ਡਾæ ਗੁਰਬਖਸ਼ ਸਿੰਘ ਭੰਡਾਲ ਆਪਣੀ ਨਿਵੇਕਲੀ ਸ਼ੈਲੀ ਵਿਚ ਜੀਵਨ ਦੀਆਂ ਪਰਤਾਂ ਫਰੋਲਦੇ ਜ਼ਿੰਦਗੀ ਦੇ ਨਾਦ ਦੀ ਤਲਾਸ਼ ਵਿਚ ਰਹਿੰਦੇ ਹਨ। ਪਿਛਲੇ ਇਕ ਅਰਸੇ ਤੋਂ ਪੰਜਾਬ ਟਾਈਮਜ਼ ਦੇ ਪਾਠਕ ਉਨ੍ਹਾਂ ਦੀਆਂ ਲਿਖਤਾਂ ਪੜ੍ਹਦੇ ਆ ਰਹੇ ਹਨ ਅਤੇ ਉਨ੍ਹਾਂ ਦੀ ਨਿਵੇਕਲੀ ਸ਼ੈਲੀ ਦੇ ਸ਼ੁਦਾਈ ਵੀ ਹੋਏ ਹਨ। ਡਾæ ਭੰਡਾਲ ਇਸ ਕਾਲਮ ਹੇਠ ਘਰ ਦੀਆਂ ਨਿਆਮਤਾਂ ਦੀ ਵਾਰਤਾ ਸੁਣਾ ਚੁਕੇ ਹਨ ਕਿ ਘਰ ਦਾ ਕੇਂਦਰ ਮਾਂ ਹੁੰਦੀ ਹੈ, ਬੁਢਾਪਾ ਉਹ ਅਵਸਥਾ ਏ ਜਦੋਂ ਜ਼ਿੰਦਗੀ, ਸਰੀਰਕ ਸਮਰੱਥਾ ਤੋਂ ਆਤਮਿਕ ਸੰਤੁਸ਼ਟੀ ਅਤੇ ਸਕੂਨ ਦੇ ਸਫਰ ਦੀ ਹਮਰਾਜ਼ ਬਣਦੀ ਏ। ਧੀਆਂ ਨੂੰ ਬੋਝ ਸਮਝਣ ਵਾਲਿਆਂ ਨੂੰ ਡਾæ ਭੰਡਾਲ ਨੇ ਸਵਾਲ ਕੀਤਾ ਸੀ ਕਿ
ਜੇ ਧੀਆਂ ਨਾ ਹੁੰਦੀਆਂ ਤਾਂ ਕੀ ਮਨੁੱਖ ਦੀ ਹੋਂਦ ਸੰਭਵ ਹੁੰਦੀ? ਡਾæ ਭੰਡਾਲ ਨੇ ਦੱਸਿਆ ਸੀ ਕਿ ਆਸ ਵਿਹੂਣੇ ਮਨੁੱਖ, ਤਿੜਕੀ ਜ਼ਿੰਦਗੀ ਦੇ ਮਨਹੂਸ ਖੰਡਰਾਤ ਹੁੰਦੇ ਨੇ, ਜਿਨ੍ਹਾਂ ਲਈ ਜੀਵਨ, ਸੁੱਕਣੇ ਪਏ ਸਾਹਾਂ ਦੀ ਹਟਕੋਰੇ ਭਰਦੀ ਲੋਅ ਹੁੰਦਾ ਏ। ਪਿਛਲੇ ਲੇਖ ਵਿਚ ਮਿੱਤਰਤਾ ਦੀ ਗੱਲ ਕਰਦਿਆਂ ਉਨ੍ਹਾਂ ਦੱਸਿਆ ਸੀ ਕਿ ਮਿੱਤਰਤਾ ‘ਚ ਮੋੜ-ਮੁੜਾਈ ਨਹੀਂ ਹੁੰਦੀ ਅਤੇ ਨਾ ਹੀ ਬਾਣੀਏ ਦੇ ਵਹੀ-ਖਾਤੇ ਵਾਂਗੂੰ ਜੋੜ-ਘਟਾਉ ਵਰਗੀਆਂ ਮਾਨਸਿਕ ਗੁੰਝਲਾਂ ‘ਚੋਂ ਗੁਜਰਨ ਦੀ ਲੋੜ ਹੁੰਦੀ ਏ। ਹਥਲੇ ਲੇਖ ਵਿਚ ਉਨ੍ਹਾਂ ਮੋਹ-ਪਿਆਰ ਦੀ ਗੱਲ ਕਰਦਿਆਂ ਕਿਹਾ ਹੈ ਕਿ ਮੁਹੱਬਤ ਅਮੁੱਲ ਏ, ਇਹ ਤਾਂ ਦਿਲਾਂ ਦਾ ਸੌਦਾ ਏ, ਜੋ ਨਫੇ/ਨੁਕਸਾਨ ਦੀ ਤੱਕੜੀ ‘ਚ ਨਹੀਂ ਤੁੱਲਦਾ। -ਸੰਪਾਦਕ
ਡਾæ ਗੁਰਬਖਸ਼ ਸਿੰਘ ਭੰਡਾਲ
ਵਿਆਹ ‘ਚ ਵਿਆਹ ਬਣਿਆ ਵਿਹੜਾ। ਹਰ ਕੋਈ ਚਾਅ ‘ਚ ਫੁੱਲਿਆ ਨਾ ਸਮਾਉਂਦਾ। ਰੌਣਕਾਂ ਤੇ ਖੁਸ਼ੀਆਂ ਦਾ ਪਾਸਾਰਾ। ਸੰਧੂਰੀ ਰੰਗ ‘ਚ ਰੰਗੀ ਹਰ ਸੋਚ ਤੇ ਕਦਮ। ਸ਼ਗਨਾਂ ਨਾਲ ਬਰਾਤ ਤੋਰਨ ਦੀ ਤਿਆਰੀ ‘ਚ ਰੁਝਿਆ ਹਰ ਮੇਲੀ। ਵਿਆਹ ‘ਚ ਮੌਲ ਰਹੇ ਸ਼ਗਨਾਂ ਦੇ ਗੀਤ ਅਤੇ ਵਾਗ ਫੜਨ ਲਈ ਤਿਆਰ ਮੂੰਹ-ਬੋਲੀਆਂ ਭੈਣਾਂ। ਸੁਰਮਾ ਪਾਉਣ ਵਾਲੀਆਂ ਗਵਾਂਢਣ ਭਰਜਾਈਆਂ ਦਾ ਮੋਹ ਠਾਠਾਂ ਮਾਰਦਾ। ਮਾਂ, ਬਾਪ, ਭੈਣ, ਭਰਾ ਵਿਹੂਣੇ ਵਿਆਹੁੰਦੜ ਦਾ ਹਰ ਕੋਈ ਆਪਣਾ ਬਣ, ਉਸ ਦੀਆਂ ਖੁਸ਼ੀਆਂ ਨੂੰ ਦੂਣ-ਸਵਾਈਆਂ ਕਰਨ ਲਈ ਯਤਨਸ਼ੀਲ। ਪਰ ਇਸ ਖੁਸ਼ੀ ਦੇ ਮੌਕੇ, ਉਸ ਦੇ ਮਨ ਦੀ ਨੁੱਕਰੇ, ਇਕ ਚੀਸ, ਇਕ ਖਲਾਅ ਤੇ ਅਪੂਰਨਤਾ ਦਾ ਅਹਿਸਾਸ ਹਾਵੀ। ਬਰਾਤ ਤੁਰਨ ਤੋਂ ਪਹਿਲਾਂ, ਆਪਣੇ ਸਾਹਾਂ ਵਰਗੇ ਮਿੱਤਰ ਨੂੰ ਗਹਿਣਿਆਂ ਤੇ ਪੈਸਿਆਂ ਦੀ ਪੋਟਲੀ ਫੜਾਉਂਦਾ ਫਿਸ ਹੀ ਪਿਆ, “ਲੈ ਸਾਂਭ ਸਭ ਕੁਝ ਤੇ ਨਿਭਾ ਮੇਰੇ ਮਾਂ, ਪਿਉ, ਭੈਣ ਤੇ ਭਰਾ ਦੇ ਫਰਜ਼ ਤੇ ਜ਼ਿੰਮੇਵਾਰੀਆਂ।” ਮੁਹੱਬਤ ਦਾ ਸੂਰਜੀ ਸਿਖਰ। ਅਪਣੱਤ ਦੇ ਮੁਖੜੇ ਨੂੰ ਨਵੇਂ ਨਿਖਾਰ ਦਾ ਮਾਣ। ਮੋਹ ਦੇ ਦਰਿਆ ਦੀ ਕੰਢਿਆਂ ਨੂੰ ਤੋੜਨ ਤੀਕ ਦੀ ਨੌਬਤ। ਨਿਰਛੱਲ ਮੁਹੱਬਤ ਦੇ ਨਾਵੇਂ, ਆਖਰੀ ਸਾਹ ਤੀਕ ਤੋੜ ਨਿਭਾਉਣ ਦਾ ਪੈਗਾਮ। ਉਮਰੋਂ ਵਡੇਰੀਆਂ ਸਾਂਝਾਂ ਦਾ ਸ਼ੁਭ-ਸ਼ਗਨ।
