ਚੰਡੀਗੜ੍ਹ: ਬਾਦਲਾਂ ਖਿਲਾਫ ਮੂੰਹ ਖੋਲ੍ਹਣ ਵਾਲੇ ਤਖਤ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਗੁਰਮੁਖ ਸਿੰਘ ਨੂੰ ਅਹੁਦੇ ਤੋਂ ਫਾਰਗ ਕਰਨ ਪਿੱਛੋਂ ਅਕਾਲ ਤਖਤ ਸਾਹਿਬ ਤੋਂ ਲਏ ਜਾਂਦੇ ਫੈਸਲਿਆਂ ਵਿਚ ਸਿਆਸੀ ਦਖਲਅੰਦਾਜ਼ੀ ਉਤੇ ਵੱਡੇ ਸਵਾਲ ਉਠ ਖਲੋਤੇ ਹਨ। ਗਿਆਨੀ ਗੁਰਮੁਖ ਸਿੰਘ ਨੇ ਡੇਰਾ ਸਿਰਸਾ ਮੁਖੀ ਨੂੰ ਮੁਆਫੀ ਦੇਣ ਦੇ ਮਾਮਲੇ ‘ਤੇ ਅਕਾਲੀ ਲੀਡਰਸ਼ਿਪ ਖਿਲਾਫ਼ ਬਾਗੀ ਰੁਖ ਅਖਤਿਆਰ ਕਰ ਲਿਆ ਸੀ। ਚੋਣਾਂ ਤੋਂ ਪਹਿਲਾਂ ਡੇਰਾ ਸਿਰਸਾ ਗਏ ਸਿਆਸਤਦਾਨਾਂ ਦੇ ਮਾਮਲੇ ‘ਤੇ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਕਟਹਿਰੇ ਵਿਚ ਖੜ੍ਹਾ ਕੀਤਾ ਸੀ।
ਗਿਆਨੀ ਗੁਰਮੁਖ ਸਿੰਘ ਨੇ ਭਾਵੇਂ ਇਹ ਖੁਲਾਸੇ ਕਰਨ ਵਿਚ ਦੇਰ ਕਰ ਦਿੱਤੀ, ਪਰ ਇਹ ਸੱਚ ਹੁਣ ਖੁੱਲ੍ਹ ਕੇ ਸਾਹਮਣੇ ਆ ਗਿਆ ਹੈ ਕਿ ਬਾਦਲਾਂ ਦੀ ‘ਜੀ ਹਜ਼ੂਰੀ’ ਕਰਨ ਵਾਲੇ ਜਥੇਦਾਰ ਦੀ ‘ਸੀਟ’ ਹੀ ਸੁਰੱਖਿਅਤ ਹਨ। ਇਹੀ ਕਾਰਨ ਹੈ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਡੇਰਾ ਸਿਰਸਾ ਨੂੰ ਮੁਆਫੀ ਦੇਣ ਪਿੱਛੋਂ ਸਿੱਖ ਪੰਥ ਵਿਚ ਉਠੇ ਹੋਰ ਦੇ ਬਾਵਜੂਦ ਆਪਣੀ ਜਥੇਦਾਰੀ ਸਲਾਮਤ ਰੱਖਣ ਵਿਚ ਸਫਲ ਰਹੇ। ਉਨ੍ਹਾਂ ‘ਤੇ ਸ਼ਰੇਆਮ ਸਰਕਾਰੀ ਜਥੇਦਾਰ ਹੋਣ ਦੇ ਦੋਸ਼ ਲੱਗਦੇ ਰਹੇ। ਦੇਸ਼ਾਂ-ਵਿਦੇਸ਼ਾਂ ਵਿਚ ਉਨ੍ਹਾਂ ਨੂੰ ਜਥੇਦਾਰੀ ਤੋਂ ਲਾਂਭੇ ਕਰਨ ਲਈ ਸੰਘਰਸ਼ ਸ਼ੁਰੂ ਹੋਏ, ਪਰ ਕੋਈ ਤਾਕਤ ਉਨ੍ਹਾਂ ਦੀ ਕੁਰਸੀ ਹਿਲਾ ਨਾ ਸਕੀ।
