ਸਵਰਨਦੀਪ ਸਿੰਘ ਨੂਰ, ਬਠਿੰਡਾ
ਫੋਨ: 91-75891-19192
“ਬੀਬੀ ਜੀ ਸੁਣਿਐ, ਛੋਟੇ ਸਰਦਾਰ ਜੀ ਕਨੇਡੇ ਜਾ ਰਹੇ ਐ?”
“ਹਾਂ ਭਾਨੀਏ, ਹਰਮੀਤ ਆਖਦੈ ਮੈਂ ਇਧਰ ਨਹੀਂ ਰਹਿਣਾ, ਬਾਹਰਲੇ ਦੇਸ਼ ਈ ਕੰਮ ਕਰਨੈਂ ਤੇ ਉਥੇ ਈ ਸੈਟ ਹੋਣੈਂ। ਭਾਨੀਏ ਇਹਦੀ ਮਾਸੀ ਦੇ ਦੋਵੇਂ ਮੁੰਡੇ ਕਨੇਡਾ ‘ਚ ਚੰਗੀ ਕਮਾਈ ਕਰਦੇ ਆ, ਉਨ੍ਹਾਂ ਦੀਆਂ ਗੱਲਾਂ ਸੁਣ-ਸੁਣ ਹੁਣ ਇਹਦਾ ਵੀ ਇਧਰ ਚਿੱਤ ਜਿਹਾ ਨਹੀਂ ਲੱਗਦਾ। ਚਲੋ ਸਿਆਣੇ ਆਖ ਗਏ ਨੇ ਬਈ ਜਿਥੇ ਜਿਥੇ ਪਰਮਾਤਮਾ ਨੇ ਚੋਗ ਖਿਲਾਰੀ ਐ, ਉਥੇ ਹੀ ਚੁਗਣੀ ਪਊ।” ਭਾਨੀ ਦੇ ਸਵਾਲ ਦਾ ਬੜੀ ਹੀ ਮਿਠਾਸ ਤੇ ਤਸੱਲੀ ਨਾਲ ਜਵਾਬ ਦਿੰਦੀ ਗਿਆਨ ਕੌਰ ਚਾਟੀ ‘ਚੋਂ ਮੱਖਣ ਕੱਢਣ ਲੱਗ ਪਈ।
ਗਿਆਨ ਕੌਰ ਆਪਣੇ ਕੋਠੀ-ਨੁਮਾ ਖੁੱਲ੍ਹੇ ਘਰ ਦੇ ਸਜੇ-ਸੰਵਰੇ ਚੌਂਕੇ ਵਿਚ ਦੁੱਧ ਰਿੜਕ ਰਹੀ ਸੀ। ਭਾਨੀ ਚੌਂਕੇ ਦੇ ਬਾਹਰ-ਵਾਰ ਝਾੜੂ ਦੇ ਰਹੀ ਸੀ। ਖੁੱਲ੍ਹਾ-ਡੁੱਲ੍ਹਾ ਘਰ, ਟਰੈਕਟਰ, ਸੋਹਣੇ ਲਵੇਰੇ, ਇੱਕ ਜੀਪ, ਇੱਕ ਨਵੀਂ ਖੜ੍ਹੀ ਸਵਿਫਰ ਕਾਰ ਤੇ ਖੇਤੀ ਦੇ ਹਰ ਤਰ੍ਹਾਂ ਦੇ ਨਵੇਂ ਸੰਦਾਂ ਨਾਲ ਘਰ ਭਰਿਆ-ਭਰਿਆ ਲੱਗਦਾ ਸੀ।
“ਵਧੀਆ ਬੀਬੀ ਜੀ, ਫੇਰ ਤਾਂ ਤੁਸੀਂ ਵੀ ਬਹਾਨੇ ਨਾਲ ‘ਕਨੇਡੇ-ਅਮਰੀਕੇ’ ਦੀ ਸੈਰ ਕਰ ਲੋਂਗੇ।” ਭਾਨੀ ਨੇ ਗੱਲ ਨੂੰ ਹੋਰ ਅੱਗੇ ਤੋਰਿਆ।
“ਹਾਂ ਭਾਨੀਏ, ਤੂੰ ਵੀ ਸੱਚੇ ਪਾਤਸ਼ਾਹ ਅੱਗੇ ਅਰਦਾਸ ਕਰਿਆ ਕਰ, ਮੇਰੇ ਪੁੱਤ ਦਾ ਛੇਤੀ ਵੀਜ਼ਾ ਲੱਗ ਜੇ ਕਨੇਡਾ ਦਾ। ਊਂ ਏਜੰਟ ਨੇ ਭਰੋਸਾ ਤਾਂ ਪੂਰਾ ਦਿੱਤਾ ਕਿ ਕੰਮ ਛੇਤੀ ਹੀ ਬਣ ਜੂ, ਬਾਕੀ ਭਾਈ ਵਾਹਿਗੁਰੂ ਜਾਣੇ। ਤੂੰ ਭਾਨੀਏ ਕੰਮ ਨਬੇੜ ਛੇਤੀ ਦੇਣੇਂ, ਅੱਜ ਤੇਰੇ ਬਾਈ ਹੋਰਾਂ ਨਾਲ ਮੈਂ ਵੀ ਸ਼ਹਿਰ ਜਾਣੈਂ।”
‘ਚੰਗਾ ਬੀਬੀ’ ਆਖ ਭਾਨੀ ਕੰਮ ਨਿਬੇੜਨ ਲੱਗੀ।
ਭਾਨੀ ਪਿਛਲੇ ਪੰਜ ਵਰਿਆਂ ਤੋਂ ਕਰਮ ਸਿੰਘ ਦੇ ਘਰ ਦਾ ਕੰਮ ਕਰ ਰਹੀ ਸੀ। ਉਸ ਦਾ ਘਰ ਵਾਲਾ ਜਿੰਦਰ ਚੜ੍ਹਦੀ ਜਵਾਨੀ ਵੇਲੇ ਦਾ ਕਰਮ ਸਿਹੁੰ ਦੇ ਨਾਲ ਸੀਰੀ ਰਲਦਾ ਆ ਰਿਹਾ ਸੀ। ਇੱਕ ਦਿਨ ਖੇਤ ‘ਚ ਸਪਰੇਅ ਕਰਦਿਆਂ ਦਵਾਈ ਜਿੰਦਰ ਦੇ ਸਿਰ ਨੂੰ ਚੜ੍ਹ’ਗੀ, ਤੇ ਉਹ ਬਚ ਨਾ ਸਕਿਆ।
ਕਰਮ ਸਿੰਘ ਨੇ ਸਿਆਣਪ ਤੋਂ ਕੰਮ ਲੈਂਦਿਆਂ ਕੁਝ ਪੈਸੇ ਤੇ ਕੁਝ ਸੱਚੀ-ਝੂਠੀ ਹਮਦਰਦੀ ਦੇ ਜ਼ੋਰ ‘ਤੇ ਪੁਲਿਸ ਕੇਸ ਨਾ ਬਣਨ ਦਿੱਤਾ। ਕਰਮ ਸਿਹੁੰ ਨੇ ਭਰੀ ਪੰਚਾਇਤ ਵਿਚ ਜਿੰਦਰ ਦੀ ਵਿਧਵਾ ਭਾਨੀ ਅਤੇ ਉਸ ਦੇ ਛੇ ਸਾਲ ਦੇ ਮੁੰਡੇ ਦੀ ਸੰਭਾਲ ਅਤੇ ਮੁੰਡੇ ਨੂੰ ਬੀæਏæ ਤੱਕ ਦੀ ਪੜ੍ਹਾਈ ਕਰਾਉਣ ਦੀ ਜ਼ੁਬਾਨ ਕੀਤੀ।
ਉਦੋਂ ਪੂਰੀ ਪੰਚਾਇਤ ਵਿਚ ਭਰੀਆਂ ਅੱਖਾਂ ਤੇ ਸਿਰ ਝੁਕਾਈ ਭਾਨੀ ਦੇ ਬਾਪ ਜੈਲੇ ਨੇ ਪੰਚਾਇਤ ਦੇ ਹਰ ਫੈਸਲੇ ਨੂੰ ‘ਸਾਨੂੰ ਮਨਜੂਰ ਐ’ ਕਹਿ ਕੇ ਭਾਨੀ ਵੱਲੋਂ ਸਾਰੀ ਸਹਿਮਤੀ ਦੇ ਦਿੱਤੀ। ਭਾਨੀ ਨੇ ਵੀ ‘ਪੰਚਾਂ ਦਾ ਕਿਹਾ ਸਿਰ ਮੱਥੇ’ ਸਮਝ ਕੇ ਸਬਰ ਕਰ ਲਿਆ।
ਜਿੰਦਰ ਦੀ ਮੌਤ ਤੋਂ ਬਾਅਦ ਭਾਨੀ ਕਿੰਨੇ ਦਿਨ ਮੰਜੇ ਤੋਂ ਨਾ ਉਠ ਸਕੀ। ਜਿੰਦਰ ਨਾਲ ਉਹਦਾ ਗੂੜ੍ਹਾ ਪਿਆਰ ਸੀ। ਇੱਕ ਜਿੰਦਰ ਦਾ ਅਚਨਚੇਤ ਵਿਛੋੜਾ ਤੇ ਦੂਜਾ ਪੁੱਤ ਦੇ ਭਵਿੱਖ ਦੀ ਚਿੰਤਾ ਉਹਨੂੰ ਹਾਲੋਂ ਬੇਹਾਲ ਕਰੀ ਜਾ ਰਹੇ ਸਨ। ਉਹ ਹਰ ਪਲ ਜਿੰਦਰ ਦੀਆਂ ਯਾਦਾਂ ਵਿਚ ਗਵਾਚੀ ਰਹਿੰਦੀ। ਉਹਨੂੰ ਉਹ ਪਲ ਕਦੇ ਨਾ ਭੁੱਲਦੇ ਜਦੋਂ ਉਹ ਅਕਸਰ ਦੇਰ ਰਾਤ ਗਏ ਜਿੰਦਰ ਦੇ ਗਲ ਲੱਗ ਕੇ ਆਖਿਆ ਕਰਦੀ ਸੀ, “ਆਪਾਂ ਆਪਣੇ ਜੰਟੇ ਨੂੰ ਥੋਡੇ ਆਂਗੂੰ ਮਿੱਟੀ ‘ਚ ਮਿੱਟੀ ਨਹੀਂ ਹੋਣ ਦੇਣਾ, ਇਹਨੂੰ ਪੜ੍ਹਾ-ਲਿਖਾ ਕੇ ਸਰਕਾਰੀ ਨੌਕਰ ਰਖਾਉਣੈਂ ਆਪਾਂ। ਬਾਬੂ ਜੀ ਬਣ ਕੇ ਕੰਮ ਕਰੂ ਮੇਰਾ ਪੁੱਤæææ।”
ਅੱਗੋਂ ਹੱਸਦਾ ਜਿੰਦਰ ਆਖਦਾ, “ਭਾਨੀਏਂ ਆਪਣੇ ਗਰੀਬਾਂ ਦੇ ਨਸੀਬਾਂ ‘ਚ ਸਰਕਾਰੀ ਨੌਕਰੀਆਂ ਕਿੱਥੇ! ਆਪਣੇ ਵਰਗੇ ਤਾਂ ਸਿਰਫ ਜੱਟਾਂ ਦੇ ਨੌਕਰ ਲੱਗ ਸਕਦੇ ਐ, ਸਰਕਾਰ ਦੇ ਨਹੀਂ।”
“ਨਾ ਜੀ, ਤੁਸੀਂ ਐਂ ਨਾ ਕਹੋ, ਮੇਰਾ ਚਿਤ ਡੋਲਦੈ, ਮੇਰਾ ‘ਕੱਲਾ ‘ਕੱਲਾ ਪੁੱਤ ਤਾਂ ਅਫਸਰ ਬਣੂ ਅਫਸਰ।”
