ਚੰਡੀਗੜ੍ਹ: ਪੰਜਾਬ ਦੀਆਂ ਜੇਲ੍ਹਾਂ ਅਪਰਾਧਕ ਗਤੀਵਿਧੀਆਂ ਦਾ ਗੜ੍ਹ ਬਣਦੀਆਂ ਜਾ ਰਹੀਆਂ ਹਨ, ਜਿਥੇ ਜੇਲ੍ਹਾਂ ਦੇ ਬਾਹਰ ਗੈਂਗਸਟਰ ਪੰਜਾਬ ਪੁਲਿਸ ਲਈ ਸਿਰਦਰਦੀ ਬਣੇ ਹਨ, ਉਥੇ ਜੇਲ੍ਹਾਂ ਅੰਦਰ ਗੈਂਗਵਾਰਾਂ ਨੇ ਪੁਲਿਸ ਤੇ ਜੇਲ੍ਹ ਪ੍ਰਸ਼ਾਸਨ ਦੇ ਨੱਕ ‘ਚ ਦਮ ਕਰ ਰੱਖਿਆ ਹੈ। ਜੇਲ੍ਹ ਵਿਭਾਗ ਵੱਲੋਂ ਭਾਵੇਂ ਪਿਛਲੇ ਸਾਲ ਦੇ ਨਵੰਬਰ ਮਹੀਨੇ ਵਾਪਰੇ ਨਾਭਾ ਜੇਲ੍ਹ ਕਾਂਡ ਮਗਰੋਂ ਜੇਲ੍ਹਾਂ ‘ਚ ਸਖਤੀ ਕੀਤੇ ਜਾਣ ਦੇ ਦਾਅਵੇ ਕੀਤੇ ਜਾ ਰਹੇ ਹਨ, ਪਰ ਇਸ ਦੇ ਬਾਵਜੂਦ
ਜੇਲ੍ਹਾਂ ‘ਚ ਪਿਛਲੇ 4 ਮਹੀਨਿਆਂ ਦੌਰਾਨ ਹੋਈਆਂ ਘਟਨਾਵਾਂ ਨੇ ਜੇਲ੍ਹ ਵਿਭਾਗ ਦੀ ਨੀਂਦ ਉਡਾਈ ਰੱਖੀ ਹੈ।
ਚੜ੍ਹਦੇ ਸਾਲ 19 ਜਨਵਰੀ ਨੂੰ ਜੇਲ੍ਹ ਵਿਭਾਗ ਤੇ ਪੰਜਾਬ ਪੁਲਿਸ ਨੂੰ ਵੰਗਾਰਦੇ ਹੋਏ ਫਰੀਦਕੋਟ ਜੇਲ੍ਹ ਦੇ ਬਾਹਰ ਇਕ ਪਰਚਾ ਚਿਪਕਾਇਆ ਗਿਆ, ਜਿਸ ਵਿਚ ਲਿਖਿਆ ਗਿਆ ਕਿ ‘ਅਸੀਂ ਫਰੀਦਕੋਟ, ਮੁਕਤਸਰ ਤੇ ਫਿਰੋਜ਼ਪੁਰ ਦੀਆਂ ਜੇਲ੍ਹਾਂ ‘ਚ ਬੰਦ ਸਾਥੀ 21 ਜਨਵਰੀ ਤੋਂ ਪਹਿਲਾਂ ਛੁਡਾ ਕੇ ਲੈ ਜਾਵਾਂਗੇ ਤੇ ਹੁਣ ਪੰਜਾਬ ਪੁਲਿਸ ਨੂੰ ਚੈਲੇਂਜ ਕਰਦੇ ਹਾਂ ਕਿ ਰੋਕ ਸਕੇ ਤਾਂ ਰੋਕ ਲਵੇ।’ ਇਸ ਪਰਚੇ ਹੇਠਾਂ ਗੈਂਗਸਟਰ ਦੱਸੇ ਜਾਂਦੇ ਗੁਰਪ੍ਰੀਤ ਸੇਖੋਂ ਮੁੱਕਦੀ ਦਾ ਨਾਂ ਵੀ ਲਿਖਿਆ ਗਿਆ ਸੀ। ਦੂਜੀ ਘਟਨਾ ਵਿਚ 5 ਫਰਵਰੀ ਨੂੰ ਜੇਲ੍ਹ ਵਿਭਾਗ ਵੱਲੋਂ ਸੂਚਨਾ ਦੇ ਆਧਾਰ ‘ਤੇ ਪਟਿਆਲਾ ਕੇਂਦਰੀ ਜੇਲ੍ਹ ‘ਚ ਛਾਪੇਮਾਰੀ ਕੀਤੀ ਗਈ, ਜਿਸ ਦੌਰਾਨ ਜੇਲ੍ਹ ਵਿਚੋਂ 8 ਮੋਬਾਈਲ ਬਰਾਮਦ ਕੀਤੇ ਗਏ। ਦੱਸਣਯੋਗ ਹੈ ਕਿ ਜੇਲ੍ਹਾਂ ‘ਚ ਮੋਬਾਈਲ ਫੋਨਾਂ ਦੇ ਜ਼ਰੀਏ ਹੀ ਗੈਂਗਸਟਰ ਤੇ ਹੋਰ ਕੈਦੀ ਜੇਲ੍ਹ ਦੇ ਅੰਦਰ ਬੈਠ ਕੇ ਵੀ ਅਪਰਾਧਕ ਗਤੀਵਿਧੀਆਂ ਸਬੰਧੀ ਵਿਉਂਤਾਂ ਘੜਦੇ ਹਨ।
ਇਸ ਲਈ ਜੇਲ੍ਹਾਂ ‘ਚ ਸਖਤੀ ਦੇ ਦਾਅਵਿਆਂ ਦੇ ਬਾਵਜੂਦ ਮੋਬਾਈਲ ਫੋਨਾਂ ਦੀ ਬਰਾਮਦਗੀ ਖਤਰੇ ਦੀ ਘੰਟੀ ਹੈ। ਇਸ ਦੇ ਕੁਝ ਦਿਨ ਮਗਰੋਂ ਹੀ 12 ਫਰਵਰੀ ਨੂੰ ਅੰਮ੍ਰਿਤਸਰ ਜੇਲ੍ਹ ‘ਚ 17 ਮੋਬਾਈਲ ਫੋਨ ਤੇ 2 ਚਾਕੂ ਫੜੇ ਗਏ ਤੇ ਇਸ ਘਟਨਾ ਮਗਰੋਂ ਜੇਲ੍ਹ ਵਿਭਾਗ ਵੱਲੋਂ ਹੋਰ ਸਖਤੀ ਤੇ ਚੌਕਸੀ ਦੇ ਦਾਅਵੇ ਕੀਤੇ ਗਏ ਤੇ ਜੇਲ੍ਹਾਂ ਅੰਦਰ ਮੋਬਾਈਲਾਂ ਦੀ ਸਮਗਲਿੰਗ ਪੂਰੀ ਤਰ੍ਹਾਂ ਬੰਦ ਹੋਣ ਦੀ ਗੱਲ ਕਹਿ ਗਈ, ਪਰ ਮੁੜ 25 ਫਰਵਰੀ ਨੂੰ ਇਸੇ ਜੇਲ੍ਹ ‘ਚੋਂ 14 ਮੋਬਾਈਲ ਬਰਾਮਦ ਕੀਤੇ ਗਏ। ਨਾਭਾ ਜੇਲ੍ਹ ਕਾਂਡ ਮਗਰੋਂ ਇਸ ਜੇਲ੍ਹ ‘ਚ ਸਖਤ ਸੁਰੱਖਿਆ ਤੇ ਚੌਕਸੀ ਦੇ ਦਾਅਵੇ ਕੀਤੇ ਗਏ, ਪਰ ਇਸ ਜੇਲ੍ਹ ‘ਚ ਵੀ 26 ਫਰਵਰੀ ਨੂੰ ਨਿਰੀਖਣ ਦੌਰਾਨ 4 ਮੋਬਾਈਲ ਫੋਨ ਬਰਾਮਦ ਕੀਤੇ ਗਏ। ਇਸ ਮਗਰੋਂ 20 ਮਾਰਚ, 23 ਮਾਰਚ ਤੇ 9 ਅਪਰੈਲ ਨੂੰ ਕਪੂਰਥਲਾ ਜੇਲ੍ਹ ‘ਚ ਹੋਈਆਂ ਹਿੰਸਕ ਘਟਨਾਵਾਂ ਨੇ ਪੰਜਾਬ ਪੁਲਿਸ ਤੇ ਜੇਲ੍ਹ ਵਿਭਾਗ ਦੀ ਨੀਂਦ ਉਡਾ ਕੇ ਰੱਖ ਦਿੱਤੀ ਤੇ ਜੇਲ੍ਹਾਂ ‘ਚ ਲਗਾਤਾਰ ਹੋ ਰਹੀਆਂ ਅਪਰਾਧਕ ਗਤੀਵਿਧੀਆਂ, ਗੈਂਗਵਾਰ ਤੇ ਜੇਲ੍ਹਾਂ ਤੋਂ ਬਾਹਰੀਆਂ ਹਿੰਸਕ ਘਟਨਾਵਾਂ ਪੰਜਾਬ ਪੁਲਿਸ ਤੇ ਜੇਲ੍ਹ ਵਿਭਾਗ ਲਈ ਚੁਣੌਤੀ ਬਣ ਗਈਆਂ ਹਨ।
