ਡਾæ ਗੁਰਨਾਮ ਕੌਰ, ਕੈਨੇਡਾ
ਪਿਛਲੇ ਲੇਖਾਂ ਵਿਚ ਭਾਈ ਗੁਰਦਾਸ ਦੀ ਚੌਥੀ ਵਾਰ ਦਾ ਸੰਖੇਪ ਅਧਿਐਨ ਕੀਤਾ ਗਿਆ ਕਿ ਕਿਸ ਤਰ੍ਹਾਂ ਰੋਜ਼ਾਨਾ ਜੀਵਨ ਵਿਚੋਂ ਦ੍ਰਿਸ਼ਟਾਂਤਾਂ ਰਾਹੀਂ ਭਾਈ ਗੁਰਦਾਸ ਨੇ ਗੁਰਮਤਿ ਅਨੁਸਾਰ ਹਲੀਮੀ ਦੇ ਗੁਣ ਦਾ ਗੁਰਸਿੱਖ ਜਾਂ ਗੁਰਮੁਖਿ ਵਿਚ ਲਾਜ਼ਮੀ ਹੋਣਾ ਦੱਸਿਆ ਹੈ। ਇਹ ਇਸ ਵਾਰ ਦੀ ਆਖਰੀ ਅਤੇ ਇੱਕੀਵੀਂ ਪਉੜੀ ਹੈ ਜਿਸ ਵਿਚ ਹਲੀਮੀ ਦੇ ਇਸੇ ਗੁਣ ਦੀ ਮਹੱਤਤਾ ਪੁਰਾਣਕ ਕਥਾਵਾਂ ਵਿਚੋਂ ਧਰੂ ਜਾਂ ਧਰੁਵ ਭਗਤ ਦੇ ਹਵਾਲੇ ਨਾਲ ਭਾਈ ਗੁਰਦਾਸ ਦੱਸਦੇ ਹਨ ਕਿ
ਧਰੂ ਭਗਤ ਆਪਣੇ ਅੰਦਰ ਹਲੀਮੀ ਦਾ ਗੁਣ ਧਾਰਨ ਕਰਕੇ ਹੀ ਪਰਮਾਤਮਾ ਦੇ ਦਰਸ਼ਨ ਪਾਉਣ ਦੇ ਯੋਗ ਹੋ ਸਕਿਆ, ਉਸ ਨੇ ਗੁਰਮੁਖਿ ਦੇ ਮਾਰਗ ‘ਤੇ ਚੱਲ ਕੇ, ਹਲੀਮੀ ਜਿਸ ਦਾ ਲਾਜ਼ਮੀ ਗੁਣ ਹੈ, ਵਾਹਿਗੁਰੂ ਨੂੰ ਪ੍ਰਾਪਤ ਕੀਤਾ। ਅਕਾਲ ਪੁਰਖ ਹਮੇਸ਼ਾ ਆਪਣੇ ਭਗਤਾਂ ਨੂੰ ਪ੍ਰੇਮ ਕਰਦਾ ਹੈ ਅਤੇ ਉਸ ਨੇ ਧਰੂ ਭਗਤ ‘ਤੇ ਵੀ ਆਪਣੇ ਇਸ ਪ੍ਰੇਮ ਨੂੰ ਵਰਸਾਇਆ ਅਤੇ ਧਰੂ ਨੇ ਆਪਣੇ ਅੰਦਰੋਂ ਹਉਮੈ ਨੂੰ ਖਤਮ ਕਰਕੇ ਅਕਾਲ ਪੁਰਖ ਪਾਸੋਂ ਉਚੇ ਮਾਣ ਦੀ ਬਖਸ਼ਿਸ਼ ਪਾਈ, ਅਕਾਲ ਪੁਰਖ ਨੇ ਉਸ ਨੂੰ ਨਿਮਾਣੇ ਤੋਂ ਮਾਣ ਵਾਲਾ ਕੀਤਾ। ਉਸ ਨੇ ਇਸ ਸੰਸਾਰ ‘ਤੇ ਰਹਿੰਦਿਆਂ ਹੀ ਮੁਕਤੀ ਪ੍ਰਾਪਤ ਕਰ ਲਈ ਅਤੇ ਉਚੇ ਅਰਸ਼ਾਂ ਵਿਚ ਇੱਕ ਅਟੱਲ ਸਥਾਨ ਪ੍ਰਾਪਤ ਕਰ ਲਿਆ, ਉਸ ਦਾ ਨਿਵਾਸ ਸਦਾ ਲਈ ਅਕਾਸ਼ ਵਿਚ ਸਥਾਪਤ ਹੋ ਗਿਆ (ਪੁਰਾਣਕ ਮਿੱਥ ਅਨੁਸਾਰ ਧਰੂ ਇੱਕ ਤਾਰੇ ਦੇ ਰੂਪ ਵਿਚ ਹਮੇਸ਼ਾ ਅਕਾਸ਼ ਵਿਚ ਇੱਕ ਸਥਿਰ ਥਾਂ ਚਮਕਦਾ ਰਹਿੰਦਾ ਹੈ)। ਅਕਾਸ਼ ਵਿਚ ਚੰਦਰਮਾ, ਸੂਰਜ ਅਤੇ ਤੇਤੀ ਕਰੋੜ ਦੇਵਤੇ (ਹਿੰਦੂ ਮਿੱਥ ਅਨੁਸਾਰ ਦੇਵਤਿਆ ਦੀ ਗਿਣਤੀ ਤੇਤੀ ਕ੍ਰੋੜ ਮੰਨੀ ਗਈ ਹੈ) ਉਸ ਦੇ ਦੁਆਲੇ ਪਰਿਕਰਮਾ ਕਰਦੇ ਰਹਿੰਦੇ ਹਨ। ਉਸ ਦੀ ਭਗਤੀ ਦੇ ਕਾਰਨ ਹੀ ਧਰੂ ਦੀ ਵਡਿਆਈ, ਉਸ ਦਾ ਜੱਸ ਅਤੇ ਪਰਤਾਪ ਵੇਦਾਂ ਤੇ ਪੁਰਾਣਾਂ ਵਿਚ ਬਹੁਤ ਚੰਗੀ ਤਰ੍ਹਾਂ ਬਿਆਨ ਕੀਤਾ ਹੋਇਆ ਹੈ। ਉਸ ਅਕਾਲ ਪੁਰਖ ਦੀ ਗਤੀ ਨੂੰ ਕੋਈ ਵੀ ਬਿਆਨ ਨਹੀਂ ਕਰ ਸਕਦਾ; ਉਸ ਦੀ ਗਤੀ ਅਕੱਥ, ਰਹੱਸਮਈ ਅਤੇ ਸਾਰੇ ਵਿਚਾਰਾਂ ਤੋਂ ਪਾਰ ਹੈ ਭਾਵ ਉਸ ਦੀਆਂ ਰਮਜ਼ਾਂ, ਉਹ ਆਪ ਹੀ ਜਾਣਦਾ ਹੈ, ਹੋਰ ਕੋਈ ਦੂਸਰਾ ਨਹੀਂ ਜਾਣ ਸਕਦਾ। ਕੇਵਲ ਗੁਰੂ ਦੀ ਸਿੱਖਿਆ ‘ਤੇ ਚੱਲਣ ਵਾਲੇ ਹੀ ਉਸ ਦੇ ਦਰਸ਼ਨ ਦਾ ਸੁਖ ਫਲ ਪਾਉਂਦੇ ਹਨ, ਉਸ ਦੇ ਇੱਕ ਭੋਰਾ ਦਰਸ਼ਨ ਕਰ ਲੈਂਦੇ ਹਨ:
ਹੋਇ ਨਿਮਾਣਾ ਭਗਤਿ ਕਰਿ
ਗੁਰਮੁਖਿ ਧ੍ਰੂ ਹਰਿ ਦਰਸਨੁ ਪਾਇਆ।
ਭਗਤਿ ਵਛਲੁ ਹੋਇ ਭੇਟਿਆ
ਮਾਣੁ ਨਿਮਾਣੇ ਆਪਿ ਦਿਵਾਇਆ।
ਮਾਤ ਲੋਕ ਵਿਚਿ ਮੁਕਤਿ ਕਰਿ
ਨਿਹਚਲੁ ਵਾਸੁ ਅਗਾਸਿ ਚੜਾਇਆ।
ਚੰਦੁ ਸੂਰਜ ਤੇਤਿਸ ਕਰੋੜਿ
ਪਰਦਖਣਾ ਚਉਫੇਰਿ ਫਿਰਾਇਆ।
ਵੇਦ ਪੁਰਾਣ ਵਖਾਣਦੇ
ਪਰਗਟੁ ਕਰਿ ਪਰਤਾਪੁ ਜਣਾਇਆ।
ਅਬਿਗਤਿ ਗਤਿ ਅਤਿ ਅਗਮ ਹੈ
ਅਕਥ ਕਥਾ ਵੀਚਾਰੁ ਨ ਆਇਆ।
ਗੁਰਮੁਖਿ ਸੁਖ ਫਲੁ ਅਲਖੁ ਲਖਾਇਆ॥੨੧॥
ਧਰੂ ਭਗਤ ਦਾ ਹਵਾਲਾ ਦਿੰਦਿਆਂ ਗੁਰੂ ਅਰਜਨ ਦੇਵ ਆਪਣੇ ਮਨ ਨੂੰ ਸਮਝਾਉਂਦੇ ਹਨ, ਹੇ ਮਨ! ਭਗਤਾਂ ਦੀਆਂ ਸਾਖੀਆਂ ਤੋਂ ਪਤਾ ਲੱਗਦਾ ਹੈ ਕਿ ਗੁਰੂ ਦੀ ਸਿੱਖਿਆ ‘ਤੇ ਚੱਲ ਕੇ ਕਿਸ ਤਰ੍ਹਾਂ ਅਕਾਲ ਪੁਰਖ ਦੇ ਨਾਮ ਸਿਮਰਨ ਨਾਲ ਛੋਟੇ ਤੋਂ ਛੋਟੇ ਮਨੁੱਖ ਵੀ ਸੰਸਾਰ ਸਾਗਰ ਤੋਂ ਪਾਰ ਹੋ ਗਏ ਅਤੇ ਤੂੰ ਵੀ ਪ੍ਰੇਮ ਨਾਲ ਉਸ ਦੇ ਨਾਮ ਦਾ ਸਿਮਰਨ ਕਰ। ਉਹ ਭਗਤਾਂ ਦੇ ਹਵਾਲੇ ਨਾਲ ਦੱਸਦੇ ਹਨ ਕਿ ਉਸ ਦਾ ਨਾਮ ਜਪਿਆਂ ਮਨੁੱਖ ਤਰ ਜਾਂਦਾ ਹੈ। ਅਜਾਮਲ ਅਕਾਲ ਪੁਰਖ ਦਾ ਸਿਮਰਨ ਕਰਕੇ ਇਸ ਸੰਸਾਰ ਸਾਗਰ ਤੋਂ ਸਦਾ ਲਈ ਪਾਰ ਹੋ ਗਿਆ। ਬਾਲਮੀਕ ਨੂੰ ਗੁਰੂ ਦੀ ਸੰਗਤਿ ਪ੍ਰਾਪਤ ਹੋਈ ਅਤੇ ਉਸ ਨੇ ਅਕਾਲ ਪੁਰਖ ਦਾ ਨਾਮ ਸਿਮਰਨ ਕਰ ਕੇ ਵਡਿਆਈ ਹਾਸਲ ਕੀਤੀ। ਇਸੇ ਤਰ੍ਹਾਂ ਧਰੂ ਭਗਤ ਨੂੰ ਨਾਮ ਸਿਮਰਨ ਰਾਹੀਂ ਅਕਾਲ ਪੁਰਖ ਪਰਤੱਖ ਹੋ ਕੇ ਮਿਲਿਆ:
ਸੁਣਿ ਸਾਖੀ ਮਨ ਜਪਿ ਪਿਆਰ॥
ਅਜਾਮਲੁ ਉਧਰਿਆ ਕਹਿ ਏਕ ਬਾਰ॥
ਬਾਲਮੀਕੈ ਹੋਆ ਸਾਧਸੰਗੁ॥
ਧਰ੍ਰੂ ਕਉਮਿਲਿਆ ਹਰਿ ਨਿਸੰਗ॥੧॥ (ਪੰਨਾ ੧੧੯੨)
ਭਾਈ ਗੁਰਦਾਸ ਪੰਜਵੀਂ ਵਾਰ ਵਿਚ ਗੁਰਮੁਖਿ ਦੇ ਲੱਛਣ ਅਰਥਾਤ ਉਸ ਦੇ ਵਿਸ਼ੇਸ਼ ਗੁਣਾਂ ਦਾ ਵਰਣਨ ਕਰਦੇ ਹਨ ਕਿ ਗੁਰਮੁਖਿ ਜਾਂ ਗੁਰਸਿੱਖ ਵਿਚ ਖਾਸ ਗੁਣ ਕਿਹੜੇ ਹੁੰਦੇ ਹਨ ਜਾਂ ਹੋਣੇ ਚਾਹੀਦੇ ਹਨ। ਸਤਿ ਸੰਗਤਿ ਨੂੰ ਗੁਰਮਤਿ ਵਿਚ ਇੱਕ ਅਜਿਹੀ ਸੰਸਥਾ ਤਸਲੀਮ ਕੀਤਾ ਗਿਆ ਹੈ ਜਿੱਥੇ ਜਾ ਕੇ ਮਨੁੱਖ ਨਾਮ ਸਿਮਰਨ, ਸੇਵਾ ਅਤੇ ਹਲੀਮੀ ਵਰਗੇ ਗੁਣ ਸਿੱਖਦਾ ਹੈ। ਗੁਰਮੁਖਿ ਪਦ ਪ੍ਰਾਪਤ ਕਰਨ ਲਈ ਇਹ ਇੱਕ ਤਰ੍ਹਾਂ ਦੀ ਪਾਠਸ਼ਾਲਾ ਹੈ।
ਭਾਈ ਗੁਰਦਾਸ ਦੱਸਦੇ ਹਨ ਕਿ ਜਿਸ ਮਨੁੱਖ ਨੇ ਗੁਰਮੁਖਿ ਪਦ ਪ੍ਰਾਪਤ ਕਰ ਲਿਆ ਭਾਵ ਜੋ ਮਨੁੱਖ ਗੁਰੂ ਦੇ ਦੱਸੇ ਰਸਤੇ ‘ਤੇ ਚੱਲਣ ਦੇ ਯੋਗ ਹੋ ਗਿਆ, ਉਹ ਫਿਰ ਸਤਿ-ਸੰਗੀਆਂ ਦੀ ਸੰਗਤਿ ਵਿਚ ਬੈਠਦਾ ਹੈ, ਭੈੜੇ ਬੰਦਿਆਂ ਦੀ ਸੰਗਤਿ ਵਿਚ ਬੈਠਣ ਤੋਂ ਪ੍ਰਹੇਜ਼ ਕਰਦਾ ਹੈ। ਗੁਰਮੁਖਿ ਦਾ ਰਸਤਾ ਸਿੱਧਾ-ਸਾਦਾ ਅਤੇ ਮਨ ਨੂੰ ਸਕੂਨ ਦੇਣ ਵਾਲਾ, ਖੁਸ਼ੀ ਦੇਣ ਵਾਲਾ ਹੈ, ਗੁਰਮੁਖਿ ਇਸ ਰਸਤੇ ‘ਤੇ ਚੱਲ ਕੇ ਅਨੰਦ ਮਾਣਦਾ ਹੈ। ਉਹ ਸੰਨਿਆਸੀਆਂ ਦੇ ਬਾਰਾਂ ਪੰਥਾਂ ਤੋਂ ਦੂਰ ਰਹਿੰਦਾ ਹੈ, ਉਨ੍ਹਾਂ ਨਾਲ ਕੋਈ ਸਬੰਧ ਨਹੀਂ ਰੱਖਦਾ। ਗੁਰਮਤਿ ਵਿਚ ਰੰਗ, ਨਸਲ, ਜਾਤ ਆਦਿ ਦੇ ਵਿਸ਼ਵਾਸਾਂ ਦਾ ਖੰਡਨ ਕੀਤਾ ਗਿਆ ਹੈ। ਗੁਰੂ ਦੇ ਦੱਸੇ ਰਸਤੇ ‘ਤੇ ਚੱਲਣ ਵਾਲਾ ਮਨੁੱਖ ਅਜਿਹੀਆਂ ਗੁਰਮਤਿ ਵਿਰੋਧੀ ਮਨੁੱਖ ਦੀਆਂ ਪਾਈਆਂ ਵੰਡੀਆਂ ਨੂੰ ਨਹੀਂ ਮੰਨਦਾ। ਗੁਰੂ ਦੇ ਰਸਤੇ ‘ਤੇ ਚੱਲਣ ਵਾਲਾ ਮਨੁੱਖ ਜਾਤ, ਜਨਮ, ਰੰਗ, ਨਸਲ ਦੇ ਭੇਦ-ਭਾਵ ਤੋਂ ਪਾਰ ਲੰਘ ਜਾਂਦਾ ਹੈ ਅਤੇ ਪਾਨ ਦੇ ਪੱਤੇ ਦੇ ਲਾਲ ਰੰਗ ਦੀ ਤਰ੍ਹਾਂ ਸਾਰਿਆਂ ਨੂੰ ਬਰਾਬਰ ਮੰਨਦਾ ਹੈ ਤੇ ਸਤਿ ਸੰਗਤ ਵਿਚ ਜਾਂਦਾ ਹੈ। ਗੁਰਮੁਖਿ ਗੁਰੂ ਦੇ ਦੱਸੇ ਸਿਧਾਂਤਾਂ ‘ਤੇ ਚੱਲਦਾ ਹੈ। ਛੇ ਦਰਸ਼ਨਾਂ (ਹਿੰਦੂ ਧਰਮ ਦੇ ਖੱਟ ਦਰਸ਼ਨ) ਵਿਚ ਵਿਸ਼ਵਾਸ ਨਹੀਂ ਕਰਦਾ। ਉਸ ਦੀ ਸਿਆਣਪ ਨਿਸਚਲ ਹੈ ਜੋ ਵਿਚਲਿਤ ਨਹੀਂ ਹੁੰਦੀ। ਉਹ ਇਕ ਪਰਮ ਸਤਿ ਵਿਚ ਆਪਣੀ ਮੱਤ ਨੂੰ ਟਿਕਾ ਕੇ ਰੱਖਦਾ ਹੈ, ਦਵੈਤ ਨੂੰ ਨਹੀਂ ਮੰਨਦਾ। ਗੁਰਮੁਖਿ ਸ਼ਬਦ ਦੀ ਕਮਾਈ ਕਰਦਾ ਹੈ, ਭਾਵ ਗੁਰੂ ਦੇ ਦੱਸੇ ਸ਼ਬਦ ਦਾ ਅਨੁਸਾਰੀ ਹੋ ਕੇ ਚੱਲਦਾ ਹੈ ਅਤੇ ਪੈਰੀਂ ਪੈਣ ਦੀ ਰੀਤ ਨਿਭਾਉਂਦਾ ਹੈ। ਪੈਰੀਂ ਪੈਣ ਦਾ ਅਰਥ ਹੈ ਮਨ ਅੰਦਰ ਹਲੀਮੀ ਧਾਰਨ ਕਰਨਾ, ਹਰ ਇੱਕ ਨਾਲ ਹਲੀਮ ਹੋ ਕੇ ਵਰਤਣਾ। ਗੁਰਮੁਖਿ ਅਕਾਲ ਪੁਰਖ ਦੀ ਪ੍ਰੇਮਾ ਭਗਤੀ ਵਿਚ ਲੀਨ ਰਹਿੰਦਾ ਹੈ:
ਗੁਰਮੁਖਿ ਹੋਵੈ ਸਾਧਸੰਗੁ
ਹੋਰਤੁ ਸੰਗਿ ਕੁਸੰਗਿ ਨ ਰਚੈ।
ਗੁਰਮੁਖਿ ਪੰਥੁ ਸੁਹੇਲੜਾ
ਬਾਰਹ ਪੰਥ ਨ ਖੇਚਲ ਖਚੈ।
ਗੁਰਮੁਖਿ ਵਰਨ ਅਵਰਨ ਹੋਇ
ਰੰਗ ਸੁਰੰਗੁ ਤੰਬੋਲ ਪਰਚੈ।
ਗੁਰਮੁਖਿ ਦਰਸਨੁ ਦੇਖਣਾ
ਛਿਅ ਦਰਸਨ ਪਰਸਣ ਨ ਸਰਚੈ।
ਗੁਰਮੁਖਿ ਨਿਹਚਲ ਮਤਿ ਹੈ
ਦੂਜੈ ਭਾਇ ਲੁਭਾਇ ਨ ਪਚੈ।
ਗੁਰਮੁਖਿ ਸਬਦੁ ਕਮਾਵਣਾ
ਪੈਰੀ ਪੈ ਰਹਰਾਸਿ ਨ ਹਚੈ।
ਗੁਰਮੁਖਿ ਭਾਇ ਭਗਤਿ ਚਹਮਚੈ॥੧॥
ਭਾਈ ਗੁਰਦਾਸ ਵੱਲੋਂ ਉਪਰ ਦੱਸੇ ਗੁਰਮੁਖਿ ਦੇ ਲੱਛਣ ਹੀ ਇੱਕ ਸਿੱਖ ਦੇ ਲੱਛਣ ਹੋਣੇ ਚਾਹੀਦੇ ਹਨ, ਇਹ ਗੁਰਮਤਿ ਦਾ ਰਸਤਾ ਹੈ ਜਿਸ ‘ਤੇ ਸਿੱਖ ਨੇ ਚੱਲਣਾ ਹੈ ਅਤੇ ਭਾਈ ਗੁਰਦਾਸ ਨੇ ਇਸੇ ਨੂੰ ‘ਮਾਰਿਆ ਸਿਕਾ ਜਗਤਿ ਵਿਚਿ ਨਾਨਕ ਨਿਰਮਲ ਪੰਥੁ ਚਲਾਇਆ’ ਕਿਹਾ ਹੈ। ਅਗਲੀ ਪਉੜੀ ਵਿਚ ਗੁਰਮੁਖਿ ਦੇ ਇੱਕ ਅਕਾਲ ਪੁਰਖ ਵਿਚ ਵਿਸ਼ਵਾਸ ਦੀ ਗੱਲ ਕਰਦਿਆਂ ਭਾਈ ਗੁਰਦਾਸ ਕਹਿੰਦੇ ਹਨ ਕਿ ਗੁਰਮੁਖਿ ਸਿਰਫ ਤੇ ਸਿਰਫ ਇੱਕ ਅਕਾਲ ਪੁਰਖ ਦੀ ਅਰਾਧਨਾ ਕਰਦਾ ਹੈ ਅਤੇ ਮਨ ਅੰਦਰ ਕਿਸੇ ਹੋਰ ਸ਼ਕਤੀ ਪ੍ਰਤੀ ਕੋਈ ਵਿਸ਼ਵਾਸ ਨਹੀਂ ਰੱਖਦਾ, ਕੋਈ ਭਰਮ ਨਹੀਂ ਪਾਲਦਾ। ਉਹ ਆਪਣੇ ਅੰਦਰੋਂ ਹਉਮੈ ਜਾਂ ‘ਮੈਂ’ ਦੀ ਭਾਵਨਾ ਨੂੰ ਬਿਲਕੁਲ ਦੂਰ ਕਰ ਦਿੰਦਾ ਹੈ ਕਿਉਂਕਿ ਜਿੱਥੇ ਹਉਮੈ ਹੈ, ਉਥੇ ਨਾਮ ਦਾ ਵਾਸਾ ਨਹੀਂ ਹੋ ਸਕਦਾ। ਆਪਣੇ ਅੰਦਰੋਂ ਹਉਮੈ ਖਤਮ ਕਰਕੇ, ਗੁਰਮਤਿ ਦਾ ਅਨੁਸਾਰੀ ਹੋ ਕੇ ਉਹ ਇਸ ਜਗਤ ਵਿਚ ਰਹਿੰਦਿਆਂ ਵੀ ਇਸ ਦੇ ਬੁਰੇ ਅਸਰਾਂ ਜਿਵੇਂ ਕ੍ਰੋਧ ਆਦਿ ਤੋਂ ਨਿਰਲੇਪ ਹੋ ਕੇ ਸਹਿਜ ਅਵਸਥਾ ਵਿਚ ਵਿਚਰਦਾ ਹੈ, ਇਸੇ ਨੂੰ ਗੁਰਮਤਿ ਵਿਚ ‘ਜੀਵਨ ਮੁਕਤਿ’ ਦੀ ਅਵਸਥਾ ਕਿਹਾ ਹੈ। ਗੁਰੂ ਦੇ ਦੱਸੇ ਰਸਤੇ ‘ਤੇ ਚੱਲਣ ਵਾਲਾ ਮਨੁੱਖ ਇਸ ਜੀਵਨ ਵਿਚ ਰਹਿੰਦਿਆਂ ਹੀ ਮੁਕਤੀ ਪ੍ਰਾਪਤ ਕਰ ਲੈਂਦਾ ਹੈ। ਗੁਰਮੁਖਿ ਦੀ ਪਛਾਣ ਉਸ ਦੇ ਲੱਛਣਾਂ ਤੋਂ ਹੁੰਦੀ ਹੈ ਅਤੇ ਉਸ ਦਾ ਇੱਕ ਲੱਛਣ ਇਹ ਹੈ ਕਿ ਉਹ ਗੁਰੂ ਦੀ ਸਿੱਖਿਆ ਨੂੰ ਆਪਣੇ ਮਨ ਅੰਦਰ ਪੂਰੀ ਤਰ੍ਹਾਂ ਵਸਾ ਲੈਂਦਾ ਹੈ ਅਤੇ ਮਨ ਵਿਚੋਂ ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ ਨੂੰ ਪੂਰੀ ਤਰ੍ਹਾਂ ਦੂਰ ਕਰਕੇ ਇਸ ਸਰੀਰ ਰੂਪੀ ਕਿਲੇ ਤੇ ਮਨ-ਦੋਵਾਂ ਨੂੰ ਜਿੱਤ ਲੈਂਦਾ ਹੈ। ਗੁਰਮਤਿ ਵਿਚ ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ ਨੂੰ ਪੰਜ ਦੂਤ ਕਿਹਾ ਗਿਆ ਹੈ ਜੋ ਮਨੁੱਖ ਅੰਦਰੋਂ ਚੰਗਿਆਈਆਂ ਖਤਮ ਕਰ ਦਿੰਦੇ ਹਨ ਅਤੇ ਉਸ ਨੂੰ ਆਪਣੇ ਮਾਰਗ ਤੋਂ ਵਿਚਲਿਤ ਕਰ ਦਿੰਦੇ ਹਨ। ਇਸ ਲਈ ਗੁਰਮਤਿ ਮਾਰਗ ‘ਤੇ ਚੱਲਣ ਲਈ ਇਨ੍ਹਾਂ ਪੰਜਾਂ ਦੂਤਾਂ ‘ਤੇ ਜਿੱਤ ਪ੍ਰਾਪਤ ਕਰਨੀ ਬਹੁਤ ਜ਼ਰੂਰੀ ਹੈ, ਜਿਸ ਦੀ ਭਾਈ ਗੁਰਦਾਸ ਇਥੇ ਗੱਲ ਕਰ ਰਹੇ ਹਨ। ਇਨ੍ਹਾਂ ‘ਤੇ ਜਿੱਤ ਪ੍ਰਾਪਤ ਕਰ ਲੈਣ ਦਾ ਅਰਥ ਹੈ ਆਪਣੇ ਆਪ ‘ਤੇ ਜਿੱਤ ਪ੍ਰਾਪਤ ਕਰ ਲੈਣੀ ਅਤੇ ਇਹ ਇੱਕ ਮੁਸ਼ਕਿਲ ਕੰਮ ਹੈ ਜੋ ਗੁਰੂ ਦੇ ਰਸਤੇ ‘ਤੇ ਚੱਲਣ ਵਾਲਾ ਕਰ ਸਕਦਾ ਹੈ।