ਪਿਆਰ, ਬਹੁ-ਰੰਗੀ ਜਲੌਅ। ਸਰਬ ਵਿਆਪਕ ਵਰਤਾਰਾ। ਅਸੀਮ ਪਾਸਾਰਾ ਅਤੇ ਇਸ ਪਾਸਾਰੇ ਦੇ ਨਾਵੇਂ ਜਿਊਂਦੇ ਜਾਗਦੇ ਅਹਿਸਾਸਾਂ ਦਾ ਚੌਤਰਫੀ ਖਿਲਾਰਾ।
ਮੁਹੱਬਤ ਪ੍ਰਾਪਤੀ ਹੈ ਤੁਹਾਡੀ ਸੰਵੇਦਨਾ ਦੀ, ਤੁਹਾਡੀ ਸੋਚ ਦੀ ਅਤੇ ਤੁਹਾਡੇ ਸੁਪਨਿਆਂ ਦੇ ਸੁਪਨੇ ਵਿਚਲੀ ਸੰਪੂਰਨਤਾ ਦੀ।
ਮੁਹੱਬਤ ਦੇ ਕਈ ਰੰਗ। ਹਰ ਰੰਗ ਦੀ ਆਪਣੀ ਅੱਡਰੀ ਪਰਿਭਾਸ਼ਾ, ਆਪਣੀ ਪਛਾਣ ਅਤੇ ਇਸ ਪਛਾਣ ‘ਚੋਂ ਹੀ ਸਿਰਜ ਹੁੰਦਾ, ਨਿਵੇਕਲੇ ਅਰਥਾਂ ਨਾਲ ਭਰਪੂਰ ਜਹਾਨ।
ਬਹੁਰੂਪਾਂ ‘ਚ ਪਿਆਰ, ਸਾਡੇ ਸਮਾਜ ਦਾ ਅਨਿੱਖੜਵਾਂ ਅੰਗ ਏ। ਮੀਆਂ-ਬੀਵੀ, ਭੈਣ-ਭਰਾ, ਪਿਉ-ਪੁੱਤਰ, ਮਾਂ-ਧੀ, ਗੁਰੂ-ਸ਼ਾਗਿਰਦ ਆਦਿ ਰੂਪਾਂ ‘ਚ ਪਿਆਰ ਦੀ ਆਪਣੀ ਧਰਾਤਲ। ਆਪਣੀ ਤਾਸੀਰ ਅਤੇ ਇਸ ਤਾਸੀਰ ‘ਚੋਂ ਉਘੜਦੀ ਏ ਆਪਣੇ-ਆਪਣੇ ਰੰਗਾਂ ਵਾਲੀ ਤਸਵੀਰ। ਇਕ ਪਿਆਰ ਦੂਸਰੇ ਦੀ ਥਾਂ ਨਹੀਂ ਲੈ ਸਕਦਾ। ਹਰ ਪਿਆਰ ਦਾ ਆਪੋ-ਆਪਣਾ ਨਿਵੇਕਲਾ ਮਾਪ-ਦੰਡ।
ਪਿਆਰ, ਜੀਵਨ ਦੇ ਅਰੰਭ ਤੋਂ ਅੰਤ ਤੀਕ ਫੈਲਿਆ ਕੋਮਲ ਅਹਿਸਾਸ। ਭਾਵਨਾਵਾਂ ਦੇ ਸਾਗਰ ‘ਚ ਉਠਦੀਆਂ ਲਹਿਰਾਂ। ਸੂਖਮ ਸੋਚ ਦੀਆਂ ਤੰਦਾਂ ਦਾ ਮੋਹ-ਜਾਲ। ਜਿਉਣ-ਜਾਚ ਦਾ ਸੁਰਮਈ ਖਿਆਲ।
ਮੁਹੱਬਤ ਜਦ ਵਣਜ ਬਣ ਜਾਵੇ ਤਾਂ ਰਿਸ਼ਤਾ ਨਫਾ-ਨੁਕਸਾਨ ਬਣ ਜਾਂਦਾ ਏ। ਸਕੂਨ ਸਜ਼ਾ ਬਣ ਜਾਂਦਾ ਏ। ਅੰਤਰੀਵੀ ਪਲਾਂ ਦੀ ਸਾਂਝ ਦਮ ਤੋੜ ਦਿੰਦੀ ਏ। ਸਾਹ, ਸੰਤਾਪੇ ਜਾਂਦੇ ਨੇ।
