ਰਾਰੇ ਨੂੰ ਬਿਹਾਰੀ=ਸੀ

ਧਰਤੀ ਅਤੇ ਰੁੱਖਾਂ ਦੀਆਂ ਬਰਕਤਾਂ ਦੀਆਂ ਗੱਲਾਂ ਕਰਦਾ ਸੁਖਦੇਵ ਸਿੱਧੂ ਅਛੋਪਲੇ ਹੀ ਪਿੰਡ ਦੀ ਜੂਹ ਵਿਚ ਚਲਾ ਜਾਂਦਾ ਹੈ। ਵਲੈਤ ਵਿਚ ਇੰਨੇ ਸਾਲਾਂ ਤੋਂ ਵੱਸਦਾ ਹੋਣ ਦੇ ਬਾਵਜੂਦ ਆਪਣਾ ਪਿੰਡ ਅਤੇ ਆਪਣੇ ਲੋਕ ਉਹਦੀਆਂ ਲਿਖਤਾਂ ਵਿਚ ਚੁੰਗੀਆਂ ਭਰਦੇ ਜਾਪਦੇ ਹਨ। ਉਹ ਪਿੰਡ ਵੱਲ ਪੂਰੀ ਨੀਝ ਨਾਲ ਝਾਤੀ ਮਾਰਦਾ ਹੈ ਅਤੇ ਉਹਦੀਆਂ ਕੀਤੀਆਂ ਗੱਲਾਂ ਸੁੱਚੀ ਤੇ ਸੱਚੀ ਜ਼ਿੰਦਗੀ ਦਾ ਸਾਗਰ ਹੋ ਨਿਬੜਦੀਆਂ ਹਨ।

ਇਸ ਲੇਖ ਵਿਚ ਲੇਖਕ ਨੇ ਪੁਰਾਣੇ ਭਲੇ ਵੇਲਿਆਂ ਦੇ ਇਕ ਸਕੂਲ ਮਾਸਟਰ ਦਾ ਰੇਖਾ-ਚਿੱਤਰ ਖਿੱਚਿਆ ਹੈ, ਜਿਸ ਨੂੰ ਪੜ੍ਹ ਕੇ ਢਲਦੀ ਉਮਰ ਦੇ ਪਾਠਕਾਂ ਨੂੰ ਆਪਣਾ ਬਚਪਨ ਚੇਤੇ ਆ ਜਾਵੇਗਾ। -ਸੰਪਾਦਕ

ਸੁਖਦੇਵ ਸਿੱਧੂ

ਸਾਡੇ ਪ੍ਰਾਇਮਰੀ ਸਕੂਲ ਦੇ ਉਸਤਾਦਾਂ ‘ਚੋਂ ਬੁੱਢਾ ਮਾਸਟਰ ਮਸ਼ਹੂਰ ਸੀ। ਇਹਦਾ ਅਸਲੀ ਨਾਂ ਤਾਂ ਭਾਵਂੇ ਮਿਲਾਪ ਚੰਦ ਸੀ, ਪਰ ਅੱਲ ਪੈ ਗਈ, ਬੁੱਢਾ ਮਾਸਟਰ; ਇਹੋ ਨਿਭ ਗਿਆ। ਬਹੁਤਿਆਂ ਨੂੰ ਇਸੇ ਨਾਂ ਦਾ ਪਤਾ ਸੀ। ਸਾਰੇ ਮੂੰਹ ‘ਤੇ ਮਾਸਟਰ ਜੀ ਕਹਿੰਦੇ। ਇਹ ਨਕੋਦਰ ਦੇ ਭੱਲਿਆਂ ਮੁਹੱਲੇ ਦਾ ਬਾਸ਼ਿੰਦਾ ਸੀ। ਬਹੁਤੇ ਇਕਹਿਰੇ-ਜਿਹੇ ਸਰੀਰ ਦਾ ਉਸਤਾਦ ਜੀ ਪੰਜਾਹ-ਪਚਵੰਜਾ ਸਾਲ ਦਾ ਹੋਣਾ। ਬਹੁਤ ਮਾੜਕੂ ਜਿਹਾ। ਬਾਹਲਾ ਹੀ ਹੰਭਿਆ ਹੋਇਆ। ਸਿਰ ‘ਤੇ ਕੁੱਲੇ ਵਾਲੀ ਚਿੱਟੀ ਪੱਗ ਸਜਾਈ ਹੋਣੀ, ਮਾਂਡੀ ਦਿੱਤੀ ਹੋਈ ਹੁੰਦੀ। ਕੁੱਲਾ ਸੁਨਹਿਰੀ ਤਾਰਾਂ ਨਾਲ ਮੜ੍ਹਿਆ ਹੁੰਦਾ ਤੇ ਪੱਗ ਹਮੇਸ਼ਾ ਚਿੱਟੀ ਹੀ ਹੁੰਦੀ। ਉਪਰ ਛੋਟਾ ਜਿਹਾ ਡਿਗੂੰ ਡਿਗੂੰ ਕਰਦਾ ਤੁਰਲਾ। ਪਿੱਛੇ ਲੰਮਾ ਸਾਰਾ ਛੱਡਿਆ ਲੜ ਹੇਠਾਂ ਤੀਕ ਪਹੁੰਚਿਆ ਹੁੰਦਾ। ਸਾਦਾ ਕਾਜਾਂ ਵਾਲਾ ਲੰਮਾ ਝੱਗਾ। ਸੱਜੇ ਪਾਸੇ ਵੱਖੀ ਤੇ ਜੇਬ ਹੁੰਦੀ, ਤੇ ਖੱਬੇ ਪਾਸੇ ਛਾਤੀ ‘ਤੇ ਵੀ; ਜੇਬਾਂ ਉਤੇ ਕਾਜ ‘ਚ ਬਟਨ। ਤੇੜ ਖੁੱਲ੍ਹਾ ਪਜਾਮਾ ਹੁੰਦਾ। ਦਾਹੜੀ ਸਫਾਚੱਟ ਹੁੰਦੀ।
