ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਕੱਲ੍ਹ ਤੱਕ ਕੋਈ ਖਾਸ ਅਹਿਮੀਅਤ ਨਹੀਂ ਸੀ ਰੱਖਦੀ ਪਰ ਪਿਛਲੇ ਕੁਝ ਸਾਲਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ, ਧਾਰਮਿਕ ਸੰਸਥਾਵਾਂ ਅਤੇ ਪੰਜਾਬ ਦੀ ਸਿਆਸਤ ਵਿਚ ਜਿਸ ਤਰ੍ਹਾਂ ਅਤੇ ਜਿੰਨੀ ਤੇਜ਼ੀ ਨਾਲ ਬਾਦਲ ਪਰਿਵਾਰ ਦੀ ਚੜ੍ਹਾਈ ਹੋਈ ਹੈ, ਉਸ ਨੇ ਸਾਰੀ ਤੰਦ-ਤਾਣੀ ਹੋਰ ਦੀ ਹੋਰ ਬਣਾ ਦਿੱਤੀ ਹੈ। ਬਾਦਲਾਂ ਨੇ ਆਪਣੇ ਖਿਲਾਫ ਉਠਦੇ ਹਰ ਆਗੂ ਨੂੰ ਭੰਨ੍ਹਣ ਲਈ ਹਰ ਹੀਲਾ ਵਰਤਿਆ। ਇਸ ਕੰਮ ਲਈ ਸਿਆਸੀ ਨੈਤਿਕਤਾ ਅਤੇ ਧਾਰਮਿਕ ਮਰਿਆਦਾ ਨੂੰ ਠੋਕਰ ਤੱਕ ਮਾਰੀ ਗਈ। ਖਾੜਕੂਵਾਦ ਵਾਲੇ ਦੌਰ ਅਤੇ ਉਸ ਤੋਂ ਬਾਅਦ ਬੇਅੰਤ ਸਿੰਘ ਸਰਕਾਰ ਵੇਲੇ ਕਿਸੇ ਨੂੰ ਇਹ ਚਿਤ-ਚੇਤਾ ਵੀ ਨਹੀਂ ਸੀ ਕਿ ਇਸ ਲਾਵੇ ਤੋਂ ਬਾਅਦ ਬਾਦਲਾਂ ਨੇ ਪੰਥ ਅਤੇ ਪੰਜਾਬ ਨੂੰ ਇਸ ਕਦਰ ਜੱਫਾ ਮਾਰ ਲੈਣਾ ਹੈ। ਕਿਸੇ ਸਿਆਸੀ ਵਿਸ਼ਲੇਸ਼ਣਕਾਰ ਦੇ ਗੇੜ ਵਿਚ ਵੀ ਇਹ ਵਰਤਾਰਾ ਨਹੀਂ ਸੀ ਆਇਆ। ਉਦੋਂ ਤਾਂ ਕੁਝ ਵਿਸ਼ਲੇਸ਼ਣਕਾਰ ਇਨ੍ਹਾਂ ਅਕਾਲੀ ਆਗੂਆਂ ਨੂੰ ਮੱਤਾਂ ਦਿੰਦੇ ਨਹੀਂ ਸਨ ਥੱਕਦੇ। ਇਨ੍ਹਾਂ ਮੱਤਾਂ ਉਤੇ ਬਾਦਲਾਂ ਨੇ ਕਿੰਨਾ ਕੁ ਅਮਲ ਕੀਤਾ, ਇਹ ਤਾਂ ਵੱਖਰਾ ਵਿਚਾਰਨ ਵਾਲਾ ਮਸਲਾ ਹੈ, ਪਰ ਬਾਦਲਾਂ ਨੇ ਆਪਣੀ ਸਿਆਸਤ ਲਈ ਰਾਹ ਲੱਭਣ ਹਿਤ ਆਪ ਹੀ ਉਹ ਰਣਨੀਤੀ ਘੜੀ ਜੋ ਹੁਣ ਬੜੇ ਘਾਤਕ ਰੂਪ ਵਿਚ ਸਭ ਦੇ ਸਾਹਮਣੇ ਹੈ। ਸੰਸਾਰ ਭਰ ਵਿਚ ਚੋਖੀ ਉਥਲ-ਪੁਥਲ ਦੀ ਗਵਾਹ ਬਣੀ 20ਵੀਂ ਸਦੀ ਦਾ ਅੰਤ ਅਤੇ ਨਵੀਂ ਨਿਵੇਕਲੀ 21ਵੀਂ ਸਦੀ ਦਾ ਆਗਾਜ਼ ਬਾਦਲਾਂ ਦੀ ਸਰਕਾਰ ਵੇਲੇ ਹੀ ਹੋਇਆ। ਖਾਲਸਾ ਪੰਥ ਦੀ ਤੀਜੀ ਸ਼ਤਾਬਦੀ ਵੀ ਇਸੇ ਸਮੇਂ ਦੌਰਾਨ ਮਨਾਈ ਗਈ। ਇਸ ਸਮੇਂ ਦੌਰਾਨ ਹੀ ਲੋਕਾਂ ਨੇ ਚਤੁਰ ਮੰਨੇ ਜਾਂਦੇ ਅਤੇ ਧਾਰਮਿਕ ਤੇ ਸਿਆਸੀ ਪਿੜ ਵਿਚ ਲੰਮੀ ਪਾਰੀ ਖੇਡਣ ਵਾਲੇ ਜਥੇਦਾਰ ਗੁਰਬਚਨ ਸਿੰਘ ਟੌਹੜਾ ਦਾ ਗੜ੍ਹ ਖੱਖੜੀਆਂ ਹੁੰਦਾ ਦੇਖਿਆ। ਸਿੱਖ ਸਿਆਸਤ ਵਿਚ ਜਥੇਦਾਰ ਟੌਹੜਾ, ਬਾਦਲਾਂ ਲਈ ਸ਼ਾਇਦ ਆਖਰੀ ਵੱਡੀ ਵੰਗਾਰ ਸਨ। ਮੌਤ ਤੋਂ ਕੁਝ ਮਹੀਨੇ ਪਹਿਲਾਂ ਉਹ ਵੀ ਸਭ ਛੱਡ-ਛਡਾ ਕੇ ਬਾਦਲ ਨਾਲ ਜਾ ਰਲੇ ਸਨ। ਇਸ ਰਲੇਵੇਂ ਦੇ ਨਾਲ ਹੀ ਬਾਦਲਾਂ ਦੀ ਹਰ ਪਾਸੇ ਝੰਡੀ ਹੋ ਗਈ। 1999 ਵਿਚ ਬਾਦਲਾਂ ਨੂੰ ਛੱਡ ਕੇ ਅਤੇ ਜਥੇਦਾਰ ਟੌਹੜਾ ਨਾਲ ਰਲ ਕੇ ਦਿੱਲੀ ਵਿਚ ਬਾਦਲਾਂ ਖਿਲਾਫ ਮੋਰਚਾ ਬੰਨ੍ਹਣ ਵਾਲੇ ਅਕਾਲੀ ਆਗੂ ਪਰਮਜੀਤ ਸਿੰਘ ਸਰਨਾ ਹੀ ਵਿਰੋਧ ਦੀ ਫਾਕ ਰਹਿ ਗਿਆ ਸੀ ਜਿਸ ਨੂੰ ਹੁਣ ਬਾਦਲਾਂ ਨੇ ਆਪਣੀ ਕੂਟਨੀਤੀ ਅਤੇ ਰਣਨੀਤੀ ਨਾਲ ਇਕ ਵਾਰ ਤਾਂ ਖਦੇੜ ਦਿੱਤਾ ਹੈ। ਸਾਲ ਕੁ ਪਹਿਲਾਂ ਮਨਪ੍ਰੀਤ ਸਿੰਘ ਬਾਦਲ ਨੂੰ ਬਾਦਲਾਂ ਲਈ ਵੱਡਾ ਖਤਰਾ ਮੰਨਿਆ ਗਿਆ ਸੀ ਪਰ ਚੋਣ ਪਿੜ ਵਿਚ ਉਹ ਬਾਦਲਾਂ ਲਈ ਸਹਾਈ ਹੀ ਹੋਏ। ਤਕਰੀਬਨ ਸਾਰੇ ਸਿਆਸੀ ਮਾਹਿਰ ਇਕਸੁਰ ਹਨ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਦਾ ਬੇੜਾ ਮਨਪ੍ਰੀਤ ਕਾਰਨ ਹੀ ਡੁੱਬਿਆ। ਉਂਜ ਚੋਣਾਂ ਦੇ ਨਤੀਜਿਆਂ ਤੱਕ ਇਸ ਬਾਰੇ ਨਾ ਤਾਂ ਕਾਂਗਰਸ ਅਤੇ ਨਾ ਹੀ ਮਨਪ੍ਰੀਤ ਨੂੰ ਕੋਈ ਖਬਰ-ਖਦਸ਼ਾ ਸੀ। ਖਾੜਕੂ ਸਿਆਸਤ ਨੂੰ ਤਾਂ ਜਾਪਦਾ ਹੈ, ਬਾਦਲ ਨੇ ਕਦੀ ਬਹੁਤਾ ਗੌਲਿਆ ਵੀ ਨਹੀਂ। ਸ਼ ਪ੍ਰਕਾਸ਼ ਸਿੰਘ ਬਾਦਲ ਦੀ ਗਿਣਤੀ-ਮਿਣਤੀ ਸਦਾ ਇਹੀ ਰਹੀ ਹੈ ਕਿ ਆਖਰਕਾਰ ਟਾਕਰੇ ਤਾਂ ਚੋਣ ਦੇ ਮੈਦਾਨ ਵਿਚ ਹੀ ਹੋਣੇ ਹਨ ਅਤੇ ਇਸ ਜੰਗ ਦਾ ਉਹ ਧੁਨੰਤਰ ਖਿਡਾਰੀ ਹੈ। ਖਾੜਕੂਵਾਦ ਵਾਲੇ ਦੌਰ ਵਿਚ ਉਹ ਉੱਕਾ ਹੀ ਖਾਮੋਸ਼ ਰਹੇ ਸਨ ਅਤੇ ਬਾਅਦ ਵਿਚ ਉਨ੍ਹਾਂ ਆਪਣੀ ਕੂਟਨੀਤੀ ਰਾਹੀਂ ਖਾੜਕੂਆਂ ਦੇ ਕਿਸੇ ਵੀ ਆਗੂ ਨੂੰ ਮੈਦਾਨ ਵਿਚ ਨੇੜੇ ਵੀ ਨਹੀਂ ਲੱਗਣ ਦਿੱਤਾ। ਹੁਣ ਤਾਂ ਬਹੁਤੇ ਲੀਡਰਾਂ ਨੂੰ ਆਪਣਾ ਦੁੱਖ ਫਰੋਲਣ ਲਈ ਵੀ ਕੋਈ ਨਹੀਂ ਲੱਭ ਰਿਹਾ।
ਸਿੱਖੀ ਵਿਚ ਮੀਰੀ-ਮੀਰੀ, ਭਾਵ ਧਰਮ ਅਤੇ ਸਿਆਸਤ ਦੇ ਸੁਮੇਲ ਨੂੰ ਬਹੁਤ ਅਹਿਮ ਅਤੇ ਜ਼ਰੂਰੀ ਤਸੱਵਰ ਕੀਤਾ ਗਿਆ ਹੈ। ਇਸ ਮੁਤਾਬਕ ਗੁਰਮੁਖ ਸਮਾਜ ਦੀ ਸਿਰਜਣਾ ਲਈ ਧਰਮ ਨੇ ਸਿਆਸਤ ਦੀ ਅਗਵਾਈ ਕਰਨੀ ਸੀ, ਪਰ ਜਦੋਂ ਪੰਜਾਬ ਵਿਚ ਧਰਮ ਅਤੇ ਸਿਆਸਤ ਵਾਲੇ ਇਸ ਸਿਧਾਂਤ ਦੀ ਸਭ ਤੋਂ ਵੱਡੀ ਮੱਦਾਹ ਧਿਰ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਸ਼ ਪ੍ਰਕਾਸ਼ ਸਿੰਘ ਬਾਦਲ ਦੇ ਹੱਥ ਆਈ ਤਾਂ ਉਨ੍ਹਾਂ ਇਸ ਸਿਧਾਂਤ ਨੂੰ ਉੱਕਾ ਹੀ ਉਲਟਾ ਦਿੱਤਾ। ਉਨ੍ਹਾਂ ਸਿਆਸੀ ਪਿੜ ਵਿਚ ਆਪਣਾ ਠੁੱਕ ਬੰਨ੍ਹਣ ਲਈ ਧਰਮ ਅਤੇ ਧਾਰਮਿਕ ਸੰਸਥਾਵਾਂ ਦੀ ਓਟ ਲਈ। ਇਸ ਸਮੇਂ ਦੌਰਾਨ ਜਥੇਦਾਰ ਟੌਹੜਾ ਵੀ ਬਰਾਬਰ ਉਨ੍ਹਾਂ ਦੇ ਨਾਲ ਚੱਲ ਰਹੇ ਸਨ, ਪਰ ਉਦੋਂ ਦੋਵੇਂ ਆਗੂਆਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਵਿਚ ਆਪੋ-ਆਪਣੇ ਮੋਰਚੇ ਮੱਲੇ ਹੋਏ ਸਨ। ਜਥੇਦਾਰ ਟੌਹੜਾ ਦੇ ਪ੍ਰਸ਼ੰਸਕ ਇੰਨਾ ਤਾਂ ਜ਼ਰੂਰ ਕਹਿੰਦੇ ਹਨ ਕਿ ਉਨ੍ਹਾਂ ਸੱਤਾ ਵਿਚ ਹੁੰਦਿਆਂ ਹੋਰ ਲੀਡਰਾਂ ਵਾਂਗ ਲੰਮੀ-ਚੌੜੀ ਜਾਇਦਾਦ ਨਹੀਂ ਬਣਾਈ, ਉਹ ਆਖਰੀ ਸਮੇਂ ਤੱਕ ਆਪਣੇ ਜੱਦੀ ਪਿੰਡ ਹੀ ਸਾਦਾ ਜੀਵਨ ਬਤੀਤ ਕਰਦੇ ਰਹੇ; ਇਹ ਗੱਲ ਬਿਨਾਂ ਸ਼ੱਕ ਹੈ ਵੀ ਵੱਡੀ, ਪਰ ਉਨ੍ਹਾਂ ਨੇ ਪੰਥ ਅਤੇ ਪੰਜਾਬ ਲਈ ਕੋਈ ਵੱਖਰੀ ਅਤੇ ਨਿਵੇਕਲੀ ਸਿਆਸਤ ਦਾ ਮੁੱਢ ਬੰਨ੍ਹਿਆ ਹੋਵੇ, ਅਜਿਹਾ ਸਵਾਲ ਅੱਜ ਵੀ ਸਵਾਲ ਹੀ ਹੈ। ਅਸਲ ਵਿਚ ਇਹੀ ਉਹ ਨੁਕਤਾ ਸੀ ਜਿਸ ਉਤੇ ਪਹਿਰਾ ਨਾ ਦੇਣ ਕਾਰਨ ਬਾਦਲਾਂ ਦੀ ਗਿਣਤੀ-ਮਿਣਤੀ ਵਾਲੀ ਸਿਆਸਤ ਦਾ ਹੱਥ ਉਪਰ ਹੁੰਦਾ ਗਿਆ। ਬਾਦਲਾਂ ਦੀ ਇਸ ਸਿਆਸਤ ਦਾ ਤੋੜ ਪੰਥ ਤੇ ਪੰਜਾਬ ਲਈ ਨਿੱਗਰ ਅਤੇ ਪੂਰੀ ਤਰ੍ਹਾਂ ਕਾਇਮ ਸਿਆਸਤ ਹੀ ਹੋ ਸਕਦੀ ਸੀ। ਅਜਿਹੀ ਸਿਆਸਤ ਬਾਝੋਂ ਹੀ ਹਰ ਪਿੜ ਵਿਚ ਹੋਰ ਆਗੂ ਪਛੜਦੇ ਪਛੜਦੇ ਪਛੜ ਗਏ। ਬਾਦਲ, ਸਿਆਸਤ ਵਿਚ ਪਹਿਲਾਂ ਹੀ ਕਿਸੇ ਦੇ ਪੈਰ ਨਹੀਂ ਸਨ ਲੱਗਣ ਦਿੰਦੇ, ਤੇ ਹੁਣ ਧਾਰਮਿਕ ਸੰਸਥਾਵਾਂ ਵਿਚ ਵੀ ਜੈ-ਜੈਕਾਰ ਹੋ ਗਈ ਹੈ। ਕੁਝ ਵਿਸ਼ਲੇਸ਼ਣਕਾਰਾਂ ਨੇ ਬਾਦਲਾਂ ਦੀ ਇਸ ਚੜ੍ਹਾਈ ਨੂੰ ਉਨ੍ਹਾਂ ਦੇ ਅੰਤ ਦੀ ਸ਼ੁਰੂਆਤ ਵੀ ਆਖਿਆ ਹੈ। ਇਹ ਠੀਕ ਵੀ ਹੈ; ਤਬਦੀਲੀ ਕੁਦਰਤ ਦਾ ਅਟੱਲ ਨੇਮ ਹੈ। ਇਸ ਮੁਤਾਬਕ ਹਰ ਖੇਤਰ ਵਿਚ ਤਬਦੀਲੀ ਹੋਣੀ ਹੀ ਹੋਣੀ ਹੈ, ਪਰ ਬਾਦਲਾਂ ਦੀ ਬੁਰਛਾਗਰਦ ਸਿਆਸਤ ਦਾ ਤੋੜ ਫਿਲਹਾਲ ਕਿਸੇ ਪਾਸੇ ਨਜ਼ਰੀਂ ਨਹੀਂ ਪੈ ਰਿਹਾ। ਕੱਲ੍ਹ ਨੂੰ ਸੰਭਵ ਹੈ ਕਿ ਇਸ ਸਿਆਸਤ ਨੂੰ ਮਾਤ ਦੇਣ ਲਈ ਕਿਸੇ ਨਿੱਗਰ ਲੀਡਰਸ਼ਿਪ ਦੀ ਕਾਂਗ ਚੜ੍ਹ ਆਵੇ!
Leave a Reply