ਅਗਲੀ ਪੰਕਤੀ ਵਿਚ ਭਾਈ ਗੁਰਦਾਸ ਗੁਰਮੁਖਿ ਦਾ ਲੱਛਣ ਹਲੀਮੀ ਦੱਸਦੇ ਹਨ। ਜਿਸ ਮਨੁੱਖ ਦੇ ਮਨ ਵਿਚ ਦੂਜਿਆਂ ਪ੍ਰਤੀ ਹਲੀਮੀ ਨਹੀਂ, ਉਸ ਨੇ ਮਨ ਹਉਮੈ ਤੋਂ ਮੁਕਤਿ ਨਹੀਂ ਕੀਤਾ। ਹਲੀਮੀ ਦੀ ਵੱਡੀ ਨਿਸ਼ਾਨੀ ਦੱਸੀ ਹੈ ‘ਪੈਰੀ ਪੈ ਪਾ ਖਾਕੁ ਹੋਇ’ ਅਤੇ ਉਹ ਆਪਣੇ ਆਪ ਨੂੰ ਇਸ ਦੁਨੀਆਂ ‘ਤੇ ਮਹਿਮਾਨ ਦੀ ਤਰ੍ਹਾਂ ਆਏ ਹੋਏ ਸਮਝਦੇ ਹਨ ਅਤੇ ਉਨ੍ਹਾਂ ਦੇ ਇਸ ਹਲੀਮ ਰਵੱਈਏ ਕਾਰਨ ਦੁਨੀਆਂ ਉਨ੍ਹਾਂ ਦੀ ਇੱਜਤ ਕਰਦੀ ਹੈ। ਗੁਰਸਿੱਖ, ਗੁਰਸਿੱਖਾਂ ਦੀ ਸੇਵਾ ਉਨ੍ਹਾਂ ਨੂੰ ਮਾਂ, ਬਾਪ, ਭੈਣ, ਭਾਈ ਸਮਝ ਕੇ ਕਰਦਾ ਹੈ ਭਾਵ ਉਹ ਦੂਜੇ ਗੁਰਸਿੱਖਾਂ ਦੀ ਸੇਵਾ ਆਪਣੇ ਸਕੇ ਸਬੰਧੀਆਂ ਦੀ ਤਰ੍ਹਾਂ ਹੀ ਕਰਦਾ ਹੈ। ਉਹ ਆਪਣੇ ਅੰਦਰੋਂ ਹਰ ਤਰ੍ਹਾਂ ਦੀ ਭੈੜੀ ਮਤਿ, ਭਰਮ ਅਤੇ ਦੁਬਿਧਾ ਦੂਰ ਕਰ ਦਿੰਦਾ ਹੈ ਤੇ ਆਪਣੀ ਮਤਿ-ਬੁਧਿ ਨੂੰ ਗੁਰੂ ਦੀ ਮਤਿ ਦਾ ਅਨੁਸਾਰੀ ਬਣਾ ਲੈਂਦਾ ਹੈ, ਆਪਣੀ ਸੁਰਤਿ ਨੂੰ ਗੁਰੂ ਦੇ ਸ਼ਬਦ ਵਿਚ ਲੀਨ ਕਰ ਲੈਂਦਾ ਹੈ। ਇਸ ਤਰ੍ਹਾਂ ਵਾਦ-ਵਿਵਾਦ, ਝੂਠ ਅਤੇ ਬੁਰੇ ਕੰਮਾਂ ਨੂੰ ਪੂਰੀ ਤਰ੍ਹਾਂ ਤਿਆਗ ਦਿੰਦਾ ਹੈ:
ਗੁਰਮੁਖਿ ਇਕੁ ਅਰਾਧਣਾ
ਇਕੁ ਮਨ ਹੋਇ ਨ ਹੋਇ ਦੁਚਿਤਾ।
ਗੁਰਮੁਖਿ ਆਪੁ ਗਵਾਇਆ
ਜੀਵਨੁ ਮੁਕਤਿ ਨ ਤਾਮਸ ਪਿਤਾ।
ਗੁਰ ਉਪਦੇਸੁ ਅਵੇਸੁ ਕਰਿ
ਸਣੁ ਦੂਤਾ ਵਿਖੜਾ ਗੜੁ ਜਿਤਾ।
ਪੈਰੀ ਪੈ ਪਾ ਖਾਕੁ ਹੋਇ
ਪਾਹੁਨੜਾ ਜਗਿ ਹੋਇ ਅਥਿਤਾ।
ਗੁਰਮੁਖਿ ਸੇਵਾ ਗੁਰ ਸਿਖਾ
ਗੁਰਸਿਖ ਮਾ ਪਿਉ ਭਾਈ ਮਿਤਾ।
ਦੁਰਮਤਿ ਦੁਬਿਧਾ ਦੂਰਿ ਕਰਿ
ਗੁਰਮਤਿ ਸਬਦ ਸੁਰਤਿ ਮਨੁ ਸਿਤਾ।
ਛਡਿ ਕੁਫਕੜੁ ਕੂੜੁ ਕੁਧਿਤਾ॥੨॥