ਬੁੱਢਾ ਮਾਸਟਰ ਨਕੋਦਰੋਂ ਸਾਈਕਲ ‘ਤੇ ਪੜ੍ਹਾਉਣ ਆਉਂਦਾ ਸੀ। ਰੋਜ਼ ਨੌ ਕੁ ਮੀਲਾਂ ਦਾ ਪੈਂਡਾ ਤੈਅ ਕਰਕੇ। ਪੈਡਲ ਦੱਬਦੇ ਦਾ ਇਹਦਾ ਏਨਾ ਜ਼ੋਰ ਲੱਗਦਾ ਸੀ ਕਿ ਸਰੀਰ ਅੜਿੰਗ-ਬੜਿੰਗ ਹੋਈ ਜਾਂਦਾ ਦਿਸਦਾ। ਏਦਾਂ ਲੱਗਦਾ ਜਿਵੇਂ ਅਗਲੀ ਵਾਰੀ ਇਹਤੋਂ ਪੈਡਲ ਦੱਬਿਆ ਹੀ ਨਹੀਂ ਜਾਣਾ। ਇਹਦਾ ਸਾਈਕਲ ਖੜ ਜਾਣਾ ਤੇ ਇਹਨੇ ਆਪ ਡਿੱਗ ਪੈਣਾ। ਹੁਣ ਲੱਗਦਾ ਕਿ ਉਮਰ ਸ਼ਾਇਦ ਏਨੀ ਨਾ ਵੀ ਹੋਵੇ ਪਰ ਓਸ ਉਮਰੇ ਸਾਨੂੰ ਨਿਆਣਪੁਣੇ ਵਿਚ ਉਹ ਬਹੁਤਾ ਬੁੱਢਾ ਲਗਦਾ। ਇਹੀ ਉਹਦਾ ਨਾਂ ਪੱਕ ਗਿਆ। ਪਿੰਡ ਵਾਲੇ ਵੀ ਬੁੱਢਾ-ਮਾਸਟਰ, ਬੁੱਢਾ-ਮਾਸਟਰ ਹੀ ਕਹਿੰਦੇ।
ਉਹਦੀ ਬੋਲੀ ਤੋਂ ਹੀ ਸਾਫ ਪਤਾ ਲਗਦਾ ਕਿ ਇਹ ਪਿੱਛਿਓਂ ਝੰਗ ਦਾ ਸੀ। ਜਰੂਰ ਵੱਡੇ ਰੌਲਿਆਂ ‘ਚ ਉਜੜ ਕੇ ਆਇਆ ਹੋਣਾ! ਕਈ ਨਿਆਣੇ ਉਹਦੀ ਝਾਂਗੀ ਬੋਲੀ ਦੀਆਂ ਨਕਲਾਂ ਵੀ ਉਤਾਰਦੇ। ਉਹਦੀਆਂ ਰਾਲਾਂ ਵੀ ਵਗਦੀਆਂ ਰਹਿੰਦੀਆਂ, ਇਹ ਉਹਦੇ ਵੱਸ ਤਾਂ ਨਹੀਂ ਸੀ। ਰਾਲਾਂ ਸਾਂਭਣ ਲਈ ਉਹ ਵਿਚ ਵਿਚ ਸੜ੍ਹਾਕੇ ਮਾਰ ਲੈਂਦਾ। ਪਰ ਫਿਰ ਵੀ ਕਦੀ-ਕਦੀ ਵਿਚੋਂ ਡਿੱਗ ਹੀ ਪੈਂਦੀਆਂ। ਮੁੰਡਿਆਂ ਨੇ ਇਹ ਵਕੁਆ ਦੇਖ ਕੇ ਹਾਸਾ ਮਸੀਂ ਰੋਕਣਾ। ਜਿਹੜਾ ਹਾਸਾ ਰੋਕ ਲੈਂਦਾ, ਉਹ ਬਚ ਜਾਂਦਾ; ਜਿਹਦਾ ਹਾਸਾ ਨਿਕਲ ਜਾਂਦਾ, ਉਹਦੀ ਸ਼ਾਮਤ ਆ ਜਾਂਦੀ। ਸਹਿ ਸੁਭਾਅ ਗੱਲਾਂ ਕਰਦਾ ਵੀ ਕਈ ਵਾਰ ਉਹ ਮੂੰਹ ‘ਚੋਂ ਥੁੱਕ ਦੇ ਫੁਹਾਰੇ ਚਲਾ ਦਿੰਦਾ ਤੇ ਜਦੋਂ ਗੁੱਸੇ ‘ਚ ਹੁੰਦਾ, ਫਿਰ ਤਾਂ ਮੂਹਰੇ ਖੜੇ ਬੰਦੇ ਦਾ ਰੱਬ ਹੀ ਰਾਖਾ ਹੁੰਦਾ। ਇਸੇ ਕਰਕੇ ਬਹੁਤੇ ਨਿਆਣੇ ਉਹਦੇ ਲਾਗੇ ਨਹੀਂ ਸੀ ਖੜੋਂਦੇ। ਦੂਸਰੇ ਮਾਸਟਰ ਵੀ ਚੌਕਸੀ ਵਰਤਦੇ ਤੇ ਰਤਾ ਦੂਰ ਖੜ੍ਹੋ ਕੇ ਗੱਲ ਕਰਦੇ। ਉਮਰ ਦੇ ਹਿਸਾਬ ਸਾਰੇ ਮੂੰਹ ‘ਤੇ ਉਹਦੀ ਇੱਜ਼ਤ ਕਰਦੇ। ਉਹ ਉਰਦੂ ਫਾਰਸੀ ਵੀ ਜਾਣਦਾ ਸੀ। ਪੰਜਾਬੀ ਵਲੋਂ ਹੱਥ ਤੰਗ ਸੀ। ਬੱਸ, ਬੁੱਤਾ ਹੀ ਸਾਰਦਾ ਰਿਹਾ।
ਪੜ੍ਹਾਉਣ ਲੱਗਾ ਉਹ ਦੋ ਕੁਰਸੀਆਂ ਲਾਗੇ-ਲਾਗੇ ਰੱਖ ਲੈਂਦਾ। ਇਕ ‘ਤੇ ਆਪ ਬਹਿੰਦਾ, ਦੂਜੇ ‘ਤੇ ਆਪਣੇ ਪੈਰ ਰੱਖ ਲੈਂਦਾ। ਗਰਮੀਆਂ ਨੂੰ ਦੂਜੀ ਕੁਰਸੀ ‘ਤੇ ਸਿਰੋਂ ਪੱਗ ਲਾਹ ਕੇ ਵੀ ਰੱਖ ਦਿੰਦਾ। ਕਦੇ ਕਦੇ ਕਿਸੇ ਨਿਆਣੇ ਨੂੰ ਪੈਰ ਨੱਪਣ ਨੂੰ ਵੀ ਕਹਿ ਦਿੰਦਾ। ਉਮਰੋਂ ਹੀ ਸਿਆਣਾ ਸੀ ਜਾਂ ਸਾਨੂੰ ਨਿਆਣਿਆਂ ਨੂੰ ਹੀ ਉਦੋਂ ਵੱਧ ਸਿਆਣਾ ਲੱਗਦਾ ਸੀ। ਨੌਂ ਦਸ ਮੀਲ ਸਾਈਕਲ ‘ਤੇ ਆਉਂਦਾ ਥੱਕ ਜਾਂਦਾ ਹੋਣਾ। ਕਈ ਵਾਰੀ ਲੇਟ ਵੀ ਹੁੰਦਾ ਤੇ ਕਲਾਸ ‘ਚ ਲੇਟ ਆਉਂਦਾ।
ਉਹਦੀ ਕੁੱਟ ਬਹੁਤੀ ਮਾੜੀ ਸੀ। ਨਿਆਣਿਆਂ ਨੂੰ ਉਹ ਕਸਾਈਆਂ ਵਾਂਗੂੰ ਕੋਂਹਦਾ। ਜੇ ਉਹਦਾ ਵੱਸ ਚਲਦਾ ਤਾਂ ਜਾਨ ਹੀ ਕੱਢ ਲੈਂਦਾ! ਤਿੰਨ ਚਾਰ ਬਦਨਾਮ (ਮਸ਼ਹੂਰ) ਤਰੀਕੇ ਸੀ ਉਹਦੇ: ਮੇਜ਼ ਕੋਲ ਹਰ ਵੇਲੇ ਸੋਟੀ ਪਈ ਹੁੰਦੀ। ਕਦੇ ਕਦੇ ਵਗ੍ਹਾਵੀਂ ਸੋਟੀ ਮਾਰਦਾ। ਜੇ ਕਿਸੇ ਤੋਂ ਸੁਆਲ ਹੱਲ ਨਾ ਹੋਣਾ ਤਾਂ ਪਹਿਲਾਂ ਲਾਗੇ-ਲਾਗੇ ਫਿਰਦੇ ਰਹਿਣਾ, ਜਦੋਂ ਨਿਆਣੇ ਨੇ ਸੋਚਣਾ ਕਿ ਲੈ ਬਈ, ਐਤਕੀਂ ਤਾਂ ਬਚ ਗਏ ਤਾਂ ਉਹਨੇ ਵਿਸਾਹ ਕੇ ਚਿੱਤੜਾਂ ‘ਤੇ ਪੂਰੇ ਜ਼ੋਰ ਨਾਲ ਸੋਟੀ ਮਾਰਨੀ, ਵੱਟ ਕੇ। ਬੱਚੇ ਨੇ ਸੋਟੀ ਖਾ ਕੇ ਦਰਦ ਨਾਲ ਭੱਜੇ ਫਿਰਨਾ, ਨਾਲੇ ਚਿੱਤੜਾਂ ਨੂੰ ਪਲੋਸੀ ਜਾਣਾ। ਜਾਂ ਨਿਆਣਿਆਂ ਨੂੰ ਅਵੇਸਲੇ ਕਰਨ ਲਈ ਸੋਟੀ ਪਰ੍ਹੇ ਸੁੱਟ ਦੇਣੀ ਤੇ ਫਿਰ ਉਹਨੇ ਘਸੁੰਨ ਵੱਟ ਕੇ ਜ਼ੋਰ ਦੇਣੀ ਵੱਖੀ ‘ਚ ਠੋਕ ਦੇਣਾ। ਬੋਟਾਂ ਵਰਗੇ ਨਿਆਣਿਆਂ ਨੂੰ ਇੱਕ ਦੂਜੇ ਦੇ ਚਪੇੜਾਂ ਮਾਰਨ ਨੂੰ ਕਹਿੰਦਾ; ਜੇ ਉਹ ਹੌਲੀ ਹੌਲੀ ਮਾਰਦੇ ਤਾਂ ਆਪ ਦੋਹਾਂ ਦੇ ਮਾਰ ਮਾਰ ਕੇ ਉਨ੍ਹਾਂ ਨੂੰ ਚੰਗੀ ਤਰ੍ਹਾਂ ਮਾਰਨ ਦੀ ਜਾਚ ਦੱਸਦਾ। ਉਹਦੀਆਂ ਖਿੱਝ ਕੇ ਕੰਨਾਂ ‘ਤੇ ਮਾਰੀਆਂ ਚਪੇੜਾਂ ਨਾਲ ਸਾਂਅ ਸਾਂਅ ਹੋਣ ਲੱਗ ਪੈਣੀ ਤੇ ਕਿੰਨਾ ਚਿਰ ਹੁੰਦੀ ਰਹਿੰਦੀ।
ਬੁੱਢੇ ਮਾਸਟਰ ਦਾ ਬਹੁਤਾ ਕਹਿਰੀ ਤਰੀਕਾ, ਲੱਤਾਂ ਹੇਠ ਦੀ ਕੰਨ ਫੜਾ ਕੇ ਧੁੱਪੇ ਖੜੇ ਕਰਨਾ ਸੀ ਤੇ ਜਦੋਂ ਇਹਦੇ ਬਾਲਕੇ ਥੱਕ ਕੇ ਹਿੱਲਣ-ਜੁੱਲਣ ਲਗਦੇ ਤਾਂ ਇਹ ਮਲਕੜੇ ਦੇਣੀ ਕੋਲ ਜਾ ਕੇ ਖੜੋ ਜਾਂਦਾ ਤੇ ਉਤੋਂ ਪੱਕੀ ਇੱਟ ਸੁੱਟ ਦਿੰਦਾ। ਕੋਡੇ ਹੋਇਆਂ ਨਿਆਣਿਆਂ ਦੀ ਰੀੜ੍ਹ ਦੀ ਹੱਡੀ ਉਭਰੀ ਹੋਈ ਹੁੰਦੀ ਸੀ। ਜਦੋਂ ਪੱਕੀ ਇੱਟ ਕੰਗਰੋੜ ‘ਤੇ ਵੱਜਦੀ ਤਾਂ ਏਦਾਂ ਲਗਦਾ ਜਿਵੇਂ ਕਿਸੇ ਨੇ ਗੋਲੀ ਮਾਰੀ ਹੋਵੇ। ਕਈਆਂ ਦੇ ਜਖ਼ਮ ਵੀ ਹੋ ਜਾਂਦੇ। ਬੱਚੇ ਦਰਦ ਨਾਲ ਕਰਾਹ ਉਠਦੇ, ਤੜਫਦੇ। ਕਈ ਬੁੜ੍ਹਕ ਬੁੜ੍ਹਕ ਕੇ ਪਰ੍ਹੇ ਜਾ ਡਿੱਗਦੇ। ਅੜ੍ਹਾਟ ਪਾਉਂਦੇ; ਕਈ ਤਾਂ ਜਾਨ ਬਚਾਉਣ ਲਈ ਉਠ ਕੇ ਭੱਜ ਵੀ ਜਾਂਦੇ। ਕਈ ਉਚੀ ਉਚੀ ਰੋਣ ਲਗਦੇ; ਚੀਕਾਂ ਲੇਰਾਂ ਮਾਰਦੇ। ਕਈ ਵਿਰਲੇ ਕਸੀਸ ਵੱਟ ਕੇ ਜਰ ਲੈਂਦੇ।
ਇਹ ਸਾਰੇ ਸੀਨ ਮੇਰੇ ਅੱਖਾਂ ਅੱਗੇ ਘੁੰਮਦੇ ਨੇ। ਇਸ ਕਸਾਈਪੁਣੇ ਕਰਕੇ ਕਈ ਵਾਰੀ ਬਾਲਕੇ ਵੀ ਕਹਿੰਦੇ, ਇਹ ਬੁੱਢਾ ਮਾਸਟਰ ਨਾ ਮਰਦਾ, ਨਾ ਸਾਡੀ ਜਾਨ ਛੱਡਦਾ! ਮਾਸਟਰ ਜੀ ਦਾ ਇਹ ਜ਼ਾਲਮਾਨਾ ਵਰਤਾਅ ਕਿਸੇ ਦਾ ਕੀ ਸੁਆਰਦਾ ਸੀ, ਮਾਸਟਰ ਜਾਣੇ ਜਾਂ ਉਹਦਾ ਭਗਵਾਨ। ਹੁਣ ਮਨ ‘ਚ ਆਉਂਦਾ ਹੈ ਕਿ ਮਾਂ-ਬਾਪ ਹਾਰ ਗੁਰੂਦੇਵ, ਬੱਚਿਆਂ ਨੂੰ ਬੋਟਾਂ ਵਾਂਗ ਪਰਾਂ ਹੇਠ ਸਾਂਭਣ ਦੀ ਬਜਾਏ ਕਸਾਈਆਂ ਵਾਂਗ ਕਿਵੇਂ ਕੋਹ ਲੈਂਦੇ ਸਨ!
