ਧਰਤੀ ਅਤੇ ਰੁੱਖਾਂ ਦੀਆਂ ਬਰਕਤਾਂ ਬਾਰੇ ਗੱਲਾਂ ਕਰਦਾ ਕਰਦਾ ਸੁਖਦੇਵ ਸਿੱਧੂ ਅਛੋਪਲੇ ਜਿਹੇ ਪਿੰਡ ਦੀਆਂ ਬਾਤਾਂ ਛੋਹ ਲੈਂਦਾ ਹੈ। ‘ਜੀਵੇ ਧਰਤੀ ਜੀਵੇ’ ਲੇਖ ਵਿਚ ਧਰਤੀ, ਰੁੱਖਾਂ, ਪਿੰਡ ਅਤੇ ਪਿੰਡ ਦੀ ਨਿਹਮਤਾਂ ਦੀਆਂ ਹੀ ਗੱਲਾਂ ਹਨ। ਵਲੈਤ ਵਿਚ ਇੰਨੇ ਸਾਲਾਂ ਤੋਂ ਵੱਸਦਾ ਹੋਣ ਦੇ ਬਾਵਜੂਦ ਆਪਣਾ ਪਿੰਡ ਅਤੇ ਲੋਕ ਉਹਦੀਆਂ ਲਿਖਤਾਂ ਵਿਚ ਚੁੰਗੀਆਂ ਭਰਦੇ ਜਾਪਦੇ ਹਨ।
ਉਹ ਪਿੰਡ ਵੱਲ ਪੂਰੀ ਨੀਝ ਨਾਲ ਝਾਤੀ ਮਾਰਦਾ ਹੈ ਅਤੇ ਉਹਦੀਆਂ ਕੀਤੀਆਂ ਗੱਲਾਂ ਸੁੱਚੀ ਤੇ ਸੱਚੀ ਜ਼ਿੰਦਗੀ ਦਾ ਸਾਗਰ ਹੋ ਨਿਬੜਦੀਆਂ ਹਨ। -ਸੰਪਾਦਕ
ਸੁਖਦੇਵ ਸਿੱਧੂ
ਆਪਣਿਆਂ ਧਰਤੀ ਨੂੰ ਮਾਂ ਦਾ ਲਕਬ ਦਿੱਤਾ ਹੈ। ਇਹ ਬਿਨਾਂ ਮਤਲਬ ਦੇ ਨਹੀਂ। ਇਥੋਂ ਅੰਨ ਜਲ ਮਿਲ਼ਦਾ ਹੈ- ਅੰਨਦਾਤੀ। ਫਲ਼ ਬੂਟੇ ਪੈਦਾ ਹੁੰਦੇ ਨੇ। ਜੋ ਅਗਾਂਹ ਬੰਦੇ ਦਾ ਸਾਹ ਚਲਦਾ ਰੱਖਣ ਦਾ ਸਬੱਬ ਬਣਦੇ ਨੇ। ਰੰਗ-ਬਰੰਗੇ ਫੁੱਲ ਮਨ ਮੋਂਹਦੇ ਨੇ। ਬੰਦੇ ਦਾ ਮੋਹ ਇਹਦੇ ਨਾਲ਼ ਪੈਣਾ ਹੀ ਪੈਣਾ ਹੈ। ਪੱਥਰ ਦਿਲਾਂ ਨੂੰ ਵੀ ਕਦੇ-ਕਦਾਈਂ ਇਹਦੀ ਦੇਣ ਚੇਤੇ ਆ ਜਾਂਦੀ ਹੋਣੀ ਹੈ।
ਪਹਿਲੀਆਂ ‘ਚ ਪਿੰਡਾਂ ਵਿਚ ਛਾਂ ਹੇਠਾਂ ਬਹਿਣ ਲਈ ਬੜੇ ਰੁੱਖ ਹੁੰਦੇ ਸੀ- ਟਾਹਲੀਆਂ, ਡੇਕਾਂ, ਬਰਨੇ; ਖੂਹਾਂ ‘ਤੇ ਪਿੱਪਲ਼, ਬੋਹੜ, ਸ਼ਰੀਂਹ, ਜਾਮਨਾਂ, ਅੰਬ। ਬੇਰੀਆਂ ਕਿੱਕਰਾਂ, ਨਿੰਮਾਂ, ਘਰੀਂ ਵੀ ਹੁੰਦੀਆਂ ਤੇ ਖੂਹਾਂ ‘ਤੇ ਵੀ। ਨਿੱਕੇ ਮੋਟੇ ਫਲ਼ਾਂ ਵਾਲ਼ੇ ਬੂਟੇ ਘਰੀਂ ਵੀ ਹੁੰਦੇ, ਖੂਹਾਂ ‘ਤੇ ਵੀ। ਵਿਰਲ਼ਾ ਵਿਰਲ਼ਾ ਕੇਸੂ ਦਾ ਬੂਟਾ ਹੋਣਾ। ਖਜੂਰਾਂ ਦਾ ਵੀ। ਇਹੀ ਪੰਜਾਬ ਦਾ ਧਰਾਤਲ ਸੀ।
ਮੈਂ ਇਥੇ ਅਪਣੇ ਪਿੰਡ ਉਧੋਵਾਲ਼ ਦੇ ਪਿੱਪਲ਼ ਦੀ ਬਾਤ ਪਾਉਣੀ ਹੈ। ਪਿੱਪਲ਼ ਨੂੰ ਧਰਮ-ਭਗਤੀ ਨਾਲ਼ ਵੱਧ ਜੋੜਿਆ ਗਿਆ ਹੈ। ਮੁਸਲਮਾਨਾਂ ਭਾਣੇ ਇਹ ਹਿੰਦੂ ਰੁੱਖ ਹੈ। ਬਾਕੀ ਦੇ ਇਹਨੂੰ ‘ਬਾਹਮਣ’ ਆਖਦੇ ਨੇ। ਕਈ ਇਹਨੂੰ ਬੋਧੀ ਰੁੱਖ ਵੀ ਕਹਿ ਲੈਂਦੇ ਹਨ; ਬਾਬੇ ਨਾਨਕ ਨੂੰ ਵੇਈਂ ‘ਚੋਂ ਗਿਆਨ ਹੋਇਆ ਤੇ ਬਾਬੇ ਬੁੱਧ ਨੂੰ ਪਿੱਪਲ਼ ਹੇਠਾਂ ਬੈਠੇ ਨੂੰ ਹੋਇਆ ਸੀ। ਮਹਿੰਜੋਦੜੋ ਸਭਿਅਤਾ ਦੀ ਖੁਦਾਈ ‘ਚੋਂ ਲੱਭੀਆਂ ਚੀਜ਼ਾਂ ਵਿਚੋਂ ਕਿਸੇ ਮੋਹਰ ‘ਤੇ ਪਿੱਪਲ਼ ਪੂਜਾ ਦੀ ਤਸਵੀਰ ਹੈ। ਅਜੇ ਵੀ ਹਿੰਦੂ ਭਾਈਚਾਰੇ ‘ਚ ਪਿੱਪਲ਼ ਦੀ ਪੂਜਾ ਹੁੰਦੀ ਹੈ; ਸਾਡੇ ਪਿੰਡ ਹਿੰਦੂ ਸਿੱਖ ਸਾਰੇ ਮੰਗਲ਼ ਪੂਜਾ ਵੇਲੇ ਪਿੱਪਲ਼ ਦੇ ਸਾਹਮਣੇ ਜੰਡੀ ‘ਤੇ ਕੋਈ ਰਸਮ ਕਰਦੇ ਸੀ। ਸੀਨਾ-ਬ-ਸੀਨਾ ਦੰਦ ਕਥਾਵਾਂ ਅਨੁਸਾਰ ਪਿੱਪਲ਼ ਵੱਢਣਾ ਛਾਂਗਣਾ ਤਾਂ ਦੂਰ ਰਿਹਾ, ਇਹਦੇ ‘ਤੇ ਕੁਹਾੜਾ ਚਲਾਉਣਾ ਅਪਸ਼ਗਨ ਸਮਝਿਆ ਜਾਂਦਾ ਹੈ। ਇਹਦੀ ਲੱਕੜ ਨੂੰ ਆਰੇ ਵਾਲ਼ੇ ਵੀ ਹੱਥ ਨਹੀਂ ਪਾਉਂਦੇ। ਕਿਸੇ ਘਰ ‘ਚ ਵੱਡੇ ਸਾਰੇ ਪਿੱਪਲ਼ ਨੂੰ ਜਦ ਕਿਸੇ ਨੇ ਹੱਥ ਨਾ ਪਾਇਆ ਤਾਂ ਅਪਣੇ ਨਿਹੰਗ ਸਿੰਘ ਕਹਿੰਦੇ: ਸਾਨੂੰ ਦਿਓ, ਅਸੀਂ ਵੱਢ ਕੇ ਲੈ ਜਾਨੇ ਆਂ, ਨਾਲ਼ੇ ਬਾਲ਼ ਲਵਾਂਗੇ। ਪਿੱਪਲ਼ ਬੋਹੜ ਤੇ ਹੋਰ ਵੱਡੇ ਰੁੱਖ ਜੀਵਾਂ ਨੂੰ ਬਥੇਰੇ ਸੁੱਖ ਦਿੰਦੇ ਨੇ। ਸਣੇ ਆਕਸੀਜਨ, ਛਾਂ ਦਵਾਈਆਂ ਤੇ ਲੱਕੜ ਦੇ, ਪਰ ਪਿੱਪਲ਼ ਤੇ ਨਿੰਮ ਦੀ ਮਹਿਮਾ ਇਸ ਕਰ ਕੇ ਵੀ ਵੱਧ ਹੈ ਕਿ ਇਹ ਚੌਵੀ ਘੰਟੇ ਆਕਸੀਜਨ ਵੰਡਦੇ ਨੇ।
ਅੱਡੇ ਤੋਂ ਜਾਈਏ ਤਾਂ ਸਕੂਲੇ ਲੱਗਿਆ ਪਿੱਪਲ਼ ਪਹਿਲਾਂ ਨਜ਼ਰੀ ਪੈਂਦਾ ਹੈ। ਇਹ ਬੜਾ ਪੁਰਾਣਾ ਹੈ, ਬਹੁਤ ਵੱਡਾ ਹੈ। ਮੈਂ ਇਹਨੂੰ ਇੱਦਾਂ ਦਾ ਹੀ ਦੇਖਦਾ ਆਇਆਂ ਹਾਂ। ਮੇਰਾ ਬਾਪ ਵੀ ਇੱਦਾਂ ਦਾ ਹੀ ਦੇਖਦਾ ਆਇਆ ਹੈ। ਸ਼ਾਇਦ ਬਾਪ ਦਾ ਬਾਪ ਵੀ। ਕਿਸੇ ਕੋਲ਼ੋਂ ਇਹਦੀ ਜੜ੍ਹ ਲੱਗਣ ਦੀ ਗੱਲ ਅਜੇ ਨਹੀਂ ਸੁਣੀ ਗਈ; ਤੇ ਹੁਣ ਤਾਂ ਲੱਭਣੀ ਹੋਰ ਵੀ ਔਖੀ ਹੋ ਗਈ। ਜਿਨ੍ਹਾਂ ਕੋਲ਼ੋਂ ਸੂਹ ਮਿਲਣ ਦੀ ਆਸ ਸੀ, ਉਹ ਹੁਣ ਆਪ ਨਹੀਂ ਰਹੇ। ਹੁਣ ਵਾਲ਼ਿਆਂ ਨੂੰ ਕੋਈ ਪਰਵਾਹ ਨਹੀਂ। ਇਹਦੀ ਛਾਂ ਦਾ ਘੇਰਾ ਸੱਤਰ ਅੱਸੀ ਫੁੱਟ ਤਾਂ ਹੋਊ; ਵੀਹ ਫੁੱਟ ਤਾਂ ਤਣਾ ਹੀ ਹੈ। ਇਹਦੇ ਆਲ਼ੇ-ਦੁਆਲ਼ੇ ਦੋ ਢਾਈ ਕੁ ਫੁੱਟ ਉੱਚਾ ਪੱਕੀਆਂ ਇੱਟਾਂ ਦਾ ਥੜ੍ਹਾ ਵੀ ਬਣਾਇਆ ਹੋਇਆ; ਇਹ ਇਹਦੀ ਸੋਭਾ ਵਧਾਉਂਦਾ ਹੈ। ਇਹ ਵੀ ਇਹਦੀ ਜੀਰਾਂਦ ਹੈ ਕਿ ਇਹਨੇ ਬੜਾ ਕੁਝ ਦੇਖਿਆ ਹੈ। ਇਹ ਬੜਿਆਂ ਦੇ ਭੇਤ ਸਾਂਭੀ ਬੈਠਾ ਹੈ। ਕਿਸੇ ਨੂੰ ਇਸ ਤੋਂ ਖ਼ਤਰਾ ਨਹੀਂ- ਭੇਤ ਸਾਂਭਣ ਹਾਰ। ਇਹਦੀ ਹੋਂਦ ਵੱਡੀ ਹੈ। ਪਹਿਲੀਆਂ ‘ਚ ਇਹ ਖੁੱਲ੍ਹਾ ਹੀ ਹੁੰਦਾ ਸੀ। ਫਿਰ ਸਕੂਲ ਵਾਲਿਆਂ ਇਹਦੇ ਦੁਆਲ਼ੇ ਚਾਰ ਦੁਆਰੀ ਕਰ ਲਈ- ਨਿਕ-ਨਿਕੀ। ਪਿੰਡ ਦੀ ਸ਼ਾਮਲਾਟ ਸਣੇ ਪਿੱਪਲ਼ ਸਰਕਾਰੀ ਕਬਜ਼ੇ ‘ਚ ਚਲੇ ਗਈ। ਹੁਣ ਹੋਰ ਉਚੀ ਕੰਧ ਕੀਤੀ ਹੋਈ ਹੈ। ਇਸ ਰੁੱਖ ਦਾ ਵੱਡਾ ਪਰਿਵਾਰ ਹੈ: ਸਾਰਾ ਪਿੰਡ। ਲਾਗੇ ਬੰਨੇ ਵਾਲ਼ੇ ਵੀ। ਸਕੂਲ ਦੇ ਨਿਆਣੇ ਵੀ- ਜੋ ਲਾਗਲ਼ੇ ਪਿੰਡਾਂ ਤੋਂ ਆਉਂਦੇ ਸੀ। ਜੋ ਜੋ ਵੀ ਇਹਦੀ ਛਾਵਂੇ ਬੈਠਾ। ਇਹਦਾ ਹੋਣਾ ਵੀ, ਜੋ ਆਵੇ ਜੋ ਰਾਜ਼ੀ ਜਾਵੇ ਵਾਲ਼ਾ ਹੈ।
