ਅਮਰੀਕੀ ਮਹਾਂਬੰਬ ਅਤੇ ਸੀਰੀਆ ਦਾ ਸੰਕਟ

ਡਾ. ਮੋਹਨ ਸਿੰਘ
ਫੋਨ: +91-78883-27695
ਅਮਰੀਕਾ ਵੱਲੋਂ ਅਫ਼ਗਾਨਿਸਤਾਨ ‘ਚ ਮਹਾਂਬੰਬ ਦੇ ਧਰਤ ਕੰਬਾਊ ਧਮਾਕੇ ਨੇ ਜਾਪਾਨ ਦੇ ਹੀਰੋਸ਼ੀਮਾ ਅਤੇ ਨਾਗਾਸਾਕੀ ‘ਤੇ ਸੁੱਟੇ ਗਏ ਪਰਮਾਣੂ ਬੰਬਾਂ ਦੀ ਭਿਆਨਕਤਾ ਨਾਲ ਹੋਈ ਮਨੁੱਖੀ ਤਬਾਹੀ ਵਾਲੀ ਤ੍ਰਾਸਦੀ ਦੀ ਯਾਦ ਤਾਜ਼ਾ ਕਰਾ ਦਿੱਤੀ ਹੈ। ਇਸ ਮਹਾਂਬੰਬ ਨੂੰ ਗ਼ੈਰ-ਪਰਮਾਣੂ ਬੰਬਾਂ ਦੀ ਮਾਂ ਕਿਹਾ ਗਿਆ ਹੈ ਜਿਸ ਦੀ ਲੰਬਾਈ 10 ਮੀਟਰ, ਚੌੜਾਈ ਇਕ ਮੀਟਰ, ਵਜ਼ਨ 10,000 ਕਿਲੋ ਅਤੇ ਇਸ ਦੀ ਲਾਗਤ ਇਕ ਕਰੋੜ ਸੱਠ ਲੱਖ ਡਾਲਰ ਹੈ।

ਇਸ ਧਮਾਕੇ ਤੋਂ ਬਾਅਦ ਟਰੰਪ ਨੇ ਚਿਤਾਵਨੀ ਭਰੇ ਲਹਿਜੇ ‘ਚ ਕਿਹਾ ਹੈ ਕਿ ਇਸ ਦੀ ਆਵਾਜ਼ ਸੀਰੀਆ, ਉਤਰੀ ਕੋਰੀਆ, ਰੂਸ ਅਤੇ ਚੀਨ ਨੂੰ ਵੀ ਸੁਣਾਈ ਦੇਣੀ ਚਾਹੀਦੀ ਹੈ। ਉਸ ਨੇ ਇਹ ਵੀ ਕਿਹਾ ਕਿ ਇਹ ਚੋਣ ਦੁਨੀਆਂ ਨੇ ਕਰਨੀ ਹੈ ਕਿ ਉਹ ਅਮਰੀਕਾ ਨਾਲ ਹਨ ਜਾਂ ਸੀਰੀਆ ਦੇ ਰਾਸ਼ਟਰਪਤੀ ਬਸ਼ਰ ਅਲ-ਅਸਦ ਅਤੇ ਉਤਰੀ ਕੋਰੀਆ ਦੇ ਕਿਮ ਜੌਂਗ-ਉਨ ਨਾਲ ਹਨ। ਅਮਰੀਕਾ ਦੇ ਉਪ ਰਾਸ਼ਟਰਪਤੀ ਮਾਈਕ ਪੈਂਸ ਨੇ ਦੱਖਣੀ ਕੋਰੀਆ ਅਤੇ ਜਾਪਾਨ ਦੇ ਦੌਰੇ ਸਮੇਂ ਧਮਕੀ ਦਿਤੀ ਕਿ ਜੇ ਉਤਰੀ ਕੋਰੀਆ ਪਰਮਾਣੂ ਪ੍ਰੋਗਰਾਮ ਬੰਦ ਨਹੀਂ ਕਰਦਾ ਤਾਂ ਅਮਰੀਕਾ, ਉਤਰੀ ਕੋਰੀਆ ਨੂੰ ਸਬਕ ਸਿਖਾ ਸਕਦਾ ਹੈ। ਪੈਂਸ ਦੇ ਇਸ ਬਿਆਨ ‘ਤੇ ਰੂਸ ਨੇ ਪ੍ਰਤੀਕਰਮ ਕਰਦਿਆਂ ਕਿਹਾ ਹੈ ਕਿ ਅਮਰੀਕਾ ਨੂੰ ਕੌਮਾਂਤਰੀ ਕਾਨੂੰਨਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਅਤੇ ਜੇ ਅਮਰੀਕਾ ਨੇ ਉਤਰੀ ਕੋਰੀਆ ‘ਤੇ ਹਮਲਾ ਕੀਤਾ ਤਾਂ ਇਸ ਦੇ ਭਿਆਨਕ ਸਿੱਟੇ ਨਿਕਲਣਗੇ। ਇਸ ਤਰ੍ਹਾਂ ਸੰਸਾਰ ਦੇ ਸਿਆਸੀ ਅਤੇ ਆਰਥਿਕ ਸੰਕਟ ਨੇ ਸਾਮਰਾਜੀ ਦੇਸ਼ਾਂ ਦਾ ਆਪਸੀ ਟਕਰਾਅ ਹੋਰ ਤਿੱਖਾ ਕਰ ਦਿੱਤਾ ਹੈ।
ਹੁਣ ਪਿਛਲੇ ਢਾਈ ਦਹਾਕਿਆਂ ਤੋਂ ਸਾਮਰਾਜੀ ਖਹਿਬੜ ਦਾ ਅਖਾੜਾ ਮੱਧ-ਪੂਰਬ (ਪੱਛਮੀ ਏਸ਼ੀਆ) ਅਤੇ ਪੂਰਬੀ ਏਸ਼ੀਆ ਬਣਿਆ ਹੋਇਆ ਹੈ। 9/11 ਦੇ ਅਮਰੀਕਾ ‘ਤੇ ਹਮਲਿਆਂ ਤੋਂ ਬਾਅਦ ਅਮਰੀਕਾ ਨੇ ਉਸਾਮਾ ਬਿਨ-ਲਾਦਿਨ ਨੂੰ ਉਸ ਦੇ ਹਵਾਲੇ ਕਰਨ ਦਾ ਬਹਾਨਾ ਬਣਾ ਕੇ ਅਫ਼ਗਾਨਿਸਤਾਨ ‘ਤੇ ਹਮਲਾ ਕੀਤਾ ਅਤੇ ਫਿਰ ਸੱਦਾਮ ਹੁਸੈਨ ਕੋਲ ਮਨੁੱਖੀ ਤਬਾਹੀ ਵਾਲੇ ਹਥਿਆਰ ਹੋਣਾ ਕਹਿ ਕੇ ਇਰਾਕ ‘ਤੇ ਹਮਲਾ ਕੀਤਾ ਤੇ ਇਨ੍ਹਾਂ ਦੇਸ਼ਾਂ ਵਿਚ ਕਠਪੁਤਲੀ ਸਰਕਾਰਾਂ ਬਣਾ ਕੇ ਲੋਕਾਂ ਉਪਰ ਜਬਰ ਅਤੇ ਤਸ਼ੱਦਦ ਜਾਰੀ ਰੱਖਿਆ। ਜਦੋਂ 2010 ਵਿਚ ਉਤਰੀ ਅਫ਼ਰੀਕਾ ਅਤੇ ਮੱਧ ਪੂਰਬ ਦੇ ਤਾਨਾਸ਼ਾਹੀ ਨਿਜ਼ਾਮਾਂ ਰਾਜਾਂ ਦੇ ਜਬਰ, ਤਸ਼ੱਦਦ, ਲੁੱਟ ਅਤੇ ਬੇਰੁਜ਼ਗਾਰੀ ਵਿਰੁਧ ‘ਅਰਬ ਬਸੰਤ’ ਨਾਂ ਦੀਆਂ ਲੋਕ ਬਗ਼ਾਵਤਾਂ ਸ਼ੁਰੂ ਹੋਈਆਂ ਤਾਂ ਇਨ੍ਹਾਂ ਦੇਸ਼ਾਂ ਨੂੰ ਆਪਣੇ ਕਲਾਵੇ ਵਿਚ ਰੱਖਣ ਲਈ ਅਮਰੀਕਾ ਨੇ ਇਥੋਂ ਦੇ ਤਾਨਾਸ਼ਾਹਾਂ ਨੂੰ ਬਦਲ ਕੇ ਜਮਹੂਰੀਅਤ ਦੇ ਨਾਂ ‘ਤੇ ਆਪਣੇ ਮਤਹਿਤ ਨਵੇਂ ਤਾਨਾਸ਼ਾਹਾਂ ਨੂੰ ਗੱਦੀਆ ‘ਤੇ ਬਿਠਾ ਦਿਤਾ । ਇਸੇ ਕੜੀ ਵਜੋਂ ਸੀਰੀਆ ਦੇ ਤਾਨਾਸ਼ਾਹ ਬਸ਼ਰ ਅਲ-ਅਸਦ ਨੂੰ ਬਦਲਣ ਲਈ 2011 ‘ਚ ਨੌਜਵਾਨਾਂ ਨੇ ਬਗ਼ਾਵਤ ਸ਼ੁਰੂ ਕਰ ਦਿੱਤੀ।
ਸੀਰੀਆ ਦਾ ਰਾਸ਼ਟਰਪਤੀ ਪਹਿਲਾਂ ਤੋਂ ਹੀ ਰੂਸ ਨਾਲ ਖੜ੍ਹਦਾ ਸੀ। ਸੋਵੀਅਤ ਯੂਨੀਅਨ ਦੇ ਖਿੰਡਣ ਤੋਂ ਬਾਅਦ ਰੂਸ ਥੋੜ੍ਹੇ ਸਾਲਾਂ ਵਿਚ ਹੀ ਸੰਭਲ ਗਿਆ। ਅਮਰੀਕਾ ਦੇ ਮੁਕਾਬਲੇ ਦੀ ਫ਼ੌਜੀ ਸ਼ਕਤੀ ਹੋਣ ਕਰਕੇ ਉਸ ਨੇ ਮੱਧ-ਪੂਰਬ ਏਸ਼ੀਆ ਅਤੇ ਪੂਰਬੀ ਯੂਰਪ ਵਿਚ ਆਪਣੇ ਅਸਰ ਰਸੂਖ ਦਾ ਘੇਰਾ ਵਧਾਉਣਾ ਸ਼ੁਰੂ ਕਰ ਦਿਤਾ। ਫਿਰ ਇਸ ਨੇ ਯੂਕਰੇਨ ਤੋਂ ਆਕੀ ਖ਼ਿੱਤੇ ਕਰੀਮੀਆ ‘ਤੇ ਕਬਜ਼ਾ ਕਰ ਕੇ ਆਪਣਾ ਅਸਲੀ ਰੰਗ ਦਿਖਾਉਣਾ ਸ਼ੁਰੂ ਕਰ ਦਿਤਾ। ਜਦੋਂ ਅਮਰੀਕਾ ਅਤੇ ਨਾਟੋ ਦੇਸ਼ਾਂ ਨੇ ਰੂਸ ਦੀ ਘੇਰਾਬੰਦੀ ਸ਼ੁਰੂ ਕੀਤੀ ਤਾਂ ਰੂਸ ਨੇ ਵੀ ਮੋੜਵਾਂ ਪ੍ਰਤੀਕਰਮ ਸ਼ੁਰੂ ਕਰ ਦਿੱਤਾ। ਜਦੋਂ ਯੂਕਰੇਨ ਦੇ ਰਾਸ਼ਟਰਪਤੀ ਯਾਂਕੋਵਿਚ ਨੇ 2013 ਵਿਚ ਯੂਰਪੀ ਯੂਨੀਅਨ ਨਾਲ ਸਮਝੌਤੇ ਅਨੁਸਾਰ ਅਲਹਾਕ ਕਰਨ ਤੋਂ ਪੈਰ ਪਿਛਾਂਹ ਖਿੱਚਣੇ ਸ਼ੁਰੂ ਕਰ ਦਿਤੇ ਤਾਂ ਇਸ ਸਮਝੌਤੇ ਦੇ ਯੂਕਰੇਨ ਹਮਾਇਤੀਆਂ ਨੇ ਉਸ ਵਿਰੁਧ ਬਗ਼ਾਵਤ ਕਰ ਦਿਤੀ ਅਤੇ ਉਸ ਨੂੰ ਗੱਦੀ ਤੋਂ ਲਾਹੁਣ ਦਾ ਐਲਾਨ ਕਰ ਦਿੱਤਾ। ਇਸ ‘ਤੇ ਉਹ ਯੂਕਰੇਨ ਦੀ ਰਾਜਧਾਨੀ ਕੀਵ ਤੋਂ ਭੱਜ ਗਿਆ। ਉਧਰ, ਰੂਸ ਨੇ ਯੂਕਰੇਨ ਦੇ ਕਰੀਮੀਆਂ ਖ਼ੁਦਮੁਖਤਿਆਰ ਰੀਜਨ ‘ਤੇ ਕਰੀਮੀਆਈ ਲੋਕਾਂ ਦੀ ‘ਹਮਾਇਤ’ ਹਾਸਲ ਕਰ ਕੇ ਫ਼ੌਜੀ ਹਮਲੇ ਨਾਲ ਕਰੀਮੀਆ ਨੂੰ ਰੂਸ ਵਿਚ ਮਿਲਾ ਲਿਆ। ਇਸ ਤਰ੍ਹਾਂ ਯੂਕਰੇਨ ਇਕ ਪਾਸੇ ਰੂਸ ਅਤੇ ਦੂਜੇ ਪਾਸੇ ਯੂਰਪੀ ਯੂਨੀਅਨ ਹਮਾਇਤੀ ‘ਯੂਰੋਮੈਡਨ’ (ਜੋ ਯੂਰਪੀ ਯੂਨੀਅਨ ਵਿਚ ਸ਼ਾਮਿਲ ਹੋਣ ਦੇ ਪੱਖ ਵਿਚ ਸਨ) ਵਿਚ ਵੰਡਿਆ ਗਿਆ। ਰੂਸ ਦੀ ਯੂਕਰੇਨ ਵਿਚ ਫ਼ੌਜੀ ਦਖਲ਼ਅੰਦਾਜ਼ੀ ਦਾ ਵਿਰੋਧ ਕਰਦਿਆਂ ਅਮਰੀਕਾ ਅਤੇ ਯੂਰਪੀ ਯੂਨੀਅਨ ਤੇ ਕੁਝ ਹੋਰ ਦੇਸ਼ਾਂ ਨੇ ਰੂਸ ‘ਤੇ ਪਾਬੰਦੀਆਂ ਲਾ ਦਿਤੀਆਂ, ਪਰ ਇਨ੍ਹਾਂ ਪਾਬੰਦੀਆਂ ਦੇ ਬਾਵਜੂਦ ਰੂਸ ਨੇ ਸੀਰੀਆ ਦੇ ਰਾਸ਼ਟਰਪਤੀ ਦੀ ਹਮਾਇਤ ਜਾਰੀ ਰੱਖੀ।
ਇਕ ਪਾਸੇ ਅਮਰੀਕਾ ਭਾਵੇਂ ਇਸਲਾਮਿਕ ਸਟੇਟ ਦੇ ਵਿਰੁਧ ਹੈ, ਪਰ ਉਹ ਹਰ ਹਾਲਤ ‘ਚ ਬਸ਼ਰ ਅਲ-ਅਸਦ ਨੂੰ ਹਟਾਉਣਾ ਚਾਹੁੰਦਾ ਹੈ। ਦੂਜੇ ਪਾਸੇ ਰੂਸ ਹਰ ਹਾਲਤ ਵਿਚ ਉਸ ਨੂੰ ਰੱਖਣਾ ਚਾਹੁੰਦਾ ਹੈ। ਇਕ ਪਾਸੇ ਇਸਲਾਮਿਕ ਸਟੇਟ, ਅਲ-ਕਾਇਦਾ ਅਤੇ ਹੋਰ ਗਰੁੱਪਾਂ ਵੱਲੋਂ ਬਸ਼ਰ ਅਲ-ਅਸਦ ਨੂੰ ਗੱਦੀਓਂ ਲਾਹੁਣ ਦੀ ਲੜਾਈ ਚੱਲ ਰਹੀ ਹੈ; ਦੂਜੇ ਪਾਸੇ ਰੂਸ ਬਸ਼ਰ ਅਲ-ਅਸਦ ਦੀ ਫ਼ੌਜੀ ਹਥਿਆਰਾਂ, ਹਵਾਈ ਸੈਨਾ ਅਤੇ ਮਿਜ਼ਾਈਲਾਂ ਰਾਹੀਂ ਸਿੱਧੀ ਮਦਦ ਕਰ ਰਿਹਾ ਹੈ। ਇਸ ਕਰ ਕੇ ਸੀਰੀਆ ਅੰਦਰ ਖੂੰਖਾਰ ਘਰੇਲ਼ੂ ਜੰਗ ਸੱਤ ਸਾਲ ਤੋਂ ਚੱਲ ਰਹੀ ਹੈ। ਇਹ ਹੁਣ ਅਮਰੀਕਾ ਅਤੇ ਰੂਸ ਦੇ ਭੇੜ ਕਾਰਨ ਹੋਰ ਉਲਝ ਗਈ ਹੈ।
ਪਿਛਲੇ ਸੱਤ ਸਾਲਾਂ ਦੌਰਾਨ ਇਸ ਜੰਗ ‘ਚ 4 ਲੱਖ 70 ਹਜ਼ਾਰ ਲੋਕ ਸਿਹਤ ਸਹੂਲਤਾਂ, ਭੋਜਨ ਅਤੇ ਪਾਣੀ ਦੀ ਘਾਟ ਕਾਰਨ ਮਾਰੇ ਗਏ ਹਨ। ਇਕ ਲੱਖ ਲੋਕ ਲਾਪਤਾ ਹਨ। 254æ7 ਅਰਬ ਡਾਲਰ ਦਾ ਆਰਥਿਕ ਨੁਕਸਾਨ ਅਤੇ ਬਹੁਤ ਵੱਡੀ ਪੱਧਰ ‘ਤੇ ਬੇਰੁਜ਼ਗਾਰੀ ਪੈਦਾ ਹੋ ਗਈ ਹੈ। ਸੀਰੀਆ ‘ਚ ਪ੍ਰਤੀ ਵਿਅਕਤੀ ਔਸਤ ਉਮਰ 2010 ‘ਚ 70æ5 ਸਾਲ ਸੀ ਜੋ 2015 ‘ਚ ਘਟ ਕੇ 55æ4 ਰਹਿ ਗਈ ਹੈ। ਜੰਗ ਤੋਂ ਪਹਿਲਾਂ ਸੀਰੀਆ ਦੀ ਵਸੋਂ 2 ਕਰੋੜ 28 ਲੱਖ ਸੀ। ਇਸ ‘ਚੋਂ ਇਕ ਕਰੋੜ 40 ਲੱਖ ਲੋਕ ਉਜੜ ਗਏ ਅਤੇ ਵੱਡੀ ਪੱਧਰ ‘ਤੇ ਸ਼ਰਨਾਰਥੀ ਬਣ ਗਏ ਹਨ। ਸੀਰੀਆਈ ਲੋਕਾਂ ‘ਤੇ ਜ਼ਹਿਰੀਲੀ ਗੈਸ ਦੇ ਬੇਰਹਿਮ ਹਮਲੇ ਕੀਤੇ ਜਾ ਰਹੇ ਹਨ, ਜਿਸ ਨਾਲ ਬੁੱਢੇ, ਨੌਜਵਾਨ ਅਤੇ ਮਾਸੂਮ ਬੱਚੇ ਤੜਫ਼-ਤੜਫ਼ ਕੇ ਹੌਲਨਾਕ ਹਾਲਤ ‘ਚ ਮਰ ਰਹੇ ਹਨ। ਉਧਰ, ਇਸ ਰਸਾਇਣਕ ਹਮਲੇ ਦਾ ਬਹਾਨਾ ਬਣਾ ਕੇ ਅਮਰੀਕਾ ਨੇ 59 ਟੌਮਹਾਅਕ ਮਿਜ਼ਾਈਲਾਂ ਨਾਲ ਸੀਰੀਆ ਦੇ ਫ਼ੌਜੀ ਟਿਕਾਣਿਆਂ ‘ਤੇ ਹਵਾਈ ਹਮਲੇ ਕਰ ਦਿੱਤੇ ਜਿਸ ਨਾਲ 94 ਤੋਂ ਵੱਧ ਵਿਅਕਤੀ ਮਾਰੇ ਗਏ ਹਨ। ਪਿਛਲੇ ਸੱਤ ਸਾਲਾਂ ਤੋਂ ਸੀਰੀਆ ਅੰਦਰ ਜਿਸ ਤਰ੍ਹਾਂ ਮਨੁੱਖੀ ਅਧਿਕਾਰਾਂ ਦਾ ਘਾਣ ਅਤੇ ਕਤਲੇਆਮ ਹੋ ਰਿਹਾ ਹੈ, ਇਸ ਨੂੰ 21ਵੀਂ ਸਦੀ ਦੀ ਮਾਨਵਤਾ ਦੀ ਸਭ ਤੋਂ ਭਿਆਨਕ ਤ੍ਰਾਸਦੀ ਕਿਹਾ ਜਾਂਦਾ ਹੈ। ਇਸ ਤ੍ਰਾਸਦੀ ਦਾ ਜ਼ਿੰਮੇਵਾਰ ਮੌਜੂਦਾ ਪੂੰਜੀਵਾਦੀ ਪ੍ਰਬੰਧ ਹੀ ਹੈ।
ਪੂਰਬੀ ਏਸ਼ੀਆ ‘ਚ ਚੀਨ ਨੂੰ ਘੇਰਨ ਅਤੇ ਆਪਣੀ ਸਲਤਨਤ ਦੇ ਵਿਸਤਾਰ ਲਈ ਅਮਰੀਕਾ ਨੇ ਜਾਪਾਨ ਅਤੇ ਪੂਰਬੀ ਏਸ਼ਿਆਈ ਦੇਸ਼ਾਂ ‘ਚ ਫ਼ੌਜੀ ਅੱਡੇ ਸਥਾਪਿਤ ਕੀਤੇ ਹੋਏ ਹਨ। ਹੁਣ ਡੋਨਲਡ ਟਰੰਪ ਵੱਲੋਂ ਅਮਰੀਕਾ ਦੇ ਰਾਸ਼ਟਰਪਤੀ ਦਾ ਅਹੁਦਾ ਸੰਭਾਲਦੇ ਸਾਰ ਹੀ ਚੀਨ ‘ਤੇ ਦਬਾਅ ਪਾਉਣ ਲਈ ਤਾਇਵਾਨ ਨਾਲ ਸਬੰਧ ਬਣਾਏ ਗਏ ਹਨ ਅਤੇ ਤਾਇਵਾਨ ਦੀ ਚੇਅਰਪਰਸਨ ਸਾਈ ਇੰਗ-ਵੇਨ ਨਾਲ ਮਿਲਣੀ ਕਰਕੇ ਅਮਰੀਕਾ ਦੀ ਚੀਨ ਬਾਰੇ ‘ਇਕ ਚੀਨ ਨੀਤੀ’ ਦੀ ਜਾਣ-ਬੁਝ ਕੇ ਉਲੰਘਣਾ ਕੀਤੀ ਹੈ। ਚੀਨ ਦੇ ਉਤਰੀ ਕੋਰੀਆ ਨਾਲ ਨੇੜਲੇ ਸਬੰਧ ਹੋਣ ਕਰ ਕੇ ਅਮਰੀਕਾ ਚੀਨ ਉਪਰ ਉਤਰੀ ਕੋਰੀਆ ਦੇ ਪਰਮਾਣੂ ਪ੍ਰੋਗਰਾਮ ਨੂੰ ਰੋਕਣ ਲਈ ਦਬਾਅ ਪਾ ਰਿਹਾ ਹੈ। ਚੀਨ ਦੇ ਅਮਰੀਕਾ ਨਾਲ ਵਪਾਰ ਵਾਧੂ ਹੋਣ; ਦੱਖਣੀ ਚੀਨ ਸਾਗਰ ‘ਤੇ ਚੀਨ ਵੱਲੋਂ ਅਧਿਕਾਰ ਜਤਾਉਣ, ਚੀਨ ਵੱਲੋਂ ਵਿਸ਼ਵ ਬੈਂਕ ਦੇ ਮੁਕਾਬਲੇ ਏਸ਼ੀਆ ਵਿਕਾਸ ਬੈਂਕ ਬਣਾਉਣ; ਏਸ਼ੀਆ, ਅਫ਼ਰੀਕਾ ਅਤੇ ਯੂਰਪ ਤਕ ਸਿਲਕ ਰੋਡ ਬਣਾਉਣ ਅਤੇ ਚੀਨ ਤੋਂ ਲੰਡਨ ਤਕ ਮਾਲ ਰੇਲ ਗੱਡੀ ਦਾ ਵਿਸਤਾਰ ਕਰਨ ਨੂੰ ਅਮਰੀਕਾ ਆਪਣੇ ਹਿਤਾਂ ਉਪਰ ਸੱਟ ਸਮਝਦਾ ਹੈ। ਚੀਨ ਦੇ ਉਭਾਰ ਅਤੇ ਉਤਰੀ ਕੋਰੀਆ ਦੇ ਪਰਮਾਣੂ ਪ੍ਰੋਗਰਾਮ ਨੇ ਪੂਰਬੀ ਏਸ਼ੀਆ ‘ਚ ਅਮਰੀਕਾ ਵੱਲੋਂ ਜਾਪਾਨ, ਦੱਖਣੀ ਕੋਰੀਆ ਅਤੇ ਪੂਰਬੀ ਏਸ਼ੀਆਈ ਦੇਸ਼ਾਂ ਨੂੰ ਮੁਹੱਈਆ ਕੀਤੀ ਸੁਰੱਖਿਆ ਛੱਤਰੀ ਲਈ ਖ਼ਤਰਾ ਖੜ੍ਹਾ ਕਰ ਦਿਤਾ ਹੈ। ਦੂਜੀ ਸੰਸਾਰ ਜੰਗ ਤੋਂ ਬਾਅਦ ਅਮਰੀਕਾ ਨੇ ਸਾਰੀ ਦੁਨੀਆਂ ‘ਚ ਆਪਣੀ ਸਲਤਨਤ ਦਾ ਵਿਸਤਾਰ ਕਰਨ ਲਈ ਕੋਈ ਕੋਨਾ ਨਹੀਂ ਛੱਡਿਆ ਸੀ, ਪਰ ਹੁਣ ਅਮਰੀਕਾ ‘ਚ ਆਰਥਿਕ ਸੰਕਟ ਹੋਣ ਨਾਲ ਇਸ ਨੂੰ ਵੱਡੀਆਂ ਆਰਥਿਕ ਸਮੱਸਿਆਵਾਂ ਦਰਪੇਸ਼ ਹਨ।
ਦੂਜੇ ਪਾਸੇ ਰੂਸ ਵੀ ਅਮਰੀਕਾ ਨੂੰ ਫ਼ੌਜੀ ਚੁਣੌਤੀ ਦੇਣ ਲੱਗ ਪਿਆ। ਚੀਨ ਆਰਥਿਕ ਅਤੇ ਫ਼ੌਜੀ ਤੌਰ ‘ਤੇ ਉਭਰ ਰਹੀ ਨਵੀਂ ਸ਼ਕਤੀ ਬਣ ਗਿਆ ਹੈ। ਇਸ ਕਰ ਕੇ ਅਮਰੀਕਾ ਲਈ ਦੂਜੀ ਜੰਗ ਤੋਂ ਬਾਅਦ ਆਪਣੀ ਸਾਮਰਾਜੀ ਸਲਤਨਤ ਦੇ ਕੀਤੇ ਵਿਸਤਾਰ ਨੂੰ ਕਾਇਮ ਰੱਖਣਾ ਮੁਸ਼ਕਿਲ ਹੋ ਰਿਹਾ ਹੈ। ਇਸੇ ਕਰ ਕੇ ਟਰੰਪ ਨੂੰ ਖ਼ਰਚ ਪੱਖੋਂ ‘ਨਾਟੋ’ ਵੇਲਾ ਵਿਹਾਅ ਚੁੱਕੀ ਲੱਗਦੀ ਹੈ ਅਤੇ ਪਰ ਦੁਨੀਆਂ ‘ਤੇ ਚੌਧਰ ਜਮਾਉਣ ਲਈ ਅਜੇ ਵੀ ਸਾਰਥਿਕ ਲੱਗਦੀ ਹੈ। ਇਸਲਾਮਿਕ ਸਟੇਟ ਦੀ ਚੁਣੌਤੀ ਨੂੰ ਨਜਿਠਣ ਲਈ ਰੂਸ ਨਾਲ ਹੱਥ ਮਿਲਾਉਣਾ ਠੀਕ ਲੱਗਦਾ ਹੈ, ਪਰ ਸੰਸਾਰ ਉਪਰ ਚੌਧਰ ਜਮਾਉਣ ਪੱਖੋਂ ਉਹੀ ਰੂਸ ਉਸ ਨੂੰ ਚੁਣੌਤੀ ਲੱਗਦਾ ਹੈ। ਯੂæਐਨæਓæ ਆਪਣੇ ਪ੍ਰਭਾਵੀ ਰੋਲ ਅਤੇ ਸ਼ਾਂਤੀ ਸੈਨਾ ਖ਼ਰਚੇ ਪੱਖੋਂ ਫਜ਼ੂਲ ਲੱਗਦੀ ਹੈ, ਪਰ ਹੋਰਨਾਂ ਦੇਸ਼ਾਂ ਉਪਰ ਦਾਬਾ ਰੱਖਣ ਲਈ ਪ੍ਰਸੰਗਕ ਲੱਗਦੀ ਹੈ। ਇਸੇ ਤਰ੍ਹਾਂ ਚੀਨ ਨੂੰ ਕਰੰਸੀ ਮੈਨੂਪੁਲੇਟਰ ਐਲਾਨਣ, ਮੈਕਸੀਕੋ ਦੀ ਸਰਹੱਦ ‘ਤੇ ਕੰਧ ਕਰਾਉਣ, ਵਿਸ਼ਵ ਵਪਾਰ ਸੰਸਥਾ, ਐਪਕ, ਪੈਰਿਸ ਵਾਤਾਵਰਨ ਸਮਝੌਤਾ ਅਤੇ ਹੋਰ ਕੌਮਾਂਤਰੀ ਸੰਸਥਾਵਾਂ ਬਾਰੇ ਵੱਖ ਵੱਖ ਪੁਜ਼ੀਸ਼ਨਾਂ ਲੈਂਦਾ ਟਰੰਪ ਧੋਬੀ ਪੱਟੜੇ ਲਾ ਰਿਹਾ ਹੈ, ਪਰ ਚੋਣਾਂ ਤੋਂ ਪਹਿਲਾਂ ਉਸ ਨੇ ਲੋਕਾਂ ਨਾਲ ਵੱਡੇ ਲੋਕ ਲਭਾਊੂ ਵਾਅਦੇ ਕੀਤੇ ਸਨ। ਆਪਣੇ ਇਸੇ ਅਕਸ ਨੂੰ ਬਰਕਰਾਰ ਰੱਖਣ ਲਈ ਹੁਣ ਉਸ ਨੇ ਅਫ਼ਗਾਨਿਸਤਾਨ ਵਿਚ ਬਿਨਾਂ ਵਜ੍ਹਾ ਮਹਾਂਬੰਬ ਦੇ ਧਮਾਕੇ ਕਰਾਏ ਹਨ ਅਤੇ ਸੀਰੀਆ ‘ਚ ਮਿਜ਼ਾਈਲਾਂ ਦਾਗ਼ੀਆਂ ਹਨ। ਉਸ ਦਾ ਉਤਰੀ ਕੋਰੀਆ ਨੂੰ ਹਮਲੇ ਕਰਨ ਦੀਆਂ ਧਮਕੀਆਂ ਦੇਣ ਪਿੱਛੇ ਅਸਲ ਨਿਸ਼ਾਨਾ ਚੀਨ ਹੈ। ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਇਕ ਪਾਸੇ ਮੱਧ-ਪੂਰਬ ‘ਚ ਅਮਰੀਕਾ ਤੇ ਰੂਸ ਅਤੇ ਦੂਜੇ ਪਾਸੇ ਪੂਰਬੀ ਏਸ਼ੀਆ ‘ਚ ਅਮਰੀਕਾ ਤੇ ਚੀਨ ਦਾ ਟਕਰਾਅ ਵਧ ਰਿਹਾ ਹੈ। ਵਧ ਰਿਹਾ ਇਹ ਟਕਰਾਅ ਸੰਸਾਰ ਅਮਨ ਲਈ ਗੰਭੀਰ ਚੁਣੌਤੀ ਬਣ ਗਿਆ ਹੈ।