ਪਿਆਰ, ਪਾਕੀਜ਼ਗੀ ਅਤੇ ਕਾਮਿਲ ਹੈ। ਅਗਰਬੱਤੀ ਦੇ ਧੂੰਏਂ ‘ਚ ਇਸ ਦਾ ਸਾਹ ਘੁੱਟਦਾ ਏ। ਰਸਮਾਂ ਤੇ ਕਰਮ-ਕਾਂਡ ਨਾਲ ਇਸ ਦੀ ਰੂਹ ‘ਚ ਪਿਲੱਤਣ ਛਾ ਜਾਂਦੀ ਹੈ। ਪਿਆਰ ਤਾਂ ਮਨ ‘ਚ ਪਾਲਿਆ ਅਹਿਸਾਸ ਹੈ। ਮਾਨਸਿਕ ਤਰੰਗਾਂ ਦਾ ਆਪਸ ਵਿਚ ਸਮਾ ਜਾਣਾ ਅਤੇ ਆਪਸੀ ਪਛਾਣ ਨੂੰ ਇਕ ਦੂਜੇ ਦੇ ਨਾਮ ਲਾਉਣਾ। ਪਿਆਰ, ਤੁਹਾਡੀ ਜੀਵਨ-ਸ਼ੈਲੀ ਦਾ ਅੰਦਰਲਾ ਸਰੂਪ ਸਿਰਜਦਾ ਹੈ।
ਮੁਹੱਬਤ ‘ਚ ਪੈਦਾ ਹੋਈਆਂ ਗਲਤਫਹਿਮੀਆਂ, ਗਲਤ ਧਾਰਨਾਵਾਂ ਪੈਦਾ ਕਰਦੀਆਂ ਨੇ। ਨਵੀਆਂ ਪੇਚੀਦਗੀਆਂ, ਰਾਹਾਂ ਨੂੰ ਕੰਡਿਆਲੇ ਪੰਧ ਦਾ ਸਰਾਪ ਦਿੰਦੀਆਂ ਨੇ। ਮਨ ਦੇ ਧੁੰਧਲਕੇ ਤੋਂ ਬਚਣ ਵਾਲੇ, ਸ਼ਫਾਫ ਸੋਚ ਦੇ ਨਾਵੇਂ ਸਾਫਗੋਈ ਕਰਦੇ ਨੇ। ਅਣਜਾਣੇ ‘ਚ ਮਨ ‘ਤੇ ਲੱਗਾ ਦਾਗ, ਉਮਰਾਂ ਦਾ ਦਾਗ ਬਣ ਜਾਂਦਾ ਏ।
ਮੁਹੱਬਤ ਅਮੁੱਲ ਏ। ਇਹ ਤਾਂ ਦਿਲਾਂ ਦਾ ਸੌਦਾ ਏ। ਜਿਹੜਾ ਨਫੇ/ਨੁਕਸਾਨ ਦੀ ਤੱਕੜੀ ‘ਚ ਨਹੀਂ ਤੁੱਲਦਾ।
ਮੋਹ ਜੇ ਮਰਨ ਮਿੱਟੀ ਢੋਣ ਲੱਗੇ ਪਵੇ ਤਾਂ ਧਰਤ ਦਾ ਹਰ ਕੋਨਾ ਹੀ ਮਰਸੀਏ ਦੀ ਜੂਨ ਹੰਢਾਉਣ ਲਈ ਮਜਬੂਰ ਹੋ ਜਾਂਦਾ ਏ। ਅਜੋਕੇ ਸਮਿਆਂ ‘ਚ ਹਰ ਸ਼ਖਸ, ਆਪਣੇ-ਆਪਣੇ ਹਿੱਸੇ ਦੀ ਅਜਿਹੀ ਜੂਨ ਹੀ ਤਾਂ ਭੋਗ ਰਿਹਾ ਹੈ।
ਬਹਾਰ ਦਾ ਮੌਸਮ, ਚਮਨ ਦੇ ਵਿਹੜੇ ਵਿਚ ਭਰੀ ਭਰਪੂਰਤਾ, ਹਰ ਸ਼ਾਖ ਹਰੀਆਂ ਕਚੂਰ ਤੇ ਮਲੂਕ ਪੱਤੀਆਂ ਨਾਲ ਸ਼ਿੰਗਾਰੀ, ਫੁੱਲਾਂ ਦੀ ਮਾਲਣ ਬਣੀ ਹੋਈ। ਇਕ ਟਾਹਣੀ ‘ਤੇ ਦੋ ਪਰਿੰਦੇ ਆਪਸ ‘ਚ ਜੁੜ ਕੇ ਬੈਠੇ, ਦਿਲਲਗੀ ‘ਚ ਮਸਤ। ਉਚੇਰੀ ਪਰਵਾਜ਼ ਦਾ ਸਿਰਨਾਵਾਂ। ਕਾਦਰ ਦੇ ਵਿਹੜੇ ‘ਚ ਚਾਰੇ ਪਾਸੇ ਪਸਰਿਆ ਪਿਆਰ ਹੀ ਪਿਆਰ ਅਤੇ ਉਸ ਪਿਆਰ ਦੀ ਮਸਤੀ ‘ਚ ਝੂਮਦੀ ਬਹਾਰ।
