ਸਰਕਾਰ ਬਦਲੀ, ਪਰ ਹਾਲਾਤ ਨਹੀਂ

ਚੰਡੀਗੜ੍ਹ: ਸਰਕਾਰ ਬਦਲਣ ਪਿੱਛੋਂ ਵੀ ਲਾਕਾਨੂੰਨੀ ਨੇ ਪੰਜਾਬ ਨੂੰ ਘੇਰਿਆ ਹੋਇਆ ਹੈ। ਕਤਲੋ-ਗਾਰਤ ਰੁਕਣ ਦਾ ਨਾਮ ਨਹੀਂ ਲੈ ਰਹੀ। ਗੁਰਦਾਸਪੁਰ ਵਿਚ ਗੈਂਗਸਟਰ ਵਿੱਕੀ ਗੌਂਡਰ ਦੇ ਗਿਰੋਹ ਵੱਲੋਂ ਇਕ ਵਿਰੋਧੀ ਗੈਂਗ ਦੇ ਤਿੰਨ ਮੈਂਬਰਾਂ ਦੀਆਂ ਦਿਨ ਦਿਹਾੜੇ ਹੱਤਿਆਵਾਂ ਤੇ ਇਕ ਹੋਰ ਨੂੰ ਜ਼ਖ਼ਮੀ ਕਰਨ ਦੀ ਘਟਨਾ ਅਤੇ ਮਾਨਸਾ ਜ਼ਿਲ੍ਹੇ ਵਿਚ ਇਕ ਸਾਬਕਾ ਸਰਪੰਚ ਉਤੇ ਹਮਲਾ ਕਰ ਕੇ ਉਸ ਦੇ ਪੁੱਤਰ ਦੀ ਹੱਤਿਆ ਦੀ ਵਾਰਦਾਤ ਇਸ ਗੱਲ ਵੱਲ ਇਸ਼ਾਰਾ ਕਰਦੀ ਹੈ ਕਿ

ਲੋਕਾਂ ਵੱਲੋਂ ਅਕਾਲੀ ਦਲ ਦੇ ਸੱਤਾ ਤੋਂ ਲਾਂਭੇ ਹੋਣ ਤੇ ਨਵੀਂ ਸਰਕਾਰ ਆਉਣ ਪਿੱਛੋਂ ਸੂਬੇ ਵਿਚ ਅਮਨ ਸ਼ਾਤੀ ਦੀਆਂ ਲਾਈਆਂ ਆਸਾਂ ਨੂੰ ਬੂਰ ਪੈਣ ਵਾਲਾ ਨਹੀਂ। ਕਾਂਗਰਸੀ ਆਗੂ ਜਿਸ ਕਿਸਮ ਦੀ ਬਦਅਮਨੀ ਲਈ ਪਿਛਲੀ ਅਕਾਲੀ-ਭਾਜਪਾ ਸਰਕਾਰ ਨੂੰ ਦੋਸ਼ੀ ਦੱਸਦੇ ਸਨ, ਉਸੇ ਕਿਸਮ ਦੀ ਬਦਅਮਨੀ ਹੁਣ ਉਨ੍ਹਾਂ ਦੀ ਸਰਕਾਰ ਨਾਲ ਜੁੜਨੀ ਸ਼ੁਰੂ ਹੋ ਗਈ ਹੈ।
ਨਵੀਂ ਸਰਕਾਰ ਦੇ ਹਲਫ ਲੈਣ ਤੋਂ ਬਾਅਦ ਸਵਾ ਮਹੀਨੇ ਤੋਂ ਘੱਟ ਸਮੇਂ ਵਿਚ ਗੈਂਗਵਾਰਾਂ ਜਾਂ ਰਾਜਸੀ ਬਦਲਾਖੋਰੀ ਦੇ ਮਾਮਲਿਆਂ ਵਿਚ 21 ਬੰਦੇ ਮਾਰੇ ਜਾ ਚੁੱਕੇ ਹਨ। ਨਵੀਂ ਸਰਕਾਰ ਨੇ ਪੁਲਿਸ ਪ੍ਰਬੰਧ ਨੂੰ ਪੁਰਾਣੇ ਜਥੇਦਾਰੀ ਢੱਰੇ ਵਿਚੋਂ ਕੱਢਣ ਤੇ ਚੁਸਤ-ਦਰੁਸਤ ਬਣਾਉਣ ਲਈ ਚੌਂਕੀ ਤੇ ਥਾਣਾ ਇੰਚਾਰਜਾਂ ਤੋਂ ਲੈ ਕੇ ਏæਡੀæਜੀæਪੀਜ਼æ ਤੱਕ ਦੇ ਅਧਿਕਾਰੀਆਂ ਦੀਆਂ ਬਦਲੀਆਂ ਦੀ ਕਵਾਇਦ ਮੁਕੰਮਲ ਕਰ ਲਈ ਹੈ, ਪਰ ਇਹ ਕਵਾਇਦ ਕੋਈ ਨਿੱਗਰ ਨਤੀਜੇ ਸਾਹਮਣੇ ਨਹੀਂ ਲਿਆਈ। ਕੈਪਟਨ ਦੇ ਹਮਾਇਤੀਆਂ ਦਾ ਕਹਿਣਾ ਹੈ ਕਿ ਕਿਸੇ ਵੀ ਸਰਕਾਰ ਕੋਲ ਅਜਿਹੀ ਜਾਦੂਈ ਛੜੀ ਨਹੀਂ ਹੁੰਦੀ ਕਿ ਉਹ ਵਿਗੜੇ ਢਾਂਚੇ ਨੂੰ ਚੰਦ ਹਫਤਿਆਂ ਜਾਂ ਚੰਦ ਮਹੀਨਿਆਂ ਵਿਚ ਠੀਕ ਕਰ ਦੇਵੇ। ਗੁਰਦਾਸਪੁਰ ਵਾਲੀ ਘਟਨਾ, ਦਰਅਸਲ, ਪੁਲਿਸ ਪ੍ਰਬੰਧ ਦੀ ਢਿੱਲ-ਮੱਠ ਦੀ ਉਘੜਵੀਂ ਮਿਸਾਲ ਹੈ। ਅਪਰਾਧੀ ਸਰਗਨੇ ਵਿੱਕੀ ਗੌਂਡਰ ਦੀ ਨਾਭਾ ਜੇਲ੍ਹ-ਤੋੜ ਕਾਂਡ ਸਬੰਧੀ ਸੂਬਾਈ ਪੁਲਿਸ ਨੂੰ ਸਰਗਰਮੀ ਨਾਲ ਭਾਲ ਹੈ। ਉਸ ਦੇ ਕਈ ਹੋਰ ਸਾਥੀ ਪਹਿਲਾਂ ਹੀ ਕਾਬੂ ਕੀਤੇ ਜਾ ਚੁੱਕੇ ਹਨ। ਉਸ ਨੂੰ ਪੁਲਿਸ ਅਜੇ ਤੱਕ ਕਿਉਂ ਕਾਬੂ ਨਹੀਂ ਕਰ ਸਕੀ, ਇਹ ਆਪਣੇ ਆਪ ਵਿਚ ਵੱਡਾ ਭੇਤ ਹੈ। ਗੁਰਦਾਸਪੁਰ ਵਾਲੀ ਘਟਨਾ ਦੇ ਸਬੰਧ ਵਿਚ ਪੁਲਿਸ ਵੱਲੋਂ ਕੀਤੀਆਂ ਚਾਰ ਗ੍ਰਿਫਤਾਰੀਆਂ ਵਿਚ ਵਿੱਕੀ ਗੌਂਡਰ ਸ਼ਾਮਲ ਨਹੀਂ।
ਫਿਕਰਮੰਦੀ ਦੀ ਗੱਲ ਇਹ ਹੈ ਕਿ ਜਿਥੇ ਰਾਜ ਵਿਚ ਕਤਲਾਂ, ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ‘ਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ, ਉਥੇ ਗੈਂਗਸਟਰਾਂ ਵੱਲੋਂ ਦਿਨ-ਦਿਹਾੜੇ ਆਪਣੇ ਵਿਰੋਧੀਆਂ ਨੂੰ ਗੋਲੀਆਂ ਨਾਲ ਭੁੰਨਣਾ ਆਮ ਚਲਨ ਬਣਦਾ ਜਾ ਰਿਹਾ ਹੈ। ਪਿਛਲੇ ਦਿਨੀਂ ਚੰਡੀਗੜ੍ਹ ‘ਚ ਭਰੇ ਬਾਜ਼ਾਰ ਵਿਚ ਜਿਸ ਤਰ੍ਹਾਂ ਇਕ ਸਰਪੰਚ ਨੂੰ ਮਾਰਿਆ ਗਿਆ ਤੇ ਬਾਅਦ ‘ਚ ਜਿਸ ਤਰ੍ਹਾਂ ਉਸ ਨੂੰ ਮਾਰਨ ਦੀ ਵੀਡੀਓ ਜਾਰੀ ਕੀਤੀ ਗਈ, ਉਸ ਨੇ ਵੱਡੀ ਚਿੰਤਾ ਪੈਦਾ ਕੀਤੀ ਹੈ। ਅਪਰਾਧੀਆਂ ਦੇ ਹੌਸਲੇ ਇੰਨੇ ਵਧ ਗਏ ਹਨ ਕਿ ਪੁਲਿਸ ਦੀ ਸੁਰੱਖਿਆ ‘ਚ ਵੀ ਇਕ-ਦੂਜੇ ਦੇ ਵਿਰੋਧੀ ਗਰੁੱਪਾਂ ਉਤੇ ਹਮਲੇ ਹੁੰਦੇ ਰਹਿੰਦੇ ਹਨ। ਸੁੱਖਾ ਕਾਹਲਵਾਂ ਦੀ ਹੱਤਿਆ ਇਸ ਦਾ ਸਬੂਤ ਹੈ। ਰੋਪੜ ਜ਼ਿਲ੍ਹੇ ਦੇ ਨੂਰਪੁਰ ਬੇਦੀ ‘ਚ ਦਿਲਪ੍ਰੀਤ ਅਤੇ ਜੱਸੀ ਕਾਹਲਵਾਂ ਨਾਂ ਦੇ ਗੈਂਗਸਟਰਾਂ ਨੇ ਜਿਸ ਤਰ੍ਹਾਂ ਦੇਸ ਰਾਜ ਦੀ ਹੱਤਿਆ ਕੀਤੀ, ਉਸ ਨੇ ਪ੍ਰਸ਼ਾਸਨ ਦੇ ਪ੍ਰਭਾਵ ਨੂੰ ਕਾਫੀ ਸੱਟ ਮਾਰੀ ਹੈ। ਪੁਲਿਸ ਗੈਂਗਸਟਰ ਜੱਸੀ ਕਾਹਲਵਾਂ ਨੂੰ ਤਾਂ ਗ੍ਰਿਫਤਾਰ ਕਰਨ ‘ਚ ਕਾਮਯਾਬ ਹੋ ਗਈ, ਪਰ ਜਿਸ ਤਰ੍ਹਾਂ ਇਹ ਵਰਤਾਰਾ ਵਧਦਾ ਜਾ ਰਿਹਾ ਹੈ, ਉਸ ਨੇ ਗੰਭੀਰ ਸਥਿਤੀ ਪੈਦਾ ਕਰ ਦਿੱਤੀ ਹੈ।
______________________________________________
ਬਾਦਲਾਂ ਨੇ ਕਾਂਗਰਸ ਸਰਕਾਰ ਨੂੰ ਪਾਇਆ ਘੇਰਾ
ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ ਸਰਕਾਰ ‘ਤੇ ਬਦਲੇ ਦੀ ਭਾਵਨਾ ਤਹਿਤ ਅਕਾਲੀ ਆਗੂਆਂ ਤੇ ਵਰਕਰਾਂ ਨੂੰ ਨਿਸ਼ਾਨਾ ਬਣਾਏ ਜਾਣ ਦੇ ਦੋਸ਼ ਲਾਏ ਹਨ। ਬਾਦਲਾਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੱਤਾ ਸੰਭਾਲਦਿਆਂ ਹੀ ਕਾਂਗਰਸੀ ਆਗੂਆਂ ਨੇ ਸਰਕਾਰੀ ਸ਼ਹਿ ‘ਤੇ ਵਿਰੋਧੀ ਆਗੂਆਂ ਖਾਸ ਕਰ ਅਕਾਲੀ ਦਲ ਦੇ ਨੇਤਾਵਾਂ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਹਾਕਮ ਪਾਰਟੀ ਦੀਆਂ ਗਤੀਵਿਧੀਆਂ ਸਬੰਧੀ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਰਾਜ ਵਿਆਪੀ ਸੰਘਰਸ਼ ਵਿੱਢਣ ਦੀ ਚਿਤਾਵਨੀ ਵੀ ਦਿੱਤੀ ਹੈ।