ਇੰਜ ਭਾਨੀ ਤੇ ਜਿੰਦਰ ਹਾਸੇ-ਠੱਠੇ ‘ਚ ਭਵਿੱਖ ਦੀਆਂ ਬੁਣਤੀਆਂ ਬੁਣਦੇ ਰਹਿੰਦੇ, ਤੇ ਹਰ ਵਾਰੀ ਜਿੰਦਰ ਆਖਰ ਗੱਲ ਇਥੇ ਮੁਕਾਉਂਦਾ, “ਭਾਨੀਏ, ਆਪਣਾ ਰਿਜਕਦਾਤਾ ਤਾਂ ਬੱਸ ਕਰਮ ਸਿਹੁੰ ਈ ਐ, ਉਹਦੇ ਆਸਰੇ ਰੁੜੀ ਜਾਂਦੇ ਆ ਦਿਨ। ਬਾਕੀ ਕੋਈ ਨੀ, ਤੂੰ ਫਿਕਰ ਨਾ ਕਰ, ਵਾਹ ਲੱਗਦੀ ਜਵਾਕ ਨੂੰ ਪੜ੍ਹਾਊਂ ਜਰੂਰ, ਜਿਥੋਂ ਤੱਕ ਇਹ ਪੜੂ।”
ਜਿੰਦਰ ਦੇ ਵਿਛੋੜੇ ਤੋਂ ਬਾਅਦ ਯਾਦਾਂ ਦੀ ਇਸ ਘੁੰਮਣਘੇਰੀ ਵਿਚ ਫਸੀ ਭਾਨੀ ਨੂੰ ਹੁਣ ਚਾਰੇ ਪਾਸੇ ਹਨੇਰਾ ਹੀ ਹਨੇਰਾ ਨਜ਼ਰ ਆਉਂਦਾ। ਉਹਦਾ ਪੁੱਤ ਗੁਰਜੰਟ ਹੀ ਹੁਣ ਉਸ ਦਾ ਇੱਕੋ ਇਕ ਸਹਾਰਾ ਸੀ।
ਸਿਆਣੇ ਆਖਦੇ ਨੇ, ਸਮਾਂ ਬਹੁਤ ਵੱਡੀ ਮੱਲ੍ਹਮ ਹੈ। ਭਾਨੀ ਦੇ ਅੱਲੇ ਜ਼ਖਮਾਂ ‘ਤੇ ਵੀ ਸਮੇਂ ਨੇ ਮੱਲ੍ਹਮ ਲਾਈ ਤੇ ਉਹ ਹੁਣ ਖੁਦ ਕਰਮ ਸਿੰਘ ਤੇ ਗਿਆਨ ਕੌਰ ਦੇ ਘਰ ਦਾ ਕੰਮ ਕਰਨ ਲੱਗੀ। ਹੋਰ ਕਰਦੀ ਵੀ ਕੀ? ਗੋਹਾ-ਕੂੜਾ, ਝਾੜੂ-ਪੋਚਾ, ਕੱਪੜੇ ਧੋਣ ਤੇ ਹੋਰ ਕਈ ਨਿੱਕੇ-ਮੋਟੇ ਕੰਮ ਉਹ ਆਪਣਾ ਘਰ ਸਮਝ ਕੇ ਕਰਦੀ। ਰੋਟੀ ਆਪ ਦੋਵੇਂ-ਤਿੰਨੇ ਵੇਲੇ ਖਾ ਲੈਂਦੀ ਤੇ ਮੁੰਡੇ ਲਈ ਘਰ ਲੈ ਜਾਂਦੀ। ਛੁੱਟੀ ਵਾਲੇ ਦਿਨ ਗੁਰਜੰਟ ਵੀ ਆਪਣੀ ਮਾਂ ਦੇ ਨਾਲ ਕਰਮ ਸਿੰਘ ਦੇ ਘਰ ਦੇ ਕਈ ਨਿੱਕੇ-ਨਿੱਕੇ ਕੰਮਾਂ ਵਿਚ ਹੱਥ ਵਟਾਉਂਦਾ। ਗਿਆਨ ਕੌਰ ਭਾਨੀ ਦੇ ਘਰੋਗੀ ਖਰਚਿਆਂ ਲਈ ਮਹੀਨੇ, ਡੇਢ ਮਹੀਨੇ ਬਾਅਦ ਕਦੇ-ਕਦਾਈ ਪੰਜ-ਛੇ ਸੌ ਨਕਦ ਉਸ ਦੇ ਹੱਥ ‘ਤੇ ਰੱਖ ਦਿੰਦੀ।