ਭਾਈ ਗੁਰਦਾਸ ਗੁਰਮੁਖਿ ਦੇ ਲੱਛਣ ਦੱਸਣ ਲਈ ਸਹਿਚਾਰੀਆਂ ਅਰਥਾਤ ਇੱਕੋ ਜਿਹੇ ਆਚਰਣ ਜਾਂ ਆਚਾਰ-ਵਿਹਾਰ ਵਾਲੇ ਮਨੁੱਖਾਂ ਦਾ ਦ੍ਰਿਸ਼ਟਾਂਤ ਵਰਤਦੇ ਹਨ। ਹਿੰਦੂ ਧਰਮ ਸ਼ਾਸਤਰਾਂ ਨੇ ਭਾਰਤੀ ਸਮਾਜ ਨੂੰ ਵਰਣ ਅਰਥਾਤ ਰੰਗ ਦੇ ਆਧਾਰ ‘ਤੇ ਚਾਰ ਵਰਣਾਂ ਵਿਚ ਵੰਡਿਆ ਹੋਇਆ ਸੀ ਅਤੇ ਫਿਰ ਇਸ ਨੂੰ ਜਨਮ ‘ਤੇ ਆਧਾਰਤ ਕਰਦਿਆਂ ਵੱਖ ਵੱਖ ਜਾਤਾਂ ਬਣਾ ਦਿੱਤੀਆਂ। ਹਰ ਇੱਕ ਵਰਣ ਦਾ ਕਿੱਤਾ ਵੱਖਰਾ ਵੱਖਰਾ ਨਿਰਧਾਰਤ ਕਰ ਦਿੱਤਾ ਜਿਸ ਨੂੰ ਵਰਣ ਧਰਮ ਦਾ ਨਾਮ ਦੇ ਦਿੱਤਾ ਗਿਆ। ਇਸ ਤਰ੍ਹਾਂ ਹਰ ਮਨੁੱਖ ਦਾ ਧਰਮ ਵੀ ਉਸ ਦੇ ਵਰਣ ਮੁਤਬਿਕ ਹੋ ਗਿਆ ਭਾਵ ਹਰ ਇੱਕ ਦਾ ਧਰਮ ਵੀ ਵਰਣ ਅਨੁਸਾਰ ਵੱਖਰਾ ਹੋ ਗਿਆ। ਇਸੇ ਦੀ ਗੱਲ ਕਰਦਿਆਂ ਭਾਈ ਗੁਰਦਾਸ ਬਿਆਨ ਕਰਦੇ ਹਨ ਕਿ ਚਾਰੇ ਵਰਣਾਂ ਦੇ ਮਨੁੱਖ ਆਪੋ ਆਪਣੇ ਵਰਣ ਵਿਚ ਆਪੋ ਆਪਣੀਆਂ ਜਾਤਾਂ ਅਤੇ ਕੁਲ-ਕਬੀਲਿਆਂ ਦਾ ਧਰਮ ਨਿਭਾ ਰਹੇ ਹਨ। ਹਿੰਦੂ ਧਰਮ ਦੇ ਛੇ ਸ਼ਾਸਤਰ ਮੰਨੇ ਗਏ ਹਨ ਨਿਆਇ, ਵੈਸ਼ੇਸ਼ਕ, ਮੀਮਾਂਸਾ, ਵੇਦਾਂਤ, ਸਾਂਖ ਤੇ ਯੋਗ ਦਰਸ਼ਨ। ਇਨ੍ਹਾਂ ਛੇ ਦਰਸ਼ਨਾਂ ਦੇ ਆਪੋ ਆਪਣੇ ਸਿਧਾਂਤ ਹਨ, ਇਨ੍ਹਾਂ ਨੂੰ ਮੰਨਣ ਵਾਲੇ ਵੀ ਅਲੱਗ ਅਲੱਗ ਲੋਕ ਹਨ ਜੋ ਇਨ੍ਹਾਂ ਦਰਸ਼ਨਾਂ ਅਨੁਸਾਰ ਆਪੋ ਆਪਣੇ ਫਰਜ਼ ਨਿਭਾਉਂਦੇ ਹਨ ਅਤੇ ਇਨ੍ਹਾਂ ਵਿਚ ਦਿੱਤੇ ਦਰਸ਼ਨ-ਸਿਧਾਂਤਾਂ ਦਾ ਅਭਿਆਸ ਕਰਦੇ ਹਨ। ਇਸ ਤਰ੍ਹਾਂ ਆਪਣੇ ਸਾਹਿਬਾਂ ਭਾਵ ਮਾਲਕਾਂ ਨੂੰ ਉਨ੍ਹਾਂ ਦੇ ਚਾਕਰ-ਚੇਲੇ ਸਿਰ ਝੁਕਾਉਂਦੇ ਹਨ, ਨਮਸਕਾਰ ਕਰਦੇ ਹਨ। ਇਸੇ ਤਰ੍ਹਾਂ ਵੱਖ ਵੱਖ ਵਸਤਾਂ ਦੇ ਵਪਾਰੀ ਵੀ ਵੱਖ ਵੱਖ ਹੁੰਦੇ ਹਨ। ਕਿਸਾਨ ਖੇਤਾਂ ਵਿਚ ਵੱਖ ਵੱਖ ਫਸਲਾਂ ਬੀਜਦੇ ਹਨ। ਕਾਰੀਗਰ ਆਪਣੇ ਸਹਿਕਰਮੀਆਂ ਨੂੰ ਕਾਰਖਾਨਿਆਂ ਵਿਚ ਮਿਲਦੇ ਹਨ। ਇਸੇ ਤਰ੍ਹਾਂ ਗੁਰਸਿੱਖਾਂ ਦੇ ਮਿਲਣ ਦੀ ਥਾਂ ਸਾਧ-ਸੰਗਤਿ ਹੈ ਭਾਵ ਗੁਰਸਿੱਖ-ਗੁਰਮੁਖਿ ਗੁਰਸਿੱਖਾਂ ਨੂੰ ਸਾਧ-ਸੰਗਤਿ ਵਿਚ ਜਾ ਕੇ ਮਿਲਦੇ ਹਨ:
ਆਪਣੇ ਅਪਣੇ ਵਰਨ ਵਿਚਿ
ਚਾਰਿ ਵਰਨ ਕੁਲ ਧਰਮ ਧਰੰਦੇ।
ਛਿਅ ਦਰਸਨ ਛਿਅ ਸਾਸਤ੍ਰਾ
ਗੁਰ ਗੁਰਮਤਿ ਖਟੁ ਕਰਮ ਕਰੰਦੇ।
ਅਪਣੇ ਅਪਣੇ ਸਾਹਿਬੈ
