ਸਿੱਖ ਧਰਮ ਦਾ ਸਿਆਸੀਕਰਨ

ਗੁਰੂ ਸਾਹਿਬਾਨ ਨੇ ਜਿਹੜੀਆਂ ਅਲਾਮਤਾਂ ਤੋਂ ਲੋਕਾਈ ਨੂੰ ਛੁਟਕਾਰਾ ਦਿਵਾਉਣ ਲਈ ਸਿੱਖ ਧਰਮ ਦੀ ਨੀਂਹ ਰੱਖੀ ਸੀ, ਅੱਜ ਸਿੱਖ ਉਨ੍ਹਾਂ ਹੀ ਅਲਾਮਤਾਂ ਦੇ ਖੁਦ ਸ਼ਿਕਾਰ ਹੋਏ ਬੈਠੇ ਹਨ। ਬਾਬੇ ਨਾਨਕ ਨੇ ਜਿਨ੍ਹਾਂ ਹਾਕਮਾਂ ਨੂੰ Ḕਰਾਜੇ ਸ਼ੀਂਹ ਮੁਕੱਦਮ ਕੁੱਤੇḔ ਕਹਿ ਕੇ ਤ੍ਰਿਸਕਾਰਿਆ ਸੀ, ਸਿੱਖ ਉਨ੍ਹਾਂ ਦੇ ਹੀ ਗੁਲਾਮ ਬਣੇ ਬੈਠੇ ਹਨ। ਸਿੱਖਾਂ ਵਿਚ ਹਉਮੈ ਭਾਰੂ ਹੋ ਚੁਕੀ ਹੈ। ਗੁਰੂ ਘਰਾਂ ਦੇ ਪ੍ਰਬੰਧਕਾਂ ਵਿਚ ਲੜਾਈਆਂ ਇਸੇ ਹਉਮੈ ਦਾ ਹੀ ਨਤੀਜਾ ਹਨ।

ਇਸ ਲੇਖ ਵਿਚ ਮਾਸਟਰ ਦੀਵਾਨ ਸਿੰਘ ਨੇ ਸਿੱਖਾਂ ਵਿਚ ਆ ਚੁਕੀਆਂ ਇਨ੍ਹਾਂ ਅਲਾਮਤਾਂ ‘ਤੇ ਹੀ ਉਂਗਲ ਧਰੀ ਹੈ। -ਸੰਪਾਦਕ

ਮਾਸਟਰ ਦੀਵਾਨ ਸਿੰਘ
ਕਾਰਟਰੇਟ, ਨਿਊ ਜਰਸੀ
ਫੋਨ: 732-850-2719

ਧਰਮ ਅਤੇ ਸਿਆਸਤ, ਸਮਾਜ ਦੇ ਦੋ ਪਹਿਲੂ ਹਨ। ਇਨ੍ਹਾਂ ਦੇ ਸਿਧਾਂਤ ਇਕ ਦੂਜੇ ਤੋਂ ਬਿਲਕੁਲ ਵੱਖਰੇ ਹਨ। ਧਰਮ ਆਦਮੀ ਨੂੰ ਚੰਗਾ ਜੀਵਨ ਬਤੀਤ ਕਰਨ ਦੀ ਸੇਧ ਦਿੰਦਾ ਹੈ, ਆਦਮੀ ਨੂੰ ਚੰਗਾ ਬਣਨ ਵਿਚ ਮਦਦ ਕਰਦਾ ਹੈ, ਇਨਸਾਨ ਨੂੰ ਰੱਬ ਨਾਲ ਜੋੜਦਾ ਹੈ। ਸਿਆਸਤ ਦਾ ਕੰਮ ਵੀ ਭਾਵੇਂ ਸਮਾਜ ਦਾ ਭਲਾ ਕਰਨਾ ਹੈ, ਪਰ ਸਿਆਸਤ ਆਦਮੀ ਨੂੰ ਸਰਕਾਰ ਨਾਲ ਜੋੜਦੀ ਹੈ। ਸਿਆਸਤ ਨੇ ਧਰਮ ਤੋਂ ਸੇਧ ਲੈ ਕੇ ਲੋਕ ਭਲਾਈ ਦੇ ਕੰਮ ਕਰਨੇ ਹੁੰਦੇ ਹਨ। ਧਰਮ ਦਾ ਦਰਜਾ ਹਰ ਸਮੇਂ ਸਿਆਸਤ ਤੋਂ ਉਪਰ ਹੋਣਾ ਚਾਹੀਦਾ ਹੈ। ਜਦੋਂ ਸਿਆਸਤ ਧਰਮ ਉਤੇ ਭਾਰੂ ਹੋ ਜਾਵੇ ਤਾਂ ਮਜ਼ਲੂਮਾਂ ਦਾ ਘਾਣ ਹੁੰਦਾ ਹੈ। ਫਿਰ ਸਿਆਸਤਦਾਨ ਜਨਤਾ ਦੇ ਦੋਖੀ ਹੋ ਜਾਂਦੇ ਹਨ। ‘ਰਾਜੇ ਸ਼ੀਂਹ ਮੁਕੱਦਮ ਕੁੱਤੇ’ ਵਾਲੀ ਗੱਲ ਹੋ ਜਾਂਦੀ ਹੈ।
ਮੁਗਲਾਂ ਦੇ ਰਾਜ ਵਿਚ ਹਿੰਦੂ ਗੁਲਾਮੀ ਤੋਂ ਅੱਕ ਚੁਕੇ ਸਨ। ਮੁਗਲ ਭਾਰਤ ਵਿਚ ਸਿਰਫ ਇਕੋ ਇਕ ਧਰਮ ਇਸਲਾਮ ਚਾਹੁੰਦੇ ਸਨ। ਮੌਕੇ ਦੇ ਹਾਲਾਤ ਨੂੰ ਦੇਖਦਿਆਂ ਧਰਮ ਦੀ ਰੱਖਿਆ ਵਾਸਤੇ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਨੇ ਮੀਰੀ ਤੇ ਪੀਰੀ ਦੀਆਂ ਦੋ ਤਲਵਾਰਾਂ ਪਹਿਨੀਆਂ, ਸਿਆਸਤ ਤੇ ਧਰਮ ਦਾ ਸੁਮੇਲ ਕੀਤਾ, ਅਕਾਲ ਤਖਤ ਦੀ ਉਸਾਰੀ ਕਰਵਾਈ, ਫੌਜਾਂ ਰੱਖੀਆਂ, ਜੰਗਾਂ ਲੜੀਆਂ ਅਤੇ ਧਰਮ ਤੇ ਮਜ਼ਲੂਮਾਂ ਦੀ ਰੱਖਿਆ ਕੀਤੀ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਨੇ ਵੀ ਸਿੱਖ ਧਰਮ ਦੀ ਹਿਫਾਜ਼ਤ ਵਾਸਤੇ ਮੁਗਲਾਂ ਦਾ ਟਾਕਰਾ ਤਲਵਾਰ ਨਾਲ ਕੀਤਾ। ਸਿੱਖੀ ਨੂੰ ਢਾਹ ਲਾਉਣ ਵਾਸਤੇ ਸਿਰਫ ਮੁਸਲਮਾਨ ਹੀ ਨਹੀਂ ਸਨ, ਕੁਝ ਸਿੱਖ ਵੀ ਅਜਿਹੇ ਸਨ ਜਿਹੜੇ ਅਜਿਹਾ ਕਰ ਰਹੇ ਸਨ। ਗੁਰੂ ਘਰ ਦੀਆਂ ਸੂਹਾਂ ਮੁਗਲਾਂ ਨੂੰ ਦਿੰਦੇ ਸਨ। ਇਨ੍ਹਾਂ ਲੋਕਾਂ ਨੂੰ ਮਸੰਦਾਂ ਵਜੋਂ ਜਾਣਿਆ ਗਿਆ। ਇਨ੍ਹਾਂ ਮਸੰਦਾਂ ਦਾ ਸਫਾਇਆ ਕਰਨ ਵਾਸਤੇ ਗੁਰੂ ਜੀ ਨੇ ਮਿੱਟੀ ਦਾ ਤੇਲ ਪਾ ਕੇ ਸਾਰੇ ਫੂਕ ਦਿੱਤੇ ਸਨ।
ਹੁਣ ਸਮਾਂ ਬਦਲ ਚੁਕਾ ਹੈ। ਹੁਣ ਸਿੱਖੀ ਨੂੰ ਡਰ ਮੁਗਲਾਂ ਤੋਂ ਨਹੀਂ, ਉਨ੍ਹਾਂ ਮਸੰਦਾਂ ਦੀਆਂ ਉਲਾਦਾਂ ਤੋਂ ਹੈ ਜਿਹੜੇ ਗੁਰੂ ਘਰਾਂ ‘ਤੇ ਨਾਜਾਇਜ਼ ਕਬਜ਼ੇ ਕਰ ਕੇ ਬੈਠੇ ਹਨ। ਇਤਿਹਾਸ ਦੇ ਪੰਨੇ ਫਰੋਲ ਕੇ ਦੇਖੋ: ਜਦੋਂ ਵੀ ਸਿਆਸਤ ਧਰਮ ਉਤੇ ਭਾਰੂ ਹੋਈ, ਮਜ਼ਲੂਮਾਂ ਦਾ ਘਾਣ ਹੋਇਆ ਹੈ। ਤਾਜ਼ਾ ਮਿਸਾਲ ਪਿਛਲੇ ਦਸਾਂ ਸਾਲਾਂ ਦੀ ਹੈ ਜਦੋਂ ਸਿਆਸਤ ਨੇ ਧਰਮ ਨੂੰ ਗੁਲਾਮ ਬਣਾ ਲਿਆ। ਰਾਜੇ ਹੰਕਾਰੀ ਅਤੇ ਪਰਜਾ ਦੇ ਦੋਖੀ ਹੋ ਗਏ, ਗੁਰੂ ਘਰਾਂ ਤੇ ਪਰਜਾ ਨੂੰ ਰੱਜ ਕੇ ਲੁੱਟਿਆ। ਜਿਹੜਾ ਵੀ ਇਨ੍ਹਾਂ ਖਿਲਾਫ ਬੋਲਿਆ, ਉਸ ਨੂੰ ਕੁੱਟਿਆ ਗਿਆ।
ਸਿੱਖੀ ਦੀ ਢਹਿੰਦੀ ਕਲਾ ਦਾ ਇਕ ਕਾਰਨ ਇਹ ਹੈ ਕਿ ਅਸੀਂ ਸਿੱਖੀ ਨੂੰ ਸਿਰਫ ਬਾਣੇ ਤੱਕ ਸੀਮਤ ਕਰ ਦਿੱਤਾ ਹੈ, ਬੰਦੇ ਦੇ ਕਿਰਦਾਰ ਬਾਰੇ ਕੋਈ ਗੱਲ ਨਹੀਂ ਕੀਤੀ ਜਾਂਦੀ। ਅੱਜ ਵੀ ਮਸੰਦਾਂ ਨੇ ਸਿੱਖੀ ਦਾ ਸਿਆਸੀਕਰਨ ਕੀਤਾ ਹੋਇਆ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਅਜੇ ਵੀ ਅਨੇਕਾਂ ਸਿੱਖ ਅੰਮ੍ਰਿਤਧਾਰੀ ਹਨ, ਸੱਚ ਬੋਲਦੇ ਹਨ, ਧਰਮ ਦੀ ਕਿਰਤ ਕਰਦੇ ਹਨ, ਉਹ ਦਰਅਸਲ ਰੱਬ ਦਾ ਰੂਪ ਹਨ, ਪੂਜਣ ਯੋਗ ਹਨ। ਇਨ੍ਹਾਂ ਦੇ ਸਿਰ ‘ਤੇ ਹੀ ਸਿੱਖੀ ਟਿਕੀ ਹੋਈ ਹੈ।