ਜਿੰਦਰ ਦੀ ਮੌਤ ਤੋਂ ਬਾਅਦ ਭਾਨੀ ਨੇ ਸਜਣਾ-ਫਬਣਾ ਉਕਾ ਹੀ ਛੱਡ ਦਿੱਤਾ। ਉਸ ਦਾ ਮਨ ਆਖਦਾ, ਹੁਣ ਕਿਹਦੇ ਲਈ ਸਜਣਾ-ਫਬਣਾ! ਭਾਨੀ ਨੇ ਸ਼ਾਇਦ ਈ ਕਦੇ ਦੀਵਾਲੀ-ਦੁਸਹਿਰੇ ‘ਤੇ ਨਵਾਂ ਸੂਟ ਸਵਾ ਕੇ ਪਾਇਆ ਹੋਵੇ।
ਗਿਆਨ ਕੌਰ ਦੇ ਹੰਢਾਏ ਪੁਰਾਣੇ ਸੂਟ ਪਾ ਕੇ ਤਨ ਕੱਜ ਲੈਂਦੀ। ਗੁਰਜੰਟ ਵੀ ਸਰਦੇ-ਪੁੱਜਦੇ ਘਰਾਂ ਦੇ ਬੱਚਿਆਂ ਦੇ ਹੰਢਾਏ ਪੁਰਾਣੇ ਕੱਪੜੇ ਪਾ ਕੇ ਖੁਸ਼ ਹੋ ਜਾਂਦਾ।
ਪੂਰੇ 27 ਕਿੱਲਿਆਂ ਦਾ ਮਾਲਕ ਸੀ ਕਰਮ ਸਿੰਘ, ਪਰ ਹਰਮੀਤ ਦੀ ਵਿਦੇਸ਼ ਜਾਣ ਦੀ ਜ਼ਿੱਦ ਅੱਗੇ ਆਖਰ ਹਥਿਆਰ ਸੁੱਟ ਦਿੱਤੇ। ਪੁੱਤ ਨੂੰ ਵਿਦੇਸ਼ ਭੇਜਣ ਲਈ ਕਈ ਏਜੰਟਾਂ ਦੇ ਚੱਕਰ ਕੱਢੇ, ਆਖਰ ਗੱਲ ਸਿਰੇ ਚੜ੍ਹ ਹੀ ਗਈ।
ਏਧਰ, ਭਾਨੀ ਨੇ ਤਰਲਾ ਜਿਹਾ ਲੈ ਕੇ ਗਿਆਨ ਕੌਰ ਨੂੰ ਕਿਹਾ, “ਦੇਖ ਲਾ ਬੀਬੀ, ਕਿੰਨੇ ਸਾਲ ਹੋ’ਗੇ ਚੰਗੀ-ਮਾੜੀ ‘ਚ ਤੇਰੇ ਨਾਲ ਨਿਭਦਿਆਂ, ਕਦੇ ਕੁਝ ਮੰਗਿਆ ਨ੍ਹੀਂ ਤੈਥੋਂ, ਫੇਰ ਐਤਕੀਂ ਮੈਂ ਹੱਕ ਨਾਲ ਆਵਦੀ ਪਸਿੰਦ ਦਾ ਨਵਾਂ ਸੂਟ ਲੈਣਾ ਤੈਥੋਂ ਤੇ ਨਾਲ ਮੇਰੇ ਜੰਟੇ ਨੂੰ ਨਵੀਂ ਵਰਦੀ ਸਵਾ ਕੇ ਦੇਈਂ, ਮਾਸਟਰ ਉਹਨੂੰ ਕਹਿੰਦੇ ਐ ‘ਵਰਦੀ ਪੁਰਾਣੀ ਹੋਗੀ, ਸਿੱਟ ਦੇ ਹੁਣ ਇਹਨੂੰ, ਨਵੀਂ ਸੰਵਾ।’ ਨਿੱਤ ਗਾਲਾਂ ਪੈਂਦੀਆਂ ਜਵਾਕ ਨੂੰ ਸਕੂਲੋਂ। ਦੇਖੀਂ ਬੀਬੀ ਰੱਬ ਦੇ ਵਾਸਤੇ ਨਾਂਹ ਨਾ ਕਰੀਂ।” ਭਾਨੀ ਦੇ ਤਰਲੇ ‘ਚ ਲੋਹੜੇ ਦਾ ਦਰਦ ਲੁਕਿਆ ਹੁੰਦਾ।
