ ਹੰਝੂ ਆ ਜਾਂਦੇ ਹਨ।
ਜਦੋਂ ਮੈਂ ਅਲੀਗੜ੍ਹ ਤੋਂ ਬੰਬਈ ਆਇਆ ਤਾਂ ਆਪਣੇ ਛੋਟੇ ਭਰਾ ਅਹਿਮਦ ਰਜਾ ਕੋਲ ਠਹਿਰਿਆ। ਛੋਟੇ ਭਰਾ ਤਾਂ ਬਹੁਤਿਆਂ ਦੇ ਹੁੰਦੇ ਹਨ ਪਰ ਅਹਿਮਦ ਰਜਾ ਭਾਵ ਹੱਦਨ ਵਰਗਾ ਛੋਟਾ ਭਾਈ ਮੁਸ਼ਕਿਲ ਨਾਲ ਹੀ ਹੋਵੇਗਾ ਕਿਸੇ ਦੀ ਕਿਸਮਤ ‘ਚ। ਉਸ ਨੇ ਮੇਰਾ ਸਵਾਗਤ ਇੰਜ ਕੀਤਾ ਕਿ ਮੈਂ ਤਾਂ ਇਹ ਵੀ ਭੁੱਲ ਗਿਆ ਕਿ ਫਿਲਹਾਲ ਮੈਂ ਬੇਰੁਜ਼ਗਾਰ ਹਾਂ। ਅਸੀਂ ਹੱਦਨ ਨਾਲ ਰਹਿ ਰਹੇ ਸਾਂ ਪਰ ਲਗਦਾ ਇਉਂ ਸੀ ਕਿ ਉਹ ਆਪਣੇ ਪਰਿਵਾਰ ਸਮੇਤ ਸਾਡੇ ਨਾਲ ਰਹਿ ਰਹੇ ਹਨ। ਘਰ ਵਿਚ ਹੁੰਦਾ ਉਹ ਸੀ ਜੋ ਮੈਂ ਚਾਹੁੰਦਾ ਸੀ ਜਾਂ ਮੇਰੀ ਪਤਨੀ ਨੈਯਰ ਚਾਹੁੰਦੀ ਸੀ। ਘਰ ਬਹੁਤ ਸਸਤਾ ਸੀ। ਜਿਸ ਫਲੈਟ ਵਿਚ ਹੁਣ ਹਾਂ ਇਸ ਤੋਂ ਵੱਡਾ ਸੀ। ਇਸ ਦਾ ਕਿਰਾਇਆ 600 ਦੇ ਰਿਹਾ ਹਾਂ, ਉਸ ਦਾ ਕਿਰਾਇਆ ਸਿਰਫ 150 ਰੁਪਏ ਮਹੀਨਾ ਸੀ।
ਹੱਦਨ ਨੇ ਸੋਚਿਆ ਕਿ ਇਹ ਘਰ ਉਨ੍ਹਾਂ ਨੂੰ ਮੇਰੇ ਵਾਸਤੇ ਖਾਲੀ ਕਰ ਦੇਣਾ ਚਾਹੀਦਾ ਹੈ। ਰਿਜ਼ਰਵ ਬੈਂਕ ਤੋਂ ਉਨ੍ਹਾਂ ਨੂੰ ਫਲੈਟ ਮਿਲ ਸਕਦਾ ਸੀ, ਜੋ ਮਿਲ ਗਿਆ। ਜਦੋਂ ਉਹ ਜਾਣ ਲੱਗੇ ਤਾਂ ਉਸ ਨੇ ਆਪਣੀ ਪਤਨੀ ਨਾਲ ਸਾਜਿਸ਼ ਕੀਤੀ ਕਿ ਉਹ ਘਰ ਦਾ ਸਾਰਾ ਸਮਾਨ ਮੇਰੇ ਵਾਸਤੇ ਛੱਡ ਜਾਣ ਕਿਉਂਕਿ ਮੇਰੇ ਕੋਲ ਤਾਂ ਕੁਝ ਹੈ ਹੀ ਨਹੀਂ ਸੀ। ਕਿਸੇ ਹੀਲੇ ਵੀ ਮੈਂ ਇਸ ਨਾਲ ਸਹਿਮਤ ਨਾ ਹੋਇਆ। ਉਨ੍ਹਾਂ ਦੋਹਾਂ ਨੂੰ ਮੈਂ ਜ਼ਬਰਦਸਤ ਡਾਂਟਿਆ।
