ਬਾਦਲਾਂ ਨੂੰ ਪੰਥਕ ਪਿੜ ਤੋਂ ਲਾਂਭੇ ਕਰਨ ਦੀ ਰਣਨੀਤੀ

ਚੰਡੀਗੜ੍ਹ: ਪੰਥਕ ਧਿਰਾਂ ਨੇ ਬਾਦਲਾਂ ਵਾਲੇ ਅਕਾਲੀ ਦਲ ਨੂੰ ਵਿਧਾਨ ਸਭਾ ਚੋਣਾਂ ਵਿਚ ਮਿਲੀ ਹਾਰ ਤੋਂ ਬਾਅਦ ਹੁਣ ਧਾਰਮਿਕ ਖੇਤਰ ਵਿਚੋਂ ਵੀ ਕੱਢਣ ਦੀ ਰਣਨੀਤੀ ਬਣਾਈ ਹੈ। ਪੰਥਕ ਧਿਰਾਂ ਦੀ ਇਹ ਰਣਨੀਤੀ ਕਿੰਨੀ ਕੁ ਕਾਮਯਾਬ ਹੋਵੇਗੀ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ, ਪਰ ਇਨ੍ਹਾਂ ਧਿਰਾਂ ਨੇ ਨਗਰ ਨਿਗਮ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਲੜਨ ਦਾ ਐਲਾਨ ਵੀ ਕਰ ਦਿੱਤਾ ਹੈ।

ਯੂਨਾਈਟਿਡ ਅਕਾਲੀ ਦਲ ਨੂੰ ਅਗਲੇ 10 ਦਿਨਾਂ ਵਿਚ ਨਵਾਂ ਰੰਗ-ਰੂਪ ਦੇਣ ਦਾ ਫੈਸਲਾ ਕੀਤਾ ਗਿਆ ਹੈ ਜਿਸ ਵਿਚ ਵਿਆਪਕ ਪੱਧਰ ‘ਤੇ ਨਵੀਆਂ ਨਿਯੁਕਤੀਆਂ ਦੇ ਸੰਕੇਤ ਮਿਲੇ ਹਨ। ਯੂਨਾਈਟਿਡ ਐਕਸ ਸਰਵਿਸਮੈਨ ਫਰੰਟ ਦੇ ਪ੍ਰਧਾਨ ਕੈਪਟਨ ਚੰਨਣ ਸਿੰਘ ਸਿੱਧੂ ਨੇ ਫਰੰਟ ਨੂੰ ਯੂਨਾਈਟਿਡ ਅਕਾਲੀ ਦਲ ਵਿਚ ਰਲੇਵੇਂ ਦਾ ਐਲਾਨ ਕੀਤਾ ਹੈ। ਉਨ੍ਹਾਂ ਨੂੰ ਯੂਨਾਈਟਿਡ ਅਕਾਲੀ ਦਲ ਦਾ ਸਕੱਤਰ ਜਨਰਲ ਨਿਯੁਕਤ ਕੀਤਾ ਗਿਆ ਹੈ। ਪਾਰਟੀ ਨੂੰ ਵਿਆਪਕ ਰੂਪ ਦੇਣ ਲਈ ਕਈ ਧਿਰਾਂ ਨਾਲ ਚਰਚਾ ਹੋ ਚੁੱਕੀ ਹੈ ਅਤੇ ਪਾਰਟੀ ਲੀਡਰਸ਼ਿਪ ਵਿਚ ਵੀ ਵੱਡੇ ਪੱਧਰ ‘ਤੇ ਫੇਰਬਦਲ ਕੀਤਾ ਜਾ ਸਕਦਾ ਹੈ।
ਆਗੂਆਂ ਨੇ ਕਿਹਾ ਕਿ ਤਖਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਗੁਰਮੁਖ ਸਿੰਘ ਨੇ ਡੇਰਾ ਸਿਰਸਾ ਦੇ ਮੁਖੀ ਨੂੰ ਮੁਆਫੀ ਦਿਵਾਉਣ ਲਈ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਨਿਭਾਈ ਭੂਮਿਕਾ ਦਾ ਖੁਲਾਸਾ ਕਰ ਕੇ ਇਕ ਵਾਰ ਫਿਰ ਜੱਗ ਜ਼ਾਹਿਰ ਕਰ ਦਿੱਤਾ ਹੈ ਕਿ ਬਾਦਲਾਂ ਨੂੰ ਪੰਥ ਜਾਂ ਪੰਜਾਬ ਨਹੀਂ, ਸਗੋਂ ਸੱਤਾ ਪਿਆਰੀ ਹੈ।
ਇਸੇ ਕਾਰਨ ਹੁਣ ਬਾਦਲਾਂ ਨੂੰ ਸਿਆਸੀ ਪਿੜ ਤੋਂ ਬਾਅਦ ਧਾਰਮਿਕ ਪਿੜ ਵਿਚੋਂ ਵੀ ਨਿਕਾਲਾ ਦੇਣਾ ਜ਼ਰੂਰੀ ਹੈ। ਪਾਰਟੀ ਨੇ ਇਸ ਵਾਰ ਪੂਰੀ ਤਿਆਰੀ ਕਰ ਕੇ ਸ਼੍ਰੋਮਣੀ ਕਮੇਟੀ ਚੋਣਾਂ ਲੜਨ ਦਾ ਫੈਸਲਾ ਕੀਤਾ ਹੈ।
ਆਗੂਆਂ ਨੇ ਦੱਸਿਆ ਕਿ ਅਗਲੇ ਦਿਨੀਂ ਪਾਰਟੀ ਵੱਲੋਂ ਵੱਡਾ ਇਕੱਠ ਕਰ ਕੇ ਜਿਥੇ ਜਥੇਬੰਦੀ ਨੂੰ ਨਵਾਂ ਰੂਪ ਦਿੱਤਾ ਜਾਵੇਗਾ, ਉਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਪਰ ਬਾਦਲਾਂ ਦੇ ਗਲਬੇ ਨੂੰ ਖਤਮ ਕਰਨ ਲਈ ਰਣਨੀਤੀ ਦਾ ਐਲਾਨ ਵੀ ਕੀਤਾ ਜਾਵੇਗਾ।