“ਭਾਨੀਏ ਸੂਟ ਬਥੇਰੇ, ਵਰਦੀ ਵੀ ਨਵੀਂ ਸੰਵਾ ਦੂੰ ਤੇਰੇ ਜੰਟੇ ਨੂੰ, ਬੱਸ ਇੱਕ ਵਾਰੀ ਸੱਚਾ ਪਾਤਸ਼ਾਹ ਕਿਰਪਾ ਕਰ ਦਏ ਮੇਰੇ ਹਰਮੀਤ ਪੁੱਤ ‘ਤੇ, ਵੀਜ਼ਾ ਲੱਗ ਜੇ ਉਹਦਾ।” ਗਿਆਨ ਕੌਰ ਉਤਸ਼ਾਹ ਨਾਲ ਆਖਦੀ।
ਆਖਰ ਉਹ ਦਿਨ ਆ ਹੀ ਗਿਆ। ਅੱਜ ਪੂਰੇ ਟੱਬਰ ਦੀ ਅੱਡੀ ਧਰਤੀ ‘ਤੇ ਨਹੀਂ ਸੀ ਲੱਗ ਰਹੀ। ਵੀਜ਼ਾ ਮਨਜ਼ੂਰ ਹੋ ਗਿਆ। ਦਿਨਾਂ ਵਿਚ ਹੀ ਹਰਮੀਤ ਕੈਨੇਡਾ ਨੂੰ ਉਡਾਰੀਆਂ ਮਾਰ ਗਿਆ।
ਜਿੰਦਰ ਦੀ ਮੌਤ ਤੋਂ ਬਾਅਦ ਭਾਨੀ ਅੱਜ ਪਹਿਲੀ ਵਾਰ ਏਨੀ ਖੁਸ਼ ਸੀ। ਉਹਨੂੰ ਕਰਮ ਸਿੰਘ ਤੇ ਗਿਆਨ ਕੌਰ ਦੀ ਖੁਸ਼ੀ ਵਿਚ ਆਪਣੀ ਖੁਸ਼ੀ ਨਜ਼ਰ ਆ ਰਹੀ ਸੀ। ਗੁਰਜੰਟ ਵੀ ਪੂਰਾ ਖੁਸ਼ ਸੀ ਕਿ ਹੁਣ ਮੈਨੂੰ ਨਵੀਂ ਵਰਦੀ ਮਿਲੂ ਤੇ ਮੈਂ ਮਾਸਟਰਾਂ ਦੀਆਂ ਝਿੜਕਾਂ ਤੋਂ ਬਚੂੰ।
ਦੋ ਕੁ ਦਿਨਾਂ ਬਾਅਦ ਭਾਨੀ ਨੇ ਗਿਆਨ ਕੌਰ ਨੂੰ ਉਹਦਾ ਵਾਅਦਾ ਚੇਤੇ ਕਰਾਇਆ। ਜਵਾਬ ਵਿਚ ਗਿਆਨ ਕੌਰ ਬੋਲੀ, “ਦੇਖ ਭਾਨੀਏ, ਪੂਰੇ ਪੰਦਰਾਂ ਲੱਖ ਲੱਗ’ਗੇ ਵੀਜ਼ੇ ‘ਤੇ, ਹੁਣ ਨੀਂ ਰਿਹਾ ਕੁਝ ਵੀ ਪੱਲੇ। ਮਸਾਂ ਆੜਤੀਏ ਤੋਂ ਫੜ੍ਹ ਫੜ੍ਹਾ ਕੇ, ਕੁਝ ਰਿਸ਼ਤੇਦਾਰਾਂ ਤੋਂ ਮੰਗ-ਤੰਗ ਕੇ ਪੂਰੇ ਕੀਤੇ ਐ, ਹੁਣ ਤਾਂ ਘਰੇ ਜ਼ਹਿਰ ਖਾਣ ਨੂੰ ਪੈਸਾ ਨ੍ਹੀਂ, ਐਂਤਕੀ ਤਾਂ ਸੂਟ, ਵਰਦੀ ਛੱਡ, ਊਂ ਨੀ ਕੁਛ ਤੇਰੇ ਹੱਥ ‘ਤੇ ਧਰਿਆ ਜਾਣਾ। ਪੰਜ-ਚਾਰ ਮਹੀਨੇ ਕੱਢ ਔਖੀ-ਸੌਖੀ, ਫੇਰ ਦੇਖਾਂਗੇ, ਹੱਥ ਕੁਝ ਸੌਖਾ ਹੋ ਜੂ।”
