ਰਿਸ਼ਤੇ ਰਾਸ਼ਟਰ ਨਹੀਂ, ਲੋਕ ਕਾਇਮ ਕਰਦੇ ਹਨ: ਸੱਜਣ

ਚੰਡੀਗੜ੍ਹ: ਭਾਰਤ ਦੇ ਸੱਤ ਰੋਜ਼ਾ ਦੌਰੇ ‘ਤੇ ਆਏ ਕੈਨੇਡਾ ਦੇ ਰੱੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨੇ ਨਵੇਂ ਕੈਨੇਡੀਅਨ ਕੌਂਸਲਖਾਨੇ ਦਾ ਉਦਘਾਟਨ ਕੀਤਾ ਅਤੇ ਕਿਹਾ ਕਿ ਰਿਸ਼ਤੇ ਰਾਸ਼ਟਰ ਨਹੀਂ, ਲੋਕ ਕਾਇਮ ਕਰਦੇ ਹਨ। ਇਸ ਮਗਰੋਂ ਉਹ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਮਿਲੇ।

ਮੁਲਾਕਾਤ ਮਗਰੋਂ ਸ੍ਰੀ ਖੱਟਰ ਨੇ ਦੱਸਿਆ ਕਿ ਕੈਨੇਡਾ, ਹਰਿਆਣਾ ਦੇ ਸਮਾਰਟ ਸਿਟੀ ਪ੍ਰਾਜੈਕਟਾਂ, ਸ਼ਹਿਰੀ ਹਵਾਬਾਜ਼ੀ ਤੇ ਰੱਖਿਆ ਖੇਤਰ ਵਿਚ ਨਿਵੇਸ਼ ਕਰਨ ਦਾ ਇਛੁੱਕ ਹੈ। ਹਰਿਆਣਾ ਸਰਕਾਰ ਵੱਲੋਂ ਕੈਨੇਡੀਅਨ ਕੰਪਨੀਆਂ ਨਾਲ ਨਿਵੇਸ਼ ਲਈ ਮੀਟਿੰਗਾਂ ਕੀਤੀਆਂ ਜਾਣਗੀਆਂ, ਜਿਸ ਨਾਲ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣਗੇ। ਇਸ ਨਾਲ ਭਾਰਤ ਤੇ ਕੈਨੇਡਾ ਨੂੰ ਫਾਇਦਾ ਹੋਵੇਗਾ।
ਮੁੱਖ ਮੰਤਰੀ ਨੇ ਦੱਸਿਆ ਕਿ ਹਰਜੀਤ ਸਿੰਘ ਸੱਜਣ ਨਾਲ ਕੈਨੇਡਾ ਨਾਲ 2015 ਵਿਚ ਕੀਤੇ ਦੋ ਸਮਝੌਤਿਆਂ ‘ਤੇ ਵੀ ਚਰਚਾ ਕੀਤੀ ਤੇ ਬਾਗਬਾਨੀ ਬਾਰੇ ਹੋਏ ਸਮਝੌਤੇ ਨੂੰ ਲਾਗੂ ਕਰਨ ਲਈ ਵਰਕਿੰਗ ਗਰੁੱਪ ਬਣਾਉਣ ਦਾ ਫੈਸਲਾ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਹਰਜੀਤ ਸਿੰਘ ਸੱਜਣ ਨੂੰ ਹਰਿਆਣਾ ਦੀਆਂ ਪ੍ਰਾਪਤੀਆਂ ਤੋਂ ਜਾਣੂ ਕਰਾਇਆ ਗਿਆ ਤੇ ਉਨ੍ਹਾਂ ਨੇ ਵੀ ਸੂਬਾ ਸਰਕਾਰ ਦੇ ਕੰਮਾਂ ਦੀ ਸ਼ਲਾਘਾ ਕੀਤੀ ਹੈ।
_____________________________________
ਜੱਦੀ ਪਿੰਡ ਬੰਬੇਲੀ ਵਿਚ ਭਰਵਾਂ ਸਵਾਗਤ
ਮਾਹਿਲਪੁਰ: ਭਾਰਤ ਦੌਰੇ ਦੌਰਾਨ ਆਪਣੇ ਜੱਦੀ ਪਿੰਡ ਬੰਬੇਲੀ ਪਹੁੰਚੇ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਦਾ ਪਿੰਡ ਤੇ ਇਲਾਕਾ ਵਾਸੀਆਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਲੋਕਾਂ ਦੇ ਭਾਰੀ ਇੱਕਠ ਤੋਂ ਘਬਰਾਏ ਹਰਜੀਤ ਸਿੰਘ ਸੱਜਣ ਕਾਫੀ ਦੇਰ ਆਪਣੀ ਗੱਡੀ ਵਿਚੋਂ ਹੀ ਨਾ ਉਤਰੇ। ਉਨ੍ਹਾਂ ਦੇ ਸੁਰੱਖਿਆ ਗਾਰਡਾਂ ਨੇ ਗੁਰਦੁਆਰਾ ਸਾਹਿਬ ਦੇ ਪਿਛਲੇ ਦਰਵਾਜ਼ੇ ਰਾਹੀਂ ਅੰਦਰ ਲਿਜਾ ਕੇ ਮੱਥਾ ਟਿਕਵਾਇਆ। ਗੁਰਦੁਆਰਾ ਸਾਹਿਬ ਵਿਖੇ ਪਿੰਡ ਵਾਸੀਆਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਨ੍ਹਾਂ ਦਾ ਸਨਮਾਨ ਕੀਤਾ ਗਿਆ। ਪਰਮਾਤਮਾ ਦਾ ਸ਼ੁਕਰਾਨਾ ਕਰਨ ਤੋਂ ਬਾਅਦ ਬਿਨਾਂ ਗੱਲਬਾਤ ਕੀਤੇ ਉਹ ਸਿੱਧੇ ਆਪਣੇ ਘਰ ਚਲੇ ਗਏ। ਇਸ ਮੌਕੇ ਉਨ੍ਹਾਂ ਦੇ ਪਿਤਾ ਕੁੰਦਨ ਸਿੰਘ ਨੇ ਕਿਹਾ ਕਿ ਹਰਜੀਤ ਸਿੰਘ ਸੱਜਣ ਦਾ ਇਹ ਦੌਰਾ ਦੋਵਾਂ ਦੇਸ਼ਾਂ ਲਈ ਕਾਫੀ ਲਾਹੇਵੰਦ ਹੈ। ਕਿਸੇ ਵੀ ਰਾਜਨੀਤਕ ਪਾਰਟੀ ਦੀ ਆਲੋਚਨਾ ਉਹ ਨਹੀਂ ਕਰਨਗੇ। ਆਪਣੇ ਜੱਦੀ ਪਿੰਡ ਦਾ ਮੋਹ ਹੀ ਉਨ੍ਹਾਂ ਨੂੰ ਪਿੰਡ ਬੰਬੇਲੀ ਤੱਕ ਲੈ ਕੇ ਆਇਆ ਹੈ।
______________________________________
ਯੂਨੀਕ ਹੋਮ ਵਿਚ ਬੇਸਹਾਰਾ ਬੱਚੀਆਂ ਨਾਲ ਲਾਡ
ਜਲੰਧਰ: ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨੇ ਕਿਹਾ ਹੈ ਕਿ ਅੱਜ ਜਦੋਂ ਸਮਾਜ ‘ਚ ਔਰਤਾਂ ਨਾਲ ਹਰ ਪੱਧਰ ਉਤੇ ਵਿਤਕਰਾ ਹੋ ਰਿਹਾ ਹੈ ਅਤੇ ਧੀਆਂ ਨੂੰ ਜੰਮਣ ਤੋਂ ਪਹਿਲਾਂ ਹੀ ਕੁੱਖ ਵਿਚ ਮਾਰਿਆ ਜਾ ਰਿਹਾ ਹੈ ਤਾਂ ਅਜਿਹੇ ਸਮੇਂ ਔਰਤ-ਮਰਦ ਵਿਚਲਾ ਫਰਕ ਮਿਟਾਉਣ ਲਈ ਗੁਰਬਾਣੀ ਦਾ ਫਲਸਫਾ ਹੋਰ ਵੀ ਸਾਰਥਕ ਹੋ ਜਾਂਦਾ ਹੈ ਤੇ ਉਸ ਨੂੰ ਦੁਨੀਆਂ ਵਿਚ ਪ੍ਰਚਾਰਨ ਅਤੇ ਉਸ ਉਪਰ ਅਮਲ ਕਰਨ ਦੀ ਲੋੜ ਹੈ।
ਬੀਬੀ ਪ੍ਰਕਾਸ਼ ਕੌਰ ਵੱਲੋਂ ਬੇਸਹਾਰਾ ਬੱਚੀਆਂ ਲਈ ਚਲਾਏ ਜਾ ਰਹੇ ਯੂਨੀਕ ਹੋਮ ਦਾ ਦੌਰਾ ਕਰਨ ਤੋਂ ਬਾਅਦ ਉਨ੍ਹਾਂ ਆਪਣੇ ਜਜ਼ਬਾਤ ਸਾਂਝੇ ਕੀਤੇ। ਹੋਮ ਪੁੱਜੇ ਹਰਜੀਤ ਸਿੰਘ ਸੱਜਣ ਨੇ ਸੁਰਮਈ ਰੰਗ ਦੀ ਪੱਗ ਬੰਨ੍ਹੀ ਹੋਈ ਸੀ ਤੇ ਬਿਸਕੁਟੀ ਰੰਗ ਦੀ ਪੈਂਟ ਅਤੇ ਚਿੱਟੇ ਰੰਗ ਦਾ ਕੁੜਤਾ ਪਹਿਨਿਆ ਹੋਇਆ ਸੀ।