ਇਕ-ਦੋ ਹੋਰ ਮਾਸਟਰਾਂ ਵਾਂਗ ਉਹ ਵੀ ਕਿਹਾ ਕਰਦਾ, “ਮੈਂਅ ਕਿਤਨੀ ਦਫਾ ਆਖਿਆ ਏ ਪਈ ਜੇ ਕੋਈ ਗੱਲ ਸਮਝ ਵੱਤ ਨਹੀਂ ਪੈਂਦੀ, ਤਾਂ ਜਾ ਕੇ ਗੱਅਰ ਬੈਅਠੋ। ਮੈਂਡਾ ਸਿਰ ਪਏ ਖਾਂਦੇ ਓ; ਸਮਾਂ ਕਿਉਂ ਬਰਬਾਦ ਕਰੇਂਦੇ ਹੋ। ਕੋਈ ਹੋਅਰ ਬੰਦੋ ਬਸਤ ਕਰੋ ਚਾ। ਜਾ ਕੇ ਗੱਅਰ ਦਿਆਂ ਦਾ ਹੱਥ ਵਟਾਓਅ ਚਾ।” ਹੁਣ ਸੋਚੀਦਾ ਹੈ, ਬਈ ਭਲਾ ਜੇ ਅਸੀਂ ਸਕੂਲੇ ਨਾ ਜਾਂਦੇ ਤਾਂ ਮਾਸਟਰ ਜੀ ਦੀ ਨੌਕਰੀ ਕਿਵੇਂ ਰਹਿੰਦੀ; ਦੇਖੋ, ਰਿਜ਼ਕ ਨੂੰ ਲੱਤ ਮਾਰਨ ਵਾਲੇ ਬੰਦੇ ਵੀ ਦੁਨੀਆਂ ‘ਚ ਬੈਠੇ ਨੇ। ਜਾਂ ਤਾਂ ਮਾਸਟਰ ਜੀ ਸਰਸਰੀ ਇਹ ਗੱਲ ਕਹਿ ਦਿੰਦੇ ਸਨ ਪਰ ਅਸਲੋਂ ਨਹੀਂ ਸੀ ਚਾਹੁੰਦੇ ਜਾਂ ਸੱਚੀਓਂ ਹੀ ਚਾਹੁੰਦਾ ਸੀ ਕਿ ਇਹ ਘਰੇ ਹੀ ਬੈਠ ਜਾਣ ਤੇ ਮੇਰੀ ਜਾਨ ਛੱਡਣ। ਪਰ ਇਹਦਾ ਉਹਨੂੰ ਕੀ ਫਾਇਦਾ ਹੋਣਾ ਸੀ? ਉਹੀ ਜਾਣੇ। ਬਾਅਦ ‘ਚ ਸਾਡੇ ‘ਚੋਂ ਕਈਆਂ ਨੇ ਕਾਲਜਾਂ-ਯੂਨੀਵਰਸਿਟੀਆਂ ਦੀਆਂ ਪੜ੍ਹਾਈਆਂ ਕੀਤੀਆਂ। ਕਈ ਤਾਂ ਆਪ ਵੀ ਮਾਸਟਰ ਲੱਗੇ। ਕਈ ਹੋਰ ਚੰਗੇ ਚੰਗੇ ਕੰਮੀਂ ਵੀ ਲੱਗੇ। ਜਦੋਂ ਮੈਂ ਨਕੋਦਰ ਪੜ੍ਹਨੇ ਪਿਆ ਤਾਂ ਬੁੱਢਾ ਮਾਸਟਰ ਕਦੇ-ਕਦੇ ਮੈਨੂੰ ਮਿਲ ਪੈਂਦਾ। ਜਦੋਂ ਪਹਿਲੀ ਵਾਰ ਮੈਂ ਉਹਨੂੰ ਦੱਸਿਆ ਕਿ ਮੈਂ ਹੁਣ ਕਾਲਜ ਪੜ੍ਹਦਾ ਹਾਂ, ਤਾਂ ਉਹ ਚੁੱਪ ਹੀ ਹੋ ਗਿਆ। ਕੁਛ ਨਹੀਂ ਬੋਲਿਆ। ਬੱਸ ਜਿੱਦਾਂ ਕੋਈ ਸੱਪ ਹੀ ਸੁੰਘ ਗਿਆ।
