ਸੁਖਬੀਰ ਸੀ ਡੇਰਾ ਮੁਖੀ ਨੂੰ ਮੁਆਫੀ ਦਿਵਾਉਣ ਦਾ ‘ਮਾਸਟਰਮਾਈਂਡ’

ਅੰਮ੍ਰਿਤਸਰ: ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਗੁਰਮੁਖ ਸਿੰਘ ਨੇ ਆਖਿਆ ਹੈ ਕਿ ਡੇਰਾ ਸਿਰਸਾ ਮੁਖੀ ਨੂੰ ਮੁਆਫੀ ਦਿਵਾਉਣ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਜਥੇਦਾਰਾਂ ‘ਤੇ ਦਬਾਅ ਬਣਾਇਆ ਗਿਆ ਸੀ। ਉਨ੍ਹਾਂ ਸਮੇਤ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਤੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਮੱਲ ਸਿੰਘ ਨੂੰ ਚੰਡੀਗੜ੍ਹ ਵਿਖੇ ਸੁਖਬੀਰ ਬਾਦਲ ਦੀ ਕੋਠੀ ਵਿਚ ਬੁਲਾ ਕੇ ਬੈਠਕ ਕੀਤੀ ਗਈ ਸੀ।

ਇਸ ਦੌਰਾਨ ਡੇਰਾ ਮੁਖੀ ਵੱਲੋਂ ਹਿੰਦੀ ਭਾਸ਼ਾ ਵਿਚ ਭੇਜੀ ਗਈ ਚਿੱਠੀ ‘ਤੇ ਤੁਰਤ ਕਾਰਵਾਈ ਕਰਨ ਦਾ ਦਬਾਅ ਬਣਾਇਆ ਗਿਆ ਸੀ।
ਉਨ੍ਹਾਂ ਨੇ ਉਸ ਵੇਲੇ ਵੀ ਇਸ ਮਾਮਲੇ ‘ਤੇ ਇਤਰਾਜ਼ ਜਤਾਇਆ ਸੀ। ਇਸ ਸਬੰਧੀ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਉਨ੍ਹਾਂ ਦੇ ਇਤਰਾਜ਼ ਨੂੰ ਸਹੀ ਵੀ ਦੱਸਿਆ ਸੀ, ਪਰ ਫਿਰ ਅਕਾਲ ਤਖਤ ਸਾਹਿਬ ਵਿਖੇ ਚਿੱਠੀ ਭੇਜਣ ਮਗਰੋਂ ਉਨ੍ਹਾਂ ਨੂੰ ਲਗਾਤਾਰ ਫੋਨ ਕਰ ਕੇ ਇਹ ਕਿਹਾ ਗਿਆ ਕਿ ਤੁਸੀਂ ਇਸ ਮਾਮਲੇ ਵਿਚ ਚੁੱਪ ਰਹੋ ਤੇ ਡੇਰਾ ਮੁਖੀ ਦੇ ਮੁਆਫੀਨਾਮੇ ਨੂੰ ਸਵੀਕਾਰ ਕਰਨ ਵਿਚ ਸਹਿਮਤੀ ਪ੍ਰਗਟਾਓ। ਅਕਾਲ ਤਖਤ ਸਕੱਤਰੇਤ ਵਿਖੇ ਕੀਤੀਆਂ ਜਾਣ ਵਾਲਿਆਂ ਬੈਠਕਾਂ ਵਿਚ ਸ਼ਾਮਲ ਨਾ ਹੋਣ ਦੇ ਫੈਸਲੇ ਬਾਰੇ ਉਨ੍ਹਾਂ ਕਿਹਾ ਕਿ ਅਕਾਲੀ ਦਲ ਵੱਲੋਂ ਅਕਾਲ ਤਖਤ ਸਾਹਿਬ ਦੇ ਫੈਸਲੇ ਦੀ ਉਲੰਘਣਾ ਕੀਤੀ ਗਈ ਹੈ। ਇਸ ਲਈ ਉਹ ਬੰਦ ਕਮਰਾ ਬੈਠਕਾਂ ਵਿਚ ਕਦੇ ਵੀ ਸ਼ਾਮਲ ਨਹੀਂ ਹੋਣਗੇ।