ਵੇ ਪਿੱਪਲ਼ਾ ਤੂੰ ਆਪ ਵੱਡਾ, ਪਰਿਵਾਰ ਵੱਡਾ
ਪੱਤਿਆਂ ਨੇ ਛਹਿਬਰ ਲਾਈ।
ਵੇ ਡ੍ਹਾਣਿਆ ਬਾਝੋਂ ਤੂੰ ਸੋਂਹਦਾ ਨਾਹੀਂ,
ਪੱਤਿਆਂ ਨੇ ਛਹਿਬਰ ਲਾਈ।
ਪਿੰਡ ਦੀਆਂ ਧੀਆਂ ਧਿਆਣੀਆਂ ਦਾ ਪਿੱਪਲ਼ ਨਾਲ਼ ਆਪਣਾ ਮੋਹ ਹੈ- ਦੋਹਰਾ ਤੀਹਰਾ ਨੇੜ। ਪੇਕੇ ਪਿੰਡ ਦੀ ਹਰ ਸ਼ੈਅ ਔਰਤ ਨੂੰ ਚੰਗੀ ਲੱਗਦੀ ਹੈ। ਪਿਆਰ ਮੁਹੱਬਤ ਦੀਆਂ ਗੱਲਾਂ ਵੀ ਪਿੱਪਲ਼ ਨਾਲ਼ ਹੋ ਸਕਦੀਆਂ ਨੇ। ਸਭ ਤੋਂ ਵੱਡੀ ਗੱਲ ਤਾਂ ਦਿਲ ਦੀ ਗੱਲ ਪਿੱਪਲ਼ ਨਾਲ਼ ਸਾਂਝੀ ਕਰ ਲੈਣ ਦੀ ਹੁੰਦੀ ਹੈ। ਪਰਦਾ ਵੀ ਰਹਿ ਜਾਂਦਾ ਤੇ ਮਨ ਦਾ ਉਬਾਲ਼ ਵੀ ਨਿਕਲ ਜਾਂਦਾ। ਪਹਿਲੀਆਂ ‘ਚ ਔਰਤਾਂ ਦਿਲ ਦੀ ਗੱਲ ਇਉਂ ਹੀ ਕਰਦੀਆਂ ਸੀ:
ਪਿੱਪਲ਼ਾ ਵੇ ਮੇਰੇ ਪੇਕੇ ਪਿੰਡ ਦਿਆ,
ਤੇਰੀਆਂ ਠੰਢੀਆਂ ਛਾਵਾਂ।
ਢਾਬ ਤੇਰੀ ਦਾ ਗੰਧਲਾ ਪਾਣੀ,
ਉਤੋਂ ਬੂਰ ਹਟਾਵਾਂ।
ਸਭੇ ਸਹੇਲੀਆਂ ਸਹੁਰੇ ਗਈਆਂ,
ਕਿਸ ਨੂੰ ਹਾਲ ਸੁਣਾਵਾਂ।
ਚਿੱਠੀਆਂ ਬੇਰੰਗ ਭੇਜਦਾ,
ਕਿਹੜੀ ਛਾਉਣੀ ਲੁਆ ਲਿਆ ਨਾਵਾਂ।
ਜਗੀਰੂ ਤੇ ਮੱਧਯੁਗੀ ਸਭਿਆਚਾਰ ਟੁੱਟਦਾ ਟੁੱਟਦਾ ਹੀ ਟੁੱਟਣਾ ਸੀ। ਤਰੀਮਤਾਂ ਨੂੰ ਦਿਲ ਦੀ ਗੱਲ ਕਹਿਣ ਦੀ ਖੁੱਲ੍ਹ ਕਿਥੋਂ ਹੋਣੀ ਸੀ! ਪੰਜਾਬੀ ਔਰਤਾਂ ਦੇ ਮਨ ਦੇ ਭੇਤ ਖੋਲ੍ਹਣ ਦਾ ਤਰੀਕਾ ਸਾਡੇ ਲੋਕ ਗੀਤਾਂ ‘ਚ ਪਿਆ ਹੈ। ਬੰਦੇ ਨੌਕਰੀ ਪੇਸ਼ੇ ਤੇ ਔਰਤ ਦੀ ਬਿਨਾਂ ਪਰਵਾਹ ਕੀਤਿਆਂ ਨਿਕਲ਼ ਜਾਂਦੇ ਰਹੇ। ਬਹਾਰਾਂ ਤੇ ਸੌਣ ਵੀ ਔਂਸੀਆਂ ‘ਚ ਹੀ ਲੰਘ ਜਾਂਦਾ; ਐਸੇ ਵੇਲ਼ੇ ਨਵੀਂ ਵਿਆਹੀ ਪਿੱਪਲ਼ ਨਾਲ਼ ਗੱਲਾਂ ਕਰ ਲੈਂਦੀ ਹੈ ਕਿ ਅਜੇ ਪੱਤਝੜ ਦੀ ਗੱਲ ਨਾ ਕਰ, ਅਜੇ ਮੇਰੇ ਮਾਹੀ ਨੂੰ ਆਉਣ ਦੇ:
ਪਿੱਪਲ਼ਾ ਵੇ ਕੇਹੀ ਖੜਖੜ ਲਾਈ ਆ,
ਵੇਖ ਛੱਰਾਟੇ ਸਾਉਣ ਦੇ।
ਅਜੇ ਜਵਾਨੀ ਭਰੀ ਭਰਾਈ,
ਸੱਜਣਾਂ ਨੂੰ ਘਰ ਆਉਣ ਦੇ।