ਅਕਾਲ ਤਖਤ ਅਜਿਹਾ ਸਥਾਨ ਹੈ ਜਿਸ ਦਾ ਨਾਂ ਸੁਣਦਿਆਂ ਹੀ ਹਰ ਸਿੱਖ ਦਾ ਸਿਰ ਝੁਕ ਜਾਂਦਾ ਹੈ, ਪਰ ਇਹ ਵੀ ਹੁਣ ਸਿਆਸਤ ਦਾ ਗੁਲਾਮ ਹੋ ਚੁਕਾ ਹੈ। ਮੁਸਲਮਾਨਾਂ ਦੇ ਮੱਕੇ ਵਿਚ ਜੋ ਇਮਾਮ ਬਣਦਾ ਹੈ, ਉਹ ਆਮ ਕਰ ਕੇ ਉਨ੍ਹਾਂ ਵਿਚੋਂ ਹੁੰਦਾ ਹੈ ਜਿਹੜੇ ਮਿਸਰ ਵਿਚ ਅਲ-ਅਜ਼ਹਰ, ਮੱਕੇ ਵਿਚ ਉਮ ਅਲ-ਕੁੱਰਾ ਆਦਿ ਯੂਨੀਵਰਸਿਟੀਆਂ ਤੋਂ ਪੜ੍ਹੇ ਹੋਏ ਹੁੰਦੇ ਹਨ। ਕੈਥੋਲਿਕ ਇਸਾਈਆਂ ਦਾ ਪੋਪ ਫਰਾਂਸਿਸ (ਜਾਰਜ ਮਾਰੀਓ ਬਰਗੋਗਲੀਓ) ਹੈ ਜੋ 1936 ‘ਚ ਅਰਜਨਟਾਈਨਾ ਦੇ ਸ਼ਹਿਰ ਬਿਉਨਿਸ ਏਰੀਸ ਵਿਚ ਪੈਦਾ ਹੋਇਆ। ਪਿਛਲੇ 60 ਸਾਲਾਂ ਤੋਂ ਪਾਦਰੀ, ਬਿਸ਼ਪ, ਕਾਰਡੀਨੈਲ ਦੇ ਤੌਰ ‘ਤੇ ਸੇਵਾ ਕਰ ਰਿਹਾ ਸੀ, ਫਿਰ ਉਸ ਨੂੰ ਪੋਪ ਥਾਪਿਆ ਗਿਆ, ਪਰ ਬੜੇ ਦੁਖ ਦੀ ਗੱਲ ਹੈ ਕਿ ਜਦੋਂ ਅਸੀਂ ਪੜ੍ਹਦੇ-ਸੁਣਦੇ ਹਾਂ ਕਿ ਸਿੱਖਾਂ ਦੇ ਪੋਪ, ਮਤਲਬ ਅਕਾਲ ਤਖਤ ਦੇ ਜਥੇਦਾਰ, ਸਿਆਸਤ ਦੇ ਬਾਬਾ ਬੋਹੜ ਕਹੇ ਜਾਂਦੇ ਆਗੂ ਦੀ ਜੇਬ ਵਿਚੋਂ ਨਿਕਲਦੇ ਹਨ। ਇਹ ਧਾਰਮਿਕ ਆਗੂ ਤਾਂ ਸਿਆਸਤ ਦੇ ਗੁਲਾਮ ਹਨ। ਧਰਮ ਦੇ ਅਜਿਹੇ ਠੇਕੇਦਾਰ ਜਿਹੜੇ ਗੁਰੂ ਘਰ ਲੁੱਟ ਲੁੱਟ ਕੇ ਫਾਈਵ ਸਟਾਰ ਹੋਟਲ ਬਣਾਉਣ ਲੱਗੇ ਹੋਏ ਹਨ, ਉਹ ਕੌਮ ਦਾ ਕੀ ਭਲਾ ਕਰਨਗੇ?
ਲੰਗਰ ਦੀ ਰਵਾਇਤ ਸਿੱਖ ਧਰਮ ਦੀ ਵੱਡੀ ਵਿਲੱਖਣਤਾ ਹੈ, ਪਰ ਇਸ ਦਾ ਵੀ ਹੁਣ ਸਿਆਸੀਕਰਨ ਹੋ ਚੁਕਾ ਹੈ। ਦੋ ਤਿੰਨ ਸਾਲ ਪਹਿਲਾਂ ਗੁਰੂ ਦੇ ਦਰਸ਼ਨ ਕਰਨ ਵਾਸਤੇ ਸ੍ਰੀ ਅਨੰਦਪੁਰ ਸਾਹਿਬ ਗਏ। ਸਿੱਖ ਨੂੰ ਭੁੱਖ ਹੋਵੇ ਜਾਂ ਨਾ ਹੋਵੇ, ਪਰ ਉਹ ਚਾਹੁੰਦਾ ਹੈ ਕਿ ਗੁਰੂ ਦਾ ਲੰਗਰ ਜ਼ਰੂਰ ਛਕਿਆ ਜਾਵੇ। ਮਨ ਨੂੰ ਬੜੀ ਹੈਰਾਨੀ ਅਤੇ ਦੁਖ ਵੀ ਹੋਇਆ ਕਿ ਗੁਰੂ ਘਰ ਲੰਗਰ ਪ੍ਰਸ਼ਾਦੇ ਦਾ ਇਹ ਹਾਲ ਹੋ ਸਕਦਾ ਹੈ! ਥਾਲੀਆਂ ਵਿਚ ਦਾਲ ਸਬਜ਼ੀ ਦੀ ਥਾਂ ਕਾਲਾ ਧੌਲਾ ਪਾਣੀ ਪਾਇਆ ਗਿਆ। ਦਾਲ ਦਾ ਦਾਣਾ ਤਾਂ ਚੁੱਭੀ ਮਾਰਿਆਂ ਵੀ ਨਹੀਂ ਸੀ ਲੱਭਦਾ। ਪਤਾ ਨਹੀਂ ਸੀ ਲੱਗਦਾ ਕਿ ਇਹ ਛੋਲਿਆਂ ਦੀ ਦਾਲ ਹੈ ਕਿ ਮਾਹਾਂ ਦੀ। ਧੁਆਂਖੇ ਹੋਏ ਪ੍ਰਸ਼ਾਦੇ ਸੇਵਾਦਾਰ ਦੂਰੋਂ ਹੀ ਵਗਾਹ ਵਗਾਹ ਸੁੱਟ ਰਿਹਾ ਸੀ। ਕੱਚੇ ਚੌਲਾਂ ਨੂੰ ਤਾਂ ਉਹੀ ਬੰਦਾ ਖਾ ਸਕਦਾ ਸੀ ਜਿਹੜਾ ਹਫਤੇ ਦਾ ਭੁੱਖਾ ਹੋਵੇ। ਤਖਤ ਸ੍ਰੀ ਕੇਸਗੜ੍ਹ, ਅਨੰਦਪੁਰ ਸਾਹਿਬ ਸਿੱਖਾਂ ਦਾ ਉਹ ਪਵਿੱਤਰ ਸਥਾਨ ਹੈ ਜਿਥੇ ਦਸਵੇਂ ਪਾਤਸ਼ਾਹ ਨੇ ਜ਼ਿੰਦਗੀ ਦੇ ਤੀਹ ਸਾਲ ਗੁਜ਼ਾਰੇ। ਦਾਸ ਦੀ ਤਾਂ ਕੋਈ ਔਕਾਤ ਨਹੀਂ ਕਿ ਐਡੇ ਵੱਡੇ ਗੁਰੂ ਘਰ ਦੀ ਨੁਕਤਾਚੀਨੀ ਕਰ ਸਕੇ। ਪੁੱਛਣ ‘ਤੇ ਪਤਾ ਲੱਗਾ ਕਿ ਸ਼੍ਰੋਮਣੀ ਕਮੇਟੀ ਵਾਲੇ ਲੰਗਰ ਵੀ ਠੇਕੇ ‘ਤੇ ਦੇ ਦਿੰਦੇ ਹਨ। ਦਿੰਦੇ ਵੀ ਉਨ੍ਹਾਂ ਨੂੰ ਹਨ ਜਿਹੜੇ ਉਨ੍ਹਾਂ ਦੇ ਚਹੇਤੇ ਹੋਣ।
ਸਿਆਸਤਦਾਨਾਂ ਦਾ ਭ੍ਰਿਸ਼ਟ ਹੋਣਾ ਤਾਂ ਹੁਣ ਆਮ ਜਿਹੀ ਗੱਲ ਹੈ। ਜੇ ਕਿਸੇ ਨੇ ਪੁਲਿਸ ਵਿਚ ਥਾਣੇਦਾਰ ਦੀ ਨੌਕਰੀ ਲੈਣੀ ਹੈ ਤਾਂ ਉਸ ਨੂੰ 20 ਲੱਖ ਰੁਪਏ ਦੇਣੇ ਪੈਂਦੇ ਹਨ। ਇਹ ਸੁਣ ਕੇ ਹੋਰ ਵੀ ਹੈਰਾਨੀ ਹੁੰਦੀ ਹੈ ਕਿ ਜੇ ਕਿਸੇ ਨੇ ਗੁਰੂ ਘਰ ਜਿਹੜੇ ਸ਼੍ਰੋਮਣੀ ਕਮੇਟੀ ਦੇ ਥੱਲੇ ਹਨ, ਵਿਚ ਨੌਕਰੀ ਲੈਣੀ ਹੋਵੇ ਤਾਂ ਉਸ ਨੂੰ ਵੀ ਇਲਾਕੇ ਦੇ ਜਥੇਦਾਰ ਨੂੰ ਲੱਖਾਂ ਰੁਪਏ ਦੇਣੇ ਪੈਂਦੇ ਹਨ। ਇਹ ਤਾਂ ਫਿਰ ਕੁਦਰਤੀ ਹੀ ਹੈ ਕਿ ਜੇ ਕੋਈ ਲੱਖਾਂ ਰੁਪਏ ਦੇ ਕੇ ਥਾਣੇਦਾਰ ਲਗਦਾ ਹੈ ਤਾਂ ਪੈਸੇ ਪੂਰੇ ਕਰਨ ਵਾਸਤੇ ਲੋਕਾਂ ਦੀਆਂ ਜੇਬਾਂ ਕੱਟੇਗਾ ਅਤੇ ਇਸੇ ਤਰ੍ਹਾਂ ਗ੍ਰੰਥੀ ਪੇਸੇ ਪੂਰੇ ਕਰਨ ਲਈ ਗੁਰੂ ਘਰ ਦੀਆਂ ਗੋਲਕਾਂ ਹੀ ਲੁੱਟੇਗਾ। ਸੁਣਨ ਵਿਚ ਆਇਆ ਹੈ ਕਿ ਇਨ੍ਹਾਂ ਜਥੇਦਾਰਾਂ ਦੇ ਰਿਸ਼ਤੇਦਾਰ ਸ਼੍ਰੋਮਣੀ ਕਮੇਟੀ ਦੀ ਪੇਅ-ਰੋਲ ‘ਤੇ ਹਨ। ਸਾਰਾ ਮਹੀਨਾ ਆਪਣਾ ਖੇਤੀ ਦਾ ਕੰਮ ਕਰਦੇ ਹਨ ਅਤੇ ਮਹੀਨੇ ਬਾਅਦ ਜਾ ਕੇ ਆਪਣੀ ਤਨਖਾਹ ਲੈ ਆਉਂਦੇ ਹਨ।