ਉਨ੍ਹਾਂ ਦੱਸਿਆ ਕਿ ਜਦੋਂ ਵਿਧਾਨ ਸਭਾ ਚੋਣਾਂ ਦੌਰਾਨ ਡੇਰਾ ਮੁਖੀ ਕੋਲੋਂ ਸਮਰਥਨ ਲੈਣ ਦਾ ਐਲਾਨ ਕੀਤਾ ਗਿਆ ਤਾਂ 2 ਫਰਵਰੀ ਨੂੰ ਮਨਜਿੰਦਰ ਸਿੰਘ ਸਿਰਸਾ ਨੇ ਉਨ੍ਹਾਂ ਨੂੰ ਫੋਨ ਕਰ ਕੇ ਕਿਹਾ ਸੀ ਕਿ ਸਾਨੂੰ ਡੇਰੇ ਕੋਲੋਂ ਸਮਰਥਨ ਲੈਣਾ ਪਿਆ ਹੈ ਤੇ ਤੁਹਾਨੂੰ ਬੇਨਤੀ ਹੈ ਕਿ ਤੁਸੀਂ ਇਸ ਮਾਮਲੇ ‘ਤੇ ਸ਼ਾਂਤ ਰਹੋ ਤੇ ਕੁਝ ਵੀ ਨਾ ਬੋਲੋ। ਜਦੋਂ ਮੈਂ ਉਨ੍ਹਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਤੇ ਕਿਹਾ ਕਿ ਅਕਾਲ ਤਖਤ ਸਾਹਿਬ ਦੀਆਂ ਪਰੰਪਰਾਵਾਂ ਨੂੰ ਨਜ਼ਰ ਅੰਦਾਜ਼ ਕਰਨਾ ਕਿਸੇ ਵੀ ਕੀਮਤ ‘ਤੇ ਸਹੀ ਨਹੀਂ ਹੈ।
ਸਿਰਸਾ ਨੇ ਉਨ੍ਹਾਂ ਦੀ ਗੱਲ ਨਾਲ ਸਹਿਮਤੀ ਜਤਾਉਂਦੇ ਕਿਹਾ ਕਿ ਉਹ ਤਾਂ ਇਹੀ ਚਾਹੁੰਦੇ ਹਨ, ਪਾਰ ਸਾਡੇ ‘ਬੌਸ’ ਸੁਖਬੀਰ ਬਾਦਲ ਕਿਸੇ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਹਨ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਕਿਰਪਾਲ ਸਿੰਘ ਬਡੂੰਗਰ ਵੀ ਇਸ ਮਾਮਲੇ ਨੂੰ ਲੈ ਕੇ ਦੁਖੀ ਸਨ, ਪਰ ਜਦੋਂ ਮੈਂ ਮੀਡੀਆ ਵਿਚ ਇਸ ਬਾਰੇ ਗੱਲ ਕੀਤੀ ਤਾਂ ਮੈਨੂੰ ਮਨਜਿੰਦਰ ਸਿੰਘ ਸਿਰਸਾ ਤੋਂ ਇਲਾਵਾ ਸੁਖਬੀਰ ਬਾਦਲ ਦੇ ਕਈ ਕਰੀਬੀਆਂ ਨੇ ਚੁੱਪ ਰਹਿਣ ਦੀ ਸਲਾਹ ਦਿੱਤੀ। ਇਥੋਂ ਤੱਕ ਵੀ ਕਹਿ ਦਿੱਤਾ ਗਿਆ ਕਿ ਜੇਕਰ ਤੁਸੀਂ ਅਕਾਲੀ ਦਲ ਦੇ ਪ੍ਰਧਾਨ ਮੁਤਾਬਕ ਨਹੀਂ ਚੱਲ ਸਕਦੇ ਜਾਂ ਫਿਰ ਔਖੇ ਵੇਲੇ ਸਾਡੇ ਨਾਲ ਨਹੀਂ ਖੜ੍ਹੇ ਤਾਂ ਤੁਸੀਂ ਬਹੁਤੀ ਦੇਰ ਤਖਤ ਦੇ ਜਥੇਦਾਰ ਦੇ ਅਹੁਦੇ ‘ਤੇ ਬਿਰਾਜਮਾਨ ਨਹੀਂ ਰਹਿ ਸਕਦੇ।
