ਸਆਦਤ ਹਸਨ ਮੰਟੋ
ਅਨੁਵਾਦ: ਕੇਹਰ ਸ਼ਰੀਫ
ਮੇਰੀ ਜ਼ਿੰਦਗੀ ਵਿਚ ਤਿੰਨ ਵੱਡੀਆਂ ਘਟਨਾਵਾਂ ਵਾਪਰੀਆਂ ਹਨ-ਪਹਿਲੀ ਮੇਰੇ ਜਨਮ ਦੀ, ਦੂਜੀ ਮੇਰੀ ਸ਼ਾਦੀ ਦੀ ਅਤੇ ਤੀਜੀ ਮੇਰੇ ਕਹਾਣੀਕਾਰ ਬਣ ਜਾਣ ਦੀ। ਲੇਖਕ ਵਜੋਂ ਰਾਜਨੀਤੀ ਵਿਚ ਮੇਰੀ ਕੋਈ ਦਿਲਚਸਪੀ ਨਹੀਂ ਹੈ। ਲੀਡਰਾਂ ਅਤੇ ਦਵਾਈਆਂ ਵੇਚਣ ਵਾਲਿਆਂ ਨੂੰ ਮੈਂ ਇਕ ਹੀ ਨਜ਼ਰ ਨਾਲ ਦੇਖਦਾ ਹਾਂ। ਲੀਡਰੀ ਅਤੇ ਦਵਾਈਆਂ ਵੇਚਣਾ ਦੋਵੇਂ ਧੰਦੇ ਹਨ। ਰਾਜਨੀਤੀ ਵਿਚ ਮੈਨੂੰ ਓਨੀ ਹੀ ਦਿਲਚਸਪੀ ਹੈ,
ਜਿੰਨੀ ਗਾਂਧੀ ਜੀ ਨੂੰ ਸਿਨਮੇ ਨਾਲ ਸੀ। ਗਾਂਧੀ ਜੀ ਸਿਨਮਾ ਨਹੀਂ ਸਨ ਦੇਖਦੇ ਅਤੇ ਮੈਂ ਅਖਬਾਰ ਨਹੀਂ ਪੜ੍ਹਦਾ। ਦਰਅਸਲ ਅਸੀਂ ਦੋਵੇਂ ਗਲਤੀ ਕਰਦੇ ਹਾਂ। ਗਾਂਧੀ ਜੀ ਨੂੰ ਫਿਲਮਾਂ ਜਰੂਰ ਦੇਖਣੀਆਂ ਚਾਹੀਦੀਆਂ ਸਨ ਅਤੇ ਮੈਨੂੰ ਅਖਬਾਰ ਜਰੂਰ ਪੜ੍ਹਨੇ ਚਾਹੀਦੇ ਹਨ।
ਮੈਨੂੰ ਪੁੱਛਿਆ ਜਾਂਦਾ ਹੈ ਕਿ ਮੈਂ ਕਹਾਣੀ ਕਿਵੇਂ ਲਿਖਦਾ ਹਾਂ। ਇਸ ਦੇ ਜਵਾਬ ਵਿਚ ਮੈਂ ਕਹਾਂਗਾ ਕਿ ਆਪਣੇ ਕਮਰੇ ਵਿਚ ਸੋਫੇ ‘ਤੇ ਬੈਠ ਜਾਂਦਾ ਹਾਂ, ਕਾਗਜ਼-ਕਲਮ ਲੈਂਦਾ ਹਾਂ ਅਤੇ ‘ਬਿਸਮਿੱਲਾ’ ਕਹਿ ਕੇ ਕਹਾਣੀ ਸ਼ੁਰੂ ਕਰ ਦਿੰਦਾ ਹਾਂ। ਮੇਰੀਆਂ ਤਿੰਨੇ ਧੀਆਂ ਰੌਲਾ ਪਾ ਰਹੀਆਂ ਹੁੰਦੀਆਂ ਹਨ। ਮੈਂ ਉਨ੍ਹਾਂ ਨਾਲ ਗੱਲਾਂ ਵੀ ਕਰਦਾ ਹਾਂ। ਉਨ੍ਹਾਂ ਦੇ ਲੜਾਈ-ਝਗੜੇ ਦਾ ਫੈਸਲਾ ਵੀ ਕਰਦਾ ਹਾਂ। ਕੋਈ ਮਿਲਣ ਵਾਲਾ ਆ ਜਾਵੇ ਤਾਂ ਉਸ ਦੀ ਖਾਤਿਰਦਾਰੀ ਵੀ ਕਰਦਾ ਹਾਂ, ਪਰ ਕਹਾਣੀ ਵੀ ਲਿਖਦਾ ਰਹਿੰਦਾ ਹਾਂ। ਸੱਚ ਪੁੱਛੋ ਤਾਂ ਮੈਂ ਉਵੇਂ ਹੀ ਕਹਾਣੀ ਲਿਖਦਾ ਹਾਂ ਜਿਵੇਂ ਖਾਣਾ ਖਾਂਦਾ ਹਾਂ, ਨਹਾਉਂਦਾ ਹਾਂ, ਸਿਗਰਟ ਪੀਂਦਾ ਹਾਂ ਅਤੇ ਝੱਖ ਮਾਰਦਾ ਹਾਂ। ਜੇ ਇਹ ਪੁੱਛਿਆ ਜਾਵੇ ਕਿ ਮੈਂ ਕਹਾਣੀ ਕਿਉਂ ਲਿਖਦਾ ਹਾਂ, ਤਾਂ ਕਹਾਂਗਾ ਕਿ ਸ਼ਰਾਬ ਪੀਣ ਵਾਂਗ ਹੀ ਕਹਾਣੀ ਲਿਖਣ ਦੀ ਵੀ ਆਦਤ ਪੈ ਗਈ ਹੈ।
ਮੈਂ ਕਹਾਣੀ ਨਾ ਲਿਖਾਂ ਤਾਂ ਮੈਨੂੰ ਏਦਾਂ ਮਹਿਸੂਸ ਹੁੰਦਾ ਹੈ ਕਿ ਮੈਂ ਕੱਪੜੇ ਨਹੀਂ ਪਹਿਨੇ ਜਾਂ ਗੁਸਲਖਾਨੇ ਨਹੀਂ ਗਿਆ ਜਾਂ ਸ਼ਰਾਬ ਨਹੀਂ ਪੀਤੀ। ਦਰਅਸਲ ਮੈਂ ਕਹਾਣੀ ਨਹੀਂ ਲਿਖਦਾ ਬਲਕਿ ਕਹਾਣੀ ਮੈਨੂੰ ਲਿਖਦੀ ਹੈ। ਮੈਂ ਬਹੁਤ ਘੱਟ ਪੜ੍ਹਿਆ-ਲਿਖਿਆ ਆਦਮੀ ਹਾਂ। ਉਂਜ ਤਾਂ ਮੈਂ ਦੋ ਦਰਜਨ ਕਿਤਾਬਾਂ ਲਿਖੀਆਂ ਹਨ ਜਿਨ੍ਹਾਂ ਉਤੇ ਆਏ ਦਿਨ ਮੁਕਦਮੇ ਚੱਲਦੇ ਰਹਿੰਦੇ ਹਨ।
ਜਦੋਂ ਕਲਮ ਮੇਰੇ ਹੱਥ ਵਿਚ ਨਾ ਹੋਵੇ, ਤਾਂ ਮੈਂ ਸਿਰਫ ਸਆਦਤ ਹਸਨ ਹੁੰਦਾ ਹਾਂ। ਕਹਾਣੀ ਮੇਰੇ ਦਿਮਾਗ ਵਿਚ ਨਹੀਂ, ਮੇਰੀ ਜੇਬ ਵਿਚ ਹੁੰਦੀ ਹੈ, ਜਿਸ ਦੀ ਮੈਨੂੰ ਕੋਈ ਖਬਰ ਨਹੀਂ ਹੁੰਦੀ। ਮੈਂ ਆਪਣੇ ਦਿਮਾਗ ‘ਤੇ ਜ਼ੋਰ ਦਿੰਦਾ ਹਾਂ ਕਿ ਕੋਈ ਕਹਾਣੀ ਨਿਕਲ ਆਵੇ। ਕਹਾਣੀ ਲਿਖਣ ਦੀ ਬਹੁਤ ਕੋਸ਼ਿਸ਼ ਕਰਦਾ ਹਾਂ ਪਰ ਕਹਾਣੀ ਦਿਮਾਗ ਤੋਂ ਬਾਹਰ ਨਹੀਂ ਨਿਕਲਦੀ। ਆਖਰ ਥੱਕ-ਹਾਰ ਕੇ ਬਾਂਝ ਔਰਤ ਦੀ ਤਰ੍ਹਾਂ ਲੇਟ ਜਾਂਦਾ ਹਾਂ। ਅਣਲਿਖੀ ਕਹਾਣੀ ਦੀ ਕੀਮਤ ਪਹਿਲਾਂ ਹੀ ਵਸੂਲ ਚੁਕਾਂ ਹਾਂ, ਇਸ ਕਰਕੇ ਝੁੰਜਲਾਹਟ ਜਿਹੀ ਹੁੰਦੀ ਹੈ।