______________________________________________
ਜੇਲ੍ਹਾਂ ਵਿਚ ਗੈਂਗਸਟਰਾਂ ‘ਤੇ ਸਖਤੀ
ਚੰਡੀਗੜ੍ਹ: ਪੰਜਾਬ ਦੀਆਂ ਜੇਲ੍ਹਾਂ ਵਿਚ ਗੈਂਗਸਟਰਾਂ ਤੇ ਕੈਦੀਆਂ ਵਿਚਾਲੇ ਹੋਣ ਵਾਲੀਆਂ ਹਿੰਸਕ ਘਟਨਾਵਾਂ ਅਤੇ ਹੋਰ ਅਪਰਾਧਕ ਵਾਰਦਾਤਾਂ ਨੂੰ ਰੋਕਣ ਲਈ ਪੰਜਾਬ ਪੁਲਿਸ ਦੇ 300 ਜਵਾਨਾਂ ਨੂੰ ਵਿਸ਼ੇਸ਼ ਤੌਰ ‘ਤੇ ਤਾਇਨਾਤ ਕੀਤਾ ਗਿਆ ਹੈ। ਜੇਲ੍ਹਾਂ ‘ਚ ਤਾਇਨਾਤ ਪੰਜਾਬ ਪੁਲਿਸ ਦੇ ਜਵਾਨ ਅਤਿਆਧੁਨਿਕ ਹਥਿਆਰਾਂ ਨਾਲ ਵੀ ਲੈਸ ਰਹਿਣਗੇ। ਆਈæਜੀæ (ਜੇਲ੍ਹ) ਰੂਪ ਕੁਮਾਰ ਅਰੋੜਾ ਨੇ ਦੱਸਿਆ ਕਿ ਇਸ ਦੇ ਇਲਾਵਾ ਜ਼ਿਲ੍ਹਾ ਪੁਲਿਸ ਮੁਖੀਆਂ ਨੂੰ ਪੱਤਰ ਲਿਖ ਕੇ ਜੇਲ੍ਹਾਂ ਵਿਚ ਬੰਦ ਮੌਜੂਦਾ ਕੈਦੀਆਂ ਦਾ ਪਿਛਲਾ ਰਿਕਾਰਡ ਤਲਬ ਕੀਤਾ ਗਿਆ ਹੈ ਤਾਂ ਕਿ ਕੈਦੀ ਬਾਰੇ ਸਹੀ ਜਾਣਕਾਰੀ ਪ੍ਰਾਪਤ ਹੋ ਸਕੇ ਕਿ ਉਸ ਨੂੰ ਆਮ ਕੈਦੀਆਂ ਦੇ ਸੈੱਲ ‘ਚ ਰੱਖਿਆ ਜਾਵੇ ਜਾਂ ਗੈਂਗਸਟਰਾਂ ਲਈ ਬਣਾਏ ਵਿਸ਼ੇਸ਼ ਸੁਰੱਖਿਆ ਸੈੱਲ ਵਿਚ ਰੱਖਿਆ ਜਾਵੇ। ਜੇਲ੍ਹਾਂ ਵਿਚ ਗੈਂਗਸਟਰਾਂ ਦੀ ਦੇਖ-ਰੇਖ ਤੇ ਸੁਰੱਖਿਆ ਕਾਰਜ ‘ਚ ਲੱਗੇ ਜੇਲ੍ਹ ਕਰਮੀਆਂ ਦੀ ਹੌਸਲਾ ਅਫਜ਼ਾਈ ਲਈ 300 ਤੋਂ ਜ਼ਿਆਦਾ ਜੇਲ੍ਹ ਕਰਮੀਆਂ ਨੂੰ ਪ੍ਰਸ਼ੰਸਾ ਪੱਤਰ ਤੇ ਨਕਦ ਇਨਾਮ ਦਿੱਤੇ ਜਾ ਚੁੱਕੇ ਹਨ।