ਉਨ੍ਹਾਂ ਸਿਰਸਾ ਨੂੰ ਕਿਹਾ ਕਿ ਇਹ ਕੋਈ ਤੁਹਾਡੇ ਵੱਲੋਂ ਚਲਾਇਆ ਜਾਣ ਵਾਲਾ ਕਾਰਖਾਨਾ ਨਹੀਂ। ਉਨ੍ਹਾਂ ਡੇਰੇ ਤੋਂ ਸਮਰਥਨ ਲੈਣ ਵਾਲੇ ਲੀਡਰਾਂ ਨੂੰ ਅਕਾਲ ਤਖਤ ਵਿਖੇ ਬੁਲਾਏ ਜਾਣ ਬਾਰੇ ਖੁਲਾਸਾ ਕਰਦਿਆਂ ਕਿਹਾ ਕਿ ਬੀਤੇ ਦਿਨੀਂ ਹੋਈ ਪੰਜ ਸਿੰਘ ਸਾਹਿਬਾਨ ਦੀ ਬੈਠਕ ਵਿਚ ਉਨ੍ਹਾਂ ਪਹਿਲਾਂ ਹੀ ਇਤਰਾਜ਼ ਜਤਾਇਆ ਸੀ ਕਿ ਅਕਾਲੀ ਦਲ ਵੱਲੋਂ ਪਹਿਲਾਂ ਹੀ ਤੁਹਾਨੂੰ ਫੋਨ ਕਰ ਕੇ ਇਨ੍ਹਾਂ ਲੋਕਾਂ ਖਿਲਾਫ ਕਾਰਵਾਈ ਨਾ ਕਰਨ ਲਈ ਦਬਾਅ ਬਣਾਇਆ ਜਾ ਚੁੱਕਾ ਹੈ। ਉਨ੍ਹਾਂ ਡੇਰਾ ਮੁਖੀ ਦੇ ਮੁਆਫੀਨਾਮੇ ਨੂੰ ਅਕਸ਼ੇ ਕੁਮਾਰ ਦੀ ਕੋਠੀ ਵਿਚ ਲੈ ਕੇ ਜਾਣ ਦੀਆਂ ਖਬਰਾਂ ਨੂੰ ਬਿਲਕੁਲ ਗਲਤ ਦੱਸਦਿਆਂ ਕਿਹਾ ਕਿ ਜਦੋਂ ਵੀ ਡੇਰਾ ਸਿਰਸਾ ਦਾ ਜ਼ਿਕਰ ਹੁੰਦਾ ਹੈ ਤਾਂ ਡੇਰਾ ਮੁਖੀ ਦੀ ਚਿੱਠੀ ਦਾ ਜ਼ਿਕਰ ਹੁੰਦਾ ਹੈ, ਪਰ ਬੜੀ ਹੈਰਾਨੀ ਦੀ ਗੱਲ ਹੈ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਇਹ ਦੱਸਣ ਨੂੰ ਤਿਆਰ ਨਹੀਂ ਕਿ ਆਖਰ ਉਹ ਚਿੱਠੀ ਅਕਾਲ ਤਖਤ ਸਾਹਿਬ ਵਿਖੇ ਕੌਣ ਲੈ ਕੇ ਆਇਆ ਸੀ। ਉਨ੍ਹਾਂ ਕਿਹਾ ਕਿ ਅਕਾਲ ਤਖਤ ਸਾਹਿਬ ‘ਤੇ ਅਕਾਲੀ ਦਲ ਤੇ ਖਾਸ ਕਰ ਕੇ ਬਾਦਲ ਪਰਿਵਾਰ ਦੇ ਵਧ ਰਹੇ ਦਬਾਅ ਨੇ ਉਨ੍ਹਾਂ ਨੂੰ ਬਹੁਤ ਹੀ ਪ੍ਰਭਾਵਿਤ ਕੀਤਾ।