ਪਾਸਾ ਬਦਲਦਾ ਹਾਂ। ਉਠ ਕੇ ਆਪਣੀਆਂ ਚਿੜੀਆਂ ਨੂੰ ਦਾਣੇ ਪਾਉਂਦਾ ਹਾਂ। ਬੱਚੀਆਂ ਨੂੰ ਝੂਲੇ ਵਿਚ ਝੂਟੇ ਦਿੰਦਾ ਹਾਂ। ਘਰ ਦਾ ਕੂੜਾ-ਕਰਕਟ ਸਾਫ ਕਰਦਾ ਹਾਂ। ਘਰ ਵਿਚ ਇੱਧਰ-ਉਧਰ ਖਿਲਰੀਆਂ ਪਈਆਂ ਛੋਟੀਆਂ ਛੋਟੀਆਂ ਜੁੱਤੀਆਂ ਚੁੱਕ ਕੇ ਇਕ ਜਗ੍ਹਾ ਰਖਦਾ ਹਾਂ। ਪਰ! ਕੰਮਬਖਤ ਕਹਾਣੀ ਜੋ ਮੇਰੀ ਜੇਬ ਵਿਚ ਪਈ ਹੁੰਦੀ ਹੈ, ਮੇਰੇ ਦਿਮਾਗ ਵਿਚ ਨਹੀਂ ਆਉਂਦੀ। ਮੈਂ ਖਿਝਦਾ ਰਹਿੰਦਾ ਹਾਂ। ਜਦੋਂ ਬਹੁਤ ਹੀ ਪ੍ਰੇਸ਼ਾਨੀ ਹੁੰਦੀ ਹੈ ਤਾਂ ਗੁਸਲਖਾਨੇ ਵਿਚ ਚਲਾ ਜਾਂਦਾ ਹਾਂ, ਪਰ ਉਥੋਂ ਵੀ ਕੁਝ ਨਹੀਂ ਮਿਲਦਾ। ਸੁਣਿਆ ਹੈ, ਹਰ ਵੱਡਾ ਆਦਮੀ ਗੁਸਲਖਾਨੇ ਵਿਚ ਹੀ ਸੋਚਦਾ ਹੈ।
ਮੈਨੂੰ ਆਪਣੇ ਤਜਰਬੇ ਤੋਂ ਪਤਾ ਲੱਗਿਆ ਕਿ ਮੈਂ ਵੱਡਾ ਆਦਮੀ ਨਹੀਂ ਹਾਂ, ਪਰ ਹੈਰਾਨੀ ਹੈ ਕਿ ਫੇਰ ਵੀ ਮੈਂ ਹਿੰਦੁਸਤਾਨ ਅਤੇ ਪਾਕਿਸਤਾਨ ਦਾ ਬਹੁਤ ਵੱਡਾ ਕਹਾਣੀਕਾਰ ਹਾਂ। ਇਸ ਸਬੰਧੀ ਮੈਂ ਇਹ ਹੀ ਕਹਿ ਸਕਦਾ ਹਾਂ ਕਿ ਜਾਂ ਤਾਂ ਮੇਰੇ ਆਲੋਚਕਾਂ ਨੂੰ ਖੁਸ਼ਫਹਿਮੀ ਹੈ ਜਾਂ ਫੇਰ ਮੈਂ ਉਨ੍ਹਾਂ ਦੀਆਂ ਅੱਖਾਂ ਵਿਚ ਘੱਟਾ ਪਾ ਰਿਹਾ ਹਾਂ। ਅਜਿਹੇ ਮੌਕਿਆਂ ‘ਤੇ ਜਦੋਂ ਕਹਾਣੀ ਨਹੀਂ ਲਿਖੀ ਜਾਂਦੀ ਤਾਂ ਹੁੰਦਾ ਇਹ ਹੈ ਕਿ ਮੇਰੀ ਬੀਵੀ ਮੈਨੂੰ ਕਹਿੰਦੀ ਹੈ, ‘ਤੁਸੀਂ ਸੋਚੋ ਨਾ, ਕਲਮ ਫੜੋ ਅਤੇ ਲਿਖਣਾ ਸ਼ੁਰੂ ਕਰ ਦੇਵੋ।’ ਮੈਂ ਉਸ ਦੇ ਕਹਿਣ ‘ਤੇ ਲਿਖਣਾ ਸ਼ੁਰੂ ਕਰ ਦਿੰਦਾ ਹਾਂ। ਉਸ ਸਮੇਂ ਦਿਮਾਗ ਬਿਲਕੁੱਲ ਖਾਲੀ ਹੁੰਦਾ ਹੈ ਅਤੇ ਜੇਬ੍ਹ ਭਰੀ ਹੋਈ ਹੁੰਦੀ ਹੈ। ਉਦੋਂ ਆਪ ਹੀ ਕੋਈ ਕਹਾਣੀ ਉੱਛਲ ਕੇ ਬਾਹਰ ਆ ਜਾਂਦੀ ਹੈ। ਉਸ ਨੁਕਤੇ ਤੋਂ ਮੈਂ ਆਪਣੇ ਆਪ ਨੂੰ ਕਹਾਣੀਕਾਰ ਨਹੀਂ, ਬਲਕਿ ਜੇਬਕਤਰਾ ਸਮਝਦਾ ਹਾਂ ਜੋ ਆਪਣੀ ਜੇਬ ਖੁਦ ਕੱਟਦਾ ਹੈ ਅਤੇ ਲੋਕਾਂ ਦੇ ਹਵਾਲੇ ਕਰ ਦਿੰਦਾ ਹੈ।
ਮੈਂ ਰੇਡੀਉ ਵਾਸਤੇ ਜਿਹੜੇ ਨਾਟਕ ਲਿਖੇ, ਉਹ ਰੋਟੀ ਦੇ ਉਸ ਮਸਲੇ ਦੀ ਪੈਦਾਵਾਰ ਹਨ ਜੋ ਹਰ ਲੇਖਕ ਦੇ ਸਾਹਮਣੇ ਉਸ ਵੇਲੇ ਤੱਕ ਰਹਿੰਦਾ ਹੈ, ਜਦੋਂ ਤੱਕ ਉਹ ਪੂਰੀ ਤਰ੍ਹਾਂ ਮਾਨਸਿਕ ਪੱਖੋਂ ਅਪਾਹਜ ਨਾ ਹੋ ਜਾਵੇ। ਮੈਂ ਭੁੱਖਾ ਸੀ, ਇਸ ਕਰਕੇ ਮੈਂ ਇਹ ਨਾਟਕ ਲਿਖੇ, ਦਾਦ ਇਸ ਗੱਲ ਦੀ ਚਾਹੁੰਦਾ ਹਾਂ ਕਿ ਮੇਰੇ ਦਿਮਾਗ ਨੇ ਮੇਰੇ ਢਿੱਡ ਵਿਚ ਵੜ ਕੇ ਅਜਿਹੇ ਹਾਸ-ਨਾਟਕ ਲਿਖੇ ਹਨ ਜੋ ਦੂਜਿਆਂ ਨੂੰ ਹਸਾਉਂਦੇ ਹਨ ਪਰ ਮੇਰੇ ਬੁੱਲ੍ਹਾਂ ‘ਤੇ ਹਲਕੀ ਜਿਹੀ ਮੁਸਕਰਾਹਟ ਵੀ ਪੈਦਾ ਨਹੀਂ ਕਰ ਸਕੇ। ਰੋਟੀ ਅਤੇ ਕਲਾ ਦਾ ਰਿਸ਼ਤਾ ਕੁਝ ਅਜੀਬ ਜਿਹਾ ਲਗਦਾ ਹੈ, ਪਰ ਕੀ ਕੀਤਾ ਜਾਵੇ! ਖੁਦਾਬੰਦਤਾਲਾ ਨੂੰ ਇਹ ਹੀ ਮਨਜ਼ੂਰ ਹੈ। ਇਹ ਗਲਤ ਹੈ ਕਿ ਖੁਦਾ ਆਪਣੇ ਆਪ ਨੂੰ ਹਰ ਚੀਜ਼ ਤੋਂ ਨਿਰਲੇਪ ਰੱਖਦਾ ਹੈ ਅਤੇ ਉਸ ਨੂੰ ਕਿਸੇ ਚੀਜ਼ ਦੀ ਭੁੱਖ ਨਹੀਂ। ਦਰਅਸਲ ਉਸ ਨੂੰ ਭਗਤ ਚਾਹੀਦੇ ਹਨ ਅਤੇ ਭਗਤ ਬੜੀ ਨਰਮ ਤੇ ਨਾਜ਼ੁਕ ਰੋਟੀ ਹਨ, ਜਾਂ ਇਉਂ ਕਹੋ ਕਿ ਚੋਪੜੀ ਹੋਈ ਰੋਟੀ ਹਨ ਜਿਸ ਨਾਲ ਭਗਵਾਨ ਆਪਣਾ ਪੇਟ ਭਰਦਾ ਹੈ।