ਫੇਰ ਉਹ ਘਰ ਦਾ ਸਾਰਾ ਸਮਾਨ ਲੈ ਕੇ ਚਲੇ ਗਏ ਅਤੇ ਘਰ ਖਾਲੀ ਰਹਿ ਗਿਆ। ਮੇਰੇ ਕੋਲ ਦੋ ਕੁਰਸੀਆਂ ਵੀ ਨਹੀਂ ਸਨ। ਅਸੀਂ ਕਮਰੇ ਵਿਚ ਦੋ ਗੱਦੇ ਵਿਛਾ ਲਏ ਅਤੇ ਉਹ ਹੀ ਦੋ ਗੱਦਿਆਂ ਵਾਲਾ ਵੀਰਾਨ (ਸੁੰਨਾ ਜਿਹਾ) ਕਮਰਾ ਸਾਡਾ ਪਹਿਲਾ ਡਰਾਇੰਗ ਰੂਮ ਬਣਿਆ। ਉਨ੍ਹੀਂ ਦਿਨੀਂ ਮੈਂ ਨੈਯਰ ਸਾਹਮਣੇ ਵੀ ਆਪਣੇ ਆਪ ਨੂੰ ਸ਼ਰਮਿੰਦਾ ਮਹਿਸੂਸ ਕਰਦਾ ਸਾਂ। ਮੈਂ ਸੋਚਦਾ, ਇਹ ਕਿਹੋ ਜਿਹੀ ਮੁਹੱਬਤ ਹੋਈ, ਕਿਹੋ ਜਿਹੀ ਜ਼ਿੰਦਗੀ ‘ਚੋਂ ਕੱਢ ਕੇ ਕਿਹੋ ਜਿਹੀ ਜ਼ਿੰਦਗੀ ਵਿਚ ਲੈ ਆਇਆ ਉਸ ਔਰਤ ਨੂੰ ਜਿਸ ਨੂੰ ਮੈਂ ਆਪਣਾ ਪਿਆਰ ਦੇ ਰੱਖਿਆ ਹੈ, ਆਪਣੀ ਸਾਰੀ ਮੁਹੱਬਤ। ਪਰ ਨੈਯਰ ਨੇ ਮੈਨੂੰ ਇਹ ਕਦੇ ਮਹਿਸੂਸ ਨਹੀਂ ਹੋਣ ਦਿੱਤਾ ਕਿ ਉਹ ਹੇਠਲੇ ਮੱਧਵਰਗ ਵਾਲੀ ਜ਼ਿੰਦਗੀ ਨੂੰ ਝੱਲ ਨਹੀਂ ਰਹੀ ਹੈ। ਅਸੀਂ ਦੋਵੇਂ ਉਸ ਉਜਾੜ ਘਰ ਵਿਚ ਬਹੁਤ ਖੁਸ਼ ਸਾਂ।
ਉਨ੍ਹਾਂ ਦਿਨਾਂ ਵਿਚ ਕ੍ਰਿਸ਼ਨ ਚੰਦਰ, ਭੈਣ ਸਲਮਾ, ਭਾਰਤੀ ਅਤੇ ਕਮਲੇਸ਼ਵਰ ਤੋਂ ਬਿਨਾ ਕੋਈ ਲੇਖਕ ਸਾਡੇ ਨਾਲ ਖੁੱਲ੍ਹੇ ਦਿਲ ਨਾਲ ਨਹੀਂ ਮਿਲਦਾ ਸੀ। ਅਸੀਂ ਮਜਰੂਹ ਸਾਹਿਬ ਦੇ ਘਰ ਉਨ੍ਹਾਂ ਨੂੰ ਮਿਲਣ ਜਾਂਦੇ ਤਾਂ ਉਹ ਆਪਣੇ ਬੈੱਡ ਰੂਮ ਵਿਚ ਬੈਠੇ ਸ਼ਤਰੰਜ ਖੇਡਦੇ ਰਹਿੰਦੇ ਅਤੇ ਸਾਨੂੰ ਮਿਲਣ ਵਾਸਤੇ ਬਾਹਰ ਨਾ ਨਿਕਲਦੇ। ਫਿਰਦੌਸ ਭਾਬੀ ਵਿਚਾਰੀ ਲਿਪਾਪੋਚੀ ਕਰਦੀ ਰਹਿੰਦੀ। ਕਈ ਹੋਰ ਲੇਖਕ ਇਸ ਡਰ ਨਾਲ ਪਾਸਾ ਵੱਟ ਜਾਂਦੇ ਸਨ ਕਿ ਮੈਂ ਕਿਧਰੇ ਮਦਦ ਨਾ ਮੰਗ ਲਵਾਂ।
ਤੁਸੀਂ ਖੁਦ ਸੋਚ ਸਕਦੇ ਹੋ ਕਿ ਉਨ੍ਹਾਂ ਦਿਨਾਂ ਵਿਚ ਸਾਡੇ ਚਾਰੇ ਪਾਸੇ ਕਿਹੋ ਜਿਹਾ ਬੇਦਰਦ ਅਤੇ ਸੰਵੇਦਨਾਹੀਣ ਹਨੇਰਾ ਰਿਹਾ ਹੋਵੇਗਾ। ਨੈਯਰ ਲੋਕਾਂ ਨਾਲ ਮਿਲਦਿਆਂ ਵੀ ਘਬਰਾਉਂਦੀ ਸੀ, ਇਸ ਕਰਕੇ ਮਿਲਣਾ-ਜੁਲਣਾ ਵੀ ਥੋੜ੍ਹੇ ਲੋਕਾਂ ਨਾਲ ਸੀ, ਬਹੁਤ ਥੋੜ੍ਹੇ ਲੋਕਾਂ ਨਾਲ ਤੇ ਇਕ ਦਿਨ ਸਲਮਾ ਭੈਣ ਆ ਗਈ। ਇਹਨੂੰ ਤੁਸੀਂ ਸਲਮਾ ਸਿੱਦੀਕੀ ਦੇ ਨਾਂ ਨਾਲ ਜਾਣਦੇ ਹੋ। ਉਸ ਸਮੇਂ ਅਸੀਂ ਦੋਵੇਂ ਇਨ੍ਹਾਂ ਗੱਦਿਆਂ ਉਤੇ ਬੈਠੇ ਰੰਮੀ ਖੇਡ ਰਹੇ ਸਾਂ। ਸਲਮਾ ਭੈਣ ਬੈਠ ਗਈ। ਇੱਧਰ-ਉਧਰ ਦੀਆਂ ਗੱਲਾਂ ਹੁੰਦੀਆਂ ਰਹੀਆਂ। ਫੇਰ ਉਹ ਚਲੀ ਗਈ। ਥੋੜੀ ਹੀ ਦੇਰ ਪਿਛੋਂ ਉਨ੍ਹਾਂ ਦਾ ਇਕ ਨੌਕਰ ਰੇਹੜੀ ਉਤੇ ਇਕ ਸੋਫਾ ਲੈ ਕੇ ਆਇਆ। ਅਸੀਂ ਉਸ ਤੋਹਫੇ ਨੂੰ ਸਵੀਕਾਰ ਕਰ ਲਿਆ, ਜੇ ਨਾ ਕਰਦੇ, ਸਲਮਾ ਭੈਣ ਅਤੇ ਕ੍ਰਿਸ਼ਨ ਜੀ ਨੂੰ ਦੁੱਖ ਹੁੰਦਾ, ਅਸੀਂ ਉਨ੍ਹਾਂ ਨੂੰ ਤਕਲੀਫ ਦੇਣਾ ਹੀ ਨਹੀਂ ਸੀ ਚਾਹੁੰਦੇ।