ਇਕ ਪਾਸੇ ਇਹ ਮਸੰਦ ਗੁਰੂ ਘਰਾਂ ਦੀ ਮਾਇਆ ਨੂੰ ਦੋਵੇਂ ਹੱਥੀਂ ਲੁੱਟਦੇ ਹਨ; ਦੂਜੇ ਪਾਸੇ ਕਰੋੜਾਂ ਹੀ ਲੋਕਾਂ ਦੇ ਸਿਰ ਉਤੇ ਛੱਤ ਨਹੀਂ, ਖਾਣ ਵਾਸਤੇ ਦੋ ਟਾਈਮ ਦੀ ਰੋਟੀ ਨਹੀਂ ਜੁੜਦੀ। ਸਿਆਣੇ ਕਹਿੰਦੇ ਨੇ ਕਿ ਜੇ ਤੰਦ ਟੁੱਟਿਆ ਹੋਵੇ ਤਾਂ ਗੰਢਿਆ ਜਾ ਸਕਦਾ, ਪਰ ਜੇ ਤਾਣਾ ਹੀ ਉਲਝ ਜਾਵੇ ਤਾਂ ਕੋਈ ਹੀਲਾ ਨਹੀ। ਜੇ ਕੋਈ ਸੱਚ ਬੋਲਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਨੂੰ ਧਰਮ ਦੇ ਇਹ ਠੇਕੇਦਾਰ ਤਨਖਾਹਾਂ ਲਾਉਂਦੇ ਹਨ, ਪੰਥ ਵਿਚੋਂ ਛੇਕ ਦਿੰਦੇ ਹਨ।
ਹੁਣ ਲੋੜ ਹੈ, ਧਰਮ ਨੂੰ ਬਿਲਕੁਲ ਵਖਰਾ ਕਰਨ ਦੀ। ਹੁਣ ਲੋੜ ਹੈ, ਅਕਾਲੀ ਫੂਲਾ ਸਿੰਘ ਵਰਗੇ ਜਥੇਦਾਰ ਦੀ ਜਿਹੜਾ ਮਹਾਰਾਜਿਆਂ ਨੂੰ ਵੀ ਕੋਰੜੇ ਮਾਰਨ ਦੀ ਹਿੰਮਤ ਰੱਖਦਾ ਹੋਵੇ। ਹੁਣ ਲੋੜ ਹੈ, ਸਿੱਖਾਂ ਨੂੰ ਇਕੱਠਿਆਂ ਕਰਨ ਦੀ। ਧਰਮ ਦੇ ਖੇਤਰ ਵਿਚ ਉਹੀ ਬੰਦੇ ਮੋਹਰੇ ਆਉਣੇ ਚਾਹੀਦੇ ਹਨ ਜਿਹੜੇ ‘ਪ੍ਰਾਣ ਜਾਏ ਪਰ ਵਚਨ ਨਾ ਜਾਈ’ ਵਿਚ ਵਿਸ਼ਵਾਸ ਰੱਖਦੇ ਹੋਣ। ਧਰਮ ਦੇ ਆਗੂ ਸੱਚੇ ਸੁੱਚੇ ਅਤੇ ਤਿਆਗੀ ਹੋਣੇ ਚਾਹੀਦੇ ਹਨ ਜਿਹੜੇ ਮਾਇਆ ਦੇ ਮੋਹ ਤੋਂ ਉਪਰ ਉਠ ਚੁਕੇ ਹੋਣ ਅਤੇ ਸਿਆਸਤ ਨਾਲ ਉਨ੍ਹਾਂ ਦਾ ਦੂਰ ਦਾ ਵੀ ਰਿਸ਼ਤਾ ਨਾ ਹੋਵੇ। ਇਉਂ ਕਰ ਕੇ ਹੀ ਸਿੱਖ ਧਰਮ ਇਨ੍ਹਾਂ ਸਿਆਸਤਦਾਨਾਂ ਤੋਂ ਆਜ਼ਾਦ ਹੋ ਸਕਦਾ ਹੈ।