__________________________________________
ਦੋਸ਼ਾਂ ਬਾਰੇ ਪੁੱਛਣ ‘ਤੇ ਤੁਰਦੇ ਬਣੇ ਸੁਖਬੀਰ ਬਾਦਲ
ਚੰਡੀਗੜ੍ਹ: ਜਥੇਦਾਰ ਗੁਰਮੁਖ ਸਿੰਘ ਦੇ ਦੋਸ਼ਾਂ ਬਾਰੇ ਪੁੱਛਣ ‘ਤੇ ਸੁਖਬੀਰ ਸਿੰਘ ਬਾਦਲ ਟਾਲਾ ਵੱਟ ਗਏ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਜਥੇਦਾਰ ਗੁਰਮੁਖ ਸਿੰਘ ਨੇ ਤੁਹਾਡੇ ‘ਤੇ ਦੋਸ਼ ਲਗਾਏ ਹਨ ਤਾਂ ਬਿਨਾਂ ਜਵਾਬ ਦਿੱਤਿਆਂ ਸੁਖਬੀਰ ਆਪਣੇ ਅਕਾਲੀ ਆਗੂਆਂ ਨਾਲ ਅਗਲੇ ਪੜਾਅ ਲਈ ਕਾਹਲੀ ਨਾਲ ਤੁਰ ਪਏ।
_________________________________________
ਗਿਆਨੀ ਗੁਰਮੁਖ ਸਿੰਘ ਦੇ ਖੁਲਾਸੇ ਕੁਵੇਲੇ ਦਾ ਸੱਚ ਕਰਾਰ
ਅੰਮ੍ਰਿਤਸਰ: ਗਿਆਨੀ ਗੁਰਮੁਖ ਸਿੰਘ ਵੱਲੋਂ ਹੁਣ ਕੀਤੇ ਗਏ ਖੁਲਾਸਿਆਂ ਨੂੰ ਸਿੱਖ ਵਿਦਵਾਨਾਂ ਨੇ ਕੁਵੇਲੇ ਨਾਲ ਬੋਲਿਆ ਸੱਚ ਕਰਾਰ ਦਿੱਤਾ ਹੈ। ਇਸ ਮਾਮਲੇ ਸਬੰਧੀ ਪੰਥਕ ਤਾਲਮੇਲ ਸੰਗਠਨ ਦੇ ਕਨਵੀਨਰ ਅਤੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਨੇ ਕਿਹਾ ਹੈ ਕਿ ਭਾਈ ਗੁਰਮੁਖ ਸਿੰਘ ਨੇ ਸੱਚ ਬੋਲਣ ਵਿਚ ਬਹੁਤ ਦੇਰ ਕਰ ਦਿੱਤੀ ਹੈ। ਜੇਕਰ ਉਹ ਸਮੇਂ ਸਿਰ ਸੱਚ ਬੋਲਦੇ ਤਾਂ ਕੌਮ ਦੀਆਂ ਪਰੰਪਰਾਵਾਂ ਦਾ ਘਾਣ ਨਾ ਹੁੰਦਾ ਅਤੇ ਨਾ ਹੀ ਕੌਮ ਦਾ ਜਾਨੀ ਮਾਲੀ ਨੁਕਸਾਨ ਹੁੰਦਾ। ਉਨ੍ਹਾਂ ਆਖਿਆ ਕਿ ਭਾਈ ਗੁਰਮੁਖ ਸਿੰਘ ਵੱਲੋਂ ਅੱਜ ਬੋਲਿਆ ਸੱਚ ਭਾਵੇਂ ਸੱਚ ਹੋਵੇ, ਪਰ ਇਹ ਕੁਵੇਲੇ ਬੋਲਿਆ ਸੱਚ ਹੈ। ਸਾਬਕਾ ਜਥੇਦਾਰ ਨੇ ਦਾਅਵਾ ਕੀਤਾ ਕਿ ਪੰਥਕ ਤਾਲਮੇਲ ਸੰਗਠਨ ਸੱਚ ਤੇ ਕੱਚ ਦਾ ਨਿਤਾਰਾ ਕਰਨ ਲਈ ਖਾਸ ਨੁਮਾਇੰਦਿਆਂ ਦਾ ਇਕੱਠ ਕਰੇਗਾ।