ਡੇਰੇ ਜਾਣ ਵਾਲੇ ਆਗੂ ਤਨਖਾਹੀਆ ਕਰਾਰ

ਅੰਮ੍ਰਿਤਸਰ: ਸ੍ਰੀ ਅਕਾਲ ਤਖਤ ਵਿਖੇ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਦੌਰਾਨ ਵੋਟਾਂ ਖਾਤਰ ਡੇਰਾ ਸਿਰਸਾ ਜਾਣ ਵਾਲੇ ਸਿੱਖ ਸਿਆਸੀ ਆਗੂਆਂ ਨੂੰ ਹੁਕਮਨਾਮੇ ਦੀ ਉਲੰਘਣਾ ਦੇ ਦੋਸ਼ ਹੇਠ ਤਨਖਾਹ ਲਾਈ ਗਈ ਹੈ। ਤਨਖਾਹ ਲਾਉਣ ਸਮੇਂ ਸਾਬਤ ਸੂਰਤ ਸਿੱਖ ਆਗੂਆਂ ਅਤੇ ਪਤਿਤ ਸਿੱਖਾਂ ਨੂੰ ਦੋ ਸ਼੍ਰੇਣੀਆਂ ਵਿਚ ਵੰਡਿਆ ਗਿਆ। ਇਸ ਤੋਂ ਪਹਿਲਾਂ ਸਾਰੇ ਆਗੂਆਂ ਨੇ ਆਪੋ-ਆਪਣੇ ਸਪਸ਼ਟੀਕਰਨ ਸੌਂਪੇ। ਇਕੱਤਰਤਾ ਵਿਚ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਭਾਈ ਗੁਰਮੁਖ ਸਿੰਘ ਗੈਰਹਾਜ਼ਰ ਰਹੇ।

ਅਕਾਲ ਤਖਤ ਵਿਖੇ ਤਲਬ ਕੀਤੇ 44 ਸਿੱਖ ਆਗੂਆਂ ਵਿਚੋਂ ਚਾਰ ਨਹੀਂ ਪੁੱਜੇ। ਇਨ੍ਹਾਂ ਵਿਚ ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ, ਅਜਾਇਬ ਸਿੰਘ ਭੱਟੀ ਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਪੁੱਤਰ ਅਰਜਨ ਸਿੰਘ ਬਾਦਲ (ਸਾਰੇ ਕਾਂਗਰਸੀ) ਅਤੇ ਸਾਬਕਾ ਅਕਾਲੀ ਮੰਤਰੀ ਜਨਮੇਜਾ ਸਿੰਘ ਸੇਖੋਂ ਸ਼ਾਮਲ ਹਨ। ਗੈਰਹਾਜ਼ਰ ਆਗੂਆਂ ਨੂੰ ਅਗਲੀ ਇਕੱਤਰਤਾ ਸਮੇਂ ਪੇਸ਼ ਹੋਣਾ ਪਵੇਗਾ। ਪੰਜ ਸਿੰਘ ਸਾਹਿਬਾਨ ਨੇ 39 ਆਗੂਆਂ ਨੂੰ ਤਨਖਾਹ ਲਾਈ ਜਿਨ੍ਹਾਂ ਵਿਚ 27 ਅਕਾਲੀ ਦਲ, 11 ਕਾਂਗਰਸ ਅਤੇ ਇਕ ਆਮ ਆਦਮੀ ਪਾਰਟੀ ਨਾਲ ਸਬੰਧਤ ਹੈ, ਜਦੋਂ ਕਿ ਅਕਾਲੀ ਆਗੂ ਮਨਪ੍ਰੀਤ ਸਿੰਘ ਇਆਲੀ ਨੂੰ ਇਸ ਦੋਸ਼ ਤੋਂ ਮੁਆਫ ਕਰ ਦਿੱਤਾ ਗਿਆ। ਉਨ੍ਹਾਂ ਆਪਣੇ ਸਪਸ਼ਟੀਕਰਨ ਵਿਚ ਸਾਬਤ ਕੀਤਾ ਕਿ ਉਹ ਹੁਕਮਨਾਮੇ ਦੀ ਉਲੰਘਣਾ ਕਰਨ ਵਾਲਿਆਂ ਵਿਚ ਸ਼ਾਮਲ ਨਹੀਂ ਸੀ।
ਗੁਰਸਿੱਖ ਆਗੂਆਂ ਨੂੰ ਪੰਥਕ ਰਵਾਇਤ ਮੁਤਾਬਕ ਅਕਾਲ ਤਖਤ ਦੀ ਫਸੀਲ ਤੋਂ ਪੰਜ ਸਿੰਘ ਸਾਹਿਬਾਨ ਨੇ ਤਨਖਾਹ ਸੁਣਾਈ। ਇਨ੍ਹਾਂ ਕੁੱਲ 21 ਆਗੂਆਂ ਵਿਚ 20 ਸ਼੍ਰੋਮਣੀ ਅਕਾਲੀ ਦਲ ਦੇ ਅਤੇ ਇਕ ਕਾਂਗਰਸੀ (ਅਜੀਤਇੰਦਰ ਸਿੰਘ ਮੋਫਰ) ਹੈ। ਅਕਾਲੀ ਆਗੂਆਂ ਵਿਚ ਅਜੀਤ ਸਿੰਘ ਸ਼ਾਂਤ, ਦਰਬਾਰਾ ਸਿੰਘ ਗੁਰੂ, ਪਰਮਿੰਦਰ ਸਿੰਘ ਢੀਂਡਸਾ, ਵਰਿੰਦਰ ਕੌਰ, ਇੰਦਰ ਇਕਬਾਲ ਸਿੰਘ ਅਟਵਾਲ, ਮਨਤਾਰ ਸਿੰਘ ਬਰਾੜ, ਪ੍ਰਕਾਸ਼ ਸਿੰਘ ਭੱਟੀ, ਸਿਕੰਦਰ ਸਿੰਘ ਮਲੂਕਾ, ਗੁਰਪ੍ਰੀਤ ਸਿੰਘ ਰਾਜੂ, ਜੀਤਮਹਿੰਦਰ ਸਿੰਘ ਸਿੱਧੂ, ਪਰਮਬੰਸ ਸਿੰਘ, ਕੰਵਲਜੀਤ ਸਿੰਘ ਰੋਜ਼ੀ ਬਰਕੰਦੀ, ਹਰਪ੍ਰੀਤ ਸਿੰਘ ਕੋਟਭਾਈ, ਸੁਰਜੀਤ ਸਿੰਘ ਰੱਖੜਾ, ਇਕਬਾਲ ਸਿੰਘ ਝੂੰਦਾ, ਈਸ਼ਰ ਸਿੰਘ ਮਿਹਰਬਾਨ, ਗੋਬਿੰਦ ਸਿੰਘ ਲੌਂਗੋਵਾਲ, ਰਣਜੀਤ ਸਿੰਘ ਤਲਵੰਡੀ, ਹਰੀ ਸਿੰਘ ਨਾਭਾ ਅਤੇ ਦੀਦਾਰ ਸਿੰਘ ਭੱਟੀ ਸ਼ਾਮਲ ਹਨ। ਇਹ ਸਾਰੇ ਆਗੂ ਸਮੂਹਿਕ ਰੂਪ ਵਿਚ ਪੰਜ ਦਿਨ ਵੱਖ-ਵੱਖ ਸੇਵਾਵਾਂ ਪੂਰੀਆਂ ਕਰਨਗੇ। ਇਕ ਦਿਨ ਇਹ ਸਾਰੇ ਗੁਰਦੁਆਰਾ ਸਾਰਾਗੜ੍ਹੀ ਸਾਹਿਬ ਤੋਂ ਦਰਸ਼ਨੀ ਡਿਓਢੀ ਤੱਕ ਸ੍ਰੀ ਹਰਿਮੰਦਰ ਸਾਹਿਬ ਆਉਣ ਵਾਲੇ ਰਸਤੇ ਦੀ ਸਫਾਈ ਕਰਨਗੇ, ਦੋ ਘੰਟੇ ਜੋੜਾ ਘਰ ਵਿਚ ਜੋੜਿਆਂ ਨੂੰ ਪਾਲਿਸ਼ ਕਰਨ, ਇਕ ਦਿਨ ਸ੍ਰੀ ਹਰਿਮੰਦਰ ਸਾਹਿਬ ਦੀ ਸਾਰੀ ਪਰਿਕਰਮਾ ਦੀ ਸਫਾਈ ਅਤੇ ਧੁਆਈ, ਦੋ ਘੰਟੇ ਲੰਗਰ ਵਰਤਾਉਣ ਤੇ ਇਕ ਘੰਟਾ ਸ੍ਰੀ ਹਰਿਮੰਦਰ ਸਾਹਿਬ ਵਿਚ ਕੀਰਤਨ ਸੁਣਨ ਦੀ ਸੇਵਾ ਕਰਨਗੇ। ਇਸ ਮਗਰੋਂ 501 ਰੁਪਏ ਦੀ ਕੜਾਹ ਪ੍ਰਸ਼ਾਦ ਦੀ ਦੇਗ ਅਤੇ 5100-5100 ਰੁਪਏ ਗੋਲਕ ਵਿਚ ਪਾ ਕੇ ਖਿਮਾ ਯਾਚਨਾ ਦੀ ਅਰਦਾਸ ਕਰਨਗੇ। 