ਮੁਹੱਬਤ, ਵਕਤ ਦੇ ਖੰਭ, ਸਮੇਂ ਦੀਆਂ ਸਦਾ ਸੁਹਾਗਣ ਸਰਦਲਾਂ। ਹਵਾਵਾਂ ‘ਚ ਤਰਦੀ ਮਹਿਕ ਦਾ ਸੂਖਮ ਅਹਿਸਾਸ। ਵਗਦੇ ਦਰਿਆ ਦੀ ਸਾਦਗੀ ਤੇ ਸੁਹਜ।
ਮੋਹ, ਇਕ ਸੱਚੀ-ਸੁੱਚੀ ਸੰਵੇਦਨਾ। ਇਕ ਜਿਊਂਦੀ ਜਾਗਦੀ ਭਾਵਨਾ ਜਿਸ ‘ਚੋਂ ਉਪਜਦੀ ਏ ਰੂਹਾਂ ਦੀ ਸਰਸ਼ਾਰਤਾ ਅਤੇ ਭਰਪੂਰਤਾ। ਪਿਆਰ ਭਕੁੰਨਾ ਵਿਅਕਤੀਤਵ ਹੀ ਸਿਰਜਦਾ ਏ, ਧਰਤੀ ਦੇ ਵਿਹੜੇ ਦਾ ਸਵਰਗ।
ਮੁਹੱਬਤ ਸਦਾ ਨਵੀਂ-ਨਰੋਈ ਰਹਿੰਦੀ ਏ। ਸਦਾ ਨਿਵੇਕਲੀ ਤੇ ਨੂਰੋ-ਨੂਰ। ਇਸ ਉਪਰ ਸਮੇਂ ਦੀ ਧੂੜ ਨਹੀਂ ਪੈਂਦੀ ਕਿਉਂਕਿ ਅਹਿਸਾਸ ਕਦੇ ਮਰਿਆ ਨਹੀਂ ਕਰਦੇ ਅਤੇ ਨਾ ਹੀ ਸਮੇਂ ਦੀ ਈਨ ਮੰਨਦੇ ਨੇ। ਸੋਚ ਵਿਚਲੀ ਸੰਵੇਦਨਸ਼ੀਲਤਾ ਤੇ ਸੁਹੱਪਣ ‘ਚੋਂ ਹੀ ਉਗਮਦੀ ਏ ਸਦੀਵੀ ਮੁਹੱਬਤ।
ਪਿਆਰ ਇਕ ਪੈਗੰਬਰੀ ਪੈਗਾਮ। ਚਾਰੇ ਪਾਸੇ ਫੈਲਦੀ ਭਾਵਾਂ ਦੀ ਵਸੀਹ ਹੋਂਦ। ਤੁਹਾਡੀ ਹੋਂਦ ਦਾ ਕਿਸੇ ਦੀ ਸੋਚ-ਜੂਹ ‘ਚ ਸਮਾ ਜਾਣਾ। ਵਿਚਾਰਾਂ ਦੀ ਸਮਰੂਪਤਾ, ਕਰਮ-ਸ਼ੈਲੀ ਦੀ ਇਕਸਾਰਤਾ। ਤੁਹਾਡੇ ਸਮੁੱਚ ਨੂੰ ਆਪੇ ਵਿਚ ਵਸਾਉਣ ਦਾ ਵਿਸਮਾਦ, ਪਤਾ ਨਹੀਂ ਕਿਸ ਮੋੜ ‘ਤੇ, ਕਿਸ ਰੂਪ ਵਿਚ ਤੇ ਕਿਸ ਵੇਲੇ ਤੁਸੀਂ ਕਿਸੇ ਦੇ ਭਾਵਾਂ ਦੇ ਤਰਜਮਾਨ ਬਣ ਆਪਣੀ ਹੋਂਦ ਦੀ ਮੁਨਕਰੀ ਹੰਢਾਉਣ ਲੱਗ ਪਵੋ।