ਚਾਕਰ ਜਾਇ ਜੁਹਾਰ ਜੁੜੰਦੇ।
ਅਪਣੇ ਅਪਣੇ ਵਣਜ ਵਿਚਿ
ਵਾਪਾਰੀ ਵਾਪਾਰ ਕਰੰਦੇ।
ਅਪਣੇ ਅਪਣੇ ਖੇਤ ਵਿਚਿ
ਬੀਉ ਸਭੈ ਕਿਰਸਾਣਿ ਬੀਜੰਦੇ।
ਕਾਰੀਗਰਿ ਕਾਰੀਗਰਾ
ਕਾਰਿਖਾਨੇ ਵਿਚਿ ਜਾਇ ਮਿਲੰਦੇ।
ਸਾਧਸੰਗਤਿ ਗੁਰਸਿਖ ਪੁਜੰਦੇ॥੩॥
ਅਗਲੀ ਪਉੜੀ ਵਿਚ ਸਹਿਚਾਰੀਆਂ ਜਾਂ ਇੱਕੋ ਜਿਹੇ ਕੰਮ ਕਰਨ ਵਾਲਿਆਂ ਦਾ ਦ੍ਰਿਸ਼ਟਾਂਤ ਦਿੱਤਾ ਹੈ ਜਿਵੇਂ ਨਸ਼ਾ ਕਰਨ ਵਾਲੇ ਅਮਲੀ ਅਮਲੀਆਂ ਨੂੰ ਮਿਲ ਕੇ ਖੁਸ਼ ਹੁੰਦੇ ਹਨ ਅਤੇ ਸੋਫੀ ਅਰਥਾਤ ਨਸ਼ਾ ਨਾ ਕਰਨ ਵਾਲੇ, ਨਾ ਕਰਨ ਵਾਲਿਆਂ ਨਾਲ ਮਿਲਦੇ-ਬੈਠਦੇ ਹਨ। ਜੁਆਰੀ ਆਪਸ ਵਿਚ ਇਕੱਠੇ ਹੋ ਕੇ ਜੂਆ ਖੇਡਦੇ ਹਨ, ਬੁਰੇ ਕਰਮ ਕਰਨ ਵਾਲੇ ਆਪਣੇ ਵਰਗੇ ਬੁਰੇ ਕਰਮ ਕਰਨ ਵਾਲਿਆਂ ਨਾਲ ਮਿਲਦੇ ਹਨ। ਚੋਰ ਚੋਰਾਂ ਨਾਲ ਮਿਲਾਪ ਕਰਦੇ ਹਨ ਅਤੇ ਠੱਗ ਠੱਗਾਂ ਨਾਲ ਮਿਲ ਕੇ ਠੱਗੀਆਂ ਮਾਰਦੇ ਹਨ। ਮਸ਼ਕਰੀਆਂ ਕਰਨ ਵਾਲੇ ਆਪਣੇ ਜਿਹੇ ਮਸ਼ਕਰਿਆਂ ਨੂੰ ਮਿਲਦੇ ਹਨ ਅਤੇ ਚੁਗਲ ਚੁਗਲਾਂ ਨਾਲ ਮਿਲ ਕੇ ਦੂਜਿਆਂ ਦੀ ਨਿੰਦਾ ਕਰਦੇ ਹਨ। ਜਿਨ੍ਹਾਂ ਨੂੰ ਤੈਰਨਾ ਨਹੀਂ ਆਉਂਦਾ, ਉਹ ਨਾ ਤਰਨ ਵਾਲਿਆਂ ਨੂੰ ਮਿਲਦੇ ਹਨ ਅਤੇ ਤਾਰੂ ਤਰਨ ਵਾਲਿਆਂ ਨਾਲ ਰਲ ਕੇ ਪਾਰ ਲੰਘ ਜਾਂਦੇ ਹਨ। ਦੁਖੀ ਬੰਦੇ ਦੁਖੀਆਂ ਨੂੰ ਮਿਲਦੇ ਹਨ ਅਤੇ ਇਕੱਠੇ ਬੈਠ ਕੇ ਦੁੱਖ-ਦਰਦ ਵੰਡਾਉਂਦੇ ਹਨ। ਗੁਰਸਿੱਖ ਸਤਿ ਸੰਗਤ ਵਿਚ ਜਾ ਕੇ ਗੁਰਸਿੱਖਾਂ ਨਾਲ ਮੇਲ-ਮਿਲਾਪ ਕਰਦੇ ਹਨ (ਅਤੇ ਨਾਮ ਸਿਮਰਦੇ ਹਨ):
ਅਮਲੀ ਰਚਨਿ ਅਮਲੀਆ
ਸੋਫੀ ਸੋਫੀ ਮੇਲੁ ਕਰੰਦੇ।
ਜੂਆਰੀ ਜੂਆਰੀਆ
ਵੇਕਰਮੀ ਵੇਕਰਮ ਰਚੰਦੇ।
ਚੋਰਾ ਚੋਰਾ ਪਿਰਹੜੀ
ਠਗ ਠਗ ਮਿਲਿ ਦੇਸ ਠਗੰਦੇ।
ਮਸਕਰਿਆ ਮਿਲਿ ਮਸਕਰੇ
ਚੁਗਲਾ ਚੁਗਲ ਉਮਾਹਿ ਮਿਲੰਦੇ।
ਮਨਤਾਰੂ ਮਨਤਾਰੂਆਂ
ਤਾਰੂ ਤਾਰੂ ਤਾਰ ਤਰੰਦੇ।
ਦੁਖਿਆਰੇ ਦੁਖਿਆਰਿਆਂ
ਮਿਲਿ ਮਿਲਿ ਆਪਣੇ ਦੁਖ ਰੁਵੰਦੇ।
ਸਾਧਸੰਗਤਿ ਗੁਰਸਿਖੁ ਵਸੰਦੇ॥੪॥