ਪਿੰਡ ‘ਚ ਪਿੱਪਲ਼ ਤਿੰਨ ਚਾਰ ਹੋਰ ਵੀ ਹੈਨ, ਪਰ ਸਕੂਲ ਵਾਲੇ ਪਿੱਪਲ਼ ਦੀ ਠਾਠ ਆਪਣੀ ਰਹੀ। ਪਿੰਡ ਵਿਚਲੇ ਪਿੱਪਲ਼ਾਂ ਦੀ ਛਾਂ ਵਿਰਲੀ ਸੀ, ਇਹਦੀ ਸੰਘਣੀ; ਫੈਲਾਅ ਤੇ ਜਿਸਮ ਵਲੋਂ ਵੀ ਇਹ ਵੱਡਾ ਹੈ। ਲੰਘਦੇ ਵੜਦੇ ਰਾਹੀ ਇਥੇ ਰੁਕ ਜਾਂਦੇ- ਸਾਹ ਲੈਂਦੇ। ਲਾਗਲੀ ਖੂਹੀ ਤੋਂ ਪਾਣੀ ਪੀਂਦੇ- ਮੂੰਹ ਹੱਥ ਧੋ ਲੈਂਦੇ। ਪਿੰਡ ਦੇ ਬਾਬੇ ਆਪਣੇ ਕੰਮ-ਧੰਦੇ ਮੁਕਾ ਕੇ ਦੁਪਿਹਰੇ ਇਥੇ ਆ ਬਹਿੰਦੇ। ਕਦੇ ਅੱਖ ਲਾ ਲੈਂਦੇ; ਕਦੇ ਗੱਲਾਂ ਬਾਤਾਂ ਕਰ ਕੇ ਗਰਮੀ ਦਾ ਵੇਲ਼ਾ ਟਪਾ ਲੈਂਦੇ। ‘ਰਾਮ ਕਰ ਕੇ ਫਿਰ ਆਪੋ-ਅਪਣੇ ਕੰਮੀਂ ਜੁੱਟ ਜਾਂਦੇ।
ਇਸ ਪਿੱਪਲ਼ ਦੀ ਛਾਂ ਬਹੁਤ ਗਾੜ੍ਹੀ ਸੀ। ਪੱਤੇ ਬਹੁਤ ਚਿਰ ਹਰੇ-ਭਰੇ ਰਹਿੰਦੇ। ਪੱਤਝੜ ਆਈ ਤੋਂ ਵੀ ਇਹ ਰੁੰਡ-ਮਰੁੰਡ ਨਹੀਂ ਸੀ ਹੋ ਜਾਂਦਾ; ਪੱਤੇ ਹੌਲ਼ੀ-ਹੌਲ਼ੀ ਝੜਦੇ। ਬਸੰਤ ਆਈ ਤੋਂ ਪਹਿਲਾਂ ਕਰੂੰਬਲਾਂ ਨਿਕਲਦੀਆਂ। ਫਿਰ ਹਰੇ-ਕਚੂਰ ਪੋਪਲੇ ਨਿਕਲਣੇ ਸ਼ੁਰੂ ਹੋ ਜਾਂਦੇ। ਇਹ ਪੱਤੇ ਅਤਿ ਦੇ ਮੁਲਾਇਮ ਹੁੰਦੇ; ਕੂਲ਼ੇ ਕੂਲ਼ੇ। ਪੱਤੇ ਨਰਮ ਤੋਂ ਸਖ਼ਤ ਹੋਈ ਜਾਂਦੇ ਤੇ ਪਪੀਸੀਆਂ ਜਾਨਵਰਾਂ ਲਈ ਫਲ਼ ਬਣ ਜਾਂਦੇ। ਕਾਂ ਖਾਂਦੇ, ਤੋਤੇ ਆ ਕੇ ਪਪੀਸੀਆਂ ਠੂੰਗਦੇ। ਅੱਧਾ ਖਾਂਦੇ; ਅੱਧਾ ਖਿਲਾਰਦੇ। ਨਿਆਣੇ ਨਰਮ ਪੱਤਿਆਂ ਨੂੰ ਵਟ-ਵਟ ਕੇ ਪੀਪਨੀਆਂ ਵਜਾਉਂਦੇ- ਇਹੀ ਬੱਚਿਆਂ ਦੇ ਖਿਡੌਣੇ ਹੁੰਦੇ ਸੀ। ਵੱਡੀ ਗੱਲ ਹੋਣੀ ਤਾਂ ਸਾਈਕਲ ਦਾ ਰਿਮ ਡੰਡੇ ਨਾਲ਼ ਭਜਾਈ ਫਿਰਨਾ। ਪੱਤੇ ਹਵਾ ‘ਚ ਲਹਿਰਾਉਂਦੇ, ਆਪਸ ‘ਚ ਸਹਿਜ ਨਾਲ਼ ਖੜ-ਖੜ ਕਰਦੇ। ਇਸ ਵੇਲੇ ਵਗਦੀ ਵਾਅ ਤੇ ਪੱਤਿਆਂ ਦਾ ਜੋ ਰਾਗ ਚਲਦਾ, ਉਹ ਕਮਾਲ ਦਾ ਹੁੰਦਾ; ਧੀਮਾ-ਧੀਮਾ, ਮਿੱਠਾ-ਮਿੱਠਾ। ਮੌਸਮ ਨਾਲ਼ ਹੌਲ਼ੀ-ਹੌਲ਼ੀ ਪੁਰਾਣਾ ਰੰਗ ਆਉਣਾ ਸ਼ੁਰੂ ਹੋ ਜਾਂਦਾ। ਹਵਾ ਵਗਣੀ ਤਾਂ ਪੱਤਿਆਂ ਨੇ ਕੋਈ ਰਾਗ ਛੇੜ ਲੈਣਾ। ਗਰਮੀਆਂ ਨੂੰ ਪੰਛੀਆਂ ਵੀ ਆ ਬਹਿਣਾ। ਘੁੱਗੀਆਂ ਨੇ ਘੁੱਗੂੰ ਘੂੰਅ, ਘੁੱਗੂੰ ਘੂੰਅ ਗਾਉਣਾ ਤੇ ਕਬੂਤਰਾਂ ਨੇ ਗੁਟਰ ਗੂੰਅ ਦੇ ਗੌਣ ਗਾਉਣੇ। ਵਿਚੇ ਕਾਵਾਂ ਨੇ ਵੀ ਅਪਾਣੀ ਰੌਲ਼ੀ ਪਾ ਦੇਣੀ। ਕਦੇ-ਕਦੇ ਕਿਸੇ ਜਾਨਵਰ ਨੇ ਬੇਸੁਆਦੀ ਵੀ ਕਰ ਦੇਣੀ। ਬੈਠਿਆਂ ਸੁੱਤਿਆਂ ਤੇ ਮਲਕ ਦੇਣੀ ਮੋਟੀ ਸਾਰੀ ਵਿੱਠ ਕਰ ਦੇਣੀ। ਅਗਲੇ ਨੇ ਹੇਠੋਂ ਭੁਰਨ ਕਰ ਕੇ ਉਠਣਾ ਤੇ ਦੁਰ-ਦੁਰ ਕਰਦੇ ਨੇ ਚੰਗਾ-ਮਾੜਾ ਬੋਲੀ ਜਾਣਾ। ਲਾਗੇ ਖੂਹੀ ਦੇ ਚਲ੍ਹੇ ‘ਤੇ ਜਾ ਕੇ ਮੂੰਹ ਮੱਥਾ ਸੁਆਰਨਾ।
ਇਹਦੇ ਹੇਠਾਂ ਜੇਠ ਹਾੜ੍ਹ ਦੀਆਂ ਲੂਆਂ ਨੂੰ ਕਬੱਡੀਆਂ ਵੀ ਖੇਡੀਆਂ ਗਈਆਂ ਨੇ। ਨਿਆਣਿਆਂ-ਸਿਆਣਿਆਂ ਤਾਸ਼ ਦੀਆਂ ਬਾਜ਼ੀਆਂ ਵੀ ਲਾਈਆਂ। ਬਾਰਾਂ ਟੈਣ੍ਹੀਆਂ ਵੀ ਖੇਡੀਆਂ ਤੇ ਅੱਡਾ ਖੱਡਾ ਵੀ। ਸਕੂਲ ਦੀਆਂ ਬੀਬੀਆਂ ਧੀਆਂ ਵੀ ਖੋ ਖੋ ਖੇਲ੍ਹਦੀਆਂ। ਕੰਮ ਦੇ ਥਕਾਏ ਲੋਕ ਏਥੇ ਦੋ ਘੜੀਆਂ ਲੱਕ ਵੀ ਸਿੱਧਾ ਕਰ ਲੈਂਦੇ। ਮਗਰੋਂ ਸਾਇਕਲਾਂ ਵਾਲੇ ਵੀ ਠਹਿਰ ਜਾਂਦੇ ਰਹੇ। ਯਾਤਰੀ ਸਿਰ ਹੇਠਾਂ ਕੋਈ ਢਾਸਣਾ ਬਣਾ ਕੇ ਰੱਖ ਲੈਂਦਾ, ਇਕ ਲੱਤ ਅੱਧੀ ਮੋੜ ਕੇ ਦੂਜੀ ‘ਤੇ ਧਰ ਲੈਂਦੇ। ਗਰਮੀ ਢਲ਼ ਪੈਂਦੀ, ਤਾਂ ਰਾਹੀ ਅਪਣਾ ਰਾਹ ਫੜਦੇ।
ਸਕੂਲ ਦੇ ਨਿਆਣੇ ਇਥੇ ਬਾਲ ਸਭਾ ਕਰਦੇ। ਮਾਸਟਰ ਕੁਰਸੀਆਂ ਡਾਹ ਕੇ ਬੈਠੇ ਹੁੰਦੇ। ਨਿਆਣੇ ਵਾਰੀ-ਵਾਰੀ ਆਉਂਦੇ। ਆਪਣਾ ਆਪਣਾ ਗੌਣ ਸੁਣਾਉਂਦੇ, ਲਤੀਫ਼ਾ ਸੁਣਾਉਂਦੇ, ਕੋਈ ਸਾਖੀ ਸੁਣਾਉਂਦਾ ਜਾਂ ਕੋਈ ਕਹਾਣੀ। ਕੁਝ ਕਿਤਾਬਾਂ ‘ਚੋਂ ਪੜ੍ਹਿਆ ਸੁਣਾਉਂਦੇ; ਕੁਝ ਅਖ਼ਬਾਰਾਂ ‘ਚੋਂ। ਕੋਈ ਵਿਰਲਾ ਆਪਣੀ ਤੁਕਬੰਦੀ ਵਾਲ਼ਾ ਵੀ ਨਿਕਲ਼ ਆਉਂਦਾ। ਭਰ ਗਰਮੀਆਂ ਨੂੰ ਉਸਤਾਦ ਕਲਾਸਾਂ ਵੀ ਪਿੱਪਲ਼ ਹੇਠਾਂ ਲਾ ਲੈਂਦੇ। ਹਵਾ ਵਗਣੀ ਤਾਂ ਚੰਗਾ ਲੱਗਣਾ। ਪਿੰਡੇ ਚ ਜਾਨ ਆ ਪੈਣੀ। ਹੁੰਮ੍ਹ ਹੋ ਜਾਣਾ, ਤਾਂ ਛਾਂਵੇਂ-ਛਾਂਵੇਂ ਬੈਠੇ ਵੀ ਔਖੇ ਹੋਈ ਜਾਣਾ। ਕਈਆਂ, ਕਿਸੇ ਬਹਾਨੇ ਲਾਗਲੀ ਖੂਹੀ ਤੋਂ ਪਿੰਡੇ ‘ਤੇ ਪਾਣੀ ਵਰ੍ਹਾਅ ਲੈਣਾ, ਜਾਂ ਲੱਤਾਂ ਗਿੱਲੀਆਂ ਕਰ ਲੈਣੀਆਂ; ਠੰਢੇ ਹੋ ਜਾਣਾ। ਮਾਸਟਰਾਂ ਨੂੰ ਕਿਸੇ ਜੁਆਕ ‘ਤੇ ਕਿਸੇ ਗੱਲੋਂ ਗ਼ੁੱਸਾ ਆ ਜਾਣਾ, ਤਾਂ ਧੁੱਪੇ ਖੜ੍ਹਾ ਕਰ ਦੇਣਾ; ਹੱਥ ‘ਤਾਂਹ ਕਰਵਾ ਦੇਣੇ ਜਾਂ ਕੰਨ ਫੜਵਾ ਦੇਣੇ। ਕਦੇ-ਕਦੇ ਚਪੇੜ ਜਾਂ ਹੂਰਾ-ਮੁੱਕੀ ਵੀ ਜੜ ਦੇਣਾ।
ਨਿਆਣੇ ਇਹਦੇ ‘ਤੇ ਜੰਗ-ਪਲੰਗਾ ਖੇਡਦੇ: ਦਸ ਗਿਣਨ ਤੱਕ ਸਾਰਿਆਂ ਨੇ ਪਿੱਪਲ਼ ‘ਤੇ ਚੜ੍ਹਨਾ ਹੁੰਦਾ ਤੇ ਦੂਸਰੇ ਨੇ ਕਿਸੇ ਇਕ ਨੂੰ ਫੜਨਾ ਹੁੰਦਾ। ਜਿਹੜਾ ਫੜਿਆ ਜਾਂਦਾ; ਅਗਲੀ ਵਾਰ ਉਹਦੀ ਹੁੰਦੀ ਦੂਜਿਆਂ ਨੇ ਫੜਿਆਂ ਬਿਨਾਂ ਹੇਠਾਂ ਉਤਰਨਾ ਹੁੰਦਾ। ਕਈ ਹਲਕੇ ਸਰੀਰ ਦੇ ਨਿਆਣੇ ਪਤਲੀਆਂ ਟਾਹਣੀਆਂ ‘ਤੇ ਚਲੇ ਜਾਂਦੇ; ਡਰ ਰਹਿੰਦਾ ਕਿ ਹੁਣੇ ਟਾਹਣੀ ਟੁੱਟ ਜਾਣੀ ਹੈ ਤੇ ਇਹ ਧੜੰਮ ਕਰਦਾ ਥੱਲੇ ਆ ਡਿਗੂ, ਪਰ ਬਚਾਅ ਹੋ ਜਾਂਦਾ। ਐਸੀ ਹੀ ਖੇਡ ਪਿੱਪਲ਼ ਦੇ ਥੜ੍ਹੇ ‘ਤੇ ਵੀ ਖੇਡ ਲੈਂਦੇ।
ਕਦੇ-ਕਦੇ ਇਥੋਂ ਸੱਪ ਵੀ ਨਿਕਲ਼ ਆਉਂਦੇ। ਵੇਲ਼ੇ ਕੁਵੇਲ਼ੇ ਨਿਕਲ਼ੇ ਸੱਪ ਤਾਂ ਏਧਰ ਓਧਰ ਹੋ ਜਾਂਦੇ ਸੀ, ਪਰ ‘ਕੱਠ-ਵੱਠ ‘ਚ ਨਿਕਲ਼ੇ ਸੱਪ ਲੋਕਾਂ ਦਾ ਮਨਪਰਚਾਵਾ ਬਣਦੇ। ਡਰ ਵੀ ਲੱਗਦਾ ਸੀ।
ਤਾਇਆ ਲਾਲੀ (ਲਾਲ ਚੰਦ ਵਲਦ ਨਬੀਆ) ਗੱਲਾਂ ਨੂੰ ਸਿਰੇ ਦਾ ਤੇਜ਼ ਸੀ; ਕਮਾਲ ਦੀਆਂ ਗੱਲਾਂ ਬਣਾ ਲੈਂਦਾ ਸੀ। ਨਿਆਣੇ ਇਹਦੀਆਂ ਮਖੌਲੀਆ ਗੱਲਾਂ ਸੁਣ-ਸੁਣ ਹੱਸਦੇ। ਇਹ ਸੱਪਾਂ ਤੋਂ ਨਹੀਂ ਸੀ ਡਰਦਾ। ਕਈ ਵਾਰ ਅਸੀਂ ਨਿਆਣਿਆਂ, ਪਿੱਪਲ਼ ਦੇ ਥੜ੍ਹੇ ਦੀ ਕਿਸੇ ਮੋਰੀ ‘ਚ ਵੜਦੇ ਸੱਪ ਨੂੰ ਦੇਖ ਕੇ ‘ਕੱਠੇ ਹੋ ਜਾਣਾ। ਤਾਏ ਨੇ ਆ ਕੇ ਉਹਦੇ ਨਾਲ਼ ਛੇੜਖਾਨੀ ਕਰਨੀ। ਖੁੱਡ ‘ਚ ਵੜਿਆ ਜਾਂਦਾ ਸੱਪ ਇਹਨੇ ਨਾ ਬਾਹਰ ਕੱਢਣਾ, ਨਾ ਅੰਦਰ ਵੜਨ ਦੇਣਾ। ਰਤਾ ਕੁ ਬਾਹਰ ਕੱਢ ਲੈਣਾ। ਫਿਰ ਪੂਛ ‘ਤੇ ਹੱਥ ਫੇਰੀ ਜਾਣਾ। ਥੋੜ੍ਹਾ ਹੋਰ ਅੰਦਰ ਜਾ ਲੈਣ ਦੇਣਾ। ਫਿਰ ਖਿੱਚ ਲੈਣਾ। ਸਾਡੇ ਭਾਣੇ ਇਹ ਤਾਏ ਦੀ ਕਰਾਮਾਤ ਸੀ। ਹੁਣ ਜਾ ਕੇ ਪਤਾ ਲੱਗਾ ਹੈ ਕਿ ਸਾਰੇ ਸੱਪ ਜ਼ਹਿਰੀ ਨਹੀਂ ਹੁੰਦੇ। ਕਈ ਭਲੇ ਹੁੰਦੇ ਨੇ- ਨੀਵੀਂ ਪਾ ਕੇ ਲੰਘ ਜਾਣ ਵਾਲ਼ੇ, ਕੁਝ ਫੁੰਕਾਰੇ ਮਾਰਨ ਵਾਲ਼ੇ।
ਇਸ ਪਿੱਪਲ਼ ਨੇ ਬੜੀਆਂ ਔੜਾਂ ਬਰਸਾਤਾਂ ਵੇਖੀਆਂ ਨੇ। ਇਹ ਕਿਹਨੇ ਲਾਇਆ, ਅਜੇ ਤਾਈਂ ਪਤਾ ਨਹੀਂ ਲੱਗਿਆ। ਹੁਣ ਤਾਂ ਕੋਈ ਵੀ ਆਪਣੇ ਕਿਸੇ ਪੁਰਖੇ ਦੇ ਨਾਂ ਮੜ੍ਹ ਸਕਦਾ। ਕੋਈ ਸੱਚ ਝੂਠ ਦੀ ਤਾਈਦ ਕਰਨ ਵਾਲ਼ਾ ਨਹੀਂ ਬਚਿਆ। ਨਾ ਕਿਸੇ ਨੇ ਕਹਿਣਾ, ਬਈ ਇਹ ਤਾਂ ਮੈਂ ਲਾਇਆ ਸੀ। ਇਹਦਾ ਵੱਡਾ ਸੱਚ ਤਾਂ ਇਹਦਾ ਹੋਣਾ ਹੀ ਹੈ। ਇਹ ਜ਼ਰੂਰ ਪਿੰਡ ਦੇ ਕਿਸੇ ਸਿਆਣੇ ਨੇ ਹੀ ਲਾਇਆ ਹੋਊ।
ਇਸ ਪਿੱਪਲ਼ ਦੇ ਐਨ ਲਹਿੰਦੇ ਨੂੰ ਜੰਡੀ ਖੜੋਤੀ ਸੀ। ਅਜੇ ਵੀ ਹੈ। ਸਾਰਾ ਪਿੰਡ ਇਥੇ ਮੰਗਲ਼ ਵੀ ਪੂਜ ਲਿਆ ਕਰਦਾ ਸੀ। ਇਹਦੇ ਦੁਆਲੇ ਬੀਬੀਆਂ-ਮਾਈਆਂ ਧਾਗੇ ਵਲ਼ ਦਿੰਦੀਆਂ। ਜੰਞ ਚੜ੍ਹਨ ਤੋਂ ਪਹਿਲਾਂ ਪਿੰਡ ਦਾ ਹਰ ਵਿਅ੍ਹਾਂਦੜ ਬਰਾਤੀਆਂ ਨਾਲ਼ ਇਥੇ ਆ ਕੇ ਰੁਕਦਾ; ਭੈਣਾਂ-ਬੀਬੀਆਂ ਸੁਹਾਗ ਗਾਉਂਦੀਆਂ ਇਥੇ ਆ ਕੇ ਅਟਕ ਜਾਂਦੀਆਂ। ਲਾੜਾ ਮਿਆਨ ‘ਚੋਂ ਕ੍ਰਿਪਾਨ ਕੱਢਦਾ, ਜੰਡੀ ਦੀ ਕੋਈ ਛੋਟੀ ਜਿਹੀ ਟਾਹਣੀ ਨੂੰ ਕ੍ਰਿਪਾਨ ਨਾਲ਼ ਲਾਹੁੰਦਾ। ਫਿਰ ਵਾਜੇ ਗਾਜੇ ਵੱਜਦੇ ਉਚੇ ਹੋ ਜਾਂਦੇ ਤੇ ਜੰਞ ਤੁਰ ਪੈਂਦੀ। ਪਿੰਡੋਂ ਤੁਰਨ ਲੱਗਿਆਂ ਇਹ ਆਖ਼ਰੀ ਰਸਮ ਹੁੰਦੀ ਸੀ। ਬੀਬੀਆਂ ਘਰਾਂ ਨੂੰ ਮੁੜ ਆਉਂਦੀਆਂ; ਘਰੀਂ ਆ ਕੇ ਗਿੱਧਾ ਪਾਉਂਦੀਆਂ- ਲੋਟ-ਪੋਟ ਹੁੰਦੀਆਂ; ਹੋਰ ਰਸਮਾਂ ਕਰਦੀਆਂ। ਬਰਾਤੀ ਕੁੜੀ ਵਾਲ਼ਿਆਂ ਦੇ ਪਿੰਡ ਨੂੰ ਤੁਰ ਪੈਂਦੇ। ਪਿੱਪਲ਼ ਤੇ ਜੰਡ ਨੇ ਸਭ ਜਨੇਤਾਂ ਦੇਖੀਆਂ ਨੇ; ਗਿਣਤੀ ਨਹੀਂ ਕੀਤੀ ਜਾ ਸਕਦੀ। ਪਹਿਲੀਆਂ ‘ਚ ਬਾਰਾਤਾਂ ਤੁਰ ਕੇ ਹੀ ਜਾਂਦੀਆਂ ਸੀ; ਫਿਰ ਗੱਡਿਆਂ ‘ਤੇ ਜਾਣ ਲੱਗੀਆਂ ਤੇ ਫਿਰ ਟੈਂਪੂ-ਟਰਾਲੀਆਂ ਤੇ ਵੀ। ਹੁਣ ਕਾਰਾਂ ਬੱਸਾਂ, ਜੀਪਾਂ ਚੱਲ ਪਈਆਂ ਨੇ। ਕਪੜੇ ਲੀੜੇ ਬਦਲ ਗਏ ਨੇ। ਰਸਮਾਂ ਵੀ ਬਦਲ ਗਈਆਂ ਹੋਣਗੀਆਂ।
ਵਾਢੀਆਂ ਦੇ ਦਿਨੀਂ ਲੋਕ ਇਹਦੀ ਛਾਂ ਹੇਠਾਂ ਬੇੜ ਵੀ ਵੱਟ ਲੈਂਦੇ ਸੀ। ਭਰੀਆਂ ਪਾਉਣ ਲਈ ਪਹਿਲਾਂ ਕਾਹੀ ਦੇ ਬੇੜ ਵਰਤਦੇ ਰਹੇ, ਫਿਰ ਸਲਵਾੜ ਤੇ ਮਗਰੋਂ ਕੰਮ ਨਾੜ ਜਾਂ ਝੋਨੇ ਦੀ ਪਰਾਲ਼ੀ ‘ਤੇ ਆ ਪਿਆ। ਕਾਹੀ, ਨਾੜ ਨੂੰ ਚਲ਼੍ਹੇ ‘ਚ ਸੁੱਟ ਲੈਂਦੇ ਤੇ ਫਿਰ ਗਿੱਲੀ-ਗਿੱਲੀ, ਨਰਮ-ਨਰਮ ਦੀਆਂ ਬੇੜਾਂ ਵੱਟਦੇ। ਇਹ ਬੇੜ ਕੁੱਪ ਬੰਨ੍ਹਣ ਦੇ ਕੰਮ ਵੀ ਆਉਂਦੇ। ਧਾਈਆਂ ਲਾਉਣ ਵਾਲ਼ਾ ਛਾਂਵੇਂ ਬੈਠਾ ਆਪਣਾ ਕੰਮ ਕਰੀ ਜਾਂਦਾ। ਵੱਟ ਦੇਣ ਵਾਲ਼ਾ ਜਿੰਨਾ ਚਿਰ ਛਾਂਵੇਂ-ਛਾਂਵੇਂ ਹੁੰਦਾ, ਹੌਲ਼ੀ ਵੱਟ ਦਿੰਦਾ; ਜਦੋਂ ਧੁੱਪੇ ਚਲਿਆ ਜਾਂਦਾ, ਤਾਂ ਫੁਰਤੀ ਨਾਲ਼ ਵੱਟ ਦੇਣ ਲੱਗਦਾ। ਧੁੱਪ ਤੋਂ ਬਚਣ ਲਈ ਸਿਰ ‘ਤੇ ਸਾਫ਼ਾ ਜਾਂ ਮੜ੍ਹਾਸਾ ਬੱਧਾ ਹੋਣਾ। ਕਈ ਧਾਈਆਂ ਲਾਉਣ ਵਾਲੇ ਦੀਆਂ ਭੂਤਨੀਆਂ ਭੁਲਾ ਦਿੰਦੇ। ਉਨ੍ਹਾਂ ਦਾ ਆਪਣਾ ਲਾਲਚ ਹੁੰਦਾ ਸੀ: ਧੁੱਪੇ ਖੜੋਣਾ ਸੌਖਾ ਨਹੀਂ ਹੁੰਦਾ। ਕਈ ਵਾਰ ਧਾਈਆਂ ਲਾਉਣ ਵਾਲ਼ੇ ਤੋਂ ਝਿੜਕਾਂ ਖਾਂਦਾ; ਧਾਈਆਂ ਲਾਉਣ ਵਾਲਾ ਜਾਂ ਸਿਆਣਾ ਹੁੰਦਾ ਜਾਂ ਮਾਲਕ; ਵੱਟ ਦੇਣ ਵਾਲ਼ਾ ਕਾਮਾ ਜਾਂ ਛੋਟਾ ਨਿਆਣਾ। ਪਹਿਲੀਆਂ ‘ਚ ਬੇੜ ਵੀ ਲੰਮਾ ਵੱਟਦੇ ਸੀ, ਫਿਰ ਭਰੀ ਭਰੀ ਦਾ ਵੱਟਣ ਲੱਗ ਪਏ।