ਸਆਦਤ ਹਸਨ ਮੰਟੋ ਕਿਉਂਕਿ ਭਗਵਾਨ ਜਿੱਡਾ ਕਹਾਣੀਕਾਰ ਤੇ ਕਵੀ ਨਹੀਂ ਹੈ। ਉਸ ਨੂੰ ਰੋਟੀ ਦੀ ਖਾਤਿਰ ਲਿਖਣਾ ਪੈਂਦਾ ਹੈ। ਮੈਂ ਜਾਣਦਾ ਹਾਂ ਕਿ ਮੇਰੀ ਸ਼ਖਸੀਅਤ ਬਹੁਤ ਵੱਡੀ ਹੈ ਅਤੇ ਉਰਦੂ ਸਾਹਿਤ ਵਿਚ ਮੇਰਾ ਬਹੁਤ ਵੱਡਾ ਨਾਮ ਹੈ। ਜੇਕਰ ਇਹ ਖੁਸ਼ਫਹਿਮੀ ਨਾ ਹੋਵੇ ਤਾਂ ਜ਼ਿੰਦਗੀ ਹੋਰ ਵੀ ਮੁਸ਼ਕਿਲ ਬਣ ਜਾਵੇ। ਪਰ ਮੇਰੇ ਵਾਸਤੇ ਇਹ ਇਕ ਕੌੜੀ ਸੱਚਾਈ ਹੈ ਕਿ ਆਪਣੇ ਦੇਸ਼ ਵਿਚ, ਜਿਸ ਨੂੰ ਪਾਕਿਸਤਾਨ ਕਹਿੰਦੇ ਹਨ, ਮੈਂ ਆਪਣਾ ਸਹੀ ਮੁਕਾਮ ਢੂੰਡ ਨਹੀਂ ਸਕਿਆ। ਇਹ ਹੀ ਕਾਰਨ ਹੈ ਕਿ ਮੇਰੀ ਰੂਹ ਬੇਚੈਨ ਰਹਿੰਦੀ ਹੈ। ਮੈਂ ਕਦੇ ਪਾਗਲਖਾਨੇ ਅਤੇ ਕਦੇ ਹਸਪਤਾਲ ਵਿਚ ਰਹਿੰਦਾ ਹਾਂ।
ਮੈਨੂੰ ਪੁੱਛਿਆ ਜਾਂਦਾ ਹੈ ਕਿ ਮੈਂ ਸ਼ਰਾਬ ਤੋਂ ਖਹਿੜਾ ਛੁਡਾ ਕਿਉਂ ਨਹੀਂ ਲੈਂਦਾ। ਮੈਂ ਆਪਣੀ ਜ਼ਿੰਦਗੀ ਦਾ ਤਿੰਨ-ਚੌਥਾਈ ਹਿੱਸਾ ਤੰਗਦਸਤੀਆਂ ਦੀ ਭੇਟ ਚੜ੍ਹਾ ਚੁਕਾ ਹਾਂ। ਹੁਣ ਤਾਂ ਇਹ ਹਾਲਾਤ ਹੈ ਕਿ ਤੰਗਦਸਤੀਆਂ/ਪਰਹੇਜ਼ ਸ਼ਬਦ ਹੀ ਮੇਰੇ ਲਈ ਡਿਕਸ਼ਨਰੀ ਵਿਚੋਂ ਗਾਇਬ ਹੋ ਗਿਆ ਹੈ। ਮੈਂ ਸਮਝਦਾ ਹਾਂ ਕਿ ਜ਼ਿੰਦਗੀ ਅਗਰ ਤੰਗੀਆਂ ਨਾਲ ਗੁਜ਼ਾਰੀ ਜਾਵੇ ਤਾਂ ਇਕ ਕੈਦ ਹੈ ਅਤੇ ਜੇ ਉਹ ਮਜਬੂਰੀ ਭਰੀਆਂ ਤੰਗੀਆਂ ਵਿਚ ਲੰਘਾਈ ਜਾਵੇ, ਤਾਂ ਵੀ ਕੈਦ ਹੈ। ਕਿਸੇ ਨਾ ਕਿਸੇ ਤਰ੍ਹਾਂ ਸਾਨੂੰ ਇਸ ਜ਼ੁਰਾਬ ਦੇ ਧਾਗੇ ਦਾ ਇਕ ਸਿਰਾ ਫੜ ਕੇ ਉਧੇੜਦੇ ਜਾਣਾ ਹੈ ਅਤੇ ਬਸ!