_____________________________________________
ਕਾਂਗਰਸੀਆਂ ਵੱਲੋਂ ਸਾਬਕਾ ਅਕਾਲੀ ਸਰਪੰਚ ਦੇ ਪੁੱਤ ਦਾ ਕਤਲ
ਮਾਨਸਾ: ਪਿੰਡ ਖਿਆਲੀ ਚਹਿਲਾਂਵਾਲੀ ਵਿਚ ਸੋਲਰ ਪਾਵਰ ਪਲਾਂਟ ਦੀ ਸਫਾਈ ਦੇ ਠੇਕੇ ਨੂੰ ਲੈ ਕੇ ਕਾਂਗਰਸੀਆਂ ਵੱਲੋਂ ਕੀਤੀ ਗੋਲੀਬਾਰੀ ‘ਚ ਅਕਾਲੀ ਦਲ ਨਾਲ ਸਬੰਧਤ ਸਾਬਕਾ ਸਰਪੰਚ ਦੇ ਪੁੱਤਰ ਦੀ ਮੌਤ ਹੋ ਗਈ। ਇਸ ਘਟਨਾ ‘ਚ ਸਾਬਕਾ ਸਰਪੰਚ ਗੰਭੀਰ ਜ਼ਖ਼ਮੀ ਹੋ ਗਿਆ ਹੈ। ਉਪਰੋਕਤ ਮਾਮਲੇ ਨੂੰ ਲੈ ਕੇ ਦੋਵੇਂ ਧਿਰਾਂ ‘ਚ ਕਈ ਦਿਨਾਂ ਤੋਂ ਕਸ਼ਮਕਸ਼ ਚੱਲ ਰਹੀ ਸੀ। ਇਸ ਸਮੇਂ ਸਫਾਈ ਦਾ ਠੇਕਾ ਪਿੰਡ ਦੇ ਸਾਬਕਾ ਸਰਪੰਚ ਪ੍ਰੇਮ ਸਿੰਘ ਤੇ ਸਾਥੀਆਂ ਕੋਲ ਸੀ, ਪਰ ਸੱਤਾ ਬਦਲਣ ਉਪਰੰਤ ਕਾਂਗਰਸੀ ਠੇਕਾ ਹਥਿਆਉਣਾ ਚਾਹੁੰਦੇ ਸਨ। ਦੋਵੇਂ ਧਿਰਾਂ ‘ਚ ਹੋਈ ਤੂੰ-ਤੂੰ ਮੈਂ-ਮੈਂ ਗੋਲੀਬਾਰੀ ਤੱਕ ਜਾ ਪੁੱਜੀ। ਸਾਬਕਾ ਸਰਪੰਚ ਨੇ ਦੱਸਿਆ ਕਿ ਉਹ ਤੇ ਉਸ ਦਾ ਪੁੱਤਰ ਸੁਖਵਿੰਦਰ ਸਿੰਘ ਪਾਵਰ ਪਲਾਂਟ ‘ਚੋਂ ਕੰਮ ਕਰ ਕੇ ਘਰ ਵਾਪਸ ਆ ਰਹੇ ਸਨ ਕਿ ਪਹਿਲਾਂ ਤੋਂ ਹੀ ਉਡੀਕ ‘ਚ ਬਾਹਰ ਖੜ੍ਹੀਆਂ 3 ਗੱਡੀਆਂ ਸਵਾਰ ਵਿਅਕਤੀਆਂ ਨੇ ਉਨ੍ਹਾਂ ਦੀ ਇੰਡੀਕਾ ਕਾਰ ਨੂੰ ਟੱਕਰ ਮਾਰਨ ਉਪਰੰਤ ਅੰਨ੍ਹੇਵਾਹ ਗੋਲੀਬਾਰੀ ਕਰ ਦਿੱਤੀ ਅਤੇ ਮੌਕੇ ਤੋਂ ਫਰਾਰ ਹੋ ਗਏ। ਸੁਖਵਿੰਦਰ ਸਿੰਘ ਦੀ ਹਸਪਤਾਲ ਲਿਜਾਂਦਿਆਂ ਮੌਤ ਹੋ ਗਈ ਤੇ ਉਸ ਨੂੰ ਵੀ ਕਈ ਗੋਲੀਆਂ ਲੱਗੀਆਂ।