ਗਿਆਨੀ ਗੁਰਮੁਖ ਸਿੰਘ ਨੇ ਦੋਸ਼ ਲਾਇਆ ਸੀ ਕਿ ਡੇਰਾ ਸਿਰਸਾ ਮੁਖੀ ਨੂੰ ਮੁਆਫੀ ਦਿਵਾਉਣ ਲਈ ਸੁਖਬੀਰ ਸਿੰਘ ਬਾਦਲ ਨੇ ਉਨ੍ਹਾਂ ਸਮੇਤ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਤੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਮੱਲ ਸਿੰਘ ਨੂੰ ਚੰਡੀਗੜ੍ਹ ਵਿਚਲੀ ਕੋਠੀ ਬੁਲਾ ਕੇ ਬੈਠਕ ਕੀਤੀ ਗਈ ਸੀ। ਇਸ ਦੌਰਾਨ ਡੇਰਾ ਮੁਖੀ ਵੱਲੋਂ ਹਿੰਦੀ ਭਾਸ਼ਾ ਵਿਚ ਭੇਜੀ ਚਿੱਠੀ ‘ਤੇ ਤੁਰੰਤ ਕਾਰਵਾਈ ਕਰਨ ਦਾ ਦਬਾਅ ਬਣਾਇਆ ਸੀ। ਗੁਰਮੁਖ ਸਿੰਘ ਨੇ ਇਹ ਵੀ ਦੱਸਿਆ ਕਿ ਮਨਜਿੰਦਰ ਸਿੰਘ ਸਿਰਸਾ ਨੇ ਉਨ੍ਹਾਂ ਨੂੰ ਫੋਨ ਕਰ ਕੇ ਕਿਹਾ ਸੀ ਕਿ ਉਨ੍ਹਾਂ ਨੂੰ ਡੇਰੇ ਕੋਲੋਂ ਸਮਰਥਨ ਲੈਣਾ ਪਿਆ ਹੈ ਅਤੇ ਤੁਹਾਨੂੰ ਬੇਨਤੀ ਹੈ ਕਿ ਤੁਸੀਂ ਇਸ ਮਾਮਲੇ ‘ਤੇ ਸ਼ਾਂਤ ਰਹੋ ਤੇ ਕੁਝ ਵੀ ਨਾ ਬੋਲੋ। ਜਦੋਂ ਸਿਰਸਾ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਾਡੇ ‘ਬੌਸ’ ਸੁਖਬੀਰ ਬਾਦਲ ਕਿਸੇ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਹਨ।
ਉਨ੍ਹਾਂ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਦਾ ਬਾਈਕਾਟ ਕਰਦਿਆਂ ਦੋਸ਼ ਲਾਇਆ ਸੀ ਕਿ ਜਥੇਦਾਰ ਸਰਕਾਰੀ ਦਬਾਅ ਹੇਠ ਕੰਮ ਕਰ ਰਹੇ ਹਨ। ਇਹ ਪਹਿਲੀ ਵਾਰ ਨਹੀਂ ਜਦ ਬਾਦਲਾਂ ਵਿਰੁੱਧ ਬੋਲਣ ਦੀ ਸਜ਼ਾ ਕਿਸੇ ਤਖਤ ਦੇ ਜਥੇਦਾਰ ਨੂੰ ਮਿਲੀ ਹੋਵੇ। ਇਸ ਤੋਂ ਪਹਿਲਾਂ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਨੂੰ ਵੀ 17 ਜਨਵਰੀ 2015 ਨੂੰ ਜਥੇਦਾਰੀ ਤੋਂ ਹਟਾਇਆ ਗਿਆ ਸੀ। ਉਹ ਸੋਧੇ ਹੋਏ ਨਾਨਕਸ਼ਾਹੀ ਕਲੰਡਰ ਦੇ ਮਾਮਲੇ ਉਤੇ ਬਾਦਲਾਂ ਤੇ ਉਨ੍ਹਾਂ ਦੇ ਹਮਾਇਤੀਆਂ ਵਿਰੁੱਧ ਬੋਲੇ ਸਨ। ਨੰਦਗੜ੍ਹ ਤੋਂ ਪਹਿਲੇ ਜਥੇਦਾਰ ਗਿਆਨੀ ਕੇਵਲ ਸਿੰਘ ਦੀ ਵੀ ਬਾਦਲ ਪਰਿਵਾਰ ਨਾਲ ਨਹੀਂ ਬਣੀ ਅਤੇ ਉਨ੍ਹਾਂ ਨੂੰ ਅਹੁਦਾ ਤੋਂ ਅਸਤੀਫਾ ਦੇਣ ਪਿਆ ਸੀ।