ਇਸ ਮਾਸਟਰ ਜੀ ਦੇ ਸਿਰ ਚੋਰੀ ਦਾ ਇਲਜ਼ਾਮ ਵੀ ਲੱਗਦਾ ਰਿਹਾ। ਉਨ੍ਹੀਂ ਦਿਨੀਂ ਬੱਚਿਆਂ ਲਈ ਸਰਕਾਰ ਸੁੱਕਾ ਦੁੱਧ ਸਕੂਲਾਂ ‘ਚ ਘੱਲਦੀ ਸੀ, ਬਾਲਕਾਂ ਦੀ ਸਿਹਤਯਾਬੀ ਲਈ। ਦੁਪਹਿਰ ਨੂੰ ਇਸ ਦੁੱਧ ਨੂੰ ਘੋਲ ਕੇ ਤੱਤਾ ਕਰੀਦਾ ਸੀ। ਫਿਰ ਬੱਚਿਆਂ ਨੂੰ ਪੀਣ ਲਈ ਵਰਤਾਇਆ ਜਾਂਦਾ। ਇਹ ਜ਼ਿੰਮੇਵਾਰੀ ਨਿਆਣਿਆਂ ਨੂੰ ਆਪੇ ਨਿਭਾਉਣ ਦਾ ਹੁਕਮ ਸੀ। ਮਾਸਟਰਾਂ ਦਾ ਹੁਕਮ ਉਸ ਵੇਲੇ ਰੱਬ ਦੇ ਹੁਕਮ ਬਰਾਬਰ ਹੁੰਦਾ ਸੀ। ਉਨ੍ਹਾਂ ਨੇ ਤਾਂ ਓਨਾ ਹੀ ਤਿਆਰ ਕਰਨਾ ਸੀ, ਜਿੰਨਾ ਮਾਸਟਰ ਜੀ ਦਿੰਦੇ। ਇਲਜ਼ਾਮ ਇਹ ਸੀ ਕਿ ਬੱਚਿਆਂ ਲਈ ਆਏ ਸੁੱਕੇ ਦੁੱਧ ‘ਚੋਂ ਬੁੱਢਾ ਮਾਸਟਰ ਚੋਰੀ ਕਰਕੇ ਘਰ ਲੈ ਜਾਂਦਾ ਸੀ ਤੇ ਆਪਣੀ ਹੱਟੀ ‘ਤੇ ਵੇਚ ਲੈਂਦਾ ਸੀ। ਲੈ ਕੇ ਜਾਂਦਾ ਸੀ ਜਾਂ ਨਹੀਂ, ਮੈਨੂੰ ਤਾਂ ਪਤਾ ਨਹੀਂ, ਉਹਦਾ ਭਗਵਾਨ ਜਾਣਦਾ ਹੋਊ, ਪਰ ਘਰ ਨੂੰ ਜਾਂਦੇ ਦਾ ਇਹਦਾ ਥੈਲਾ ਕਦੇ ਕਦੇ ਵਾਹਵਾ ਭਾਰਾ ਹੁੰਦਾ ਤੇ ਵੱਧ ਫੁੱਲਿਆ ਹੋਇਆ ਵੀ। ਨਕੋਦਰ ਇਹਨੇ ਹੱਟੀ ਵੀ ਪਾਈ ਹੋਈ ਸੀ। ਹੱਟੀ ਕੋਈ ਬਹੁਤੀ ਵੱਡੀ ਵੀ ਨਹੀਂ ਸੀ। ਐਵੇਂ ਬੁੱਤਾ ਸਾਰ ਹੀ ਸੀ, ਦੋ-ਚਾਰ ਚੀਜਾਂ ਹੀ ਰੱਖੀਆਂ ਹੁੰਦੀਆਂ।
ਹੋਰ ਇਲਜ਼ਾਮ ਇਹ ਸੀ ਕਿ ਇਹ ਨਿਆਣਿਆਂ ਨੂੰ ਪਾਸ ਕਰਨ ਦੇ ਲਾਰੇ ਲਾ ਕੇ, ਨਿਆਣਿਆਂ ਦੀਆਂ ਮਾਂਵਾਂ ਤੋਂ ਜਾਂ ਕੁੱਕੜ ਲੈਂਦਾ ਸੀ ਜਾਂ ਮੁਰਗੀਆਂ ਦੇ ਆਂਡੇ। ਇਹ ਆਂਡੇ ਵੀ ਦੁਕਾਨ ‘ਤੇ ਜਾ ਵੇਚਦਾ ਸੀ। ਛੱਲੀਆਂ, ਮਿਰਚਾਂ, ਗੰਨੇ, ਗੁੜ ਤਾਂ ਆਮ ਸੁਣੀਂਦੇ ਸੀ ਪਰ ਕੁੱਕੜ ਵਾਲੀ ਗੱਲ ਵੱਡੀ ਸੀ। ਪਤਾ ਨਹੀਂ ਕਿੱਦਾਂ ਘਰ ਨੂੰ ਲਿਜਾਂਦਾ ਹੋਊ? ਇਹ ਗੱਲਾਂ ਉਹਦੇ ਨਾਲ ਚੁੱਭਦੇ ਮਾਸਟਰ ਵੀ ਉਡਾਉਂਦੇ ਸਨ। ਕੰਨ ਰਸੀਏ ਨਿਆਣੇ ਫਿਰ ਗੱਲ ਏਦਾਂ ਚੱਕ ਲੈਂਦੇ ਕਿ ਸਾਰੇ ਪਹੁੰਚਦੀ ਕਰਕੇ ਛੱਡਦੇ।
ਇਕ ਵਾਰ ਕਲਾਸ ‘ਚ ਇਹ ਮਾਸਟਰ ਜੀ ਪੜ੍ਹਾਉਣ ਦੀ ਕੋਈ ਮਸ਼ਕ ਕਰਾਉਂਦਾ ਸੀ। ਜਿਸ ਬਾਲੜੀ ਨੂੰ ਇਹਨੇ ਪੰਜਾਬੀ ਦਾ ਸਬਕ ਪੜ੍ਹਨ ਲਈ ਕਿਹਾ, ਉਹ ਵਿਚਾਰੀ ਬਹੁਤੀ ਸੰਗਾਊ ਸੀ। ਪੇਂਡੂ ਸਮਾਜ ਦੀ ਦਬਾਈ ਹੋਈ ਬੱਚੀ ਸੀ। ਕਿਸੇ ਨਾਲ ਬੋਲਦੀ ਵੀ ਘੱਟ ਹੀ ਸੀ। ਵਿਚਾਰੀ ਪੜ੍ਹਨ ਨੂੰ ਵੀ ਵੱਤੇ ਈ ਸੀ। ਮਾਸਟਰ ਕਹੀ ਜਾਵੇ, “ਮੈਂ ਆਖੀ ਜਾਨਾਂ eਂੇ, ਮੁੜ ਦੀਅਹ ਜਾਅਵੀਏ, ਜੋ ਵੀ ਚਾਅ ਬੋਲਣਾ ਏਂ, ਹੁੱਚੀ ਬੋਲ, ਹੁੱਚੀ ਬੋਲ; ਮੂੰਅ ਇੱਚ ਕੀ ਪਈ ਮਿਣ ਮਿਣ ਕਰਨੀ ਏ। ਕਿਸੀ ਕੋ ਸੁਣੇ ਵੀ ਤਾਂ ਸਈ।” ਕੁੜੀ ਵਿਚਾਰੀ ਦੀ ਤਾਂ ਜੀਭ ਤਾਲੂ ਨਾਲ ਲੱਗੀ ਹੋਈ ਸੀ। ਕੁਛ ਕਹੇ ਹੀ ਨਾ। ਲੱਤਾਂ ਕੰਬੀ ਜਾਣ। ਰੋਣ ਹਾਕੀ ਹੋਈ ਸਿਰ ਨੀਵਾਂ ਕਰੀ ਖੜ੍ਹੀ ਸੀ। ਡਰ ਤੇ ਨਿਮੋਸ਼ੀ ਨਾਲ ਰੰਗ ਲਾਲ ਹੋਈ ਜਾਵੇ। ਮਾਸਟਰ ਲਾਗੇ ਬੈਠੇ, ਹਿਣ ਹਿਣ ਕਰਦੇ ਮਨੀਟਰ ਨੇ ਆਪਣੇ ਕੋਲੋਂ ਹੀ ਬਣਾ ਕੇ ਐਵੇਂ ਹੀ ਕਹਿ ਦਿੱਤਾ, ਜੀਅ ਇਹ ਕਹਿੰਦੀ ਆ, ਰਾਰੇ ਨੂੰ ਬਿਹਾਰੀ ਬਣਿਆ- ਸੀ। ਸਾਰੇ ਹੱਸ ਪਏ। ਜਿਹੜੇ ਆਪ ਕਦੇ ਕੁਸਕਦੇ ਵੀ ਨਹੀਂ ਸੀ, ਉਹ ਵੀ ਹਿੜ ਹਿੜ ਕਰਨ ਲੱਗ ਪਏ।
ਕੁੜੀ ਦੀ ਹਾਲਤ ਬਦ ਤੋਂ ਬਦਤਰ ਹੋ ਗਈ। ਵਿਚਾਰੀ ਪਾਣੀਓ-ਪਾਣੀ ਹੋ ਗਈ। ਮਾਸਟਰ ਬਿਨਾ ਪੁੱਛ-ਪੜਤਾਲ ਕਰਨ ਤੋਂ ਗੁੱਸੇ ‘ਚ ਧੀ-ਧਿਆਣੀ ਨੂੰ ਮਾਰਨ ਲੱਗ ਪਿਆ। ਕੁੜੀ ਸਿਰ ਨੀਵਾਂ ਕਰੀ, ਬਚਾਅ ਲਈ ਮੋਢੇ ‘ਤਾਂਹ ਨੂੰ ਕਰਕੇ ਡੁਸਕਣ ਲੱਗ ਪਈ। ਮਾਸਟਰ ਨੂੰ ਹੋਰ ਗੁੱਸਾ ਚੜ੍ਹੀ ਜਾਵੇ। ਬਾਲੜੀ ਧੀ ਧਿਆਣੀ ਨੂੰ ਕਹਿੰਦਾ, “ਕੰਨ ਪਕੜ, ਚੱਵਲੇ ਕੰਨ ਪਕੜ, ਮੈਂ ਆਹਨਾਂ ਫੁਰਤੀ ਨਾਲ ਪਕੜ ਕੰਨ। ਮੈਂ ਹੁਣੇ ਦੱਸਸਾਂ ਤੈਨੂੰ, ਰਾਅਰੇ ਨੂੰ ਬਿਆਰੀ ਸੀ, ਕੀਅ ਓਂਅਦੀ ਏ; ਏਅਹ ਤੈਂਅਨੂੰ ਕੇਅਸ ਕੰਜਰ ਨੇ ਸਿੱਖਾਇਆ ਏ, ਮੁੜ ਮੈਨੂੰ ਵੀ ਪਤਾ ਲੱਗੇ ਚਾ?” ਗੁੱਸੇ ‘ਚ ਅੱਗ ਬਬੂਲਾ ਹੋਏ ਮਾਸਟਰ ਜੀ ਨੂੰ ਇਹ ਸੁਧ-ਬੁਧ ਵੀ ਨਾ ਰਹੀ ਕਿ ਕੁੜੀਆਂ ਦੇ ਕੰਨ ਫੜਾਏ ਜਾਣੇ ਜਾਇਜ਼ ਨਹੀਂ ਸੀ ਜਾਣੇ ਜਾਂਦੇ। ਜੇ ਇਸ ਧੀ-ਧਿਆਣੀ ਦੇ ਮਾਪਿਆਂ ਨੂੰ ਪਤਾ ਲੱਗ ਜਾਂਦਾ ਤਾਂ ਉਨ੍ਹਾਂ ਮਾਸਟਰ ਜੀ ਦੀ ਐਸੀ ਅe੍ਹੀ ਤe੍ਹੀ ਫੇਰਨੀ ਸੀ ਕਿ ਉਹਦੀਆਂ ਕਈ ਪੁਸ਼ਤਾਂ ਨਾ ਭੁੱਲ ਸਕਦੀਆਂ: ਵਾਹਵਾ ਸਰਦੇ ਪੁੱਜਦੇ ਘਰ ਦੀ ਧੀ ਸੀ, ਇਹ ਬੀਬੀ। ਉਹ ਮਾਸਟਰ ਜੀ ਨੂੰ ਕੁਝ ਵੀ ਕਰ ਸਕਦੇ ਸੀ। ਪਰ ਸਭ ਤੋਂ ਵੱਡੇ ਸਿਤਮ ਦੀ ਗੱਲ ਤਾਂ ਇਹ ਸੀ ਕਿ ਉਸ ਵਿਚਾਰੀ ਨੇ ਤਾਂ ਕਿਹਾ ਹੀ ਕੁਝ ਨਹੀਂ ਸੀ। ਸਾਰੀ ਕਾਰਸ਼ੈਤਾਨੀ ਤਾਂ ਚੌਧਰ ਦੀ ਭੋਖੜ ਦੇ ਮਾਰੇ ਮਨੀਟਰ ਦੀ ਸੀ; ਜਿਹਨੇ ਆਪਣੀ ਫੋਕੀ ਪੈਂਠ ਬਣਾਉਣ ਲਈ ਰਾਰੇ ਨੂੰ ਬਿਹਾਰੀ ‘ਸੀ’ ਬਣਾ ਕੇ ਕੁੜੀ ਲਈ ਡਾਢੀ ਮੁਸ਼ਕਿਲ ਖੜੀ ਕਰ ਦਿੱਤੀ ਸੀ। ਨਿਓਟੀ ਧੀ-ਧਿਆਣੀ ਬਹੁਤੀ ਨਿਮੋਸ਼ੀ ਮੰਨ ਗਈ। ਉਸੇ ਸਾਲ ਸਕੂਲ ਆਉਣੋਂ ਹਟ ਗਈ। ਆਪਣੇ ਗੁਰੂਦੇਵ ਮਹਾਰਾਜ ਦੀ ‘ਮਿਹਰਬਾਨੀ’ ਸਦਕਾ ਵਿਚਾਰੀ ਗਿਆਨ-ਵਿੱਦਿਆ ਤੋਂ ਊਣੀ ਰਹਿ ਗਈ, ਬੱਸ ਘਰ ਦਾ ਰੋਟੀ ਟੁੱਕ ਕਰਨ ਜੋਗੀ।