ਚੰਡੀਗੜ੍ਹ (ਪੰਜਾਬ ਟਾਈਮਜ਼ ਬਿਊਰੋ): ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿਚ ਹੂੰਝਾ ਫੇਰੂ ਜਿੱਤ ਨਾਲ ਸਿੱਖ ਸਿਆਸਤ ਦੀ ਕੁੰਜੀ ਪੂਰੀ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ (ਬ) ਦੇ ਹੱਥ ਆ ਗਈ ਹੈ। ਖਾੜਕੂਵਾਦ ਦੇ ਦੌਰ ਤੋਂ ਬਾਅਦ ਬੇਸ਼ੱਕ ਬਾਦਲ ਧੜਾ ਹੀ ਸਿੱਖਾਂ ਦੀ ਨੁਮਾਇੰਦਗੀ ਕਰਦਾ ਆ ਰਿਹਾ ਹੈ ਪਰ ਇਸ ਸਮੇਂ ਦੌਰਾਨ ਗਰਮ ਖਿਆਲੀਆਂ, ਦਿੱਲੀ ਅਤੇ ਹਰਿਆਣਾ ਦੇ ਸਿੱਖਾਂ ਵੱਲੋਂ ਬਾਦਲਾਂ ਦੀਆਂ ਨੀਤੀਆਂ ਨੂੰ ਲਗਾਤਾਰ ਵੰਗਾਰਿਆ ਜਾਂਦਾ ਰਿਹਾ ਹੈ। ਇਕ ਦਹਾਕੇ ਤੱਕ ਦਿੱਲੀ ਦੇ ਸਿੱਖਾਂ ਦੀ ਨੁਮਾਇੰਦਗੀ ਕਰਦੇ ਰਹੇ ਸਰਨਾ ਧੜੇ ਨੇ ਤਾਂ ਬਾਦਲਾਂ ਨੂੰ ਕਈ ਵਾਰ ਵਾਹਣੇ ਪਾਇਆ। ਇਹ ਵੰਗਾਰਾਂ ਹੀ ਬਾਦਲਾਂ ਨੂੰ ਖੁੱਲ੍ਹ ਕੇ ਖੇਡਣ ਤੋਂ ਰੋਕਦੀਆਂ ਸਨ, ਪਰ ਹੁਣ ਉਨ੍ਹਾਂ ਸਾਰਾ ਮੈਦਾਨ ਫਤਿਹ ਕਰ ਲਿਆ ਹੈ।
ਦਿੱਲੀ ਕਮੇਟੀ ਦੀਆਂ ਚੋਣਾਂ ਵਿਚ ਮਿਲੀ ਜਿੱਤ ਨੇ ਬਾਦਲਾਂ ਨੂੰ ਜਿੱਥੇ ਸਿੱਖਾਂ ਅੰਦਰ ਚੁਣੌਤੀ-ਰਹਿਤ ਸਰਦਾਰੀ ਬਖ਼ਸ਼ ਦਿੱਤੀ ਹੈ, ਉਥੇ ਸਿਆਸਤ ਵਿਚ ਵੀ ਦਲ ਦਾ ਕੱਦ ਵੱਡਾ ਹੋਇਆ ਹੈ। ਬਾਦਲਾਂ ਨੇ ਤਾਜ਼ਾ ਹਾਲਾਤ ਨੂੰ ਵੇਖਦਿਆਂ ਐਲਾਨ ਕੀਤਾ ਹੈ ਕਿ ਅਕਾਲੀ ਦਲ ਉੱਤਰ ਪ੍ਰਦੇਸ਼, ਰਾਜਸਥਾਨ ਸਮੇਤ ਉਨ੍ਹਾਂ ਸਾਰੇ ਸੂਬਿਆਂ ਵਿਚ ਚੋਣਾਂ ਲੜੇਗਾ। ਇਸ ਐਲਾਨ ਨਾਲ ਬਾਦਲਾਂ ਵੱਲੋਂ ਆਪਣੀ ਧੜੇ ਨੂੰ ਕੌਮੀ ਪਾਰਟੀ ਵਜੋਂ ਉਭਾਰਨ ਦੇ ਯਤਨ ਕੀਤੇ ਗਏ ਹਨ। ਦਿੱਲੀ, ਹਰਿਆਣਾ ਤੇ ਜੰਮੂ ਵਿਚ ਸਿੱਖਾਂ ਦੀ ਕਾਫੀ ਗਿਣਤੀ ਹੈ, ਜਿਹੜੇ ਉਥੋਂ ਦੀ ਸਿਆਸਤ ਨੂੰ ਵੀ ਪ੍ਰਭਾਵਿਤ ਕਰਦੇ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਪਿਛਲੇ ਸਾਲ ਹੋਈਆਂ ਚੋਣਾਂ ਵਿਚ ਬਾਦਲਾਂ ਨੇ ਹਰਿਆਣਾ ਦੀਆਂ ਤਕਰੀਬਨ ਸਾਰੀਆਂ ਸੀਟਾਂ ਜਿੱਤ ਕੇ ਵੱਖਰੀ ਕਮੇਟੀ ਦੀ ਮੰਗ ਕਰ ਰਹੇ ਹਰਿਆਣਾ ਦੇ ਸਿੱਖਾਂ ਦੀ ਬੋਲਤੀ ਬੰਦ ਕਰ ਦਿੱਤੀ ਸੀ। ਪੰਜਾਬ ਵਿਚ ਗਰਮ ਖਿਆਲੀਆਂ ਸਣੇ ਸਿੱਖਾਂ ਦੇ ਸਾਰੇ ਧੜੇ ਇਕੱਠੇ ਹੋ ਕੇ ਬਾਦਲਾਂ ਨੂੰ ਵੰਗਾਰਨ ਵਿਚ ਨਾਕਾਮ ਰਹੇ ਹਨ ਤੇ ਕਈਆਂ ਨੇ ਤਾਂ ਹੁਣ ਚੋਣ ਮੈਦਾਨ ਹੀ ਛੱਡ ਦਿੱਤਾ ਹੈ। ਕੁੱਲ ਮਿਲਾ ਕੇ ਹੁਣ ਬਾਦਲਾਂ ਲਈ ਵੱਡੀ ਵੰਗਾਰ ਸਰਨਾ ਧੜਾ ਹੀ ਸੀ।
ਜ਼ਿਕਰਯੋਗ ਹੈ ਕਿ ਦਹਾਕੇ ਤੋਂ ਵੱਧ ਸਮੇਂ ਤੋਂ ਅਕਾਲੀ ਦਲ ਦਿੱਲੀ ਤੇ ਗੁਰਦੁਆਰਾ ਦਿੱਲੀ ਕਮੇਟੀ ਉੱਪਰ ਕਾਬਜ਼ ਸਰਨਾ ਧੜਾ ਅਕਾਲੀ ਦਲ (ਬ) ਲਈ ਵੱਡੀ ਚੁਣੌਤੀ ਸੀ। ਦਿੱਲੀ ਦੇ ਗੁਰਦੁਆਰਿਆਂ ਦਾ ਪ੍ਰਬੰਧ ਬਾਦਲ ਦਲ ਹੱਥੋਂ ਖੁੱਸਣ ਨਾਲ ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਬਾਦਲ ਦਲ ਨੂੰ ਵੱਡਾ ਝਟਕਾ ਲੱਗਾ ਹੀ ਸੀ ਪਰ ਇਸ ਤੋਂ ਵੱਡੀ ਸਿਆਸੀ ਚੁਣੌਤੀ ਇਹ ਸੀ ਕਿ ਪਰਮਜੀਤ ਸਿੰਘ ਸਰਨਾ ਦੀ ਅਗਵਾਈ ਵਿਚ ਬਣਿਆ ਅਕਾਲੀ ਦਲ (ਦਿੱਲੀ) ਹਰ ਖੇਤਰ ਵਿਚ ਬਾਦਲ ਦਲ ਨੂੰ ਵੰਗਾਰਨ ਲੱਗ ਪਿਆ ਸੀ।
ਖਾਲਸੇ ਦੀ ਤੀਜੀ ਜਨਮ ਸ਼ਤਾਬਦੀ ਤੱਕ ਅਕਾਲੀ ਦਲ ਹੀ ਸਮੂਹ ਸਿੱਖਾਂ ਦੀ ਸਿਰਮੌਰ ਪਾਰਟੀ ਸੀ, ਪਰ ਤੀਜੀ ਸ਼ਤਾਬਦੀ ਦੇ ਐਨ ਪਹਿਲਾਂ ਪਾਰਟੀ ਦੇ ਦੋ ਮਹਾਰਥੀਆਂ ਪ੍ਰਕਾਸ਼ ਸਿੰਘ ਬਾਦਲ ਤੇ ਜਥੇਦਾਰ ਗੁਰਚਰਨ ਸਿੰਘ ਟੌਹੜਾ ਧੜਿਆਂ ਵਿਚਕਾਰ ਚੱਲੀ ਕਸ਼ਮਕਸ਼ ਨੇ ਰੱਫੜ ਪਾ ਦਿੱਤਾ। ਅਕਾਲੀ ਦਲ ਅੰਦਰਲੀ ਲੜਾਈ ਵਿਚ ਮਾਤ ਖਾਣ ਬਾਅਦ ਜਥੇਦਾਰ ਟੌਹੜਾ ਨੇ ਸਰਨਾ ਧੜੇ ਦਾ ਹੱਥ ਫੜਿਆ ਤੇ ਦੂਜੇ ਪਾਸੇ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਪਹਿਲਾਂ ਹੀ ਸਰਨਾ ਧੜੇ ਦੀ ਹਮਾਇਤ ਉੱਪਰ ਖੜ੍ਹੇ ਸਨ। ਇਸ ਤਰ੍ਹਾਂ ਜਥੇਦਾਰ ਟੌਹੜਾ ਤੇ ਕੈਪਟਨ ਅਮਰਿੰਦਰ ਸਿੰਘ ਦੀ ਹਮਾਇਤ ਨਾਲ ਸਰਨਾ ਧੜਾ ਅਕਾਲੀ ਦਲ ਲਈ ਵੱਡੀ ਵੰਗਾਰ ਬਣ ਕੇ ਉਭਰਿਆ।