ਮੁਹੱਬਤ ਪ੍ਰਤੀਬੱਧਤਾ, ਪਰਪੱਕਤਾ ਤੇ ਪਵਿੱਤਰਤਾ ਦੀ ਆਧਾਰਸ਼ਿਲਾ ‘ਚ ਉਗਿਆ ਦੇਸੀ ਗੁਲਾਬ ਜੋ ਚੁਫੇਰੇ ਮਹਿਕਾਂ ਖਿਲਾਰਦਾ, ਪੱਤੀ-ਪੱਤੀ ਹੋਣ ਤੋਂ ਵੀ ਗੁਰੇਜ਼ ਨਹੀਂ ਕਰਦਾ। ਮੋਹ ਰੂਹ-ਸ਼ੀਸ਼ੇ ‘ਤੇ ਅਟਕੇ ਇਕ ਹੀ ਬਿੰਬ ਦੇ ਵੱਖੋ-ਵੱਖਰੇ ਅੰਦਾਜ਼ ਅਲਾਪ ਰਿਹਾ। ਇਕ ਪ੍ਰਕਾਸ਼ ਬਿੰਦੂ ਦੁਆਲੇ ਰਿਸ਼ਮਾਂ ਦਾ ਪਹਿਰਾ। ਸਭ ਕੁਝ ਧੋਤਾ-ਧੋਤਾ ਤੇ ਨਿਖਰਿਆ-ਨਿਖਰਿਆ, ਸਾਫ-ਸਫਾਫ ਸੋਚ ਦਾ ਦਗਦਾ ਨੂਰ। ਚਾਨਣ ਰੁੱਤ ਦੇ ਨਗਮੇ ਦੀ ਸੁਰਤਾਲ ਦਾ ਜਿਉਂਦਾ ਖਿਆਲ।
ਪਿਆਰ ਸ਼ਬਦਾਂ ਦਾ ਮੁਥਾਜ ਨਹੀਂ। ਹਰ ਡਿਕਸ਼ਨਰੀ ਬੇਮੇਚ, ਕੋਈ ਵੀ ਵਿਆਖਿਆ ਇਸ ਦੀ ਸਮੁੱਚਤਾ ਨੂੰ ਬਿਆਨ ਨਹੀਂ ਕਰ ਸਕਦੀ। ਕੋਈ ਵੀ ਫਿਲਾਸਫਰ, ਇਸ ਦੇ ਸਮੁੱਚੇ ਅਰਥਾਂ ਦੀ ਥਾਹ ਪਾਉਣ ਤੋਂ ਅਸਮਰਥ।
ਮੁਹੱਬਤ ਜਦ ਗਲਵੱਕੜੀ ਦਾ ਨਿੱਘ ਤੇ ਕੋਸੇ-ਕੋਸੇ ਸਾਹਾਂ ਦਾ ਸੰਧੂਰੀ ਅਹਿਸਾਸ ਮਾਣਦੀ, ਨੈਣਾਂ ‘ਚ ਡੂੰਘੀ ਲਹਿ ਜਾਵੇ ਤਾਂ ਦੋ ਵਜੂਦਾਂ ‘ਚ ਵਸਦੀ ਇਕ ਰੂਹ ਅੰਬਰ ਦਾ ਹਾਣ ਮਾਣਦੀ ਏ।
ਪਿਆਰ ਜਦ ਮੂੰਹ-ਜ਼ੋਰ ਹੋ ਜਾਵੇ ਤਾਂ ਬਰਲਿਨ ਦੀ ਦੀਵਾਰ ਟੁੱਟਦੀ ਏ। ਭਾਰਤ-ਪਾਕਿਸਤਾਨ ਵਿਚਲੀ ਕੰਡਿਆਲੀ ਤਾਰ ਦੀ ਹੋਂਦ ਖੁਰ ਜਾਂਦੀ ਏ। ਇਕ ਦੂਜੇ ਦਾ ਗਲਮਾ ਫੜਨ ਵਾਲੇ ਹੱਥ, ਦੋਸਤੀ ਦਾ ਦਸਤ-ਪੰਜਾ ਬਣਦੇ ਨੇ ਅਤੇ ਬਾਹਾਂ ਦੀ ਬਣਦੀ ਏ ਪੀਡੀ ਗਲਵੱਕੜੀ।
ਪਿਆਰ, ਦੋ ਰਾਹੀਆਂ ਦੀ ਇਕ ਮੰਜ਼ਿਲ। ਦੋ ਕਦਮਾਂ ਦਾ ਆਪਸੀ ਰਿਦਮ। ਦੋ ਰਾਹਾਂ ਦਾ ਮਿਲਣ ਬਿੰਦੂ। ਸੱਜਰੀ ਰਾਹ ‘ਤੇ ਚੱਲਣ ਦਾ ਸਦੀਵੀ ਸੰਕਲਪ।