ਗਿਆਨ ਕੌਰ ਦੀਆਂ ਬੇ-ਉਮੀਦ ਤੇ ਰੁਖੀਆਂ ਗੱਲਾਂ ਸੁਣ ਭਾਨੀ ਨੂੰ ਡਾਢਾ ਧੱਕਾ ਲੱਗਾ। ਉਹ ਮਸੋਸੇ ਜਿਹੇ ਮੂੰਹ ਤੇ ਭਿਜੀਆਂ ਅੱਖਾਂ ਲਈ ਘਰ ਨੂੰ ਤੁਰਨ ਲੱਗੀ। ਗਿਆਨ ਕੌਰ ਤੋਂ ਮੂੰਹ ਲੁਕਾਉਂਦਿਆਂ ਮਸਾਂ ਅੱਖਾਂ ਪੂੰਝੀਆਂ।
ਪਿਛੋਂ ਗਿਆਨ ਕੌਰ ਨੇ ਆਵਾਜ਼ ਮਾਰੀ, “ਰੁਕ, ਖੜ੍ਹ ਜਾ ਨੀਂ ਭਾਨੀਏ, ਮੈਂ ਕੱਢਦੀ ਆਂ ਆਵਦੇ ਪੁਰਾਣੇ ਦੋ ਸੂਟ ਤੇਰੇ ਲਈ। ਭੀੜੇ ਆ ਮੈਨੂੰ, ਊਂ ਜਵਾਂ ਨਵੇਂ ਪਏ ਐ, ਤੂੰ ਲੈ ਜਾ। ਜੰਟੇ ਵਾਸਤੇ ਵੀ ਹਰਮੀਤ ਦੇ ਬਥੇਰੇ ਪਏ ਐ, ਉਹ ਹੁਣ ਕਿਨ੍ਹੇ ਹੰਢਾਉਣੇ?”
ਬੁਝੀਆਂ ਆਸਾਂ ਦੇ ਸਮੁੰਦਰ ‘ਚ ਡੁੱਬੀ ਭਾਨੀ ਵਿਹੜੇ ਦੀ ਕੰਧ ਨਾਲ ਢੋ ਲਾ ਕੇ ਉਥੇ ਈ ਬੈਠ ਗਈ। ਅੱਜ ਫੇਰ ਜਿੰਦਰ ਦਾ ਧੁਆਂਖਿਆ ਚਿਹਰਾ ਉਸ ਦੀਆਂ ਅੱਖਾਂ ‘ਚ ਤੈਰ ਆਇਆ, ਜਦੋਂ ਹੱਸਦਾ ਹੋਇਆ ਉਹ ਅਕਸਰ ਆਖਦਾ ਸੀ, “ਭਾਨੀਏ ਆਪਣਾ ਰਿਜਕਦਾਤਾ ਤਾਂ ਕਰਮ ਸਿਹੁੰ ਐæææ।” ਤੇ ਉਹ ਹੰਝੂਆਂ ਡੁੱਬੀ ਜ਼ੁਬਾਨ ਨਾਲ ਝੋਰੇ ਲੈ ਲੈ ਆਖਦੀ, “ਜਾਹ ਵੇ ਦੋਜਖੀਆ, ਕਿਹੜੇ ਕਰਮਾਂ ਸਹਾਰੇ ਛੱਡ ਗਿਆ ਮੈਨੂੰ ‘ਕੱਲੀ ਨੂੰ। ਰੋਵਾਂ ਬੈਠ ਕੇ ਯਾਦਾਂ ਦੇ ਤੰਦ ਬੁਣਦੀ, ਜਿੰਦ ਦੀ ਬਣਾ ਕੇ ਚਰਖੀ, ਵੇ ਸੋਹਣਿਆਂ।