2002 ਦੀਆਂ ਪੰਜਾਬ ਵਿਚ ਹੋਈਆਂ ਵਿਧਾਨ ਸਭਾ ਚੋਣਾਂ ਵਿਚ ਵੀ ਇਸ ਤਿੱਕੜੀ ਨੇ ਬਾਦਲ ਦਲ ਦੇ ਰਾਹ ਵਿਚ ਕਈ ਅੜਿੱਕੇ ਡਾਹੇ ਤੇ ਫਿਰ ਪੰਜਾਬ ਅੰਦਰ ਕੈਪਟਨ ਸਰਕਾਰ ਬਣਨ ਬਾਅਦ ਜਦ ਦਿੱਲੀ ਗੁਰਦੁਆਰਾ ਚੋਣਾਂ 2004 ਵਿਚ ਹੋਈਆਂ ਤਾਂ ਦਿੱਲੀ ਗੁਰਦੁਆਰਾ ਪ੍ਰਬੰਧ ਤੋਂ ਬਾਦਲ ਦਲ ਨੂੰ ਲਾਹੁਣ ਲਈ ਸਰਨਾ ਧੜੇ ਦੀ ਹਿੱਕ ਥਾਪੜ ਕੇ ਹਮਾਇਤ ਕੀਤੀ। ਬਾਅਦ ਵਿਚ ਸਰਨਾ ਧੜਾ ਸਿੱਖ ਪੰਥ ਅੰਦਰ ਅਕਾਲੀ ਦਲ ਨੂੰ ਹਰ ਮੋੜ ‘ਤੇ ਵੰਗਾਰਨ ਲੱਗ ਪਿਆ। ਨਾਨਕਸ਼ਾਹੀ ਕੈਲੰਡਰ, ਹਰਿਆਣਾ ਵਿਚ ਵੱਖਰੀ ਗੁਰਦੁਆਰਾ ਕਮੇਟੀ, ਤਖ਼ਤ ਸ੍ਰੀ ਪਟਨਾ ਸਾਹਿਬ ਦਾ ਪ੍ਰਬੰਧ ਤੇ ਸਿੱਖਾਂ ਨਾਲ ਜੁੜੇ ਹੋਰ ਮਸਲਿਆਂ ਵਿਚ ਸਰਨਾ ਧੜੇ ਨੇ ਬਾਦਲਾਂ ਨੂੰ ਵੱਡੀ ਚੁਣੌਤੀ ਦਿੱਤੀ। ਸਰਨਾ ਧੜੇ ਨੇ ਲਗਾਤਾਰ ਦੋ ਵਾਰ ਦਿੱਲੀ ਗੁਰਦੁਆਰਾ ਚੋਣਾਂ ਜਿੱਤ ਕੇ ਪੰਜਾਬ ਅੰਦਰ ਵੀ ਸਿਆਸੀ-ਧਾਰਮਿਕ ਮਾਮਲਿਆਂ ਵਿਚ ਪੈਂਠ ਬਣਾ ਲਈ ਸੀ। ਦਿੱਲੀ ਵਿਚੋਂ ਸਰਨਾ ਧੜੇ ਦੀ ਹਾਰ ਨਾਲ ਤਕਰੀਬਨ ਸਮੁੱਚੇ ਪੰਥ ਵਿਚ ਅਕਾਲੀ ਦਲ ਚੁਣੌਤੀ ਰਹਿਤ ਪਾਰਟੀ ਬਣ ਗਿਆ ਹੈ। ਲਗਾਤਾਰ ਜਿੱਤਾਂ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੇ ਸਿੱਖਾਂ ਦੀ ਵਸੋਂ ਵਾਲੇ ਸੂਬਿਆਂ ਦੀ ਸਿਆਸਤ ਵਿਚ ਪੈਰ ਪਸਾਰਨ ਦੀ ਰਣਨੀਤੀ ਘੜੀ ਹੈ। ਪਿਛਲੀ ਵਾਰ ਦਿੱਲੀ ਵਿਧਾਨ ਸਭਾ ਚੋਣਾਂ ਵਿਚ ਅਕਾਲੀ ਦਲ ਦੇ ਇਕ ਉਮੀਦਵਾਰ ਨੇ ਆਪਣੇ ਨਿਸ਼ਾਨ ਉੱਪਰ ਚੋਣ ਲੜੀ ਸੀ ਤੇ ਤਿੰਨ ਉਮੀਦਵਾਰ ਭਾਜਪਾ ਦੇ ਨਿਸ਼ਾਨ ਉੱਪਰ ਲੜੇ ਸਨ। ਦਿੱਲੀ ਚੋਣਾਂ ਦੀ ਜਿੱਤ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਵੀ ਕੱਦ ਉੱਚਾ ਕੀਤਾ ਹੈ।
Leave a Reply