18 ਪਤਿਤ ਸਿੱਖਾਂ ਨੂੰ ਆਪੋ-ਆਪਣੇ ਹਲਕੇ ਦੇ ਗੁਰਦੁਆਰਿਆਂ ਵਿਚ 10 ਦਿਨ ਝਾੜੂ ਮਾਰਨ ਅਤੇ ਲੰਗਰ ਦੀ ਸੇਵਾ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਇਨ੍ਹਾਂ ਵਿਚ 10 ਕਾਂਗਰਸ, ਸੱਤ ਸ਼੍ਰੋਮਣੀ ਅਕਾਲੀ ਦਲ ਅਤੇ ਇਕ ਆਮ ਆਦਮੀ ਪਾਰਟੀ ਨਾਲ ਸਬੰਧਤ ਹੈ। ਕਾਂਗਰਸ ਵੱਲੋਂ ਸਾਧੂ ਸਿੰਘ ਧਰਮਸੋਤ, ਅਮਰਿੰਦਰ ਸਿੰਘ ਰਾਜਾ ਵੜਿੰਗ, ਕੁਸ਼ਲਦੀਪ ਸਿੰਘ, ਕੇਵਲ ਸਿੰਘ, ਕਰਨ ਕੌਰ, ਦਰਸ਼ਨ ਸਿੰਘ, ਰਣਦੀਪ ਸਿੰਘ ਨਾਭਾ, ਰਜਿੰਦਰ ਸਿੰਘ ਸਮਾਣਾ, ਖੁਸ਼ਬਾਜ ਸਿੰਘ ਜਟਾਣਾ, ਦਮਨ ਕੌਰ, ਨਰਿੰਦਰ ਸਿੰਘ (ਆਪ) ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਸੁਰਿੰਦਰ ਪਾਲ ਸਿੰਘ, ਗੁਲਜ਼ਾਰ ਸਿੰਘ, ਹਰਦੀਪ ਸਿੰਘ, ਨਿਸ਼ਾਨ ਸਿੰਘ ਬੁਢਲਾਡਾ, ਦਰਸ਼ਨ ਸਿੰਘ ਕੋਟਫੱਤਾ, ਦਿਲਰਾਜ ਸਿੰਘ ਭੂੰਦੜ ਤੇ ਜਗਦੀਪ ਸਿੰਘ ਨਕਈ ਸ਼ਾਮਲ ਹਨ।
_____________________________________________
ਤਨਖਾਹੀਆਂ ਦੀ ਵੀæਆਈæਪੀæ ਸੇਵਾ
ਅੰਮ੍ਰਿਤਸਰ: ਸਿੰਘ ਸਾਹਿਬਾਨ ਵੱਲੋਂ ਤਨਖਾਹ ਸੁਣਾਏ ਜਾਣ ਤੋਂ ਪਹਿਲਾਂ ਸਾਰੇ ਸਿਆਸੀ ਆਗੂਆਂ ਨੂੰ ਵੀæਆਈæਪੀæ ਸੇਵਾ ਦਿੱਤੀ ਗਈ। ਇਨ੍ਹਾਂ ਸਾਰਿਆਂ ਨੂੰ ਸ੍ਰੀ ਅਕਾਲ ਤਖਤ ਦੀ ਮੁੱਖ ਇਮਾਰਤ ਹੇਠਾਂ ਬਣੇ ਭੋਰੇ ਵਿਚ ਏæਸੀæ ਦੀ ਠੰਢੀ ਹਵਾ ਵਿਚ ਬਿਠਾਇਆ ਗਿਆ ਅਤੇ ਉਥੇ ਹੀ ਚਾਹ-ਪਾਣੀ ਵਰਤਾਇਆ ਗਿਆ, ਜਦੋਂ ਕਿ ਆਮ ਤੌਰ ‘ਤੇ ਤਲਬ ਕੀਤੇ ਦੋਸ਼ੀਆਂ ਨੂੰ ਅਕਾਲ ਤਖਤ ਦੇ ਸਕੱਤਰੇਤ ਦੇ ਬਾਹਰ ਆਪਣੀ ਵਾਰੀ ਦੀ ਉਡੀਕ ਕਰਨੀ ਪੈਂਦੀ ਹੈ।