ਪਿੰਡ ਦੀਆਂ ਲੜਾਈਆਂ ਵੇਲੇ ਵੀ ਇਥੇ ‘ਕੱਠ ਹੁੰਦੇ। ਵੱਢ-ਟੁੱਕ, ਮਾਰ-ਕੁੱਟ ਦੇ ਕੇਸਾਂ ‘ਚ ਪੁਲਿਸਾਂ ਚੜ੍ਹ ਆਉਂਦੀਆ। ਵੱਡੇ ਅਫ਼ਸਰ ਕੁਰਸੀ ‘ਤੇ ਸਜਦੇ। ਇਕ ਦੋ ਮੋਹਤਬਰ ਨਾਲ਼ ਦੀਆਂ ਕੁਰਸੀਆਂ ‘ਤੇ ਬਹਿੰਦੇ। ਬਾਕੀ ਦਾ ਸਾਰਾ ਪਿੰਡ ਪੈਰਾਂ ਭਾਰ ਥੱਲੇ ਹੀ ਟਿਕ ਜਾਂਦਾ ਜਾਂ ਥੜ੍ਹੇ ‘ਤੇ ਜਾ ਬਹਿੰਦਾ। ਦੋ-ਦੋ ਤਿੰਨ-ਤਿੰਨ ਦਿਨ ਪੁਲਿਸ ਦਾ ਤਮਾਸ਼ਾ ਇਥੇ ਬੈਠਾ ਰਹਿੰਦਾ। ਲੋਕ ਦੇਖਦੇ ਰਹਿੰਦੇ ਹੁਣ ਕੀ ਬਣੂੰਗਾ। ਵਿਚੇ ਰਾਜ਼ੀਨਾਮਾ ਕਰਾਉਣ ਵਾਲ਼ੇ ਵੀ ਹੁੰਦੇ: ਕਿਤੇ ਸੁਲਾਹ ਹੋ ਜਾਂਦੀ, ਕਿਤੇ ਦੋਹੇ ਧਿਰਾਂ ਅੜ ਜਾਂਦੀਆਂ। ਕੋਰਟਾਂ ਕਚਿਰੀਆਂ ਦੇ ਚੱਕਰਾਂ ‘ਚ ਪੈ ਜਾਂਦੇ।
ਵੋਟਾਂ ਦੇ ਦਿਨੀਂ ਪਿੱਪਲ਼ ਹੋਰ ਤਰ੍ਹਾਂ ਦੇ ਰੰਗ ਦੇਖਦਾ। ਪਿੰਡ ਦੇ ਬੰਦੇ ਆਪਣੇ-ਆਪਣੇ ਅੱਡ-ਅੱਡ ਤੰਬੂ ਲਾ ਕੇ ਬਹਿ ਜਾਂਦੇ; ਇਹਦਾ ਟੱਬਰ ਵੰਡਿਆ ਜਾਂਦਾ। ਧਿਰਾਂ ਬੰਦੇ ਭੰਨਣ ਦੀ ਕੋਸ਼ਿਸ਼ ਕਰਦੀਆਂ। ਦੂਜੀ ਧਿਰ ਦੇ ਬੰਦਿਆਂ ਨੂੰ ਕੈਰੀ ਅੱਖ ਨਾਲ਼ ਤੱਕਦੇ। ਤਕੜੇ ਦਾ ਮਿੰਨਤ ਤਰਲਾ ਕਰਦੇ; ਮਾੜੇ ਨੂੰ ਦਬਕਦੇ ਧਮਕਾਉਂਦੇ। ਕਦੇ-ਕਦੇ ਗੱਲ ਵੱਧ ਵੀ ਜਾਂਦੀ। ਲਗਦਾ ਕਿਸੇ ਜਾਨ ਦਾ ਨੁਕਸਾਨ ਹੋ ਜਾਣਾ, ਪਰ ਬਚਾਅ ਹੋ ਜਾਂਦਾ। ਇਹ ਬਚ-ਬਚਾਈ ਕਿਉਂ ਹੁੰਦੀ, ਕੌਣ ਜਾਣਦਾ? ਪਿੱਪਲ਼ ਜ਼ਰੂਰ ਢਿੱਡੋਂ ਖ਼ੁਸ਼ ਹੁੰਦਾ ਹੋਣਾ, ਕਿ ਮੇਰੇ ਆਪਣਿਆਂ ਦਾ ਕੋਈ ਨੁਕਸਾਨ ਨਹੀਂ ਹੋਇਆ।
ਮੇਲੇ ਮੁਸਾਹਿਬੇ ਹੁੰਦੇ, ਤਾਂ ਕਦੇ-ਕਦਾਈਂ ਕੋਈ ਗਾਉਣ ਵਾਲ਼ਾ ਵੀ ਇਥੇ ਆਉਂਦਾ। ਇਕ ਦੋ ਕੁ ਵਾਰੀ ਤਾਂ ਜਗਤ ਸਿੰਘ ਜੱਗਾ ਵੀ ਆਇਆ। ਗਾਉਣ ਦਾ ਉਹਦਾ ਆਪਣਾ ਤਰੀਕਾ ਬਣਾਇਆ ਹੋਇਆ ਸੀ। ਗਰੁੱਪ ਕੋਈ ਸਾਥੀ ਕਲਾਕਾਰ ਵੀ ਹੁੰਦੀ; ਇਕ ਅੱਧਾ ਸਿਖਾਂਦਰੂ ਵੀ ਤੇ ਨਾਲ਼ ਸਟੇਜ ਸਕੱਤਰ ਵੀ- ਇਹ ਦੋਹਰਾ ਵਗਦਾ; ਨਾਲ਼ੇ ਚੁਟਕਲੇ ਸੁਣਾਉਂਦਾ, ਨਾਲ਼ੇ ਅਗਲੇ ਪ੍ਰੋਗਰਾਮ ਦੱਸੀ ਜਾਂਦਾ। ਜੱਗਾ ਵਿਚੇ ਢੋਲਕੀ ਵਾਲ਼ੇ ਨੂੰ ਵੀ ਗਾਉਣ ਲਾ ਦਿੰਦਾ; ਇਉਂ ਆਪ ਸਾਹ ਵੀ ਲੈ ਲੈਂਦਾ ਤੇ ਅਗਲੇ ਨੂੰ ਵੀ ਅਹਿਸਾਸ ਹੋ ਜਾਂਦਾ ਕਿ ਮੈਨੂੰ ਵੀ ਮੌਕਾ ਮਿਲ਼ ਗਿਆ।
ਪਿੱਪਲ਼ ਦੱਖਣ ਵਾਲੇ ਪਾਸਿਓਂ ਹੁਣ ਇਹਦਾ ਇਕ ਹਿੱਸਾ ਟੁੱਟ ਗਿਆ। ਕਿਸੇ ਨ੍ਹੇਰੀ ਦਾ ਕਾਰਨਾਮਾ ਹੈ। ਇਹਦੀ ਸ਼ਾਨ ਨੂੰ ਬਿੱਜ ਪੈ ਗਈ। ਰੋਬ੍ਹ ‘ਚ ਰਤਾ ਕੁ ਕਸਰ ਪੈ ਗਈ। ਸਕੂਲ ਵਾਲ਼ਿਆਂ ਆਲੇ ਦੁਆਲੇ ਹੋਰ ਕੰਧਾਂ-ਕੰਧੋਲ਼ੀਆਂ ਖੜ੍ਹੀਆਂ ਕਰ ਲਈਆਂ ਨੇ, ਪਰ ਪਿੰਡ ਤੇ ਪਿੱਪਲ ਇਕ ਦੂਜੇ ਦੇ ਸਾਹੀਂ ਵਸੇ ਹੋਏ ਹੈਨ। ਜਗਤ ਤਮਾਸ਼ਾ ਹੋਈ ਜਾਂਦਾ ਏ; ਸਾਡਾ ਪਿੱਪਲ਼ ਖੜ੍ਹਾ ਵਰਤਦੀ ਲੀਲਾ ਦੇਖੀ ਜਾਂਦਾ ਹੈ।