ਗੋਦ ਵਿਚ ਬੱਚੇ ਨੂੰ ਦੁੱਧ ਚੁੰਘਾ ਰਹੀ ਮਾਂ ਮਮਤਾ ਦੀ ਝਲਕ ਅਤੇ ਡਲਕਦਾ ਸੁਹਜ ਤੇ ਸੁੰਦਰਤਾ। ਕਾਦਰ ਦਾ ਸੱਗਵਾਂ ਸਰੂਪ। ਨਿਰਮਲ ਮੋਹ ਦਾ ਚਸ਼ਮਾ। ਮਨੁੱਖਤਾ ਦਾ ਮਾਣ ਅਤੇ ਇਸ ਮਾਣ ਦੀ ਧਰਾਤਲ ‘ਤੇ ਰਸਦਾ-ਵਸਦਾ ਏ ਕੁਲ ਜਹਾਨ। ਮਾਂ ਦੇ ਮੋਹ ਨੂੰ ਪੈਸੇ ਨਾਲ ਖਰੀਦਣ ਦੀ ਚਾਹਨਾ ਮਨ ‘ਚ ਪਾਲਣ ਵਾਲੇ ਹੀ, ਉਧਾਰੀ ਕੁੱਖ ਤੇ ਕਲੋਨਿੰਗ ਰਾਹੀਂ, ਮਾਨਵੀ ਅਹਿਸਾਸਾਂ ਦੀ ਕਤਲਗਾਹ ਉਸਾਰਨ ਵਿਚ ਮਸਰੂਫ ਨੇ।
ਕੁਦਰਤ ਨਾਲ ਮੁਹੱਬਤ ਕਰਨ ਵਾਲੇ ਕਾਦਰ ਦੇ ਸ਼ਿੰਦੇ ਪੁੱਤਰ, ਉਸ ਦੀ ਰੂਹ ਦੇ ਹਾਣੀ, ਉਸ ਦੀ ਸੋਚ ਦੇ ਹਮਸਫਰ। ਉਨ੍ਹਾਂ ਦੇ ਕਦਮ ‘ਚ ਕੁਦਰਤ ਤਲੀਆਂ ਵਿਛਾਉਂਦੀ ਏ। ਅਫਸੋਸ! ਮਨੁੱਖੀ ਮਨ ‘ਚੋਂ ਵਾਸ਼ਪ ਹੋ ਰਿਹਾ ਕੁਦਰਤ-ਪ੍ਰੇਮ, ਮਨੁੱਖ ਤੇ ਕੁਦਰਤ ਦਾ ਮਰਸੀਆ ਪੜ੍ਹਨ ਦੀ ਤਿਆਰੀ ਕਰ ਰਿਹਾ ਹੈ।
ਦੀਵੇ ਦੀ ਲੋਅ ਵਰਗੀ ਮੁਹੱਬਤ, ਚਾਨਣ ਤੇ ਨਿੱਘ ਦਾ ਸਿਰਨਾਵਾਂ-ਰੋਸ਼ਨ ਰਾਹਵਾਂ। ਹਾਜ਼ਰ ਨਾਜ਼ਰ ਨਿੱਘ ਦਾ ਅਹਿਸਾਸ। ਸੰਪੂਰਨ ਹੁੰਦੀ ਹਰ ਆਸ ਅਤੇ ਆਪਣਿਆਂ ਲਈ, ਤੁਹਾਡੇ ਹੋਠਾਂ ਦੀ ਅਰਦਾਸ।
ਮੁਹੱਬਤ, ਕੋਰੇ ਕਾਗਜ਼ ‘ਤੇ ਉਕਰੀ ਇਬਾਦਤ, ਹਰ ਸ਼ਬਦ ‘ਚੋਂ ਸਿੰਮਦੀ ਦੁਆ। ਹਰ ਅੱਖਰ ਦੀ ਲਿਸ਼ਕਵੀਂ ਭਾਹ। ਇਬਾਦਤ ਲਈ ਮੌਲਦਾ ਚਾਅ। ਚਾਨਣ-ਚਾਨਣ ਆਪਾ। ਸੁਪਨਿਆਂ ‘ਚ ਸੁਰਖ ਪੈਗਾਮ। ਹਰ ਬੋਲ ਦਾ ਬਣ ਜਾਣਾ ਇਲਹਾਮ।
ਮੁਹੱਬਤ, ਪਲਮਦੇ ਪਲਾਂ ਦੀ ਚਸ਼ਮਦੀਦ ਗਵਾਹੀ। ਅਲਮਸਤੀ ਦਾ ਆਲਮ, ਤੁਹਾਡੀ ਮਾਨਸਿਕਤਾ ‘ਤੇ ਛਾ ਜਾਣਾ। ਫਕੀਰਾਨਾ ਬੰਦਗੀ। ਇਕ ਸਾਦਗੀ। ਮੁਲੰਮਿਆਂ ਤੋਂ ਨਫਰਤ।
ਦੇਸ਼-ਪ੍ਰੇਮ ਜਾਂ ਸਮਾਜਿਕ ਪਿਆਰ, ਕਈ ਸ਼ਹੀਦਾਂ ਦੀ ਸੋਚ ਦਾ ਸੂਹਾ ਸੂਰਜ। ਇਸ ਨੂੰ ਦਫਨ ਕਰਨ ਲਈ ਵੇਲੇ ਦੇ ਹਾਕਮਾਂ ਨੇ ਬਥੇਰਾ ਜ਼ੋਰ ਲਾਇਆ ਪਰ ਸੂਰਜ ਕਦੇ ਡੁੱਬਿਆ ਨਹੀਂ ਕਰਦੇ। ਸੂਰਜਾਂ ਨੇ ਹਮੇਸ਼ਾ ਹੀ ਧਰਤੀ ਦੇ ਵਿਹੜੇ ਚਾਨਣ ਦੇ ਬੀਜ ਖਿਲਾਰੇ ਨੇ।
ਪਿਆਰ ਦੀ ਸਾਧਵੀ ਰੰਗਤ ਮੀਰਾ ਨੂੰ ਕ੍ਰਿਸ਼ਨ ਲਈ ਨਚਾਉਂਦੀ ਏਂ, ਧੰਨੇ ਭਗਤ ਰਾਹੀਂ ਪੱਥਰ ਤੋਂ ਰੱਬ ਪਾਉਂਦੀ ਏ, ਈਸਾ ਮਸੀਹ ਨੂੰ ਸੂਲੀ ‘ਤੇ ਲਟਕਾਉਂਦੀ ਏ, ਸੁਕਰਾਤ ਦੇ ਮੂੰਹ ਨੂੰ ਜ਼ਹਿਰ ਦਾ ਪਿਆਲਾ ਲਾਉਂਦੀ ਏ ਅਤੇ ਸਮਿਆਂ ਦੇ ਵਰਕੇ ‘ਤੇ ਆਪਣੇ ਨਕਸ਼ ਉਕਰਾਉਂਦੀ ਏ।
ਮੁਹੱਬਤ ਲਈ ਤਰਸਦੇ ਦੀਦਿਆਂ ਦੀ ਇਬਾਦਤ ਪੜ੍ਹਨਾ ਬੜਾ ਔਖਾ ਹੁੰਦਾ ਏ ਅਤੇ ਉਸ ਤੋਂ ਵੀ ਕਠਿਨ ਹੁੰਦਾ ਏ ਗਵਾਚੀ ਮੁਹੱਬਤ ਦੀਆਂ ਅੱਕ-ਫੰਬੀਆਂ ਦੀ ਤਲਾਸ਼ ਨੂੰ ਆਪਣੇ ਮਸਤਕ ਵਿਚ ਉਤਾਰਨਾ। ਰਾਤਾਂ ਦੀ ਗਵਾਚੀ ਨੀਂਦ ਅਤੇ ਭੁੱਖ-ਪਿਆਸ ਦੀ ਬੇਲਾਗਤਾ, ਹਉਕਾ ਬਣ ਕੇ ਸਾਹਾਂ ਦੀ ਦਸਤਕ ਬਣਦੀ ਏ। ਅੰਤਰ-ਮਨ ਦੀ ਪੀੜਾ, ਹਰ ਸਾਹ ਦਾ ਨਸੀਬ ਬਣਦੀ ਏ।
ਮੋਹ-ਮੁਹੱਬਤ ਨੂੰ ਤਾਮੀਰ ਕਰਨ ਵਾਲੇ ਲੋਕ ਹੀ ਵਕਤ ਨੂੰ ਧੜਕਣ ਤੇ ਅਹਿਸਾਸ ਬਖਸ਼ਦੇ ਨੇ। ਸੁਖਨ ਤੇ ਸਕੂਨ ਨੂੰ ਸੁਪਨੇ ਦੀ ਜਾਤ ਤੋਂ ਨਿਜਾਤ ਦਿਵਾਉਂਦੇ ਨੇ।
ਪਿਆਰ ਇਕ ਸਰੂਰ, ਇਕ ਜਜ਼ਬਾ, ਇਕ ਆਵੇਗ, ਇਕ ਆਵੇਸ਼। ਜੀਵਨ-ਧਰਾਤਲ ਨਾਲ ਜੁੜਿਆ ਪਿਆਰ, ਜੀਵਨ ਦੇ ਸੁਰਖ-ਪੈਂਡਿਆਂ ਦਾ ਹਮਸਫਰ, ਜਿਊਂਦੇ ਲੋਕਾਂ ਦਾ ਰੰਗਲਾ ਸੰਸਾਰ, ਸੰਦਲੀ ਸਾਹਾਂ ਦਾ ਪਾਸਾਰ ਅਤੇ ਰਚਨਾਤਮਕ ਯੁੱਗ ਦਾ ਸਿਰਜਣਹਾਰ।