ਉਂਜ, ਗਿਆਨੀ ਗੁਰਮੁਖ ਸਿੰਘ ਵੱਲੋਂ ਬਾਦਲਾਂ ਬਾਰੇ ਕੀਤੇ ਖੁਲਾਸਿਆਂ ਉਤੇ ਸਵਾਲ ਵੀ ਉਠ ਰਹੇ ਹਨ ਕਿ ਉਹ ਡੇਰਾ ਸਿਰਸਾ ਮੁਖੀ ਨੂੰ ਮੁਆਫੀ ਮਾਮਲੇ ਵਿਚ ਬਾਦਲਾਂ ਦੀ ਮਿਲੀਭੁਗਤ ਬਾਰੇ ਪਹਿਲਾਂ ਕਿਉਂ ਨਹੀਂ ਬੋਲੇ। ਦਰਅਸਲ, ਗਿਆਨੀ ਗੁਰਮੁਖ ਸਿੰਘ ਨੂੰ ਇਨ੍ਹਾਂ ਖੁਲਾਸਿਆਂ ਪਿੱਛੋਂ ਆਪਣੀ ਹੋਣੀ ਦਾ ਪਤਾ ਸੀ। ਇਸੇ ਕਰ ਕੇ ਜਥੇਦਾਰੀ ਬਚਾਉਣ ਲਈ ਉਹ ਇਕ ਸਾਲ ਤੋਂ ਵੀ ਵੱਧ ਸਮਾਂ ਚੁੱਪ ਬੈਠੇ ਰਹੇ।
ਤਖਤ ਦਮਦਮਾ ਸਾਹਿਬ ਹੀ ਨਹੀਂ, ਹਫਤਾ ਪਹਿਲਾਂ ਤਖਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਨੇ ਵੀ ਬਾਦਲਾਂ ਉਤੇ ਸ੍ਰੀ ਗੁਰੂ ਗੋਬਿੰਦ ਸਿੰਘ ਦੇ 350 ਸਾਲਾ ਸਮਾਗਮਾਂ ਨੂੰ ਰੱਦ ਕਰਵਾਉਣ ਦੀਆਂ ਕੋਸ਼ਿਸ਼ਾਂ ਦਾ ਦੋਸ਼ ਲਾਇਆ ਸੀ, ਪਰ ਉਨ੍ਹਾਂ ਨੇ ਵੀ ਸਮਾਗਮਾਂ ਤੋਂ ਤਕਰੀਬਨ 6 ਮਹੀਨੇ ਬਾਅਦ ਆਪਣੀ ਜ਼ੁਬਾਨ ਖੋਲ੍ਹੀ। ਉਨ੍ਹਾਂ ਇਹ ਵੀ ਦੱਸਿਆ ਸੀ ਕਿ ਸ਼ ਪ੍ਰਕਾਸ਼ ਸਿੰਘ ਬਾਦਲ ਜੋ ਉਦੋਂ ਪੰਜਾਬ ਦੇ ਮੁੱਖ ਮੰਤਰੀ ਸਨ, ਸਮਾਗਮਾਂ ਲਈ 100 ਕਰੋੜ ਰੁਪਏ ਦੀ ਸਹਾਇਤਾ ਦਾ ਐਲਾਨ ਕਰ ਕੇ ਮੁਕਰ ਗਏ ਸਨ। ਜਥੇਦਾਰਾਂ ਦੇ ਬਗਾਵਤੀ ਸੁਰਾਂ ਤੋਂ ਜ਼ਾਹਿਰ ਹੋ ਗਿਆ ਕਿ ਉਹ ਬਾਦਲ ਪਰਿਵਾਰ ਦੀ ਪੰਥਕ ਮਾਮਲਿਆਂ ਵਿਚ ਦਖਲਅੰਦਾਜ਼ੀ ਤੋਂ ਖਾਸੇ ਨਾਰਾਜ਼ ਹਨ, ਪਰ ਉਹ ਅਕਾਲ ਤਖਤ ਸਾਹਿਬ ਤੋਂ ਇਸ ਪਰਿਵਾਰ ਖਿਲਾਫ ਕਾਰਵਾਈ ਦੀ ਕੋਈ ਉਮੀਦ ਨਹੀਂ ਰੱਖਦੇ। ਇਸੇ ਕਰ ਕੇ ਉਹ ਆਪਣੀ ਜ਼ੁਬਾਨ ਖੋਲ੍ਹਣ ਤੋਂ ਪਹਿਲਾਂ ਸੌ ਵਾਰੀ ਸੋਚਦੇ ਹਨ।